You’re viewing a text-only version of this website that uses less data. View the main version of the website including all images and videos.
ਪੈਨਿਸ ਫਿਲਰਜ਼: ਲਿੰਗ ਦਾ ਆਕਾਰ ਬਦਲਣ ਲਈ ਮਰਦ ਫਿਲਰਜ਼ ਕਿਉਂ ਕਰਵਾ ਰਹੇ, ਇਸ ਦੇ ਕੀ ਖ਼ਤਰੇ ਹੋ ਸਕਦੇ ਹਨ
- ਲੇਖਕ, ਜੇਮਸ ਗੈਲਾਘਰ
- ਰੋਲ, ਬੀਬੀਸੀ ਪੱਤਰਕਾਰ, ਬੀਬੀਸੀ ਰੇਡੀਓ 4
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 9 ਮਿੰਟ
ਜੇਸਨ "ਕੋਕ ਕੈਨ" ਨਹੀਂ ਚਾਹੁੰਦੇ ਸਨ। ਇਹ ਉਸ ਲਿੰਗ ਲਈ ਵਰਤਿਆ ਜਾਣ ਵਾਲਾ ਉਪਨਾਮ ਹੈ, ਜਿਸ ਨੂੰ ਇੰਨਾ ਜ਼ਿਆਦਾ ਫਿਲਰ ਲਗਾ ਕੇ ਵੱਡਾ ਕੀਤਾ ਗਿਆ ਹੋਵੇ ਕਿ ਉਹ ਛੋਟੇ ਜਿਹੇ ਡ੍ਰਿੰਕ ਕੈਨ ਵਰਗਾ ਦਿਖਾਈ ਦੇਣ ਲੱਗੇ।
ਮੈਨਚੈਸਟਰ ਵਿੱਚ ਜਦੋਂ ਮੈਂ ਉਨ੍ਹਾਂ ਨੂੰ ਮਿਲਿਆ ਤਾਂ ਜੇਸਨ ਮੈਨੂੰ ਦੱਸਦੇ ਹਨ, "ਕੁਝ ਲੋਕ ਸੱਚਮੁੱਚ ਹੱਦ ਤੋਂ ਬਹੁਤ ਜ਼ਿਆਦਾ ਅੱਗੇ ਚਲੇ ਜਾਂਦੇ ਹਨ।"
ਉਨ੍ਹਾਂ ਦੀ ਪ੍ਰਕਿਰਿਆ ਨਾਲ ਉਨ੍ਹਾਂ ਦੇ ਲਿੰਗ ਦੀ ਮੋਟਾਈ ਵਿੱਚ 16% ਦਾ ਵਾਧਾ ਹੋਇਆ, ਇੱਕ ਅਜਿਹੀ ਮਾਤਰਾ ਜਿਸ ਤੋਂ ਉਹ ਅਤੇ ਉਨ੍ਹਾਂ ਦੀ ਸਾਥੀ ਦੋਵੇਂ ਬਹੁਤ ਖੁਸ਼ ਹਨ। ਉਹ ਕਹਿੰਦੇ ਹਨ ਕਿ ਇਸ ਨਾਲ ਉਨ੍ਹਾਂ ਦਾ "ਆਤਮ-ਵਿਸ਼ਵਾਸ ਵਧਿਆ" ਹੈ।
ਜੇਸਨ ਦੱਸਦੇ ਹਨ, "ਸਭ ਕੁਝ ਪਹਿਲਾਂ ਵਾਂਗ ਆਮ ਤਰੀਕੇ ਨਾਲ ਕੰਮ ਕਰਦਾ ਹੈ। ਬੱਸ, ਮੋਟਾਈ ਵਿੱਚ ਥੋੜ੍ਹਾ ਜਿਹਾ ਹੋਰ ਵਾਧਾ ਹੋ ਗਿਆ ਹੈ।"
ਇਹ ਸਪੱਸ਼ਟ ਨਹੀਂ ਹੈ ਕਿ ਜੇਸਨ ਵਰਗੇ ਕਿੰਨੇ ਮਰਦ ਲਿੰਗ ਵਿੱਚ ਫਿਲਰ ਲਗਵਾ ਰਹੇ ਹਨ।
ਇਸ ਦੀ ਲੋਕਪ੍ਰਿਯਤਾ ਦਾ ਅੰਦਾਜ਼ਾ ਉਸ ਤਰ੍ਹਾਂ ਵੀ ਨਹੀਂ ਲਗਾਇਆ ਜਾ ਸਕਦਾ, ਜਿਵੇਂ ਸੜਕ 'ਤੇ ਤੁਰਦਿਆਂ ਚਿਹਰੇ ਜਾਂ ਹੋਠਾਂ 'ਤੇ ਲਗਾਏ ਜਾਣ ਵਾਲੇ ਫਿਲਰ ਦੀ ਵਧਦੀ ਵਰਤੋਂ ਨਜ਼ਰ ਆ ਸਕਦੀ ਹੈ।
ਇਸ ਖੇਤਰ ਵਿੱਚ ਨਿਯਮ ਵੀ ਬਹੁਤ ਘੱਟ ਹਨ ਅਤੇ ਇਸ ਪ੍ਰਕਿਰਿਆ ਦਾ ਕੋਈ ਅਧਿਕਾਰਤ ਰਿਕਾਰਡ ਵੀ ਨਹੀਂ ਹੈ, ਕਿਉਂਕਿ ਕੋਈ ਵੀ ਵਿਅਕਤੀ ਇਹ ਪ੍ਰਕਿਰਿਆ ਮੁਹੱਈਆ ਕਰਵਾਉਣੀ ਸ਼ੁਰੂ ਕਰ ਸਕਦਾ ਹੈ।
