You’re viewing a text-only version of this website that uses less data. View the main version of the website including all images and videos.
ਬਲਵੰਤ ਸਿੰਘ ਰਾਜੋਆਣਾ: ਰਹਿਮ ਦੀ ਅਪੀਲ ਵਾਪਸੀ ਨੂੰ ਲੈ ਕੇ ਕੀਤੀ ਭੁੱਖ ਹੜਤਾਲ ਖਤਮ
ਬੇਅੰਤ ਸਿੰਘ ਕਤਲ ਮਾਮਲੇ ਦੇ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਸ਼ੁੱਕਰਵਾਰ ਨੂੰ ਭੁੱਖ ਹੜਤਾਲ ਖਤਮ ਕਰ ਦਿੱਤੀ ਹੈ।
ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਗਿਆਨੀ ਸੁਲਤਾਨ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਕੇਂਦਰੀ ਜੇਲ੍ਹ ਪਟਿਆਲਾ ਵਿੱਚ ਬਲਵੰਤ ਸਿੰਘ ਰਾਜੋਆਣਾ ਨਾਲ ਮੁਲਾਕਾਤ ਕੀਤੀ ਸੀ।
ਦਰਅਸਲ, ਬਲੰਵਤ ਸਿੰਘ ਰਾਜੋਆਣਾ ਨੇ ਇੱਕ ਦਸੰਬਰ ਤੋਂ ਭੁੱਖ ਹੜਤਾਲ 'ਤੇ ਬੈਠੇ ਸਨ ਪਰ ਸ਼੍ਰੋਮਣੀ ਕਮੇਟੀ ਵੱਲੋਂ ਅਪੀਲ ਕਰਨ ਮਗਰੋਂ ਉਨ੍ਹਾਂ ਨੇ ਚਾਰ ਦਿਨਾਂ ਲਈ ਭੁੱਖ ਹੜਤਾਲ ਟਾਲ ਦਿੱਤੀ ਸੀ।
5 ਦਸੰਬਰ ਯਾਨਿ ਮੰਗਲਵਾਰ ਸਵੇਰ ਤੋਂ ਰਾਜੋਆਣਾ ਭੁੱਖ ਹੜਤਾਲ 'ਤੇ ਬੈਠ ਗਏ ਸਨ।
ਬੁੱਧਵਾਰ ਨੂੰ ਅਕਾਲ ਤਖ਼ਤ ’ਤੇ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਹੋਈ ਜਿਸ ਵਿੱਚ ਕੇਂਦਰ ਸਰਕਾਰ ਨੂੰ 31 ਦਸੰਬਰ, 2023 ਤੱਕ ਰਾਜੋਆਣਾ ਦੀ ਫ਼ਾਂਸੀ ਦੀ ਸਜ਼ਾ ਮੁਆਫ਼ ਕਰਨ ਦੇ ਮਸਲੇ ਉੱਤੇ ਫ਼ੈਸਲਾ ਲੈਣ ਲਈ ਕਿਹਾ ਗਿਆ।
ਭਾਈ ਬਲਵੰਤ ਸਿੰਘ ਰਾਜੋਆਣਾ ਨਾਲ ਮੁਲਾਕਾਤ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਕੇਂਦਰ ਸਰਕਾਰ 31 ਦਸੰਬਰ ਤੱਕ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਪਟੀਸ਼ਨ ਬਾਰੇ ਫ਼ੈਸਲਾ ਲੈਣ, "ਕੇਂਦਰ ਸਰਕਾਰ ਨੂੰ ਇਸ ਮਾਮਲੇ ਬਾਰੇ ਰਾਜਨੀਤੀ ਨਹੀਂ ਕਰਨੀ ਚਾਹੀਦੀ।"
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਵਿੱਚ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦੀ ਸਜ਼ਾ ਹੋ ਚੁੱਕੀ ਹੈ।
ਉਹ 28 ਸਾਲ ਤੋਂ ਵੱਧ ਸਮਾਂ ਜੇਲ੍ਹ ਵਿਚ ਗੁਜ਼ਾਰ ਚੁੱਕੇ ਹਨ। ਫਿਲਹਾਲ ਉਹ ਪਟਿਆਲਾ ਦੀ ਜੇਲ੍ਹ ਵਿੱਚ ਬੰਦ ਹਨ।
ਰਾਜੋਆਣਾ ਨੂੰ 31 ਮਾਰਚ 2012 ਨੂੰ ਫਾਂਸੀ ਦਿੱਤੀ ਜਾਣੀ ਸੀ ਪਰ ਮਨੁੱਖੀ ਅਧਿਕਾਰ ਤੇ ਸਿਆਸੀ ਜਥੇਬੰਦੀਆਂ ਦੇ ਵਿਰੋਧ ਕਾਰਨ ਇਹ ਅਣਮਿੱਥੇ ਸਮੇਂ ਲਈ ਟਾਲ਼ ਦਿੱਤੀ ਗਈ ਸੀ।
ਰਾਜੋਆਣਾ ਦੀ ਮੌਤ ਦੀ ਸਜ਼ਾ ਉਮਰ ਕੈਦ ਵਿਚ ਤਬਦੀਲ ਕਰਨ ਦੀ ਅਰਜ਼ੀ ਕੇਂਦਰ ਸਰਕਾਰ ਕੋਲ ਵਿਚਾਰ ਅਧੀਨ ਹੈ।
ਬਲਵੰਤ ਸਿੰਘ ਰਾਜੋਆਣਾ ਕੌਣ ਹਨ?
