You’re viewing a text-only version of this website that uses less data. View the main version of the website including all images and videos.
ਫਰਜ਼ੀ ਮੁਕਾਬਲੇ ਦੇ ਕੇਸ 'ਚ 33 ਸਾਲ ਬਾਅਦ ਇਨਸਾਫ਼, 2 ਸਾਬਕਾ ਪੁਲਿਸ ਮੁਲਾਜ਼ਮਾਂ ਨੂੰ ਉਮਰ ਕੈਦ, ਜਾਣੋ ਪੂਰਾ ਮਾਮਲਾ
- ਲੇਖਕ, ਮਯੰਕ ਮੋਂਗੀਆ
- ਰੋਲ, ਬੀਬੀਸੀ ਸਹਿਯੋਗੀ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 5 ਮਿੰਟ
ਮੁਹਾਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਮੰਗਲਵਾਰ ਨੂੰ ਇੱਕ ਫਰਜ਼ੀ ਮੁਕਾਬਲੇ ਦੇ ਮਾਮਲੇ ਵਿੱਚ ਦੋ ਸਾਬਕਾ ਪੁਲਿਸ ਮੁਲਾਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
ਅਦਾਲਤ ਨੇ ਸਾਬਕਾ ਸਟੇਸ਼ਨ ਹਾਊਸ ਅਧਿਕਾਰੀ (ਐੱਸਐੱਚਓ) 72 ਸਾਲਾ ਗੁਰਭਿੰਦਰ ਸਿੰਘ ਅਤੇ ਸਾਬਕਾ ਸਹਾਇਕ ਸਬ-ਇੰਸਪੈਕਟਰ (ਏਐੱਸਆਈ) 70 ਸਾਲਾ ਪੁਰਸ਼ੋਤਮ ਸਿੰਘ ਨੂੰ 1992 ਦੀ ਫਰਜ਼ੀ ਮੁਠਭੇੜ ਮਾਮਲੇ ਵਿੱਚ ਉਮਰ ਕੈਦ ਦੇ ਨਾਲ 2-2 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ।
ਇਸ ਮਾਮਲੇ ਵਿੱਚ ਕੁੱਲ 9 ਪੁਲਿਸ ਮੁਲਾਜ਼ਮਾਂ ਨੂੰ ਮੁਲਜ਼ਮ ਬਣਾਇਆ ਗਿਆ ਸੀ, ਜਿਨ੍ਹਾਂ ਵਿੱਚੋਂ 5 ਪੁਲਿਸ ਮੁਲਾਜ਼ਮਾਂ (ਹਰਭਜਨ ਸਿੰਘ, ਮਹਿੰਦਰ ਸਿੰਘ, ਪੁਰਸ਼ੋਤਮ ਲਾਲ, ਮੋਹਨ ਸਿੰਘ ਅਤੇ ਜੱਸਾ ਸਿੰਘ) ਦੀ ਮੌਤ ਹੋ ਚੁੱਕੀ ਹੈ।
