You’re viewing a text-only version of this website that uses less data. View the main version of the website including all images and videos.

Take me to the main website

ਕੋਰੋਨਾਵਾਇਰਸ ਅਪਡੇਟ: ਕਰਨਾਟਕ ਨੇ 85 ਟਰੇਨਾਂ ਰੱਦ ਕਰਕੇ ਪਰਵਾਸੀ ਮਜ਼ਦੂਰਾਂ ਨੂੰ ਰੋਕਿਆ, ਪੰਜਾਬ ’ਚ ਸ਼ੁਰੂ ਹੋਵੇਗੀ ਸ਼ਰਾਬ ਦੀ ਹੋਮ ਡਿਲੀਵਰੀ; ਜਰਮਨੀ ’ਚ ਬਿਨਾਂ ਦਰਸ਼ਕਾਂ ਦੇ ਹੋਣਗੇ ਫੁੱਟਬਾਲ ਮੈਚ

ਯੂਕੇ ਵਿੱਚ ਹੁਣ ਤੱਕ 29427 ਮੌਤਾਂ ਹੋਈਆਂ ਜੋ ਯੂਰਪ ਵਿੱਚ ਸਭ ਤੋਂ ਵੱਧ ਹਨ। ਦੁਨੀਆਂ ਭਰ ਵਿੱਚ 2.56 ਲੱਖ ਤੋਂ ਵੱਧ ਮੌਤਾਂ

ਲਾਈਵ ਕਵਰੇਜ

  1. ਹੁਣੇ ਜੁੜੇ ਦਰਸ਼ਕਾਂ ਲਈ ਦੇਸ, ਦੁਨੀਆਂ, ਪੰਜਾਬ ਦੀ ਹੁਣ ਤੱਕ ਦੀ ਅਪਡੇਟ

    • ਪੂਰੀ ਦੁਨੀਆਂ ਵਿੱਚ ਕੋਰੋਨਾਵਾਇਰਸ ਦੇ 36,63,911 ਮਾਮਲੇ ਹੋਏ, ਮੌਤਾਂ ਦੀ ਗਿਣਤੀ 2,57,288 ਹੋਈ।
    • ਭਾਰਤ ਵਿੱਚ ਕੋਰੋਨਾਵਾਇਰਸ ਦੇ ਕੁੱਲ ਮਾਮਲੇ 49,391 ਹੋ ਗਏ ਹਨ, ਹੁਣ ਤੱਕ ਮੌਤਾਂ ਦੀ ਗਿਣਤੀ 1,694 ਹੋਈ।
    • ਯੂਕੇ ਵਿੱਚ ਇਟਲੀ ਤੋਂ ਵੀ ਵੱਧ ਮੌਤਾਂ, ਪੂਰੇ ਯੂਰਪ ਵਿੱਚ ਸਭ ਤੋਂ ਵੱਧ ਮੌਤਾਂ ਯੂਕੇ ਵਿੱਚ ਹੀ ਹੋਈਆਂ।
    • ਚੀਨ ਵਿੱਚ ਕੋਰੋਨਾਵਾਇਰਸ ਦੇ ਸਿਰਫ਼ ਦੋ ਨਵੇਂ ਮਾਮਲੇ, ਇੱਕ ਵੀ ਮੌਤ ਨਹੀਂ।
    • ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਵ੍ਹਾਈਟ ਹਾਊਸ ਦੀ ਕੋਰੋਨਾ ਟਾਸਕ ਫੋਰਸ ਖ਼ਤਮ ਕੀਤੀ ਜਾ ਰਹੀ ਹੈ।
    • ਕੇਂਦਰ ਸਰਕਾਰ ਨੇ ਪੈਟਰੋਲ 'ਤੇ 10 ਰੁਪਏ ਅਤੇ ਡੀਜ਼ਲ 'ਤੇ 13 ਰੁਪਏ ਐਕਸਾਈਜ਼ ਡਿਊਟੀ ਵਧਾਈ
    • ਤੇਲੰਗਾਨਾ ਵਿੱਚ ਲੌਕਡਾਊਨ 29 ਮਈ ਤੱਕ ਵਧਾਇਆ ਗਿਆ।
    • ਮਜ਼ਦੂਰਾਂ ਨੂੰ ਘਰ ਭੇਜਣ ਲਈ ਪੰਜਾਬ ਸਰਕਾਰ ਨੇ 35 ਕਰੋੜ ਮਨਜ਼ੂਰ ਕੀਤੇ।
    • ਜਲੰਧਰ ਤੋਂ ਅੱਧੀ ਰਾਤ ਨੂੰ 1200 ਮਜ਼ਦੂਰਾਂ ਨੂੰ ਲੈ ਕੇ ਸ਼੍ਰਮਿਕ ਐਕਸਪ੍ਰੈਸ ਗਾਜ਼ੀਪੁਰ ਲਈ ਰਵਾਨਾ।
    • ਹਰਿਆਣਾ 'ਚ ਅੱਜ ਤੋਂ ਸ਼ਰਾਬ ਦੇ ਠੇਕੇ ਖੁੱਲ੍ਹੇ, ਖਰੀਦਦਾਰ ਸਵੇਰੇ ਹੀ ਲੱਗੇ ਲਾਈਨਾਂ ਵਿੱਚ।
  2. ਸਤੀਸ਼ ਕੌਸ਼ਿਕ ਗਾਣੇ ਰਾਹੀਂ ਕਰ ਰਹੇ ਹਨ ਉਤਸ਼ਾਹਿਤ

