ਅੰਮ੍ਰਿਤਸਰ: ਗਲਿਆਰੇ ’ਚ ਹੋਏ ਧਮਾਕਿਆਂ ਦੇ ਚਸ਼ਮਦੀਦਾਂ ਨੇ ਕੀ ਕੁਝ ਵੇਖਿਆ

ਪ੍ਰਕਾਸ਼ਿਤ

ਪੰਜਾਬ ਦੇ ਪੁਲਿਸ ਮੁਖੀ ਗੌਰਵ ਯਾਦਵ ਨੇ ਅੰਮ੍ਰਿਤਸਰ ਵਿੱਚ ਹਰਿਮੰਦਰ ਸਾਹਿਬ ਨੇੜਲੇ ਵਿਰਾਸਤੀ ਗਲਿਆਰੇ ਵਿੱਚ ਸ਼ਨੀਵਾਰ ਰਾਤ ਅਤੇ ਸੋਮਵਾਰ ਸਵੇਰੇ ਦੋ ਘੱਟ ਸਮਰੱਥਾ ਵਾਲੇ ਧਮਾਕੇ ਹੋਣ ਦੀ ਪੁਸ਼ਟੀ ਕੀਤੀ ਹੈ।

ਵਿਰਾਸਤੀ ਗਲਿਆਰਾ ਅੰਮ੍ਰਿਤਸਰ ਵਿੱਚ ਇੱਕ ਪੁਰਾਣਾ ਰਸਤਾ ਹੈ, ਜਿਸ ਨੂੰ ਟਾਊਨ ਹਾਲ ਤੋਂ ਲੈ ਕੇ ਹਰਿਮੰਦਰ ਸਾਹਿਬ ਤੱਕ ਪੁਰਾਤਨ ਇਮਾਰਤੀ ਦਿੱਖ ਦਿੱਤੀ ਗਈ ਹੈ, ਇਸ ਵਿੱਚ ਸਿੱਖ ਇਤਿਹਾਸ, ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੇ ਹੋਏ ਬੁੱਤ ਵੀ ਲਗਾਏ ਗਏ ਹਨ। ਇਹ ਕਾਫੀ ਭੀੜ-ਭੜੱਕੇ ਵਾਲਾ ਖੇਤਰ ਹੈ।

ਸੋਮਵਾਰ ਸਵੇਰੇ ਕਰੀਬ 6 ਵਜੇ ਦੇ ਆਸ ਪਾਸ ਧਮਾਕੇ ਹੋਣ ਦੀਆਂ ਰਿਪੋਰਟਾਂ ਤੋਂ ਬਾਅਦ ਡੀਜੀਪੀ ਆਪ ਮੌਕਾ-ਏ-ਵਾਰਦਾਤ ਉੱਤੇ ਪਹੁੰਚੇ ਅਤੇ ਬਾਅਦ ਵਿੱਚ ਉਨ੍ਹਾਂ ਮੀਡੀਆ ਨਾਲ ਧਮਾਕਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ।

ਪੁਲਿਸ ਦਾ ਕਹਿਣਾ ਹੈ ਕਿ ਫਿਲਹਾਲ ਸਥਿਤੀ ਕਾਬੂ ਵਿੱਚ ਹੈ ਅਤੇ ਅੱਤਵਾਦ ਸਣੇ ਸਾਰੇ ਪੱਖ਼ਾਂ ਤੋਂ ਜਾਂਚ ਕੀਤੀ ਜਾ ਰਹੀ ਹੈ । ਇਸ ਧਮਾਕੇ ਵਿੱਚ ਅਜੇ ਤੱਕ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ।

'ਲਟਕਾਇਆ ਹੋਇਆ ਸੀ ਵਿਸਫੋਟਕ'- ਡੀਜੀਪੀ

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, ''ਅਮ੍ਰਿਤਸਰ ਵਿੱਚ ਦੋ ਧਮਾਕੇ ਹੋਏ ਹਨ, ਇੱਕ ਸ਼ਨੀਵਾਰ ਰਾਤ 11:30 ਦੇ ਨੇੜੇ ਤੇ ਇੱਕ ਸੋਮਵਾਰ ਨੂੰ ਸਵੇਰੇ। ਦੋਵੇਂ ਧਮਾਕਿਆਂ 'ਚ ਮੁਢਲੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਇਹ ਘੱਟ ਸਮਰੱਥਾ ਵਾਲੇ ਧਮਾਕੇ ਸਨ, ਜਿਹੜੇ ਕਿ ਉੱਪਰ, ਜਿੱਥੇ ਅਸੀਂ ਖੜ੍ਹੇ ਹਾਂ ਵਿਰਾਸਤੀ ਗਲਿਆਰੇ 'ਚ, ਉੱਥੇ ਹੋਏ ਹਨ।''

