You’re viewing a text-only version of this website that uses less data. View the main version of the website including all images and videos.

Take me to the main website

ਯੂਕਰੇਨ-ਰੂਸ ਜੰਗ : ਪਰਮਾਣੂ ਪਲਾਂਟ ਉੱਤੇ ਹਮਲੇ ਦੌਰਾਨ ਕਈ ਮੌਤਾਂ ਤੇ ਅਨੇਕਾਂ ਫੱਟੜ- ਯੂਕਰੇਨ

ਯੂਕਰੇਨ ਅਤੇ ਰੂਸ ਵਿਚਾਲੇ ਚੱਲ ਰਹੀ ਜੰਗ ਦਾ ਅੱਜ 9ਵਾਂ ਦਿਨ ਹੈ। ਇਸੇ ਵਿਚਾਲੇ ਭਾਰਤੀਆਂ ਵਿਦਿਆਰਥੀਆਂ ਦੀ ਵਤਨ ਵਾਪਸੀ ਵੀ ਜਾਰੀ ਹੈ।

ਲਾਈਵ ਕਵਰੇਜ

  1. ਲਾਇਵ ਪੰਨੇ ਨੂੰ ਵਿਰਾਮ, ਧੰਨਵਾਦ !

    ਯੂਕਰੇਨ ਰੂਸ ਵਿਚਾਲੇ ਚੱਲ ਰਹੀ ਜੰਗ ਨਾਲ ਸਬੰਧਤ ਬੀਬੀਸੀ ਪੰਜਾਬੀ ਦੇ ਇਸ ਲਾਇਵ ਪੰਨੇ ਨੂੰ ਅਸੀਂ ਇੱਥੇ ਹੀ ਵਿਰਾਮ ਦੇ ਰਹੇ ਹਾਂ। ਕੱਲ ਨਵੀਆਂ ਅਤੇ ਤਾਜ਼ਾ ਰਿਪੋਰਟਾਂ ਨਾਲ ਮੁੜ ਹਾਜ਼ਰ ਹੋਵਾਂਗੇ। ਉਦੋਂ ਤੱਕ ਦਿਓ ਇਜਾਜ਼ਤ, ਧੰਨਵਾਦ

    ਅੱਜ ਦੇ ਮੁੱਖ ਘਟਨਾਕ੍ਰਮ:

    • ਰੂਸ ਅਤੇ ਯੂਕਰੇਨ ਵਿਚਾਲੇ ਜੰਗ ਦੇ ਅੱਜ ਨੌਵੇਂ ਦਿਨ ਵੀ ਵੱਡੀ ਗਿਣਤੀ ਵਿੱਚ ਯੂਕਰੇਨ ਦੇ ਲੋਕ ਬਾਹਰ ਨਿਕਲਣ ਦੀ ਕੋਸ਼ਿਸ਼ ‘ਚ ਰਹੇ
    • ਭਾਰਤੀ ਵਿਦੇਸ਼ ਮੰਤਰਾਲੇ ਮੁਤਾਬਕ ਜੰਗ ਦੇ ਅੱਠਵੇਂ ਦਿਨ ਤੱਕ 6200 ਭਾਰਤੀ ਵਾਪਸ ਆ ਚੁੱਕੇ ਹਨ ਅਤੇ 18000 ਯੂਕਰੇਨ ਛੱਡ ਚੁੱਕੇ ਹਨ
    • ਯੂਕਰੇਨ ਨੇ ਨਾਟੋ ਨੂੰ ਕਿਹਾ ਕਿ ਸਾਨੂੰ ਤੁਹਾਡੇ ਹਥਿਆਰਾਂ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਚਾਹੀਦਾ ਹੈ
    • ਰੂਸ ਵਿੱਚ ਬੀਬੀਸੀ ਦੀ ਰੂਸੀ ਸੇਵਾ ਦੀ ਕਵਰੇਜ ਸੀਮਤ ਕੀਤੀ ਗਈ
    • ਨਾਟੋ ਨੇ ਪਰਮਾਣੂ ਊਰਜਾ ਪਲਾਂਟ ਦੀ ਗੋਲੀਬਾਰੀ ਸਣੇ ਯੂਕਰੇਨ ਵਿੱਚ ਰੂਸ ਦੀਆਂ ਕਾਰਵਾਈਆਂ ਦੀ ਨਿੰਦਾ ਕੀਤੀ ਹੈ
    • ਦੁਨੀਆਂ ਭਰ ਦੇ ਨੇਤਾਵਾਂ ਨੇ ਪਰਮਾਣੂ ਪਲਾਂਟ 'ਤੇ ਰੂਸੀ ਹਮਲੇ ਦੀ ਨਿੰਦਾ ਕੀਤੀ
    • ਯੂਕਰੇਨ ਦੇ ਜ਼ੇਪੋਰਜ਼ੀਆ ਨਿਊਕਲੀਅਰ ਪਲਾਂਟ ਵਿੱਚ ਰੂਸੀ ਹਮਲੇ ਨਾਲ ਲੱਗੀ ਅੱਗ 'ਤੇ ਕਾਬੂ ਜਾ ਲਿਆ ਗਿਆ ਹੈ
    • ਦਿੱਲੀ ਦੇ ਛੱਤਰਪੁਰ ਵਿੱਚ ਰਹਿਣ ਵਾਲੇ ਹਰਜੋਤ ਸਿੰਘ ਨੂੰ ਕੀਵ ਤੋਂ ਵਾਪਿਸ ਆਉਂਦਿਆਂ ਗੋਲੀ ਲੱਗੀ ਸੀ, ਜਿਸ ਕਾਰਨ ਉਹ ਕੀਵ ਦੇ ਹਸਪਤਾਲ ਵਿੱਚ ਜੇਰੇ ਇਲਾਜ ਹਨ
  2. ਯੂਕਰੇਨ ਨੇ ਨਾਟੋ ਨੂੰ ਕਿਹਾ, “ਸਾਨੂੰ ਤੁਹਾਡੇ ਹਥਿਆਰਾਂ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਚਾਹੀਦਾ ਹੈ”

    ਯੂਕਰੇਨ ਦੇ ਵਿਦੇਸ਼ ਮੰਤਰੀ ਦਮਿਤਰੋ ਕੁਲੇਬਾ ਨੇ ਨਾਟੋ ਫੌਜੀ ਗਠਜੋੜ ਦੇ ਉਨ੍ਹਾਂ ਦੇਸ਼ਾਂ ਦਾ ਧੰਨਵਾਦ ਕੀਤਾ ਹੈ ਜਿਨ੍ਹਾਂ ਨੇ ਰੂਸ ਦੇ ਹਮਲੇ ਦਾ ਵਿਰੋਧ ਕਰਨ ਵਿੱਚ ਮਦਦ ਲਈ ਗੋਲਾ ਬਾਰੂਦ ਅਤੇ ਹਥਿਆਰ ਭੇਜੇ ਹਨ।

    ਪਰ ਇਸ ਦੇ ਨਾਲ ਹੀ ਉਨ੍ਹਾਂ ਨੇ ਹੋਰ ਸਹਾਇਤਾ ਮੁਹੱਈਆ ਕਰਵਾਉਣ ਦੀ ਬੇਨਤੀ ਵੀ ਕੀਤੀ ਹੈ।

    ਉਨ੍ਹਾਂ ਨੇ ਇੱਕ ਫੇਸਬੁੱਕ ਵੀਡੀਓ ਵਿੱਚ ਕਿਹਾ, “ਸਾਡੀ ਮਦਦ ਕਰੋ।“

    "ਜੇ ਤੁਸੀਂ ਨਹੀਂ ਕਰਦੇ, ਤਾਂ ਮੈਨੂੰ ਡਰ ਹੈ ਕਿ ਤੁਹਾਨੂੰ ਉਨ੍ਹਾਂ ਯੂਕਰੇਨੀ ਨਾਗਰਿਕਾਂ ਦੀਆਂ ਜ਼ਿੰਦਗੀਆਂ ਅਤੇ ਦੁੱਖਾਂ ਲਈ ਜ਼ਿੰਮੇਵਾਰੀ ਸਾਂਝੀ ਕਰਨੀ ਪਵੇਗੀ, ਜੋ ਬੇਰਹਿਮ ਰੂਸੀ ਪਾਇਲਟਾਂ ਵੱਲੋਂ ਸੁੱਟੇ ਜਾ ਰਹੇ ਬੰਬਾਂ ਕਾਰਨ ਮਾਰੇ ਗਏ ਸਨ।"

    "ਮੇਰੀ ਇੱਕੋ ਇੱਕ ਉਮੀਦ ਹੈ ਕਿ ਇਸ ਵਿੱਚ ਦੇਰੀ ਨਹੀਂ ਹੋਵੇਗੀ।"

  3. ਰੂਸ-ਯੂਕਰੇਨ ਜੰਗ- ਅੱਜ ਨੌਵੇਂ ਦਿਨ ਵੀ ਲੋਕ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦੇ ਹੋਏ

    ਅੱਜ ਨੌਵੇਂ ਦਿਨ ਵੀ ਵੱਡੀ ਗਿਣਤੀ ਵਿੱਚ ਲੋਕ ਯੂਕਰੇਨ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਹਨ।

    ਹੁਣ ਤੱਕ 10 ਲੱਖ ਤੋਂ ਵੱਧ ਲੋਕ ਯੂਕਰੇਨ ਤੋਂ ਹਿਜਰਤ ਕਰ ਚੁੱਕੇ ਹਨ।

  4. ਜਰਮਨ ਚਾਂਸਲਰ ਨੇ ਪੁਤਿਨ ਕੋਲੋਂ ਤੁਰੰਤ ਫੌਜ ਦੀ ਕਾਰਵਾਈ ਰੋਕਣ ਦੀ ਮੰਗ ਕੀਤੀ

    ਜਰਮਨ ਚਾਂਸਲਰ ਆਲੋਕ ਸ਼ਾਲਸ ਨੇ ਵਾਲਦੀਮੀਰ ਪੁਤਿਨ ਨਾਲ ਗੱਲਬਾਤ ਕਰ ਕੇ ਤੁਰੰਤ ਫੌਜ ਦੀ ਕਾਰਵਾਈ ਰੋਕਣ ਦੀ ਮੰਗ ਕੀਤੀ ਹੈ।

    ਸਰਕਾਰ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਦੋਵਾਂ ਨੇਤਾਵਾਂ ਵਿਚਾਲੇ ਫੋਨ ‘ਤੇ ਗੱਲਬਾਤ ਹੋਈ ਹੈ।

    ਸ਼ਾਲਸ ਨੇ ਇਸ ਦੇ ਨਾਲ ਹੀ ਪੁਤਿਨ ਕੋਲੋਂ ਉਨ੍ਹਾਂ ਇਲਾਕਿਆਂ ਵਿੱਚ ਮਨੁੱਖੀ ਸਹਾਇਤਾ ਦੀ ਆਗਿਆ ਦੇਣ ਦੀ ਵੀ ਅਪੀਲ ਕੀਤੀ, ਜਿੱਥੇ ਲੜਾਈ ਹੋ ਰਹੀ ਹੈ।