1992 ਵਿੱਚ ਮਜੀਠਾ ਵਿੱਚ ਦੋ ਵਿਅਕਤੀਆਂ ਬਲਦੇਵ ਸਿੰਘ ਅਤੇ ਲਖਵਿੰਦਰ ਸਿੰਘ ਲੱਖਾ ਦੇ ਹੋਏ ਕਤਲ ਲਈ ਉਨ੍ਹਾਂ ਨੂੰ ਆਈਪੀਸੀ ਧਾਰਾ 302 ਦੇ ਨਾਲ 120ਬੀ ਤਹਿਤ ਦੋਸ਼ੀ ਠਹਿਰਾਇਆ ਗਿਆ।
ਅਦਾਲਤ ਨੇ ਸਾਬਕਾ ਡਿਪਟੀ ਸੁਪਰਡੈਂਟ ਆਫ਼ ਪੁਲਿਸ (ਡੀਐੱਸਪੀ) ਐੱਸਐੱਸ ਸਿੱਧੂ ਅਤੇ ਸਾਬਕਾ ਇੰਸਪੈਕਟਰ ਚਮਨ ਲਾਲ ਨੂੰ ਸ਼ੱਕ ਦਾ ਲਾਭ ਦਿੰਦੇ ਹੋਏ ਬਰੀ ਕਰ ਦਿੱਤਾ ਹੈ।
ਬਲਦੇਵ ਸਿੰਘ ਅਤੇ ਲਖਵਿੰਦਰ ਸਿੰਘ ਕੌਣ ਸਨ
ਬਲਦੇਵ ਸਿੰਘ ਭਾਰਤੀ ਫੌਜ ਵਿੱਚ ਲਾਂਸ ਨਾਇਕ ਵਜੋਂ ਸੇਵਾ ਨਿਭਾ ਰਹੇ ਸਨ ਅਤੇ ਛੁੱਟੀ 'ਤੇ ਘਰ ਆਏ ਹੋਏ ਸਨ।
ਉੱਥੇ ਹੀ ਲਖਵਿੰਦਰ ਸਿੰਘ ਇੱਕ ਕਿਸਾਨ ਸਨ। ਉਸ ਸਮੇਂ, ਪੁਲਿਸ ਨੇ ਦਾਅਵਾ ਕੀਤਾ ਸੀ ਕਿ ਦੋਵੇਂ ਲੋੜੀਂਦੇ ਅਪਰਾਧੀ ਸਨ ਅਤੇ ਕਤਲ, ਜਬਰਨ ਵਸੂਲੀ ਅਤੇ ਡਕੈਤੀ ਦੇ ਕਈ ਮਾਮਲਿਆਂ ਵਿੱਚ ਸ਼ਾਮਲ ਸਨ।
ਇਨ੍ਹਾਂ ਇਲਜ਼ਾਮਾਂ ਵਿੱਚ ਬੇਅੰਤ ਸਿੰਘ ਸਰਕਾਰ ਵਿੱਚ ਤਤਕਾਲੀ ਕੈਬਨਿਟ ਮੰਤਰੀ ਗੁਰਮੀਤ ਸਿੰਘ ਦੇ ਪੁੱਤਰ ਹਰਭਜਨ ਸਿੰਘ ਉਰਫ਼ ਸ਼ਿੰਡੀ ਦਾ ਕਤਲ ਵੀ ਸ਼ਾਮਲ ਸੀ।
ਪੰਜਾਬ ਪੁਲਿਸ ਵੱਲੋਂ ਲਾਵਾਰਿਸ ਲਾਸ਼ਾਂ ਦੇ ਵੱਡੇ ਪੱਧਰ 'ਤੇ ਸਸਕਾਰ ਸੰਬੰਧੀ ਸੁਪਰੀਮ ਕੋਰਟ ਦੇ ਹੁਕਮ ਤੋਂ ਬਾਅਦ 1995 ਵਿੱਚ ਸੀਬੀਆਈ ਨੇ ਜਾਂਚ ਆਪਣੇ ਹੱਥਾਂ ਵਿੱਚ ਲੈ ਲਈ ਸੀ।
