ਲੋਕ ਸਭਾ ਚੋਣਾਂ 2024: ਪੰਜਾਬ ਵਿੱਚ ਵੋਟਿੰਗ ਹੋਈ ਮੁਕੰਮਲ, ਜਾਣੋ ਕਿੰਨੀ ਫੀਸਦ ਵੋਟਿੰਗ ਹੋਈ

ਲੋਕ ਸਭਾ ਚੋਣਾਂ 2024 ਦੇ ਆਖ਼ਰੀ 7ਵੇਂ ਗੇੜ ਲਈ ਵੋਟਿੰਗ ਮੁਕੰਮਲ ਹੋ ਗਈ ਹੈ। ਇਸ ਗੇੜ ਵਿੱਚ ਪੰਜਾਬ, ਹਿਮਾਚਲ ਅਤੇ ਚੰਡੀਗੜ੍ਹ ਸਣੇ 57 ਸੀਟਾਂ ਉੱਤੇ ਵੋਟਾਂ ਪਈਆਂ ਹਨ।

ਸਾਰ

  • ਲੋਕ ਸਭਾ ਸਭਾ ਚੋਣਾਂ 2024 ਦੇ ਆਖ਼ਰੀ ਸੱਤਵੇਂ ਗੇੜ ਲਈ ਅੱਜ ਵੋਟਿੰਗ ਹੋ ਰਹੀ ਹੈ
  • ਆਖ਼ਰੀ ਗੇੜ ਦੌਰਾਨ ਪੰਜਾਬ ਦੀਆਂ 13, ਹਿਮਾਚਲ ਪ੍ਰਦੇਸ਼ ਦੀਆਂ 4 ਅਤੇ ਚੰਡੀਗੜ੍ਹ ਦੀ ਇੱਕ ਸੀਟ ਲਈ ਵੋਟਿੰਗ ਹੋ ਰਹੀ ਹੈ
  • ਪੰਜਾਬ ਵਿੱਚ ਕਾਂਗਰਸ, ਆਪ, ਅਕਾਲੀ ਦਲ ਅਤੇ ਭਾਜਪਾ ਵਿਚਾਲੇ ਚਾਰਕੌਣਾ ਮੁਕਾਬਲਾ ਦਿਖ ਰਿਹਾ ਹੈ
  • ਅੱਜ ਦੀ ਵੋਟਿੰਗ ਨਾਲ ਚੋਣ ਅਮਲ ਖ਼ਤਮ ਹੋ ਜਾਵੇਗਾ ਅਤੇ ਚੋਣ ਨਤੀਜਾ 4 ਜੂਨ ਨੂੰ ਐਲਾਨਿਆ ਜਾਵੇਗਾ
  • ਕੇਂਦਰੀ ਪੱਧਰ ਉੱਤੇ ਭਾਜਪਾ ਦੀ ਅਗਵਾਈ ਵਾਲੇ ਐੱਨਡੀਏ ਅਤੇ ਕਾਂਗਰਸ ਦੀ ਅਗਵਾਈ ਵਾਲੇ ਇੰਡੀਆ ਗਠਜੋੜ ਵਿਚਾਲੇ ਮੁਕਾਬਲਾ ਹੈ

ਲਾਈਵ ਕਵਰੇਜ

  1. 'ਗਰੀਨ ਪੋਲਿੰਗ ਬੂਥ' ਉੱਪਰ ਵੋਟਰਾਂ ਨੂੰ ਵੰਡੇ ਜਾ ਰਹੇ ਹਨ ਪੌਦੇ ਅਤੇ ਗਰਮੀ ਤੋਂ ਰਾਹਤ ਲਈ ਸ਼ਰਬਤ ਦਾ ਪ੍ਰਬੰਧ

    ਗੁਲਾਬ ਸ਼ਰਬਤ

    ਤਸਵੀਰ ਸਰੋਤ, Gurpreet Chawla/BBC

    ਤਸਵੀਰ ਕੈਪਸ਼ਨ, ਚੋਣ ਕਮਿਸ਼ਨ ਮੁਤਾਬਿਕ ਪੋਲਿੰਗ ਸਟੇਸ਼ਨ 'ਤੇ ਵੋਟਰਾਂ ਦੀ ਗਿਣਤੀ ਵਧਾਉਣ ਅਤੇ ਗਰਮੀ ਤੋਂ ਬਚਾਉਣ ਲਈ ਗੁਲਾਬ ਸ਼ਰਬਤ ਦਾ ਪ੍ਰਬੰਧ ਕੀਤਾ ਗਿਆ ਹੈ

    ਲੋਕ ਸਭਾ ਚੋਣਾਂ ਵਿੱਚ ਵੋਟਰਾਂ ਨੂੰ ਗਰਮੀ ਤੋਂ ਰਾਹਤ ਦੇਣ ਲਈ ਵੀ ਪੋਲਿੰਗ ਬੂਥ ਉਪਰ ਪ੍ਰਬੰਧ ਕੀਤੇ ਗਏ ਹਨ। ਪੰਜਾਬ ਵਿੱਚ ਚੋਣ ਕਮਿਸ਼ਨ ਵੱਲੋਂ ਪੰਜਾਬ ਰਾਜ ਸਹਿਕਾਰੀ ਸਪਲਾਈ ਅਤੇ ਮਾਰਕੀਟਿੰਗ ਫੈਡਰੇਸ਼ਨ ਯਾਨੀ ਮਾਰਕਫੈਡ ਨਾਲ ਮਿਲ ਕੇ ਵਿਸ਼ੇਸ਼ ਸਰਬਤ ਵੀ ਵੰਡੇ ਗਏ ਹਨ।

    ਚੋਣ ਕਮਿਸ਼ਨ ਮੁਤਾਬਿਕ ਪੰਜਾਬ 'ਚ ਸਾਰੇ 24,451 ਪੋਲਿੰਗ ਸਟੇਸ਼ਨ 'ਤੇ ਇਹ ਸ਼ਰਬਤ ਵੰਡੇ ਗਏ ਹਨ ਤਾਂ ਜੋ ਗਰਮੀ ਵਿੱਚ ਵੋਟਰਾਂ ਨੂੰ ਰਾਹਤ ਮਿਲ ਸਕੇ ਅਤੇ ਉਹ ਹਾਈਡਰੇਟ ਰਹਿਣ।