    ਬੁਲਾਰੇ ਦੱਸਿਆ ਹੈ ਕਿ ਦੋਵਾਂ ਨੇਤਾਵਾਂ ਵਿਚਾਲੇ ਇਹ ਗੱਲਬਾਤ ਇੱਕ ਘੰਟੇ ਚੱਲੀ ਅਤੇ ਜਿਸ ਵਿੱਚ ਛੇਤੀ ਹੀ ਇੱਕ ਦੂਜੇ ਨਾਲ ਫਿਰ ਗੱਲ ਕਰਨ ਦੀ ਵੀ ਸਹਿਮਤੀ ਬਣੀ।

  5. ਹੁਣ ਤੱਕ ਦਾ ਮੁੱਖ ਘਟਨਾਕ੍ਰਮ

    • ਯੂਕਰੇਨ ਦੇ ਵਿਦੇਸ਼ ਮੰਤਰਾਲੇ ਮੁਤਾਬਕ ਯੂਕਰੇਨ ਦੇ ਪਰਮਾਣੂ ਪਾਵਰ ਪਲਾਂਟ 'ਤੇ ਰੂਸੀ ਗੋਲਾਬਾਰੀ ਕਾਰਨ ਲੱਗੀ ਅੱਗ 'ਚ ਕਈ ਲੋਕ ਮਾਰੇ ਗਏ ਜਾਂ ਜ਼ਖਮੀ ਹੋ ਗਏ ਹਨ
    • ਨਾਟੋ ਦਾ ਕਹਿਣਾ ਹੈ ਕਿ ਇਸ ਗੱਲ ਦੇ ਸਬੂਤ ਹਨ ਕਿ ਰੂਸ ਆਪਣੇ ਹਮਲੇ ਵਿਚ ਕਲਸਟਰ ਬੰਬਾਂ ਦੀ ਵਰਤੋਂ ਕਰ ਰਿਹਾ ਹੈ
    • ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੇ ਕਿਹਾ ਹੈ ਕਿ ਜ਼ੇਪੋਰਜ਼ੀਆ ਪਰਮਾਣੂ ਪਲਾਂਟ ਉੱਪਰ ਰੂਸੀ ਹਮਲਾ ਛੇ ਚਰਨੌਬਲ ਹਾਦਸਿਆਂ ਜਿੰਨਾ ਨੁਕਸਾਨ ਕਰ ਸਕਦਾ ਸੀ
    • ਨਾਟੋ ਨੇ ਪਰਮਾਣੂ ਊਰਜਾ ਪਲਾਂਟ ਦੀ ਗੋਲੀਬਾਰੀ ਸਣੇ ਯੂਕਰੇਨ ਵਿੱਚ ਰੂਸ ਦੀਆਂ ਕਾਰਵਾਈਆਂ ਦੀ ਨਿੰਦਾ ਕੀਤੀ ਹੈ
    • ਦੁਨੀਆਂ ਭਰ ਦੇ ਨੇਤਾਵਾਂ ਨੇ ਪਰਮਾਣੂ ਪਲਾਂਟ 'ਤੇ ਰੂਸੀ ਹਮਲੇ ਦੀ ਨਿੰਦਾ ਕੀਤੀ
    • ਯੂਕਰੇਨ ਦੇ ਜ਼ੇਪੋਰਜ਼ੀਆ ਨਿਊਕਲੀਅਰ ਪਲਾਂਟ ਵਿੱਚ ਰੂਸੀ ਹਮਲੇ ਨਾਲ ਲੱਗੀ ਅੱਗ 'ਤੇ ਕਾਬੂ ਜਾ ਲਿਆ ਗਿਆ ਹੈ
    • ਦਿੱਲੀ ਦੇ ਛੱਤਰਪੁਰ ਵਿੱਚ ਰਹਿਣ ਵਾਲੇ ਹਰਜੋਤ ਸਿੰਘ ਨੂੰ ਕੀਵ ਤੋਂ ਵਾਪਿਸ ਆਉਂਦਿਆਂ ਗੋਲੀ ਲੱਗੀ ਸੀ, ਜਿਸ ਕਾਰਨ ਉਹ ਕੀਵ ਦੇ ਹਸਪਤਾਲ ਵਿੱਚ ਜੇਰੇ ਇਲਾਜ ਹਨ
  6. ਯੂਕਰੇਨ-ਰੂਸ ਜੰਗ: ਨਾਟੋ ਦਾ ਬੋਇੰਗ ਜਹਾਜ਼ ਵਾਲਾ ਰਾਡਾਰ ਕਿਵੇਂ ਕਰ ਰਿਹਾ ਅਸਮਾਨ ਵਿਚ ਕੰਮ

    ਉਹ ਜਹਾਜ਼ ਜਿਸ ਰਾਹੀਂ ਉਹ ਅਸਮਾਨ ਦੀ ਨਿਗਰਾਨੀ ਕਰਦਾ ਹੈ। ਬੀਬੀਸੀ ਦੀ ਟੀਮ ਬੋਇੰਗ-707 ਵਿੱਚ ਚੜ੍ਹੀ, ਇਹ ਆਮ ਯਾਤਰੀ ਜਹਾਜ਼ ਨਹੀਂ ਹੈ। ਇਸ ਵਿੱਚ ਕੋਈ ਵੀ ਖਿੜਕੀ ਨਹੀਂ ਹੈ।

    ਇਹ ਅਸਲ ਵਿੱਚ ਫਲਾਇੰਗ ਦਫਤਰ ਹੈ। ਨਾਟੋ 30 ਮੁਲਕਾਂ ਦਾ ਫੌਜੀ ਗਠਜੋੜ ਹੈ। ਇੱਥੋਂ ਨਾਟੋ ਮੁਲਕਾਂ ਦੇ ਅਸਮਾਨ ਉੱਤੇ ਨਜ਼ਰ ਰੱਖੀ ਜਾਂਦੀ ਹੈ।

