ਅੰਮ੍ਰਿਤਸਰ 'ਚ ਹਰਿਮੰਦਰ ਸਾਹਿਬ ਨੇੜੇ ਧਮਾਕਾ : ਘਟਨਾ ਦੇ ਕਥਿਤ ਮੁੱਖ ਮੁਲਜ਼ਮ ਬਾਰੇ ਹੁਣ ਤੱਕ ਕੀ-ਕੀ ਪਤਾ ਹੈ

ਪ੍ਰਕਾਸ਼ਿਤ

ਪੰਜਾਬ ਪੁਲਿਸ ਨੇ ਅੰਮ੍ਰਿਤਸਰ ਦੀ ਗਲਿਆਰੇ ਵਿੱਚ ਹੋਏ ਧਮਾਕਿਆਂ ਨਾਲ ਜੁੜੇ ਪੰਜ ਸ਼ੱਕੀ ਵਿਅਕਤੀਆਂ ਨੂੰ ਫੜ੍ਹਨ ਦਾ ਦਾਅਵਾ ਕੀਤਾ ਹੈ।

ਹਰਿਮੰਦਰ ਸਾਹਿਬ ਦੇ ਗਲਿਆਰੇ ਵਿੱਚ ਬੀਤੀ ਰਾਤ ਕਰੀਬ 12.30 ਵਜੇ ਧਮਾਕਾ ਇੱਕ ਹੋਰ ਧਮਾਕਾ ਹੋਇਆ ਸੀ।

ਪਿਛਲੇ 6 ਦਿਨਾਂ ਵਿੱਚ ਘੱਟ ਸਮਰੱਥਾ ਵਾਲਾ ਇਹ ਤੀਜਾ ਧਮਾਕਾ ਹੈ, ਇਸ ਵਿੱਚ ਵੀ ਕਿਸੇ ਦਾ ਜਾਨੀ ਨੁਕਸਾਨ ਹੋਣ ਦੀ ਖ਼ਬਰ ਨਹੀਂ ਹੈ।

ਇਸ ਤੋਂ ਪਹਿਲਾਂ ਐਸਜੀਪੀਸੀ ਵੱਲੋਂ ਸਾਂਝੀ ਕੀਤੀ ਸੀਸੀਟੀਵੀ ਫੁਟੇਜ ਵਿੱਚ ਦੋ ਸ਼ੱਕੀ ਵਿਅਕਤੀ ਦਿਖਾਈ ਦੇ ਰਹੇ ਹਨ। ਜਿਨ੍ਹਾਂ ਨੂੰ ਐਸਜੀਪੀਸੀ ਦੇ ਵਰਕਰ ਫੜ੍ਹ ਕੇ ਲੈ ਕੇ ਜਾਂਦੇ ਹੋਏ ਦਿਖਾਈ ਦੇ ਰਹੇ ਹਨ।

ਇਸ ਤੋਂ ਬਾਅਦ ਉਨ੍ਹਾਂ ਨੇ ਇਨ੍ਹਾਂ ਸ਼ੱਕੀ ਵਿਅਕਤੀਆਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ।

ਪੰਜਾਬ ਪੁਲਿਸ ਦੇ ਡੀਜੀਪੀ ਦੀ ਪ੍ਰੈਸ ਕਾਨਫਰੰਸ ਦੌਰਾਨ ਉੱਭਰੇ ਨੁਕਤੇ

ਕੌਣ ਫੜ੍ਹੇ ਗਏ :

ਅੰਮ੍ਰਿਤਸਰ ਵਿੱਚ ਹੋਏ ਬੰਬ ਧਮਾਕਿਆ ਬਾਰੇ ਪੰਜਾਬ ਦੇ ਡੀਜੀਪੀ ਨੇ ਕਿਹਾ ਹੈ ਕਿ ਇਸ ਮਾਮਲੇ ਵਿੱਚ 5 ਜਣੇ ਗ੍ਰਿਫ਼ਤਾਰ ਕੀਤੇ ਗਏ ਹਨ।

