You’re viewing a text-only version of this website that uses less data. View the main version of the website including all images and videos.
ਗੌਤਮ ਗੰਭੀਰ ਦੀ ਮੈਦਾਨ ਵਿੱਚ ਹੋਈ ਬਹਿਸ ਦਾ ਵੀਡੀਓ ਵਾਇਰਲ ਹੋਇਆ, ਜਾਣੋ ਕੀ ਹੈ ਪੂਰਾ ਮਾਮਲਾ
- ਲੇਖਕ, ਫ਼ਿਓਨ ਵਿਨ
- ਰੋਲ, ਬੀਬੀਸੀ ਸਪੋਰਟ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 5 ਮਿੰਟ
ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਗੌਤਮ ਗੰਭੀਰ ਦੀ ਸਰੇ ਦੇ ਗਰਾਊਂਡ ਸਟਾਫ਼ ਨਾਲ ਦਿ ਓਵਲ ਸਟੇਡੀਅਮ ਵਿੱਚ ਅਭਿਆਸ ਸੈਸ਼ਨ ਦੌਰਾਨ ਤਿੱਖੀ ਬਹਿਸ ਹੋਈ।
ਭਾਰਤ ਅਤੇ ਇੰਗਲੈਂਡ ਵਿਚਕਾਰ ਪੰਜਵਾਂ ਅਤੇ ਆਖਰੀ ਟੈਸਟ ਵੀਰਵਾਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਹ ਮੈਚ ਲੰਡਨ ਦੇ ਓਵਲ ਮੈਦਾਨ 'ਚ ਖੇਡਿਆ ਜਾਵੇਗਾ।
ਇਹ ਇੰਗਲੈਂਡ ਦੇ ਮਸ਼ਹੂਰ 'ਸਰੇ ਕਾਉਂਟੀ ਕ੍ਰਿਕਟ ਕਲੱਬ' ਦਾ ਮੈਦਾਨ ਹੈ।
ਨੈੱਟ ਸੈਸ਼ਨ ਵੇਲੇ ਹੋਈ ਬਹਿਸ ਦੇ ਵੀਡੀਓ ਵਿੱਚ ਗੰਭੀਰ ਨੂੰ ਸਰੇ ਦੇ ਮੁੱਖ ਗਰਾਊਂਡਸਮੈਨ ਲੀ ਫੋਰਟਿਸ ਵੱਲ ਉਂਗਲੀ ਉਠਾਉਂਦੇ ਦੇਖਿਆ ਜਾ ਸਕਦਾ ਹੈ।
ਵੀਡੀਓ ਵਿੱਚ ਗੰਭੀਰ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ, "ਤੁਸੀਂ ਸਾਨੂੰ ਨਹੀਂ ਦੱਸ ਸਕਦੇ ਕਿ ਕੀ ਕਰਨਾ ਹੈ।"
ਗੰਭੀਰ ਨੇ ਨਾਲ ਹੀ ਕਿਹਾ, "ਤੁਸੀਂ ਸਿਰਫ਼ ਇੱਕ ਗਰਾਊਂਡਸਮੈਨ ਹੋ, ਇਸ ਤੋਂ ਵੱਧ ਕੁਝ ਨਹੀਂ।"
ਬਾਅਦ ਵਿੱਚ ਇੱਕ ਪ੍ਰੈੱਸ ਕਾਨਫ਼ਰੰਸ ਵਿੱਚ ਭਾਰਤ ਦੇ ਬੱਲੇਬਾਜ਼ੀ ਕੋਚ ਸੀਤਾਂਸ਼ੂ ਕੋਟਕ ਨੇ ਦੱਸਿਆ ਕਿ ਕੋਚਿੰਗ ਸਟਾਫ਼ ਟੈਸਟ ਪਿੱਚ ਦਾ ਨਿਰੀਖਣ ਕਰ ਰਿਹਾ ਸੀ ਜਦੋਂ ਉਨ੍ਹਾਂ ਨੂੰ ਉੱਥੋਂ ਦੂਰ ਜਾਣ ਲਈ ਕਿਹਾ ਗਿਆ।
ਜਿਸ ਸਮੇਂ ਬਹਿਸ ਹੋਈ ਕੋਟਕ ਵੀ ਮੌਕੇ 'ਤੇ ਮੌਜੂਦ ਸੀ।
'ਕਿਊਰੇਟਰ ਦਾ ਇਤਰਾਜ਼ ਸਮਝਣ ਯੋਗ ਹੈ ਪਰ...'