    ਗ੍ਰੀਨ ਬੂਥ  ਉੱਪਰ ਵੋਟ ਪਾਉਣ ਤੋਂ ਬਾਅਦ ਵੋਟਰ

    ਤਸਵੀਰ ਸਰੋਤ, Gurpreet Chawla/BBC

    ਤਸਵੀਰ ਕੈਪਸ਼ਨ, ਗ੍ਰੀਨ ਬੂਥ ਉੱਪਰ ਵੋਟ ਪਾਉਣ ਤੋਂ ਬਾਅਦ ਵੋਟਰ

    ਇਸ ਤੋਂ ਇਲਾਵਾ ਪੰਜਾਬ ਭਰ ਵਿੱਚ 165 ਗੁਲਾਬੀ ਬੂਥ ਹਨ, ਜਿਸ ਦਾ ਪ੍ਰਬੰਧਨ ਮਹਿਲਾਵਾਂ ਦੁਆਰਾ ਕੀਤਾ ਜਾ ਰਿਹਾ ਹੈ, 115 ਗ੍ਰੀਨ ਬੂਥ ਹਨ ਜਿੱਥੇ ਵੋਟਰਾਂ ਨੂੰ ਬੂਟੇ ਵੰਡੇ ਜਾ ਰਹੇ ਹਨ।

    101 ਪੋਲਿੰਗ ਬੂਥਾਂ ਦਾ ਪ੍ਰਬੰਧਨ ਦਿਵਿਆਂਗ ਵਿਅਕਤੀਆਂ ਵੱਲੋਂ ਕੀਤਾ ਜਾ ਰਿਹਾ ਹੈ ਜਦੋਂ ਕਿ 99 ਬੂਥ ਨੌਜਵਾਨਾਂ ਵੱਲੋਂ ਪ੍ਰਬੰਧਕ ਕੀਤੇ ਗਏ ਹਨ।

    115 ਗ੍ਰੀਨ ਬੂਥ

    ਤਸਵੀਰ ਸਰੋਤ, Gurpreet Chawla/BBC

    ਤਸਵੀਰ ਕੈਪਸ਼ਨ, ਸੂਬੇ ਵਿੱਚ ਕੁੱਲ 115 ਗ੍ਰੀਨ ਬੂਥ ਬਣਾਏ ਗਏ ਹਨ

    ਸੂਬੇ ਦੇ ਕੁੱਲ 2,60,000 ਕਰਮਚਾਰੀ ਚੋਣ ਡਿਊਟੀ ਨਿਭਾ ਰਹੇ ਹਨ ਜਿਨ੍ਹਾਂ ਵਿੱਚ 1,20,114 ਪੋਲਿੰਗ ਸਟਾਫ਼, 70,724 ਸੁਰੱਖਿਆ ਕਰਮਚਾਰੀ (ਸੂਬਾ ਪੁਲਿਸ ਅਤੇ ਕੇਂਦਰੀ ਹਥਿਆਰਬੰਦ ਅਰਧ ਸੈਨਿਕ ਬਲ), 50,000 ਸਪੋਰਟਿੰਗ ਸਟਾਫ਼ ਅਤੇ ਮੁੱਖ ਚੋਣ ਅਧਿਕਾਰੀ, ਦਫ਼ਤਰ ਤੇ ਜ਼ਿਲ੍ਹਾ ਚੋਣ ਅਧਿਕਾਰੀ ਦਫ਼ਤਰਾਂ ਦੇ 25,150 ਕਰਮਚਾਰੀ ਸ਼ਾਮਲ ਹਨ।

    ਸੂਬੇ ਵਿੱਚ ਨਿਰਵਿਘਨ ਵੋਟਾਂ ਲਈ ਪੰਜਾਬ ਪੁਲਿਸ ਦੇ 55039 ਜਵਾਨ ਤਾਇਨਾਤ ਕੀਤੇ ਗਏ ਹਨ।

    ਗੁਲਾਬ ਸ਼ਰਬਤ

    ਤਸਵੀਰ ਸਰੋਤ, Gurpreet Chawla/BBC

    ਤਸਵੀਰ ਕੈਪਸ਼ਨ, 24,451 ਪੋਲਿੰਗ ਸਟੇਸ਼ਨਾਂ 'ਤੇ ਗੁਲਾਬ ਸ਼ਰਬਤ ਦੀ ਵੰਡ ਕਰਨ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ
    ਪਿੰਕ ਬੂਥ

    ਤਸਵੀਰ ਸਰੋਤ, Gurminder Grewal

  2. ਗੜ੍ਹੀ ਦਾ ਦਾਅਵਾ ਬਸਪਾ ਪੰਜਾਬ ਵਿੱਚ ਮਜ਼ਬੂਤ ਧਿਰ ਬਣ ਕੇ ਉੱਭਰੇਗੀ

    ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਅਨੰਦਪੁਰ ਸਾਹਿਬ ਹਲਕੇ ਤੋਂ ਉਮੀਦਵਾਰ ਜਸਵੀਰ ਸਿੰਘ ਗੜੀ ਨੇ ਆਪਣੀ ਵੋਟ ਪਿੰਡ ਗੜੀ ਕਾਨੂਗੋ ਤਹਿਸੀਲ ਬਲਾਚੌਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਪਾਈ।

    ਉਨ੍ਹਾਂ ਨੇ ਕਿਹਾ ਕਿ 2024 ਦੀਆਂ ਲੋਕ ਸਭਾ ਚੋਣਾਂ ਦੇ ਨਤੀਜੇ ਪੰਜਾਬ ਦੀ ਭਵਿੱਖ ਦੀ ਰਾਜਨੀਤੀ ਦਾ ਮੁੱਢ ਬੰਨ੍ਹਣਗੇ।

    ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਨ੍ਹਾਂ ਚੋਣਾਂ ਤੋਂ ਬਾਅਦ ਬਹੁਜਨ ਸਮਾਜ ਪਾਰਟੀ ਪੰਜਾਬ ਵਿੱਚ ਵੱਡੀ ਧਿਰ ਬਣਕੇ ਉੱਭਰੇਗੀ। ਉਨ੍ਹਾਂ ਨੇ ਕਿਹਾ ਕਿ ਨਤੀਜੇ ਬਸਪਾ ਅਤੇ ਪੰਜਾਬ ਦੋਵਾਂ ਲਈ ਹੈਰਾਨੀਜਨਕ ਹੋਣਗੇ।