ਡੀਜੀਪੀ ਨੇ ਕਿਹਾ ਕਿ ਕਥਿਤ ਮੁਲਜ਼ਮਾਂ ਦੀ ਸ਼ਨਾਖਤ ਅਜ਼ਾਦਬੀਰ ਸਿੰਘ, ਅਮਰੀਕ ਸਿੰਘ, ਸਾਹਿਬਬੀਰ ਸਿੰਘ,ਧਰਮਿੰਦਰ ਸਿੰਘ ਅਤੇ ਹਰਜੀਤ ਸਿੰਘ ਵਜੋਂ ਹੋਈ ਹੈ।

ਅਜ਼ਾਦਬੀਰ ਸਿੰਘ ਅਤੇ ਅਮਰੀਕ ਸਿੰਘ ਇਸ ਕੇਸ ਦੇ ਮੁੱਖ ਮੁਲਜ਼ਮ ਦੱਸਿਆ ਗਿਆ ਹੈ।

ਪੁਲਿਸ ਮੁਤਾਬਕ ਇਨ੍ਹਾਂ ਦੇ ਨਾਲ ਇੱਕ ਮਹਿਲਾ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ, ਪਰ ਉਸ ਦੀ ਭੂਮਿਕਾ ਬਾਰੇ ਜਾਂਚ ਹੋ ਰਹੀ ਹੈ।

ਇਸ ਤੋਂ ਇਲਾਵਾ ਡੀਜੀਪੀ ਨੇ ਕਿਹਾ ਕਿ ਅਮਰੀਕ ਸਿੰਘ ਦੀ ਪਤਨੀ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਪਰ ਅਜੇ ਉਨ੍ਹਾਂ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।

ਕਿਸ ਦੀ ਕੀ ਭੂਮਿਕਾ

ਡੀਜੀਪੀ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਕਥਿਤ ਮੁਲਜ਼ਮਾਂ ਦਾ ਪੁਰਾਣਾ ਅਪਰਾਧਿਕ ਰਿਕਾਰਡ ਹੈ, ਪਰ ਇਹ ਕਿਸ ਜਥੇਬੰਦੀ ਨਾਲ ਸਬੰਧ ਹੈ, ਇਸ ਬਾਰੇ ਜਾਂਚ ਜਾਰੀ ਹੈ।

ਇਸ ਮਾਮਲੇ ਦੀ ਅਗਲੀ ਜਾਂਚ ਲਈ ਐੱਸਆਈਟੀ ਦਾ ਗਠਨ ਕੀਤਾ ਗਿਆ ਹੈ, ਜੋ ਸਾਜ਼ਿਸ਼ ਬਾਰੇ ਜਾਂਚ ਕਰੇਗੀ।

ਡੀਜੀਪੀ ਨੇ ਕਿਹਾ, ‘‘ ਇਨ੍ਹਾਂ ਨੇ ਮੰਨਿਆ ਹੈ ਕਿ ਇਹ ਤਿੰਨੇ ਧਮਾਕੇ ਇੰਨ੍ਹਾਂ ਨੇ ਹੀ ਕੀਤੇ ਹਨ, ਇਹ ਅਜ਼ਾਦ ਤੌਰ ਉੱਤੇ ਕੰਮ ਕਰਦੇ ਹਨ। ਆਈਈਡੀ ਨੂੰ ਅਜ਼ਾਦਬੀਰ ਤੇ ਅਮਰੀਕ ਨੇ ਰਾਮਦਾਸ ਸਰਾਂ ਵਿੱਚ ਬਣਾਇਆ ਸੀ।’’

ਧਮਾਕਾਖੇਜ਼ ਸਮੱਗਰੀ ਕਿੱਥੋਂ ਆਈ

ਡੀਜੀਪੀ ਨੇ ਦੱਸਿਆ ਕਿ ਧਮਾਕਾਖੇਜ਼ ਸਮੱਗਰੀ ਅਜ਼ਾਦਬੀਰ ਸਿੰਘ ਨੇ ਧਰਮਿੰਦਰ ਸਿੰਘ ਤੋਂ ਲਈ, ਜਿਸ ਨੂੰ ਇਹ ਸਾਹਿਬਬੀਰ ਰਾਹੀਂ ਹਰਜੀਤ ਸਿੰਘ ਤੋਂ ਲਿਆਏ ਸੀ, ਹਰਜੀਤ ਸਿੰਘ, ਜਿਸ ਕੋਲ ਪਟਾਕਿਆਂ ਦੀ ਸਮੱਗਰੀ ਦਾ ਲਾਇਸੰਸ ਹੈ ਤੇ ਉਹ ਰਾਜਸਥਾਨ ਦਾ ਰਹਿਣ ਵਾਲਾ ਹੈ।

