ਮਹੀਂਵਾਲ ਦੀ ਸੋਹਣੀ ਵਿਆਹ ਦੀ ਸੰਸਥਾ ਤੋਂ ਸਵਾਲ ਪੁੱਛਦੀ, ਕੀ ਔਰਤ ਦੀ ਮਰਜ਼ੀ ਰਿਸ਼ਤਿਆਂ 'ਚ ਮਾਅਨੇ ਨਹੀਂ ਰੱਖਦੀ

ਸੋਹਣੀ ਮਹੀਂਵਾਲ

ਤਸਵੀਰ ਸਰੋਤ, Amrit Artist Barnala/BBC

ਤਸਵੀਰ ਕੈਪਸ਼ਨ, ਸੋਹਣੀ ਦੇ ਕਿਰਦਾਰ ਨੂੰ ਅਕਸਰ ਮਹੀਵਾਲ ਲਈ ਸਮਾਜ ਨੂੰ ਚੁਣੌਤੀ ਦੇਣ ਵਾਲੀ ਦਲੇਰ ਮਹਿਬੂਬਾ ਵਜੋਂ ਚਿਤਰਿਆ ਜਾਂਦਾ ਹੈ
    • ਲੇਖਕ, ਨਵਦੀਪ ਕੌਰ ਗਰੇਵਾਲ
    • ਰੋਲ, ਬੀਬੀਸੀ ਸਹਿਯੋਗੀ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 9 ਮਿੰਟ

ਪਿਛਾਂ ਮੁੜਨ ਕੇਹਾ ਜੇਕਰ ਪੈਰ ਮੋੜਾਂ, ਜਲਾਂ ਦੋਜ਼ਖੀਂ ਮਿਲੇ ਸਜ਼ਾ ਬੇਲੀ

ਸੋਹਣੀ ਤਾਂ ਹੋਵਾਂ ਜੇਕਰ ਅਜ ਮਿਲਸਾਂ, ਨਹੀਂ ਕੋਝੜੀ ਨਾਮ ਧਰਾ ਬੇਲੀ

ਮੈਥੋਂ ਕਦੇ ਨਾ ਮੂਲ ਕਜ਼ਾ ਹੋਸੀ, ਜੋ ਕੁਝ ਆਈ ਆ ਲੇਖ ਲਿਖਾ ਬੇਲੀ

ਜੇਕਰ ਪਿਛਾਂਹ ਮੁੜਾਂ ਕਾਫ਼ਰ ਹੋਇ ਮਰਾਂ, ਦੋਜ਼ਖ ਕੁਲ ਕੁਫਾਰ ਦੀ ਜਾ ਬੇਲੀ

ਫ਼ਜ਼ਲ ਸ਼ਾਹ ਨੇ ਕੁਝ ਇਸ ਤਰ੍ਹਾਂ ਇਸ਼ਕ ਖਾਤਰ ਜਾਨ ਕੁਰਬਾਨ ਕਰਨ ਨੂੰ ਤਿਆਰ ਸੋਹਣੀ ਦੇ ਸਿਦਕ ਨੂੰ ਬਿਆਨ ਕੀਤਾ ਹੈ। ਸੋਹਣੀ ਦੇ ਕਿਰਦਾਰ ਨੂੰ ਅਕਸਰ ਮਹੀਂਵਾਲ ਲਈ ਸਮਾਜ ਨੂੰ ਚੁਣੌਤੀ ਦੇਣ ਵਾਲੀ ਦਲੇਰ ਮਹਿਬੂਬਾ ਵਜੋਂ ਚਿਤਰਿਆ ਜਾਂਦਾ ਹੈ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ 'ਤੇ ਕਲਿੱਕ ਕਰੋ

ਗਾਥਾ ਦਾ ਮੂਲ

ਸਾਡੀਆਂ ਸਾਰੀਆਂ ਪ੍ਰੀਤ ਕਥਾਵਾਂ ਦੀ ਤਰ੍ਹਾਂ ਸੋਹਣੀ ਮਹੀਂਵਾਲ ਦੇ ਕਿੱਸੇ ਨੂੰ ਵੀ ਕੋਈ ਸੱਚੀ ਘਟਨਾ ਤੇ ਕੋਈ ਕਲਪਨਾ ਮੰਨਦਾ ਹੈ।

ਪਰ ਸੋਹਣੀ ਮਹੀਂਵਾਲ ਦੀ ਮੁਹੱਬਤ ਦਾ ਕਿੱਸਾ ਸਾਡੇ ਸਾਹਿਤ ਵਿੱਚ ਖ਼ਾਸ ਥਾਂ ਰੱਖਦਾ ਹੈ। ਇਹ ਕਿਰਦਾਰ ਅਤੇ ਕਹਾਣੀ ਮਨੁੱਖੀ ਜੀਵਨ ਦੀਆਂ ਕਈ ਰਮਜ਼ਾਂ ਸਾਨੂੰ ਸਮਝਾਉਂਦੇ ਹਨ।

ਇਹ ਕਿੱਸਾ ਵੀ ਮੱਧ-ਕਾਲ ਦਾ ਹੈ।

ਪੰਜਾਬ ਯੁਨੀਵਰਸਿਟੀ ਦੇ ਪੰਜਾਬੀ ਵਿਭਾਗ ਤੋਂ ਸੇਵਾ ਮੁਕਤ ਅਤੇ ਕਿੱਸਿਆਂ ਬਾਰੇ ਖੋਜੀ ਰੁਚੀ ਰੱਖਣ ਵਾਲੇ ਪ੍ਰੋਫੈਸਰ ਸੁਖਦੇਵ ਸਿੰਘ ਸਿਰਸਾ ਦੱਸਦੇ ਹਨ ਕਿ ਸਤਾਰਵੀਂ ਸਦੀ ਤੱਕ ਸੋਹਣੀ ਦਾ ਕੋਈ ਕਿੱਸਾ ਸਾਨੂੰ ਨਹੀਂ ਮਿਲਦਾ।