ਬਲਵੰਤ ਸਿੰਘ ਰਾਜੋਆਣਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਆਗੂ ਬੇਅੰਤ ਸਿੰਘ ਕਤਲ ਕੇਸ ਦੇ ਮੁੱਖ ਦੋਸ਼ੀਆਂ ਵਿਚੋਂ ਇੱਕ ਹਨ।
ਲੁਧਿਆਣਾ ਦੇ ਰਾਏਕੋਟ ਦੇ ਪਿੰਡ ਰਾਜੋਆਣਾ ਕਲਾਂ ਵਿਚ 23 ਅਗਸਤ 1967 ਵਿਚ ਜਨਮੇ ਬਲਵੰਤ ਸਿੰਘ ਪੰਜਾਬ ਪੁਲਿਸ ਵਿਚ ਸਿਪਾਹੀ ਸਨ।
ਬਲਵੰਤ ਸਿੰਘ ਰਾਜੋਆਣਾ ਵੱਲੋਂ ਅਦਾਲਤ ਵਿੱਚ ਦਿੱਤੇ ਬਿਆਨਾਂ ਮੁਤਾਬਕ, ਉਹ 1984 ਦੇ ਅਪਰੇਸ਼ਨ ਬਲੂ ਸਟਾਰ ਅਤੇ ਫਿਰ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਹੋਏ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਦੇਣ ਕਾਰਨ ਨਿਰਾਸ਼ ਹੋ ਕੇ ਖ਼ਾਲਿਸਤਾਨ ਲਹਿਰ ਵਿਚ ਸ਼ਾਮਲ ਹੋ ਗਏ ਸਨ।
ਅਦਾਲਤ ਵਿੱਚ ਦਿੱਤੇ ਹਲਫ਼ੀਆ ਬਿਆਨ ਵਿਚ ਰਾਜੋਆਣਾ ਨੇ ਸਾਫ਼ ਕਿਹਾ ਸੀ ਕਿ ਉਹ ਬੇਅੰਤ ਸਿੰਘ ਕਤਲ ਕਾਂਡ ਵਿਚ ਸ਼ਾਮਲ ਸਨ।
ਜਾਂਚ ਏਜੰਸੀਆਂ ਨੇ ਦਾਅਵਾ ਕੀਤਾ ਸੀ ਕਿ ਰਾਜੋਆਣਾ ਮਨੁੱਖੀ ਬੰਬ ਬਣੇ ਦਿਲਾਵਰ ਸਿੰਘ ਦੇ ਪਿੱਛੇ ਸਨ, ਜੇਕਰ ਉਹ ਅਸਫ਼ਲ ਹੋ ਜਾਂਦਾ ਤਾਂ ਰਾਜੋਆਣਾ ਨੇ ਮਨੁੱਖੀ ਬੰਬ ਵਜੋਂ ਹਮਲਾ ਕਰਨਾ ਸੀ।
ਭਾਵੇਂ ਕਿ ਜਾਂਚ ਏਜੰਸੀਆਂ ਦੇ ਇਸ ਦਾਅਵੇ ਨੂੰ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਰੱਦ ਕਰਦੀ ਰਹੀ ਹੈ। ਪਰ ਰਾਜੋਆਣਾ ਨੇ ਆਪਣਾ ਦੋਸ਼ ਕਬੂਲਦਿਆਂ ਕੇਸ ਦੀ ਪੈਰਵੀ ਤੋਂ ਇਨਕਾਰ ਕਰ ਦਿੱਤਾ ਸੀ।
ਰਾਜੋਆਣਾ ਦੀ ਫਾਂਸੀ ਨੂੰ ਰੁਕਵਾਉਣ ਲਈ ਸ਼੍ਰੋਮਣੀ ਕਮੇਟੀ ਨੇ ਕੇਸ ਦੀ ਪੈਰਵੀ ਕੀਤੀ ਸੀ।
