You’re viewing a text-only version of this website that uses less data. View the main version of the website including all images and videos.
ਪਕਵਾਨ ਜਿਸ ਨੂੰ ਲੋਕ 'ਯੌਨ ਸ਼ਕਤੀ' ਵਧਾਉਣ ਲਈ ਖਾਂਦੇ ਹਨ, ਪਰ ਕੀ ਹੈ ਇਸ ਦਾ ਵੀਰਵਾਰ ਕਨੈਕਸ਼ਨ
- ਲੇਖਕ, ਸਿਮੋਨ ਉਰਵੀਨ
- ਰੋਲ, ਬੀਬੀਸੀ ਟਰੈਵਲ
- ਪ੍ਰਕਾਸ਼ਿਤ
ਉਜ਼ਬੇਕਿਸਤਾਨ ਦੇ ਹਰਮਨ ਪਿਆਰੇ ਪਕਵਾਨ ਬਾਰੇ ਇਹ ਮੰਨਿਆ ਜਾਂਦਾ ਹੈ ਕਿ ਇਹ ਕਾਮੁਕ ਸ਼ਕਤੀਆਂ ਵਧਾਉਂਦਾ ਹੈ।
ਇਸੇ ਕਰਕੇ ਇਸ ਨੂੰ ਰਵਾਇਤੀ ਤੌਰ ਉੱਤੇ ਵੀਰਵਾਰ ਦੇ ਦਿਨ ਖਾਣਾ ਚੰਗਾ ਮੰਨਿਆ ਜਾਂਦਾ ਹੈ, ਇਹ ਦਿਨ ਮਾਵਾਂ ਦੇ ਗਰਭਵਤੀ ਹੋਣ ਲਈ ਸ਼ੁੱਭ ਮੰਨਿਆ ਜਾਂਦਾ ਹੈ।
ਇਸ ਪਕਵਾਨ ਦਾ ਨਾਮ ਹੈ ਪਲੌਫ। ਇਹ ਚੌਲ, ਸਬਜ਼ੀਆਂ, ਮੀਟ ਅਤੇ ਮਸਾਲਿਆਂ ਨੂੰ ਮਿਲਾ ਕੇ ਬਣਾਇਆ ਜਾਂਦਾ ਹੈ।
ਪਲੌਫ ਜਿਸ ਨੂੰ ਅੰਗਰੇਜ਼ੀ ਵਿੱਚ PLOV ਲਿਖਿਆ ਜਾਂਦਾ ਹੈ। ਕਈ ਥਾਵਾਂ ’ਤੇ ਇਸ ਨੂੰ ਪੀਲਾਫ ਵੀ ਕਿਹਾ ਜਾਂਦਾ ਹੈ।
ਇਹ ਸਿਲਕ ਰੋਡ ਦੇ ਨਾਲ ਲੱਗਦੇ ਮੁਲਕਾਂ ਵਿੱਚ ਕਾਫੀ ਮਸ਼ਹੂਰ ਹੈ। ਪਰ ਇਸ ਪਕਵਾਨ ਦਾ ਉਜ਼ਬੇਕਿਸਤਾਨ ਦੇ ਨਾਲ ਡੂੰਘਾ ਸਬੰਧ ਹੈ।
ਇਸ ਪਕਵਾਨ ਨੂੰ ਹਫ਼ਤੇ ਵਿੱਚ ਘੱਟੋ-ਘੱਟ ਇੱਕ ਵਾਰੀ ਜ਼ਰੂਰ ਬਣਾਇਆ ਜਾਂਦਾ ਹੈ, ਇਹ ਇਸ ਮੁਲਕ ਦੀ ‘ਨੈਸ਼ਨਲ ਡਿਸ਼’ ਹੈ।