ਕੋਟਕ ਨੇ ਕਿਹਾ, "ਜਦੋਂ ਅਸੀਂ ਵਿਕਟ 'ਤੇ ਖੜ੍ਹੇ ਸੀ ਅਤੇ ਇਸਦਾ ਨਿਰੀਖਣ ਕਰ ਰਹੇ ਸੀ, ਤਾਂ ਗਰਾਊਂਡ ਸਟਾਫ਼ ਦਾ ਇੱਕ ਮੈਂਬਰ ਆਇਆ ਅਤੇ ਉਸ ਨੇ ਸਾਨੂੰ ਕਿਹਾ ਕਿ ਸਾਨੂੰ ਇੱਥੋਂ ਢਾਈ ਮੀਟਰ ਦੂਰ ਖੜ੍ਹੇ ਹੋਣਾ ਚਾਹੀਦਾ ਹੈ।"
"ਆਪਣੇ ਕ੍ਰਿਕਟ ਕਰੀਅਰ ਵਿੱਚ ਮੈਂ ਕਦੇ ਕਿਸੇ ਨੂੰ ਅਜਿਹਾ ਕਹਿੰਦੇ ਨਹੀਂ ਦੇਖਿਆ।"
"ਉਹ ਹੈੱਡ ਕੋਚ ਨੂੰ ਰੱਸੀ ਤੋਂ ਬਾਹਰ ਜਾ ਕੇ ਵਿਕਟ ਦੇਖਣ ਲਈ ਕਹਿ ਰਿਹਾ ਸੀ। ਮੈਨੂੰ ਸਮਝ ਨਹੀਂ ਆਇਆ ਕਿ ਇਸ ਤਰ੍ਹਾਂ ਵਿਕਟ ਕਿਵੇਂ ਦਿਖਾਈ ਦੇ ਸਕਦੀ ਹੈ?"
"ਜੇਕਰ ਕੋਈ ਆਪਣੇ ਜੁੱਤੀਆਂ ਝਾੜ ਰਿਹਾ ਹੋਵੇ ਜਾਂ ਕੋਈ ਪਿੱਚ 'ਤੇ ਧੂੜ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੋਵੇ ਜਾਂ ਕੋਈ ਸਪਾਈਕਸ ਲਗਾ ਰਿਹਾ ਹੋਵੇ ਤਾਂ ਕਿਊਰੇਟਰ ਦਾ ਇਤਰਾਜ਼ ਸਮਝ ਵਿੱਚ ਆਉਂਦਾ। ਪਰ ਜਿਸ ਤਰੀਕੇ ਨਾਲ ਇਹ ਕਿਹਾ ਗਿਆ ਉਹ ਬਹੁਤ ਅਜੀਬ ਸੀ।"
ਕੋਟਕ ਨੇ ਅੱਗੇ ਕਿਹਾ, "ਕਿਊਰੇਟਰ ਅਕਸਰ ਮੈਦਾਨ ਅਤੇ ਸੁਕੇਅਰ ਬਾਰੇ ਥੋੜ੍ਹੇ ਜ਼ਿਆਦਾ ਸੰਵੇਦਨਸ਼ੀਲ ਹੁੰਦੇ ਹਨ। ਪਰ ਉਨ੍ਹਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਜਿਨ੍ਹਾਂ ਲੋਕਾਂ ਨਾਲ ਉਹ ਗੱਲ ਕਰ ਰਹੇ ਹਨ ਉਹ ਬਹੁਤ ਹੁਨਰਮੰਦ ਅਤੇ ਸਮਝਦਾਰ ਲੋਕ ਹਨ।"
"ਜਦੋਂ ਤੁਸੀਂ ਅਜਿਹੇ ਜਾਣਕਾਰ ਅਤੇ ਸਮਰੱਥ ਲੋਕਾਂ ਨਾਲ ਕੰਮ ਕਰਦੇ ਹੋ, ਤਾਂ ਥੋੜ੍ਹੀ ਜਿਹੀ ਨਿਮਰਤਾ ਅਹਿਮੀਅਤ ਰੱਖਦੀ ਹੈ।"