ਰਾਜੋਆਣਾ ਨੂੰ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਬੇਅੰਤ ਸਿੰਘ ਮਾਮਲੇ ਵਿਚ ਇੱਕ ਅਗਸਤ 2007 ਨੂੰ ਫ਼ਾਸੀ ਦੀ ਸਜ਼ਾ ਸੁਣਾਈ ਸੀ।
ਇਸ ਤੋਂ ਬਾਅਦ ਰਾਜੋਆਣਾ ਨੇ ਹਾਈਕੋਰਟ ਵਿੱਚ ਅਪੀਲ ਕਰਨ ਤੋਂ ਇਨਕਾਰ ਇਹ ਕਹਿ ਕੇ ਕਰ ਦਿੱਤਾ ਸੀ ਕਿ ਉਨ੍ਹਾਂ ਨੂੰ ਭਾਰਤੀ ਨਿਆਂ ਪ੍ਰਣਾਲੀ ਵਿਚ ਭਰੋਸਾ ਨਹੀਂ ਹੈ।
ਰਾਜੋਆਣਾ ਨੂੰ 31 ਮਾਰਚ 2012 ਨੂੰ ਫਾਂਸੀ ਦਿੱਤੀ ਜਾਣੀ ਸੀ ਪਰ ਸ਼੍ਰੋਮਣੀ ਕਮੇਟੀ, ਅਕਾਲੀ ਦਲ, ਸਿੱਖ ਅਤੇ ਮਨੁੱਖੀ ਅਧਿਕਾਰ ਸੰਗਠਨਾਂ ਨੇ ਉਨ੍ਹਾਂ ਦੀ ਫਾਂਸੀ ਦੀ ਸਜ਼ਾ ਮਾਫ਼ ਕਰਨ ਲਈ ਤਿੱਖੀ ਮੁਹਿੰਮ ਚਲਾਈ ਸੀ।
ਭਾਵੇਂ ਅਕਾਲੀ ਦਲ ਨੂੰ ਇਸ ਮੁੱਦੇ ਉੱਤੇ ਭਾਜਪਾ ਦਾ ਇਸ ਮਾਮਲੇ ਵਿੱਚ ਸਾਥ ਨਹੀਂ ਮਿਲੀਆ ਸੀ ਪਰ ਤਤਕਾਲੀ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਗ੍ਰਹਿ ਮੰਤਰਾਲੇ ਦੀ ਸਿਫ਼ਾਰਿਸ਼ ਉੱਤੇ ਰਾਜੋਆਣਾ ਦੀ ਫਾਂਸੀ ਦੀ ਸਜ਼ਾ (28 ਮਾਰਚ 2012) ਨੂੰ ਅਣਮਿੱਥੇ ਸਮੇਂ ਲਈ ਟਾਲ ਦਿੱਤੀ ਸੀ।
ਕੇਂਦਰ ਸਰਕਾਰ ਨੂੰ ਅਲਟੀਮੇਟਮ
ਬੰਦੀ ਸਿੱਖਾਂ ਦੀ ਰਿਹਾਈ ਸਬੰਧੀ ਅਕਾਲ ਤਖ਼ਤ ਸ਼੍ਰੀ ਹਰਮਿੰਦਰ ਸਾਹਿਬ ਵਿਖੇ ਪੰਜ ਤਖ਼ਤਾਂ ਦੇ ਜਥੇਦਾਰਾਂ ਦੀ ਮੀਟਿੰਗ ਬੁੱਧਵਾਰ ਨੂੰ ਹੋਈ, ਜਿਸ ਦੀ ਪ੍ਰਧਾਨਗੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਕੀਤੀ।
ਰਘਬੀਰ ਸਿੰਘ ਨੇ ਮੀਟਿੰਗ ਵਿੱਚ ਪਾਏ ਗਏ ਮਤਿਆਂ ਬਾਰੇ ਦੱਸਦਿਆਂ ਕਿਹਾ ਕਿ,“ਬੰਦੀ ਸਿੱਖਾਂ ਦੀ ਰਿਹਾਈ ਯਕੀਨੀ ਬਣਾਉਣ ਅਤੇ ਇਸ ਸਬੰਧੀ ਪ੍ਰਧਾਨ ਮੰਤਰੀ ਵਲੋਂ ਜਾਰੀ ਕੀਤੀ ਗਈ ਨੋਟੀਫ਼ੀਕੇਸ਼ਨ ਨੂੰ ਲਾਗੂ ਕਰਵਾਉਣ ਲਈ ਇੱਕ ਉੱਚ ਪੱਧਰੀ ਵਫ਼ਦ ਦਾ ਗਠਨ ਕੀਤਾ ਗਿਆ ਹੈ।”