ਇਸ ਨੂੰ ਪਰਿਵਾਰਕ ਜਸ਼ਨ, ਜਨਮ ਦਿਨ, ਵਿਆਹਾਂ ਦੇ ਲਈ ਲਾਜ਼ਮੀ ਮੰਨਿਆ ਜਾਂਦਾ ਹੈ।
ਇਹ ਕਿਸੇ ਦੇ ਸਸਕਾਰ ਦੇ ਨਾਲ-ਨਾਲ ਹੱਜ ਤੋਂ ਵਾਪਸ ਆਉਣ ਵਾਲੇ ਮੁਸਲਮਾਨਾਂ ਦੇ ਸਤਿਕਾਰ ਲਈ ਬਣਾਈ ਜਾਂਦੀ ਹੈ।
ਇਸ ਪਕਵਾਨ ਦੀ ਖੋਜ ਕਿਵੇਂ ਹੋਈ ਸੀ
ਇਸ ਨਾਲ ਜੁੜੀਆਂ ਕਹਾਣੀਆਂ ਮੁਤਾਬਕ, ਪਲੌਫ ਨਾਮ ਦਾ ਇਹ ਪਕਵਾਨ ਪਹਿਲੀ ਵਾਰ ਅਲੈਗਜ਼ੈਂਡਰ ਦਾ ਗ੍ਰੇਟ (ਸਿਕੰਦਰ) ਦੇ ਲਈ ਬਣਾਇਆ (ਖੋਜਿਆ) ਗਿਆ ਸੀ।
ਇਹ ਮੰਨਿਆ ਜਾਂਦਾ ਹੈ ਕਿ ਸਿਕੰਦਰ ਨੇ ਇਹ ਹੁਕਮ ਦਿੱਤਾ ਕਿ ਉਨ੍ਹਾਂ ਦੀ ਫੌਜ ਲਈ ਇੱਕ ਅਜਿਹਾ ਸੰਤੁਸ਼ਟੀ ਦੇਣ ਵਾਲਾ ਖਾਣਾ ਬਣਾਇਆ ਜਾਵੇ ਜੋ ਕੇਂਦਰੀ ਏਸ਼ੀਆ ਦੀਆਂ ਮੁਹਿੰਮਾਂ ਸਮੇਂ ਉਨ੍ਹਾਂ ਦੀ ਫੌਜ ਦੇ ਕੰਮ ਆਏ।
ਉਜ਼ਬੇਕਿਸਤਾਨ ਵਿੱਚ ਟੂਅਰ ਗਾਈਡ (ਸੈਲਾਨੀਆਂ ਨੂੰ ਜਾਣਕਾਰੀ ਦੇਣ ਵਾਲਾ) ਨਿਲੂਫਾਰ ਨੁਰੂੱਦੀਨੋਵਾ ਖਾਣਿਆਂ ਦੇ ਇਤਿਹਾਸ ਵਿੱਚ ਦਿਲਚਸਪੀ ਰੱਖਦੇ ਹਨ।
ਉਹ ਕਹਿੰਦੇ ਹਨ, “ਸਾਡੇ ਕੋਲ ਇਸ ਗੱਲ ਦੇ ਇਤਿਹਾਸਕ ਰਿਕਾਰਡ ਨਹੀਂ ਹਨ ਪਰ ਅਸੀਂ ਇਹ ਜਾਣਦੇ ਹਾਂ ਕਿ 9ਵੀਂ ਅਤੇ 10ਵੀਂ ਸਦੀ ਤੱਕ ਪਲੋਵ ਇੱਥੇ ਕਾਫੀ ਮਸ਼ਹੂਰ ਹੋ ਗਿਆ ਸੀ।”
ਉਨ੍ਹਾਂ ਨੇ ਦੱਸਿਆ, “ਚੌਲ ਪਿਛਲੇ 1000 ਸਾਲਾਂ ਤੋਂ ਇਸ ਖਿੱਤੇ ਦੀ ਮੁੱਖ ਖ਼ੁਰਾਕ ਰਹੀ ਹੈ, ਇਸ ਨੂੰ ਉਗਾਉਣ ਵਿੱਚ ਕਾਫੀ ਮਿਹਨਤ ਲੱਗਦੀ ਹੈ। ਇੱਥੋਂ ਦੇ ਲੋਕ ਪਸ਼ੂ ਪਾਲਣ ਅਤੇ ਫ਼ਸਲਾ ਉਗਾਉਣ ਵਿੱਚ ਕਾਫੀ ਮਿਹਨਤ ਕਰਦੇ ਹਨ। ਇਸ ਲਈ ਇਹ ਪਕਵਾਨ ਇੱਥੋਂ ਦੇ ਲੋਕਾਂ ਪੋਸ਼ਣ ਦੇਣ ਲਈ ਸਹਾਈ ਹੁੰਦਾ ਹੋਵੇਗਾ।