    ਜੇਕਰ ਅਣਪਛਾਤਾ ਜਹਾਜ਼ ਨਾਟੋ ਦੇ ਏਅਰਸਪੇਸ ਵਿੱਚ ਦਾਖਲ ਹੋ ਜਾਂਦਾ ਹੈ ਤਾਂ ਇਸ ਪਲੇਨ ਦੀ ਮਦਦ ਨਾਲ ਫਾਇਟਰ ਜੈੱਟ ਪੜਤਾਲ ਕਰਨ ਲੱਗ ਜਾਂਦੇ ਹਨ।

  7. ਯੂਕਰੇਨ ਨੇ ਪਰਮਾਣੂ ਪਲਾਂਟ ਨੂੰ ਅੱਗ ਲੱਗਣ ਕਾਰਨ ਮੌਤਾਂ ਦੀ ਰਿਪੋਰਟ

    ਯੂਕਰੇਨ ਦੇ ਵਿਦੇਸ਼ ਮਾਮਲਿਆਂ ਬਾਰੇ ਮੰਤਰਾਲੇ ਮੁਤਾਬਕ ਯੂਕਰੇਨ ਦੇ ਪਰਮਾਣੂ ਪਾਵਰ ਪਲਾਂਟ 'ਤੇ ਰੂਸੀ ਗੋਲਾਬਾਰੀ ਕਾਰਨ ਲੱਗੀ ਅੱਗ 'ਚ ਕਈ ਲੋਕ ਮਾਰੇ ਗਏ ਜਾਂ ਜ਼ਖਮੀ ਹੋ ਗਏ ਹਨ।

    ਮੰਤਰਾਲੇ ਨੇ ਫੇਸਬੁੱਕ 'ਤੇ ਇੱਕ ਬਿਆਨ ਵਿੱਚ ਦੱਸਿਆ ਹੈ ਕਿ ਕਰਮਚਾਰੀ ਜ਼ੇਪੋਰਜ਼ੀਆ ਪਲਾਂਟ ਦੀ ਨਿਗਰਾਨੀ ਕਰ ਰਹੇ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਹ ਸੁਰੱਖਿਅਤ ਢੰਗ ਨਾਲ ਕੰਮ ਕਰ ਰਿਹਾ ਹੈ ਅਤੇ ਰੇਡੀਏਸ਼ਨ ਦੇ ਪੱਧਰ ਠੀਕ ਹਨ।

    ਪਰ ਜੇਕਰ ਪਾਵਰ ਯੂਨਿਟਾਂ ਦੇ ਅੰਦਰ ਪਰਮਾਣੂ ਬਾਲਣ ਨੂੰ ਠੰਢਾ ਕਰਨ ਦੀ ਪ੍ਰਕਿਰਿਆ ਵਿੱਚ ਗੜਬੜੀ ਹੁੰਦੀ ਹੈਤਾਂ ਵਿਆਪਕ ਤੌਰ ‘ਤੇ ਰੇਡੀਓ ਐਕਟਿਵ ਨੁਕਸਾਨ ਹੋ ਸਕਦਾ ਹੈ।

    ਬਿਆਨ ਵਿੱਚ ਕਿਹਾ ਗਿਆ ਹੈ, "ਹਜ਼ਾਰਾਂ ਲੋਕ, ਜਿਸ ਵਿੱਚ ਨਾਗਰਿਕਾਂ ਵੀ ਸ਼ਾਮਿਲ ਹਨ, ਵਰਤਮਾਨ ਸਮੇਂ ਵਿੱਚ ਚੱਲ ਰਹੀ ਗੋਲਾਬਾਰੀ ਅਤੇ ਲੜਾਈ ਕਾਰਨ ਪਲਾਂਟ ਦੇ ਨੇੜਲੇ ਖੇਤਰ ਨੂੰ ਖਾਲੀ ਕਰਨ ਵਿੱਚ ਅਸਮਰੱਥ ਹਨ, ਇਸ ਨਾਲ ਦੁਖੀ ਹੋਣਗੇ।"

  8. ਯੂਕਰੇਨ ਰੂਸ ਜੰਗ : 3 ਗੋਲੀਆਂ ਲੱਗਣ ਨਾਲ ਗੰਭੀਰ ਜ਼ਖ਼ਮੀ ਹੋਏ ਪੰਜਾਬੀ ਮੁੰਡੇ ਦੀ ਕਿਵੇਂ ਬਚੀ ਜਾਨ

    27 ਫਰਵਰੀ ਨੂੰ ਕੀਵ ਛੱਡ ਕੇ ਆ ਰਹੇ ਹਰਜੋਤ ਸਿੰਘ ਨੂੰ ਗੋਲੀ ਲੱਗੀ ਸੀ। ਦਿੱਲੀ ਦੇ ਹਰਜੋਤ ਸਿੰਘ ਯੂਕਰੇਨ ਵਿੱਚ ਪੜ੍ਹਾਈ ਕਰਨ ਲਈ ਗਏ ਸਨ। ਕੀਵ ਵਿੱਚ ਉਨ੍ਹਾਂ ਦੀ ਕੈਬ ਉੱਤੇ ਗੋਲੀਆਂ ਨਾਲ ਹਮਲਾ ਕੀਤਾ ਗਿਆ। ਭਾਰਤ ਸਰਕਾਰ ਵੱਲੋਂ ਪੋਲੈਂਡ ’ਚ ਮੌਜੂਦ ਕੇਂਦਰੀ ਮੰਤਰੀ ਵੀ ਕੇ ਸਿੰਘ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਰੂਸ ਅਤੇ ਯੂਕਰੇਨ ਵਿਚਾਲੇ ਜੰਗ ਦਾ ਅੱਜ 9ਵਾਂ ਦਿਨ ਹੈ। ਭਾਰਤ ਸਰਕਾਰ ਵੱਲੋਂ ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਮੁਲਕ ਲਿਆਉਣ ਲਈ ਆਪਰੇਸ਼ਨ ਗੰਗਾ ਜਾਰੀ ਹੈ। (ਵੀਡੀਓ – ਏਐੱਨਆਈ, ਐਡਿਟ – ਸਦਫ਼ ਖ਼ਾਨ)

