You’re viewing a text-only version of this website that uses less data. View the main version of the website including all images and videos.
ਕੀ ਦੋ ਸਾਲ ਦੀ ਉਮਰ ਤੋਂ ਪਹਿਲਾਂ ਘੱਟ ਖੰਡ ਖਾਣਾ ਦਿਮਾਗ ਲਈ ਚੰਗਾ ਹੈ, ਨਵੀਂ ਖੋਜ ’ਚ ਕੀ ਖੁਲਾਸਾ ਹੋਇਆ
- ਲੇਖਕ, ਜੇਮਜ਼ ਗੈਲਾਘਰ
- ਰੋਲ, ਹੈਲਥ ਅਤੇ ਸਾਇੰਸ ਰਿਪੋਰਟਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 5 ਮਿੰਟ
ਵਿਗਿਆਨੀਆਂ ਦਾ ਕਹਿਣਾ ਹੈ ਕਿ ਦੋ ਸਾਲ ਦੀ ਉਮਰ ਤੱਕ ਬਹੁਤ ਘੱਟ ਮਾਤਰਾ ਵਿੱਚ ਖੰਡ ਖਾਣ ਨਾਲ ਦਹਾਕਿਆਂ ਬਾਅਦ ਵੀ ਦਿਮਾਗ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਮਿਲ ਸਕਦੀ ਹੈ।
ਜਦੋਂ ਬ੍ਰਿਟੇਨ ਵਿੱਚ ਖੰਡ ਦੀ ਰਾਸ਼ਨਿੰਗ (ਖੰਡ ਦੀ ਸੀਮਿਤ ਮਾਤਰਾ ਵਿੱਚ ਵਿੱਕਰੀ) ਖ਼ਤਮ ਹੋਈ ਤਾਂ ਲੋਕਾਂ ਦੇ ਖਾਣੇ ਵਿੱਚ ਖੰਡ ਦੀ ਮਾਤਰਾ ਤੇਜ਼ੀ ਨਾਲ ਵਧ ਗਈ। ਉੱਥੋਂ ਦੇ ਲੋਕਾਂ ਦੇ ਖਾਣ-ਪੀਣ 'ਚ ਖੰਡ ਦੀ ਮਾਤਰਾ ਦੇ ਇਸ ਵਾਧੇ ਦੇ ਪ੍ਰਭਾਵ ਦਾ ਵਿਗਿਆਨੀਆਂ ਨੇ ਅਧਿਐਨ ਕੀਤਾ।
ਅਧਿਐਨ ਦੇ ਨਤੀਜਿਆਂ ਤੋਂ ਪਤਾ ਲੱਗਦਾ ਹੈ ਕਿ ਜੋ ਲੋਕ ਖੰਡ/ਚੀਨੀ ਦੀ ਰਾਸ਼ਨਿੰਗ ਦੇ ਸਮੇਂ ਛੋਟੇ ਬੱਚੇ (ਟੌਡਲਰ) ਸਨ, ਉਨ੍ਹਾਂ ਵਿੱਚ ਡਿਮੈਂਸ਼ੀਆ ਦਾ ਖ਼ਤਰਾ 23% ਘੱਟ ਸੀ।
ਇਹ ਅਧਿਐਨ ਪੱਕਾ ਸਬੂਤ ਤਾਂ ਨਹੀਂ ਦਿੰਦਾ, ਪਰ ਮਾਹਿਰਾਂ ਦਾ ਕਹਿਣਾ ਹੈ ਕਿ ਸਿਹਤਮੰਦ ਖੁਰਾਕ ਉਂਝ ਵੀ ਦਿਮਾਗ ਲਈ ਚੰਗੀ ਹੁੰਦੀ ਹੈ।
ਜ਼ਿੰਦਗੀ ਦੇ ਸ਼ੁਰੂਆਤੀ 1,000 ਦਿਨ ਸਾਡੀ ਭਵਿੱਖ ਦੀ ਸਿਹਤ ਲਈ ਬਹੁਤ ਅਹਿਮ