ਪਲੌਫ ਹੁਣ ਇੱਥੋਂ ਦੀਆਂ ਖਾਣ ਪੀਣ ਦੀਆਂ ਰਵਾਇਤਾਂ ਦਾ ਜ਼ਰੂਰੀ ਹਿੱਸਾ ਬਣ ਗਿਆ ਹੈ। ਇਸ ਨੂੰ ਹਾਲ ਹੀ ਵਿੱਚ, ਯੂਨੈੱਸਕੋ ਦੀ ‘ਇਨਟੈਂਜੀਬਲ ਕਲਚਰਲ ਹੈਰੀਟੇਜ ਆਫ ਹੂਮੈਨਿਟੀ’ (ਮਨੁੱਖਤਾ ਦੀ ਨਾ ਛੂਹੀ ਜਾ ਸਕਣ ਵਾਲੀ ਸਭਿਆਚਾਰਕ ਵਿਰਾਸਤ) ਸੂਚੀ ਵਿੱਚ ਸ਼ਾਮਲ ਕੀਤਾ ਗਿਆ ਸੀ।
ਨੁਰੂੱਦੀਨੋਵਾ ਸਮਝਾਉਂਦੇ ਹਨ, “ਇਹ ਸਿਰਫ਼ ਇੱਕ ਖਾਣੇ ਤੋਂ ਵੀ ਵੱਧ ਹੈ, ਇਹ ਸਮਾਜਿਕ ਰਿਸ਼ਤੇ ਬਣਾਉਣ ਦੇ ਨਾਲ ਨਾਲ, ਦੋਸਤੀ ਨੂੰ ਉਤਸ਼ਾਹਿਤ ਕਰਦਾ ਹੈ, ਇਹ ਸਾਡੇ ਮੁਲਕ ਨੂੰ ਇਕੱਠਾ ਕਰਦਾ ਹੈ।”
ਉਨ੍ਹਾਂ ਨੇ ਮੈਨੂੰ ਦੱਸਿਆ ਕਿ ਇਹ ਸ਼ਬਦ ਵੀ ਉਜ਼ਬੇਕ ਭਾਸ਼ਾ ਦਾ ਜ਼ਰੂਰੀ ਹਿੱਸਾ ਹੈ।
ਉਨ੍ਹਾਂ ਨੇ ਦੱਸਿਆ, “ਇਹ ਰੋਜ਼ਾਨਾ ਦੇ ਮੁਹਾਵਰਿਆਂ ਵਿੱਚ ਵੀ ਕਾਫੀ ਵਾਰੀ ਬਲਿਆ ਜਾਂਦਾ ਹੈ, ਜਿਵੇਂ ‘ਜੇਕਰ ਤੁਹਾਨੂੰ ਪਤਾ ਹੋਵੇ ਕਿ ਧਰਤੀ ਉੱਤੇ ਤੁਹਾਡਾ ਇੱਕ ਹੀ ਦਿਨ ਰਹਿ ਗਿਆ ਹੈ ਤਾਂ ਇਸ ਨੂੰ ਪਲੋਵ ਖਾਂਦੇ ਹੋਏ ਬਿਤਾਓ।’
ਉਹ ਕਹਿੰਦੇ ਹਨ, “ਇਸ ਦਾ ਮਤਲਬ ਹੈ ਕਿ ਇਸ ਤੋਂ ਬਾਅਦ ਤੁਸੀਂ ਖੁਸ਼ੀ ਨਾਲ ਮਰ ਸਕਦੇ ਹੋ, ਉਜ਼ਬੇਕਿਸਤਾਨ ਵਿੱਚ ਪਲੋਵ ਤੋਂ ਬਿਨਾ ਜ਼ਿੰਦਗੀ ਬਾਰੇ ਸੋਚਿਆ ਨਹੀਂ ਜਾ ਸਕਦਾ।”
ਪਕਵਾਨ ਦੀਆਂ 100 ਤੋਂ ਵੀ ਵੱਧ ਕਿਸਮਾਂ
