ਯੂਕਰੇਨ-ਰੂਸ ਜੰਗ : ਪਰਮਾਣੂ ਪਲਾਂਟ ਉੱਤੇ ਹਮਲੇ ਦੌਰਾਨ ਕਈ ਮੌਤਾਂ ਤੇ ਅਨੇਕਾਂ ਫੱਟੜ- ਯੂਕਰੇਨ

ਯੂਕਰੇਨ ਅਤੇ ਰੂਸ ਵਿਚਾਲੇ ਚੱਲ ਰਹੀ ਜੰਗ ਦਾ ਅੱਜ 9ਵਾਂ ਦਿਨ ਹੈ। ਇਸੇ ਵਿਚਾਲੇ ਭਾਰਤੀਆਂ ਵਿਦਿਆਰਥੀਆਂ ਦੀ ਵਤਨ ਵਾਪਸੀ ਵੀ ਜਾਰੀ ਹੈ।

ਲਾਈਵ ਕਵਰੇਜ

  1. ਪ੍ਰਮਾਣੂ ਪਲਾਂਟ ਦੀ ਸੁਰੱਖਿਆ 'ਸੁਰੱਖਿਅਤ' - ਅਧਿਕਾਰੀ

    ਜ਼ੇਪੋਰਜ਼ੀਆ ਖੇਤਰੀ ਸੂਬਾ ਪ੍ਰਸ਼ਾਸਨ ਦੇ ਮੁਖੀ ਦਾ ਕਹਿਣਾ ਹੈ ਕਿ ਜ਼ੇਪੋਰਜ਼ੀਆ ਪਾਵਰ ਪਲਾਂਟ ਦੀ ਸੁਰੱਖਿਆ "ਸੁਰੱਖਿਅਤ" ਹੈ।

    ਅਲੈਗਜ਼ੈਂਡਰ ਸਟਾਰੁਖ ਨੇ ਫੇਸਬੁੱਕ 'ਤੇ ਸਿਰਫ਼ ਇੱਕ ਵਾਕ ਪੋਸਟ ਕੀਤਾ, ਜਿਸ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਐਨਰਹੋਦਰ ਵਿੱਚ ਜ਼ੇਪੋਰਜ਼ੀਆ ਨਿਊਕਲੀਅਰ ਪਾਵਰ ਸਟੇਸ਼ਨ ਦੇ ਡਾਇਰੈਕਟਰ ਨਾਲ ਗੱਲ ਕੀਤੀ ਸੀ ਅਤੇ (ਉਨ੍ਹਾਂ ਨੂੰ) ਇਸਦੀ ਸੁਰੱਖਿਆ ਦਾ ਭਰੋਸਾ ਦਿੱਤਾ ਗਿਆ ਸੀ।

    ਉਨ੍ਹਾਂ ਲਿਖਿਆ, "ਜ਼ੈਡਐੱਨਪੀਪੀ ਦੇ ਨਿਰਦੇਸ਼ਕ ਨੇ ਮੈਨੂੰ ਭਰੋਸਾ ਦਿਵਾਇਆ ਕਿ ਇਸ ਸਮੇਂ, ਪ੍ਰਮਾਣੂ ਸੁਰੱਖਿਆ ਸੁਰੱਖਿਅਤ ਹੈ''।

    ਇੰਟਰਨੈਸ਼ਨਲ ਐਟੋਮਿਕ ਐਨਰਜੀ ਏਜੰਸੀ (ਆਈਏਈਏ) ਨੇ ਰਿਪੋਰਟ ਦਿੱਤੀ ਕਿ ਉਸ ਨੇ ਯੂਕਰੇਨੀ ਲੀਡਰਸ਼ਿਪ ਨਾਲ ਗੱਲ ਕੀਤੀ ਹੈ, ਅਤੇ ਉਨ੍ਹਾਂ ਨੂੰ ਦੱਸਿਆ ਗਿਆ ਹੈ ਕਿ ਪਲਾਂਟ ਵਿੱਚ "ਜ਼ਰੂਰੀ" ਉਪਕਰਨ ਅਜੇ ਵੀ ਕੰਮ ਕਰ ਰਿਹਾ ਹੈ।

  2. ਪਰਮਾਣੂ ਪਲਾਂਟ ਦੀ ਅੱਗ ਨੂੰ ਲੈ ਕੇ ਜ਼ੇਲੇਂਸਕੀ ਦੀ ਯੂਰਪ ਨੂੰ ਗੁਹਾਰ- 'ਕਿਰਪਾ ਕਰਕੇ ਜਾਗ ਜਾਓ'