ਕੀ ਬਰਾਮਦ ਹੋਇਆ

ਇਨ੍ਹਾਂ ਕੋਲੋ ਕਰੀਬ ਇੱਕ ਕਿਲੋਂ ਧਮਾਕਾਖੇਜ਼ ਸਮੱਗਰੀ ਬਰਾਮਦ ਕੀਤੀ ਗਈ ਹੈ।

2 ਐਨਰਜੀ ਡਰਿੰਕ ਅਤੇ ਟਿਫਨ ਵਿੱਚ 200 ਗਰਾਮ ਪਟਾਕਿਆਂ ਵਾਲੀ ਧਮਾਕਾਖੇਜ਼ ਸਮੱਗਰੀ ਬਰਾਮਦ ਕੀਤੀ ਗਈ ਸੀ।

ਕਿਵੇਂ ਸੰਭਵ ਹੋਈ ਗ੍ਰਿਫ਼ਤਾਰੀ

ਪੁਲਿਸ ਮੁਤਾਬਕ ਇਹ ਗ੍ਰਿਫ਼ਤਾਰੀਆਂ ਐੱਸਜੀਪੀਸੀ ਦੀ ਟਾਸਕ ਫੋਰਸ ਦੀ ਚੌਕਸੀ ਅਤੇ ਐੱਸਜੀਪੀਸੀ ਦੇ ਸਹਿਯੋਗ ਨਾਲ ਹੋਈਆਂ।

ਸੀਸੀਟੀਵੀ ਫੁਟੇਜ਼ ਅਤੇ ਪੁਲਿਸ ਦੀ ਵਿਗਿਆਨਕ ਤਰੀਕੇ ਨਾਲ ਜਾਂਚ ਦਾ ਨਤੀਜਾ ਹੈ। ਡੀਜੀਪੀ ਨੇ ਸ਼੍ਰੋਮਣੀ ਕਮੇਟੀ ਦਾ ਧੰਨਵਾਦ ਕੀਤਾ।

ਧਮਾਕੇ ਦੇ 'ਮੁੱਖ ਮੁਲਜ਼ਮ' ਬਾਰੇ ਕੀ ਪਤਾ ਹੈ

ਗੁਰਦਾਸਪੁਰ ਤੋਂ ਬੀਬੀਸੀ ਸਹਿਯੋਗੀ ਗੁਰਪ੍ਰੀਤ ਚਾਵਲਾ ਮੁਤਾਬਕ ਅੰਮ੍ਰਿਤਸਰ ਬੰਬ ਧਮਾਕੇ ਦਾ ਗ੍ਰਿਫ਼ਤਾਰ ਮੁਲਜ਼ਮ ਅਮਰੀਕ ਸਿੰਘ ਗੁਰਦਾਸਪੁਰ ਦੇ ਪਿੰਡ ਆਦੀਆਂ ਦਾ ਰਹਿਣ ਵਾਲਾ ਹੈ।

ਪਰਿਵਾਰ ਮੁਤਾਬਕ ਉਹ ਗੁਜਰਾਤ ਵਿੱਚ ਇੱਕ ਟਰੱਕ ਡਰਾਈਵਰ ਹੈ ਅਤੇ 27 ਫਰਵਰੀ ਨੂੰ ਆਖ਼ਰੀ ਵਾਰ ਘਰੋਂ ਗਿਆ ਸੀ। ਉਸ ਤੋਂ ਬਾਅਦ ਉਸ ਨਾਲ ਕੋਈ ਸੰਪਰਕ ਨਹੀਂ ਹੋਇਆ।

ਪਿਤਾ ਲਖਬੀਰ ਸਿੰਘ ਨੇ ਦੱਸਿਆ, "ਅਮਰੀਕ ਸਿੰਘ ਦਾ ਵਿਆਹ 8 ਜੂਨ 2022 ਨੂੰ ਪਿੰਡ ਪੁਰੋਵਾਲ ਕਰੀਆਂ ਵਾਸੀ ਮਨਦੀਪ ਕੌਰ ਨਾਲ ਹੋਇਆ ਸੀ।"