ਉਜ਼ਬੇਕਿਸਤਾਨ ਵਿੱਚ ਪਲੌਫ ਦੀਆਂ 100 ਤੋਂ ਵੀ ਵੱਧ ਕਿਸਮਾਂ ਹਨ। ਇਨ੍ਹਾਂ ਪਕਵਾਨਾਂ ਨੂੰ ਬਣਾਉਣ ਦੇ ਤਰੀਕਿਆਂ ਵਿੱਚ ਖ਼ੇਤਰ ਅਤੇ ਰੁੱਤ ਦੇ ਹਿਸਾਬ ਨਾਲ ਫਰਕ ਹੈ।
ਪਰ ਇਸ ਪਕਵਾਨ ਦੀ ਹਰੇਕ ਕਿਸਮ ਦੇ ਵਿੱਚ ਕੁਝ ਸਮੱਗਰੀ ਇੱਕੋ ਜਿਹੀ ਹੀ ਹੁੰਦੀ ਹੈ।ਇਸ ਸਮੱਗਰੀ ਦੇ ਨਾਮ ’ਤੇ ਹੀ ਇਸ ਦਾ ਪੂਰਾ ਨਾਮ ‘ਓਸ਼ ਪਲੌਫ’ ਪਿਆ
ਇਹ ਸਮੱਗਰੀ ਹੈ ਪਾਣੀ, ਚੌਲ, ਪਿਆਜ਼, ਗਾਜਰ, ਮੀਟ, ਤੇਲ ਅਤੇ ਲੂਣ।
ਮੁਲਕ ਦਾ ਸਭ ਤੋਂ ਮਸ਼ਹੂਰ ਪਲੌਫ ਰੈਸਟੋਰੈਂਟ ‘ਬੇਸ਼ ਕੋਜ਼ੋਨ’ ਇੱਥੋਂ ਦੀ ਰਾਜਧਾਨੀ ਤਾਸ਼ਕੰਤ ਦੇ ਯੁਨੁਸਾਬਾਦ ਵਿੱਚ ਸਥਿਤ ਹੈ।
ਇਸ ਨੂੰ ਕੇਂਦਰੀ ਏਸ਼ੀਆ ਵਿੱਚ ਸਭ ਤੋਂ ਵੱਡਾ ਪਲੌਫ ਰੈਸਟੋਰੈਂਟ ਮੰਨਿਆ ਜਾਂਦਾ ਹੈ। ਇੱਥੇ 5000 ਤੋਂ 8000 ਗਾਹਕ ਰੋਜ਼ ਖਾਣਾ ਖਾਂਦੇ ਹਨ । ਇੱਥੇ ਇਹ ਪਕਵਾਨ 9 ਵੱਡੇ-ਵੱਡੇ ਪਤੀਲਿਆਂ ਵਿੱਚ ਬਣਦਾ ਹੈ ਜਿਸ ਨੂੰ ਕਾਜ਼ਨ ਕਿਹਾ ਜਾਂਦਾ ਹੈ।
ਉਜ਼ਬੇਕ ਰਵਾਇਤਾਂ ਦੇ ਮੁਤਾਬਕ ਪਲੌਫ ਦੀ ਹਰੇਕ ਪਲੇਟ ਦੇ ਨਾਲ ਇੱਕ ਬਰੈੱਡ(ਨੋਨ) ਹੋਣੀ ਚਾਹੀਦੀ ਹੈ। ਬੇਸ਼ ਕੋਜ਼ੋਨ ਦੇ ਵਸਨੀਕ ਇੱਥੋਂ ਦੇ ਬੇਕਰ ਸ਼ੋਕਿਰਜੋਨ ਨੁਰਮਾਟੋਵ ਹਨ।
ਇੱਥੇ ਰਸੋਈ ਵਿੱਚ ਕੰਮ ਕਰਦੇ ਮੁਲਾਜ਼ਮਾਂ ਵਾਂਗ ਉਹ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਸਮ ਅਦਾ ਕਰਦੇ ਹਨ।
ਉਹ ਆਪਣੇ ਹੱਥਾਂ ਨੂੰ ਕੌਲੀ ਦੇ ਆਕਾਰ ਦਾ ਬਣਾਉਂਦੇ ਹਨ ਅਤੇ ਦੁਆ ਮੰਗਦੇ ਹਨ ਤਾਂ ਜੋ ਆਪਣੇ ਕੰਮ ਵਿੱਚ ਸਫ਼ਲ ਹੋ ਸਕਣ।