    ਜ਼ੇਪੋਰਜ਼ੀਆ ਨਿਊਕਲੀਅਰ ਪਲਾਂਟ

    ਤਸਵੀਰ ਸਰੋਤ, AFP/ Zaporizhzhia nuclear authority

    ਰੂਸੀ ਬਲਾਂ ਦੁਆਰਾ ਜ਼ੇਪੋਰਜ਼ੀਆ ਪਰਮਾਣੂ ਪਲਾਂਟ 'ਤੇ ਗੋਲੀਬਾਰੀ ਦੀਆਂ ਖ਼ਬਰਾਂ ਵਿਚਕਾਰ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਫੌਰੀ ਮਦਦ ਦੀ ਅਪੀਲ ਕੀਤੀ ਹੈ।

    ਕੀਵ ਤੋਂ ਇੱਕ ਐਮਰਜੈਂਸੀ ਸੰਬੋਧਨ ਵਿੱਚ, ਜ਼ੇਲੇਂਸਕੀ ਨੇ ਇੱਕ ਸੰਭਾਵੀ ਪਰਮਾਣੂ ਤਬਾਹੀ ਦੀ ਚੇਤਾਵਨੀ ਦਿੱਤੀ।

    ਉਨ੍ਹਾਂ ਬੇਨਤੀ ਕਰਦਿਆਂ ਕਿਹਾ, "ਯੂਰਪੀ, ਕਿਰਪਾ ਕਰਕੇ ਜਾਗ ਜਾਓ!"

    ਯੂਐੱਸ ਦੇ ਰਾਸ਼ਟਰਪਤੀ ਜੋਅ ਬਾਇਡਨ ਅਤੇ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ (ਆਈਏਈਏ) ਦੇ ਡਾਇਰੈਕਟਰ ਜਨਰਲ ਰਾਫੇਲ ਗ੍ਰੋਸੀ, ਦੋਵਾਂ ਨੇ ਜ਼ੇਲੇਂਸਕੀ ਦੀ ਅਗਵਾਈ ਵਾਲੀ ਟੀਮ ਨਾਲ ਗੱਲਬਾਤ ਕੀਤੀ ਹੈ।

    ਆਈਏਈਏ ਪਰਮਾਣੂ ਪਲਾਂਟ ਦੇ ਨੇੜੇ ਸ਼ਕਤੀ ਦੀ ਵਰਤੋਂ ਨੂੰ ਰੋਕਣ ਦੀ ਅਪੀਲ ਕਰ ਰਹੀ ਹੈ ਅਤੇ ਇਸ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਰਿਐਕਟਰ ਪ੍ਰਭਾਵਿਤ ਹੁੰਦੇ ਹਨ ਤਾਂ ਗੰਭੀਰ ਖ਼ਤਰੇ ਹੋਣਗੇ।

    ਪਲਾਂਟ ਵਿੱਚ ਰੇਡੀਏਸ਼ਨ ਦੇ ਪੱਧਰਾਂ ਵਿੱਚ ਕੋਈ ਬਦਲਾਅ ਨਹੀਂ ਦੇਖਿਆ ਗਿਆ ਹੈ, ਪਰ ਲਗਾਤਾਰ ਜਾਰੀ ਰੂਸੀ ਗੋਲਾਬਾਰੀ ਦੀ ਰਿਪੋਰਟ ਵਿਚਕਾਰ ਚਿੰਤਾਵਾਂ ਬਣੀਆਂ ਹੋਈਆਂ ਹਨ।

  3. ਯੂਕਰੇਨ ਦੇ ਜ਼ੇਪੋਰਜ਼ੀਆ ਨਿਊਕਲੀਅਰ ਪਲਾਂਟ ਵਿੱਚ ਰੂਸੀ ਹਮਲੇ ਨਾਲ ਅੱਗ

    ਯੂਕਰੇਨ ਦੇ ਵਿਦੇਸ਼ ਮੰਤਰੀ ਦਿਮਿਤਰੋ ਕੁਲੇਬਾ ਨੇ ਕਿਹਾ ਹੈ ਕਿ ਰੂਸੀ ਫੌਜੀ ਜ਼ੇਪੋਰਜ਼ੀਆ ਨਿਊਕਲੀਅਰ ਪਲਾਂਟ ’ਤੇ ਚਾਰੇ ਪਾਸੇ ਗੋਲੀਬਾਰੀ ਕਰ ਰਹੇ ਹਨ। ਇਹ ਯੂਰੋਪ ਦਾ ਸਭ ਤੋਂ ਵੱਡਾ ਪਾਵਰ ਪਲਾਂਟ ਹੈ।

    ਸਥਾਨਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਮਲੇ ਦੇ ਕਾਰਨ ਪਲਾਂਟ ਵਿੱਚ ਅੱਗ ਲੱਗ ਗਈ ਹੈ। ਕੁਲੇਬਾ ਨੇ ਟਵਿੱਟਰ ’ਤੇ ਲਿਖਿਆ ਹੈ, ''ਰੂਸੀ ਤੁਰੰਤ ਗੋਲੀਬਾਰੀ ਬੰਦ ਕਰਨ ਤਾਂ ਜੋ ਫਾਇਰਫਾਈਟਰਜ਼ ਉੱਥੋਂ ਤੱਕ ਪਹੁੰਚ ਸਕਣ। ਜੇਕਰ ਇਹ ਫੱਟਦਾ ਹੈ ਤਾਂ ਇਹ ਚਰਨੋਬਿਲ ਤੋਂ 10 ਗੁਣਾ ਵੱਡਾ ਹੋਵੇਗਾ।‘’

    ਓਪਨ ਨਿਊਕਲੀਅਰ ਨੈੱਟਵਰਕ ਦੀ ਡਾਇਰੈਕਟਰ ਲੋਰਾ ਰਾਕਵੁਡ ਨੇ ਬੀਬੀਸੀ ਰੇਡੀਓ 4 ਨੂੰ ਕਿਹਾ ਸੀ ਕਿ ਯੁੱਧ ਦੇ ਕਾਰਨ ਯੂਕਰੇਨ ਦੇ ਇਲੈਕਟ੍ਰੀਸਿਟੀ ਗ੍ਰਿਡ ਪ੍ਰਭਾਵਿਤ ਹੋ ਸਕਦੇ ਹਨ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

    ਜ਼ੇਪੋਰਜ਼ੀਆ ਨਿਊਕਲੀਅਰ ਪਲਾਂਟ

    ਤਸਵੀਰ ਸਰੋਤ, Getty Images

  4. ਯੂਕਰੇਨ-ਰੂਸ ਜੰਗ: ਭਾਰਤੀ ਵਿਦਿਆਰਥੀਆਂ ਬਾਰੇ ਬੋਲੇ ਰਾਸ਼ਟਰਪਤੀ ਪੁਤਿਨ

    ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ

    ਤਸਵੀਰ ਸਰੋਤ, Getty Images

    ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਵੀਰਵਾਰ ਸ਼ਾਮ ਨੂੰ ਕਿਹਾ ਕਿ ਖਾਰਕਿਵ ਦੇ ਇੱਕ ਰੇਲਵੇ ਸਟੇਸ਼ਨ 'ਤੇ ਵੱਡੀ ਗਿਣਤੀ ਵਿੱਚ ਭਾਰਤੀ ਵਿਦਿਆਰਥੀ "ਬੰਧਕ" ਬਣੇ ਹੋਏ ਹਨ।

    ਰੂਸੀ ਰਾਸ਼ਟਰਪਤੀ ਦਾ ਇਹ ਬਿਆਨ ਉਦੋਂ ਆਇਆ ਹੈ, ਜਦੋਂ ਭਾਰਤ ਨੇ ਕਿਹਾ ਹੈ ਕਿ ਯੂਕਰੇਨ ਦੇ ਸ਼ਹਿਰ ਖਾਰਕੀਵ ਤੋਂ ਭਾਰਤੀ ਵਿਦਿਆਰਥੀਆਂ ਨੂੰ ਕੱਢਣ ਦੀ ਯੋਜਨਾ 'ਚ ਰੁਕਾਵਟ ਆਈ ਹੈ ਕਿਉਂਕਿ ਬੁੱਧਵਾਰ ਨੂੰ ਜੰਗ ਥੋੜ੍ਹੇ ਸਮੇਂ ਲਈ ਰੁਕਣ ਤੋਂ ਬਾਅਦ ਮੁੜ ਸ਼ੁਰੂ ਹੋ ਗਈ ਹੈ।