“ਇਸ ਕਮੇਟੀ ਵਿੱਚ ਐੱਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਡੀਐੱਸਜੀਪੀਸੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਸਮੇਤ ਪੰਜ ਮੈਂਬਰ ਸ਼ਾਮਲ ਹਨ।”
“ਜੇ ਕੇਂਦਰ ਸਰਕਾਰ 31 ਦਸੰਬਰ, 2023 ਤੱਕ ਬਲਵੰਤ ਸਿੰਘ ਰਾਜੋਆਣਾ ਦੀ ਫ਼ਾਂਸੀ ਦੀ ਸਜ਼ਾ ਮੁਆਫ਼ ਨਹੀਂ ਕਰਦੀ ਤਾਂ ਸ਼੍ਰੋਮਣੀ ਕਮੇਟੀ ਰਾਜੋਆਣਾ ਵਲੋਂ ਸਮੇਂ-ਸਮੇਂ ਭੇਜੀਆਂ ਗਈਆਂ ਚਿੱਠੀਆਂ ਦੇ ਆਧਾਰ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਆਪਣੀ ਪਾਈ ਹੋਈ ਅਪੀਲ ’ਤੇ ਵਿਚਾਰ ਕਰੇ।”
ਉਨ੍ਹਾਂ ਕਿਹਾ,“ਭਾਈ ਬਲਵੰਤ ਸਿੰਘ ਰਾਜੋਆਣਾ ਕੌਮ ਦੇ ਜ਼ਿੰਦਾ ਸ਼ਹੀਦ ਹਨ, ਜਿਨ੍ਹਾਂ ਨੇ ਬਹਾਦਰੀ, ਦ੍ਰਿੜਤਾ, ਸੂਰਬੀਰਤਾ ਅਤੇ ਨਿਡਰਤਾ ਨਾਲ ਸਰਕਾਰਾਂ ਵੱਲੋਂ ਸਿੱਖਾਂ ਨਾਲ ਕੀਤੇ ਜਬਰ-ਜ਼ੁਲਮ ਅਤੇ ਅੱਤਿਆਚਾਰ ਨੂੰ ਝੱਲਦਿਆਂ ਬਹੁਤ ਵੱਡੀ ਕੁਰਬਾਨੀ ਕੀਤੀ ਹੈ ਅਤੇ ਕੌਮ ਨੂੰ ਇਨ੍ਹਾਂ ’ਤੇ ਮਾਣ ਹੈ।”
ਉਨ੍ਹਾਂ ਕਿਹਾ ਪੰਜ ਸਿੰਘ ਸਹਿਬਾਨਾਂ ਵਲੋਂ ਬਲਵੰਤ ਸਿੰਘ ਰਾਜੋਆਣਾ ਨੂੰ ਹੁਕਮ ਹੈ ਕਿ ਉਹ ਤੁਰੰਤ ਭੁੱਖ ਹੜਤਾਲ ਵਾਪਸ ਲੈਣ ਅਤੇ ਆਪਣੀ ਸਿਹਤ ਦਾ ਖਿਆਲ ਰੱਖਣ।
ਰਿਹਾਈ ਲਈ ਉੱਠਦੀ ਰਹੀ ਹੈ ਸਿਆਸੀ ਮੰਗ
ਬੀਬੀਸੀ ਪੱਤਰਾਕਰ ਖੁਸ਼ਹਾਲ ਲਾਲੀ ਦੀ ਰਿਪੋਰਟ ਮੁਤਾਬਕ 2019 ਵਿਚ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਮੌਕੇ ਕੇਂਦਰ ਸਰਕਾਰ ਨੇ 8 ਸਿੱਖ ਕੈਦੀਆਂ ਨੂੰ ਰਿਹਾਅ ਕਰਨ ਦਾ ਹੁਕਮ ਦਿੱਤਾ ਸੀ।
ਇਸ ਦੇ ਨਾਲ ਹੀ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਮਾਫ਼ ਕਰਕੇ ਉਮਰ ਕੈਦ ਵਿਚ ਬਦਲਣ ਦੇ ਹੁਕਮ ਦਿੱਤੇ ਸਨ।
ਉਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਟਵੀਟ ਕਰਕੇ ਰਿਹਾਈ ਤੇ ਸਜ਼ਾ ਮਾਫ਼ੀ ਦਾ ਸਵਾਗਤ ਕੀਤਾ ਸੀ।
ਬੇਅੰਤ ਸਿੰਘ ਦੇ ਪੋਤਰੇ ਤੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਰਾਜੋਆਣਾ ਨੂੰ ਮਾਫ਼ੀ ਦੇਣ ਦਾ ਵਿਰੋਧ ਕੀਤਾ ਸੀ।
ਅਪ੍ਰੈਲ 2022 ਦੇ ਸ਼ੁਰੂਆਤੀ ਦਿਨਾਂ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਕੇ ਬਲਵੰਤ ਸਿੰਘ ਰਾਜੋਆਣਾ ਨੂੰ ਜੇਲ੍ਹ ਤੋਂ ਰਿਹਾਅ ਕਰਵਾਉਣ ਦੀ ਮੰਗ ਕੀਤੀ ਸੀ।
ਉਸ ਵੇਲੇ ਸੁਖਬੀਰ ਬਾਦਲ ਦੀ ਦਲੀਲ ਸੀ ਕਿ ਰਾਜੋਆਣਾ ਦੀ ਫਾਂਸੀ ਕੇਂਦਰ ਸਰਕਾਰ ਨੇ ਉਮਰ ਕੈਦ ਵਿਚ ਬਦਲ ਦਿੱਤੀ ਸੀ ਅਤੇ ਬਲਵੰਤ ਸਿੰਘ ਰਾਜੋਆਣਾ 26 ਸਾਲ ਜੇਲ੍ਹ ਵਿਚ ਗੁਜ਼ਾਰ ਚੁੱਕੇ ਹਨ , ਜੋ ਉਮਰ ਕੈਦ ਤੋਂ ਵੱਧ ਹੈ। ਇਸ ਲਈ ਉਨ੍ਹਾਂ ਨੂੰ ਰਿਹਾਅ ਕੀਤਾ ਜਾਣਾ ਚਾਹੀਦਾ ਹੈ।
ਸੁਪਰੀਮ ਕੋਰਟ ਦੀ ਕੇਂਦਰ ਨੂੰ ਝਾੜ
ਸਾਲ 2022 ਨੂੰ ਸੁਪਰੀਮ ਕੋਰਟ ਨੇ ਭਾਰਤ ਦੀ ਕੇਂਦਰ ਸਰਕਾਰ ਨੂੰ ਰਾਜੋਆਣਾ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿਚ ਬਦਲਣ ਦੀ ਅਰਜ਼ੀ ਉੱਤੇ ਤੁਰੰਤ ਕਾਰਵਾਈ ਕਰਨ ਲਈ ਕਿਹਾ ਹੈ।
ਬੈਂਚ ਨੇ ਆਪਣੇ ਹੁਕਮ ਵਿਚ ਕਿਹਾ ਸੀ, "ਇਸ ਮਾਮਲੇ ਵਿਚ ਜੋ ਵੀ ਤੁਸੀਂ ਫ਼ੈਸਲਾ ਲੈਣਾ ਹੈ ਉਹ ਤੁਰੰਤ ਲਵੋ।"
ਰਾਜੋਆਣਾ ਨੇ 2020 ਵਿਚ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਇਸ ਵਿਚ 2019 ਵਿੱਚ ਕੇਂਦਰ ਸਰਕਾਰ ਵਲੋਂ ਉਨ੍ਹਾਂ ਦੀ ਮੌਤ ਦੀ ਸਜ਼ਾ ਉਮਰ ਕੈਦ ਵਿੱਚ ਤਬਦੀਲ ਕਰਨ ਦੇ ਐਲਾਨ ਨੂੰ ਅਧਾਰ ਬਣਾਇਆ ਗਿਆ ਸੀ।
