ਪਾਕਿਸਤਾਨ ਦੀਆਂ ਮਹਿਲਾ 'ਚਮਕੀਲੇ' ਜਿਨ੍ਹਾਂ ਦੀ ਟੀਵੀ 'ਤੇ ਖ਼ਬਰ ਵੀ ਨਾ ਚੱਲੀ – ਹਨੀਫ਼ ਦਾ ਵਲੌਗ਼

    • ਲੇਖਕ, ਮੁਹੰਮਦ ਹਨੀਫ਼
    • ਰੋਲ, ਸੀਨੀਅਰ ਪੱਤਰਕਾਰ ਤੇ ਲੇਖਕ
  • ਪ੍ਰਕਾਸ਼ਿਤ

ਸ਼ਹਿਰਾਂ ਦੇ ਜੰਮਪਲ ਭੈਣਾਂ ਤੇ ਭਰਾਵਾਂ ਨੇ ਪੰਜਾਬ ਦਾ ਪੇਂਡੂ ਕਲਚਰ ਜ਼ਿਆਦਾਤਰ ਫਿਲਮਾਂ ’ਚ ਹੀ ਵੇਖਿਆ ਹੁੰਦਾ ਹੈ।

ਉਹ ਵੀ ਉਦੋਂ, ਜਦੋਂ ਕੋਈ ਹੀਰੋਇਨ ਸਰ੍ਹੋਂ ਦੇ ਖੇਤ ’ਚ ਜਾ ਵੜਦੀ ਹੈ ਅਤੇ ਨੱਚਣਾ ਸ਼ੁਰੂ ਕਰ ਦਿੰਦੀ ਹੈ ਤੇ ਕੋਈ ਸ਼ਹਿਰੀ ਬਾਬੂ ਦਰੱਖਤ ਦੇ ਪਿੱਛੇ ਲੁਕ ਕੇ ਉਸ ਨੂੰ ਝਾਤੀਆਂ ਮਾਰਦਾ ਹੈ।

ਅਮਰ ਸਿੰਘ ਚਮਕੀਲਾ ਵਾਲੀ ਫਿਲਮ ਆਈ। ਲੋਕਾਂ ਨੇ ਵੇਖੀ ਅਤੇ ਪਸੰਦ ਵੀ ਕੀਤੀ।

ਡਾਇਰੈਕਟਰ ਇਮਤਿਆਜ਼ ਸਾਹਿਬ ਦੀ ਬਹੁਤ ਤਾਰੀਫ਼ ਵੀ ਹੋਈ।

ਦਿਲਜੀਤ ਸਿੰਘ ਦੁਸਾਂਝ ਅਤੇ ਪਰਨੀਤੀ ਚੌਪੜਾ ਦੀ ਵੀ ਬੱਲੇ-ਬੱਲੇ, ਪਰ ਇਸ ਦੇ ਨਾਲ ਹੀ ਇੱਕ ਛੋਟੀ ਜਿਹੀ ਇਹ ਬਹਿਸ ਵੀ ਛਿੜ ਗਈ ਕਿ ਗੰਦੇ ਗਾਣੇ ਕਿਹੜੇ ਹਨ ਅਤੇ ਚੰਗੇ ਕਿਹੜੇ ? ਤੇ ਨਾਲ ਇਹ ਵੀ ਗੱਲ ਹੋਈ ਕਿ ਚਮਕੀਲਾ ਬਹੁਤ ਹੀ ਗੰਦੇ ਗਾਣੇ ਗਾਉਂਦਾ ਸੀ। ਇਸ ਨੂੰ ਨਾ ਪਿਓ ਦੀ, ਨਾ ਮਾਂ ਦੀ, ਨਾ ਭਰਜਾਈ ਦੀ, ਨਾ ਸਾਲੀ ਦੀ, ਨਾ ਬੁੱਢੇ ਦੀ, ਕਿਸੇ ਦੀ ਕੋਈ ਇੱਜ਼ਤ ਨਹੀਂ ਸੀ।