ਆਪਣੀ ਜਾਂਚ ਦੌਰਾਨ, ਸੀਬੀਆਈ ਨੇ ਇਹ ਸਥਾਪਿਤ ਕੀਤਾ ਕਿ ਬਲਦੇਵ ਨੂੰ 6 ਸਤੰਬਰ, 1992 ਨੂੰ ਉਸ ਸਮੇਂ ਦੇ ਸਬ-ਇੰਸਪੈਕਟਰ ਮਹਿੰਦਰ ਸਿੰਘ ਅਤੇ ਛੇਹਰਟਾ ਦੇ ਤਤਕਾਲੀ ਐੱਸਐੱਚਓ ਹਰਭਜਨ ਸਿੰਘ ਦੀ ਅਗਵਾਈ ਵਾਲੀ ਇੱਕ ਪੁਲਿਸ ਟੀਮ ਨੇ ਬਾਸਰਕੇ ਭੈਣੀ ਪਿੰਡ ਸਥਿਤ ਉਨ੍ਹਾਂ ਦੇ ਘਰ ਤੋਂ ਚੁੱਕਿਆ ਸੀ।
ਇਸੇ ਤਰ੍ਹਾਂ, ਸੁਲਤਾਨਵਿੰਡ ਪਿੰਡ ਦੇ ਵਸਨੀਕ ਲਖਵਿੰਦਰ ਨੂੰ 12 ਸਤੰਬਰ, 1992 ਨੂੰ ਮਜੀਠਾ ਦੇ ਐੱਸਐੱਚਓ ਗੁਰਭਿੰਦਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਟੀਮ ਨੇ ਅੰਮ੍ਰਿਤਸਰ ਦੇ ਪ੍ਰੀਤ ਨਗਰ ਸਥਿਤ ਉਨ੍ਹਾਂ ਦੇ ਕਿਰਾਏ ਦੇ ਘਰ ਤੋਂ ਕੁਲਵੰਤ ਸਿੰਘ ਦੇ ਨਾਲ ਚੁੱਕਿਆ ਸੀ।
ਕੁਲਵੰਤ ਨੂੰ ਬਾਅਦ ਵਿੱਚ ਰਿਹਾਅ ਕਰ ਦਿੱਤਾ ਗਿਆ ਸੀ।
ʻਇਹ ਪੂਰਾ ਇਨਸਾਫ਼ ਨਹੀਂ ਹੈʼ
ਬਲਦੇਵ ਸਿੰਘ ਦੀ ਭੈਣ ਨੇ ਗੱਲ ਕਰਦਿਆਂ ਦੱਸਿਆ, "ਅਸੀਂ ਬਹੁਤ ਯਤਨ ਕੀਤੇ ਪਰ ਸਾਨੂੰ ਤਾਂ ਇਨ੍ਹਾਂ ਨੇ ਲਾਸ਼ ਵੀ ਨਹੀਂ ਦਿੱਤੀ। ਇਨ੍ਹਾਂ ਨੂੰ ਸਜ਼ਾ ਤਾਂ ਹੋ ਗਈ ਪਰ ਨਾਲਦਿਆਂ ਨੂੰ ਵੀ ਸਜ਼ਾ ਹੋਣੀ ਚਾਹੀਦੀ ਸੀ, ਜਿਨ੍ਹਾਂ ਉਸ ਨੂੰ ਘਰੋਂ ਚੁੱਕ ਕੇ ਲਿਆਂਦਾ।"
"ਛੱਤ ਤੋਂ ਉਤਾਰ ਲੈ ਕੇ ਗਏ ਸਨ, ਕਹਿੰਦੇ ਸਨ ਕਿ ਅਸੀਂ ਕਿਸੇ ਦਾ ਘਰ ਹੀ ਪੁੱਛਣਾ ਹੈ, ਅੱਧੇ ਘੰਟੇ ਤੱਕ ਛੱਡ ਦਿਆਂਗੇ। ਉਸ ਨੂੰ ਕੁੱਟਦੇ-ਮਾਰਦੇ ਰਹੇ ਅਤੇ 8 ਦਿਨ ਜੇਲ੍ਹ ਵਿੱਚ ਰੱਖਿਆ ਤੇ ਐਨਕਾਊਂਟਰ ਬਣਾ ਦਿੱਤਾ। ਪਤਾ ਨਹੀਂ ਉਨ੍ਹਾਂ ਨੇ ਮੇਰੇ ਵੀਰ ਨੂੰ ਪਾਣੀ ਵੀ ਦਿੱਤਾ ਕਿ ਨਹੀਂ। ਉਸ ਵੇਲੇ ਉਹ 25 ਸਾਲ ਦਾ ਸੀ।"