ਅਠਾਰਵੀਂ ਸਦੀ ਵਿੱਚ ਸੋਹਣੀ ਦੇ ਕਿੱਸੇ ਮਿਲਣੇ ਸ਼ੁਰੂ ਹੁੰਦੇ ਹਨ। ਕਿੱਸਾ ਬਣਨ ਤੋਂ ਪਹਿਲਾਂ ਇਹ ਕਥਾ ਲੋਕਾਂ ਦੇ ਮਨਾਂ ਵਿੱਚ ਸੀ।

ਕਿੱਸਿਆਂ ਨੂੰ ਨਾਚ ਜ਼ਰੀਏ ਪੇਸ਼ ਕਰਨ ਵਿੱਚ ਮੁਹਾਰਤ ਹਾਸਲ ਥੀਏਟਰ ਕਲਾਕਾਰ ਅਤੇ ਕਿੱਸਿਆਂ ਦੀ ਰੰਗਮੰਚ ਨੂੰ ਦੇਣ ਦੇ ਵਿਸ਼ੇ ਨੂੰ ਆਪਣੀ ਖੋਜ ਵਿੱਚ ਸ਼ਾਮਲ ਕਰਨ ਵਾਲੇ ਡਾਕਟਰ ਨਰਿੰਦਰ ਨਿੰਦੀ ਮੁਤਾਬਕ, ਪਹਿਲਾਂ ਭੱਟ ਤੇ ਮਰਾਸੀ ਇਹ ਕਿੱਸਾ ਆਪਣੀਆਂ ਵੰਨ੍ਹਗੀਆਂ ਜ਼ਰੀਏ ਪੇਸ਼ ਕਰਿਆ ਕਰਦੇ ਸੀ। ਇਸ ਤੋਂ ਬਾਅਦ ਹੌਲੀ ਹੌਲੀ ਅਠਾਰਵੀਂ ਸਦੀ ਵਿੱਚ ਇਸ ਕਥਾ ਨੇ ਕਿੱਸੇ ਦਾ ਰੂਪ ਲਿਆ।

ਪ੍ਰੋਫੈਸਰ ਸਿਰਸਾ ਨੇ ਦੱਸਿਆ ਕਿ ਸੌਂ ਤੋਂ ਵੱਧ ਕਵੀਆਂ ਨੇ ਸੋਹਣੀ ਮਹੀਂਵਾਲ ਬਾਰੇ ਕਿੱਸੇ ਜਾਂ ਸੀਹਰਫ਼ੀਆਂ ਲਿਖੀਆਂ ਹਨ।

ਸੋਹਣੀ ਮਹੀਂਵਾਲ ਦਾ ਸਭ ਤੋਂ ਪਹਿਲਾ ਕਿੱਸਾ ਹਾਫਿਜ਼ ਬਰਖ਼ਰਦਾਰ ਦੇ ਕਿੱਸੇ ਨੂੰ ਮੰਨਿਆ ਜਾਂਦਾ ਹੈ।

ਇਸ ਤੋਂ ਇਲਾਵਾ 'ਸੋਹਣੀ' ਲਿਖਣ ਵਾਲੇ ਮੁੱਖ ਕਿੱਸਾਕਾਰਾਂ ਵਿੱਚ ਹਾਸ਼ਮ ਸ਼ਾਹ, ਅਹਿਮਦਯਾਰ, ਕਾਦਰ ਯਾਰ, ਮੀਆਂ ਮੁੰਹਮਦ ਬਖਸ਼, ਮੁੰਹਮਦ ਬੂਟਾ ਗੁਜਰਾਤੀ ਦਾ ਨਾਮ ਵੀ ਆਉਂਦਾ ਹੈ।

ਇਨ੍ਹਾਂ ਸਭ ਵਿੱਚ ਫ਼ਜ਼ਲ ਸ਼ਾਹ ਦੀ 'ਸੋਹਣੀ' ਨੇ ਸਭ ਤੋਂ ਵੱਧ ਮਕਬੂਲੀਅਤ ਹਾਸਲ ਕੀਤੀ।

ਸੋਹਣੀ ਮਹੀਂਵਾਲ

ਪ੍ਰੋਫੈਸਰ ਸਿਰਸਾ ਇੱਕ ਸਾਧੂ ਮਾਨ ਦਾਸ ਵੱਲੋਂ ਲਿਖੇ ਸੋਹਣੀ ਮਹੀਂਵਾਲ ਦੇ ਕਿੱਸੇ ਦਾ ਵੀ ਜ਼ਿਕਰ ਕਰਦੇ ਹਨ।

ਉਹ ਦੱਸਦੇ ਹਨ, "1898 ਦੀ ਆਪਣੀ ਲਿਖਤ ਵਿੱਚ ਕਿੱਸਾਕਾਰ ਸਾਧੂ ਮਾਨ ਦਾਸ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਮੇਰੇ ਪਿੰਡ ਦੌਧਰ ਦਾ ਵੀ ਜ਼ਿਕਰ ਕਰਦੇ ਹਨ।"

"ਇਨ੍ਹਾਂ ਨੇ ਸੋਹਣੀ-ਮਹੀਂਵਾਲ ਦੇ ਕਿੱਸੇ ਨੂੰ ਆਤਮਾ-ਪ੍ਰਮਾਤਮਾ ਦੇ ਪ੍ਰਸੰਗ ਵਿੱਚ ਹੀ ਚਿਤਰਿਆ ਹੈ। ਕਿੱਸਾ ਪੜ੍ਹ ਲੇਖਕ ਦੇ ਵਿਦਵਾਨ ਹੋਣ ਦਾ ਅੰਦਾਜ਼ਾ ਲੱਗ ਜਾਂਦਾ ਹੈ।"

ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸੋਹਣੀ ਦਾ ਕਿੱਸਾ ਪੰਜਾਬੀ ਤੋਂ ਇਲਾਵਾ ਉਰਦੂ-ਫਾਰਸੀ ਸ਼ਬਦਾਂ ਵਿੱਚ ਵੀ ਲਿਖਿਆ ਗਿਆ।

"ਬੜੀ ਕਮਾਲ ਦੀ ਗੱਲ ਹੈ ਕਿ ਸੋਹਣੀ ਮਹੀਂਵਾਲ ਦਾ ਕਿੱਸਾ ਮੁਸਲਮਾਨ ਕਿੱਸਾਕਾਰਾਂ ਨੇ ਲਿਖਿਆ, ਹਿੰਦੂ ਕਿੱਸਾਕਾਰਾਂ ਦੀਆਂ ਲਿਖਤਾਂ ਵੀ ਮੌਜੂਦ ਹਨ, ਸਿੱਖ ਕਿੱਸਾਕਾਰ ਨੇ ਵੀ ਸੋਹਣੀ ਮਹੀਂਵਾਲ ਬਾਰੇ ਲਿਖਿਆ।"

"ਨਾਮਧਾਰੀਆਂ ਵਿੱਚੋਂ ਵੀ ਇੱਕ ਕਿੱਸਾਕਾਰ ਸੁੰਦਰ ਸਿੰਘ ਨਾਮਧਾਰੀ ਵੀ ਸੋਹਣੀ ਮਹੀਂਵਾਲ ਦਾ ਕਿੱਸਾ ਲਿਖ ਰਹੇ ਹਨ ਅਤੇ ਬਹੁਤ ਸਾਰੇ ਸਾਧੂ ਇਹ ਕਿੱਸਾ ਲਿਖ ਰਹੇ ਹਨ। ਇਹ ਵੀ ਨੋਟ ਕਰਨਾ ਚਾਹੀਦਾ ਹੈ ਕਿ ਕਿਸੇ ਔਰਤ ਲੇਖਕ ਦਾ ਲਿਖਿਆ ਇਹ ਕਿੱਸਾ ਸਾਨੂੰ ਨਹੀਂ ਮਿਲਦਾ।"

ਹਰ ਲੇਖਕ ਦਾ ਬਿਆਨ ਕਰਨ ਦਾ ਢੰਗ ਵੱਖੋ-ਵੱਖਰਾ ਹੁੰਦਾ ਹੈ, ਇਸ ਲਈ ਵੱਖ-ਵੱਖ ਲੇਖਕਾਂ ਵੱਲੋਂ ਲਿਖੇ ਸੋਹਣੀ-ਮਹੀਂਵਾਲ ਦੇ ਕਿੱਸਿਆਂ ਵਿੱਚ ਵੀ ਥੋੜ੍ਹੇ-ਬਹੁਤੇ ਵਖਰੇਵੇਂ ਨਜ਼ਰ ਆਉਂਦੇ ਹਨ।

ਮੂਲ ਰੂਪ ਵਿੱਚ ਸੋਹਣੀ ਬਾਰੇ ਬਿਆਨ ਵਿੱਚ ਬਹੁਤਾ ਫ਼ਰਕ ਨਹੀਂ। ਕਈ ਘਟਨਾਵਾਂ ਨੂੰ ਵੱਖਰੇ ਪ੍ਰਸੰਗ ਵਿੱਚ ਪੇਸ਼ ਕੀਤਾ ਗਿਆ, ਪਰ ਕਹਾਣੀ ਦਾ ਮੂਲ ਵੀ ਕੁੱਲ ਮਿਲਾ ਕੇ ਇੱਕੋ ਜਿਹਾ ਰਹਿੰਦਾ ਹੈ ਜੋ ਕਿ ਪ੍ਰਚਲਿਤ ਹੈ।

ਕੀ ਸੀ ਸੋਹਣੀ ਮਹੀਂਵਾਲ ਦੀ ਕਹਾਣੀ

ਸੋਹਣੀ

ਤਸਵੀਰ ਸਰੋਤ, Amrit Artist Barnala/BBC

ਤਸਵੀਰ ਕੈਪਸ਼ਨ, ਸੋਹਣੀ ਦਾ ਘੜਾ ਬਦਲ ਦਿੱਤਾ ਗਿਆ ਸੀ

ਸੋਹਣੀ ਮਹੀਂਵਾਲ ਦੀ ਕਹਾਣੀ ਪਾਕਿਸਤਾਨ ਵਿੱਚ ਪੈਂਦੇ ਗੁਜਰਾਤ ਦੀ ਕਹਾਣੀ ਹੈ।

ਸੋਹਣੀ ਦੇ ਪਿਤਾ ਦਾ ਨਾਮ ਤੁੱਲਾ ਸੀ ਜੋ ਨਾਮੀਂ ਘੁਮਿਆਰ ਸੀ। ਉਸ ਕੋਲ ਅਕਸਰ ਵਿਦੇਸ਼ੀ ਸੌਦਾਗਰ ਭਾਂਡੇ ਖ਼ਰੀਦਣ ਆਉਂਦੇ ਹਨ।

ਪ੍ਰੋਫੈਸਰ ਸਿਰਸਾ ਕਹਿੰਦੇ ਹਨ, "ਸੋਹਣੀ ਦਾ ਬਾਪ ਕਹਿਣ ਨੂੰ ਘੁਮਿਆਰ ਸੀ, ਪਰ ਅਸਲ ਵਿੱਚ ਭਾਂਡਿਆਂ ਦਾ ਇੱਕ ਵੱਡਾ ਵਪਾਰੀ ਸੀ ਜਿਸ ਕੋਲ ਵੱਡੇ-ਵੱਡੇ ਸੌਦਾਗਰ ਆਇਆ ਕਰਦੇ ਸੀ। ਸੋਹਣੀ ਇੱਕ ਸਰਦੇ ਪੁੱਜਦੇ ਪਰਿਵਾਰ ਦੀ ਧੀ ਸੀ।"