"ਆਖ਼ਰਕਾਰ, ਇਹ ਇੱਕ ਕ੍ਰਿਕਟ ਪਿੱਚ ਹੈ। ਕੋਈ 200 ਸਾਲ ਪੁਰਾਣੀ ਪੁਰਾਣੀ ਚੀਜ਼ ਨਹੀਂ ਜਿਸ ਨੂੰ ਛੂਹਣ 'ਤੇ ਟੁੱਟਣ ਦਾ ਖ਼ਤਰਾ ਹੋਵੇ। ਮੇਰਾ ਇਹੀ ਮੰਨਣਾ ਹੈ।"
ਸੀਰੀਜ਼ ਵਿੱਚ ਵਿਵਾਦ
ਭਾਰਤੀ ਟੀਮ ਨੇ ਟੈਸਟ ਪਿੱਚ ਦੇ ਨੇੜੇ ਤਿੰਨ ਨੈੱਟ ਪਿੱਚਾਂ 'ਤੇ ਅਭਿਆਸ ਕੀਤਾ।
ਬੀਬੀਸੀ ਸਪੋਰਟਸ ਨੇ ਇਸ ਬਾਰੇ ਸਰੇ ਤੋਂ ਪ੍ਰਤੀਕਿਰਿਆ ਮੰਗੀ ਹੈ, ਪਰ ਕਲੱਬ ਨੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।
ਹਾਲਾਂਕਿ, ਇੱਕ ਵੀਡੀਓ ਵਿੱਚ ਲੀ ਫਾਰਟਿਸ ਨੇ ਇਸ ਘਟਨਾ ਬਾਰੇ ਭਾਰਤੀ ਮੀਡੀਆ ਨੂੰ ਕਿਹਾ, "ਇਸ ਬਾਰੇ ਕਹਿਣ ਲਈ ਕੁਝ ਨਹੀਂ ਹੈ। ਲੁਕਾਉਣ ਵਾਲਾ ਵੀ ਕੁਝ ਨਹੀਂ ਹੈ।"
ਇਹ ਘਟਨਾ ਇਸ ਸੀਰੀਜ਼ ਵਿੱਚ ਹੁਣ ਤੱਕ ਹੋਈਆਂ ਬਹੁਤ ਸਾਰੀਆਂ ਤਿੱਖੀਆਂ ਘਟਨਾਵਾਂ ਵਿੱਚੋਂ ਇੱਕ ਹੈ।
ਮੈਨਚੈਸਟਰ ਵਿੱਚ ਚੌਥੇ ਟੈਸਟ ਵਿੱਚ ਰਵਿੰਦਰ ਜਡੇਜਾ ਅਤੇ ਵਾਸ਼ਿੰਗਟਨ ਸੁੰਦਰ ਦੇ ਸੈਂਕੜਾ ਪੂਰਾ ਕਰਨ ਤੋਂ ਬਾਅਦ ਭਾਰਤ ਨੇ ਡਰਾਅ ਲਈ ਇੰਗਲੈਂਡ ਨਾਲ ਹੱਥ ਮਿਲਾਉਣ ਤੋਂ ਇਨਕਾਰ ਕਰ ਦਿੱਤਾ ਸੀ।
ਤੀਜੇ ਟੈਸਟ (ਲਾਰਡਜ਼) ਦੌਰਾਨ ਭਾਰਤ ਦੇ ਕਪਤਾਨ ਸ਼ੁਭਮਨ ਗਿੱਲ ਨੇ ਇੰਗਲੈਂਡ 'ਤੇ 'ਖੇਡ ਦੀ ਭਾਵਨਾ ਦੇ ਵਿਰੁੱਧ' ਸਮਾਂ ਬਰਬਾਦ ਕਰਨ ਦਾ ਇਲਜ਼ਾਮ ਲਗਾਇਆ ਸੀ।
ਇੰਗਲੈਂਡ ਪੰਜ ਟੈਸਟ ਮੈਚਾਂ ਦੀ ਸੀਰੀਜ਼ ਵਿੱਚ 2-1 ਨਾਲ ਅੱਗੇ ਹੈ।