"ਸਾਡਾ ਤਾਂ ਘਰ ਉੱਜੜ ਗਿਆ। ਅਸੀਂ ਤਿੰਨ ਭੈਣਾਂ ਤੇ ਸਾਡਾ ਇੱਕੋ-ਇੱਕ ਵੀਰ ਸੀ। ਇੱਕ ਸਾਲ ਉਸ ਦੇ ਵਿਆਹ ਨੂੰ ਹੋਇਆ ਸੀ ਪਰ ਫਿਰ ਉਸ ਦੀ ਪਤਨੀ ਵੀ ਚਲੀ ਗਈ।"
ਲਖਵਿੰਦਰ ਸਿੰਘ ਦੇ ਭਰਾ ਨੇ ਦੱਸਿਆ ਕਿ ਉਸ ਵੇਲੇ ਉਨ੍ਹਾਂ ਦੇ ਭਰਾ ਦੀ ਉਮਰ 15-16 ਸਾਲ ਦੀ ਉਮਰ ਸੀ।
ਉਨ੍ਹਾਂ ਨੇ ਕਿਹਾ, "ਘਰੋਂ ਹੀ ਚੁੱਕ ਕੇ ਲੈ ਗਏ ਸਨ। ਸਾਨੂੰ ਤਾਂ ਕੁਝ ਵੀ ਪਤਾ ਨਹੀਂ ਲੱਗਾ, ਨਾ ਲਾਸ਼ ਸਾਨੂੰ ਦਿੱਤੀ। ਸਾਨੂੰ ਅਖ਼ਬਾਰ ਤੋਂ ਪਤਾ ਲੱਗਾ ਸੀ। ਸਾਰਿਆਂ ਨੂੰ ਬਰਾਬਰ ਦੀ ਸਜ਼ਾ ਮਿਲਣੀ ਚਾਹੀਦੀ ਸੀ। ਸਾਨੂੰ ਪੂਰਾ ਇਨਸਾਫ ਨਹੀਂ ਮਿਲਿਆ।"
ਵਕੀਲ ਨੇ ਕੀ ਕਿਹਾ
ਪੀੜਤ ਪੱਖ ਦੇ ਵਕੀਲ ਜਗਜੀਤ ਸਿੰਘ ਬਾਜਵਾ ਨੇ ਦੱਸਿਆ, "ਫੌਜ ਵਿੱਚੋਂ ਛੁੱਟੀ ਆਏ ਬਲਦੇਵ ਸਿੰਘ ਨੂੰ 6 ਸਤੰਬਰ, 1992 ਨੂੰ ਪੁਲਿਸ ਨੇ ਚੁੱਕ ਕੇ ਅਤੇ 8-9 ਦਿਨ ਗ਼ੈਰ-ਕਾਨੂੰਨੀ ਹਿਰਾਸਤ ਵਿੱਚ ਰੱਖ ਕੇ 13 ਸਤੰਬਰ, 1992 ਨੂੰ ਐਨਕਾਉਂਟਰ ਦਰਸਾ ਦਿੱਤਾ ਸੀ।"
ਉਨ੍ਹਾਂ ਨੇ ਅੱਗੇ ਦੱਸਿਆ, "ਲਖਵਿੰਦਰ ਸਿੰਘ ਸੁਲਤਾਨ ਵਿੰਡ ਦਾ ਰਹਿਣ ਵਾਲਾ ਸੀ ਪਰ ਪੁਲਿਸ ਦੇ ਡਰੋਂ ਕਿਰਾਏ ਦੇ ਮਕਾਨ ਵਿੱਚ ਨੰਗਲੀ ਰਹਿੰਦਾ ਸੀ। ਉੱਥੋਂ ਉਸ ਨੂੰ ਥਾਣਾ ਮਜੀਠਾ ਦੀ ਪੁਲਿਸ ਨੇ ਚੁੱਕ ਕੇ, ਦੋਵਾਂ ਦਾ ਇਕੱਠਿਆਂ ਝੂਠਾ ਪੁਲਿਸ ਮੁਕਾਬਲਾ 13 ਸਤੰਬਰ 1992 ਨੂੰ ਬਣਾ ਦਿੱਤਾ ਸੀ।"
