You’re viewing a text-only version of this website that uses less data. View the main version of the website including all images and videos.
ਅਮਰੀਕਾ ਦੇ ਲੂਇਸਟਨ ਸ਼ਹਿਰ 'ਚ ਗੋਲੀਬਾਰੀ 'ਚ 15 ਤੋਂ ਵੱਧ ਮੌਤਾਂ, ਕੌਣ ਹੈ ਫਰਾਰ ਹਮਲਾਵਰ
ਅਮਰੀਕੀ ਸੂਬੇ ਮੇਨੇ ਦੇ ਲੂਇਸਟਨ ਸ਼ਹਿਰ 'ਚ ਹੋਈ ਗੋਲੀਬਾਰੀ 'ਚ ਘੱਟੋ-ਘੱਟ 16 ਲੋਕ ਮਾਰੇ ਗਏ ਹਨ।
ਪੁਲਿਸ ਨੇ ਸ਼ਹਿਰ ਦੇ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਇੱਕ ਬੰਦੂਕਧਾਰੀ ਖੁੱਲ੍ਹਾ ਘੁੰਮ ਰਿਹਾ ਹੈ।
ਪੁਲਿਸ ਨੇ ਲੋਕਾਂ ਨੂੰ ਉਹ ਜਿੱਥੇ ਹਨ ਉੱਥੇ ਹੀ ਰਹਿਣ ਦੀ ਅਪੀਲ ਕੀਤੀ ਹੈ ਅਤੇ ਸਾਵਧਾਨ ਰਹਿਣ ਲਈ ਕਿਹਾ ਹੈ।
ਪੁਲਿਸ ਦਾ ਕਹਿਣਾ ਹੈ ਕਿ ਉਹ ਹਮਲਿਆਂ ਦੀ ਜਾਂਚ ਕਰ ਰਹੇ ਹਨ, ਜੋ "ਕਈ ਥਾਵਾਂ" 'ਤੇ ਹੋਏ ਸਨ ਅਤੇ ਉਨ੍ਹਾਂ ਨੇ ਸ਼ੱਕੀ ਦੀ ਇੱਕ ਫੋਟੋ ਵੀ ਜਾਰੀ ਕੀਤੀ ਹੈ।
ਵ੍ਹਾਈਟ ਹਾਊਸ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਜੋਅ ਬਾਇਡਨ ਨੂੰ ਇਸ ਘਟਨਾ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ।
ਐਕਸ ਉੱਤੇ ਇਲਾਕੇ ਦੇ ਪੁਲਿਸ ਨੇ ਲਿਖਿਆ ਹੈ, ‘ਇਲਾਕੇ ਵਿੱਚ ਐਕਟਿਵ ਸ਼ੂਟਰ ਘੁੰਮ ਰਿਹਾ ਹੈ'।
ਇਸ ਦੇ ਨਾਲ ਹੀ, ਘੱਟੋ-ਘੱਟ 50 ਲੋਕਾਂ ਦੇ ਜ਼ਖਮੀ ਹੋਣ ਦੀਆਂ ਕਈ ਪਰ ਰਿਪੋਰਟਾਂ ਵੀ ਹਨ, ਹਾਲਾਂਕਿ ਉਨ੍ਹਾਂ ਦੀ ਪੁਸ਼ਟੀ ਨਹੀਂ ਹੋ ਸਕੀ ਹੈ।
ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਇੱਕ ਬਿਆਨ ਵਿੱਚ, ਮੇਨੇ ਸਟੇਟ ਪੁਲਿਸ ਨੇ ਕਿਹਾ, "ਲੂਇਸਟਨ ਵਿੱਚ ਇੱਕ ਐਕਟਿਵ ਹਮਲਾਵਰ ਘੁੰਮ ਰਿਹਾ ਹੈ।''
"ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਜਿੱਥੇ ਹਨ, ਉੱਥੇ ਹੀ ਰਹਿਣ ਰਹਿਣ। ਕਿਰਪਾ ਕਰਕੇ ਦਰਵਾਜ਼ੇ ਬੰਦ ਕਰਕੇ ਆਪਣੇ ਘਰਾਂ ਅੰਦਰ ਹੀ ਰਹੋ।"
ਹਮਲਾਵਰ ਅਤੇ ਹਮਲੇ ਬਾਰੇ ਕੀ ਪਤਾ ਹੈ
ਐਂਡਰੋਸਕੌਗਿਨ ਕਾਉਂਟੀ ਸ਼ੈਰਿਫ ਦੇ ਦਫਤਰ ਨੇ ਇੱਕ ਸ਼ੱਕੀ ਵਿਅਕਤੀ ਦੀਆਂ ਦੋ ਤਸਵੀਰਾਂ ਜਾਰੀ ਕੀਤੀਆਂ, ਜਿਸ ਦੇ ਨਾਲ ਕਿਹਾ ਗਿਆ ਹੈ ਕਿ ਉਹ ਫਰਾਰ ਹੈ ਅਤੇ ਉਸ ਦੀ ਪਛਾਣ ਕਰਨ ਲਈ ਜਨਤਾ ਦੀ ਮਦਦ ਮੰਗੀ ਜਾ ਰਹੀ ਹੈ।
ਉਨ੍ਹਾਂ ਨੇ ਭੂਰੇ ਰੰਗ ਦਾ ਕੋਟ ਪਹਿਨੇ ਇੱਕ ਦਾੜ੍ਹੀ ਵਾਲੇ ਵਿਅਕਤੀ ਨੂੰ ਇੱਕ ਇਮਾਰਤ ਵਿੱਚ ਹਥਿਆਰ ਲੈ ਕੇ ਜਾਂਦੇ ਹੋਏ ਦਿਖਾਇਆ ਹੈ।
ਪੁਲਿਸ ਨੇ ਹਮਲਾਵਰ ਦਾ ਨਾਮ ਰੌਬਰਟ ਕਾਰਡ ਦੱਸਿਆ ਹੈ ਅਤੇ ਉਸ ਦੀ ਉਮਰ ਲਗਭਗ 40 ਸਾਲ ਦੱਸੀ ਜਾ ਰਹੀ ਹੈ।
ਪੁਲਿਸ ਮੁਤਾਬਕ, ਉਸ ਨੂੰ "ਹਥਿਆਰਬੰਦ ਅਤੇ ਖਤਰਨਾਕ" ਮੰਨਿਆ ਜਾਣਾ ਚਾਹੀਦਾ ਹੈ।
ਪੱਤਰਕਾਰਾਂ ਨਾਲ ਗੱਲ ਕਰਦੇ ਹੋਏ, ਮੇਨੇ ਦੇ ਪਬਲਿਕ ਸੇਫਟੀ ਵਿਭਾਗ ਦੇ ਕਮਿਸ਼ਨਰ ਮਾਈਕਲ ਸੌਸਕ ਨੇ ਕਿਹਾ ਕਿ ਗੋਲੀਬਾਰੀ ਸਥਾਨਕ ਸਮੇਂ ਅਨੁਸਾਰ 18:56 'ਤੇ ਸ਼ੁਰੂ ਹੋਈ ਸੀ ਅਤੇ ਇਸ ਵਿੱਚ "ਬਹੁਤ ਸਾਰਾ ਜਾਨੀ ਨੁਕਸਾਨ" ਹੋਇਆ ਹੈ।
ਐਸੋਸੀਏਟਡ ਪ੍ਰੈੱਸ ਦੁਆਰਾ ਦੇਖੇ ਗਏ ਸਟੇਟ ਪੁਲਿਸ ਦੇ ਬੁਲੇਟਿਨ ਦੇ ਅਨੁਸਾਰ, ਹਮਲਾਵਰ ਵਜੋਂ ਪਛਾਣਿਆ ਗਿਆ ਵਿਅਕਤੀ ਹਥਿਆਰਾਂ ਦਾ ਇੰਸਟ੍ਰਕਟਰ ਹੈ ਜਿਸ ਨੂੰ ਸਾਕੋ, ਮੇਨੇ ਵਿੱਚ ਯੂਐਸ ਫੌਜ ਦੀ ਇਕਾਈ ਦੁਆਰਾ ਸਿਖਲਾਈ ਦਿੱਤੀ ਗਈ ਸੀ।
ਬੁਲੇਟਿਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਉਸਨੇ 2023 ਦੀਆਂ ਗਰਮੀਆਂ ਵਿੱਚ ਇੱਕ ਮਾਨਸਿਕ ਸਿਹਤ ਕੇਂਦਰ ਵਿੱਚ ਸਮਾਂ ਬਿਤਾਇਆ ਸੀ ਅਤੇ ਬੇਸ 'ਤੇ ਗੋਲੀਬਾਰੀ ਕਰਨ ਦੀ ਧਮਕੀ ਵੀ ਦਿੱਤੀ ਸੀ।
'ਇਹ ਸਭ ਬਹੁਤ ਭਿਆਨਕ ਹੈ'
ਬਿਲੀ ਜੇਨ ਕੁੱਕ, ਜੋ ਲੂਇਸਟਨ ਵਿੱਚ ਸਿਟੀ ਕੌਂਸਲ ਦੀ ਚੋਣ ਲੜ ਰਹੇ ਹਨ, ਨੇ ਬੀਬੀਸੀ ਨਿਊਜ਼ ਚੈਨਲ ਨੂੰ ਦੱਸਿਆ ਕਿ ਉਹ ਇੱਕ ਪ੍ਰੋਗਰਾਮ ਤੋਂ ਵਾਪਸ ਆ ਰਹੇ ਸਨ ਜਦੋਂ ਗੋਲੀਬਾਰੀ ਦੀ ਜਾਣਕਾਰੀ ਮਿਲੀ।
ਉਨ੍ਹਾਂ ਕਿਹਾ, "ਘਰ ਪਰਤਦੇ ਸਮੇਂ ਪੂਰਾ ਸਮਾਂ, ਇੱਕ ਤੋਂ ਬਾਅਦ ਇੱਕ ਸਾਇਰਨ ਦੀਆਂ ਆਵਾਜ਼ਾਂ ਆ ਰਹੀਆਂ ਸਨ।''
"ਹੈਲੀਕਾਪਟਰ, ਸਾਇਰਨ, ਮੈਂ ਇਸ ਸ਼ਹਿਰ ਵਿੱਚ ਆਪਣੀ ਜ਼ਿੰਦਗੀ ਵਿੱਚ ਇੰਨੀ ਹਲਚਲ ਕਦੇ ਨਹੀਂ ਦੇਖੀ। ਇੱਥੇ ਸਾਰੇ ਸੂਬੇ ਤੋਂ, ਸੂਬੇ ਦੇ ਬਾਹਰੋਂ, ਪੁਲਿਸ ਆ ਰਹੀ ਹੈ।
"ਪੂਰੇ ਸ਼ਹਿਰ 'ਚ ਲਾਕਡਾਊਨ ਲੱਗਾ ਹੈ। ਇਹ ਸਭ ਬਹੁਤ ਭਿਆਨਕ ਹੈ। ਤੁਸੀਂ ਸੋਚਦੇ ਵੀ ਨਹੀਂ ਕਿ ਅਜਿਹਾ ਵੀ ਹੋ ਸਕਦਾ ਹੈ ਅਤੇ ਇਹ ਹੋ ਗਿਆ।''
ਇਹ ਵੀ ਪੜ੍ਹੋ:-
ਪੁਲਿਸ ਨੇ ਵਾਹਨ ਦੀ ਫੋਟੋ ਕੀਤੀ ਜਾਰੀ
ਲੂਇਸਟਨ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਦੋ ਥਾਵਾਂ, ਇੱਕ ਰੈਸਟੋਰੈਂਟ ਜਿਸ ਨੂੰ ਸ਼ੇਮੇਂਗੀਜ਼ ਕਿਹਾ ਜਾਂਦਾ ਹੈ ਅਤੇ ਸਪੇਅਰਟਾਈਮ ਰੀਕ੍ਰੀਏਸ਼ਨ 'ਤੇ ਹਮਲੇ ਦੀ ਜਾਣਕਾਰੀ ਮਿਲੀ ਸੀ, ਜਿੱਥੇ ਉਹ ਪਹੁੰਚ ਵੀ ਗਏ ਸਨ।
ਦੋਵੇਂ ਸਥਾਨ ਇੱਕ ਦੂਜੇ ਤੋਂ ਲਗਭਗ ਚਾਰ ਮੀਲ (6.5 ਕਿਲੋਮੀਟਰ) ਜਾਂ 10-ਮਿੰਟ ਦੀ ਦੂਰੀ 'ਤੇ ਹਨ।