    ਜਸਵੀਰ ਸਿੰਘ ਗੜੀ

    ਤਸਵੀਰ ਸਰੋਤ, BSP

    ਤਸਵੀਰ ਕੈਪਸ਼ਨ, ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ
  3. ਸੁਖਬੀਰ ਸਿੰਘ ਬਾਦਲ ਤੇ ਪ੍ਰਤਾਪ ਸਿੰਘ ਬਾਜਵਾ ਦੇ ਦਾਅਵੇ

    ਸੁਖਬੀਰ ਸਿੰਘ ਬਾਦਲ
    ਤਸਵੀਰ ਕੈਪਸ਼ਨ, ਸੁਖਬੀਰ ਸਿੰਘ ਬਾਦਲ

    ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ, "ਇਹ ਪੰਜਾਬ ਦੇ ਲੋਕਾਂ ਦੀ ਪਾਰਟੀ ਅਤੇ ਸਾਰੀਆਂ ਕੌਮੀ ਪਾਰਟੀਆਂ ਦੀ ਵਿਚਲੀ ਲੜਾਈ ਹੈ।"

    ਉਨ੍ਹਾਂ ਨੇ ਅੱਗੇ ਕਿਹਾ, "ਅਸੀਂ ਸਾਰਿਆ ਨੂੰ ਅਪੀਲ ਕਰਦੇ ਹਾਂ ਕਿ ਉਹ ਵੱਧ ਫ਼ੀਸਦ ਵਿੱਚ ਵੋਟ ਪਾਉਣ।"

    ਪ੍ਰਤਾਪ ਸਿੰਘ ਬਾਜਵਾ

    ਤਸਵੀਰ ਸਰੋਤ, ANI

    ਤਸਵੀਰ ਕੈਪਸ਼ਨ, ਪ੍ਰਤਾਪ ਸਿੰਘ ਬਾਜਵਾ

    ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ, "ਪੰਜਾਬ ਦੇ 70 ਫ਼ੀਸਦ ਲੋਕ ਪਿੰਡਾਂ ਵਿੱਚ ਰਹਿੰਦੇ ਹਨ ਉੱਥੇ ਰੁਝਾਨ ਭਾਜਪਾ ਦੇ ਖ਼ਿਲਾਫ਼ ਹੈ।ਸ਼੍ਰੋਮਣੀ ਅਕਾਲੀ ਦਲ ਨੂੰ ਭਾਜਪਾ ਦੀ ਭਾਈਵਾਲ ਸਮਝਿਆ ਜਾਂਦਾ ਹੈ।"

    ਉਨ੍ਹਾਂ ਨੇ ਕਿਹਾ, "ਲੋਕ ਭਾਜਪਾ ਦੇ ਬਦਲ ਵਜੋਂ ਸਿਰਫ਼ ਕਾਂਗਰਸ ਨੂੰ ਵੇਖਦੇ ਹਨ।"

    ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸਰਵੇਖਣਾਂ ਮੁਤਾਬਕ ਇੰਡੀਆ ਬਲਾਕ ਨੂੰ ਲੀਡ ਮਿਲ ਰਹੀ ਹੈ ਇਸ ਲਈ ਅੱਜ ਇੰਡੀਆ ਗਠਜੋੜ ਦੀ ਬੈਠਕ ਸੱਦੀ ਗਈ ਹੈ।

    ਮਨਪ੍ਰੀਤ ਸਿੰਘ ਬਾਦਲ
    ਤਸਵੀਰ ਕੈਪਸ਼ਨ, ਪਿਛਲੀ ਕਾਂਗਰਸ ਸਰਕਾਰ ਵਿੱਚ ਮੰਤਰੀ ਰਹੇ ਮਨਪ੍ਰੀਤ ਸਿੰਘ ਬਾਦਲ ਬੀਤੇ ਦਿਨੀ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ
  4. ਵੋਟਰ ਪਰਚੀਆਂ 'ਤੇ ਤਸਵੀਰਾਂ ਅਤੇ ਚੋਣ ਨਿਸ਼ਾਨ, ਦਲਜੀਤ ਸਿੰਘ ਚੀਮਾ ਨੇ ਜਤਾਇਆ ਇਤਰਾਜ਼

    ਦਲਜੀਤ ਸਿੰਘ ਚੀਮਾ

    ਤਸਵੀਰ ਸਰੋਤ, Daljeet Singh Cheema

    ਤਸਵੀਰ ਕੈਪਸ਼ਨ, ਦਲਜੀਤ ਸਿੰਘ ਚੀਮਾ ਨੇ ਇਸ ਸਬੰਧੀ ਵੀਡੀਓ ਬਿਆਨ ਜਾਰੀ ਕੀਤਾ ਹੈ ਜਿਸ ਵਿੱਚ ਉਹ ਇਹ ਪਰਚੀਆਂ ਦਿਖਾ ਰਹੇ ਹਨ

    ਗੁਰਦਾਸਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦਲਜੀਤ ਸਿੰਘ ਚੀਮਾ ਨੇ ਇਹ ਇਲਜ਼ਾਮ ਲਗਾਇਆ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਨਸ਼ੇਰ ਸਿੰਘ ਕਲਸੀ ਵੱਲੋਂ ਵੋਟਰ ਪਰਚੀਆਂ ਉੱਤੇ 'ਆਪ' ਦੇ ਆਗੂਆਂ ਦੀਆਂ ਤਸਵੀਰਾਂ ਅਤੇ ਚੋਣ ਨਿਸ਼ਾਨ ਛਾਪੇ ਗਏ ਹਨ।