ਉਨ੍ਹਾਂ ਨੇ ਅੱਗੇ ਕਿਹਾ ਕਿ ਜੇਕਰ ਅਮਰੀਕ ਸਿੰਘ ਦਰਬਾਰ ਸਾਹਿਬ ਹੈਰੀਟੇਜ ਸਟਰੀਟ 'ਚ ਹੋਏ ਬੰਬ ਧਮਾਕੇ 'ਚ ਸ਼ਾਮਲ ਸੀ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।

ਲਖਬੀਰ ਮੁਤਾਬਕ ਉਨ੍ਹਾਂ ਨੂੰ ਵੀ ਉਦੋਂ ਹੀ ਪਤਾ ਲੱਗਾ ਜਦੋਂ ਪੁਲਿਸ ਉਨ੍ਹਾਂ ਦੇ ਘਰ ਆਈ ਅਤੇ ਵੱਡੇ ਬੇਟੇ ਪਲਵਿੰਦਰ ਸਿੰਘ ਨੂੰ ਦੋਰਾਂਗਲਾ ਥਾਣੇ ਚ ਪੁੱਛਗਿੱਛ ਲਈ ਹਿਰਾਸਤ ਵਿੱਚ ਲੈ ਲਈ।

ਕਿੱਥੇ ਹੋਇਆ ਤੀਜਾ ਧਮਾਕਾ

ਪਹਿਲੇ ਦੋ ਧਮਾਕੇ ਹਰਿਮੰਦਰ ਸਾਹਿਬ ਨੂੰ ਆਉਣ ਵਾਲੇ ਵਿਰਾਸਤੀ ਗਲਿਆਰੇ ਵਿੱਚ ਹੋਏ ਸਨ, ਪਰ ਇਹ ਧਮਾਕਾ ਕਰੀਬ ਡੇਢ ਕਿਲੋ ਮੀਟਰ ਦੂਰ ਹਰਿਮੰਦਰ ਸਾਹਿਬ ਗਲਿਆਰੇ ਵਿੱਚ ਗੁਰੂ ਰਾਮਦਾਸ ਸਰਾਂ ਦੇ ਪਿਛਲੇ ਪਾਸੇ ਹੋਇਆ ਹੈ।

ਮਾਮਲੇ ਬਾਰੇ ਮੁੱਢਲੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਨੇ ਦੱਸਿਆ ਸੀ, ''ਗੁਰੂ ਰਾਮ ਦਾਸ ਨਿਵਾਸ ਸਰਾਂ ਨੇੜੇ ਇੱਕ ਜ਼ੋਰਦਾਰ ਆਵਾਜ਼ ਸੁਣੀ ਗਈ ਸੀ।''

ਉਨ੍ਹਾਂ ਕਿਹਾ, ''ਸਾਨੂੰ ਰਾਤ ਲਗਭਗ 12:15- 12:30 ਵਜੇ ਦੇ ਨੇੜੇ ਸੂਚਨਾ ਮਿਲੀ ਸੀ ਕਿ ਇੱਥੇ ਜ਼ੋਰਦਾਰ ਆਵਾਜ਼ ਸੁਣਾਈ ਦਿਤੀ ਹੈ। ਇਮਾਰਤ ਦੇ ਪਿਛਲੇ ਪਾਸੇ ਸਾਨੂੰ ਕੁਝ ਟੁਕੜੇ ਮਿਲੇ ਹਨ, ਇਸ ਦੀ ਪੁਸ਼ਟੀ ਜਾਂਚ ਤੋਂ ਬਾਅਦ ਕੀਤੀ ਜਾਵੇਗੀ''

ਉਨ੍ਹਾਂ ਕਿਹਾ ਕਿ ਜਾਂਚ ਜਾਰੀ ਅਤੇ ਫ਼ੋਰੈਂਸਿੰਕ ਟੀਮਾਂ ਮੌਕੇ 'ਤੇ ਹਨ। ਧਮਾਕੇ ਵਾਲੇ ਥਾਂ ਨੂੰ ਪੁਲਿਸ ਨੇ ਸੀਲ ਕਰ ਦਿੱਤਾ ਗਿਆ ਹੈ।