ਲਿੰਗ ਵਿੱਚ ਫਿਲਰ ਦਾ ਜ਼ਿਕਰ ਪਿਛਲੀਆਂ ਵਿੰਟਰ ਓਲੰਪਿਕ ਖੇਡਾਂ ਦੌਰਾਨ ਇੱਕ ਅਜੀਬ ਸਾਜ਼ਿਸ਼ੀ ਥਿਊਰੀ ਵਿੱਚ ਵੀ ਹੋਇਆ ਸੀ। ਅਫ਼ਵਾਹ ਸੀ ਕਿ ਪੁਰਸ਼ ਸਕੀ ਜੰਪਰ ਆਪਣੇ ਸੂਟ ਦੀ ਸਤ੍ਹਾ ਦਾ ਖੇਤਰਫਲ ਵਧਾਉਣ ਲਈ ਫਿਲਰ ਦੀ ਵਰਤੋਂ ਕਰ ਰਹੇ ਹਨ, ਤਾਂ ਜੋ ਉਹ ਹੋਰ ਦੂਰ ਤੱਕ ਛਾਲ ਮਾਰ ਸਕਣ।
ਹਾਲਾਂਕਿ, ਕੁਝ ਮਰਦਾਂ ਨੂੰ ਗ਼ਲਤ ਤਰੀਕੇ ਨਾਲ ਕੀਤੀ ਗਈ ਪ੍ਰਕਿਰਿਆ ਤੋਂ ਬਾਅਦ ਹਸਪਤਾਲ ਦੇ ਐਮਰਜੈਂਸੀ ਵਿਭਾਗ ਤੱਕ ਪਹੁੰਚਣਾ ਪਿਆ।
ਕੁਝ ਮਾਮਲਿਆਂ ਵਿੱਚ ਲਿੰਗ ਕਾਲਾ ਪੈ ਗਿਆ ਅਤੇ ਚਮੜੀ "ਝੜਨ" ਲੱਗੀ। ਬ੍ਰਿਟਿਸ਼ ਐਸੋਸੀਏਸ਼ਨ ਆਫ ਯੂਰੋਲੌਜੀਕਲ ਸਰਜਨਜ਼ ਨੇ ਵੀ ਮਰਦਾਂ ਨੂੰ ਅਜਿਹੀਆਂ ਪ੍ਰਕਿਰਿਆਵਾਂ ਕਰਵਾਉਣ ਸਬੰਧੀ ਚੇਤਾਵਨੀ ਜਾਰੀ ਕੀਤੀ ਹੈ।
ਮਰਦ ਇਹ ਪ੍ਰਕਿਰਿਆ ਕਿਉਂ ਕਰਵਾ ਰਹੇ ਹਨ ਅਤੇ ਇਸ ਦੇ ਕੀ ਖ਼ਤਰੇ ਹਨ?
ਜੇਸਨ ਨੇ ਸਾਨੂੰ ਆਪਣਾ ਨਾਂ ਗੁਪਤ ਰੱਖਦਿਆਂ ਖੁੱਲ੍ਹ ਕੇ ਦੱਸਿਆ ਕਿ ਉਨ੍ਹਾਂ ਨੇ ਲਿੰਗ ਵਿੱਚ ਫਿਲਰ ਲਗਵਾਉਣ ਦਾ ਫ਼ੈਸਲਾ ਕਿਉਂ ਲਿਆ।
ਉਹ ਆਪਣੇ ਲਿੰਗ ਦੀ ਲੰਬਾਈ ਤੋਂ ਸੰਤੁਸ਼ਟ ਸਨ, ਪਰ ਉਹ "ਥੋੜ੍ਹੀ ਹੋਰ ਸਮਰੂਪਤਾ" ਅਤੇ ਮੋਟਾਈ ਚਾਹੁੰਦੇ ਸਨ, ਤਾਂ ਜੋ "ਇਹ ਹੋਰ ਸੁੰਦਰ ਅਤੇ ਸੰਤੁਲਿਤ ਦਿਖਾਈ ਦੇਵੇ।"
ਜੇਸਨ ਕਹਿੰਦੇ ਹਨ, "ਜੇ ਤੁਹਾਨੂੰ ਲੱਗਦਾ ਹੈ ਕਿ ਇਸ ਵਿੱਚ ਥੋੜ੍ਹੀ ਕਮੀ ਹੈ, ਤਾਂ ਫਿਰ ਕਿਉਂ ਨਾ ਕਰਵਾਇਆ ਜਾਵੇ?"
ਉਨ੍ਹਾਂ ਨੇ ਲਗਭਗ ਇੱਕ ਸਾਲ ਤੱਕ ਵੱਖ-ਵੱਖ ਬਦਲਾਂ ਬਾਰੇ ਸੋਚਿਆ ਅਤੇ ਸਰਜਰੀ ਕਰਵਾਉਣ ਦਾ ਬਦਲ ਛੱਡ ਦਿੱਤਾ।
ਉਨ੍ਹਾਂ ਨੇ ਹਾਈਲੂਰੋਨਿਕ ਐਸਿਡ ਨਾਮ ਦਾ ਫਿਲਰ ਚੁਣਿਆ, ਜੋ ਅਸਥਾਈ ਹੁੰਦਾ ਹੈ। ਇਸ ਲਈ ਉਨ੍ਹਾਂ ਨੂੰ ਪਤਾ ਸੀ ਕਿ ਜੇਕਰ ਉਨ੍ਹਾਂ ਨੂੰ ਇਸ ਦੀ ਦਿੱਖ ਪਸੰਦ ਨਾ ਆਈ ਤਾਂ ਇਹ "ਆਖ਼ਿਰਕਾਰ ਆਪਣੇ ਆਪ ਘੁਲ ਜਾਵੇਗਾ।"
ਜੇਸਨ ਕਹਿੰਦੇ ਹਨ ਕਿ ਉਨ੍ਹਾਂ ਦਾ ਮਕਸਦ ਆਪਣੇ ਆਪ ਨੂੰ ਕਿਸੇ ਬਹੁਤ ਜ਼ਿਆਦਾ ਦਬਦਬੇ ਵਾਲੇ ਮਰਦ ਵਜੋਂ ਦਿਖਾਉਣਾ ਨਹੀਂ ਸੀ।