ਮੈਨਚੈਸਟਰ ਟੈਸਟ ਵਿੱਚ ਡਰਾਅ ਤੋਂ ਬਾਅਦ ਇੰਗਲੈਂਡ ਟੀਮ ਵਿੱਚ ਖ਼ਾਸ ਕਰਕੇ ਗੇਂਦਬਾਜ਼ਾਂ ਵਿੱਚ ਬਦਲਾਅ ਕਰ ਸਕਦੀ ਹੈ।
ਇੰਗਲੈਂਡ ਕੋਲ ਜੈਮੀ ਓਵਰਟਨ ਗੁਸ ਐਟਕਿੰਸਨ ਅਤੇ ਜੋਸ਼ ਟੰਗ ਵਰਗੇ ਤੇਜ਼ ਗੇਂਦਬਾਜ਼ ਮੌਜੂਦ ਹਨ। ਕ੍ਰਿਸ ਵੋਕਸ ਅਤੇ ਬ੍ਰਾਈਡਨ ਕਰਸ ਹੁਣ ਤੱਕ ਚਾਰੇ ਟੈਸਟ ਖੇਡ ਚੁੱਕੇ ਹਨ।
ਜੋਫ਼ਰਾ ਆਰਚਰ ਨੇ ਚਾਰ ਸਾਲਾਂ ਬਾਅਦ ਵਾਪਸੀ ਕਰਦੇ ਹੋਏ ਲਗਾਤਾਰ ਦੋ ਟੈਸਟ ਖੇਡੇ ਹਨ।
ਦੂਜੇ ਪਾਸੇ ਭਾਰਤ ਨੂੰ ਵਿਕਟਕੀਪਰ ਰਿਸ਼ਭ ਪੰਤ ਤੋਂ ਬਿਨ੍ਹਾਂ ਖੇਡਣਾ ਪਵੇਗਾ।
ਪੰਤ ਦੇ ਪੈਰ ਵਿੱਚ ਫ੍ਰੈਕਚਰ ਹੈ ਅਤੇ ਉਹ ਇਸ ਸੀਰੀਜ਼ ਵਿੱਚ ਅੱਗੇ ਨਹੀਂ ਖੇਡ ਸਕਣਗੇ। ਈਐੱਸਪੀਐੱਨ ਕ੍ਰਿਕਇਨਫੋ ਭਾਰਤ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਵੀ ਆਖਰੀ ਟੈਸਟ ਮੈਚ ਨਹੀਂ ਖੇਡ ਰਹੇ ਹਨ।
ਸੀਰੀਜ਼ ਤੋਂ ਪਹਿਲਾਂ ਵੀ ਇਹ ਮੰਨਿਆ ਜਾ ਰਿਹਾ ਸੀ ਕਿ ਬੁਮਰਾਹ ਸਿਰਫ਼ ਤਿੰਨ ਟੈਸਟ ਮੈਚ ਹੀ ਖੇਡਣਗੇ।
'ਓਵਲ ਫਾਈਨਲ ਤੱਕ ਤਣਾਅ ਵਧਿਆ' - ਪ੍ਰਤੀਕਿਰਿਆ
ਬੀਬੀਸੀ ਸਪੋਰਟ ਦੇ ਮੁੱਖ ਕ੍ਰਿਕਟ ਰਿਪੋਰਟਰ ਸਟੀਫਨ ਸ਼ੇਮਿਲਟ ਨੇ ਇਸ ਘਟਨਾ ਦਾ ਵਿਸ਼ਲੇਸ਼ਣ ਕੀਤਾ ਹੈ।
ਗੌਤਮ ਗੰਭੀਰ ਅਤੇ ਲੀ ਫੋਰਟਿਸ ਦੋ ਸਪੱਸ਼ਟ ਪਾਤਰ ਹਨ। ਕਿਸੇ ਵੀ ਅਸਹਿਮਤੀ ਦੀ ਸਥਿਤੀ ਵਿੱਚ ਦੋਵੇਂ ਹੀ ਘਾਹ ਦਾ ਇੱਕ ਪੱਤਾ ਵੀ ਛੱਡਣ ਲਈ ਤਿਆਰ ਨਹੀਂ ਹੋਣਗੇ।