ਇਹ ਪਹਿਲਾ ਅਜਿਹਾ ਅਧਿਐਨ ਨਹੀਂ ਹੈ, ਜੋ ਇਹ ਦੱਸਦਾ ਹੈ ਕਿ ਜ਼ਿੰਦਗੀ ਦੇ ਸ਼ੁਰੂਆਤੀ 1,000 ਦਿਨ ਸਾਡੀ ਭਵਿੱਖ ਦੀ ਸਿਹਤ ਲਈ ਬਹੁਤ ਮਹੱਤਵਪੂਰਨ ਹੁੰਦੇ ਹਨ।
ਕਈ ਅਧਿਐਨਾਂ ਵਿੱਚ ਬ੍ਰਿਟੇਨ ਦੇ ਦੂਜੇ ਵਿਸ਼ਵ ਯੁੱਧ ਤੋਂ ਉਭਰਨ ਅਤੇ ਖਾਣ-ਪੀਣ ਦੀ ਰਾਸ਼ਨਿੰਗ (ਲਿਮਿਟ) ਖ਼ਤਮ ਹੋਣ ਦੌਰਾਨ ਹੋਏ "ਨੈਚੁਰਲ ਐਕਸਪੈਰੀਮੈਂਟ" (ਕੁਦਰਤੀ ਪ੍ਰਯੋਗ) ਉੱਤੇ ਧਿਆਨ ਦਿੱਤਾ ਗਿਆ ਹੈ।
ਜਦੋਂ ਸਤੰਬਰ 1953 ਵਿੱਚ ਖੰਡ ਦੀ ਰਾਸ਼ਨਿੰਗ ਖ਼ਤਮ ਹੋਈ, ਤਾਂ ਅੰਦਾਜ਼ਨ ਔਸਤ ਖੰਡ ਦੀ ਖਪਤ ਲਗਭਗ ਤੁਰੰਤ ਹੀ 41 ਗ੍ਰਾਮ ਰੋਜ਼ਾਨਾ (ਖੰਡ ਦੇ 10 ਕਿਊਬ) ਤੋਂ ਵੱਧ ਕੇ 80 ਗ੍ਰਾਮ (ਖੰਡ ਦੇ 20 ਕਿਊਬ) ਹੋ ਗਈ ਸੀ।
ਪਿਛਲੀ ਖੋਜ ਵਿੱਚ ਇਸ ਨੂੰ ਸਾਲਾਂ ਬਾਅਦ ਟਾਈਪ 2 ਡਾਇਬਟੀਜ਼ ਅਤੇ ਬਲੱਡ ਪ੍ਰੈਸ਼ਰ ਵਧਣ ਨਾਲ ਜੋੜਿਆ ਗਿਆ ਸੀ।
ਤਾਜ਼ਾ ਅਧਿਐਨ ਵਿੱਚ ਯੂਕੇ ਬਾਇਓਬੈਂਕ ਪ੍ਰੋਜੈਕਟ ਵਿੱਚ ਸ਼ਾਮਲ ਲਗਭਗ 65,000 ਲੋਕਾਂ ਉੱਤੇ ਧਿਆਨ ਦਿੱਤਾ ਗਿਆ।
ਹਾਂਗਕਾਂਗ ਯੂਨੀਵਰਸਿਟੀ ਆਫ਼ ਸਾਇੰਸ ਐਂਡ ਟੈਕਨੋਲੋਜੀ ਦੇ ਵਿਸ਼ਲੇਸ਼ਣ ਵਿੱਚ ਖੰਡ ਦੀ ਰਾਸ਼ਨਿੰਗ ਦੇ ਸਮੇਂ ਦੇ ਆਲੇ-ਦੁਆਲੇ ਵੱਡੇ ਹੋਏ ਬੱਚਿਆਂ ਉੱਤੇ ਧਿਆਨ ਦਿੱਤਾ ਗਿਆ।
ਅਧਿਐਨ ਕਰਨ ਵਾਲਿਆਂ ਮੁਤਾਬਕ, ਜੋ ਲੋਕ ਬ੍ਰਿਟੇਨ ਵਿੱਚ ਖੰਡ ਦੀ ਰਾਸ਼ਨਿੰਗ ਵੇਲਿਆਂ 'ਚ 2 ਸਾਲ ਦੀ ਉਮਰ ਦੇ ਲਾਗੇ ਸਨ, ਬਾਅਦ ਵਿੱਚ ਉਨ੍ਹਾਂ ਲੋਕਾਂ ਵਿੱਚ ਡਿਮੈਂਸ਼ਿਆ ਦਾ ਖਤਰਾ 23% ਘੱਟ ਰਿਹਾ ਅਤੇ ਜੇ ਉਨ੍ਹਾਂ ਨੂੰ ਡਿਮੈਂਸ਼ਿਆ ਹੋਇਆ ਵੀ ਤਾਂ ਵੀ ਉਸਦਾ ਪਤਾ ਔਸਤਨ ਢਾਈ ਸਾਲ ਬਾਅਦ ਲੱਗਿਆ।