ਉਹ ਕਹਿੰਦੇ ਹਨ, "ਮੈਂ ਇਸ ਗੱਲ ਨਾਲ ਸਹਿਮਤ ਨਹੀਂ ਕਿ 'ਤੁਹਾਡਾ ਲਿੰਗ ਜਿੰਨਾ ਵੱਡਾ ਹੈ, ਤੁਸੀਂ ਓਨੇ ਹੀ ਵੱਡੇ ਮਰਦ ਹੋ।'"
ਇਸ ਦੀ ਬਜਾਏ ਉਨ੍ਹਾਂ ਦਾ ਕਹਿਣਾ ਹੈ ਕਿ ਮਰਦਾਂ ਦੀ ਖੂਬਸੂਰਤੀ ਅਤੇ ਸਰੀਰਕ ਦਿੱਖ ਨੂੰ ਲੈ ਕੇ ਸਮਾਜ ਦੀਆਂ ਉਮੀਦਾਂ ਬਦਲ ਗਈਆਂ ਹਨ।
"ਸਿਰਫ਼ ਔਰਤਾਂ ਨੂੰ ਹੀ ਆਪਣੇ ਆਪ ਨੂੰ ਬਦਲਦੇ ਰਹਿਣ ਦੀ ਲੋੜ ਨਹੀਂ ਹੈ, ਮਰਦਾਂ ਨੂੰ ਵੀ ਇਸ ਦੌੜ ਵਿੱਚ ਬਣੇ ਰਹਿਣਾ ਪੈਂਦਾ ਹੈ।"
ਉਹ ਕਹਿੰਦੇ ਹਨ, "ਇਹ ਅਸਲ ਵਿੱਚ ਸਮਾਜ ਦੇ ਬਦਲਣ ਦੀ ਗੱਲ ਹੈ। ਮੇਰਾ ਮੰਨਣਾ ਹੈ ਕਿ ਮੀਡੀਆ ਜਿਸ ਤਰ੍ਹਾਂ ਹਰ ਚੀਜ਼ ਨੂੰ ਪੇਸ਼ ਕਰਦਾ ਹੈ, ਉਸ ਦਾ ਹੁਣ ਸਾਡੀ ਰੋਜ਼ਾਨਾ ਜ਼ਿੰਦਗੀ 'ਤੇ ਬਹੁਤ ਵੱਡਾ ਪ੍ਰਭਾਵ ਹੈ।"
"ਅਜਿਹਾ ਲੱਗਦਾ ਹੈ ਕਿ ਤੁਸੀਂ ਕਿਤੇ ਵੀ ਜਾਓ, ਤੁਹਾਨੂੰ ਕੋਈ ਨਾ ਕੋਈ ਅਜਿਹਾ ਵਿਅਕਤੀ ਦਿਖਾਈ ਦੇ ਜਾਂਦਾ ਹੈ ਜੋ ਬਿਲਕੁਲ ਤਸਵੀਰ ਵਰਗਾ ਸੰਪੂਰਨ ਲੱਗਦਾ ਹੈ।"
ਕੀ ਹੈ ਇਸ ਦੀ ਪ੍ਰਕਿਰਿਆ
ਲਿੰਗ ਦਾ ਆਕਾਰ ਵਧਾਉਣ ਦੀਆਂ ਸੇਵਾਵਾਂ ਦੇਣ ਵਾਲੇ ਕਲੀਨਿਕਾਂ ਦੀਆਂ ਵੈੱਬਸਾਈਟਾਂ ਦੇਖਣ 'ਤੇ ਵੀ ਇਹ ਗੱਲ ਨਜ਼ਰ ਆਉਂਦੀ ਹੈ। ਇਨ੍ਹਾਂ ਵਿੱਚੋਂ ਕੁਝ ਲੋਕਾਂ ਨੂੰ ਸਿੱਧੇ ਸਵਾਲ ਪੁੱਛਦੇ ਹਨ, ਜਿਵੇਂ, "ਕੀ ਤੁਸੀਂ ਆਪਣੇ ਲਿੰਗ ਦੇ ਆਕਾਰ ਨੂੰ ਲੈ ਕੇ ਸ਼ਰਮਿੰਦਗੀ ਮਹਿਸੂਸ ਕਰਦੇ ਹੋ?"
ਲਿੰਗ ਦਾ ਆਕਾਰ ਜਾਂ ਮੋਟਾਈ ਵਧਾਉਣ ਲਈ ਕਈ ਤਰ੍ਹਾਂ ਦੇ ਬਦਲ ਮੌਜੂਦ ਹਨ। ਇਨ੍ਹਾਂ ਵਿੱਚ ਸਰਜਰੀ ਅਤੇ ਬਿਨਾਂ ਸਰਜਰੀ ਵਾਲੀਆਂ ਤਕਨੀਕਾਂ ਸ਼ਾਮਲ ਹਨ। ਇਸ ਤੋਂ ਇਲਾਵਾ, ਲਿੰਗ ਵਿੱਚ ਵੱਖ-ਵੱਖ ਕਿਸਮਾਂ ਦੇ ਪਦਾਰਥ ਵੀ ਪਾਏ (ਇੰਜੈਕਟ) ਜਾ ਸਕਦੇ ਹਨ।
ਇਨ੍ਹਾਂ ਵਿੱਚੋਂ ਸਭ ਤੋਂ ਆਮ ਤਰੀਕਾ ਜੈੱਲ ਵਰਗੇ ਪਦਾਰਥ ਹਾਈਲੂਰੋਨਿਕ ਐਸਿਡ ਨੂੰ ਇੰਜੈਕਟ ਕਰਨਾ ਹੈ। ਇਹ ਉਹੀ ਮੁੱਖ ਪਦਾਰਥ ਹੈ ਜੋ ਹੋਠਾਂ ਦੇ ਫਿਲਰ ਵਿੱਚ ਵੀ ਵਰਤਿਆ ਜਾਂਦਾ ਹੈ।