ਇਹ ਘਟਨਾ ਇਸ ਸੀਰੀਜ਼ ਨਾਲ ਜੁੜੀਆਂ ਉੱਚ ਭਾਵਨਾਵਾਂ ਦੀ ਇੱਕ ਹੋਰ ਉਦਾਹਰਣ ਹੈ।
ਪਹਿਲਾਂ ਲਾਰਡਜ਼ ਵਿਖੇ ਛੇੜਛਾੜ ਦਾ ਮਾਮਲਾ ਸਾਰਿਆਂ ਨੇ ਦੇਖਿਆ ਫਿਰ ਓਲਡ ਟ੍ਰੈਫੋਰਡ ਵਿੱਚ ਹੱਥ ਮਿਲਾਉਣ ਵਾਲੇ ਹੈਂਡਬੈਗ ਅਤੇ ਹੁਣ ਇਹ।
ਓਵਲ ਵਿਖੇ ਫਾਈਨਲ ਟੈਸਟ ਤੱਕ ਤਣਾਅ ਹੋਰ ਵੀ ਵਧ ਗਿਆ ਹੈ।
ਇਹ ਉੱਚ-ਪੱਧਰੀ ਖੇਡ ਹੈ ਜਿੱਥੇ ਨਤੀਜੇ ਮਾਇਨੇ ਰੱਖਦੇ ਹਨ ਅਤੇ ਇਸ ਵਿੱਚ ਸ਼ਾਮਲ ਲੋਕ ਪਰਵਾਹ ਕਰਦੇ ਹਨ।
ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਕਦੇ-ਕਦੇ ਚੀਜ਼ਾਂ ਇਸ ਤਰ੍ਹਾਂ ਫ਼ੈਲ ਜਾਂਦੀਆਂ ਹਨ। ਓਵਲ ਦੀ ਪਿੱਚ ਹੁਣ ਤੋਂ ਸੁਰਖੀਆਂ ਵਿੱਚ ਰਹੇਗੀ।
ਇਤਿਹਾਸਕ ਤੌਰ 'ਤੇ ਇੱਕ ਅਜਿਹੀ ਜਗ੍ਹਾ ਜਿੱਥੇ ਸਪਿੰਨਰਾਂ ਤੋਂ ਬਹੁਤ ਜ਼ਿਆਦਾ ਸ਼ਮੂਲੀਅਤ ਦੀ ਉਮੀਦ ਕੀਤੀ ਜਾ ਸਕਦੀ ਹੈ, ਪਰ ਮੌਜੂਦਾ ਸਥਿਤੀ ਵਿੱਚ ਅਜਿਹਾ ਨਹੀਂ ਹੋਇਆ ਹੈ।
ਕੁਝ ਅਟਕਲਾਂ ਹਨ ਕਿ ਇੰਗਲੈਂਡ ਲੀਅਮ ਡਾਸਨ ਨੂੰ ਬਾਹਰ ਕਰ ਸਕਦਾ ਹੈ।
ਬੇਨ ਸਟੋਕਸ ਦੀ ਅਗਵਾਈ ਹੇਠ ਉਨ੍ਹਾਂ ਨੂੰ ਬਿਨ੍ਹਾਂ ਕਿਸੇ ਫਰੰਟਲਾਈਨ ਸਪਿਨਰ ਦੇ ਟੈਸਟ ਮੈਚ ਖੇਡਣ ਤੋਂ ਨਫ਼ਰਤ ਹੈ। ਅਜਿਹਾ ਉਨ੍ਹਾਂ ਦੇ ਅਹੁਦਾ ਸੰਭਾਲਣ ਤੋਂ ਬਾਅਦ ਸਿਰਫ ਇੱਕ ਵਾਰ ਹੋਇਆ ਹੈ।
ਇਹ ਸਭ ਸਟੋਕਸ 'ਤੇ ਨਿਰਭਰ ਕਰ ਸਕਦਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