ਚਮਕੀਲੇ ਨੂੰ ਮਾਰਨ ਵਾਲੇ ਵੀ ਇਹੀ ਕਹਿੰਦੇ ਸਨ ਕਿ ਤੂੰ ਗੰਦੇ ਗਾਣੇ ਗਾਉਂਦਾ ਹੈ, ਬਾਜ਼ ਆ ਜਾਇਆ ਕਰ, ਉਹ ਬਾਜ਼ ਨਹੀਂ ਆਇਆ ਅਤੇ 27 ਸਾਲ ਦੀ ਉਮਰ ’ਚ ਆਪਣੀ ਜਨਾਨੀ ਅਤੇ ਗਾਇਕ ਅਮਰਜੋਤ ਦੇ ਨਾਲ ਕਤਲ ਕਰ ਦਿੱਤਾ ਗਿਆ।

ਪੰਜਾਬ ਦਾ ਕਲਚਰ ਇੱਕ ਤਰੀਕੇ ਨਾਲ ਗੰਦ ਤੋਂ ਸਾਫ਼ ਹੋ ਗਿਆ।

ਕਲਚਰ ਦਾ ਲਫ਼ਜ਼ ਵੀ ਅਸੀਂ ਪਹਿਲੀ ਵਾਰ ਸ਼ਹਿਰ ਆ ਕੇ ਸੁਣਿਆ ਸੀ।

ਉੱਥੇ ਵੀ ਸਾਡੇ ਸ਼ਹਿਰੀ ਯਾਰ ਕਹਿੰਦੇ ਸਨ ਕਿ ਸ਼ਹਿਰਾਂ ਕੋਲ ਭਾਵ ਸਾਡੇ ਕੋਲ ਇੱਥੇ ਕਲਚਰ ਹੁੰਦਾ ਹੈ ਅਤੇ ਤੁਹਾਡੇ ਪਿੰਡਾਂ ਵਾਲਿਆਂ ਕੋਲ ਸਿਰਫ਼ ਐਗਰੀਕਲਚਰ।

ਹੁਣ ਸ਼ਹਿਰੀ ਕਲਚਰ ਦਾ ਇੰਨਾ ਦਬਦਬਾ ਸੀ ਕਿ ਅਸੀਂ ਉਨ੍ਹਾਂ ਨੂੰ ਕਦੇ ਇਹ ਵੀ ਨਹੀਂ ਦੱਸ ਸਕੇ ਕਿ ਜੇਕਰ ਸਾਡਾ ਐਗਰੀਕਲਚਰ ਨਾ ਹੁੰਦਾ ਤਾਂ ਤੁਹਾਡੇ ਨਿਆਣੇ ਦੁੱਧ ਕਿੱਥੋਂ ਪੀਂਦੇ?

ਤੁਹਾਨੂੰ ਤਾਂ ਇਹ ਵੀ ਨਹੀਂ ਪਤਾ ਕਿ ਜਿਸ ਕਣਕ ਦੇ ਆਟੇ ਦੀ ਰੋਟੀ ਤੁਸੀਂ ਰੋਜ਼ ਖਾਂਦੇ ਹੋ, ਉਹ ਸ਼ਹਿਰ ਦੀਆਂ ਫੈਕਟਰੀਆਂ ’ਚ ਨਹੀਂ ਉੱਗਦਾ ਬਲਕਿ ਪਿੰਡ ’ਚ ਹੀ ਪਸੀਨੇ ਦਾ ਵੱਤਰ ਲਗਾ ਕੇ ਕਿਸੇ ਕਿਸਾਨ ਨੇ ਉਗਾਇਆ ਹੁੰਦਾ ਹੈ।

ਪੰਜਾਬੀ ਦੇ ਅਜ਼ੀਮ ਸ਼ਾਇਰ ਸਨ- ਸ਼ਿਵ ਕੁਮਾਰ ਬਟਾਲਵੀ। ਉਹ ਵੀ ਜਵਾਨੀ ’ਚ ਹੀ ਟੁਰ ਗਏ ਸਨ। ਉਨ੍ਹਾਂ ਨੂੰ ਇੱਕ ਇੰਟਰਵਿਊ ਕਰਨ ਵਾਲੇ ਨੇ ਪੁੱਛਿਆ ਸੀ ਕਿ ਤੁਸੀਂ ਸ਼ਾਇਰ ਕਿਉਂ ਬਣ ਗਏ?