ਹਾਈਲੂਰੋਨਿਕ ਐਸਿਡ ਸਰੀਰ ਵਿੱਚ ਕੁਦਰਤੀ ਤੌਰ 'ਤੇ ਪਾਇਆ ਜਾਣ ਵਾਲਾ ਇੱਕ ਸ਼ੂਗਰ ਮੌਲੀਕਿਊਲ ਹੈ। ਇਸ ਨੂੰ "ਨਮੀ ਖਿੱਚਣ ਵਾਲਾ" ਪਦਾਰਥ ਵੀ ਕਿਹਾ ਜਾਂਦਾ ਹੈ, ਕਿਉਂਕਿ ਇਹ ਪਾਣੀ ਨੂੰ ਆਪਣੇ ਨਾਲ ਜੋੜ ਕੇ ਰੱਖਦਾ ਹੈ।
ਡਾ. ਜਾਵੇਦ ਹੁਸੈਨ ਗ੍ਰੇਟਰ ਮੈਨਚੈਸਟਰ ਦੇ ਪ੍ਰੈਸਟਵਿਚ ਸਥਿਤ ਆਪਣੇ ਕਲੀਨਿਕ ਵਿੱਚ ਇੱਕ ਸਾਲ ਤੋਂ ਵੱਧ ਸਮੇਂ ਤੋਂ ਲਿੰਗ ਵਿੱਚ ਫਿਲਰ ਲਗਾਉਣ ਦੀ ਪ੍ਰਕਿਰਿਆ ਕਰ ਰਹੇ ਹਨ।
ਹੁਸੈਨ ਨੇ ਕਾਸਮੈਟਿਕ ਪ੍ਰਕਿਰਿਆਵਾਂ ਦੇ ਖੇਤਰ ਵਿੱਚ ਆਉਣ ਤੋਂ ਪਹਿਲਾਂ ਡਾਕਟਰੀ ਸਿੱਖਿਆ ਹਾਸਲ ਕੀਤੀ ਸੀ। ਹਾਲਾਂਕਿ, ਲਿੰਗ ਵਿੱਚ ਫਿਲਰ ਲਗਾਉਣ ਲਈ ਕਾਨੂੰਨੀ ਤੌਰ 'ਤੇ ਕਿਸੇ ਡਾਕਟਰੀ ਸਿਖਲਾਈ ਦੀ ਲਾਜ਼ਮੀ ਲੋੜ ਨਹੀਂ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਇਸ ਪ੍ਰਕਿਰਿਆ ਦੀ ਮੰਗ ਵਧ ਰਹੀ ਹੈ। ਉਨ੍ਹਾਂ ਕੋਲ ਹਰ ਉਮਰ ਦੇ ਮਰਦ ਆਏ ਹਨ, ਕੁਝ 20 ਸਾਲ ਦੀ ਉਮਰ ਦੇ ਵਿਚਕਾਰ ਹਨ, ਜਦਕਿ ਉਨ੍ਹਾਂ ਦਾ ਸਭ ਤੋਂ ਵੱਧ ਉਮਰ ਵਾਲਾ ਗਾਹਕ 72 ਸਾਲ ਦਾ ਹੈ।
ਪ੍ਰਕਿਰਿਆ ਸ਼ੁਰੂ ਕਰਨ ਤੋਂ ਪਹਿਲਾਂ ਮਰੀਜ਼ ਦੀ ਸਿਹਤ, ਇਹ ਪ੍ਰਕਿਰਿਆ ਕਰਵਾਉਣ ਦੇ ਕਾਰਨ, ਨਤੀਜੇ ਤੋਂ ਉਸ ਦੀਆਂ ਉਮੀਦਾਂ ਅਤੇ ਇਸ ਨਾਲ ਜੁੜੇ ਖ਼ਤਰਿਆਂ ਬਾਰੇ ਵਿਸਥਾਰ ਨਾਲ ਗੱਲਬਾਤ ਕੀਤੀ ਜਾਂਦੀ ਹੈ।
ਪ੍ਰਕਿਰਿਆ ਵਾਲੇ ਦਿਨ ਲਿੰਗ ਵਿੱਚ ਹਾਈਲੂਰੋਨਿਕ ਐਸਿਡ ਤਿੰਨ ਥਾਵਾਂ 'ਤੇ ਇੰਜੈਕਟ ਕੀਤਾ ਜਾਂਦਾ ਹੈ, ਉੱਪਰ ਅਤੇ ਦੋਵੇਂ ਪਾਸਿਆਂ ਤੋਂ। ਹਾਈਲੂਰੋਨਿਕ ਐਸਿਡ ਫਿਲਰ ਇੱਕ ਪਤਲੀ ਟਿਊਬ (ਕੈਨੂਲਾ) ਰਾਹੀਂ ਲਿੰਗ ਦੇ ਅਧਾਰ 'ਤੇ ਦਾਖ਼ਲ ਕੀਤਾ ਜਾਂਦਾ ਹੈ ਅਤੇ ਇਸ ਨੂੰ ਲਿੰਗ ਦੀ ਪੂਰੀ ਲੰਬਾਈ ਦੇ ਨਾਲ ਅੱਗੇ ਪਹੁੰਚਾਇਆ ਜਾਂਦਾ ਹੈ।
ਇਸ ਤੋਂ ਬਾਅਦ ਫਿਲਰ ਨੂੰ ਹੱਥ ਨਾਲ ਮਸਾਜ ਕਰਕੇ ਸਮਾਨ ਰੂਪ ਵਿੱਚ ਫੈਲਾਇਆ ਜਾਂਦਾ ਹੈ, ਤਾਂ ਜੋ ਦਿੱਖ ਇਕਸਾਰ ਰਹੇ। ਮਰੀਜ਼ ਨੂੰ ਘਰ ਜਾਣ ਤੋਂ ਬਾਅਦ ਵੀ ਇਹ ਮਸਾਜ ਜਾਰੀ ਰੱਖਣ ਲਈ ਕਿਹਾ ਜਾਂਦਾ ਹੈ।
ਇਸ ਨਾਲ ਜੁੜੇ ਖ਼ਤਰੇ