  9. ਰੂਸ ਯੂਕਰੇਨ ਵਿੱਚ ਕਲੱਸਟਰ ਬੰਬਾਂ ਦੀ ਵਰਤੋਂ ਕਰ ਰਿਹਾ ਹੈ – ਨਾਟੋ

    ਨਾਟੋ ਦੇ ਸਕੱਤਰ ਜਨਰਲ ਜੇਂਸ ਸਟੋਲਟਨਬਰਗ ਦਾ ਕਹਿਣਾ ਹੈ ਕਿ ਇਸ ਗੱਲ ਦੇ ਸਬੂਤ ਹਨ ਕਿ ਰੂਸ ਆਪਣੇ ਹਮਲੇ ਵਿਚ ਕਲਸਟਰ ਬੰਬਾਂ ਦੀ ਵਰਤੋਂ ਕਰ ਰਿਹਾ ਹੈ।

    ਇੱਕ ਨਿਊਜ਼ ਕਾਨਫਰੰਸ ਵਿੱਚ, ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ, "ਅਸੀਂ ਕਲੱਸਟਰ ਬੰਬਾਂ ਦੀ ਵਰਤੋਂ ਦੇਖੀ ਹੈ ਅਤੇ ਅਸੀਂ ਹੋਰ ਕਿਸਮ ਦੇ ਹਥਿਆਰਾਂ ਦੀ ਵਰਤੋਂ ਦੀਆਂ ਰਿਪੋਰਟਾਂ ਦੇਖੀਆਂ ਹਨ ਜੋ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਹੋਵੇਗੀ।“

    ਉਹ ਇਹ ਵੀ ਕਹਿੰਦਾ ਹੈ ਕਿ ਪੱਛਮੀ ਫੌਜੀ ਗਠਜੋੜ ਯੂਕਰੇਨ ਉੱਤੇ ਨੋ-ਫਲਾਈ ਜ਼ੋਨ ਸਥਾਪਤ ਨਹੀਂ ਕਰੇਗਾ ਅਤੇ ਨਾ ਹੀ ਉਥੇ ਆਪਣੀਆਂ ਫੌਜਾਂ ਭੇਜੇਗਾ।

    ਪਰ ਕੀਵ ਨੂੰ ਹੋਰ ਮਦਦ ਦਾ ਵਾਅਦਾ ਕੀਤਾ ਗਿਆ ਹੈ ਅਤੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਤੁਰੰਤ ਹਮਲੇ ਨੂੰ ਖ਼ਤਮ ਕਰਨ ਦੀ ਅਪੀਲ ਕੀਤੀ ਹੈ।

  10. ਜ਼ੇਲੇਂਸਕੀ ਦੀ ਯੂਰਪ ਦੇ ਲੋਕਾਂ ਨੂੰ ਅਪੀਲ ‘ਜਾਗੋ ਲੋਕੋ ਜਾਗੋ’

  11. 20 ਹਜ਼ਾਰ ਤੋਂ ਵੱਧ ਤੋਂ ਭਾਰਤੀ ਛੱਡ ਚੁੱਕੇ ਹਨ ਯੂਕਰੇਨ ਦੀ ਸੀਮਾ

    ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਐਡਵਾਇਜ਼ਰੀ ਜਾਰੀ ਹੋਣ ਤੋਂ ਬਾਅਦ ਤੋਂ ਅਜੇ ਤੱਕ 20 ਹਜ਼ਾਰ ਤੋਂ ਵੱਧ ਭਾਰਤੀ ਯੂਕਰੇਨ ਦੀ ਸੀਮਾ ਛੱਡ ਚੁੱਕੇ ਹਨ।

    ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਹੈ ਕਿ ਉੱਥੇ ਹੁਣ ਵੀ ਕਈ ਲੋਕ ਹਨ, ਪਰ ਇਹ ਦੇਖਣਾ ਸੰਤੁਸ਼ਟੀ ਦਿੰਦਾ ਹੈ ਕਿ ਇੰਨੇ ਲੋਕਾਂ ਨੇ ਯੂਕਰੇਨ ਛੱਡ ਦਿੱਤਾ ਹੈ।

    ਉਨ੍ਹਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਅਗਲੇ 24 ਘੰਟਿਆਂ ਦੌਰਾਨ ਭਾਰਤੀਆਂ ਨੂੰ ਸਵਦੇਸ਼ ਲੈ ਕੇ ਆਉਣ ਲਈ 16 ਫਲਾਈਟਸ ਉਪਲਬਧ ਹਨ, ਇਨ੍ਹਾਂ ਵਿੱਚ ਹਵਾਈ ਸੈਨਾ ਦਾ ਸੀ-17 ਏਅਰਕ੍ਰਾਫਟ ਵੀ ਹੈ।

    ਇਸ ਵਿਚਾਲੇ ਹੰਗਰੀ ਵਿੱਚ ਮੌਜੂਦ ਮੰਤਰੀ ਹਰਦੀਪ ਪੁਰੀ ਨੇ ਕਿਹਾ ਹੈ ਕਿ ਵੀਰਵਾਰ ਤੱਕ ਬੁੱਡਾਪੈਸਟ ਤੋਂ ਤਿੰਨ ਹਜ਼ਾਰ ਲੋਕਾਂ ਨੂੰ ਕੱਢਿਆ ਜਾ ਚੁੱਕਿਆ ਹੈ।