ਉਨ੍ਹਾਂ ਨੇ ਕਿਹਾ ਕਿ “ਹਿੰਦੁਸਤਾਨ ਕਾ ਮੁਆਸ਼ਰਾ ਤਬਕੋਂ ਮੇਂ ਬਟਾ ਹੁਆ ਹੈ, ਕੋਈ ਲੋਅਰ ਮਿਡਲ ਕਲਾਸ, ਕੋਈ ਅੱਪਰ ਮਿਡਲ ਕਲਾਸ। ਇਨ ਸਭ ਕੇ ਆਪਣੇ-ਆਪਣੇ ਦੁਖਾਂਤ ਹੈ। ਮਾਂ-ਬਾਪ ਸਭ ਬੱਚੋਂ ਕੋ ਪੜ੍ਹਾਤੇ ਹੈਂ ਜੂਏ ਕੀ ਤਰ੍ਹਾਂ ਔਰ ਉਸ ਕੇ ਬਾਅਦ ਉਸ ਕਾ ਰਿਟਰਨ ਮਾਂਗਤੇ ਹੈਂ। ਮੇਰੇ ਵਾਲਿਦ ਸਾਹਿਬ ਭੀ ਤਹਿਸੀਲਦਾਰ ਥੇ। ਉਨਹੋਂ ਨੇ ਭੀ ਮੁਝੇ ਪੜ੍ਹਾਇਆ, ਪਤਾ ਨਹੀਂ ਮੈਂ ਸ਼ਾਇਰ ਕਾਹੇ ਕੋ ਹੋ ਗਿਆ।”

ਅਮਰ ਸਿੰਘ ਚਮਕੀਲੇ ਦਾ ਪਿਓ ਤਹਿਸੀਲਦਾਰ ਨਹੀਂ ਸੀ। ਉਹ ਦਲਿਤ ਦਾ ਪੁੱਤਰ ਸੀ।

ਸਾਡਾ ਸ਼ਿਵ ਕੁਮਾਰ ਬਟਾਲਵੀ ਪੰਜਾਬੀ ਦਾ ਵੱਡਾ ਕਲਾਸਿਕੀ ਸ਼ਾਇਰ ਬਣ ਗਿਆ। ਚਮਕੀਲਾ ਪਿੰਡਾਂ ਦੇ ਅਖਾੜਿਆਂ ’ਚ ਗਾਉਣ ਵਾਲਾ ਗੰਦਾ-ਮੰਦਾ ਗਾਇਕ।

ਜਦੋਂ ਉਹ ਮਸ਼ਹੂਰ ਹੋਇਆ ਤਾਂ ਚੌਧਰੀਆਂ ਨੇ ਵਿਆਹਾਂ ’ਤੇ ਵੀ ਬੁਲਾਉਣਾ ਸ਼ੁਰੂ ਕਰ ਦਿੱਤਾ। ਪਰ ਚਮਕੀਲਾ ਚੌਧਰੀਆਂ ਦੇ ਵਿਆਹਾਂ ’ਤੇ ਗਾ ਕੇ ਵੀ ਕੰਮੀ-ਕਮੀਨ ਅਤੇ ਮਰਾਸੀ ਹੀ ਰਿਹਾ।