    ਬੀਬੀਸੀ ਸਹਿਯੋਗੀ ਗੁਰਪ੍ਰੀਤ ਚਾਵਲਾ ਮੁਤਾਬਕ ਉਨ੍ਹਾਂ ਨੇ ਕਿਹਾ ਕਿ ਚੋਣ ਜ਼ਾਬਤੇ ਦੀ ਉਲੰਘਣਾ ਹੈ।

    ਉਨ੍ਹਾਂ ਨੇ ਇਸ ਸਬੰਧੀ ਵੀਡੀਓ ਬਿਆਨ ਜਾਰੀ ਕੀਤਾ ਹੈ, ਜਿਸ ਵਿੱਚ ਉਹ ਇਹ ਪਰਚੀਆਂ ਦਿਖਾ ਰਹੇ ਹਨ।

    ਦਲਜੀਤ ਸਿੰਘ ਚੀਮਾ ਨੇ ਕਿਹਾ, "ਭਾਰਤੀ ਚੋਣ ਕਮਿਸ਼ਨ ਵੱਲੋਂ ਚੋਣ ਪ੍ਰਚਾਰ 48 ਘੰਟੇ ਪਹਿਲਾਂ ਬੰਦ ਕਰ ਦਿੱਤਾ ਜਾਂਦਾ ਹੈ ਅਤੇ ਹਮੇਸ਼ਾ ਇਹ ਮਨਾਹੀ ਕੀਤੀ ਜਾਂਦੀ ਹੈ ਕਿ ਕੋਈ ਵੀ ਉਮੀਦਵਾਰ ਆਪਣੀ ਜਾਂ ਕਿਸੇ ਲੀਡਰ ਦੀ ਤਸਵੀਰ ਜਾਂ ਚੋਣ ਨਿਸ਼ਾਨ ਛਪਵਾ ਕੇ ਵੋਟਰ ਪਰਚੀ ਨਹੀਂ ਜਾਰੀ ਕਰੇਗਾ।"

    ਉਨ੍ਹਾਂ ਨੇ ਕਿਹਾ, "ਗੁਰਦਾਸਪੁਰ ਦੇ ਉਮੀਦਵਾਰ ਵੱਲੋਂ ਤਿਆਰ ਕੀਤੀਆਂ ਗਈਆਂ ਵੋਟਰ ਪਰਚੀਆਂ ਉੱਤੇ ਅਰਵਿੰਦ ਕੇਜਰੀਵਾਲ, ਭਗਵੰਤ ਮਾਨ ਅਤੇ ਚੋਣ ਨਿਸ਼ਾਨ ਦੀ ਤਸਵੀਰ ਲਗਾਈ ਹੈ।"

    ਉਨ੍ਹਾਂ ਨੇ ਕਿਹਾ, "ਇਹ ਚੋਣ ਪ੍ਰਚਾਰ ਦੀ ਉਲੰਘਣਾ ਹੈ, ਇਸ ਬਾਰੇ ਅਸੀਂ ਨੇ ਡਿਪਟੀ ਕਮਿਸ਼ਨਰ ਅਤੇ ਅਬਜ਼ਰਬਰ ਨੂੰ ਵੀ ਇਸ ਬਾਰੇ ਬੇਨਤੀ ਕੀਤੀ ਹੈ।"

  5. ਵੋਟ ਪਾਉਣ ਤੋਂ ਬਾਅਦ ਕੀ ਬੋਲੇ ਭਗਵੰਤ ਮਾਨ ਤੇ ਗੁਰਪ੍ਰੀਤ ਕੌਰ

    ਮੁੱਖ ਮੰਤਰੀ ਭਗਵੰਤ ਮਾਨ
    ਤਸਵੀਰ ਕੈਪਸ਼ਨ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਂਨ੍ਹਾਂ ਦੀ ਪਤਨੀ ਡਾ ਗੁਰਪ੍ਰੀਤ ਕੌਰ
  6. ਚੰਡੀਗੜ੍ਹ ਦੇ ਸੈਕਟਰ 53 ਵਿੱਚ ਕੜਕਵੀ ਧੁੱਪ ਵਿੱਚ ਲੱਗੀਆਂ ਲੰਬੀਆਂ ਕਤਾਰਾਂ, ਕਹਿਰ ਦੀ ਗਰਮੀ ਦੌਰਾਨ ਵੋਟਰ ਗਰਮੀ ਬੁਝਾਉਣ ਕੀ ਕੁਝ ਕਰ ਰਹੇ ਹਨ, ਬੀਬੀਸੀ ਸਹਿਯੋਗੀ ਮਯੰਕ ਮੌਂਗੀਆ ਦੇ ਕੈਮਰੇ ਨੇ ਕੈਦ ਕੀਤੇ ਕੁਝ ਦ੍ਰਿਸ਼

    ਵੋਟਰ
    ਵੋਟਰਾਂ ਦੀਆਂ ਕਤਾਰਾਂ
    ਚੰਡੀਗੜ੍ਹ ਹੀਟਵੇਵ ਵੋਟਰ
    ਹੀਟਵੇਵ
  7. ਲੋਕ ਸਭਾ ਚੋਣਾਂ : ਭਗਵੰਤ ਮਾਨ, ਹਰਸਿਮਰਤ ਕੌਰ ਬਾਦਲ ਸਣੇ ਕਈ ਵੱਡੇ ਆਗੂਆਂ ਨੇ ਪਾਈ ਵੋਟ

    ਮੁੱਖ ਮੰਤਰੀ ਭਗਵੰਤ ਮਾਨ

    ਤਸਵੀਰ ਸਰੋਤ, ANI

    ਤਸਵੀਰ ਕੈਪਸ਼ਨ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਗਰੂਰ ਵਿੱਚ ਵੋਟ ਪਾਈ

    ਹਰਸਿਮਰਤ ਕੌਰ ਬਾਦਲ, ਗੁਰਮੀਤ ਸਿੰਘ ਮੀਤ ਹੇਅਰ, ਗੁਰਮੀਤ ਸਿੰਘ ਖੁੱਡੀਆਂ, ਗੁਰਜੀਤ ਸਿੰਘ ਔਜਲਾ ਸਣੇ ਕਈ ਉਮੀਦਵਾਰਾਂ ਨੇ ਆਪਣੇ-ਆਪਣੇ ਹਲਕਿਆਂ ਵਿੱਚ ਵੋਟ ਪਾਈ ਹੈ।

    ਮੁੱਖ ਮੰਤਰੀ ਭਗਵੰਤ ਮਾਨ ਨੇ ਸੰਗਰੂਰ ਹਲਕੇ ਵਿੱਚ ਵੋਟ ਪਾਉਣ ਮਗਰੋਂ ਕਿਹਾ, "ਪੰਜਾਬ ਦੇ ਵਿੱਚ ਬਹੁਤ ਭਾਰੀ ਵੋਟਿੰਗ ਹੋਵੇਗੀ ਅਤੇ ਇਸ ਨਾਲ ਪੂਰੇ ਦੇਸ਼ ਵਿੱਚ ਸੁਨੇਹਾ ਜਾਵੇਗਾ ਕਿ ਪੰਜਾਬ ਦੇ ਲੋਕ ਆਪਣੇ ਹੱਕਾਂ ਦੀ ਵਰਤੋਂ ਕਰਨੀ ਜਾਣਦੇ ਹਨ।"

    ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ ਗੁਰਪ੍ਰੀਤ ਕੌਰ ਨੇ ਕਿਹਾ, "ਮੇਰੀ ਔਰਤਾਂ ਨੂੰ ਇਹੀ ਅਪੀਲ ਹੈ ਕਿ ਆਪਾਂ ਸਭ ਤੋਂ ਵੱਧ ਵੋਟ ਪਾ ਕੇ ਵਿਖਾਈਏ, ਔਰਤਾਂ ਚੰਗੀ ਸਰਕਾਰ ਨੂੰ ਚੁਣਨ ਵਿੱਚ ਆਪਣਾ ਯੋਗਦਾਨ ਪਾਉਣ।"

    ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ
    ਤਸਵੀਰ ਕੈਪਸ਼ਨ, ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਆਪਣੇ ਬੱਚਿਆਂ ਨਾਲ
    ਗੁਰਮੀਤ ਸਿੰਘ ਖੁੱਡੀਆਂ
    ਤਸਵੀਰ ਕੈਪਸ਼ਨ, ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਪਾਈ ਵੋਟ
    ਲੁਧਿਆਣਾ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਆਪਣੀ ਪਤਨੀ ਅਮ੍ਰਿਤਾ ਵੜਿੰਗ ਨਾਲ
    ਤਸਵੀਰ ਕੈਪਸ਼ਨ, ਲੁਧਿਆਣਾ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਆਪਣੀ ਪਤਨੀ ਅਮ੍ਰਿਤਾ ਵੜਿੰਗ ਨਾਲ
    ਹਰਸਿਮਰਤ ਕੌਰ ਬਾਦਲ
    ਤਸਵੀਰ ਕੈਪਸ਼ਨ, ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਸਿਮਰਤ ਕੌਰ ਬਾਦਲ ਵੋਟ ਪਾਉਣ ਤੋਂ ਬਾਅਦ ਬਾਹਰ ਆਉਂਦੇ ਹੋਏ
  8. ਪਹਿਲੇ ਛੇ ਗੇੜਾਂ ਵਿੱਚ ਕਿੰਨੇ ਫ਼ੀਸਦ ਲੋਕਾਂ ਨੇ ਪਾਈ ਵੋਟ

    ਸ਼ੁਭਮਨ ਗਿੱਲ

    ਤਸਵੀਰ ਸਰੋਤ, Kuldeep Brar/BBC

    ਤਸਵੀਰ ਕੈਪਸ਼ਨ, ਭਾਰਤੀ ਕ੍ਰਿਕਟ ਖਿਡਾਰੀ ਸ਼ੁਭਮਨ ਗਿੱਲ ਦੇ ਦਾਦਾ ਦੀਦਾਰ ਸਿੰਘ ਅਤੇ ਦਾਦੀ ਗੁਰਮੇਲ ਕੌਰ ਨੇ ਜਲਾਲਾਬਾਦ ਦੇ ਪਿੰਡ ਚੱਕ ਖੇੜੇ ਵਾਲਾ ਦੇ ਪ੍ਰਾਇਮਰੀ ਸਕੂਲ ਵਿੱਚ ਵੋਟ ਪਾਈ।

    ਲੋਕ ਸਭਾ ਚੋਣਾਂ ਦੇ ਸੱਤਵੇਂ ਅਤੇ ਆਖਰੀ ਗੇੜ ਵਿੱਚ 8 ਸੂਬਿਆਂ ਅਤੇ ਕੇਂਦਰ ਸਾਸ਼ਿਤ ਇਲਾਕਿਆਂ ਦੀਆਂ 57 ਲੋਕ ਸਭਾ ਹਲਕਿਆਂ ਉੱਤੇ ਵੋਟਿੰਗ ਹੋ ਰਹੀ ਹੈ।

    ਚੋਣ ਕਮਿਸ਼ਨ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਇਸ ਤੋਂ ਪਹਿਲਾਂ ਦੇ ਛੇ ਗੇੜਾਂ ਦੌਰਾਨ ਵੋਟਰ ਟਰਨ ਆਊਟ ਇਸ ਤਰ੍ਹਾਂ ਰਿਹਾ—

    ਪਹਿਲਾ ਗੇੜ— 66.14%

    ਦੂਜਾ ਗੇੜ— 66.71%

    ਤੀਜਾ ਗੇੜ— 65.68%

    ਚੌਥਾ ਗੇੜ— 69.16%

    ਪੰਜਵਾਂ ਗੇੜ— 62.20%

    ਛੇਵਾਂ ਗੇੜ— 63.37%

    ਇਸ ਸੱਤਵੇਂ ਅਤੇ ਆਖਰੀ ਗੇੜ ਦੌਰਾਨ ਦੇਸ ਦੇ ਕਈ ਸੂਬੇ ਹੀਟਵੇਵ ਦੀ ਮਾਰ ਹੇਠ ਹਨ। ਇਸ ਲਈ ਉਮੀਦ ਕੀਤੀ ਜਾ ਰਹੀ ਹੈ ਕਿ ਗਰਮੀ ਵਧਣ ਤੋਂ ਪਹਿਲਾਂ ਦੇ ਘੰਟਿਆਂ ਦੌਰਾਨ ਅਤੇ ਸ਼ਾਮ ਦੇ ਸਮੇਂ ਵਿੱਚ ਲੋਕ ਵੋਟਿੰਗ ਲਈ ਜ਼ਿਆਦਾ ਬਾਹਰ ਨਿਕਲਣਗੇ।

    ਪ੍ਰਸ਼ਾਸਨ ਵੱਲੋਂ ਵੋਟਰਾਂ ਦੀ ਸਹੂਲਤ ਅਤੇ ਗਰਮੀ ਦੇ ਮੁਕਾਬਲੇ ਲਈ ਪੋਲਿੰਗ ਬੂਥਾਂ ਉੱਪਰ ਠੰਢੇ ਪਾਣੀ, ਟੈਂਟ, ਵਗੈਰਾ ਤੋਂ ਇਲਾਵਾ ਹੋਰ ਵੀ ਇੰਤਜ਼ਾਮ ਕੀਤੇ ਗਏ ਹਨ।