  12. ਰੂਸ-ਯੂਕਰੇਨ ਹਮਲਾ: ਯੂਕਰੇਨ ਹਮਲੇ ਤੋਂ ਪਹਿਲਾਂ ਤੇ ਬਾਅਦ ਵਿੱਚ, ਤਸਵੀਰਾਂ ਰਾਹੀਂ ਦੇਖੋ

  13. ਪੁਤਿਨ ਦੀ ਨਵੀਂ ਚੇਤਾਵਨੀ

    ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕਰੇਨ ਖਿਲਾਫ਼ ਰੂਸ ਦੀ ਫੌਜੀ ਕਾਰਵਾਈ ਦਾ ਵਿਰੋਧ ਕਰਨ ਵਾਲਿਆਂ ਨੂੰ ਚੇਤਾਵਨੀ ਦਿੱਤੀ ਹੈ।

    ਵਲਾਦੀਮੀਰ ਨੇ ਕਿਹਾ ਸਾਡੇ ਖਿਲਾਫ਼ ਪਾਬੰਦੀਆਂ ਲਾਕੇ ਹਲਾਤ ਨੂੰ ਖ਼ਰਾਬ ਕਰਨ ਵਾਲਿਆਂ ਵਾਲੇ ਬਾਜ਼ ਆਉਣ

    ਰੂਸ ਦੇ ਸਰਕਾਰੀ ਟੀਵੀ ਚੈਨਲ ਰੋਸੀਆ 24 ਨਿਊਜ਼ ਚੈਨਲ ਤੋਂ ਸੰਬੋਧਨ ਦੌਰਾਨ ਕਿਹਾ, ਸਾਡੀ ਆਪਣੇ ਗੁਆਂਢੀਆਂ ਬਾਰੇ ਕੋਈ ਮਾੜੀ ਮਨਸ਼ਾ ਨਹੀਂ ਹੈ।

    ਇਸ ਲਈ ਗੁਆਂਢੀ ਵੀ ਅਜਿਹੀਆਂ ਕਾਰਵਾਈਆਂ ਤੋਂ ਗੁਰੇਜ਼ ਕਰਨ ਜਿਸ ਨਾਲ ਰਿਸ਼ਤਿਆਂ ਵਿਚ ਖਟਾਸ ਵਧੇ।

  14. ਰੂਸ ਯੂਕਰੋੇਨ ਜੰਗ - ਜਾਣੋ, ਨਾਟੋ ਦੇ ਜਹਾਜ਼ ਅੰਦਰ ਹੁੰਦਾ ਕੀ ਹੈ

  15. ਯੂਕਰੇਨ ਰੂਸ ਜੰਗ: ਕਿਹੜੇ ਮੁਲਕ ਕੋਲ ਕਿੰਨੇ ਪਰਮਾਣੂ ਹਥਿਆਰ, ਪਾਕਿਸਤਾਨ ਭਾਰਤ ਤੋਂ ਅੱਗੇ

    ਦੁਨੀਆ 'ਚ ਹੁਣ ਤੱਕ ਦੋ ਵਾਰ ਪਰਮਾਣੂ ਬੰਬ ਦੇ ਹਮਲੇ ਹੋ ਚੁੱਕੇ ਹਨ, ਜਿਨ੍ਹਾਂ ਨੇ ਭਿਆਨਕ ਨੁਕਸਾਨ ਕੀਤਾ।

    ਪਰਮਾਣੂ ਹਥਿਆਰਾਂ ਦੀ ਵਰਤੋਂ ਨਾਲ ਵੱਡੀ ਮਾਤਰਾ ਵਿੱਚ ਰੇਡੀਏਸ਼ਨ ਜਾਂ ਵਿਕਿਰਣ ਨਿਕਲਦਾ ਹੈ ਅਤੇ ਇਸ ਲਈ ਇਨ੍ਹਾਂ ਦਾ ਅਸਰ ਵਿਸਫੋਟ ਤੋਂ ਬਾਅਦ ਬਹੁਤ ਲੰਬੇ ਸਮੇਂ ਤੱਕ ਰਹਿੰਦਾ ਹੈ।

    ਦੁਨੀਆ 'ਚ ਇਸ ਸਮੇਂ ਨੌਂ ਦੇਸ਼ਾਂ ਕੋਲ ਪਰਮਾਣੂ ਹਥਿਆਰ ਹਨ।

    ਕਿਹੜੇ ਹਨ ਇਹ ਦੇਸ਼ ਤੇ ਕਿਸ ਕੋਲ ਹੈ ਕਿੰਨੀ ਪਰਮਾਣੂ ਸ਼ਕਤੀ, ਪੜ੍ਹੋ ਇਸ ਰਿਪੋਰਟ ਵਿੱਚ

  16. ਦੁਨੀਆਂ ਭਰ ਦੇ ਨੇਤਾਵਾਂ ਨੇ ਪਰਮਾਣੂ ਪਲਾਂਟ 'ਤੇ ਰੂਸੀ ਹਮਲੇ ਦੀ ਨਿੰਦਾ ਕੀਤੀ

    ਦੁਨੀਆਂ ਭਰ ਦੇ ਨੇਤਾ ਰੂਸ 'ਤੇ ਇਲਜ਼ਾਮ ਲਗਾ ਰਹੇ ਹਨ ਕਿ ਉਸ ਦੀਆਂ ਫੌਜਾਂ ਨੇ ਪਰਮਾਣੂ ਪਾਵਰ ਪਲਾਂਟ 'ਤੇ ਹਮਲਾ ਕਰਕੇ ਅਤੇ ਅੱਗ ਨੂੰ ਭੜਕਾਉਣ ਤੋਂ ਬਾਅਦ ਪੂਰੇ ਮਹਾਂਦੀਪ ਦੀ ਸੁਰੱਖਿਆ ਨੂੰ ਖ਼ਤਰੇ ਵਿਚ ਪਾਇਆ ਹੈ।