ਕਿਹਾ ਜਾਂਦਾ ਹੈ ਕਿ ਬਲਖ ਬੁਖਾਰੇ ਤੋਂ ਇੱਕ ਅਮੀਰ ਪਰਿਵਾਰ ਦਾ ਸੌਦਾਗਰ ਬੇਟਾ ਇੱਜ਼ਤ ਬੇਗ਼ ਯਾਨੀ ਮਹੀਂਵਾਲ ਵੀ ਉੱਥੇ ਵਪਾਰ ਦੇ ਸਿਲਸਿਲੇ ਵਿੱਚ ਉੱਥੇ ਆਉਂਦਾ ਹੈ।

ਕਈ ਥਾਂ ਇਹ ਵੀ ਲਿਖਿਆ ਹੈ ਕਿ ਉਹ ਘੁੰਮਣ ਫਿਰਨ ਦਾ ਸ਼ੌਕੀਨ ਸੀ ਅਤੇ ਘੁੰਮਦਾ ਘੁੰਮਦਾ ਸੋਹਣੀ ਦੇ ਇਲਾਕੇ ਵਿੱਚ ਪਹੁੰਚਦਾ ਹੈ। ਤੁੱਲੇ ਘੁਮਿਆਰ ਦੀ ਦੁਕਾਨ 'ਤੇ ਜਦੋਂ ਉਹ ਸੋਹਣੀ ਨੂੰ ਦੇਖਦਾ ਹੈ ਤਾਂ ਉਸ ਉੱਤੇ ਮੋਹਿਤ ਹੋ ਜਾਂਦਾ ਹੈ।

ਸੋਹਣੀ ਨੂੰ ਦੇਖਣ ਦੇ ਲਈ ਭਾਂਡੇ ਖ਼ਰੀਦਣ ਦੇ ਬਹਾਨੇ ਉਹ ਵਾਰ-ਵਾਰ ਦੁਕਾਨ 'ਤੇ ਆਉਂਦਾ ਹੈ। ਜਦੋਂ ਸਾਰੀ ਦੌਲਤ ਖ਼ਤਮ ਹੋ ਜਾਂਦੀ ਹੈ ਤਾਂ ਤੁੱਲੇ ਕੋਲ ਮੱਝੀਆਂ ਚਾਰਨ ਦੀ ਨੌਕਰੀ ਲੈ ਲੈਂਦਾ ਹੈ।

ਸੋਹਣੀ ਵੀ ਉਸ ਤੋਂ ਆਪਣਾ ਸਭ ਕੁਝ ਨਿਛਾਵਰ ਕਰਨ ਲਈ ਤਿਆਰ ਹੋ ਜਾਂਦੀ ਹੈ।

ਦੋਹਾਂ ਦੇ ਪਿਆਰ ਬਾਰੇ ਪਤਾ ਲਗਦਾ ਹੈ ਤਾਂ ਪਰਿਵਾਰ ਉਸ ਨੂੰ ਵਰਜਦਾ ਹੈ ਅਤੇ ਉਸ ਦਾ ਵਿਆਹ ਕਰ ਦਿੰਦਾ ਹੈ।

ਪ੍ਰੋਫੈਸਰ ਸੁਖਦੇਵ ਸਿੰਘ ਸਿਰਸਾ
ਤਸਵੀਰ ਕੈਪਸ਼ਨ, ਕਿੱਸਿਆਂ ਬਾਰੇ ਖੋਜੀ ਰੁਚੀ ਰੱਖਣ ਵਾਲੇ ਪ੍ਰੋਫੈਸਰ ਸੁਖਦੇਵ ਸਿੰਘ ਸਿਰਸਾ ਦੱਸਦੇ ਹਨ ਕਿ ਸਤਾਰਵੀਂ ਸਦੀ ਤੱਕ ਸੋਹਣੀ ਦਾ ਕੋਈ ਕਿੱਸਾ ਮੌਜੂਦ ਨਹੀਂ ਸੀ

ਮਹੀਂਵਾਲ ਝਨਾਂ ਦੇ ਕੰਡੇ ਜਾ ਕੇ ਰਹਿਣ ਲੱਗ ਪੈਂਦਾ ਹੈ। ਉਹ ਝਨਾਂ ਪਾਰ ਕਰਕੇ ਸੋਹਣੀ ਨੂੰ ਮਿਲਣ ਆਉਂਦਾ ਹੈ।

ਉਸ ਲਈ ਮੱਛੀ ਵੀ ਭੁੰਨ ਕੇ ਲਿਆਉਂਦਾ ਹੈ। ਇੱਕ ਦਿਨ ਮੱਛੀ ਨਹੀਂ ਮਿਲਦੀ ਤਾਂ ਉਹ ਆਪਣੇ ਪੱਟ ਦਾ ਮਾਸ ਭੁੰਨ ਕੇ ਲਿਆਉਂਦਾ ਹੈ।

ਜਦੋਂ ਸੋਹਣੀ ਨੂੰ ਪਤਾ ਲਗਦਾ ਹੈ ਤਾਂ ਉਹ ਮਹੀਂਵਾਲ ਨੂੰ ਕਹਿੰਦੀ ਹੈ ਕਿ ਹੁਣ ਝਨਾਂ ਪਾਰ ਕਰਕੇ ਉਹ ਖ਼ੁਦ ਉਸ ਨੂੰ ਮਿਲਣ ਆਇਆ ਕਰੇਗੀ।

ਉਹ ਰੋਜ਼ ਰਾਤ ਨੂੰ ਘੜੇ ਉੱਤੇ ਤੈਰ ਕੇ ਝਨਾਂ ਪਾਰ ਜਾਂਦੀ ਹੈ। ਸੋਹਣੀ ਦੀ ਨਨਾਣ ਨੂੰ ਪਤਾ ਲੱਗ ਜਾਂਦਾ ਹੈ, ਉਹ ਇੱਕ ਦਿਨ ਪੱਕੇ ਘੜੇ ਦੀ ਥਾਂ ਕੱਚਾ ਘੜਾ ਰੱਖ ਦਿੰਦੀ ਹੈ।