ਫਿਲਮ ’ਚ ਉਸ ਦਾ ਰੋਲ ਦਿਲਜੀਤ ਸਿੰਘ ਦੁਸਾਂਝ ਨੇ ਕੀਤਾ ਹੈ ਅਤੇ ਬਹੁਤ ਸੋਹਣਾ ਕੀਤਾ ਹੈ। ਉਹੀ ਦਿਲਜੀਤ ਸਿੰਘ ਜਦੋਂ ਅੰਬਾਨੀਆਂ ਦੇ ਵਿਆਹ ’ਤੇ ਗਾਵੇ ਤਾਂ ਇੰਟਰਨੈਸ਼ਨਲ ਰੌਕ ਸਟਾਰ।

ਅਸੀਂ ਵੀ ਕਿਸੇ ਨਵਾਬ ਦੀ ਹਵੇਲੀ ਦੇ ਸੈੱਟ ’ਤੇ ਲੱਗਿਆ ਹੋਇਆ ਗਾਣਾ ਉਮਰਾਓ ਜਾਨ ਵਾਲਾ- ਇਨ ਆਂਖੋਂ ਕੀ ਮਸਤੀ ਕੇ ਦਿਵਾਨੇ ਹਜ਼ਾਰੋਂ ਹੈ…ਸੁਣ ਲਈਏ ਤਾਂ ਉਹ ਹਾਈ ਕਲਚਰ ਤੇ ਜੇਕਰ ਕੋਈ ਗਰੀਬ 1200 ਦੀ ਟਿਕਟ ਲੈ ਕੇ ਲਾਹੌਰ ਦੇ ਕਿਸੇ ਹਾਲ ’ਚ ਡਾਂਸਰ ਨਰਗਿਸ ਦਾ ਡਾਂਸ ਵੇਖ ਲਵੇ ਤਾਂ ਹਮਾਰੀ ਤਹਿਜ਼ੀਬ ਜਵਾ ਲਕਸ਼ਕਰ ਹੈ, ਉਹ ਵਾਲਾ ਸਿਆਪਾ ਸ਼ੁਰੂ ਹੋ ਜਾਂਦਾ ਹੈ।

ਇੱਕ ਜ਼ਮਾਨਾ ਸੀ ਵੈਸੇ ਜਦੋਂ ਨਰਗਿਸ ਦੇ ਪਿੱਛੇ ਪੰਜਾਬ ਦੇ 6 ਜ਼ਿਲ੍ਹਿਆਂ ਦੀ ਪੁਲਿਸ ਪਈ ਹੋਈ ਸੀ।

ਹਿੰਦੁਸਤਾਨ ਅਤੇ ਪਾਕਿਸਤਾਨ ਦੇ ਵਿਆਹਾਂ ’ਤੇ ਤੁਸੀਂ ਆਮ ਹੀ ਵੇਖਿਆ ਹੋਣਾ ਹੈ ਕਿ ਪਿਓ, ਧੀਆਂ ਅਤੇ ਭਰਜਾਈਆਂ ਸਾਰੇ ਨਾਲ ਰਲ ਕੇ ਨੱਚ ਰਹੇ ਹੋਣਗੇ ਅਤੇ ਪਿੱਛੇ ਗਾਣਾ ਲੱਗਿਆ ਹੋਵੇਗਾ ਕਿ ‘ਚੋਲੀ ਕੇ ਪੀਛੇ ਕਿਆ ਹੈ…’।

ਸਾਰੇ ਖੁਸ਼ ਹੁੰਦੇ ਹਨ ਅਤੇ ਖੁਸ਼ ਹੋਣਾ ਵੀ ਚਾਹੀਦਾ ਹੈ। ਪਰ ਜੇ ਕਿਸੇ ਵਿਆਹ ’ਤੇ ਚਮਕੀਲਾ ਗਾ ਛੱਡੇ ਕਿ ‘ਸਾਡਾ ਪਿਓ ਗੁਆਚ ਗਿਆ ਤੇਰੀ ਮਾਂ ਦੀ ਤਲਾਸ਼ੀ ਲੈਣੀ …’ ਤਾਂ ਪਹਿਲਾਂ ਸਾਡੇ ਕੰਨ ਲਾਲ ਹੁੰਦੇ ਹਨ ਅਤੇ ਫਿਰ ਚਮਕੀਲੇ ਅਤੇ ਅਮਰਜੋਤ ਦੇ ਲਹੂ ਨਾਲ 'ਧਰਤੀ ਲਾਲ' ਹੋ ਜਾਂਦੀ ਹੈ।