ਕਿਵੇਂ ਹੋਈ ਸ਼ੱਕੀਆਂ ਦੀ ਸ਼ਨਾਖ਼ਤ

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ, ''ਲਗਾਤਾਰ ਘਟਨਾਵਾਂ ਵਾਪਰ ਰਹੀਆਂ ਹਨ। ਇਹ ਸਰਕਾਰ ਦੀ ਪੂਰੀ ਨਾਕਾਮੀ ਹੈ, ਇਸ ਘਟਨਾ ਨੂੰ ਰੋਕਿਆ ਜਾ ਸਕਦਾ ਸੀ।''

‘‘ਮੈਂ ਮਹਿਸੂਸ ਕਰਦਾ ਹਾਂ ਕਿ ਇਹ ਹਾਲਾਤ ਨੂੰ ਕਿਵੇਂ ਗੰਧਲਾ ਕਰਨ ਦੀ ਇੱਕ ਗਹਿਰੀ ਸਾਜ਼ਿਸ਼ ਹੈ। ਕੁਝ ਤਾਕਤਾਂ ਸਿਆਸੀ ਮੁਫਾਦਾਂ ਲਈ ਸਾਜ਼ਿਸ਼ਾਂ ਕਰਦੀਆਂ ਹਨ, ਮੈਂ ਇਸ ਘਟਨਾ ਦੀ ਸਖ਼ਤ ਨਿੰਦਾ ਕਰਦਾ ਹਾਂ।’’

''ਧਮਾਕੇ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੀ ਟੀਮ ਨੇ ਜਾਂਚ ਸ਼ੁਰੂ ਕੀਤੀ, ਜਿੱਥੇ ਧਮਾਕਾ ਹੋਇਆ, ਉਸ ਦੇ ਕਮਰੇ ਵਿੱਚ ਵਾਸ਼ਰੂਮ ਸੁੱਕਾ ਸੀ, ਬਾਹਰਲੇ ਪਾਸੇ ਕੁਝ ਕਾਗਜ਼ ਮਿਲੇ ਤੇ ਉਹ ਪੁਲਿਸ ਨੂੰ ਸੌਂਪੇ।''

''ਸ਼੍ਰੋਮਣੀ ਕਮੇਟੀ ਦੇ ਸੀਸੀਟੀਵੀ ਇੰਚਾਰਜ ਨੇ ਸ਼ੱਕੀ ਬੰਦੇ ਦੀ ਸ਼ਨਾਖ਼ਤ ਕੀਤੀ, ਇਸ ਨੂੰ ਸ਼੍ਰੋਮਣੀ ਕਮੇਟੀ ਦੇ ਸੁਰੱਖਿਆ ਦਸਤੇ ਨੇ ਫੜ ਲਿਆ ਅਤੇ ਜਦੋਂ ਪੁਲਿਸ ਪਹੁੰਚੀ ਅਤੇ ਉਨ੍ਹਾਂ ਹਵਾਲੇ ਕਰ ਦਿੱਤਾ।''

ਧਾਮੀ ਨੇ ਦੱਸਿਆ ਕਿ ਉਸ ਸ਼ੱਕੀ ਵਿਅਕਤੀ ਨਾਲ ਇੱਕ ਜੋੜਾ ਹੋਰ ਸੀ, ਜਿਸ ਨੂੰ ਕਾਬੂ ਕਰ ਲਿਆ ਗਿਆ ਅਤੇ ਤਿੰਨੇ ਜਣੇ ਹੁਣ ਪੁਲਿਸ ਹਿਰਾਸਤ ਵਿੱਚ ਹਨ। ਹੁਣ ਪੁਲਿਸ ਦੇਖਦੇ ਹਾਂ ਕਿ ਕੀ ਕਾਰਵਾਈ ਕਰਦੀ ਹੈ, ਉਸ ਤੋਂ ਬਾਅਦ ਅਗਲੀ ਗੱਲ ਦੇਖਾਂਗੇ।''