ਅਗਲੀ ਰਾਤ ਸੋਹਣੀ ਰਾਤ ਝਨਾਂ ਵਿੱਚ ਠਿੱਲ੍ਹਣ ਲਗਦੀ ਹੈ ਤਾਂ ਦੇਖਦੀ ਹੈ ਕਿ ਘੜਾ ਕੱਚਾ ਹੈ, ਪਰ ਉਹ ਫਿਰ ਵੀ ਠਿੱਲ੍ਹਦੀ ਹੈ।

ਦਰਿਆ ਵਿੱਚ ਕੱਚਾ ਘੜਾ ਖ਼ੁਰ ਜਾਂਦਾ ਹੈ ਅਤੇ ਸੋਹਣੀ ਦੀ ਮੌਤ ਹੋ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਮਹੀਂਵਾਲ ਵੀ ਫਿਰ ਝਨਾਂ ਵਿੱਚ ਡੁੱਬ ਕੇ ਮਰ ਜਾਂਦਾ ਹੈ।

ਕੀ ਸੋਹਣੀ ਦਾ ਸੁਹੱਪਣ ਹੀ ਉਸ ਨੂੰ ਖਾਸ ਬਣਾਉਂਦਾ ਸੀ ?

ਸੋਹਣੀ ਮਹੀਂਵਾਲ

ਤਸਵੀਰ ਸਰੋਤ, Amrit Artist Barnala/BBC

ਫਜ਼ਲ ਸ਼ਾਹ ਦੀ 'ਸੋਹਣੀ' ਵਿੱਚ ਇੱਕ ਜ਼ਿਕਰ ਆਉਂਦਾ ਹੈ ਸੋਹਣੀ ਇੰਨੀ ਖੂਬਸੂਰਤ ਸੀ ਕਿ ਉਸ ਦਾ ਸੁਹੱਪਣ ਦੇਖ ਕੇ ਇੱਜ਼ਤ ਬੇਗ਼ ਯਾਨੀ ਮਹੀਂਵਾਲ ਗਸ਼ ਖਾ ਕੇ ਡਿੱਗ ਪੈਂਦਾ ਹੈ।

ਸੂਰਤ ਸੋਹਣੀ ਦੇਖਕੇ ਸੋਹਣੀ ਦੀ

ਇੱਜ਼ਤ ਬੇਗ ਡਿੱਗ ਗਸ਼ ਖਾ ਜਾਨੀ

ਪਰ ਸੋਹਣੀ ਦੀ ਖ਼ਾਸੀਅਤ ਉਸ ਦੇ ਸੁਹੱਪਣ ਵਿੱਚ ਨਹੀਂ ਬਲਕਿ ਉਸ ਦੇ ਕਿਰਦਾਰ ਕਾਰਨ ਹੈ। ਸੋਹਣੀ ਦਾ ਪਾਤਰ ਸੁੰਦਰਤਾ, ਸੂਝ, ਦਲੇਰੀ ਅਤੇ ਕੋਮਲਤਾ ਦਾ ਸੁਮੇਲ ਹੈ।

ਡਾਕਟਰ ਨਰਿੰਦਰ ਨਿੰਦੀ ਕਹਿੰਦੇ ਹਨ ਕਿ ਸੱਚੇ ਇਸ਼ਕ ਦਾ ਜਜ਼ਬਾ, ਸੋਹਣੀ ਦੇ ਕਿਰਦਾਰ ਦੀ ਵੱਡਾ ਵਿਸ਼ੇਸ਼ਤਾ ਸੀ।

ਉਹ ਕਹਿੰਦੇ ਹਨ, "ਜਿਸ ਨੂੰ ਇੱਕ ਵਾਰ ਚਾਹਿਆ, ਉਸ ਨੂੰ ਹੀ ਸਭ ਕੁਝ ਮੰਨਿਆ। ਸੋਹਣੀ, ਪੰਜਾਬ ਦੀ ਧਰਤੀ ਦੇ ਸੱਚੇ ਇਸ਼ਕ ਦੀ ਤਸਵੀਰ ਪੇਸ਼ ਕਰਦੀ ਹੈ।"

ਪ੍ਰੋਫ਼ੈਸਰ ਸਿਰਸਾ ਮੰਨਦੇ ਹਨ ਕਿ ਪੰਜਾਬ ਦੀਆਂ ਪ੍ਰੀਤ ਕਥਾਵਾਂ ਦੀਆਂ ਨਾਇਕਾਵਾਂ ਵਿੱਚੋਂ ਤਿੰਨ ਨਾਇਕਾਵਾਂ ਹੀਰ, ਸੱਸੀ ਤੇ ਸੋਹਣੀ ਵੱਖਰੀ ਤਰ੍ਹਾਂ ਦੀਆਂ ਨਾਇਕਾਵਾਂ ਹਨ।