ਵਕੀਲ ਮੁਤਾਬਕ, "ਪੁਲਿਸ ਨੇ ਕਹਾਣੀ ਇਹ ਬਣਾਈ ਸੀ ਕਿ ਬਲਦੇਵ ਸਿੰਘ ਤਤਕਾਲੀ ਬੇਅੰਤ ਸਿੰਘ ਸਰਕਾਰ ਵਿੱਚ ਐੱਮਐੱਲਏ ਦੇ ਬੇਟੇ ਦਾ ਕਾਤਲ ਹੈ। ਇਸ ਕੇਸ ਵਿੱਚ ਉਸ ਨੂੰ ਨਾਮਜ਼ਦ ਕਰ ਕੇ ਜਦੋਂ ਰਿਕਵਰੀ ਵਿਖਾਉਣ ਲਈ ਲੈ ਕੇ ਜਾ ਰਹੇ ਸਨ ਤਾਂ ਅਣਪਛਾਤੇ ਖਾੜਕੂਆਂ ਨੇ ਉਸ ʼਤੇ ਹਮਲਾ ਕਰ ਦਿੱਤਾ।"
"ਇਸ ਦੌਰਾਨ ਅਣਪਛਾਤਾ ਵਿਅਕਤੀ ਲਖਵਿੰਦਰ ਸਿੰਘ ਅਤੇ ਬਲਦੇਵ ਸਿੰਘ ਦੋਵੇਂ ਪੁਲਿਸ ਦੀ ਦੁਵੱਲੀ ਗੋਲੀਬਾਰੀ ਵਿੱਚ ਮਾਰੇ ਗਏ। ਬਲਦੇਵ ਸਿੰਘ ਨੇ ਉਸ ਵੇਲੇ ਜਖ਼ਮੀ ਹਾਲਤ ਵਿੱਚ ਦੂਜੇ ਵਿਅਕਤੀ ਲਖਵਿੰਦਰ ਸਿੰਘ ਪਛਾਣ ਕੀਤੀ ਸੀ।"
ਵਕੀਲ ਮੁਤਾਬਕ, "ਪੁਲਿਸ ਦੀ ਸਾਰੀ ਕਹਾਣੀ ਅਦਾਲਤ ਵਿੱਚ ਫੇਲ੍ਹ ਸਾਬਤ ਹੋ ਗਈ ਅਤੇ ਇਸ ਐਨਕਾਉਂਟਰ ਨੂੰ ਝੂਠਾ ਪਾਇਆ ਗਿਆ।"
ਜਗਜੀਤ ਸਿੰਘ ਨੇ ਕਿਹਾ, “ਤਰੱਕੀਆਂ ਲੈਣ ਦੀ ਪੁਲਿਸ ਵਾਲਿਆਂ ਵੱਲੋਂ ਨਜਾਇਜ਼ ਬੰਦੇ ਚੁੱਕੇ ਗਏ। ਅੱਜ 33 ਸਾਲਾਂ ਦੀ ਪਰਿਵਾਰ ਦੀ ਜੱਦੋਜਹਿਦ ਬਾਅਦ ਆਪਣੇ ਮੱਥੇ ʼਤੇ ਲੱਗਾ ਅੱਤਵਾਦੀ ਕਲੰਕ ਧੋ ਸਕੇ ਹਨ।”
"ਪਰ ਇਸ ਨੂੰ ਇਨਸਾਫ਼ ਨਹੀਂ ਗਿਣਿਆ ਜਾ ਸਕਦਾ ਕਿਉਂਕਿ ਇਨ੍ਹਾਂ ਬੱਚਿਆਂ ਦੇ ਮਾਪੇ, ਜਿਨ੍ਹਾਂ ਇਹ ਕੇਸ ਫਾਇਲ ਕੀਤੇ ਸਨ, ਉਹ ਕਈ ਸਾਲ ਪਹਿਲਾਂ ਇਸ ਦੁਨੀਆਂ ਤੋਂ ਚਲੇ ਗਏ ਹਨ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