    ਬਾਲੀਵੁੱਡ ਅਦਾਕਾਰ, ਡਾਇਰੈਕਟਰ, ਪ੍ਰੋਡਿਊਸਰ ਸਤੀਸ਼ ਕੌਸ਼ਿਕ ਲੌਕਡਾਊਨ ਦੌਰਾਨ ਉਦਾਸ, ਨਿਰਾਸ਼ ਹੋਣ ਦੀ ਥਾਂ ਇੱਕ ਗਾਣੇ ਰਾਹੀਂ ਖੁਸ਼ ਤੇ ਉਤਸ਼ਾਹਿਤ ਰਹਿਣ ਦੀ ਸਲਾਹ ਦੇ ਰਹੇ ਹਨ।

  3. ਯੂਕੇ ਦੇ ਕੋਰੋਨਾਵਾਇਰਸ ਐਡਵਾਈਜ਼ਰ ਨੇ ਲੌਕਡਾਊਨ ਉਲੰਘਣਾ ਕਰਨ 'ਤੇ ਅਸਤੀਫ਼ਾ ਦਿੱਤਾ

    ਯੂਕੇ ਵਿੱਚ ਲੌਕਡਾਊਨ ਦੀ ਸਿਫਾਰਸ਼ ਕਰਨ ਵਾਲੇ ਪ੍ਰੋਫੈੱਸਰ ਨੀਲ ਫਰਗਿਊਸਨ ਨੇ ਖੁਦ ਸੋਸ਼ਲ ਡਿਸਟੈਂਸਿੰਗi ਦਾ ਪਾਲਣ ਨਾ ਕਰਨ ਕਰਕੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।

    ਉਹ ਕੋਰੋਨਾ ਮਾਮਲੇ ਵਿੱਚ ਬ੍ਰਿਟਿਸ਼ ਸਰਕਾਰ ਦੇ ਮੁੱਖ ਸਲਾਹਕਾਰ ਸਨ।

    ਆਪਣੇ ਅਸਤੀਫੇ ਦਾ ਐਲਾਨ ਕਰਦਿਆਂ ਉਨ੍ਹਾਂ ਕਿਹਾ, ਮੈਂ ਸਵੀਕਾਰ ਕਰਦਾ ਹਾਂ ਕਿ ਮੈਂ ਗਲਤ ਕੀਤਾ ਹੈ। ਇਸ ਲਈ ਮੈਂ ਆਪਣੇ ਅਹੁਦੇ ਤੋਂ ਹਟ ਗਿਆ ਹਾਂ।

    ਮੈਨੂੰ ਇਸ ਗੱਲ ਦਾ ਪੂਰੀ ਗਹਿਰਾਈ ਨਾਲ ਅਫ਼ਸੋਸ ਹੈ ਕਿ ਇਸ ਮਹਾਂਮਾਰੀ ਨੂੰ ਕਾਬੂ ਕਰਨ ਲਈ ਸੋਸ਼ਲ ਡਿਸਟੈਂਸਿਗ ਦੀ ਲਗਾਤਾਰ ਲੋੜ ਦਾ ਜੋ ਸੁਨੇਹਾ ਦਿੱਤਾ ਜਾ ਰਿਹਾ ਹੈ, ਮੈਂ ਉਸ ਨੂੰ ਅਣਗੌਲਿਆਂ ਕੀਤਾ।”

    ਲੰਡਨ ਦੇ ਡੇਲੀ ਟੈਲੀਗ੍ਰਾਫ ਅਖਬਾਰ ਨੇ ਇੱਕ ਰਿਪੋਰਟ ਛਾਪੀ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਪ੍ਰੋਫੈੱਸਰ ਨੀਲ ਫਰਗਿਊਸਨ ਨੇ ਲੌਕਡਾਊਨ ਦੌਰਾਨ ਇੱਕ ਔਰਤ ਜੋ ਕਿ ਉਨ੍ਹਾਂ ਦੀ ‘ਵਿਆਹੁਤਾ ਪ੍ਰੇਮੀਕਾ’ ਕਹੀ ਜਾ ਰਹੀ ਹੈ, ਨੂੰ ਆਪਣੇ ਘਰ ਆਉਣ ਦਿੱਤਾ ਸੀ।