ਉਹ ਕਹਿੰਦੇ ਹਨ ਕਿ ਇਹ ਤਿੰਨੋਂ ਉਸ ਮੱਧ-ਕਾਲੀ ਸਮਾਜ ਦੀ ਮਰਦਾਵੀਂ ਧੌਂਸ ਦਾ ਸ਼ਿਕਾਰ ਹੁੰਦੀਆਂ ਹਨ।

ਤਿੰਨੋਂ ਕੁੜੀਆਂ ਸਧਾਰਨ ਘਰਾਂ ਦੀਆਂ ਧੀਆਂ ਨਹੀਂ, ਬਲਕਿ ਪ੍ਰਭਾਵਸ਼ਾਲੀ ਘਰਾਂ ਦੀਆਂ ਧੀਆਂ ਸਨ।

ਪ੍ਰੋਫ਼ੈਸਰ ਸਿਰਸਾ ਮੁਤਾਬਕ ਕਿੱਸਾਕਾਰ ਪੇਸ਼ ਕਰਦੇ ਹਨ ਕਿ ਮੱਧ-ਕਾਲ ਦੇ ਸਮੰਤੀ ਸਮਾਜ ਵਿੱਚ ਦਬਦਬਾ ਰੱਖਣ ਵਾਲੇ ਪਰਿਵਾਰਾਂ ਦੀਆਂ ਧੀਆਂ ਆਪਣੇ ਪਰਿਵਾਰ ਦੀ ਰੀਤ ਛੱਡ ਕੇ ਮੁਹੱਬਤ ਦੀ ਰੀਤ ਅਪਣਾਉਂਦੀਆਂ ਹਨ। ਜੋ ਕਿ ਉਸ ਸਮੇਂ ਇੱਕ ਬਹੁਤ ਹੀ ਦਲੇਰੀ ਵਾਲਾ ਕੰਮ ਸੀ।

ਉਹ ਕਹਿੰਦੇ ਹਨ ਕਿ ਸੋਹਣੀ ਇਸ ਕਰਕੇ ਸੋਹਣੀ ਹੈ, ਕਿਉਂਕਿ ਉਹ ਮੁਹੱਬਤ ਖ਼ਾਤਰ ਕੁਰਬਾਨ ਹੁੰਦੀ ਹੈ।

"ਸਾਡੀਆਂ ਨਾਇਕਾਵਾਂ ਆਪਣੀ ਖੂਬਸੂਰਤੀ ਕਰਕੇ ਮਹਾਨ ਨਹੀਂ ਬਣਦੀਆਂ, ਆਪਣੀ ਕੁਰਬਾਨੀ ਕਰਕੇ ਮਹਾਨ ਬਣਦੀਆਂ ਹਨ।"

ਪ੍ਰੀਤ ਕਹਾਣੀਆਂ ਦੀਆਂ ਹੋਰ ਨਾਇਕਾਵਾਂ ਵੀ ਮੁਹੱਬਤ ਲਈ ਕੁਰਬਾਨੀ ਦਿੰਦੀਆਂ ਹਨ, ਪਰ ਸੋਹਣੀ ਉਨ੍ਹਾਂ ਤੋਂ ਵੱਖ ਕਿਵੇਂ ਹੈ।

ਪ੍ਰੋਫ਼ੈਸਰ ਸਿਰਸਾ ਕਹਿੰਦੇ ਹਨ ਕਿ ਹੋਰ ਨਾਇਕਾਵਾਂ ਨੂੰ ਇਹ ਨਹੀਂ ਸੀ ਪਤਾ ਕਿ ਮੂਹਰੇ ਮੌਤ ਆ ਸਕਦੀ ਹੈ। ਜਿਵੇਂ ਕਿ ਸੱਸੀ ਨੂੰ ਪਤਾ ਸੀ ਕਿ ਮਾਰੂਥਲ ਵਿੱਚੋਂ ਲੰਘ ਕੇ ਪੁੰਨੂ ਨੂੰ ਮਿਲਣ ਜਾਣਾ ਔਖਾ ਹੈ, ਪਰ ਉਸ ਨੂੰ ਪੁੰਨੂ ਦੇ ਮਿਲ ਜਾਣ ਦੀ ਉਮੀਦ ਸੀ।

"ਸੋਹਣੀ ਜਦੋਂ ਕੱਚਾ ਘੜਾ ਲੈ ਕੇ ਪਾਣੀ ਵਿੱਚ ਠਿੱਲਦੀ ਹੈ ਤਾਂ ਉਹ ਉਮੀਦਾਂ ਲਾਹ ਕੇ ਠਿੱਲਦੀ ਹੈ, ਮਰਨਾ ਮਿੱਥ ਕੇ ਠਿੱਲਦੀ ਹੈ।"

"ਸੱਸੀ ਤੇ ਹੀਰ ਨੂੰ ਆਪਣੇ ਪ੍ਰੇਮੀ ਨਾਲ ਮਿਲਣ ਦੀ ਸੰਭਾਵਨਾ ਨਜ਼ਰ ਆਉਂਦੀ ਸੀ, ਦੂਜੇ ਪਾਸੇ ਸੋਹਣੀ ਨੂੰ ਮੌਤ ਦਿਸਦੀ ਸੀ, ਪਰ ਫਿਰ ਵੀ ਉਹ ਪਿੱਛੇ ਨਹੀਂ ਹਟੀ।"

ਦ੍ਰਿੜ ਇਰਾਦੇ ਵਾਲੇ ਸੋਹਣੀ ਅਤੇ ਸੂਝਵਾਨ ਸੋਹਣੀ ਅੰਦਰੋਂ ਇੱਕ ਕੋਮਲ ਦਿਲ ਦੀ ਮਾਲਕ ਵੀ ਹੈ।

ਫ਼ਜ਼ਲ ਸ਼ਾਹ ਦੇ ਕਿੱਸੇ ਮੁਤਾਬਕ, ਦਰਿਆ ਵਿੱਚ ਆਪਣੀ ਅਟਲ ਮੌਤ ਦੇਖ ਕੇ ਉਹ ਮਹੀਂਵਾਲ ਅਤੇ ਆਪਣੀਆਂ ਸਹੇਲੀਆਂ ਪ੍ਰਤੀ ਪਿਆਰ ਜ਼ਾਹਿਰ ਕਰਨ ਦੇ ਨਾਲ ਆਪਣੀ ਮਾਂ ਨੂੰ ਵੀ ਸ਼ਿੱਦਤ ਨਾਲ ਯਾਦ ਕਰਦੀ ਹੈ।