    ਰੂਸੀ ਰਾਸ਼ਟਰਪਤੀ ਪੁਤਿਨ ਨੇ ਰਸ਼ਾ ਦੀ ਸੁਰੱਖਿਆ ਪਰਿਸ਼ਦ 'ਚ ਦਿੱਤੇ ਆਪਣੇ ਭਾਸ਼ਣ ਵਿੱਚ ਕਿਹਾ,''ਉਹ ਵਿਦੇਸ਼ੀ ਨਾਗਰਿਕਾਂ ਨੂੰ ਬੰਧਕ ਬਣਾ ਰਹੇ ਹਨ। ਇਨ੍ਹਾਂ 'ਚੋਂ ਹਜ਼ਾਰਾਂ ਵਿਦਿਆਰਥੀ ਹਨ, ਜੋ ਯੂਕਰੇਨ ਵਿੱਚ ਪੜ੍ਹਾਈ ਕਰਦੇ ਹਨ। ਖਾਰਕੀਵ 'ਚ ਇੱਕ ਰੇਲਵੇ ਸਟੇਸ਼ਨ 'ਤੇ 3,179 ਭਾਰਤੀ ਵਿਦਿਆਰਥੀਆਂ ਨੂੰ ਕੈਦ ਕਰਕੇ ਰੱਖਿਆ ਗਿਆ ਹੈ। ਉਹ ਅਜੇ ਵੀ ਉੱਥੇ ਹੀ ਹਨ।''

    ''ਜ਼ਿਆਦਾਤਰ ਲੋਕ ਉੱਥੇ ਹੀ ਹਨ ਅਤੇ 576 ਲੋਕ ਸੁਮੀ ਵਿੱਚ ਹਨ। ਇਨ੍ਹਾਂ ਨਵ-ਨਾਜ਼ੀਆਂ ਨੇ ਚੀਨੀ ਨਾਗਰਿਕਾਂ 'ਤੇ ਗੋਲੀਬਾਰੀ ਕੀਤੀ ਹੈ। ਉਹ ਖਾਰਕਿਵ ਛੱਡਣਾ ਚਾਹੁੰਦੇ ਸਨ। ਦੋ ਲੋਕ ਜ਼ਖਮੀ ਵੀ ਹੋਏ ਹਨ।''

    ਪੁਤਿਨ ਨੇ ਕਿਹਾ ਕਿ ਯੂਕਰੇਨ ਦੇ ਸੁਰੱਖਿਆ ਬਲ ਹਜ਼ਾਰਾਂ ਵਿਦੇਸ਼ੀ ਨਾਗਰਿਕਾਂ ਨੂੰ ਖਾਰਕੀਵ ਛੱਡਣ ਤੋਂ ਰੋਕ ਰਹੇ ਹਨ। ਪੁਤਿਨ ਨੇ ਕਿਹਾ ਕਿ ਯੂਕਰੇਨੀ ਬਲਾਂ ਨੇ ਉਨ੍ਹਾਂ ਨੂੰ ਬੰਦੀ ਬਣਾ ਕੇ ਰੱਖਿਆ ਹੈ।

    ਭਾਰਤੀ ਵਿਦਿਆਰਥੀ

    ਤਸਵੀਰ ਸਰੋਤ, Getty Images

    ਬੁੱਧਵਾਰ ਨੂੰ ਰਾਸ਼ਟਰਪਤੀ ਪੁਤਿਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫੋਨ 'ਤੇ ਗੱਲ ਕੀਤੀ ਸੀ। ਦੋਵਾਂ ਵਿਚਾਲੇ ਖਾਰਕੀਵ ਦੀ ਸਥਿਤੀ 'ਤੇ ਵੀ ਚਰਚਾ ਹੋਈ। ਰੂਸ ਵੀ ਇਸ ਸ਼ਹਿਰ ਵਿੱਚ ਫੌਜੀ ਕਾਰਵਾਈਆਂ ਕਰ ਰਿਹਾ ਹੈ। ਖਾਰਕਿਵ ਵਿੱਚ ਵੱਡੀ ਗਿਣਤੀ ਵਿੱਚ ਚੀਨੀ, ਭਾਰਤੀ ਅਤੇ ਅਫਰੀਕੀ ਵਿਦਿਆਰਥੀ ਰਹਿੰਦੇ ਹਨ।