ਇਸ ਤੋਂ ਬਾਅਦ ਹੀ ਉਹ ਦਿਨ ਵਿੱਚ 3,000 ਬਰੈੱਡਾਂ ਬਣਾਉਣੀਆਂ ਸ਼ੁਰੂ ਕਰਦੇ ਹਨ।
ਪਕਵਾਨ ਬਣਾਉਣ ਦੀ ਵਿਧੀ ਨਾਲ ਛੇੜਛਾਵ ਨਹੀਂ ਕੀਤੀ ਜਾ ਸਕਦੀ
ਘਰਾਂ ਵਿੱਚ ਪਲੌਫ ਰਵਾਇਤੀ ਤੌਰ ਉੱਤੇ ਔਰਤਾਂ ਵੱਲੋਂ ਬਣਾਇਆ ਜਾਂਦਾ ਹੈ।
ਰੈਸਟੋਰੈਂਟਸ ਅਤੇ ਖ਼ਾਸ ਮੌਕਿਆਂ ਉੱਤੇ ਇਹ ਮਰਦ ਹਲਵਾਈ ਵੱਲੋਂ ਬਣਾਇਆ ਜਾਂਦਾ ਹੈ, ਇਸ ਹਲਵਾਈ ਨੂੰ ‘ਓਸ਼ਪਾਜ਼’ ਕਿਹਾ ਜਾਂਦਾ ਹੈ।
ਫ਼ੈਜ਼ੁੱਲ੍ਹਾ ਸਾਗਦੀਯੇਵ ਕਹਿੰਦੇ ਹਨ, “ਇਹ ਇਸ ਲਈ ਕਿਉਂਕਿ ਇੰਨੀ ਮਾਤਰਾ ਵਿੱਚ ਬਣਾਉਣ ਲਈ ਕਾਫੀ ਸਰੀਰਕ ਮਿਹਨਤ ਲੱਗਦੀ ਹੈ।
ਫ਼ੈਜ਼ੁੱਲਾਹ ‘ਬੇਸ਼ ਕੋਜ਼ੋਨ’ ਵਿੱਚ ਪਲੋਵ ਬਣਾਉਂਦੇ ਹਨ।
ਉਨ੍ਹਾਂ ਦੱਸਿਆ, “ਮੇਰੇ ਸਭ ਤੋਂ ਵੱਡੇ ਪਤੀਲੇ ਵਿੱਚ ਤਿੰਨ ਟਨ ਤੱਕ ਖਾਣਾ ਬਣ ਸਕਦਾ ਹੈ।”
ਉਹ ਕਹਿੰਦੇ ਹਨ ਕਿ ਉਨ੍ਹਾਂ ਉੱਤੇ ਬਹੁਤ ਦਬਾਅ ਹੈ, “ਜੇਕਰ ਇੱਕ ਮਹਿਮਾਨ ਆਪਣਾ ਪਲੋਵ ਇਸ ਲਈ ਖ਼ਤਮ ਨਾ ਕਰੇ ਕਿਉਂਕਿ ਉਸ ਨੂੰ ਸਵਾਦ ਪਸੰਦ ਨਾ ਹੋਵੇ ਤਾਂ ਇਸ ਨੂੰ ਸ਼ਰਮਨਾਕ ਮੰਨਿਆ ਜਾਂਦਾ ਹੈ ਅਤੇ ਅਜਿਹੇ ਵਿੱਚ ਬਣਾਉਣ ਵਾਲਾ ਆਪਣੀ ਜਾਨ ਲੈਣ ਬਾਰੇ ਵੀ ਸੋਚ ਸਕਦਾ ਹੈ।”
ਉਹ ਕਹਿੰਦੇ ਹਨ, “ਸ਼ੁਕਰ ਹੈ ਅਜਿਹਾ ਮੇਰੇ ਨਾਲ ਕਦੇ ਨਹੀਂ ਹੋਇਆ।”
ਪਲੌਫ ਬਣਾਉਣ ਦੀ ਵਿਧੀ ਨਾਲ ਛੇੜਛਾੜ ਨਹੀਂ ਕੀਤੀ ਜਾ ਸਕਦੀ, ਇਸ ਦੀ ਸ਼ੁਰੂਆਤ ਮੀਟ ਨੂੰ ਭੂਰੇ ਰੰਗਾ ਪਕਾ ਕੇ ਹੁੰਦੀ ਹੈ। ਇਸ ਵਿੱਚ ਮਟਨ ਅਤੇ ਬੀਫ ਦੀ ਵਰਤੋਂ ਹੁੰਦੀ ਹੈ।