ਦਰਅਸਲ 2019 ਵਿਚ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਮੌਕੇ ਨਰਿੰਦਰ ਮੋਦੀ ਸਰਕਾਰ ਨੇ ਰਾਜੋਆਣਾ ਦੀ ਸਜ਼ਾ ਨੂੰ ਉਮਰ ਕੈਦ ਵਿਚ ਤਬਦੀਲ ਕਰਨ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਨਾਲ 8 ਹੋਰ ਸਿੱਖ ਕੈਦੀਆਂ ਦੀਆਂ ਸਜਾਵਾਂ ਮਾਫ਼ ਕਰਨ ਦਾ ਐਲਾਨ ਕੀਤਾ ਗਿਆ ਸੀ।
ਰਾਜੋਆਣਾ ਨੇ ਆਪਣੀ ਪਟੀਸ਼ਨ ਵਿਚ ਕੇਂਦਰ ਸਰਕਾਰ ਦੇ ਇਸ ਹੁਕਮ ਨੂੰ ਅਮਲੀ ਜਾਮਾ ਪਹਿਨਾਉਣ ਦੀ ਮੰਗ ਕੀਤੀ ਹੈ।
ਬਲਵੰਤ ਰਾਜੋਆਣਾ ਕਦੋਂ-ਕਦੋਂ ਚਰਚਾ ਵਿਚ ਆਏ
ਬੇਅੰਤ ਸਿੰਘ ਕਤਲ ਕੇਸ ਦੀ ਸੁਣਵਾਈ, ਸਜਾਵਾਂ ਅਤੇ ਰਿਹਾਈ ਲ਼ਈ ਮੰਗ ਕਾਰਨ ਬਲਵੰਤ ਸਿੰਘ ਰਾਜੋਆਣਾ ਸਮੇਂ-ਸਮੇਂ ਉੱਤੇ ਚਰਚਾ ਵਿਚ ਆਉਂਦੇ ਰਹੇ ਹਨ, ਆਓ ਜਾਣਦੇ ਹਾਂ ਕਿ ਉਹ ਕਦੋਂ ਕਦੋਂ ਮੀਡੀਆ ਤੇ ਸਿਆਸੀ ਹਲਕਿਆਂ ਵਿਚ ਚਰਚਾ ਵਿਚ ਰਹੇ ਹਨ।
ਬੇਅੰਤ ਸਿੰਘ ਦਾ ਕਤਲ
31 ਅਗਸਤ 1995: ਬਲਵੰਤ ਸਿੰਘ ਰਾਜੋਆਣਾ ਦੇ ਅਦਾਲਤ ’ਚ ਬਿਆਨ ਮੁਤਾਬਕ ਉਨ੍ਹਾਂ ਅਤੇ ਪੰਜਾਬ ਪੁਲਿਸ ਦੇ ਐੱਸਪੀਓ ਦਿਲਾਵਰ ਸਿੰਘ ਨੇ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਬੰਬ ਧਮਾਕੇ ਵਿਚ ਕਤਲ ਕਰ ਦਿੱਤਾ ਸੀ। ਦਿਲਾਵਰ ਸਿੰਘ ਨੇ ਮਨੁੱਖੀ ਬੰਬ ਬਣ ਕੇ ਹਮਲਾ ਕੀਤਾ ਤੇ ਰਾਜੋਆਣਾ ਉਸ ਦੇ ਪਿੱਛੇ ਸੀ। ਜੇਕਰ ਦਿਲਾਵਰ ਨਾਕਾਮ ਹੋ ਜਾਂਦਾ ਤਾਂ ਰਾਜੋਆਣਾ ਨੇ ਹਮਲਾ ਕਰਨਾ ਸੀ।
ਫਾਂਸੀ ਦੀ ਸਜ਼ਾ
1 ਅਗਸਤ 2007: ਰਾਜੋਆਣਾ ਨੂੰ ਸੀਬੀਆਈ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ।