    ਹਾਲਾਂਕਿ, ਵੀਰਵਾਰ ਨੂੰ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਯੂਕਰੇਨ ਵਿੱਚ ਭਾਰਤੀ ਵਿਦਿਆਰਥੀਆਂ ਨੂੰ ਬੰਧਕ ਬਣਾਏ ਜਾਣ ਦੀ ਗੱਲ ਨੂੰ ਖਾਰਜ ਕਰ ਦਿੱਤਾ ਸੀ। ਭਾਰਤ ਦੇ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਉਨ੍ਹਾਂ ਕੋਲ ਯੂਕਰੇਨ ਵਿੱਚ ਕਿਸੇ ਭਾਰਤੀ ਵਿਦਿਆਰਥੀ ਨੂੰ ਬੰਧਕ ਬਣਾਏ ਜਾਣ ਵਰਗੀ ਸਥਿਤੀ ਦੀ ਕੋਈ ਖ਼ਬਰ ਨਹੀਂ ਹੈ।

    ਵੀਰਵਾਰ ਦੇਰ ਤੱਕ, ਯੂਕਰੇਨ ਦੇ ਅਧਿਕਾਰੀਆਂ ਨੇ ਕਿਹਾ ਸੀ ਕਿ ਰੂਸ ਨਾਲ ਇੱਕ ਅਜਿਹੇ ਸੁਰੱਖਿਅਤ ਰਸਤੇ 'ਤੇ ਸਹਿਮਤੀ ਬਣੀ ਹੈ ਜਿਸ ਰਾਹੀਂ ਵਿਦੇਸ਼ੀ ਨਾਗਰਿਕਾਂ ਨੂੰ ਕੱਢਿਆ ਜਾ ਸਕਦਾ ਹੈ। ਦੂਜੇ ਪਾਸੇ, ਬੇਲਾਰੂਸ 'ਚ ਰੂਸ ਅਤੇ ਯੂਕਰੇਨ ਵਿਚਾਲੇ ਜੰਗ ਰੋਕਣ ਸਬੰਧੀ ਦੂਜੇ ਪੜਾਅ ਦੀ ਗੱਲਬਾਤ ਵੀ ਬੇਨਤੀਜਾ ਰਹੀ।

