ਯੂਕਰੇਨ ਤੋਂ ਭਾਰਤੀਆਂ ਨੂੰ ਕੱਢਣ ਲਈ 130 ਬੱਸਾਂ ਤਿਆਰ: ਰੂਸ
ਰੂਸੀ ਸਮਾਚਾਰ ਏਜੰਸੀ ਤਾਸ ਮੁਤਾਬਕ ਯੂਕਰੇਨ ਦੇ ਖਾਰਕਿਵ ਅਤੇ ਸੁਮੀ ਤੋਂ ਭਾਰਤੀਆਂ ਅਤੇ ਹੋਰ ਵਿਦੇਸ਼ੀ ਨਾਗਰਿਕਾਂ ਨੂੰ ਲਿਜਾਣ ਲਈ ਰੂਸ ਦੀਆਂ 130 ਬੱਸਾਂ ਤਿਆਰ ਹਨ। ਇੱਥੋਂ ਲੋਕਾਂ ਨੂੰ ਰੂਸ ਦੇ ਬੇਲਗ੍ਰਾਦ ਇਲਾਕੇ ਵਿੱਚ ਲਿਜਾਇਆ ਜਾਵੇਗਾ।
ਰੂਸ ਦੇ ਨੈਸ਼ਨਲ ਡਿਫੈਂਸ ਕੰਟਰੋਲ ਸੈਂਟਰ ਦੇ ਮੁਖੀ ਕਰਨਲ ਜਨਰਲ ਮਿਖਾਇਲ ਮਿਜ਼ਿਨਸੇਵ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ।
ਉਨ੍ਹਾਂ ਕਿਹਾ, "ਭਾਰਤੀਆਂ ਅਤੇ ਹੋਰ ਵਿਦੇਸ਼ੀ ਨਾਗਰਿਕਾਂ ਨੂੰ ਬਚਾਉਣ ਲਈ ਰੂਸ ਦੀਆਂ 130 ਚੰਗੀਆਂ ਬੱਸਾਂਖਾਰਕੀਵ ਅਤੇ ਸੁਮੀ ਜਾਣ ਲਈ ਬੇਲਗ੍ਰਾਦ ਵਿੱਚ ਦੋ ਚੌਕੀਆਂ 'ਤੇ ਖੜੀਆਂ ਹਨ।''
ਮਿਖਾਇਲ ਮਿਜ਼ਿਂਤਸੇਵ ਮੁਤਾਬਕ ਚੌਕੀਆਂ 'ਤੇ ਠਹਿਰਣ ਅਤੇ ਆਰਾਮ ਕਰਨ ਲਈ ਅਸਥਾਈ ਪ੍ਰਬੰਧ ਕੀਤੇ ਗਏ ਹਨ। ਸ਼ਰਨਾਰਥੀਆਂ ਨੂੰ ਗਰਮ ਭੋਜਨ ਦਿੱਤਾ ਜਾਵੇਗਾ। ਉੱਥੇ ਲੋੜੀਂਦੀਆਂ ਦਵਾਈਆਂ ਦੇ ਨਾਲ ਮੋਬਾਈਲ ਕਲੀਨਿਕ ਵੀ ਮੁਹੱਈਆ ਕਰਵਾਏ ਜਾਣਗੇ।
ਉਨ੍ਹਾਂ ਦੱਸਿਆ, ''ਇਸ ਤੋਂ ਬਾਅਦ ਲੋਕਾਂ ਨੂੰ ਬੇਲਗ੍ਰਾਦ ਸ਼ਹਿਰ ਭੇਜਿਆ ਜਾਵੇਗਾ ਤਾਂ ਜੋ ਉਥੋਂ ਉਹ ਆਪਣੇ ਦੇਸ਼ ਪਰਤ ਸਕਣ। ਰੂਸ ਦੇ ਫੌਜੀ ਜਹਾਜ਼ ਵੀ ਇਸ 'ਚ ਮਦਦ ਕਰਨਗੇ।
ਇਸ ਤੋਂ ਪਹਿਲਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਦੋ ਵਾਰ ਫ਼ੋਨ 'ਤੇ ਗੱਲਬਾਤ ਕੀਤੀ ਸੀ। ਇਸ ਵਿੱਚ ਭਾਰਤੀਆਂ ਨੂੰ ਸੁਰੱਖਿਅਤ ਕੱਢਣ ਬਾਰੇ ਚਰਚਾ ਹੋਈ ਸੀ।