ਇਸ ਤੋਂ ਬਾਅਦ ਚਿੱਟੀਆਂ ਅਤੇ ਪੀਲੀਆਂ ਗਾਜਰਾਂ, ਪਿਆਜ, ਚੌਲ, ਪਾਣੀ ਅਤੇ ਮਸਾਲੇ ਪਾਏ ਜਾਂਦੇ ਹਨ।
ਸਾਗਦੀਯੇਵ ਲੂਣ, ਮਿਰਚ, ਹਲਦੀ ਅਤੇ ਧਨੀਏ ਦੀ ਵਰਤੋਂ ਹੁੰਦੀ ਹੈ।
ਧਨੀਆ ਉਜ਼ਬੇਕਿਸਤਾਨ ਤੋਂ ਭਾਰਤ ਪਹਿਲਾਂ ਸਿਲਕ ਰੋਡ ਦੇ ਰਾਹੀਂ ਆਇਆ।
‘ਬੇਸ਼ ਕੋਜ਼ੋਨ’ ਦੇ ਚਾਏਖਾਨਾ ਪਲੋਵ ਵਿੱਚ ਛੋਲੇ ਅਤੇ ਸੌਗੀ ਪਾ ਕੇ ਚਾਰ ਘੰਟਿਆਂ ਲਈ ਇਸ ਨੂੰ ਪਕਾਇਆ ਜਾਂਦਾ ਹੈ।
ਵੀਰਵਾਰ ਨੂੰ ਗਰਭਵਤੀ ਹੋਣ ਲਈ ਸ਼ੁੱਭ ਕਿਉਂ ਮੰਨਿਆ ਜਾਂਦਾ ਹੈ
ਵੀਰਵਾਰ ਅਤੇ ਐਤਵਾਰ ਨੂੰ ਪਲੌਫ ਬਣਾਉਣ ਅਤੇ ਖਾਣ ਲਈ ਸਭ ਤੋਂ ਮਸ਼ਹੂਰ ਮੰਨਿਆ ਜਾਂਦਾ ਹੈ।
ਨੁਰੂੱਦੀਨੋਵਾ ਸਮਝਾਉਂਦੇ ਹਨ ਕਿ ਅਜਿਹਾ ਇਸ ਲਈ ਹੁੰਦਾ ਹੋਵੇਗਾ ਕਿਉਂਕਿ ਪੁਰਾਤਨ ਸਮਿਆਂ ਵਿੱਚ ਸ਼ਹਿਰ ਤੋਂ ਦੂਰ ਰਹਿਣ ਵਾਲੇ ਲੋਕ ਸ਼ਹਿਰ ਦੇ ਬਾਜ਼ਾਰ ਵਿੱਚ ਆਪਣਾ ਸਮਾਨ ਵੇਚਣ ਸਿਰਫ਼ ਹਫ਼ਤੇ ਵਿੱਚ ਦੋ ਦਿਨ ਹੀ ਆ ਸਕਦੇ ਸਨ।”
ਉਹ ਕਹਿੰਦੇ ਹਨ, “ਇਸ ਲਈ ਉਨ੍ਹਾਂ ਦੇ ਕੋਲ ਵੀਰਵਾਰ ਅਤੇ ਐਤਵਾਰ ਨੂੰ ਇਸ ਲਈ ਲੋੜੀਂਦੀ ਸਮੱਗਰੀ ਖਰੀਦਣ ਲਈ ਵਾਧੂ ਪੈਸੇ ਹੁੰਦੇ ਹੋਣਗੇ।”
ਸਾਗਦੀਯੇਵ ਕਹਿੰਦੇ ਹਨ ਕਿ ਪਲੋਵ ਵੀਰਵਾਰ ਨੂੰ ਇਸ ਲਈ ਵੀ ਖਾਧਾ ਜਾਂਦਾ ਹੈ ਕਿਉਂਕਿ ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਵਿੱਚ ਕਾਮੁਕਤਾ ਜਾਂ ਜਿਨਸੀ ਤਾਕਤ ਵਧਾਉਣ ਦੀ ਖੂਬੀ ਹੈ।
ਇਸ ਲਈ ਇਸ ਨੂੰ ਮਾਵਾਂ ਦੇ ਗਰਭਵਤੀ ਹੋਣ ਲਈ ਸ਼ੁੱਭ ਮੰਨੇ ਜਾਣ ਵਾਲੇ ਦਿਨ ਖਾਇਆ ਜਾਂਦਾ ਸੀ।
ਉਨ੍ਹਾਂ ਨੇ ਮੈਨੂੰ ਅੱਗੇ ਦੱਸਿਆ ਕਿ ਕੁਝ ਮਰਦ ਇਹ ਮਜ਼ਾਕ ਵਿੱਚ ਕਹਿੰਦੇ ਹਨ ਕਿ ਪਲੋਵ ਦਾ ਅਸਲ ਮਤਲਬ ਹੈ ‘ਫੋਰਪਲੇ’।
ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਪਕਵਾਨ ਨੂੰ ਖਾਣ ਤੋਂ ਬਾਅਦ ਪਤੀਲੇ ਵਿੱਚ ਬਚੇ ਤੇਲ ਨੂੰ ਕਈ ਵਾਰੀ ‘ਨੈਚੂਰਲ ਵਿਆਗਰਾ’ ਸਮਝ ਕੇ ਪੀਤਾ ਜਾਂਦਾ ਹੈ।
ਉਨ੍ਹਾਂ ਅੱਗੇ ਕਿਹਾ, ਕਈ ਓਸ਼ਪਾਜ਼ (ਹਲਵਾਈ) ਮਰਦ ਗਾਹਕਾਂ ਦੀ ਕਾਮੁਕਤਾ ਜਾਂ ਜਿਨਸੀ ਤਾਕਤ ਵਧਾਉਣ ਦੇ ਲਈ ਚੰਗਾ ਮੀਟ ਵੀਰਵਾਰ ਲਈ ਬਚਾ ਕੇ ਰੱਖਦੇ ਹਨ।
ਵੀਰਵਾਰ ਨੂੰ ਮਾਂ ਦੇ ਗਰਭਵਤੀ ਹੋਣ ਨੂੰ ਸ਼ੁੱਭ ਮੰਨੇ ਜਾਣ ਦੀ ਰਵਾਇਤ ਇਸਲਾਮ ਨਾਲ ਜੁੜੀ ਹੋਈ ਹੈ।
ਸਾਗਦੀਯੇਵ ਕਹਿੰਦੇ ਹਨ, “ਇਹ ਸਮਝਿਆ ਜਾਂਦਾ ਹੈ ਕਿ ਪੈਗ਼ੰਬਰ ਮੁਹੰਮਦ ਦੀ ਮਾਤਾ ਵੀਰਵਾਰ ਨੂੰ ਗਰਭਵਤੀ ਹੋਏ ਸਨ।”
ਉਹ ਕਹਿੰਦੇ ਹਨ, “ਇਸ ਲਈ ਕਿਹਾ ਜਾਂਦਾ ਹੈ ਕਿ ਜੇਕਰ ਤੁਸੀਂ ਆਪਣੇ ਬੱਚੇ ਨੂੰ ਹੁਸ਼ਿਆਰ ਅਤੇ ਚੰਗੇ ਵਤੀਰੇ ਵਾਲਾ ਬਣਾਉਣ ਦੇ ਨਾਲ-ਨਾਲ ਇਹ ਚਾਹੁੰਦੇ ਹੋ ਕਿ ਉਸ ਉੱਤੇ ਦੇਵਤਿਆਂ ਦੀ ਮਿਹਰ ਹੋਵੇ ਅਤੇ ਰੱਬ ਦੀ ਆਮਦ ਲਈ ਉਸ ਦਾ ਦਿਲ ਖੁੱਲ੍ਹਾ ਹੋਵੇਗਾ ਤਾਂ ਇਹ ਅਜਿਹਾ ਕਰਨ ਲਈ ਚੰਗਾ ਦਿਨ ਹੈ।"
ਪਰ ਪਲੌਫ ਤੋਂ ਬਾਅਦ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਪ੍ਰਕਾਸ਼ਨ