  4. ਸਾਵਧਾਨੀਆਂ ਜੋ ਕੋਰੋਨਾਵਾਇਰਸ ਤੋਂ ਬਚਾਅ ਸਕਦੀਆਂ ਹਨ

    ਕੋਰੋਨਾਵਾਇਰਸ ਕਾਰਨ ਪੂਰੀ ਦੁਨੀਆਂ ਵਿੱਚ ਐਮਰਜੈਂਸੀ ਵਰਗੇ ਹਾਲਤ ਬਣੇ ਹੋਏ ਹਨ।

    ਇਨ੍ਹਾਂ ਹਾਲਾਤਾਂ ਵਿੱਚ ਕੋਰੋਨਾਵਾਇਰਸ ਨੂੰ ਰੋਕਣ ਲਈ ਕਈ ਸਰਕਾਰਾਂ ਦੁਆਰਾ ਕਈ ਨਿਯਮ ਬਣਾਏ ਗਏ ਹਨ।

    ਤੁਸੀਂ ਵੀ ਕੁੱਝ ਸਾਵਧਾਨੀਆਂ ਰਾਹੀਂ ਆਪਣਾ ਬਚਾਅ ਕਰ ਸਕਦੇ ਹੋ।

    ਪੂਰੀ ਖ਼ਬਰ ਪੜ੍ਹਣ ਲਈ ਇਸ ਲਿੰਕ 'ਤੇ ਕਲਿੱਕ ਕਰੋ।

  5. ਸਮਾਨ ਖਰੀਦਣ ਸਮੇਂ ਕਿਹੜੀਆਂ ਸਵਾਧਾਨੀਆਂ ਵਰਤੀਏ

    ਕੋਰੋਨਾਵਾਇਰਸ ਨੇ ਇਸਾਨ ਨੂੰ ਡਰਾ ਕੇ ਰੱਖ ਦਿੱਤਾ, ਇੰਨਾ ਸ਼ਾਇਦ ਉਹ ਪਹਿਲਾਂ ਕਦੇ ਨਹੀਂ ਸੀ ਡਰਿਆ। ਇਸ ਨੇ ਸਾਡੀਆਂ ਕਈ ਬੁਨਿਆਦੀ ਆਦਤਾਂ ਬਦਲ ਦਿੱਤੀਆਂ ਹਨ।

    ਜ਼ਰੂਰੀ ਸਮਾਨ ਖ਼ਰੀਦਣ ਲਈ ਜ਼ਰੂਰੀ ਵਸਤਾਂ ਦੀ ਕਿਸੇ ਦੁਕਾਨ 'ਤੇ ਜਾਣ ਤੋਂ ਬਚਿਆ ਨਹੀਂ ਜਾ ਸਕਦਾ।

    ਇਕੱਲੇ ਰਹਿਣ ਵਾਲਿਆਂ ਲਈ ਕਈ ਵਾਰ ਖਾਣਾ ਬਾਹਰੋਂ ਮੰਗਾਉਣ ਤੋਂ ਬਿਨਾਂ ਦੂਜਾ ਬਦਲ ਵੀ ਨਹੀਂ ਹੁੰਦਾ।

    ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

  6. ਸ਼ਰਾਬ ਦੇ ਠੇਕੇ ਬਾਹਰ ਲੱਗੀਆਂ ਲਾਈਨਾਂ 'ਤੇ ਹਰਭਜਨ ਸਿੰਘ ਦਾ ਸਵਾਲ

    ਸ਼ਰਾਬ ਦੇ ਠੇਕੇ ਖੋਲ੍ਹੇ ਜਾਣ 'ਤੇ ਲੰਮੀਆਂ ਲਾਈਨਾਂ ਆਮ ਦੇਖੀਆਂ ਜਾ ਰਹੀਆਂ ਹਨ ਅਤੇ ਲੋਕ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਘੱਟ ਹੀ ਕਰ ਰਹੇ ਹਨ।

    ਕ੍ਰਿਕਟ ਖਿਡਾਰੀ ਹਰਭਜਨ ਸਿੰਘ ਟਵੀਟ ਕਰਕੇ ਦੁੱਖ ਜਤਾ ਚੁੱਕੇ ਹਨ।

    ਉਨ੍ਹਾਂ ਟਵੀਟ ਕੀਤਾ, "ਜੋ ਮਿਹਨਤ ਇੰਨੇ ਦਿਨਾਂ ਤੋਂ ਸਭ ਨੇ ਮਿਲ ਕੇ ਕੀਤੀ ਸੀ ਅੱਜ ਠੇਕੇ ਖੋਲ੍ਹ ਕੇ ਖਰਾਬ ਕਰ ਦਿੱਤੀ। ਇਹ ਚੰਗਾ ਨਹੀਂ ਹੈ...ਬਹੁਤ ਸਾਰੇ ਲੋਕ ਸੜਕਾਂ 'ਤੇ ਹਨ... ਸੋਸ਼ਲ ਡਿਸਟੈਂਸਿੰਗ ਕਿੱਥੇ ਹੈ? ਇਹ ਨਾ ਤਾਂ ਤੁਹਾਡੇ ਲਈ ਚੰਗਾ ਹੈ ਅਤੇ ਨਾ ਹੀ ਭਾਰਤ ਵਿੱਚ ਕਿਸੇ ਲਈ।"

  7. ਲੰਡਨ ਤੋਂ ਦਿੱਲੀ ਅਤੇ ਮੁੰਬਈ ਲਈ ਕਿਰਾਏ ਦਾ ਐਲਾਨ

    ਯੂਕੇ ਵਿੱਚ ਫਸੇ ਭਾਰਤੀਆਂ ਲਈ ਉਡਾਣਾਂ 8 ਮਈ ਤੋਂ ਸ਼ੁਰੂ ਕੀਤੀਆਂ ਜਾਣਗੀਆਂ।

    ਲੰਡਨ ਤੋਂ ਦਿੱਲੀ ਅਤੇ ਮੁੰਬਈ ਲਈ ਇਕਾਨਮੀ ਕਲਾਸ ਦਾ ਕਿਰਾਇਆ ਜਿੱਥੇ ਲਗਭਗ 50 ਹਜ਼ਾਰ ਹੋਵੇਗਾ, ਤਾਂ ਬਿਜ਼ਨੈਸ ਕਲਾਸ ਦਾ ਕਿਰਾਇਆ ਲਗਭਗ ਇੱਕ ਲੱਖ 40 ਹਜ਼ਾਰ ਹੋਵੇਗਾ।

    ਲੰਡਨ ਤੋਂ ਇਨ੍ਹਾਂ ਦੋਵਾਂ ਥਾਵਾਂ ਲਈ ਪਹਿਲੀ ਸ਼੍ਰੇਣੀ ਦਾ ਕਿਰਾਇਆ ਲਗਭਗ ਤਿੰਨ ਲੱਖ 15 ਹਜ਼ਾਰ ਹੋਵੇਗਾ।

    ਦੂਜੇ ਭਾਰਤੀ ਸ਼ਹਿਰਾਂ ਲਈ ਕਿਰਾਏ ਦਾ ਐਲਾਨ ਜਲਦੀ ਕਰ ਦਿੱਤਾ ਜਾਵੇਗਾ।

  8. ਚੀਨ ਵਿੱਚ ਕੋਰੋਨਾਵਾਇਰਸ ਦੇ ਸਿਰਫ਼ ਦੋ ਨਵੇਂ ਮਾਮਲੇ, ਇੱਕ ਵੀ ਮੌਤ ਨਹੀਂ

    ਚੀਨ ਦੇ ਹੁਬੇਈ ਸੂਬੇ ਵਿੱਚ 32 ਦਿਨਾਂ ਵਿੱਚ ਕੋਰੋਨਾਵਾਇਰਸ ਦਾ ਇੱਕ ਵੀ ਨਵਾਂ ਮਾਮਲਾ ਨਹੀਂ ਆਇਆ ਹੈ।

    ਚੀਨ ਦੇ ਸਰਕਾਰੀ ਮੀਡੀਆ ਸਿਨਹੁਆ ਨੇ ਇਹ ਜਾਣਕਾਰੀ ਦਿੱਤੀ ਹੈ।

    ਹੁਬੇਈ ਦੀ ਰਾਜਧਾਨੀ ਵੂਹਾਨ ਵਿੱਚ ਹੀ ਦਸੰਬਰ ਵਿੱਚ ਪਹਿਲਾ ਕੋਰੋਨਾਵਾਇਰਸ ਦੀ ਲਾਗ ਦਾ ਮਾਮਲਾ ਸਾਹਮਣੇ ਆਇਆ ਸੀ।

    ਅੱਜ ਚੀਨ ਵਿੱਚ ਕੋਰੋਨਾਵਾਇਰਸ ਦੇ ਸਿਰਫ਼ ਦੋ ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਕੁੱਲ ਗਿਣਤੀ 82,883 ਹੋ ਗਈ ਹੈ ਅਤੇ ਮਰਨ ਵਾਲਿਆਂ ਦੀ ਗਿਣਤੀ 4,633 ਹੈ।

  9. ਭਾਰਤ ਵਿੱਚ ਕੋਰੋਨਾਵਾਇਰਸ ਦੇ ਮਾਮਲੇ 50,000 ਨੇੜੇ ਪਹੁੰਚੇ

    ਭਾਰਤ ਵਿੱਚ ਕੋਰੋਨਾਵਾਇਰਸ ਦੇ ਕੁੱਲ ਮਾਮਲੇ 49,391 ਹੋ ਗਏ ਹਨ।

    ਸਿਹਤ ਮੰਤਰਾਲੇ ਮੁਤਾਬਕ ਹੁਣ ਤੱਕ 1,694 ਮੌਤਾਂ ਹੋ ਗਈਆਂ ਹਨ।

    ਹੁਣ ਤੱਕ ਇਲਾਜ ਤੋਂ ਬਾਅਦ 14,183 ਠੀਕ ਹੋ ਗਏ ਹਨ ਅਤੇ ਭਾਰਤ ਵਿੱਚ ਐਕਟਿਵ ਕੇਸ 33,514 ਹਨ।

    ਪਿਛਲੇ 24 ਘੰਟਿਆਂ ਵਿੱਚ 2,958 ਨਵੇਂ ਮਾਮਲੇ ਸਾਹਮਣੇ ਆਏ ਹਨ ਜਦੋਂਕਿ 126 ਲੋਕਾਂ ਦੀ ਮੌਤ ਹੋਈ ਹੈ।

  10. ਮਜ਼ਦੂਰਾਂ ਨੂੰ ਘਰ ਭੇਜਣ ਲਈ ਪੰਜਾਬ ਸਰਕਾਰ ਨੇ 35 ਕਰੋੜ ਮਨਜ਼ੂਰ ਕੀਤੇ

    ਪੰਜਾਬ ਸਰਕਾਰ ਨੇ ਮਜ਼ਦੂਰਾਂ ਨੂੰ ਘਰ ਵਾਪਸ ਭੇਜਣ ਲਈ 35 ਕਰੋੜ ਰੁਪਏ ਮਨਜ਼ੂਰ ਕੀਤੇ ਹਨ।

    ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਦਿਆਂ ਕਿਹਾ, "ਮਜ਼ਦੂਰਾਂ ਦੀ ਘਰ ਵਾਪਸੀ ਵਾਸਤੇ ਸਫ਼ਰ ਲਈ ਪੰਜਾਬ ਸਰਕਾਰ ਨੇ ਪਹਿਲੇ ਗੇੜ ਵਿੱਚ 35 ਕਰੋੜ ਰੁਪਏ ਮਨਜ਼ੂਰ ਕੀਤੇ ਹਨ। ਅਰਾਮ ਨਾਲ ਘਰ ਪਹੁੰਚਣ ਲਈ ਸਾਡੇ ਅਧਿਕਾਰੀਆਂ ਨੇ ਰੇਲਵੇ ਅਤੇ ਹੋਰਨਾ ਸੂਬਿਆਂ ਦੇ ਅਧਿਕਾਰੀਆਂ ਨਾਲ ਤਾਲਮੇਲ ਕੀਤਾ ਹੋਇਆ ਹੈ।"

  11. ਜਲੰਧਰ ਤੋਂ ਸ਼੍ਰਮਿਕ ਐਕਸਪ੍ਰੈਸ ਅੱਧੀ ਰਾਤ ਨੂੰ ਰਵਾਨਾ ਹੋਈ

    ਬੀਬੀਸੀ ਪੰਜਾਬੀ ਲਈ ਪਾਲ ਸਿੰਘ ਨੌਲੀ:ਦੇਰ ਰਾਤ ਜਲੰਧਰ ਰੇਲਵੇ ਸਟੇਸ਼ਨ ਤੋਂ ਦੂਜੀ 'ਸ਼ਰਮਿਕ ਐਕਸਪ੍ਰੈਸ' ਰੇਲ ਗੱਡੀ ਵਿੱਚ 1200 ਪਰਵਾਸੀ ਮਜ਼ਦੂਰ ਗਾਜ਼ੀਪੁਰ ਲਈ ਰਵਾਨਾ ਕੀਤੇ ਗਏ।

    ਰਾਤ ਨੂੰ 11.40 'ਤੇ ਰਵਾਨਾ ਹੋਈ ਇਸ ਰੇਲ ਗੱਡੀ ਵਿੱਚ 1000 ਗਾਜ਼ੀਪੁਰ ਅਤੇ 200 ਬਨਾਰਸ ਨਾਲ ਸਬੰਧਿਤ ਮਜ਼ਦੂਰ ਸਨ।

    ਪੰਜਾਬ ਸਰਕਾਰ ਨੇ ਹੀ ਇਸ ਟਰੇਨ ਲਈ 6 ਲੱਖ 59 ਹਾਜ਼ਾਰ ਰੁਪਏ ਕਿਰਾਏ ਵਜੋਂ ਭਰੇ।

    ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਦਿਆਂ 72 ਸੀਟਾਂ ਵਾਲੇ ਡੱਬੇ ਵਿੱਚ 50 ਸਵਾਰੀਆਂ ਬਿਠਾਈਆਂ ਗਈਆਂ।

  12. ਤੇਲੰਗਾਨਾ ਵਿੱਚ ਲੌਕਡਾਊਨ 29 ਮਈ ਤੱਕ ਵਧਾਇਆ

    ਤੇਲੰਗਾਨਾ ਨੇ ਲੌਕਡਾਊਨ ਨੂੰ 29 ਮਈ ਤੱਕ ਵਧਾ ਦਿੱਤਾ ਹੈ।

    ਹਾਲਾਂਕਿ ਕੇਂਦਰ ਸਰਕਾਰ ਨੇ 17 ਮਈ ਤੱਕ ਲੌਕਡਾਊਨ ਦਾ ਐਲਾਨ ਕੀਤਾ ਹੈ।

    ਤੇਲੰਗਾਨਾ ਦੇ ਮੁੱਖ ਮੰਤਰੀ ਕੇਸੀਆਰ ਨੇ ਮੰਗਲਵਾਰ ਨੂੰ 7 ਘੰਟਿਆਂ ਦੀ ਬੈਠਕ ਤੋਂ ਬਾਅਦ ਐਲਾਨ ਕੀਤਾ।

  13. ਆਸਟਰੇਲੀਆ ਦੀ ਕਾਮਯਾਬੀ ਤੋਂ ਰਾਣੀ ਖੁਸ਼

    ਪ੍ਰਧਾਨ ਮੰਤਰੀ ਸਕਾਟ ਮੌਰਿਸਨ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਕਿ ਉਨ੍ਹਾਂ ਨੂੰ ਬੀਤੀ ਰਾਤ ਰਾਣੀ ਦਾ "ਚੈੱਕ ਇਨ" ਫੋਨ ਆਇਆ।

    ਉਨ੍ਹਾਂ ਨੇ ਕਿਹਾ, ਮਹਾਰਾਣੀ ਆਸਟਰੇਲੀਆ ਵਿੱਚ ਵਾਇਰਸ ਖਿਲਾਫ਼ ਸਫ਼ਲਤਾ ਦੀ ਕਹਾਣੀ ਬਾਰੇ ਸੁਣਨ ਵਿੱਚ ਦਿਲਚਸਪੀ ਲੈ ਰਹੇ ਸੀ।

    “ਉਹ ਇਸ ਗੱਲ ਤੋਂ ਬਹੁਤ ਖੁਸ਼ ਹੋਏ ਕਿ ਅਸੀਂ ਭਿਆਨਕ ਅਸਰ ਨੂੰ ਰੋਕਣ ਵਿੱਚ ਕਾਮਯਾਬ ਹੋਏ ਹਾਂ।”

    ਆਸਟਰੇਲੀਆ ਅਤੇ ਗੁਆਂਢੀ ਦੇਸ ਨਿਊਜ਼ੀਲੈਂਡ ਨੂੰ ਦੁਨੀਆਂ ਬਿਮਾਰੀ ਉੱਤੇ ਕਾਬੂ ਪਾਉਣ ਵਜੋਂ ਦੇਖ ਰਹੀ ਹੈ।

  14. ਹਰਿਆਣਾ 'ਚ ਅੱਜ ਤੋਂ ਸ਼ਰਾਬ ਦੇ ਠੇਕੇ ਖੁਲ੍ਹੇ, ਖਰੀਦਦਾਰ ਪਹੁੰਚੇ

    ਹਰਿਆਣਾ ਵਿੱਚ ਅੱਜ ਤੋਂ ਸ਼ਰਾਬ ਦੇ ਠੇਕੇ ਖੁਲ੍ਹ ਰਹੇ ਹਨ। ਹਾਲਾਂਕਿ ਕਨਟੇਨਮੈਂਟ ਜ਼ੋਨ ਵਿੱਚ ਪਾਬੰਦੀ ਹੈ।

    ਗੁਰੂਗ੍ਰਾਮ ਦੇ ਸੋਹਨਾ ਅੱਡਾ ਚੌਕ ਤੇ ਇੱਕ ਸ਼ਰਾਬ ਦੀ ਦੁਕਾਨ ਦੇ ਬਾਹਰ ਲੋਕ ਸਵੇਰੇ ਹੀ ਦੇਖੇ ਗਏ।

    ਇਹ ਠੇਕੇ ਸਵੇਰੇ 7 ਵਜੇ ਤੋਂ ਸ਼ਾਮ ਨੂੰ 7 ਵਜੇ ਤੱਕ ਖੋਲ੍ਹੇ ਜਾ ਸਕਦੇ ਹਨ।

  15. ਪੈਟਰੋਲ 'ਤੇ 10 ਰੁਪਏ ਅਤੇ ਡੀਜ਼ਲ 'ਤੇ 13 ਰੁਪਏ ਐਕਸਾਈਜ਼ ਡਿਊਟੀ ਵਧਾਈ

    ਖ਼ਬਰ ਏਜੰਸੀ ਪੀਟੀਆਈ ਮੁਤਾਬਕ ਕੇਂਦਰ ਸਰਕਾਰ ਨੇ ਮੰਗਲਵਾਰ ਦੇਰ ਸ਼ਾਮ ਨੂੰ ਪੈਟਰੋਲ ਅਤੇ ਡੀਜ਼ਲ 'ਤੇ ਐਕਸਾਈਜ਼ ਡਿਊਟੀ ਵਧਾਉਣ ਦਾ ਐਲਾਨ ਕੀਤਾ ਹੈ।

    ਪੈਟਰੋਲ 'ਤੇ 10 ਰੁਪਏ ਅਤੇ ਡੀਜ਼ਲ 'ਤੇ 13 ਰੁਪਏ ਐਕਸਾਈਜ਼ ਡਿਊਟੀ ਵਧਾਈ ਗਈ।

  16. ਜੇ ਲੱਗੇ ਕਿ ਤੁਹਾਨੂੰ ਕੋਰੋਨਵਾਇਰਸ ਦੀ ਲਾਗ ਹੈ ...

    ਮੌਜੂਦਾ ਸਮੇਂ ਵਿੱਚ, ਕੋਰੋਨਾਵਾਇਰਸ ਦਾ ਕੋਈ ਇਲਾਜ ਨਹੀਂ ਹੈ, ਪਰ ਬਿਮਾਰੀ ਦੇ ਲੱਛਣਾਂ ਨੂੰ ਘਟਾਉਣ ਲਈ ਦਵਾਈਆਂ ਦਿੱਤੀਆਂ ਜਾ ਸਕਦੀਆਂ ਹਨ।

    ਕੋਰੋਨਾਵਾਇਰਸ ਦੇ ਇਲਾਜ ਲਈ ਟੀਕਾ ਵਿਕਸਤ ਕਰਨ ਲਈ ਕੰਮ ਚੱਲ ਰਿਹਾ ਹੈ।

    ਕੁਝ ਹਸਪਤਾਲ ਐਂਟੀ-ਵਾਇਰਲ ਦਵਾਈਆਂ ਦੀ ਜਾਂਚ ਵੀ ਕਰ ਰਹੇ ਹਨ।

    ਪਰ ਜਦ ਤੱਕ ਤੁਸੀਂ ਠੀਕ ਨਾ ਹੋ ਜਾਵੋ, ਤਦ ਤੱਕ ਤੁਹਾਨੂੰ ਦੂਜਿਆਂ ਤੋਂ ਵੱਖਰੇ ਹੋਣਾ ਚਾਹੀਦਾ ਹੈ।

    ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

  17. ਜਲੰਧਰ 'ਚ 7 ਘੰਟੇ ਭੁੱਖੇ-ਪਿਆਸੇ ਮਜ਼ਦੂਰ ਟਰੇਨ ਦਾ ਇੰਤਜ਼ਾਰ ਕਰਦੇ ਰਹੇ

    ਜਲੰਧਰ ਸ਼ਹਿਰ ਦੇ ਰੇਲਵੇ ਸਟੇਸ਼ਨ ਤੋਂ ਵਿਸ਼ੇਸ਼ ਰੇਲ ਗੱਡੀ "ਸ਼੍ਰਮਿੱਕ ਐਕਸਪ੍ਰੈਸ" ਰਾਹੀਂ ਮੰਗਲਵਾਰ ਨੂੰ 1205 ਦੇ ਕਰੀਬ ਪਰਵਾਸੀ ਮਜ਼ਦੂਰ ਆਪਣੇ ਜੱਦੀ ਸੂਬੇ ਝਾਰਖੰਡ ਲਈ ਰਵਾਨਾ ਹੋਏ।

    ਪੰਜਾਬ ਦੇਸ ਦਾ ਪਹਿਲਾ ਸੂਬਾ ਬਣ ਗਿਆ ਹੈ ਜਿਸ ਨੇ ਪਰਵਾਸੀ ਮਜ਼ਦੂਰਾਂ ਨੂੰ ਆਪਣੇ ਘਰਾਂ ਨੂੰ ਭੇਜਣ ਲਈ ਉਨ੍ਹਾਂ ਕੋਲੋਂ ਕੋਈ ਕਿਰਾਇਆ ਨਹੀਂ ਵਸੂਲਿਆ।

    ਰੇਲ ਗੱਡੀ ਦੇ ਡੱਬਿਆਂ ਵਿੱਚ ਬੈਠੇ ਮਜ਼ਦੂਰਾਂ ਨੇ ਦੱਸਿਆ ਕਿ ਉਹ ਤੜਕੇ ਚਾਰ ਵਜੇ ਦੇ ਮੈਡੀਕਲ ਚੈਕਅੱਪ ਕਰਵਾਉਣ ਲਈ ਆਏ ਹੋਏ ਸਨ ਪਰ ਉਨ੍ਹਾਂ ਦੇ ਖਾਣੇ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ।

    ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

  18. ਜਿੱਥੇ ਹਵਾ ਪ੍ਰਦੂਸ਼ਣ ਜ਼ਿਆਦਾ ਉੱਥੇ ਕੋਰੋਨਾ ਹੋਰ ਖ਼ਤਰਨਾਕ ਕਿਵੇਂ

    ਵਿਸ਼ਵ ਸਿਹਤ ਸੰਗਠਨ (WHO) ਦੇ ਅਧਿਕਾਰੀਆਂ ਮੁਤਾਬਕ ਹਵਾ ਪ੍ਰਦੂਸ਼ਣ ਦਾ ਉੱਚਾ ਪੱਧਰ ਕੋਵਿਡ-19 ਦੇ ਗੰਭੀਰ ਮਾਮਲਿਆਂ ਦੇ ਜੋਖ਼ਮ ਨਾਲ ਜੁੜਿਆ ਹੋਇਆ ਇੱਕ ਕਾਰਕ ਹੋ ਸਕਦਾ ਹੈ।