ਰਾਜੋਆਣਾ ਨੇ ਹਾਈ ਕੋਰਟ ਵਿੱਚ ਅਪੀਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ, ਇਹ ਕਹਿ ਕੇ ਕਿ ਉਨ੍ਹਾਂ ਨੂੰ ਭਾਰਤੀ ਨਿਆਂ ਪ੍ਰਣਾਲੀ ਵਿਚ ਭਰੋਸਾ ਨਹੀਂ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਨ੍ਹਾਂ ਦੇ ਕੇਸ ਦੀ ਉੱਚ ਅਦਾਲਤ ਵਿਚ ਪੈਰਵੀ ਕੀਤੀ।
ਸਜ਼ਾ ਟਾਲੀ ਗਈ
28 ਮਾਰਚ 2012: ਰਾਜੋਆਣਾ ਨੂੰ 31 ਮਾਰਚ 2012 ਨੂੰ ਫਾਸੀ ਦਿੱਤੀ ਜਾਣੀ ਸੀ ਪਰ ਸ਼੍ਰੋਮਣੀ ਕਮੇਟੀ, ਅਕਾਲੀ ਦਲ, ਸਿੱਖ ਅਤੇ ਮਨੁੱਖੀ ਅਧਿਕਾਰ ਸੰਗਠਨਾਂ ਨੇ ਦੀ ਫਾਂਸੀ ਦੀ ਸਜ਼ਾ ਮਾਫ਼ ਕਰਨ ਲਈ ਤਿੱਖੀ ਮੁਹਿੰਮ ਚਲਾਈ ਸੀ।
ਪੂਰੇ ਪੰਜਾਬ ਵਿਚ ਫਾਂਸੀ ਰੁਕਵਾਉਣ ਲਈ ਰੋਸ ਮੁਜ਼ਾਹਰੇ ਕੀਤੇ ਗਏ, ਲੋਕਾਂ ਨੇ ਘਰ-ਘਰ ਕੇਸਰੀ ਝੰਡੀਆਂ ਲਗਾ ਕੇ ਰਾਜੋਆਣਾ ਨੂੰ ਫਾਂਸੀ ਦੇਣ ਦਾ ਵਿਰੋਧ ਕੀਤਾ।
ਭਾਵੇਂ ਅਕਾਲੀ ਦਲ ਨੂੰ ਇਸ ਮੁੱਦੇ ਉੱਤੇ ਭਾਜਪਾ ਦਾ ਇਸ ਮਾਮਲੇ ਵਿੱਚ ਸਾਥ ਨਹੀਂ ਮਿਲੀਆ ਸੀ ਪਰ ਤਤਕਾਲੀ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਗ੍ਰਹਿ ਮੰਤਰਾਲੇ ਦੀ ਸਿਫ਼ਾਰਿਸ਼ ਉੱਤੇ ਰਾਜੋਆਣਾ ਦੀ ਫਾਂਸੀ ਦੀ ਸਜ਼ਾ 28 ਮਾਰਚ 2012 ਨੂੰ ਅਣਮਿੱਥੇ ਸਮੇਂ ਲਈ ਟਾਲ ਦਿੱਤੀ ਸੀ।
ਜ਼ਿੰਦਾ ‘ਸ਼ਹੀਦ’ ਦਾ ਦਰਜਾ
23 ਮਾਰਚ 2012: ਅਕਾਲ ਤਖ਼ਤ ਵਲੋਂ ਬਲਵੰਤ ਸਿੰਘ ਰਾਜੋਆਣਾ ਨੂੰ ‘ਜ਼ਿੰਦਾ ਸ਼ਹੀਦ’ ਦਾ ਸਨਮਾਨ ਦਿੱਤਾ ਗਿਆ, ਜਿਸ ਨੂੰ ਲੈਣ ਤੋਂ ਉਨ੍ਹਾਂ ਨੇ ਇਨਕਾਰ ਕਰ ਦਿੱਤਾ ਪਰ ਬਾਅਦ ’ਚ 27 ਮਾਰਚ ਨੂੰ ਉਨ੍ਹਾਂ ਨੇ ਇਹ ਦਰਜਾ ਸਵੀਕਾਰ ਕਰ ਲਿਆ।
