You’re viewing a text-only version of this website that uses less data. View the main version of the website including all images and videos.
ਅਫ਼ਗਾਨਿਸਤਾਨ˸ ਤਾਲਿਬਾਨ ਉੱਤੇ ਅਮਰੀਕਾ ਤੋਂ ਇਲਾਵਾ ਕੌਮਾਂਤਰੀ ਭਾਈਚਾਰੇ ਦੇ 5 ਹੋਰ ਬਿਆਨ
ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਕੌਮਾਂਤਰੀ ਪੱਧਰ 'ਤੇ ਕਈ ਵੱਡੇ ਬਿਆਨ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਤਾਲਿਬਾਨ ਨੂੰ ਲੈ ਕੇ ਵੱਖ-ਵੱਖ ਵਿਚਾਰ ਦੱਸੇ ਗਏ ਹਨ।
ਦੇਸ਼ ਆਪਣੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਕੋਸ਼ਿਸ਼ ਕਰ ਰਹੇ ਹਨ। ਅਜਿਹੇ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਹੈ ਕਿ ਅਮਰੀਕਾ ਫੌਜ ਵਾਪਸੀ ਦੀ 31 ਅਗਸਤ 2021 ਦੀ ਡੈਡਲਾਈਨ ਨੂੰ ਹੋਰ ਅੱਗੇ ਨਹੀਂ ਵਧਾਉਣਾ ਚਾਹੁੰਦਾ।
ਬਾਈਡਨ ਦਾ ਇਹ ਬਿਆਨ ਉਸ ਸਮੇਂ ਆਇਆ ਹੈ, ਜਦੋਂ ਉਨ੍ਹਾਂ 'ਤੇ ਇਸ ਡੈਡਲਾਈਨ ਨੂੰ ਅੱਗੇ ਵਧਾਉਣ ਲ਼ਈ ਕੌਮਾਂਤਰੀ ਭਾਈਚਾਰੇ ਦਾ ਦਬਾਅ ਵਧ ਰਿਹਾ ਹੈ।
ਕਈ ਦੇਸ਼ਾਂ ਦਾ ਕਹਿਣਾ ਹੈ ਕਿ ਅਫ਼ਗਾਨਿਸਤਾਨ ਤੋਂ ਫੌਜ ਵਾਪਸੀ ਦੀ ਤੈਅ ਡੈੱਡਲਾਇਨ ਨੂੰ ਹੋਰ ਅੱਗੇ ਪਾ ਦਿੱਤਾ ਜਾਵੇ।
15 ਅਗਸਤ 2021 ਨੂੰ ਕਾਬੁਲ ਉੱਤੇ ਮੁੜ ਕਬਜ਼ਾ ਕਰਕੇ ਤਾਲਿਬਾਨ ਅਫ਼ਗਾਨਿਸਤਾਨ ਦੀ ਸੱਤਾ ਉੱਤੇ ਮੁੜ ਕਾਬਜ਼ ਹੋ ਗਿਆ ਹੈ।
ਇਸ ਇਸਲਾਮਿਕ ਸੰਗਠਨ ਨੇ ਅਫ਼ਗਾਨਿਸਤਾਨ ਵਿਚੋਂ ਅਮਰੀਕੀ ਫੌਜਾਂ ਦੀ ਵਾਪਸੀ ਨਾਲ ਮੁਲਕ ਉੱਤੇ ਮੁੜ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ ਸੀ ਅਤੇ ਹੁਣ ਇਹ ਪੂਰੀ ਤਰ੍ਹਾਂ ਕਾਬਜ਼ ਹੋ ਗਿਆ ਹੈ।
ਇਹ ਵੀ ਪੜ੍ਹੋ-
ਆਓ ਦੇਖਦੇ ਹਾਂ ਹੋਰ ਕਿਸ ਨੇ ਕੀ ਕਿਹਾ-
ਤਾਲਿਬਾਨ ਵੱਲੋਂ ਫਾਂਸੀ ਦੀ ਸਜ਼ਾ ਦੀ ਭਰੋਸੇਯੋਗ ਰਿਪੋਰਟ˸ ਸੰਯੁਕਤ ਰਾਸ਼ਟਰ