  9. ਚੋਣ ਪ੍ਰਚਾਰ ਵਿੱਚ ਵੱਡੇ ਚਿਹਰੇ ਰਹੇ ਗ਼ੈਰ ਹਾਜ਼ਰ, ਕੀ ਰਹੇ ਕਾਰਨ

    ਲੋਕ ਸਭਾ ਚੋਣਾਂ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਪੰਜਾਬ ਵਿੱਚ ਲੋਕ ਸਭਾ ਚੋਣਾਂ ਦੇ ਪ੍ਰਚਾਰ ਵਿੱਚੋਂ ਕਈ ਵੱਡੇ ਚਿਹਰੇ ਬਾਹਰ ਰਹੇ ਹਨ

    ਪੰਜਾਬ ਵਿੱਚ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਦੇ ਪ੍ਰਚਾਰ ਵਿੱਚੋਂ ਕਈ ਵੱਡੇ ਚਿਹਰੇ ਬਾਹਰ ਰਹੇ ਹਨ।

    ਪੰਜ ਮੁੱਖ ਚਿਹਰੇ ਜੋ ਚੋਣ ਪ੍ਰਚਾਰ ਵਿੱਚੋਂ ਗ਼ੈਰ-ਹਾਜ਼ਰ ਰਹੇ ਉਹ ਹਨ- ਨਵਜੋਤ ਸਿੰਘ ਸਿੱਧੂ (ਕਾਂਗਰਸ), ਕੈਪਟਨ ਅਮਰਿੰਦਰ ਸਿੰਘ (ਭਾਜਪਾ), ਸੁਖਦੇਵ ਸਿੰਘ ਢੀਂਡਸਾ (ਸ਼੍ਰੋਮਣੀ ਅਕਾਲੀ ਦਲ), ਮਨਪ੍ਰੀਤ ਸਿੰਘ ਬਾਦਲ (ਭਾਜਪਾ), ਸਿਕੰਦਰ ਸਿੰਘ ਮਲੂਕਾ (ਸ਼੍ਰੋਮਣੀ ਅਕਾਲੀ ਦਲ)।

    ਇਨ੍ਹਾਂ ਵੱਡੇ ਸਿਆਸੀ ਆਗੂਆਂ ਦੇ ਚੋਣ ਮੁਹਿੰਮ ਤੋਂ ਦੂਰ ਹੋਣ ਅਤੇ ਇਸ ਦੇ ਸੂਬੇ ਦੀ ਸਿਆਸਤ ਉੱਤੇ ਪੈਣ ਵਾਲੇ ਅਸਰ ਬਾਰੇ ਇਹ ਰਿਪੋਰਟ ਪੜ੍ਹੋ

  10. ਸੱਤਵੇਂ ਗੇੜ ਦੀਆਂ ਚੋਣਾਂ ਬਾਰੇ ਕੀ ਬੋਲੇ ਰਾਹੁਲ ਗਾਂਧੀ ਅਤੇ ਨਰਿੰਦਰ ਮੋਦੀ

    ਰਾਹੁਲ ਗਾਂਧੀ

    ਤਸਵੀਰ ਸਰੋਤ, @INCINDIA

    ਤਸਵੀਰ ਕੈਪਸ਼ਨ, ਰਾਹੁਲ ਗਾਂਧੀ

    ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਸਤਵੇਂ ਗੇੜ ਦੀ ਪੋਲਿੰਗ ਸ਼ੁਰੂ ਹੋਣ ਤੋਂ ਬਾਅਦ ਸੋਸ਼ਲ ਮੀਡੀਆ ਪੋਸਟ ਵਿੱਚ ਦਾਅਵਾ ਕੀਤਾ ਹੈ ਕਿ ਇਸ ਵਾਰੀ ਇੰਡੀਆ ਗੱਠਜੋੜ ਦੀ ਸਰਕਾਰ ਬਣਨ ਜਾ ਰਹੀ ਹੈ।

    ਰਾਹੁਲ ਗਾਂਧੀ ਨੇ ਆਪਣੀ ਐਕਸ ਪੋਸਟ ਵਿੱਚ ਦਾਅਵਾ ਕੀਤਾ, "ਅੱਜ ਸੱਤਵੇਂ ਅਤੇ ਆਖ਼ਰੀ ਗੇੜ ਦੀਆਂ ਚੋਣਾਂ ਹਨ ਅਤੇ ਹੁਣ ਤੱਕ ਦੇ ਰੁਝਾਨਾਂ ਤੋਂ ਇਹ ਸਪਸ਼ਟ ਹੈ ਕਿ ਦੇਸ਼ ਵਿੱਚ ਇੰਡੀਆ ਗੱਠਜੋੜ ਦੀ ਸਰਕਾਰ ਬਣਨ ਜਾ ਰਹੀ ਹੈ।"

    ਉਹ ਕਹਿੰਦੇ ਹਨ, "ਮੈਨੂੰ ਮਾਣ ਹੈ ਕਿ ਇਸ ਗਰਮੀ ਵਿੱਚ ਵੀ ਤੁਸੀਂ ਸਾਰੇ ਲੋਕਤੰਤਰ ਅਤੇ ਸੰਵਿਧਾਨ ਦੀ ਰੱਖਿਆ ਦੇ ਲਈ ਵੋਟ ਪਾਉਣ ਨਿਕਲੇ ਹੋ।"

    ਰਾਹੁਲ ਗਾਂਧੀ ਨੇ ਲਿਖਿਆ, "ਅੱਜ ਵੀ ਵੱਡੀ ਗਿਣਤੀ ਵਿੱਚ ਬਾਹਰ ਨਿਕਲ ਕੇ ਹੰਕਾਰ ਅਤੇ ਜ਼ੁਲਮ ਦਾ ਪ੍ਰਤੀਕ ਬਣ ਚੁੱਕੀ ਇਸ ਸਰਕਾਰ ਉੱਤੇ ਆਪਣੇ ਵੋਟ ਨਾਲ 'ਆਖ਼ਰੀ ਵਾਰ' ਜ਼ਰੂਰ ਕਰੋ।4 ਜੂਨ ਦਾ ਸੂਰਜ ਦੇਸ਼ ਵਿੱਚ ਇੱਕ ਨਵੀਂ ਸਵੇਰ ਲੈ ਕੇ ਆਉਣ ਜਾ ਰਿਹਾ ਹੈ।"