ਰਾਜੋਆਣਾ ਨੇ ਕਿਹਾ ਸੀ ਇਹ ਸਨਮਾਨ ਉਨ੍ਹਾਂ ਨੂੰ ਆਪਣੇ ਟੀਚੇ ਲਈ ਹੋਰ ਮਜ਼ਬੂਤ ਬਣਾਵੇਗਾ।
ਰਾਜੋਆਣਾ ਦੇ ਨਾਲ ਹੀ ਦਿਲਾਵਰ ਸਿੰਘ ਨੂੰ ਵੀ ‘ਜ਼ਿੰਦਾ ਸ਼ਹੀਦ’ ਐਲਾਨਿਆ ਸੀ।
ਇਸ ਦਾ ਬੇਅੰਤ ਸਿੰਘ ਦੇ ਪੋਤਰੇ ਤੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਵਿਰੋਧ ਵੀ ਕੀਤਾ ਸੀ।
ਫਾਂਸੀ ਮਾਫ਼ੀ ਦੀ ਅਰਜ਼ੀ
20 ਜੁਲਾਈ 2018: ਪਟਿਆਲਾ ਜੇਲ੍ਹ ਵਿਚ ਬੰਦ ਰਾਜੋਆਣਾ ਨੇ ਸ਼੍ਰੋਮਣੀ ਕਮੇਟੀ ਨੂੰ ਕਿਹਾ ਕਿ ਜੇਕਰ ਉਨ੍ਹਾਂ ਦੀ ਫਾਂਸੀ ਮਾਫ਼ੀ ਦੀ ਅਰਜ਼ੀ ’ਤੇ ਸੁਣਵਾਈ ਨਹੀਂ ਹੋ ਰਹੀ ਤਾਂ ਉਹ ਵਾਪਸ ਕਿਉਂ ਨਹੀਂ ਲੈਂਦੀ।
ਅਰਜ਼ੀ ਵਾਪਸ ਕਰਵਾਉਣ ਲਈ ਵੀ ਰਾਜੋਆਣਾ ਨੇ ਜੇਲ੍ਹ ਵਿਚ ਭੁੱਖ ਹੜਤਾਲ ਕੀਤੀ। ਪਰ ਜਦੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਰਾਜੋਆਣਾ ਨਾਲ ਜੇਲ੍ਹ ਵਿਚ ਮੁਲਾਕਾਤ ਕੀਤੀ ਤਾਂ ਉਨ੍ਹਾਂ ਨੇ ਭੁੱਖ ਹੜਤਾਲ ਖ਼ਤਮ ਕੀਤੀ।
ਕੰਵਰ ਸੰਧੂ 'ਤੇ ਹਮਲਾ
ਰਾਜੋਆਣਾ ਨੇ ਉਨ੍ਹਾਂ ਨੂੰ ਜੇਲ੍ਹ ਵਿਚ ਇੰਟਰਵਿਊ ਕਰਨ ਆਏ ਸੀਨੀਅਰ ਪੱਤਰਕਾਰ ਤੇ ਮੌਜੂਦਾ ਆਪ ਵਿਧਾਇਕ ਕੰਵਰ ਸੰਧੂ ਉੱਤੇ ਹਮਲਾ ਕਰ ਦਿੱਤਾ ਸੀ।
ਕੰਵਰ ਸੰਧੂ ਨੇ ਪੰਜਾਬ ਪੁਲਿਸ ਦੇ ਇੱਕ ਵਿਵਾਦਤ ਅਧਿਕਾਰੀ ਗੁਰਮੀਤ ਸਿੰਘ ਪਿੰਕੀ ਦੀ ਇੰਟਰਵਿਊ ਕੀਤੀ ਸੀ। ਜਿਸ ਬਾਰੇ ਰਾਜੋਆਣਾ ਦਾ ਕਹਿਣਾ ਸੀ ਕਿ ਇਸ ਮੁਲਾਕਾਤ ਵਿਚ ਗ਼ਲਤ ਤੱਥ ਪੇਸ਼ ਕੀਤੇ ਗਏ ਸਨ।
ਰਾਜੋਆਣਾ ਦਾ ਪੱਖ ਲੈਣ ਲਈ ਗੁਰਮੀਤ ਪਿੰਕੀ ਨਾਲ ਜਦੋਂ ਕੰਵਰ ਸੰਧੂ ਜੇਲ੍ਹ ਵਿਚ ਗਏ ਤਾਂ ਉਨ੍ਹਾਂ ਉੱਤੇ ਰਾਜੋਆਣਾ ਨੇ ਹਮਲਾ ਕਰ ਦਿੱਤਾ। ਇਸ ਮਾਮਲੇ ਵਿਚ ਦੋ ਜੇਲ੍ਹ ਅਧਿਕਾਰੀਆਂ ਨੂੰ ਮੁੱਅਤਲ ਵੀ ਕੀਤਾ ਗਿਆ ਸੀ।