ਮਿਸ਼ੇਲ ਬੈਕੇਲਟ ਨੇ ਇੱਕ ਟਵੀਟ ਵਿੱਚ ਕਿਹਾ ਕਿ ਤਾਲਿਬਾਨ ਦੀਆਂ ਪਿਛਲੀਆਂ ਰਵਇਤਾਂ ਦੀ ਵਾਪਸੀ ਨੂੰ ਮਨਜ਼ੂਰੀ ਨਹੀਂ ਮਿਲੇਗੀ, ਨਾ ਹੀ ਹੁਣ ਅਤੇ ਨਾ ਹੀ ਭਵਿੱਖ ਵਿੱਚ। ਅਜਿਹੇ ਵਤੀਰੇ ਸਹਿਣਯੋਗ ਨਹੀਂ ਹਨ , ਅਫ਼ਗਾਨ ਲੋਕ ਬਹੁਤ ਅੱਗੇ ਆ ਗਏ ਹਨ।
ਹਾਲਾਂਕਿ, ਤਾਲਿਬਾਨ ਦੇ ਬੁਲਾਰੇ ਜ਼ਬੀਉੱਲਹਾ ਮੁਜ਼ਾਹਿਦ ਨੇ ਪੱਤਰਕਾਰਾਂ ਨੂੰ ਦੱਸਿਆ ਸੀ ਕਿ ਬਦਲਾ ਲੈਣ ਲਈ ਲੋਕਾਂ ਦੀ ਸੂਚੀ ਨਹੀਂ ਹੈ ਅਤੇ "ਅਸੀਂ ਪਿੱਛੇ ਜੋ ਹੋਇਆ ਉਸ ਨੂੰ ਭੁੱਲ ਗਏ ਹਾਂ।"
ਪਰ ਇਹ ਦਾਅਵਾ ਉਨ੍ਹਾਂ ਰਿਪੋਰਟਾਂ ਵਿਚਾਲੇ ਇਹ ਸਾਹਮਣੇ ਆਇਆ ਕਿ ਤਾਲਿਬਾਨ ਲੋਕਾਂ ਨੂੰ ਫਾਂਸੀ ਦੀ ਸਜ਼ਾ ਦੇ ਰਿਹਾ ਹੈ। ਜਿਸ ਨੂੰ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਹਾਈ ਕਮਿਸ਼ਨਰ ਮਿਸ਼ੇਲ ਬੈਕੇਲਟ ਨੇ "ਭਰੋਸੇਯੋਗ" ਰਿਪੋਰਟ ਕਿਹਾ ਹੈ।
ਉਨ੍ਹਾਂ ਨੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਨੂੰ ਦੱਸਿਆ ਕਿ ਔਰਤਾਂ 'ਤੇ ਪਾਬੰਦੀ ਅਤੇ ਬਾਲ ਸੈਨਿਕਾਂ ਦੀ ਭਰਤੀ ਸਣੇ ਹੋਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀ ਸੂਚੀ ਵੀ ਮਿਲੀ ਹੈ।
ਹੁਣ ਪਾਬੰਦੀਆਂ 'ਤੇ ਗੱਲ ਕਰਨੀ ਚਾਹੀਦੀ˸ ਜਸਟਿਨ ਟਰੂਡੋ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੁਨੀਆਂ ਦੇ G7 ਦੇਸ਼ਾਂ ਨੂੰ ਕਿਹਾ ਹੈ ਕਿ ਅਫ਼ਗਾਨਿਸਤਾਨ 'ਤੇ ਤਾਲਿਬਾਨ ਦਾ ਕੰਟਰੋਲ ਤੋਂ ਬਾਅਦ ਹੁਣ ਪਾਬੰਦੀਆਂ ਬਾਰੇ ਸੋਚਣਾ ਚਾਹੀਦਾ ਹੈ।
ਟਰੂਡੋ ਨੇ ਕਿਹਾ ਸੀ ਕਿ ਕੈਨੇਡਾ ਪਹਿਲਾਂ ਹੀ ਤਾਲਿਬਾਨ ਨੂੰ ਅੱਤਵਾਦੀ ਮੰਨਦਾ ਹੈ ਅਤੇ ਉਹ ਉਨ੍ਹਾਂ ਦੀ ਅੱਤਵਾਦੀ ਸੂਚੀ ਵਿੱਚ ਹੈ ਤਾਂ ਹੁਣ ਪਾਬੰਦੀਆਂ ਬਾਰੇ ਗੱਲ ਕੀਤੀ ਜਾ ਸਕਦੀ ਹੈ।
ਤਾਲਿਬਾਨ "ਆਮ ਲੋਕ"˸ ਰੂਸ
ਰੂਸ ਦੇ ਕੂਟਨੀਤਿਕਾਂ ਨੇ ਕਾਬੁਲ ਵਿੱਚ ਤਾਲਿਬਾਨ ਨੂੰ "ਆਮ ਲੋਕ" ਦੱਸਿਆ ਅਤੇ ਕਿਹਾ ਕਿ ਅਫ਼ਗਾਨਿਸਤਾਨ ਦੀ ਰਾਜਧਾਨੀ ਹੁਣ ਪਹਿਲਾਂ ਤੋਂ ਵੱਧ ਸੁਰੱਖਿਅਤ ਹੋ ਗਈ ਹੈ।