    ਯੂਰਪ ਦੇ ਸਭ ਤੋਂ ਵੱਡੇ ਜ਼ੇਪੋਰਜ਼ੀਆ ਪਰਮਾਣੂ ਪਲਾਂਟ ਵਿੱਚ ਅੱਗ ਲੱਗ ਗਈ, ਯੂਕਰੇਨ ਦੇ ਅਧਿਕਾਰੀਆਂ ਨੇ ਕਿਹਾ ਕਿ ਰੂਸ ਵੱਲੋਂ ਹਮਲਾ ਕੀਤਾ ਗਿਆ ਸੀ।

    ਯੂਕਰੇਨ ਦੀਆਂ ਐਮਰਜੈਂਸੀ ਸੇਵਾਵਾਂ ਨੇ ਅੱਗ ਨੂੰ ਬੁਝਾਉਣ ਵਿੱਚ ਕਾਮਯਾਬੀ ਹਾਸਲ ਕੀਤੀ, ਜੋ ਪਲਾਂਟ ਦੇ ਘੇਰੇ ਤੋਂ ਬਾਹਰ ਇੱਕ ਇਮਾਰਤ ਵਿੱਚ ਲੱਗੀ ਸੀਪਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਰੂਸੀ ਸੈਨਿਕਾਂ ਨੇ ਪਲਾਂਟ ਨੂੰ ਜ਼ਬਤ ਕਰ ਲਿਆ ਹੈ।

    ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਕਿਹਾ ਕਿ ਰੂਸ ਦਾ "ਲਾਪਰਵਾਹ" ਹਮਲਾ "ਸਾਰੇ ਯੂਰਪ ਦੀ ਸੁਰੱਖਿਆ ਨੂੰ ਸਿੱਧੇ ਤੌਰ 'ਤੇ ਖ਼ਤਰੇ ਵਿੱਚ ਪਾ ਸਕਦਾ ਹੈ।"

    ਯੂਐੱਸ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਮਾਸਕੋ ਨੂੰ ਸਾਈਟ ਦੇ ਆਲੇ ਦੁਆਲੇ ਆਪਣੀਆਂ ਫੌਜੀ ਗਤੀਵਿਧੀਆਂ ਨੂੰ ਰੋਕਣ ਦੀ ਅਪੀਲ ਕੀਤੀ, ਜਦਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਰੂਸ ਵੱਲੋਂ "ਭਿਆਨਕ ਹਮਲੇ" ਤੁਰੰਤ ਬੰਦ ਹੋਣੇ ਚਾਹੀਦੇ ਹਨ।

  17. ਯੂਕਰੇਨ ਵਿੱਚ ਬਣੇ ਰਹਿਣ ਦੀ ਕੋਸ਼ਿਸ਼ ਕਰਾਂਗੇ-ਬੀਬੀਸੀ

    ਰੂਸ ਵਿੱਚ ਸੁਤੰਤਰ ਮੀਡੀਆ ਉੱਪਰ ਹਮਲੇ ਦੌਰਾਨ ਦਬਾਅ ਬਣਾਇਆ ਜਾ ਰਿਹਾ ਹੈ। ਰੂਸ ਦੇ ਸਰਕਾਰੀ ਮੀਡੀਆ ਨੇ ਰਿਪੋਰਟ ਕੀਤਾ ਸੀ ਕਿ ਰੂਸ ਵਿੱਚ ਬੀਬੀਸੀ ਨੂੰ ਸੀਮਤ ਕੀਤਾ ਜਾ ਰਿਹਾ ਹੈ।

    ਰੂਸ ਵਿੱਚ ਖ਼ਬਰ ਸੇਵਾ ਰੋਕੇ ਜਾਣ ਦੀਆਂ ਖ਼ਬਰਾਂ ਤੋਂ ਬਾਅਦ ਬੀਬੀਸੀ ਨੇ ਕਿਹਾ ਹੈ ਕਿ ਉਹ ਰੂਸ ਵਿੱਚ ਆਪਣੀ ਸੇਵਾ ਉਪਲੱਬਧ ਰੱਖਣ ਦੀ ਕੋਸ਼ਿਸ਼ ਕਰੇਗਾ।

    ਬੀਬੀਸੀ ਦੇ ਬੁਲਾਰੇ ਨੇ ਕਿਹਾ,''ਸਟੀਕ, ਅਜ਼ਾਦ ਜਾਣਕਾਰੀ ਤੱਕ ਪਹੁੰਚ ਇੱਕ ਬੁਨਿਆਦੀ ਹੱਕ ਹੈ, ਜਿਸ ਤੋਂ ਰੂਸ ਦੇ ਉਨ੍ਹਾਂ ਲੱਖਾਂ ਲੋਕਾਂ ਨੂੰ ਨਾਂਹ ਨਹੀਂ ਕੀਤੀ ਜਾਣੀ ਚਾਹੀਦੀ , ਜੋ ਹਰ ਹਫ਼ਤੇ ਬੀਬੀਸੀ 'ਤੇ ਨਿਰਭਰ ਕਰਦੇ ਹਨ।

    ਅਸੀਂ ਰੂਸ ਅਤੇ ਬਾਕੀ ਦੁਨੀਆਂ ਵਿੱਚ ਬੀਬੀਸੀ ਨਿਊਜ਼ ਨੂੰ ਉਪਲੱਭਧ ਰੱਖਣ ਦੇ ਆਪਣੇ ਯਤਨ ਜਾਰੀ ਰੱਖਾਂਗੇ।