ਹੁਸੈਨ ਦੇ ਮੁਤਾਬਕ, ਇਸ ਪ੍ਰਕਿਰਿਆ 'ਤੇ 3,500 ਪੌਂਡ ਤੱਕ ਖਰਚਾ ਆ ਸਕਦਾ ਹੈ ਅਤੇ ਮਰਦਾਂ ਨੂੰ ਅਗਲੇ ਛੇ ਤੋਂ ਨੌਂ ਮਹੀਨਿਆਂ ਤੱਕ ਲਿੰਗ ਦੀ ਮੋਟਾਈ ਵਿੱਚ 10 ਤੋਂ 20 ਫੀਸਦੀ ਵਾਧੇ ਦੀ ਉਮੀਦ ਰੱਖਣੀ ਚਾਹੀਦੀ ਹੈ।
ਪਰ ਇਸ ਦੇ ਕੁਝ ਖ਼ਤਰੇ ਵੀ ਹਨ। ਇਨ੍ਹਾਂ ਵਿੱਚ ਹਲਕੇ ਖ਼ਤਰੇ ਜਿਵੇਂ ਦਰਦ, ਸੋਜ, ਨੀਲ ਪੈਣਾ ਅਤੇ ਫਿਲਰ ਦਾ ਅਸਮਾਨ ਰੂਪ ਵਿੱਚ ਫੈਲਣਾ ਸ਼ਾਮਲ ਹਨ।
ਇਸ ਤੋਂ ਇਲਾਵਾ ਇਨਫੈਕਸ਼ਨ ਵਰਗੇ ਗੰਭੀਰ ਖ਼ਤਰੇ ਵੀ ਹੋ ਸਕਦੇ ਹਨ। ਇਹ ਖ਼ਤਰੇ ਫਿਲਰ ਦੀ ਵਰਤੋਂ ਵਾਲੀਆਂ ਸਾਰੀਆਂ ਪ੍ਰਕਿਰਿਆਵਾਂ ਨਾਲ ਜੁੜੇ ਹੁੰਦੇ ਹਨ।
ਹਾਲਾਂਕਿ, ਲਿੰਗ ਦੀਆਂ ਉਨ੍ਹਾਂ ਮਹੱਤਵਪੂਰਨ ਬਣਤਰਾਂ ਅਤੇ ਖੂਨ ਦੀਆਂ ਨਾੜੀਆਂ ਨੂੰ ਨੁਕਸਾਨ ਪਹੁੰਚਣ ਦਾ ਵੀ ਖ਼ਤਰਾ ਹੁੰਦਾ ਹੈ, ਜੋ ਇਰੇਕਸ਼ਨ ਲਈ ਜ਼ਰੂਰੀ ਹਨ।
ਜਦੋਂ ਹੁਸੈਨ ਤੋਂ ਪੁੱਛਿਆ ਗਿਆ ਕਿ ਜਦੋਂ ਸਰਜਨ ਇਸ ਪ੍ਰਕਿਰਿਆ ਨੂੰ ਲੈ ਕੇ ਚਿੰਤਾ ਜ਼ਾਹਰ ਕਰਦੇ ਹਨ ਤਾਂ ਉਹ ਇਹ ਕੰਮ ਕਰਨ ਵਿੱਚ ਆਪਣੇ ਆਪ ਨੂੰ ਸਹਿਜ ਕਿਉਂ ਮਹਿਸੂਸ ਕਰਦੇ ਹਨ, ਤਾਂ ਉਨ੍ਹਾਂ ਨੇ ਕਿਹਾ ਕਿ ਉਹ "ਪੂਰੀ ਤਰ੍ਹਾਂ ਸਮਝਦੇ ਹਨ" ਕਿ ਕੁਝ ਸਰਜਨ ਇਸ ਬਾਰੇ ਚਿੰਤਤ ਕਿਉਂ ਹਨ।
ਉਹ ਕਹਿੰਦੇ ਹਨ, "ਇਹ ਘਬਰਾਹਟ ਇੱਕ ਸਹੀ ਚਿੰਤਾ ਤੋਂ ਪੈਦਾ ਹੁੰਦੀ ਹੈ, ਪਰ ਇਸ ਦੇ ਨਾਲ ਹੀ ਇਸ ਬਾਰੇ ਲਗਾਤਾਰ ਹੋਰ ਸਬੂਤ ਸਾਹਮਣੇ ਆ ਰਹੇ ਹਨ ਅਤੇ ਸਾਨੂੰ ਨਤੀਜੇ ਵੀ ਮਿਲ ਰਹੇ ਹਨ।" ਉਨ੍ਹਾਂ ਮੁਤਾਬਕ, "ਮਰਦਾਂ ਨੂੰ ਇਸ ਦਾ ਫਾਇਦਾ ਵੀ ਹੁੰਦਾ ਹੈ।"
ਹੁਸੈਨ ਦਾ ਕਹਿਣਾ ਹੈ ਕਿ ਜੇਕਰ ਪ੍ਰਕਿਰਿਆ ਦੌਰਾਨ ਕੁਝ ਗ਼ਲਤ ਹੋ ਜਾਵੇ ਤਾਂ ਉਨ੍ਹਾਂ ਕੋਲ "ਤੁਰੰਤ ਕਾਰਵਾਈ ਦੀ ਯੋਜਨਾ" ਹੁੰਦੀ ਹੈ। ਇਸ ਵਿੱਚ ਅਜਿਹੀਆਂ ਦਵਾਈਆਂ ਵੀ ਸ਼ਾਮਲ ਹਨ, ਜੋ ਲੋੜ ਪੈਣ 'ਤੇ ਫਿਲਰ ਨੂੰ ਜਲਦੀ ਘੋਲ ਸਕਦੀਆਂ ਹਨ।
ਉਹ ਕਹਿੰਦੇ ਹਨ ਕਿ "ਖੁਸ਼ਕਿਸਮਤੀ ਨਾਲ, ਸਾਨੂੰ ਕਦੇ ਇਸ ਦੀ ਲੋੜ ਨਹੀਂ ਪਈ।"
ਹਾਲਾਂਕਿ, ਬੀਬੀਸੀ ਇਸ ਦਾਅਵੇ ਦੀ ਸੁਤੰਤਰ ਤੌਰ 'ਤੇ ਪੁਸ਼ਟੀ ਨਹੀਂ ਕਰ ਸਕੀ।
ਹੁਸੈਨ ਨੂੰ ਇੱਕ ਅਜਿਹਾ ਮਰੀਜ਼ ਵੀ ਯਾਦ ਹੈ, ਜੋ ਕਿਸੇ ਹੋਰ ਥਾਂ ਇਲਾਜ ਕਰਵਾਉਣ ਤੋਂ ਬਾਅਦ ਉਨ੍ਹਾਂ ਕੋਲ ਸਲਾਹ ਲੈਣ ਆਇਆ ਸੀ ਅਤੇ ਜਿਸ ਦੀ ਪ੍ਰਕਿਰਿਆ "ਬੁਰੀ ਤਰ੍ਹਾਂ ਗ਼ਲਤ ਹੋ ਗਈ ਸੀ।"
ਉਨ੍ਹਾਂ ਮੁਤਾਬਕ, ਉਸ ਮਰੀਜ਼ ਵਿੱਚ ਗ਼ਲਤ ਕਿਸਮ ਦਾ ਫਿਲਰ ਵਰਤਿਆ ਗਿਆ ਸੀ। ਪ੍ਰਕਿਰਿਆ ਦੌਰਾਨ ਲਿੰਗ ਦੀਆਂ ਖੂਨ ਦੀਆਂ ਨਾੜੀਆਂ ਨੂੰ ਨੁਕਸਾਨ ਪਹੁੰਚਿਆ ਅਤੇ "ਲਿੰਗ ਦਾ ਵਿਚਕਾਰਲਾ ਹਿੱਸਾ ਕਾਲਾ ਪੈਣਾ ਸ਼ੁਰੂ ਹੋ ਗਿਆ ਸੀ।"
ਇਸ ਕਾਰਨ ਚਮੜੀ ਮਰਨ ਲੱਗ ਪਈ ਸੀ। ਉਸ ਵਿਅਕਤੀ ਨੂੰ ਤੁਰੰਤ ਹਸਪਤਾਲ ਦੇ ਐਮਰਜੈਂਸੀ ਵਿਭਾਗ ਭੇਜਿਆ ਗਿਆ।
ਮੈਨਚੈਸਟਰ ਵਿੱਚ ਐੱਨਐੱਚਐੱਸ ਦੇ ਐਂਡਰੋਲੋਜਿਸਟ ਅਤੇ ਸਲਾਹਕਾਰ ਯੂਰੋਲੌਜੀਕਲ ਸਰਜਨ ਪ੍ਰੋਫੈਸਰ ਵੈਭਵ ਮੋਡਗਿਲ ਨੇ ਵੀ ਅਜਿਹੇ ਮਰਦਾਂ ਦਾ ਇਲਾਜ ਕੀਤਾ ਹੈ, ਜੋ ਗ਼ਲਤ ਤਰੀਕੇ ਨਾਲ ਕੀਤੀਆਂ ਗਈਆਂ ਪ੍ਰਕਿਰਿਆਵਾਂ ਤੋਂ ਬਾਅਦ ਹਸਪਤਾਲ ਪਹੁੰਚੇ।
ਉਹ ਕਹਿੰਦੇ ਹਨ, "ਜਦੋਂ ਅਜਿਹਾ ਹੁੰਦਾ ਹੈ ਤਾਂ ਮਰੀਜ਼ ਲਈ ਇਸ ਦੇ ਨਤੀਜੇ ਬਹੁਤ ਭਿਆਨਕ ਹੋ ਸਕਦੇ ਹਨ।"
ਉਨ੍ਹਾਂ ਨੂੰ ਅਜਿਹੇ ਮਰਦ ਵੀ ਯਾਦ ਹਨ ਜਿਨ੍ਹਾਂ ਵਿੱਚ "ਚਮੜੀ ਦਾ ਟਿਸ਼ੂ ਮਰ ਗਿਆ ਸੀ। ਇਸ ਨੂੰ ਸਕਿਨ ਨੈਕਰੋਸਿਸ ਕਿਹਾ ਜਾਂਦਾ ਹੈ। ਚਮੜੀ ਦਾ ਇੱਕ ਹਿੱਸਾ ਮਰ ਜਾਂਦਾ ਹੈ, ਬਹੁਤ ਕਾਲਾ ਪੈ ਜਾਂਦਾ ਹੈ ਅਤੇ ਫਿਰ ਹੌਲੀ-ਹੌਲੀ ਝੜਨ ਲੱਗਦਾ ਹੈ।"
ਉਹ ਕਹਿੰਦੇ ਹਨ, "ਇਸ ਲਈ ਕੋਈ ਮਰਦ ਇਹ ਸੋਚ ਕੇ ਜਾਂਦਾ ਹੈ ਕਿ 'ਇਹ ਤਾਂ ਬਹੁਤ ਵਧੀਆ ਹੋਣ ਵਾਲਾ ਹੈ', ਪਰ ਹੋ ਸਕਦਾ ਹੈ ਕਿ ਵਾਪਸ ਆਉਣ 'ਤੇ ਉਹ ਪਹਿਲਾਂ ਨਾਲੋਂ ਵੀ ਜ਼ਿਆਦਾ ਅਸੰਤੁਸ਼ਟ ਹੋਵੇ।"
ਐਲੈਕਸ, ਜਿਸ ਨੇ ਆਪਣਾ ਅਸਲੀ ਨਾਂ ਵਰਤਣ ਤੋਂ ਇਨਕਾਰ ਕੀਤਾ, ਲਿੰਗ ਦਾ ਆਕਾਰ ਵਧਾਉਣ ਦੀ ਇੱਕ ਵੱਖਰੀ ਕਿਸਮ ਦੀ ਪ੍ਰਕਿਰਿਆ ਕਰਵਾਉਣ ਲਈ ਜਰਮਨੀ ਗਏ ਸੀ।
ਉਨ੍ਹਾਂ ਦੀ ਸਰਜਰੀ ਕਰਕੇ ਉਸ ਲਿਗਾਮੈਂਟ ਨੂੰ ਕੱਟਿਆ ਗਿਆ, ਜੋ ਲਿੰਗ ਨੂੰ ਪਿਊਬਿਕ ਹੱਡੀ ਨਾਲ ਜੋੜਦਾ ਹੈ, ਤਾਂ ਜੋ ਲਿੰਗ ਲੰਬਾ ਦਿਖਾਈ ਦੇਵੇ।
ਇਸ ਤੋਂ ਇਲਾਵਾ, ਉਨ੍ਹਾਂ ਦੇ ਆਪਣੇ ਸਰੀਰ ਤੋਂ ਚਰਬੀ ਦੇ ਸੈੱਲ ਕੱਢ ਕੇ ਲਿੰਗ ਵਿੱਚ ਇੰਜੈਕਟ ਕੀਤੇ ਗਏ, ਤਾਂ ਜੋ ਉਸ ਦੀ ਮੋਟਾਈ ਵਧਾਈ ਜਾ ਸਕੇ।
ਪ੍ਰਕਿਰਿਆ ਤੋਂ ਬਾਅਦ ਜਦੋਂ ਉਹ ਜਾਗੇ ਤਾਂ ਉਨ੍ਹਾਂ ਨੂੰ ਇੰਨਾ ਜ਼ਿਆਦਾ ਦਰਦ ਹੋ ਰਿਹਾ ਸੀ ਕਿ ਉਹ ਖੜ੍ਹੇ ਵੀ ਨਹੀਂ ਹੋ ਸਕਦੇ ਸਨ।
ਐਲੈਕਸ ਕਹਿੰਦੇ ਹਨ, "ਮੇਰੇ ਸਰੀਰ 'ਤੇ ਕਾਫ਼ੀ ਨੀਲ ਪੈ ਗਏ ਸਨ ਅਤੇ ਮੇਰੀਆਂ ਦੋਵੇਂ ਲੱਤਾਂ ਉੱਪਰੋਂ ਪੀਲੀਆਂ ਹੋ ਗਈਆਂ ਸਨ। ਮੈਂ ਲਗਭਗ ਇੱਕ ਮਹੀਨੇ ਤੱਕ ਠੀਕ ਤਰ੍ਹਾਂ ਤੁਰ ਨਹੀਂ ਸਕਿਆ।"
ਐਲੈਕਸ ਦਾ ਇਲਾਜ ਮੋਡਗਿਲ ਦੇ ਕਲੀਨਿਕ ਵਿੱਚ ਕੀਤਾ ਗਿਆ, ਜਿੱਥੇ ਆਖ਼ਿਰਕਾਰ ਡਾਕਟਰਾਂ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਠੀਕ ਹੋਣ ਦੀ ਪੁਸ਼ਟੀ ਕਰ ਦਿੱਤੀ। ਮੋਡਗਿਲ ਕਹਿੰਦੇ ਹਨ, "ਬਹੁਤ ਸਾਰੇ ਲੋਕਾਂ ਨੂੰ ਇਹ ਸਹੂਲਤ ਨਹੀਂ ਮਿਲਦੀ। ਮੈਂ ਖੁਸ਼ਕਿਸਮਤ ਰਿਹਾ।"
ਐਲੈਕਸ ਕਹਿੰਦੇ ਹਨ ਕਿ ਉਨ੍ਹਾਂ ਨੂੰ ਪਤਾ ਹੈ ਕਿ ਉਹ "ਸ਼ੁਰੂ ਤੋਂ ਹੀ ਛੋਟੇ ਨਹੀਂ ਸਨ", ਪਰ ਸਮਾਜ ਅਤੇ ਪੋਰਨੋਗ੍ਰਾਫੀ ਨੇ ਉਨ੍ਹਾਂ ਨੂੰ ਇਹ ਵਿਸ਼ਵਾਸ ਦਿਵਾ ਦਿੱਤਾ ਸੀ ਕਿ ਵੱਡਾ ਲਿੰਗ "ਮਰਦਾਨਗੀ ਦੀ ਨਿਸ਼ਾਨੀ ਅਤੇ ਸਭ ਤੋਂ ਵਧੀਆ" ਹੁੰਦਾ ਹੈ।
ਲਿੰਗ ਦਾ ਆਕਾਰ ਵਧਾਉਣ ਵਾਲੀਆਂ ਪ੍ਰਕਿਰਿਆਵਾਂ ਦੀ ਗਿਣਤੀ ਬਾਰੇ ਕੋਈ ਅਧਿਕਾਰਤ ਅੰਕੜੇ ਮੌਜੂਦ ਨਹੀਂ ਹਨ। ਪਰ ਮੋਡਗਿਲ ਦਾ ਕਹਿਣਾ ਹੈ ਕਿ ਆਨਲਾਈਨ ਸਰਚ ਦੇ ਰੁਝਾਨ, ਇਸ਼ਤਿਹਾਰਬਾਜ਼ੀ ਅਤੇ ਸੋਸ਼ਲ ਮੀਡੀਆ ਸਾਰੇ "ਇਸ ਗੱਲ ਵੱਲ ਇਸ਼ਾਰਾ ਕਰਦੇ ਹਨ ਕਿ ਅਜਿਹੀਆਂ ਪ੍ਰਕਿਰਿਆਵਾਂ ਦੀ ਗਿਣਤੀ ਵੱਧ ਰਹੀ ਹੈ।"
ਇਸ ਦੇ ਮੱਦੇਨਜ਼ਰ ਬ੍ਰਿਟਿਸ਼ ਐਸੋਸੀਏਸ਼ਨ ਆਫ ਯੂਰੋਲੌਜੀਕਲ ਸਰਜਨਜ਼ ਨੇ ਇਨ੍ਹਾਂ ਪ੍ਰਕਿਰਿਆਵਾਂ ਦੇ ਖਿਲਾਫ਼ ਨਵੀਆਂ ਸਿਫਾਰਸ਼ਾਂ ਜਾਰੀ ਕੀਤੀਆਂ ਹਨ।
ਮੋਡਗਿਲ ਕਹਿੰਦੇ ਹਨ, "ਅਸੀਂ ਹਾਲ ਹੀ ਵਿੱਚ ਜੋ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ, ਉਨ੍ਹਾਂ ਵਿੱਚ ਮੂਲ ਰੂਪ ਵਿੱਚ ਕਿਹਾ ਗਿਆ ਹੈ ਕਿ ਅਸੀਂ ਇਨ੍ਹਾਂ ਵਿੱਚੋਂ ਕਿਸੇ ਵੀ ਪ੍ਰਕਿਰਿਆ ਦੀ ਸਿਫਾਰਸ਼ ਨਹੀਂ ਕਰ ਸਕਦੇ, ਕਿਉਂਕਿ ਇਸ ਬਾਰੇ ਮੌਜੂਦ ਸਬੂਤ ਬਹੁਤ ਘੱਟ ਹਨ।"