ਵਿਆਹ ਦੀ ਸੰਸਥਾ ਨੂੰ ਸੋਹਣੀ ਦੀ ਚੁਣੌਤੀ

ਸੋਹਣੀ ਮਹੀਂਵਾਲ

ਤਸਵੀਰ ਸਰੋਤ, Amrit Artist Barnala/BBC

ਤਸਵੀਰ ਕੈਪਸ਼ਨ, ਮਾਹਰਾਂ ਮੁਤਾਬਕ ਮੱਧ ਕਾਲੀ ਸਮਾਜ ਵਿੱਚ ਆਪਣੀ ਮੁਹੱਬਤ ਲਈ ਸਮਾਜ ਨਾਲ ਲੜਣਾ, ਉਸ ਵੇਲੇ ਦੀ ਔਰਤ ਲਈ ਬਹੁਤ ਵੱਡੀ ਗੱਲ ਸੀ।

ਮੱਧ-ਕਾਲੀ ਸਮਾਜ ਕਿਸੇ ਵਿਅਕਤੀ ਵਿਸ਼ੇਸ਼ ਤੋਂ ਕਈ ਦਰਜੇ ਤਕੜਾ ਸੀ, ਇਸ ਲਈ ਸੋਹਣੀ ਦਾ ਵਿਆਹ ਕਿਸੇ ਹੋਰ ਨਾਲ ਕਰ ਦਿੱਤਾ ਜਾਂਦਾ ਹੈ ਪਰ ਸੋਹਣੀ ਉਸ ਵਿਆਹ ਨੂੰ ਨਹੀਂ ਮੰਨਦੀ।

ਡਾਕਟਰ ਨਰਿੰਦਰ ਨਿੰਦੀ ਕਹਿੰਦੇ ਹਨ ਕਿ ਮੱਧ ਕਾਲੀ ਸਮਾਜ ਵਿੱਚ ਆਪਣੀ ਮੁਹੱਬਤ ਲਈ ਸਮਾਜ ਨਾਲ ਲੜਣਾ, ਉਸ ਵੇਲੇ ਦੀ ਔਰਤ ਲਈ ਬਹੁਤ ਵੱਡੀ ਗੱਲ ਸੀ।

ਉਹ ਕਹਿੰਦੇ ਹਨ, "ਸੋਹਣੀ, ਸਾਰੇ ਸਮਾਜ ਤੋਂ ਉੱਤੇ ਉੱਠ ਕੇ ਸੱਚਾ ਇਸ਼ਕ ਕਰਨ ਦਾ ਚਿੰਨ੍ਹ ਬਣਦੀ ਹੈ ਜੋ ਸਮਾਜ ਦੇ ਦਿੱਤੇ ਪਤੀ ਨੂੰ ਸਵੀਕਾਰ ਨਹੀਂ ਕਰਦੀ।"

ਕਈ ਕਿੱਸਾਕਾਰ ਲਿਖਦੇ ਹਨ ਕਿ ਪਰਿਵਾਰ ਨੇ ਜਦੋਂ ਸੋਹਣੀ ਨੂੰ ਵਿਆਹ ਦਿੱਤਾ ਸੀ ਤਾਂ ਉਸ ਨੇ ਆਪਣੇ ਪਤੀ ਦੇ ਇੰਨਾ ਜ਼ੋਰਦਾਰ ਥੱਪੜ ਮਾਰਿਆ ਕਿ ਉਹ ਨਿਪੁੰਸਕ ਹੋ ਗਿਆ।

ਪ੍ਰੋਫੈਸਰ ਸਿਰਸਾ ਕਹਿੰਦੇ ਹਨ ਕਿ ਅਸਲ ਵਿੱਚ ਔਰਤ ਵੱਲੋਂ ਇਨਕਾਰ ਕਰਨ ਨੂੰ ਥੱਪੜ ਦੇ ਪ੍ਰਸੰਗ ਵਿੱਚ ਦੱਸਿਆ ਗਿਆ ਹੈ।

ਉਹ ਕਹਿੰਦੇ ਹਨ, "ਵਿਆਹੀ ਹੋਈ ਔਰਤ ਆਪਣੇ ਮਾਪਿਆਂ ਤੇ ਸਮਾਜ ਵਲੋਂ ਥਾਪੇ ਗਏ ਪਤੀ ਨੂੰ ਜਦੋਂ ਆਪਣੀ ਦੇਹ ਸੌਂਪਣ ਤੋਂ ਇਨਕਾਰ ਕਰਦੀ ਹੈ ਤਾਂ ਉਹ ਥੱਪੜ ਹੀ ਹੈ। ਮੱਧ-ਕਾਲੀ ਸਮਾਜ ਵਿੱਚ ਇੱਕ ਵਿਆਹੀ ਔਰਤ ਦਾ ਆਪਣੇ ਪਤੀ ਨੂੰ ਪਤੀ ਹੋਣ ਦਾ ਹੱਕ ਨਾ ਦੇਣਾ ਬਹੁਤ ਵੱਡੀ ਗੱਲ ਸੀ।"

ਇਹ ਸੋਹਣੀ ਦੀ ਬਗ਼ਾਵਤ ਹੀ ਸੀ ਕਿ ਸੋਹਣੀ ਨੇ ਆਪਣੇ ਪਿਤਾ ਤੇ ਸਮਾਜ ਵਲੋਂ ਦਿੱਤੇ ਪਤੀ ਨੂੰ ਸਵੀਕਾਰ ਨਹੀਂ ਕੀਤਾ।

ਜਾਣਕਾਰਾਂ ਮੁਤਾਬਕ, ਕਈ ਥਾਂ ਇਹ ਵੀ ਜ਼ਿਕਰ ਆਉਂਦਾ ਹੈ ਕਿ ਸੋਹਣੀ ਆਪਣੇ ਪਤੀ ਨੂੰ ਕਹਿੰਦੀ ਹੈ ਕਿ 'ਮੇਰੇ ਅੰਦਰ ਇੱਕ ਜਿੰਨ ਕਾਲਾ ਨਾਗ ਬਣ ਕੇ ਰਹਿੰਦਾ ਹੈ, ਜੇ ਤੂੰ ਮੈਨੂੰ ਕਿਸੇ ਹੋਰ ਆਦਮੀ ਕੋਲ ਬੈਠੀ ਦੇਖ ਲਵੇ ਤਾਂ ਉਸ ਨੂੰ ਛੇੜੀ ਨਾਂ, ਜੇ ਛੇੜਿਆ ਤਾਂ ਉਹ ਤੈਨੂੰ ਮਾਰ ਦੇਵੇਗਾ।'