  5. ਰੂਸ-ਯੂਕਰੇਨ ਜੰਗ: ਹੁਣ ਤੱਕ ਦੇ ਅਹਿਮ ਘਟਨਾਕ੍ਰਮ

    • ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦਾ ਅੱਜ ਨੌਵਾਂ ਦਿਨ ਹੈ।
    • ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਕਿ ਵੱਡੀ ਗਿਣਤੀ ਵਿੱਚ ਭਾਰਤੀ ਵਿਦਿਆਰਥੀ ਖਾਰਕੀਵ ਦੇ ਇੱਕ ਟਰੇਨ ਸਟੇਸ਼ਨ ਵਿੱਚ ਬੰਧਕ ਬਣੇ ਹੋਏ ਹਨ।
    • ਭਾਰਤੀ ਹਵਾਈ ਫੌਜ ਦੇ ਦੋ ਹੋਰ ਜਹਾਜ਼ ਅੱਜ ਯੂਕਰੇਨ ਤੋਂ 400 ਤੋਂ ਵੱਧ ਭਾਰਤੀ ਵਿਦਿਆਰਥੀਆਂ ਨੂੰ ਲੈ ਕੇ ਦਿੱਲੀ ਪਹੁੰਚੇ ਹਨ।
    • ਰੂਸ ਅਤੇ ਯੂਕਰੇਨ ਦੇ ਨੁਮਾਇੰਦਿਆਂ ਦਰਮਿਆਨ ਬੈਲਾਰੂਸ ਵਿੱਚ ਦੂਜੇ ਦੌਰ ਦੀ ਬੈਠਕ ਹੋਈ।
    • ਰੂਸੀ ਰਾਸ਼ਟਰਪਤੀ ਨੇ ਆਖਿਆ ਕਿ ਰੂਸ ਦਾ 'ਵਿਸ਼ੇਸ਼ ਮਿਲਟਰੀ ਅਪਰੇਸ਼ਨ' ਯੋਜਨਾਬੱਧ ਤਰੀਕੇ ਨਾਲ ਚੱਲ ਰਿਹਾ ਹੈ।
    • ਯੂਕਰੇਨ ਨੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਆਹਮਣੇ ਸਾਹਮਣੇ ਬੈਠ ਕੇ ਗੱਲਬਾਤ ਲਈ ਆਖਿਆ ਹੈ। ਉਨ੍ਹਾਂ ਕਿਹਾ ਕਿ ਜੰਗ ਰੋਕਣ ਦਾ ਇਹੀ ਇੱਕ ਤਰੀਕਾ ਹੈ।
    • ਭਾਰਤ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਕੁਆਰਡ ਦੇਸ਼ਾਂ ਦੇ ਵਰਚੁਅਲ ਬੈਠਕ 'ਚ ਹਿੱਸਾ ਲਿਆ। ਇਸ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ ਸਮੇਤ ਆਸਟਰੇਲੀਆ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਵੀ ਮੌਜੂਦ ਸਨ।
    • ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਫਰਾਂਸ ਦੇ ਰਾਸ਼ਟਰਪਤੀ ਨਾਲ ਫੋਨ 'ਤੇ ਗੱਲ ਕੀਤੀ ਅਤੇ ਆਖਿਆ ਕਿ ਰੂਸ ਆਪਣੇ ਟੀਚੇ ਹਾਸਲ ਕਰਕੇ ਰਹੇਗਾ।
    • ਰੂਸੀ ਅਤੇ ਬੇਲਾਰੂਸ ਦੇ ਖਿਡਾਰੀਆਂ ਉੱਪਰ ਸਰਦ ਰੁੱਤ ਦੇ ਪੈਰਾਲੰਪਿਕਸ ਵਿੱਚ ਹਿੱਸਾ ਲੈਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ।
    • ਭਾਰਤੀ ਵਿਦਿਆਰਥੀਆਂ ਨੂੰ ਯੂਕਰੇਨ ਵਿੱਚ ਬੰਦੀ ਬਣਾਉਣ ਦੇ ਰੂਸ ਦੇ ਦਾਅਵਿਆਂ ਨੂੰ ਭਾਰਤ ਸਰਕਾਰ ਨੇ ਖਾਰਜ ਕੀਤਾ ਹੈ।
    • ਰੂਸੀ ਪ੍ਰਦਰਸ਼ਨਕਾਰੀ ਇੱਕ ਵਾਰ ਫਿਰ ਸੇਂਟ ਪੀਟਰਸਬਰਗ ਦੀਆਂ ਸੜਕਾਂ 'ਤੇ ਉਤਰ ਆਏ।
    • ਰੂਸ ਉੱਪਰ ਯੂਕਰੇਨੀ ਨਾਗਰਿਕਾਂ ਉੱਪਰ ਹਮਲਾ ਕਰਨ ਦੇ ਇਲਜ਼ਾਮ ਲੱਗੇ ਹਨ ਅਤੇ ਇਹ ਮੁੱਦਾ ਹੁਣ ਅੰਤਰਰਾਸ਼ਟਰੀ ਅਦਾਲਤ ਵਿੱਚ ਪਹੁੰਚ ਗਿਆ ਹੈ।
    ਯੂਕਰੇਨ-ਰੂਸ ਸੰਕਟ

    ਤਸਵੀਰ ਸਰੋਤ, Getty Images

  6. ਬੀਬੀਸੀ ਪੰਜਾਬੀ ਦੇ ਲਾਈਵ ਪੇਜ 'ਤੇ ਤੁਹਾਡਾ ਸਵਾਗਤ ਹੈ। ਯੂਕਰੇਨ 'ਤੇ ਰੂਸ ਦਾ ਹਮਲਾ ਨੌਂਵੇ ਦਿਨ ਵੀ ਜਾਰੀ ਹੈ। ਇਸ ਪੇਜ ਰਾਹੀਂ ਅਸੀਂ ਤੁਹਾਡੇ ਤੱਕ ਇਸ ਜੰਗ ਬਾਰੇ ਅਹਿਮ ਜਾਣਕਾਰੀ ਪਹੁੰਚਾ ਰਹੇ ਹਾਂ।

    ਤੁਸੀਂ ਇਸ ਸਬੰਧੀ 3 ਮਾਰਚ ਦੀਆਂ ਖ਼ਬਰਾਂ ਪੜ੍ਹਨ ਲਈਇੱਥੇ ਕਲਿੱਕ ਕਰ ਸਕਦੇ ਹੋ

    ਫਿਲਹਾਲ ਅਸੀਂ ਲਾਈਵ ਪੇਜ ਦੀ ਸ਼ੁਰੂਆਤ ਪ੍ਰਿਅੰਕਾ ਧੀਮਾਨ ਅਤੇ ਅਨੁਰੀਤ ਸ਼ਰਮਾ ਵੱਲੋਂ ਕੀਤੀ ਗਈ ਹੈ।