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਕਿਹਾ ਸੀ ਕਿ ਅਫ਼ਗਾਨਿਸਤਾਨ 'ਤੇ ਤਾਲਿਬਾਨ ਦਾ ਕਬਜ਼ਾ ਇੱਕ ਹਕੀਕਤ ਹੈ ਅਤੇ ਰੂਸ ਨੇ ਇਸ ਦੇ ਨਾਲ ਹੀ ਚੱਲਣਾ ਹੈ।
ਅਫ਼ਗਾਨਿਸਤਾਨ ਵਿੱਚ ਰਾਸ਼ਟਰਪਤੀ ਪੁਤਿਨ ਦੇ ਵਿਸ਼ੇਸ਼ ਦੂਤ ਜ਼ਮੀਰ ਕਾਬੁਲੋਵ ਨੇ ਇੱਥੋਂ ਤੱਕ ਕਿਹਾ ਸੀ ਭੱਜੇ ਹੋਏ ਰਾਸ਼ਟਰਪਤੀ ਅਸ਼ਰਫ਼ ਗ਼ਨੀ ਦੀ ਪੁਰਾਣੀ "ਕਠਪੁਤਲੀ ਸਰਕਾਰ" ਦੀ ਤੁਲਨਾ ਵਿੱਚ ਤਾਲਿਬਾਨ ਨਾਲ ਗੱਲ ਕਰਨਾ ਸੌਖਾ ਹੈ।
ਅਫ਼ਗਾਨਿਸਤਾਨ ਦੇ ਨਾਲ ਦੋਸਤਾਨਾ ਸਹਿਯੋਗ˸ ਚੀਨ
ਚੀਨ ਦੇ ਵਿਦੇਸ਼ ਮੰਰਤਾਲੇ ਦੀ ਤਰਜਮਾਨ ਹੁਆ ਚੁਨੀਯਾਂਗ ਨੇ ਕਿਹਾ ਹੈ ਕਿ ਚੀਨ ਅਫ਼ਗਾਨਿਸਤਾਨ ਦੇ ਲੋਕਾਂ ਦੇ ਆਪਣੇ ਕਿਸਮਤ ਅਤੇ ਭਵਿੱਖ ਦਾ ਫ਼ੈਸਲਾ ਕਰਨ ਦੇ ਅਧਿਕਾਰ ਦਾ ਸਨਮਾਨ ਕਰਦਾ ਹੈ।
ਉਨ੍ਹਾਂ ਨੇ ਕਿਹਾ ਕਿ ਚੀਨ ਅਫ਼ਗਾਨਿਸਤਾਨ ਦੇ ਨਾਲ ਦੋਸਤਾਨਾ ਸਹਿਯੋਗ ਵਿਕਸਿਤ ਕਰਨਾ ਚਾਹੁੰਦਾ ਹੈ।
ਹੁਆ ਚੁਨੀਯਾਂਗ ਨੇ ਕਿਹਾ, "ਚੀਨ ਅਫ਼ਗਾਨਿਸਤਾਨ ਵਿੱਚ ਸ਼ਾਂਤੀ ਅਤੇ ਮੁੜ ਨਿਰਮਾਣ ਲਈ ਰਤਨਾਤਮਕ ਭੂਮਿਕਾ ਨਿਭਾਉਣਾ ਚਾਹੁੰਦਾ ਹੈ।"
ਇਹ ਵੀ ਪੜ੍ਹੋ-
ਇੰਝ ਹੀ ਨਹੀਂ ਦੇਵੇਗਾ ਮਾਨਤਾ˸ ਪਾਕਸਿਤਾਨ
ਪਾਕਿਸਤਾਨ ਨੇ ਕਿਹਾ ਸੀ ਕਿ ਉਹ ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦੀ ਸਰਕਾਰ ਨੂੰ ਮਾਨਤਾ ਦੇਣ ਬਾਰੇ ਇੱਕ ਪਾਸੜ ਫ਼ੈਸਲਾ ਨਹੀਂ ਕਰੇਗਾ।
ਪਾਕਿਸਤਾਨ ਦੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਫਵਾਦ ਚੌਧਰੀ ਨੇ ਕਿਹਾ ਸੀ ਕਿ ਇਸ ਬਾਰੇ ਕੋਈ ਵੀ ਫ਼ੈਸਲਾ ਖੇਤਰੀ ਅਤੇ ਕੌਮਾਂਤਰੀ ਸ਼ਕਤੀਆਂ ਦੇ ਸਲਾਹ-ਮਸ਼ਵਰੇ ਤੋਂ ਬਾਅਦ ਹੀ ਕਰਾਂਗੇ।
ਫਵਾਦ ਨੇ ਚੌਧਰੀ ਨੇ ਕਿਹਾ, "ਜੋ ਵੀ ਫ਼ੈਸਲਾ ਹੋਵੇਗਾ, ਉਹ ਇੱਕਪਾਸੜ ਜਾਂ ਦੋਪਾਸੜ ਨਹੀਂ ਬਲਕਿ ਇਹ ਬਹੁਪੱਖੀ ਫ਼ੈਸਲਾ ਹੋਵੇਗਾ। ਇਸ ਲਈ ਅਸੀਂ ਇਕੱਲੇ ਕੋਈ ਫ਼ੈਸਲਾ ਨਹੀਂ ਕਰਨਾ ਚਾਹੁੰਦੇ।"
ਹਾਲਾਂਕਿ, ਪਹਿਲਾਂ ਪਾਕਿਸਤਾਨ ਨੇ ਤਾਲਿਬਾਨ ਨੂੰ ਮਾਨਤਾ ਦੇ ਦਿੱਤੀ ਸੀ।
ਇਹ ਵੀ ਪੜ੍ਹੋ: