ਰੂਸ ਦੇ ਰਾਸ਼ਟਰਪਤੀ
ਵਲਾਦੀਮੀਰ ਪੁਤਿਨ ਨੇ ਵੀਰਵਾਰ ਸ਼ਾਮ ਨੂੰ ਕਿਹਾ ਕਿ ਖਾਰਕਿਵ ਦੇ ਇੱਕ ਰੇਲਵੇ ਸਟੇਸ਼ਨ 'ਤੇ ਵੱਡੀ ਗਿਣਤੀ ਵਿੱਚ ਭਾਰਤੀ ਵਿਦਿਆਰਥੀ
"ਬੰਧਕ" ਬਣੇ ਹੋਏ ਹਨ।
ਰੂਸੀ ਰਾਸ਼ਟਰਪਤੀ
ਦਾ ਇਹ ਬਿਆਨ ਉਦੋਂ ਆਇਆ ਹੈ, ਜਦੋਂ ਭਾਰਤ ਨੇ
ਕਿਹਾ ਹੈ ਕਿ ਯੂਕਰੇਨ ਦੇ ਸ਼ਹਿਰ ਖਾਰਕੀਵ ਤੋਂ ਭਾਰਤੀ ਵਿਦਿਆਰਥੀਆਂ ਨੂੰ ਕੱਢਣ ਦੀ ਯੋਜਨਾ 'ਚ ਰੁਕਾਵਟ ਆਈ ਹੈ ਕਿਉਂਕਿ ਬੁੱਧਵਾਰ ਨੂੰ ਜੰਗ ਥੋੜ੍ਹੇ
ਸਮੇਂ ਲਈ ਰੁਕਣ ਤੋਂ ਬਾਅਦ ਮੁੜ ਸ਼ੁਰੂ ਹੋ ਗਈ ਹੈ।
ਰੂਸੀ ਰਾਸ਼ਟਰਪਤੀ
ਪੁਤਿਨ ਨੇ ਰਸ਼ਾ ਦੀ ਸੁਰੱਖਿਆ ਪਰਿਸ਼ਦ 'ਚ ਦਿੱਤੇ ਆਪਣੇ
ਭਾਸ਼ਣ ਵਿੱਚ ਕਿਹਾ,''ਉਹ ਵਿਦੇਸ਼ੀ
ਨਾਗਰਿਕਾਂ ਨੂੰ ਬੰਧਕ ਬਣਾ ਰਹੇ ਹਨ। ਇਨ੍ਹਾਂ 'ਚੋਂ ਹਜ਼ਾਰਾਂ ਵਿਦਿਆਰਥੀ ਹਨ, ਜੋ ਯੂਕਰੇਨ ਵਿੱਚ
ਪੜ੍ਹਾਈ ਕਰਦੇ ਹਨ। ਖਾਰਕੀਵ 'ਚ ਇੱਕ ਰੇਲਵੇ
ਸਟੇਸ਼ਨ 'ਤੇ 3,179 ਭਾਰਤੀ ਵਿਦਿਆਰਥੀਆਂ ਨੂੰ ਕੈਦ ਕਰਕੇ ਰੱਖਿਆ ਗਿਆ ਹੈ।
ਉਹ ਅਜੇ ਵੀ ਉੱਥੇ ਹੀ ਹਨ।''
''ਜ਼ਿਆਦਾਤਰ ਲੋਕ ਉੱਥੇ
ਹੀ ਹਨ ਅਤੇ 576 ਲੋਕ ਸੁਮੀ ਵਿੱਚ
ਹਨ। ਇਨ੍ਹਾਂ ਨਵ-ਨਾਜ਼ੀਆਂ ਨੇ ਚੀਨੀ ਨਾਗਰਿਕਾਂ 'ਤੇ ਗੋਲੀਬਾਰੀ ਕੀਤੀ ਹੈ। ਉਹ ਖਾਰਕਿਵ ਛੱਡਣਾ ਚਾਹੁੰਦੇ ਸਨ। ਦੋ ਲੋਕ ਜ਼ਖਮੀ ਵੀ ਹੋਏ ਹਨ।''
ਪੁਤਿਨ ਨੇ ਕਿਹਾ ਕਿ
ਯੂਕਰੇਨ ਦੇ ਸੁਰੱਖਿਆ ਬਲ ਹਜ਼ਾਰਾਂ ਵਿਦੇਸ਼ੀ ਨਾਗਰਿਕਾਂ ਨੂੰ ਖਾਰਕੀਵ ਛੱਡਣ ਤੋਂ ਰੋਕ ਰਹੇ ਹਨ।