ਇਸ ਸਮੀਖਿਆ ਵਿੱਚ 36 ਅਧਿਐਨਾਂ ਨੂੰ ਦੇਖਿਆ ਗਿਆ, ਜਿਨ੍ਹਾਂ ਵਿੱਚ 3,750 ਮਰਦ ਸ਼ਾਮਲ ਸਨ। ਇਸ ਦੇ ਬਾਵਜੂਦ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਇਨ੍ਹਾਂ ਪ੍ਰਕਿਰਿਆਵਾਂ ਦਾ "ਸੁਰੱਖਿਆ ਪੱਖ" ਕਿੰਨਾ ਭਰੋਸੇਯੋਗ ਹੈ।
ਇਸ ਦਾ ਇੱਕ ਕਾਰਨ ਇਹ ਹੈ ਕਿ ਲੰਬੇ ਸਮੇਂ ਵਿੱਚ ਫਿਲਰ ਲਿੰਗ 'ਤੇ ਕਿਸ ਤਰ੍ਹਾਂ ਦਾ ਅਸਰ ਪਾਉਂਦੇ ਹਨ, ਇਸ ਬਾਰੇ ਲੋੜੀਂਦੇ ਅੰਕੜੇ ਮੌਜੂਦ ਨਹੀਂ ਹਨ। ਇਸ ਤੋਂ ਇਲਾਵਾ ਇਹ ਚਿੰਤਾ ਵੀ ਹੈ ਕਿ ਹੋਠਾਂ ਦੇ ਫਿਲਰ ਵਾਂਗ ਇਸ ਪ੍ਰਕਿਰਿਆ ਨੂੰ ਕਰਨ ਲਈ ਵੀ ਕਿਸੇ ਖ਼ਾਸ ਯੋਗਤਾ ਜਾਂ ਸਰਟੀਫਿਕੇਸ਼ਨ ਦੀ ਲਾਜ਼ਮੀ ਲੋੜ ਨਹੀਂ ਹੈ।
ਮੋਡਗਿਲ ਦਾ ਕਹਿਣਾ ਹੈ ਕਿ ਇਨ੍ਹਾਂ ਪ੍ਰਕਿਰਿਆਵਾਂ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣਾ "ਸ਼ਾਇਦ ਬਹੁਤ ਸਖ਼ਤ ਕਦਮ ਹੋਵੇਗਾ", ਪਰ ਜੇਕਰ ਇਹ ਪ੍ਰਕਿਰਿਆਵਾਂ ਜਾਰੀ ਰਹਿਣੀਆਂ ਹਨ ਤਾਂ ਇਸ ਖੇਤਰ ਵਿੱਚ "ਬਹੁਤ ਵੱਡੇ ਪੱਧਰ 'ਤੇ ਨਿਯਮ ਬਣਾਉਣ ਦੀ ਲੋੜ ਹੈ।"
ਉਨ੍ਹਾਂ ਨੇ ਇੱਕ ਰਾਸ਼ਟਰੀ ਰਜਿਸਟਰੀ ਬਣਾਉਣ ਦੀ ਮੰਗ ਕੀਤੀ ਹੈ, ਜਿਸ ਵਿੱਚ ਲਿੰਗ ਵਿੱਚ ਫਿਲਰ ਲਗਾਉਣ ਦੀਆਂ ਸਾਰੀਆਂ ਪ੍ਰਕਿਰਿਆਵਾਂ ਦਾ ਰਿਕਾਰਡ ਰੱਖਿਆ ਜਾਵੇ। ਨਾਲ ਹੀ ਲੰਬੇ ਸਮੇਂ ਦੇ ਅੰਕੜੇ ਇਕੱਠੇ ਕੀਤੇ ਜਾਣ, ਤਾਂ ਜੋ ਮਰਦ ਇਨ੍ਹਾਂ ਪ੍ਰਕਿਰਿਆਵਾਂ ਦੇ ਖਤਰਿਆਂ ਅਤੇ ਫਾਇਦਿਆਂ ਨੂੰ ਸਮਝ ਕੇ ਸੋਚ-ਸਮਝ ਕੇ ਫ਼ੈਸਲਾ ਕਰ ਸਕਣ।
ਮੈਨਚੈਸਟਰ ਵਾਪਸ ਆ ਕੇ ਜੇਸਨ ਆਪਣੀ ਪ੍ਰਕਿਰਿਆ ਦੇ ਨਤੀਜਿਆਂ ਤੋਂ ਖੁਸ਼ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਮੌਜੂਦਾ ਫਿਲਰ ਦਾ ਅਸਰ ਖ਼ਤਮ ਹੋਣ ਤੋਂ ਬਾਅਦ ਉਹ ਇਹ ਪ੍ਰਕਿਰਿਆ ਦੁਬਾਰਾ ਕਰਵਾਉਣ ਬਾਰੇ ਸੋਚ ਰਹੇ ਹਨ।
'ਇਨਸਾਈਡ ਹੈਲਥ' ਦਾ ਨਿਰਮਾਣ ਗੈਰੀ ਹੋਲਟ ਨੇ ਕੀਤਾ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