ਪਾਕਿਸਤਾਨ ’ਚ ਵੀ ਚਮਕੀਲੇ ਵਰਗੇ ਪੇਂਡੂ ਫਨਕਾਰ ਹੋਏ ਹਨ, ਜਿਨ੍ਹਾਂ ਨੂੰ ਨਾ ਕੋਈ ਫਿਲਮ ਸਟੂਡੀਓ ’ਚ ਵੜਨ ਦਿੰਦਾ ਸੀ ਅਤੇ ਨਾ ਹੀ ਕੋਈ ਰੇਡੀਓ ਸਟੇਸ਼ਨ ’ਤੇ ਐਂਟਰੀ ਕਰਨ ਦਿੰਦਾ ਸੀ।

ਇਹ ਤਾਂ ਸ਼ੁਕਰ ਕਰੋ ਟੇਪ ਰਿਕਾਰਡਰ ਵਾਲੀ ਤਕਨਾਲੋਜੀ ਦਾ, ਜਦੋਂ ਟੇਪ ਰਿਕਾਰਡਰ ਆਏ ਤਾਂ ਉਨ੍ਹਾਂ ਨੇ ਆਪਣੇ ਯਾਰਾਂ ਨਾਲ ਬੈਠ ਕੇ ਗਾਣੇ ਲਿਖੇ, ਛੋਟੇ ਸ਼ਹਿਰਾਂ ’ਚ ਰਿਕਾਰਡ ਕੀਤੇ ਅਤੇ ਇਸੇ ਤਰ੍ਹਾਂ ਮਨਸੂਰ ਮਲੰਗੀ, ਅਤਾਉੱਲਾਹ ਇਸਾਖੇਲਵੀ, ਅੱਲ੍ਹਾਰਿਤਾ ਲੂਹਣੇ ਵਾਲਾ, ਇਨ੍ਹਾਂ ਵਰਗੇ ਫਨਕਾਰਾਂ ਦੇ ਗੀਤ ਸਾਡੀਆਂ ਬੱਸਾਂ ਅਤੇ ਟਰੱਕਾਂ ’ਤੇ ਲੱਗੇ ਟੇਪ ਰਿਕਾਰਡਰਾਂ ਨਾਲ ਪੂਰੇ ਮੁਲਕ ’ਚ ਛਾ ਗਏ।

ਪੇਂਡੂ ਕਲਚਰ ਸੜਕੋਂ ਸੜਕੀ ਸ਼ਹਿਰ ਅੱਪੜ ਗਿਆ ਅਤੇ ਸ਼ਹਿਰ ਵਾਲਿਆਂ ਨੇ ਵੀ ਉਸ ਨੂੰ ਫੋਕ (ਲੋਕ ਸੱਭਿਆਚਾਰ) ਕਲਚਰ ਕਹਿ ਕੇ ਮੰਨ ਲਿਆ। ਪਰ ਕਦੇ-ਕਦੇ ਇਸ ਦੀ ਸਫ਼ਾਈ ਦੀ ਜ਼ਿੰਮੇਵਾਰੀ ਵੀ ਨਹੀਂ ਛੱਡੀ।