    .ਯੂਕਰੇਨ ਉੱਪਰ ਰੂਸ ਦੇ ਹਮਲੇ ਤੋਂ ਬਾਅਦ ਬੀਬੀਸੀ ਦੀ ਰੂਸੀ ਸੇਵਾ ਦੀ ਵੈਬਸਾਈਟ ਉੱਪਰ ਆਉਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਰਿਕਾਰਡ ਵਾਧਾ ਹੋਇਆ ਹੈ।

  18. ਹਮਲਾ ਛੇ ਚਰਨੌਬਲ ਜਿੰਨਾ ਨੁਕਸਾਨ ਕਰ ਸਕਦਾ ਸੀ- ਜ਼ੇਲੇਂਸਕੀ

    ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੇ ਕਿਹਾ ਹੈ ਕਿ ਜ਼ੇਪੋਰਜ਼ੀਆ ਪਰਮਾਣੂ ਪਲਾਂਟ ਉੱਪਰ ਰੂਸੀ ਹਮਲਾ ਛੇ ਚਰਨੌਬਲ ਹਾਦਸਿਆਂ ਜਿੰਨਾ ਨੁਕਸਾਨ ਕਰ ਸਕਦਾ ਸੀ।

    ਉਨ੍ਹਾਂ ਨੇ ਟੈਲੀਵਿਜ਼ਨ ਤੋਂ ਦੇਸ ਦੇ ਨਾਮ ਆਪਣੇ ਸੰਬੋਧਨ ਵਿੱਚ ਕਿਹਾ,'' ਯੂਕਰੇਨ ਦੇ ਲੋਕੋ ਅਸੀਂ ਉਸ ਰਾਤ ਤੋਂ ਬਚ ਗਏ ਹਾਂ ਜਿਸ ਨੇ ਇਤਿਹਾਸ ਨੂੰ ਰੋਕ ਦੇਣਾ ਸੀ। ਯੂਕਰੇਨ ਦੇ ਇਤਿਹਾਸ, ਯੂਰਪ ਦਾ ਇਤਿਹਾਸ।''

    ਉਨ੍ਹਾਂ ਨੇ ਕਿਹਾ ਕਿ ਰੂਸ ਜਾਣਦਾ ਸੀ ਕਿ ਉਹ ਕੀ ਕਰ ਰਿਹਾ ਹੈ। ਉਸ ਦੀ ਗੋਲੀਬਾਰੀ ਦਾ ਸਿੱਧਾ ਨਿਸ਼ਾਨਾ ਪਲਾਂਟ ਵੱਲ ਸੀ। ਉਨ੍ਹਾਂ ਨੇ ਇਸ ਨੂੰ ''ਨਾ ਸੁਣੇ ਗਏ ਪੱਧਰ ਦੀ ਦਹਿਸ਼ਤਗਰਦ ਕਾਰਵਾਈ'' ਦੱਸਿਆ।

  19. ਕੋਈ ਰੇਡੀਓਐਕਟਿਵ ਰਿਸਾਅ ਨਹੀਂ- IAEA

    ਕੌਮਾਂਤਰੀ ਪਰਮਾਣੂ ਊਰਜਾ ਏਜੰਸੀ ਦੇ ਨਿਰਦੇਸ਼ਕ ਰਾਫੇਲ ਗਰੌਸੀ ਨੇ ਕਿਹਾ ਹੈ ਕਿ ਜ਼ੇਪੋਰਜ਼ੀਆ ਪਰਮਾਣੂ ਪਾਵਰ ਪਲਾਂਟ ਵਿੱਚੋਂ ਰੂਸੀ ਹਮਲੇ ਤੋਂ ਬਾਅਦ ਕੋਈ ਰੇਡੀਓਐਕਟਿਵ ਰਿਸਾਅ ਨਹੀਂ ਹੋਇਆ ਹੈ।

    ਉਨ੍ਹਾਂ ਦੇ ਬਿਆਨ ਵਿੱਚ ਕਿਹਾ ਗਿਆ, ''ਰਾਤ ਨੂੰ ਇੱਕ ਪ੍ਰੋਜੈਕਟਾਈਲ ਪਲਾਂਟ ਦੇ ਅੰਦਰ ਇੱਕ ਇਮਾਰਤ ਨਾਲ ਆਕੇ ਟਕਰਾਇਆ। ਇਮਾਰਤ ਰਿਐਕਟਰਾਂ ਦਾ ਹਿੱਸਾ ਨਹੀਂ ਹੈ। ਇਸ ਨਾਲ ਉੱਥੇ ਅੱਗ ਲੱਗ ਗਈ ਜਿਸ ਨੂੰ ਕਿ ਸਥਾਨਕ ਦਮਕਲ ਵੱਲੋਂ ਬੁਝਾਅ ਦਿੱਤਾ ਗਿਆ। ਪਲਾਂਟ ਦੀਆਂ ਸੁਰੱਖਿਆ ਪ੍ਰਣਾਲੀਆਂ (ਹਮਲੇ ਤੋਂ ) ਪ੍ਰਭਾਵਿਤ ਨਹੀਂ ਹੋਈਆਂ ਹਨ। (ਉੱਥੇ) ਕਿਸੇ ਕਿਸਮ ਦੇ ਰੇਡੀਓਐਕਟਿਵ ਪਦਾਰਥ ਦਾ ਰਿਸਾਅ ਨਹੀਂ ਹੋਇਆ।''

    ਯੂਕਰੇਨ ਵਿੱਚ ਇਸ ਸਮੇਂ ਚਾਰ ਪਰਮਾਣੂ ਊਰਜਾ ਪਲਾਂਟ ਕੰਮ ਕਰ ਰਹੇ ਹਨ।