ਪੁਤਿਨ ਨੇ ਕਿਹਾ ਕਿ ਯੂਕਰੇਨੀ ਬਲਾਂ ਨੇ ਉਨ੍ਹਾਂ ਨੂੰ ਬੰਦੀ ਬਣਾ ਕੇ ਰੱਖਿਆ ਹੈ।
ਬੁੱਧਵਾਰ ਨੂੰ ਰਾਸ਼ਟਰਪਤੀ ਪੁਤਿਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫੋਨ 'ਤੇ ਗੱਲ ਕੀਤੀ ਸੀ। ਦੋਵਾਂ ਵਿਚਾਲੇ ਖਾਰਕੀਵ ਦੀ ਸਥਿਤੀ 'ਤੇ ਵੀ ਚਰਚਾ ਹੋਈ। ਰੂਸ ਵੀ ਇਸ ਸ਼ਹਿਰ ਵਿੱਚ ਫੌਜੀ ਕਾਰਵਾਈਆਂ ਕਰ ਰਿਹਾ ਹੈ। ਖਾਰਕਿਵ ਵਿੱਚ ਵੱਡੀ ਗਿਣਤੀ ਵਿੱਚ ਚੀਨੀ, ਭਾਰਤੀ ਅਤੇ ਅਫਰੀਕੀ ਵਿਦਿਆਰਥੀ ਰਹਿੰਦੇ ਹਨ।
ਹਾਲਾਂਕਿ, ਵੀਰਵਾਰ ਨੂੰ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਯੂਕਰੇਨ ਵਿੱਚ ਭਾਰਤੀ ਵਿਦਿਆਰਥੀਆਂ ਨੂੰ ਬੰਧਕ ਬਣਾਏ ਜਾਣ ਦੀ ਗੱਲ ਨੂੰ ਖਾਰਜ ਕਰ ਦਿੱਤਾ ਸੀ। ਭਾਰਤ ਦੇ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਉਨ੍ਹਾਂ ਕੋਲ ਯੂਕਰੇਨ ਵਿੱਚ ਕਿਸੇ ਭਾਰਤੀ ਵਿਦਿਆਰਥੀ ਨੂੰ ਬੰਧਕ ਬਣਾਏ ਜਾਣ ਵਰਗੀ ਸਥਿਤੀ ਦੀ ਕੋਈ ਖ਼ਬਰ ਨਹੀਂ ਹੈ।
ਵੀਰਵਾਰ ਦੇਰ ਤੱਕ, ਯੂਕਰੇਨ ਦੇ ਅਧਿਕਾਰੀਆਂ ਨੇ ਕਿਹਾ ਸੀ ਕਿ ਰੂਸ ਨਾਲ ਇੱਕ ਅਜਿਹੇ ਸੁਰੱਖਿਅਤ ਰਸਤੇ 'ਤੇ ਸਹਿਮਤੀ ਬਣੀ ਹੈ ਜਿਸ ਰਾਹੀਂ ਵਿਦੇਸ਼ੀ ਨਾਗਰਿਕਾਂ ਨੂੰ ਕੱਢਿਆ ਜਾ ਸਕਦਾ ਹੈ। ਦੂਜੇ ਪਾਸੇ, ਬੇਲਾਰੂਸ 'ਚ ਰੂਸ ਅਤੇ ਯੂਕਰੇਨ ਵਿਚਾਲੇ ਜੰਗ ਰੋਕਣ ਸਬੰਧੀ ਦੂਜੇ ਪੜਾਅ ਦੀ ਗੱਲਬਾਤ ਵੀ ਬੇਨਤੀਜਾ ਰਹੀ।