ਇੱਥੇ ਪਾਕਿਸਤਾਨ ’ਚ ਵੀ ਗੰਦੇ ਕਲਚਰ ਨੂੰ ਸਾਫ ਕਰਨ ਲਈ ਕਈ ਚਮਕੀਲੀਆਂ ਮਾਰੀਆਂ ਗਈਆਂ ਹਨ। ਕ੍ਰਿਸ਼ਮਾ ਸ਼ਹਿਜ਼ਾਦੀ, ਗ਼ਜ਼ਾਲਾ ਜਾਵੇਦ , ਅਫ਼ਸਾਨਾ ਅਤੇ ਕਈ ਹੋਰ ਇਨ੍ਹਾਂ ਵਰਗੀਆਂ ਜਿਨ੍ਹਾਂ ਦੇ ਨਾਮ ’ਤੇ ਨਾ ਕੋਈ ਫ਼ਿਲਮ ਬਣੀ ਬਲਕਿ ਕਿਸੇ ਨੇ ਟੀਵੀ ’ਤੇ ਖ਼ਬਰ ਵੀ ਨਾ ਚਲਾਈ।

ਇਹ ਤਾਂ ਗੰਦੇ ਗਾਣੇ ਵੀ ਨਹੀਂ ਸਨ ਗਾਉਂਦੀਆਂ, ਇਨ੍ਹਾਂ ’ਤੇ ਇਲਜ਼ਾਮ ਇਹ ਸੀ ਕਿ ਜਨਾਨੀ ਵੀ ਹੈ ਅਤੇ ਗਾਉਂਦੀ ਵੀ ਹੈ।

ਸਵਾਤ ਦੀ ਸਿੰਗਰ ਸ਼ਬਾਨਾ ਨੂੰ ਮੰਗੋਰਾ ਦੇ ਵੱਡੇ ਚੌਂਕ ’ਚ ਤਾਲਿਬਾਨ ਨੇ ਗੋਲੀਆਂ ਮਾਰ ਕੇ ਮਾਰ ਸੁੱਟਿਆ ਅਤੇ ਨਾਲ ਉਸ ਦੇ ਉੱਤੇ ਉਸਦੇ ਗਾਣਿਆਂ ਦੀ ਟੇਪਾਂ ਅਤੇ ਸੀਡੀਆਂ ਵੀ ਸੁੱਟ ਦਿੱਤੀਆਂ। ਮੰਗੋਰਾ ਦੇ ਉਸ ਚੌਂਕ ਦਾ ਨਾਮ ਉਸ ਤੋਂ ਬਾਅਦ ਖੂਨੀ ਚੌਂਕ ਪੈ ਗਿਆ ਸੀ।

ਪਾਕਿਸਤਾਨ ’ਚ ਗੰਦੇ ਗਾਣੇ ਗਾਉਣ ਦਾ ਜ਼ਿਆਦਾਤਰ ਇਲਜ਼ਾਮ ਪੰਜਾਬੀ ਸਿੰਗਰ ਨਸੀਬੋ ਲਾਲ ’ਤੇ ਲੱਗਦਾ ਹੈ। ਉਨ੍ਹਾਂ ਨੇ ਕੁਝ ਚੰਗੇ-ਮੰਦੇ ਹਜ਼ਾਰਾਂ ਗਾਣੇ ਗਾ ਛੱਡੇ ਹਨ।

ਇਸ ਮਾਮਲੇ ’ਚ ਵੈਸੇ ਤਾਂ ਉਹ 'ਚਮਕੀਲੇ ਦੀ ਵੀ ਉਸਤਾਦ' ਹੀ ਹੈ। ਉਸ ਨੇ ਗਾਣੇ ਕੁਝ ਇਸ ਤਰ੍ਹਾਂ ਦੇ ਵੀ ਗਾਏ ਹਨ- ‘ਨਸੀਬ ਸਾਡੇ ਲਿਖੇ ਰੱਬ ਨੇ ਕੱਚੀ ਪੈਨਸਿਲ ਨਾਲ..’ ਪਰ ਲੋਕਾਂ ਨੂੰ ਯਾਦ ਉਹੀ ਰਹਿੰਦੇ ਹਨ, ਜਿਸ ’ਚ ਉਨ੍ਹਾਂ ਗਾਇਆ ਸੀ- ‘ਏਸਾ ਪਿਆਰ ਦੇ ਨੱਟ ਵਿੱਚ ਕੱਸਿਆ ਈ, ਮੈਂ ਕਦੇ ਜ਼ਰਾ ਨਾ ਸੱਜਣਾ ਹਿੱਲੀ ਵੇ…’।

ਨਸੀਬੋ ਲਾਲ ਅਕਸਰ ਹੀ ਕਹਿੰਦੀ ਹੁੰਦੀ ਹੈ ਕਿ ਗਾਣੇ ਲਿਖਣ ਵਾਲੇ ਮਰਦ, ਵਾਜੇ ਵਜਾਉਣ ਵਾਲੇ ਮਰਦ, ਸੁਣਨ ਵਾਲੇ ਵੀ ਮਰਦ ਤੇ ਗੰਦੀ ਕੱਲੀ ਨਸੀਬੋ ਲਾਲ।

ਸਾਡੇ ਦਿਲਾਂ ’ਚ ਠੰਡ ਉਦੋਂ ਪਈ ਜਦੋਂ ਪਾਕਿਸਤਾਨ ਦੀ ਵੱਡੀ ਅਤੇ ਸੂਫ਼ੀ ਸਿੰਗਰ ਆਬਿਦਾ ਪਰਵੀਨ ਅਤੇ ਨਸੀਬੋ ਲਾਲ ਇੱਕ ਗਾਣੇ ਲਈ ਇੱਕਠੀਆਂ ਹੋਈਆਂ।

ਆਬਿਦਾ ਪਰਵੀਨ ਦਾ ਇੰਨਾਂ ਉੱਚਾ ਰੁਤਬਾ ਹੈ ਕਿ ਪਾਕਿਸਤਾਨ ’ਚ ਉਨ੍ਹਾਂ ਨੂੰ ਹੁਣ ਲੋਕ ਸੂਫ਼ੀ ਪੀਰ ਹੀ ਸਮਝਦੇ ਹਨ। ਉਨ੍ਹਾਂ ਨੇ ਨਸੀਬੋ ਲਾਲ ਦੇ ਹੱਥ ਚੁੰਮੇ ਅਤੇ ਗਲੇ ਲਗਾ ਲਿਆ। ਸਭ ਤੋਂ ਚੰਗੀ ਅਤੇ ਸਭ ਤੋਂ ਗੰਦੀ ਭੈਣ ਨੇ ਰਲ ਕੇ ਗਾਣਾ ਗਾਇਆ 'ਤੂੰ ਝੂਮ' ਅਤੇ ਮੇਲਾ ਲੁੱਟ ਲਿਆ।

ਹੁਣ ਬਾਕੀ ਜਿਨ੍ਹਾਂ ਨੂੰ ਐਗਰੀਕਲਚਰ ਪਸੰਦ ਨਹੀਂ ਉਹ ਸੁੱਕੇ ਰਾਸ਼ਨ ’ਤੇ ਗੁਜ਼ਾਰਾ ਕਰਨ ਅਤੇ ਜੇਕਰ ਕਦੇ ਕੋਈ ਗੰਦਾ ਬੋਲ ਕੰਨੀ ਪੈ ਜਾਵੇ ਤਾਂ ਬੁੱਕਲ ਮਾਰ ਕੇ ਨਿਕਲ ਜਾਇਆ ਕਰਨ ਤੇ ਘਰ ਜਾ ਕੇ ‘ਇਨ ਆਂਖੋਂ ਕੀ ਮਸਤੀ ਕੇ ਦਿਵਾਨੇ ਹਜ਼ਾਰੋਂ ਹੈ…’ ਸੁਣ ਲਿਆ ਕਰਨ।

ਰੱਬ ਰਾਖਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)