ਮਾਰਿਓਪੁਲ 'ਚ ਅਜੇ ਵੀ ਲਗਭਗ ਇੱਕ ਲੱਖ ਲੋਕ ਫਸੇ ਹੋਏ ਹਨ, ਉਨ੍ਹਾਂ ਕੋਲ ਨਾ ਖਾਣਾ ਹੈ ਨਾ ਪਾਣੀ

ਤਸਵੀਰ ਸਰੋਤ, Getty Images
ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਹੈ ਕਿ ਦੇਸ਼ ਦੇ ਦੱਖਣੀ ਬੰਦਰਗਾਹ ਸ਼ਹਿਰ ਮਾਰਿਓਪੁਲ ਵਿੱਚ ਰੂਸੀ ਬੰਬ ਧਮਾਕਿਆਂ ਵਿਚਕਾਰ ਅਜੇ ਵੀ ਲਗਭਗ 100,000 ਨਾਗਰਿਕ ਫਸੇ ਹੋਏ ਹਨ।
ਜ਼ੇਲੇਂਸਕੀ ਨੇ ਆਪਣੇ ਫੇਸਬੁੱਕ ਪੇਜ 'ਤੇ ਕਿਹਾ, ''ਸ਼ਹਿਰ 'ਚ ਅਜੇ ਵੀ ਲਗਭਗ ਇੱਕ ਲੱਖ ਲੋਕ ਬੇਹੱਦ ਬੁਰੇ ਹਾਲਾਤਾਂ 'ਚ ਫਸੇ ਹੋਏ ਹਨ। ਰੂਸੀ ਫੌਜ ਨੇ ਉੱਥੇ ਪੂਰੀ ਤਰ੍ਹਾਂ ਘੇਰਾਬੰਦੀ ਕਰ ਰੱਖੀ ਹੈ। ਉਥੇ ਲੋਕਾਂ ਕੋਲ ਨਾ ਤਾਂ ਖਾਣਾ ਹੈ, ਨਾ ਪਾਣੀ ਅਤੇ ਨਾ ਹੀ ਦਵਾਈਆਂ। ਉੱਥੇ ਲਗਾਤਾਰ ਬੰਬਾਰੀ ਹੋ ਰਹੀ ਹੈ''।
ਉਨ੍ਹਾਂ ਕਿਹਾ ਕਿ ਰੂਸ ਦੁਆਰਾ "ਨਿਰੰਤਰ ਬੰਬਾਰੀ ਅਤੇ ਡਰ ਫੈਲਾਉਣ" ਕਾਰਨ ਲੋਕਾਂ ਨੂੰ ਉੱਥੋਂ ਕੱਢਣ ਦੀਆਂ ਕੋਸ਼ਿਸ਼ਾਂ ਵਿੱਚ ਰੁਕਾਵਟ ਆਈ ਹੈ।
ਜ਼ੇਲੇਂਸਕੀ ਨੇ ਇਹ ਵੀ ਕਿਹਾ ਕਿ ਮੰਗਲਵਾਰ ਨੂੰ ਮਾਨਵਤਾਵਾਦੀ ਰਾਹਤ ਕਾਰਜਾਂ ਲਈ ਆਏ ਕੁਝ ਲੋਕਾਂ ਨੂੰ ਰੂਸ ਨੇ ਬੰਦੀ ਬਣਾ ਲਿਆ, ਜਿਨ੍ਹਾਂ ਵਿੱਚ ਯੂਕਰੇਨ ਦੇ ਸਰਕਾਰੀ ਕਰਮਚਾਰੀ ਅਤੇ ਉਨ੍ਹਾਂ ਦੇ ਬੱਸ ਡਰਾਈਵਰ ਸ਼ਾਮਲ ਹਨ।
ਉਨ੍ਹਾਂ ਜਾਣਕਾਰੀ ਦਿੱਤੀ ਕਿ ਮੰਗਲਵਾਰ ਨੂੰ ਮਾਰਿਓਪੁਲ 'ਚੋਂ 7,026 ਨਾਗਰਿਕਾਂ ਨੂੰ ਕੱਢਿਆ ਗਿਆ ਹੈ।

ਤਸਵੀਰ ਸਰੋਤ, Getty Images