''ਸਾਡੀ ਫੋਰੈਂਸਿਕ ਟੀਮ ਮੌਕੇ 'ਤੇ ਮੌਜੂਦ ਹੈ। ਸਾਨੂੰ ਕੋਈ ਵੀ ਟ੍ਰਿਗਰਿੰਗ ਮੈਕੈਨਿਜ਼ਮ ਜਾਂ ਡੈਟੋਨੇਟਰ ਮੌਕੇ 'ਤੇ ਨਹੀਂ ਮਿਲਿਆ ਹੈ, ਜਿਸ ਦੀ ਮਦਦ ਨਾਲ ਧਮਾਕਾ ਕੀਤਾ ਗਿਆ ਹੋਵੇ।''

ਉਨ੍ਹਾਂ ਕਿਹਾ ਕਿ ''ਅਜਿਹਾ ਡਿਵਾਈਸ ਨਾ ਮਿਲਣ ਦਾ ਮਤਲਬ ਹੈ ਕਿ ਇਹ ਕੋਈ ਕਰੂਡ ਕਿਸਮ ਦਾ ਡਿਵਾਈਸ ਸੀ। ਅਸੀਂ ਇਸ ਦੀ ਗਹਿਰਾਈ ਨਾਲ ਜਾਂਚ ਕਰਾਂਗੇ। ਅਸੀਂ ਕੋਈ ਐਂਗਲ ਰੂਲ ਆਊਟ ਨਹੀਂ ਕਰ ਰਹੇ।''

''ਅਸੀਂ ਦੇਖਾਂਗੇ ਕਿ ਕੀ ਇਹ ਕਿਸੇ ਸ਼ਰਾਰਤੀ ਬੰਦੇ ਦੀ ਕਰਨੀ ਹੈ ਜਾਂ ਕੋਈ ਸੋਚਿਆ ਸਮਝਿਆ ਧਮਾਕਾ ਹੈ। ਜਾਂਚ 'ਚ ਅਸੀਂ ਹਰ ਪਹਿਲੂ ਨੂੰ ਜਾਂਚਾਂਗੇ ਕਿ ਇਹ ਕਿਵੇਂ ਹੋਇਆ।''

ਘਟਨਾ ਕਿਵੇਂ ਹੋਈ ਇਸ ਬਾਰੇ ਜਾਣਕਾਰੀ ਦਿੰਦਿਆਂ ਡੀਜੀਪੀ ਨੇ ਕਿਹਾ, ''ਵਿਰਾਸਤੀ ਸਟ੍ਰੀਟ ਵਿੱਚ ਵਿਸਫੋਟਕ ਉੱਪਰੋਂ ਹੇਠਾਂ ਵੱਲ ਨੂੰ ਲਟਕ ਰਿਹਾ ਸੀ। ਅਸੀਂ ਸੀਸੀਟੀਵੀ ਪੂਰੀ ਤਰ੍ਹਾਂ ਦੇਖ ਰਹੇ ਹਾਂ ਕਿ ਉਹ ਕਿਸੇ ਨੇ ਖਿੱਚ ਦਿੱਤਾ, ਉਹ ਹੇਠਾਂ ਡਿੱਗਿਆ ਤੇ ਤੇਜ਼ ਆਵਾਜ਼ ਵਾਲਾ ਧਮਾਕਾ ਹੋ ਗਿਆ।''

ਉਨ੍ਹਾਂ ਕਿਹਾ, ''ਪੰਜਾਬ ਪੁਲਿਸ ਪੂਰੀ ਤਰ੍ਹਾਂ ਸਮਰੱਥ ਹੈ। ਇੱਥੇ ਸਭ ਕੁਝ ਆਮ ਵਾਂਗ ਚੱਲ ਰਿਹਾ ਹੈ ਅਤੇ ਅਸੀਂ ਪੂਰੀ ਸ਼ਾਂਤੀ ਬਣਾ ਕੇ ਰੱਖਾਂਗੇ। ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ ਤੇ ਅਫ਼ਵਾਹਾਂ 'ਤੇ ਭਰੋਸਾ ਨਾ ਕਰੋ।''

ਚਸ਼ਮਦੀਦਾਂ ਨੇ ਕੀ ਦੱਸਿਆ

ਡੀਜੀਪੀ ਤੋਂ ਪਹਿਲਾਂ ਖ਼ਬਰ ਏਜੰਸੀ ਏਐਨਆਈ ਨਾਲ ਗੱਲ ਕਰਦਿਆਂ ਅਮ੍ਰਿਤਸਰ ਦੇ ਏਡੀਸੀਪੀ ਮਹਿਤਾਬ ਸਿੰਘ ਨੇ ਕਿਹਾ, ''ਅਸੀਂ ਜਾਂਚ ਕਰ ਰਹੇ ਹਾਂ। ਇੱਥੇ ਸਥਿਤੀ ਠੀਕ ਹੈ।''

''ਐਂਟੀ-ਸੈਬੋਟੇਜ, ਬੰਬ ਸਕੁਐਡ ਅਤੇ ਐਫਐਸਐਲ (ਫੋਰੈਂਸਿਕ) ਟੀਮਾਂ ਇੱਥੇ ਮੌਜੂਦ ਹਨ। ਇੱਕ ਵਿਅਕਤੀ ਨੂੰ ਲੱਤ ਵਿੱਚ ਮਾਮੂਲੀ ਸੱਟ ਲੱਗੀ ਹੈ।''

ਉਨ੍ਹਾਂ ਕਿਹਾ, ''ਜਾਂਚ ਤੋਂ ਬਾਅਦ ਹੀ ਅਸੀਂ ਦੱਸ ਸਕਾਂਗੇ ਕਿ ਇਹ ਸਭ ਕਿਵੇਂ ਵਾਪਰਿਆ।

ਪੁਲਿਸ ਮੁਤਾਬਕ, ਇਸ ਧਮਾਕੇ ਵਿੱਚ ਨੇੜੇ-ਤੇੜੇ ਦੀਆਂ ਕੁਝ ਇਮਾਰਤਾਂ ਦੇ ਸ਼ੀਸ਼ੇ ਵੀ ਟੁੱਟ ਗਏ ਹਨ।

ਅਜੇ ਤੱਕ ਧਮਾਕੇ ਪਿਛਲੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।

ਖ਼ਬਰ ਏਜੰਸੀ ਏਐਨਆਈ ਮੁਤਾਬਕ, ਧਮਾਕੇ ਵਾਲੀ ਥਾਂ ਦੇ ਨੇੜੇ ਹੀ ਸਫ਼ਾਈ ਕਰ ਰਹੇ ਇੱਕ ਸਫ਼ਾਈ ਕਰਮਚਾਰੀ ਨੇ ਦੱਸਿਆ, ''ਮੈਂ ਇੱਥੇ ਹੀ ਸਫ਼ਾਈ ਦਾ ਕੰਮ ਕਰਦਾ ਹਾਂ ਅਤੇ ਜਿਸ ਵੇਲੇ ਮੈਂ ਆਪਣਾ ਕੰਮ ਕਰ ਰਿਹਾ ਸੀ, ਮੈਂ ਇੱਕ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣੀ। ਮੈਂ ਦੇਖਿਆ ਕਿ ਉੱਥੇ ਬਹੁਤ ਧੂੰਆਂ ਸੀ।''

ਇੱਕ ਚਸ਼ਮਦੀਦ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਆਪਣੇ ਕਮਰੇ 'ਚ ਤਿਆਰ ਹੋ ਰਹੇ ਸਨ ਜਦੋਂ ਸਾਹਮਣੇ ਸੜਕ 'ਤੇ ਇੱਕ ਧਮਾਕਾ ਹੋਇਆ।

ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੇ ਬਾਹਰ ਆ ਕੇ ਦੇਖਿਆ ਤਾਂ ਬਾਹਰ ਕਾਫ਼ੀ ਧੂੰਆਂ ਸੀ 'ਤੇ ਇੱਕ-ਦੋ ਵਿਅਕਤੀ ਇੱਧਰ-ਉੱਧਰ ਭੱਜ ਗਏ।

ਸ਼ਨੀਵਾਰ ਰਾਤ ਨੂੰ ਵੀ ਹੋਇਆ ਸੀ ਧਮਾਕਾ

ਲੰਘੇ ਸ਼ਨੀਵਾਰ ਨੂੰ ਇਸੇ ਤਰ੍ਹਾਂ ਦਾ ਇੱਕ ਘੱਟ ਸਮਰੱਥਾ ਵਾਲਾ ਧਮਾਕਾ ਇਸੇ ਹੈਰੀਟੇਜ ਸਟ੍ਰੀਟ ਵਿੱਚ ਹੋਇਆ ਸੀ।

ਘਟਨਾ ਸਥਾਨ ਉੱਤੇ ਪਹੁੰਚੇ ਸੀਨੀਅਰ ਪੁਲਿਸ ਅਫ਼ਸਰਾਂ ਨੇ ਕਿਹਾ ਸੀ ਕਿ ਇਹ ਧਮਾਕਾ ਹਲਵਾਈ ਦੀ ਦੁਕਾਨ ਦੀ ਚਿਮਨੀ ਦੇ ਗਰਮ ਹੋ ਕੇ ਸ਼ੀਸ਼ਾ ਟੁੱਟਣ ਨਾਲ ਹੋਇਆ ਹੈ।

ਪਰ ਸ਼ਾਮ ਤੱਕ ਪੁਲਿਸ ਨੂੰ ਕੁਝ ਸ਼ੱਕੀ ਕਿਸਮ ਦੇ ਸੁਰਾਗ ਹੱਥ ਲੱਗੇ ਸਨ ਅਤੇ ਇਸ ਦੀ ਜਾਂਚ ਲਈ ਮੁਹਾਲੀ ਤੋਂ ਮਾਹਰ ਟੀਮਾਂ ਬੁਲਾਈਆਂ ਗਈਆਂ ਸਨ।

ਅਮ੍ਰਿਤਸਰ ਪੁਲਿਸ ਕਮਿਸ਼ਨਰ ਨੇ ਇੱਕ ਟਵੀਟ ਕਰਦਿਆਂ ਇਸ ਧਮਾਕੇ ਦੀ ਪੁਸ਼ਟੀ ਕੀਤੀ ਸੀ ਅਤੇ ਲਿਖਿਆ ਸੀ, ''ਅੰਮ੍ਰਿਤਸਰ 'ਚ ਧਮਾਕੇ ਨਾਲ ਜੁੜੀ ਇੱਕ ਖ਼ਬਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਸਥਿਤੀ ਕਾਬੂ ਹੇਠ ਹੈ।''

''ਘਟਨਾ ਦੇ ਤੱਥਾਂ ਨੂੰ ਪਤਾ ਕਰਨ ਲਈ ਜਾਂਚ ਜਾਰੀ ਹੈ ਅਤੇ ਘਬਰਾਉਣ ਦੀ ਕੋਈ ਲੋੜ ਨਹੀਂ ਹੈ।''

''ਨਾਗਰਿਕਾਂ ਨੂੰ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਦੀ ਅਪੀਲ ਕਰਦੇ ਹਾਂ, ਸੋਸ਼ਲ ਮੀਡਿਆ ਤੇ ਸਾਂਝਾ ਕਰਨ ਤੋਂ ਪਹਿਲਾਂ ਤੱਥਾਂ ਦੀ ਜਾਂਚ ਕਰੋ।''

ਖ਼ਬਰ ਏਜੰਸੀ ਪੀਟੀਆਈ ਦੀ ਰਿਪੋਰਟ ਮੁਤਾਬਕ, ਪੁਲਿਸ ਨੇ ਐਤਵਾਰ ਨੂੰ ਦੱਸਿਆ ਸੀ ਕਿ ਇੱਥੇ ਹਰਿਮੰਦਰ ਸਾਹਿਬ ਦੇ ਨੇੜੇ ਇੱਕ ਵਿਰਾਸਤੀ ਗਲਿਆਰੇ 'ਤੇ ਹੋਏ ਧਮਾਕੇ ਵਿੱਚ ਇੱਕ ਵਿਅਕਤੀ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਕੁਝ ਇਮਾਰਤਾਂ ਦੇ ਸ਼ੀਸ਼ੇ ਟੁੱਟ ਗਏ।

ਹਰਿਮੰਦਰ ਸਾਹਿਬ ਦੇ ਇੱਕ ਕਿਲੋਮੀਟਰ ਦੇ ਦਾਇਰੇ ਵਿੱਚ ਇਸ ਧਮਾਕੇ ਦੀ ਆਵਾਜ਼ ਸੁਣੀ ਗਈ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)