    ਨਰਿੰਦਰ ਮੋਦੀ

    ਤਸਵੀਰ ਸਰੋਤ, X/Narendra Modi

    ਤਸਵੀਰ ਕੈਪਸ਼ਨ, ਨਰਿੰਦਰ ਮੋਦੀ ਇਸ ਵੇਲੇ ਕੰਨਿਆਕੁਮਾਰੀ ਵਿੱਚ ਧਿਆਨ ਲਗਾ ਰਹੇ ਹਨ

    ਉੱਥੇ ਹੀ ਕੰਨਿਆਕੁਮਾਰੀ ਵਿੱਚ ਧਿਆਨ ਕਰ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਐਕਸ ਅਕਾਊਂਟ ਉੱਤੇ ਲਿਖਿਆ, "ਲੋਕ ਸਭਾ ਚੋਣਾਂ ਦੇ ਆਖ਼ਰੀ ਗੇੜ ਦੀ ਅੱਜ ਵੋਟਿੰਗ ਹੋਣ ਜਾ ਰਹੀ ਹੈ।

    ਇਸ ਗੇੜ ਦੇ ਸਾਰੇ ਵੋਟਰਾਂ ਨੂੰ ਮੇਰੀ ਬੇਨਤੀ ਹੈ ਕਿ ਲੋਕਤੰਤਰ ਦੇ ਇਸ ਮਹਾਨ ਪੁਰਬ ਵਿੱਚ ਵੱਧ ਚੜ੍ਹ ਕੇ ਹਿੱਸਾ ਲਵੋ, ਮੈਨੂੰ ਵਿਸ਼ਵਾਸ ਹੈ ਕਿ ਸਾਡੇ ਨੌਜਵਾਨ ਅਤੇ ਮਹਿਲਾ ਵੋਟਰ ਵੋਟ ਪਾਉਣ ਲਈ ਰਿਕਾਰਡ ਗਿਣਤੀ ਵਿੱਚ ਅੱਗੇ ਆਉਣਗੇ, ਰਲਕੇ ਆਪਣੇ ਲੋਕਤੰਤਰ ਨੂੰ ਹੋਰ ਵੱਧ ਜੀਵਿਤ ਬਣਾਓ।

  11. ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕਈ ਉਮੀਦਵਾਰਾਂ ਨੇ ਪਾਈ ਵੋਟ, ਪੋਲਿੰਗ ਸਟੇਸ਼ਨਾਂ 'ਤੇ ਗਰਮੀ ਤੋਂ ਬਚਾਅ ਲਈ ਵੀ ਪ੍ਰਬੰਧ

    ਭਗਵੰਤ ਮਾਨ

    ਤਸਵੀਰ ਸਰੋਤ, ANI

    ਤਸਵੀਰ ਕੈਪਸ਼ਨ, ਭਗਵੰਤ ਮਾਨ ਤੇ ਉਨ੍ਹਾਂ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨੇ ਸੰਗਰੂਰ ਦੇ ਮੰਗਵਾਲ ਵਿੱਚ ਵੋਟ ਪਾਈ

    ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਪਰਿਵਾਰ ਸਮੇਤ ਸੰਗਰੂਰ ਦੇ ਮੰਗਵਾਲ ਵਿਖੇ ਵੋਟ ਪਾਈ। ਉਹਨਾਂ ਨਾਲ ਉਹਨਾਂ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਅਤੇ ਮਾਤਾ ਵੀ ਵੋਟ ਪਾਉਣ ਆਏ।ਕਈ ਉਮੀਦਵਾਰ ਵੀ ਆਪਣੀ ਵੋਟ ਭੁਗਤਾ ਚੁੱਕੇ ਹਨ ਜਿਨਾਂ ਵਿੱਚ ਕਾਂਗਰਸ ਉਮੀਦਵਾਰ ਸੁਖਜਿੰਦਰ ਰੰਧਾਵਾ, ਧਰਮਵੀਰ ਗਾਂਧੀ,ਉਮੀਦਵਾਰ ਤਰਨਜੀਤ ਸਿੰਘ ਸੰਧੂ,ਆਮ ਆਦਮੀ ਪਾਰਟੀ ਦੇ ਲਾਲਜੀਤ ਸਿੰਘ ਭੁੱਲਰ,ਗੁਰਮੀਤ ਸਿੰਘ ਖੁੱਡੀਆਂ ਸ਼ਾਮਿਲ ਹਨ।

    ਗੁਰਮੀਤ ਸਿੰਘ ਖੁੱਡੀਆਂ
    ਤਸਵੀਰ ਕੈਪਸ਼ਨ, ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਲੰਬੀ ਵਿੱਚ ਵੋਟ ਭੁਗਤਾਈ
    ਸੁਖਜਿੰਦਰ ਰੰਧਾਵਾ
    ਤਸਵੀਰ ਕੈਪਸ਼ਨ, ਗੁਰਦਾਸਪੁਰ ਤੋਂ ਕਾਂਗਰਸ ਦੇ ਉਮੀਦਵਾਰ ਸੁਖਜਿੰਦਰ ਰੰਧਾਵਾ ਵੋਟ ਪਾਉਣ ਤੋਂ ਬਾਅਦ ਆਪਣੇ ਪਰਿਵਾਰ ਨਾਲ
  12. ਪੰਜਾਬ 'ਚ ਲੋਕ ਸਭਾ ਚੋਣਾਂ 2024 ਦੀ ਵੋਟਿੰਗ ਲਈ ਕਿਹੋ ਜਿਹੇ ਪ੍ਰਬੰਧ