    ਵੱਧ ਹਵਾ ਪ੍ਰਦੂਸ਼ਣ ਅਤੇ ਕੋਰੋਨਾਵਾਇਰਸ ਨਾਲ ਜ਼ਿਆਦਾ ਮੌਤ ਦਰ ਵਿਚਕਾਰ ਸਬੰਧਾਂ ਨੂੰ ਹਾਲ ਹੀ 'ਚ ਦੋ ਅਧਿਐਨਾਂ ਵਿੱਚ ਸੁਝਾਇਆ ਗਿਆ ਹੈ ਜਿਨ੍ਹਾਂ ਵਿੱਚ ਇੱਕ ਹਾਰਵਰਡ ਯੂਨੀਵਰਸਿਟੀ ਦੇ ਖੋਜਕਰਤਾ ਵੀ ਸ਼ਾਮਲ ਹਨ।

  19. ਯੂਕੇ ਵਿੱਚ ਇਟਲੀ ਤੋਂ ਵੱਧ ਮੌਤਾਂ

    ਸਰਕਾਰ ਦੇ ਤਾਜ਼ਾ ਅੰਕੜਿਆਂ ਅਨੁਸਾਰ ਕੋਰੋਨਾਵਾਇਰਸ ਕਾਰਨ ਯੂਰਪ ਵਿੱਚ ਸਭ ਤੋਂ ਵੱਧ ਮੌਤਾਂ ਯੂਕੇ ਵਿੱਚ ਹੋਈਆਂ ਹਨ।

    ਯੂਕੇ ਵਿੱਚ ਕੁੱਲ 29,427 ਮੌਤਾਂ ਹੋਈਆਂ ਹਨ ਜੋ ਕਿ ਇਟਲੀ ਨਾਲੋਂ ਵੀ ਵੱਧ ਹਨ।

    ਵਿਦੇਸ਼ ਸਕੱਤਰ ਡੋਮੀਨਿਕ ਰਾਬ ਨੇ ਕਿਹਾ ਕਿ ਇਹ ਇੱਕ ਬਹੁਤ ਵੱਡਾ ਦੁਖਾਂਤ ਹੈ।

    ਇਟਲੀ ਵਿੱਚ ਹੁਣ ਤੱਕ 29,315 ਮੌਤਾਂ ਹੋ ਚੁੱਕੀਆਂ ਹਨ।

    ਪਰ ਮਾਹਿਰਾਂ ਮੁਤਾਬਕ ਪੂਰੀ ਦੁਨੀਆਂ ਨਾਲ ਤੁਲਨਾ ਕਰਨ ਤੋਂ ਪਹਿਲਾਂ ਕੁੱਝ ਮਹੀਨੇ ਉਡੀਕ ਕਰਨੀ ਪਏਗੀ।

  20. ਵ੍ਹਾਈਟ ਹਾਊਸ ਦੀ ਕੋਰੋਨਾ ਟਾਸਕ ਫੋਰਸ ਖ਼ਤਮ ਕਰਨ ਦਾ ਫ਼ੈਸਲਾ-ਟਰੰਪ

    ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਵ੍ਹਾਈਟ ਹਾਊਸ ਦੀ ਕੋਰੋਨਾ ਟਾਸਕ ਫੋਰਸ ਖ਼ਤਮ ਕੀਤੀ ਜਾ ਰਹੀ ਹੈ।

    ਉਨ੍ਹਾਂ ਕਿਹਾ ਕਿ ਟਾਸਕ ਫੋਰਸ ਨੇ ਆਪਣਾ ਕੰਮ ਵਧੀਆ ਢੰਗ ਨਾਲ ਕੀਤਾ ਹੈ ਪਰ ਹੁਣ ਇਸ ਵਿੱਚ ਬਦਲਾਅ ਕੀਤਾ ਜਾਵੇਗਾ।

    ਟਰੰਪ ਨੇ ਪੁੱਛੇ ਗਏ ਇੱਕ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਇਸ ਨੂੰ ਖਤਮ ਕਰਨ ਦਾ ਮਤਲਬ ਇਹ ਨਹੀਂ ਹੈ ਕਿ ਕੋਰੋਨਾਵਾਇਰਸ ਖ਼ਿਲਾਫ਼ ਲੜਾਈ ਖ਼ਤਮ ਹੋ ਗਈ ਹੈ।

    ਟਰੰਪ ਨੇ ਕਿਹਾ, "ਇਹ ਬਿਲਕੁਲ ਨਹੀਂ ਹੈ। ਮਿਸ਼ਨ ਪੂਰਾ ਹੋ ਜਾਵੇਗਾ ਜਦੋਂ ਇਹ (ਕੋਰੋਨਾ) ਖ਼ਤਮ ਹੋ ਜਾਵੇਗਾ।"