ਖੋਜਕਰਤਾ ਜਿਆਜ਼ੇਨ ਝੇਂਗ ਨੇ ਕਿਹਾ, "ਸਾਡੇ ਨਤੀਜੇ ਦਰਸਾਉਂਦੇ ਹਨ ਕਿ ਜ਼ਿੰਦਗੀ ਦੇ ਸ਼ੁਰੂਆਤੀ ਦੌਰ ਵਿੱਚ ਘੱਟ ਖੰਡ/ਚੀਨੀ ਖਾਣ ਨਾਲ ਦਿਮਾਗ ਦੀ ਸਿਹਤ ਨੂੰ ਲੰਬੇ ਸਮੇਂ ਤੱਕ ਫ਼ਾਇਦਾ ਹੋ ਸਕਦਾ ਹੈ।"
ਇਹ ਅੰਕੜੇ 'ਨਿਊਰੋਲੋਜੀ' ਜਰਨਲ ਵਿੱਚ ਪ੍ਰਕਾਸ਼ਿਤ ਹੋਏ ਸਨ।
ਪਰ ਝੇਂਗ ਨੇ ਕਿਹਾ ਕਿ ਇਹ ਸਮਝਣ ਲਈ "ਹੋਰ ਖੋਜ ਦੀ ਲੋੜ ਹੈ" ਕਿ ਕੀ ਚੀਨੀ ਦਾ ਹੀ ਇਹ ਅਸਰ ਹੋ ਰਿਹਾ ਸੀ।
ਖੰਡ ਖਾਣ ਅਤੇ ਡਿਮੈਂਸ਼ੀਆ ਦੇ ਵਿਚਕਾਰ ਸਬੰਧ ਦਾ "ਪੱਕਾ ਸਬੂਤ" ਨਹੀਂ
ਕੋਕਰੇਨ, ਇੱਕ ਸੁਤੰਤਰ ਗੈਰ-ਮੁਨਾਫ਼ਾ ਨੈੱਟਵਰਕ ਜੋ ਮੈਡੀਕਲ ਖੋਜ ਨੂੰ ਇਕੱਤਰ ਕਰਦਾ ਹੈ ਅਤੇ ਉਸ ਦਾ ਸਾਰ ਤਿਆਰ ਕਰਦਾ ਹੈ। ਕੋਕਰੇਨ ਵਿੱਚ ਐਵੀਡੈਂਸ ਪ੍ਰੋਡਕਸ਼ਨ ਐਂਡ ਮੈਥਡਜ਼ ਡਾਇਰੈਕਟੋਰੇਟ ਲਈ ਮੈਥਡਜ਼ ਸਪੋਰਟ ਯੂਨਿਟ ਦੇ ਮੁਖੀ ਰੇਚਲ ਰਿਚਰਡਸਨ ਨੇ ਕਿਹਾ, "ਹੋ ਸਕਦਾ ਹੈ ਕਿ ਉਨ੍ਹਾਂ ਨੂੰ ਕੋਈ ਮਹੱਤਵਪੂਰਨ ਗੱਲ ਪਤਾ ਲੱਗੀ ਹੋਵੇ।"
ਹਾਲਾਂਕਿ, ਉਨ੍ਹਾਂ ਕਿਹਾ ਕਿ ਇਹ ਸ਼ੁਰੂਆਤੀ ਦੌਰ ਵਿੱਚ ਖੰਡ ਖਾਣ ਅਤੇ ਡਿਮੈਂਸ਼ੀਆ ਦੇ ਵਿਚਕਾਰ ਸਬੰਧ ਦਾ "ਪੱਕਾ ਸਬੂਤ" ਨਹੀਂ ਹੈ।
ਇੱਕ ਵੱਡੀ ਸਮੱਸਿਆ ਇਹ ਹੈ ਕਿ ਸਿਰਫ਼ ਇਸ ਆਧਾਰ 'ਤੇ ਕਿ ਲੋਕ ਚੀਨੀ ਦੀ ਰਾਸ਼ਨਿੰਗ ਦੇ ਸਮੇਂ ਪੈਦਾ ਹੋਏ ਸਨ, ਇਹ ਜਾਣਨਾ ਅਸੰਭਵ ਹੈ ਕਿ ਅਧਿਐਨ ਵਿੱਚ ਸ਼ਾਮਿਲ ਹਰ ਵਿਅਕਤੀ ਅਸਲ ਵਿੱਚ ਕਿੰਨੀ ਚੀਨੀ ਖਾ ਰਿਹਾ ਸੀ।
ਰਿਚਰਡਸਨ ਨੇ ਕਿਹਾ, "ਇਹ ਸਬੂਤ 1940 ਅਤੇ 1950 ਦੇ ਦਹਾਕੇ ਵਿੱਚ ਪੈਦਾ ਹੋਏ ਲੋਕਾਂ ਨਾਲ ਜੁੜਿਆ ਹੈ, ਇਸ ਲਈ ਅੱਜ ਦੇ ਛੋਟੇ ਬੱਚਿਆਂ 'ਤੇ ਇਸ ਨੂੰ ਲਾਗੂ ਕਰਨ ਦੀ ਗੁੰਜਾਇਸ਼ ਘੱਟ ਹੈ - ਉਦਾਹਰਨ ਵਜੋਂ, ਪਹਿਲਾਂ ਬੱਚਿਆਂ ਦਾ ਦੁੱਧ ਛੁਡਾਉਣ ਦੀ ਪ੍ਰਕਿਰਿਆ ਜਲਦੀ ਸ਼ੁਰੂ ਹੋ ਜਾਂਦੀ ਸੀ ਅਤੇ ਇਸ ਦਾ ਬੱਚਿਆਂ ਦੇ ਸ਼ੁਰੂਆਤੀ ਪੋਸ਼ਣ ਉੱਤੇ ਵੱਡਾ ਅਸਰ ਪੈਂਦਾ ਸੀ।"