ਸੈਂਟਰਲ ਮੇਨੇ ਮੈਡੀਕਲ ਸੈਂਟਰ ਨੇ ਕਿਹਾ ਕਿ ਉਹ "ਗੋਲੀਬਾਰੀ ਦੀ ਵੱਡੀ ਘਟਨਾ ਅਤੇ ਨੁਕਸਾਨ" ਨੂੰ ਮੱਦੇਨਜ਼ਰ ਰੱਖਦੇ ਹੋਏ ਤਿਆਰ ਹਨ ਅਤੇ ਜ਼ਖਮੀਆਂ ਦੇ ਇਲਾਜ ਲਈ ਖੇਤਰ ਦੇ ਹੋਰ ਹਸਪਤਾਲਾਂ ਨਾਲ ਤਾਲਮੇਲ ਕਰ ਰਹੇ ਹਨ।
ਪੁਲਿਸ ਨੇ ਇੱਕ ਚਿੱਟੇ ਵਾਹਨ ਦੀ ਇੱਕ ਫੋਟੋ ਵੀ ਸਾਂਝੀ ਕੀਤੀ ਅਤੇ ਕਿਹਾ ਕਿ ਇਸ ਦੇ ਸ਼ਾਇਦ ਅਗਲੇ ਬੰਪਰ ਨੂੰ ਕਾਲੇ ਰੰਗ ਦਾ ਪੇਂਟ ਕੀਤਾ ਗਿਆ ਸੀ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਵੀ ਵਿਅਕਤੀ ਨੇ ਇਸ ਨੂੰ ਦੇਖਿਆ ਹੈ ਤਾਂ ਪੁਲਿਸ ਨਾਲ ਸੰਪਰਕ ਕਰਨ।
ਲੂਇਸਟਨ ਪਬਲਿਕ ਸਕੂਲਾਂ ਦੇ ਸੁਪਰੀਟੈਂਡੈਂਟ ਜੇਕ ਲੈਂਗਲਾਈਸ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਜ਼ਿਲ੍ਹੇ ਦੇ ਸਾਰੇ ਸਕੂਲ ਵੀਰਵਾਰ ਨੂੰ ਬੰਦ ਰਹਿਣਗੇ।
ਡਿਪਾਰਟਮੈਂਟ ਆਫ ਹੋਮਲੈਂਡ ਸਕਿਓਰਿਟੀ (ਡੀਐਚਐਸ) ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਸਕੱਤਰ ਅਲੇਜੈਂਡਰੋ ਮਯੋਰਕਾਸ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ ਹੈ ਅਤੇ ਉਹ ਸਥਿਤੀ 'ਤੇ ਨਜ਼ਰ ਬਣਾਏ ਹੋਏ ਹਨ।
ਅਮਰੀਕੀ ਨਿਆਂ ਵਿਭਾਗ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਸੰਘੀ ਏਜੰਸੀਆਂ ਸੂਬੇ ਅਤੇ ਸਥਾਨਕ ਪੱਧਰ 'ਤੇ ਕਾਨੂੰਨ ਵਿਵਸਥਾ ਬਣਾਏ ਰੱਖਣ ਵਿੱਚ ਸਹਾਇਤਾ ਕਰ ਰਹੀਆਂ ਹਨ।
ਲੂਇਸਟਨ ਵਿੱਚ ਲਗਭਗ 38,000 ਲੋਕ ਰਹਿੰਦੇ ਹਨ ਅਤੇ ਇਹ ਸ਼ਹਿਰ ਪੋਰਟਲੈਂਡ, ਮੇਨੇ ਤੋਂ ਲਗਭਗ 35 ਮੀਲ ਉੱਤਰ ਵਿੱਚ ਸਥਿਤ ਹੈ।