ਧਾਮੀ ਨੇ ਕਿਹਾ ਕਿ ''ਪੰਜਾਬ ਸਰਕਾਰ ਚੁੱਪ ਕਰਕੇ ਨਾ ਬੈਠੇ ਅਤੇ ਪੂਰੀ ਸਾਜ਼ਿਸ਼ ਨੂੰ ਨੰਗਾ ਕਰੇ। ਮੈਂ ਸੰਗਤਾਂ ਨੂੰ ਕਹਿੰਦਾ ਹਾਂ ਕਿ ਕਿਸੇ ਵੀ ਤਰ੍ਹਾਂ ਦੀ ਘਬਰਾਹਟ ਵਿੱਚ ਨਾ ਆਓ ਅਤੇ ਵਧ ਚੜ੍ਹ ਕੇ ਗੁਰੂ ਘਰ ਆਓ।''

6 ਦਿਨਾਂ ਵਿੱਚ ਤੀਜਾ ਧਮਾਕਾ

ਅੰਮ੍ਰਿਤਸਰ ਵਿੱਚ ਪਿਛਲੇ 6 ਦਿਨਾਂ ਵਿੱਚ ਇਹ ਤੀਜਾ ਧਮਾਕਾ ਹੈ। ਇਹ ਤਿੰਨੇ ਧਮਾਕੇ ਦਰਬਾਰ ਸਾਹਿਬ ਦੇ ਨੇੜੇ-ਤੇੜੇ ਵਾਲੇ ਇਲਾਕੇ ਵਿੱਚ ਹੀ ਹੋਏ ਹਨ।

ਪਹਿਲਾ ਧਮਾਕਾ 6 ਮਈ, ਸ਼ਨੀਵਾਰ ਨੂੰ ਵਿਰਸਾਤੀ ਗਲਿਆਰੇ ਵਿੱਚ ਹੋਇਆ ਸੀ।

ਘਟਨਾ ਸਥਾਨ ਉੱਤੇ ਪਹੁੰਚੇ ਸੀਨੀਅਰ ਪੁਲਿਸ ਅਫ਼ਸਰਾਂ ਨੇ ਕਿਹਾ ਸੀ ਕਿ ਇਹ ਧਮਾਕਾ ਹਲਵਾਈ ਦੀ ਦੁਕਾਨ ਦੀ ਚਿਮਨੀ ਦੇ ਗਰਮ ਹੋ ਕੇ ਸ਼ੀਸ਼ਾ ਟੁੱਟਣ ਨਾਲ ਹੋਇਆ ਸੀ।

ਪਰ ਸ਼ਾਮ ਤੱਕ ਪੁਲਿਸ ਨੂੰ ਕੁਝ ਸ਼ੱਕੀ ਕਿਸਮ ਦੇ ਸੁਰਾਗ ਹੱਥ ਲੱਗੇ ਸਨ ਅਤੇ ਇਸ ਦੀ ਜਾਂਚ ਲਈ ਮੁਹਾਲੀ ਤੋਂ ਮਾਹਰ ਟੀਮਾਂ ਬੁਲਾਈਆਂ ਗਈਆਂ ਸਨ।

ਇਸ ਧਮਾਕੇ ਵਿੱਚ ਇੱਕ ਵਿਅਕਤੀ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ।

ਦੂਸਰਾ ਧਮਾਕਾ 8 ਮਈ, ਸੋਮਵਾਰ ਨੂੰ ਹੋਇਆ ਅਤੇ ਇਹ ਵੀ ਵਿਰਾਸਤੀ ਗਲਿਆਰੇ ਵਿੱਚ ਹੀ ਹੋਇਆ।

ਇਹ ਧਮਾਕਾ ਵਿਰਾਸਤੀ ਗਲਿਆਰੇ ਵਿੱਚ ਸਾਰਾਗੜ੍ਹੀ ਪਾਰਕਿੰਗ ਨੇੜੇ ਹੋਇਆ ਸੀ।

ਉਸ ਵੇਲੇ ਮੌਕੇ 'ਤੇ ਪਹੁੰਚੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਇਹ ਦੋਵੇਂ ਧਮਾਕੇ ਘੱਟ ਸਮਰੱਥਾ ਵਾਲੇ ਸਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)