ਐਸਟਨ ਯੂਨੀਵਰਸਿਟੀ ਵਿੱਚ ਕਲੀਨੀਕਲ ਫਾਰਮੇਸੀ ਦੇ ਪ੍ਰੋਫੈਸਰ ਇਆਨ ਮੈਡਮੈਂਟ ਨੇ ਕਿਹਾ, "ਇਹ ਇੱਕ ਦਿਲਚਸਪ ਵਿਚਾਰ ਹੈ, ਇਸ ਨਾਲ ਬਹਿਸ ਨੂੰ ਸਮਝਣ ਵਿੱਚ ਮਦਦ ਮਿਲਦੀ ਹੈ, ਪਰ ਮੇਰੀ ਰਾਇ ਵਿੱਚ ਸਾਨੂੰ ਹੋਰ ਸਬੂਤਾਂ ਦੀ ਲੋੜ ਹੈ।"
ਉਨ੍ਹਾਂ ਨੇ ਕਿਹਾ ਕਿ "80 ਸਾਲ ਪਹਿਲਾਂ ਹੋਈ ਕਿਸੇ ਘਟਨਾ" ਨੂੰ ਅੱਜ ਦੀ ਸਿਹਤ ਨਾਲ ਜੋੜਨਾ ਅਤੇ ਉਸ ਦੇ ਆਧਾਰ 'ਤੇ ਨਤੀਜੇ ਕੱਢਣ ਦਾ ਮਤਲਬ ਹੈ ਕਿ ਇਸ ਵਿੱਚ ''ਕਈ ਹੋਰ ਕਾਰਕ'' ਵੀ ਭੂਮਿਕਾ ਨਿਭਾ ਰਹੇ ਹੋ ਸਕਦੇ ਹਨ।
ਅਲਜ਼ਾਈਮਰ ਰਿਸਰਚ ਯੂਕੇ ਦੇ ਡਾਕਟਰ ਸਾਰਾ ਰੋਡ੍ਰਿਗਜ਼ ਨੇ ਕਿਹਾ, "ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਇਹ ਇੱਕ ਆਬਜ਼ਰਵੇਸ਼ਨਲ ਸਟੱਡੀ ਸੀ।”
"ਇਸ ਦਾ ਮਤਲਬ ਹੈ ਕਿ ਇਹ ਖੁਰਾਕ ਅਤੇ ਡਿਮੈਂਸ਼ਿਆ ਦੇ ਖ਼ਤਰੇ ਵਿਚਕਾਰ ਸਬੰਧ ਦੀ ਪਛਾਣ ਤਾਂ ਕਰ ਸਕਦੀ ਹੈ, ਪਰ ਇਹ ਸਾਬਿਤ ਨਹੀਂ ਕਰ ਸਕਦੀ ਕਿ ਘੱਟ ਖੰਡ ਖਾਣ ਨਾਲ ਸਿੱਧੇ ਤੌਰ 'ਤੇ ਡਿਮੈਂਸ਼ਿਆ ਤੋਂ ਬਚਾਅ ਹੁੰਦਾ ਹੈ।
ਉਨ੍ਹਾਂ ਕਿਹਾ, "ਸਿਹਤਮੰਦ ਅਤੇ ਸੰਤੁਲਿਤ ਖੁਰਾਕ ਲੈਣਾ ਦਿਮਾਗ ਦੀ ਸਿਹਤ ਨੂੰ ਬਿਹਤਰ ਬਣਾਈ ਰੱਖਣ ਦੇ ਸਭ ਤੋਂ ਵਧੀਆ ਤਰੀਕਿਆਂ ਵਿੱਚੋਂ ਇੱਕ ਹੈ ਅਤੇ ਸਕਾਰਾਤਮਕ ਬਦਲਾਅ ਕਰਨ ਲਈ ਕਦੇ ਵੀ ਦੇਰ ਨਹੀਂ ਹੁੰਦੀ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