ਇੱਕ ਹੋਰ ਜ਼ਿਕਰ ਆਉਂਦਾ ਹੈ ਕਿ ਸੋਹਣੀ ਉਸ ਨੂੰ ਕਹਿੰਦੀ ਹੈ ਕਿ ਉਹ ਜਿੰਨ ਉਸ ਅੰਦਰ ਕਾਲਾ ਨਾਗ ਬਣ ਕੇ ਰਹਿੰਦਾ ਹੈ, 'ਜੇ ਤੂੰ ਮੈਨੂੰ ਹੱਥ ਲਾਇਆ ਤਾਂ ਉਹ ਤੈਨੂੰ ਡੱਸ ਲਵੇਗਾ।'

ਕੁਝ ਕਿੱਸਾਕਾਰ ਇਹ ਵੀ ਲਿਖਦੇ ਹਨ ਕਿ ਉਸ ਦਾ ਪਤੀ ਦਹਿਲ ਜਾਂਦਾ ਹੈ ਕਿ ਉਹ ਬੇਫ਼ਿਕਰ ਹੋ ਕੇ ਮਹੀਂਵਾਲ ਨੂੰ ਮਿਲਣ ਜਾਂਦੀ ਹੈ।

ਪ੍ਰੋਫੈਸਰ ਸਿਰਸਾ ਜ਼ੋਰ ਦੇ ਕੇ ਕਹਿੰਦੇ ਹਨ ਕਿ ਜਿਹੜੀ ਔਰਤ ਨੂੰ ਪਤੀ ਤੇ ਇਮਾਨ ਵਿਚਾਲੇ ਅੰਤਰ ਕਰਨਾ ਆ ਗਿਆ, ਉਹ ਔਰਤ ਨਾਇਕ ਬਣ ਜਾਂਦੀ ਹੈ।

ਸਿਰਸਾ ਮੁਤਾਬਕ ਇਹ ਕਹਾਣੀਆਂ ਮੱਧਕਾਲੀ ਸਮਾਜ ਵਿੱਚ ਵਿਆਹ ਦੀ ਸੰਸਥਾ ਨੂੰ ਵੀ ਸਵਾਲ ਕਰਦੀਆਂ ਹਨ ਕਿ ਕੀ ਵਿਆਹ ਦੀ ਸੰਸਥਾ, ਔਰਤ ਨੂੰ ਭੇਡ-ਬੱਕਰੀ ਬਣਾ ਕੇ ਕਿਸੇ ਨੂੰ ਸੌਂਪ ਸਕਦੀ ਹੈ?

ਉਹ ਕਹਿੰਦੇ ਹਨ, "ਜਿਹੜੀ ਔਰਤ ਚੋਣ ਕਰਦੀ ਹੈ ਕਿ ਉਹ ਸਮਾਜ ਦਾ ਫ਼ੈਸਲਾ ਮੰਨੇ ਜਾਂ ਨਾ ਮੰਨੇ, ਉਹ ਪਿੱਤਰਸੱਤਾ ਲਈ ਅਤੇ ਵਿਆਹ ਦੀ ਸੰਸਥਾ ਲਈ ਚੁਣੌਤੀ ਹੈ। ਉਹੀ ਸਾਡੀ ਨਾਇਕਾ ਵੀ ਹੈ।"

ਸਿਰਸਾ ਕਹਿੰਦੇ ਹਨ ਕਿ ਅਜੋਕੇ ਸਮੇਂ ਸੋਹਣੀ ਦੇ ਕਿਰਦਾਰ ਦੀ ਪ੍ਰਸੰਗਿਕਤਾ ਇਹ ਹੈ ਕਿ ਜੇ ਵਿਆਹ ਦੀ ਸੰਸਥਾ ਔਰਤ ਦੀ ਮਰਜ਼ੀ ਨਹੀਂ ਪੁੱਛਦੀ ਤਾਂ ਉਹ ਸੰਸਥਾ ਟੁੱਟੇਗੀ।

ਸਿਰਸਾ ਮੁਤਾਬਕ ਸੋਹਣੀ ਤੋਂ ਇਹ ਵੀ ਗੱਲ ਸਿੱਖਣ ਨੂੰ ਮਿਲਦੀ ਹੈ ਕਿ ਪਦਾਰਥਵਾਦ ਦੇ ਮੁਕਾਬਲੇ ਮੁਹੱਬਤ ਅਹਿਮ ਹੈ।

ਡਾਕਟਰ ਨਰਿੰਦਰ ਨਿੰਦੀ ਕਹਿੰਦੇ ਹਨ ਕਿ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਸੋਹਣੀ-ਮਹੀਂਵਾਲ ਦਾ ਜ਼ਿਕਰ ਕੀਤਾ ਹੈ।

ਨਿੰਦੀ ਕਹਿੰਦੇ ਹਨ,"ਉਹ ਲੋਕ ਬੇਸਮਝ ਹਨ ਜੋ ਇਨ੍ਹਾਂ ਨੂੰ ਹੌਲੇ ਕਿਰਦਾਰ ਸਮਝਦੇ ਹਨ, ਜਦਕਿ ਸਾਡੇ ਗੁਰੂਆਂ ਪੀਰਾਂ ਨੇ ਇਨ੍ਹਾਂ ਦੀਆਂ ਉਦਾਹਰਨਾਂ ਜ਼ਰੀਏ ਸਮਾਜ ਨੂੰ ਨਵੀਂ ਸੇਧ ਦਿੱਤੀ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)