    ਫਸਟ ਟਾਇਮ ਵੋਟਰ

    ਤਸਵੀਰ ਸਰੋਤ, Pardeep Sharma

    ਤਸਵੀਰ ਕੈਪਸ਼ਨ, ਜਲੰਧਰ ਵਿੱਚ ਪਹਿਲੀ ਵਾਰ ਵੋਟ ਪਾਉਣ ਤੋਂਂ ਬਾਅਦ ਸਰਟੀਫਿਕੇਟ ਨਾਲ ਖੁਸ਼ ਨਜ਼ਰ ਆ ਰਹੀ ਵੋਟਰ
    • ਵੋਟਰਾਂ ਲਈ ਵਿਆਪਕ ਸਹੂਲਤਾਂ ਅਤੇ ਠੋਸ ਸੁਰੱਖਿਆ ਪ੍ਰਬੰਧ ਯਕੀਨੀ ਬਣਾਏ
    • ਪੰਜਾਬ ਵਿੱਚ ਕੁੱਲ 2,14,61,739 ਹਨ, ਜਿਨ੍ਹਾਂ ਵਿੱਚੋਂ 1,01,74,240 ਬੀਬੀਆਂ ਹਨ ਅਤੇ 773 ਟਰਾਂਸਜੈਂਡਰ ਵੋਟਰਨ ਹਨ।
    • 13 ਲੋਕ ਸਭਾ ਹਲਕਿਆਂ ਲਈ ਕੁੱਲ 24,451 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਇਨ੍ਹਾਂ ਵਿੱਚੋਂ 5,694 ਪੋਲਿੰਗ ਸਟੇਸ਼ਨ ਸੰਵੇਦਨਾਸ਼ੀਲ ਮੰਨੇ ਗਏ ਹਨ।
    • ਪੰਜਾਬ ਵਿੱਚ 70,000 ਸੁਰੱਖਿਆ ਕਰਮਚਾਰੀ ਜਿਨ੍ਹਾਂ ਵਿੱਚ ਕੇਂਦਰੀ ਸੁਰੱਖਿਆ ਦਸਤੇ ਸ਼ਾਮਲ ਹਨ, ਸੂਬੇ ਵਿੱਚ ਤੈਨਾਤ ਹਨ।
    • ਸੂਬੇ ਵਿੱਚ 1.20 ਚੋਣ ਅਮਲਾ ਵੀ ਤੈਨਾਤ ਹੈ।
    • ਚੰਡੀਗੜ੍ਹ ਦੀ ਗੱਲ ਕਰੀਏ ਤਾਂ ਇੱਥੇ 6,59,805 ਵੋਟਰ ਹਨ ਜਿਨ੍ਹਾਂ ਵਿੱਚੋਂ 3,18,226 ਬੀਬੀਆਂ ਹਨ ਅਤੇ 35 ਤੀਜੇ ਲਿੰਗ ਵਾਲੇ ਵੋਟਰ ਹਨ।
    • ਵੋਟਰਾਂ ਨੂੰ ਉਤਸ਼ਾਹਿਤ ਕਰਨ ਲਈ ਮਾਡਲ, ਹਰੇ ਤੇ ਗੁਲਾਬੀ, ਯੂਥ ਅਤੇ ਦਿਵਿਆਂਗ ਪ੍ਰਬੰਧਿਤ ਬੂਥਾਂ ਦਾ ਪ੍ਰਬੰਧ
    • ਗਰਮੀ ਤੋਂ ਰਾਹਤ ਲਈ ਪੋਲਿੰਗ ਸਟੇਸ਼ਨਾਂ 'ਤੇ ਲਗਾਈ ਜਾਵੇਗੀ 'ਛਬੀਲ'
    • ਪਾਰਦਰਸ਼ੀ ਤੇ ਨਿਰਪੱਖ ਚੋਣਾਂ ਯਕੀਨੀ ਬਣਾਉਣ ਲਈ 100 ਫੀਸਦ ਲਾਈਵ ਵੈਬਕਾਸਟਿੰਗ ਅਤੇ ਸੀ.ਸੀ.ਟੀ.ਵੀ. ਦੀ ਸਹੂਲਤ
    • ਸ਼ਾਂਤੀਪੂਰਨ ਚੋਣਾਂ ਯਕੀਨੀ ਬਣਾਉਣ ਲਈ ਪੰਜਾਬ ਪੁਲਿਸ ਪੂਰੀ ਤਰ੍ਹਾਂ ਤਿਆਰ: ਪੁਲਿਸ ਨੋਡਲ ਅਫ਼ਸਰ ਐਮ.ਐਫ. ਫਾਰੂਕੀ
  13. ਕਾਂਗਰਸ 10 ਸੀਟਾਂ ਜਿੱਤੇਗੀ- ਗਾਂਧੀ

    ਪਟਿਆਲਾ ਤੋਂ ਕਾਂਗਰਸ ਪਾਰਟੀ ਨੇ ਉਮੀਦਵਾਰ ਧਰਮਵੀਰ ਗਾਂਧੀ ਨੇ ਕਰੀਬ 8 ਵਜੇ ਆਪਣੀ ਵੋਟ ਭੁਗਤਾਈ, ਬਾਅਦ ਵਿੱਚ ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਨਾਲ ਗੱਲਬਾਤ ਕਰਦਿਆਂ ਕਿਹਾ, ਕਾਂਗਰਸ ਪਾਰਟੀ ਦਾ ਕਿਸੇ ਨਾਲ ਮੁਕਾਬਲਾ ਨਹੀਂ ਹੈ, ਅਸੀਂ ਵੱਡੇ ਫਰਕ ਨਾਲ ਚੋਣ ਜਿੱਤਾਂਗੇ।

    ਗਾਂਧੀ ਨੇ ਦਾਅਵਾ ਕੀਤਾ ਕਿ ਪੰਜਾਬ ਵਿੱਚ ਕਾਂਗਰਸ ਪਾਰਟੀ 13 ਵਿੱਚੋਂ 10 ਸੀਟਾਂ ਜਿੱਤੇਗੀ ਅਤੇ ਆਪ, ਅਕਾਲੀ ਤੇ ਭਾਜਪਾ ਹਿੱਸੇ ਇੱਕ ਇੱਕ ਸੀਟ ਆਵੇਗੀ।

    ਧਰਮਵੀਰ ਗਾਂਧੀ
    ਤਸਵੀਰ ਕੈਪਸ਼ਨ, ਪਟਿਆਲਾ ਵਿੱਚ ਵੋਟ ਪਾਉਣ ਤੋਂ ਬਾਅਦ ਧਰਮਵੀਰ ਗਾਂਧੀ
  14. ਪੰਜਾਬ ਵੋਟਿੰਗ - ਪਟਿਆਲਾ ਤੋਂ ਲਾਈਵ

    ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ਅਤੇ ਚੰਡੀਗੜ੍ਹ ਦੀ ਇੱਕ ਲੋਕ ਸਭਾ ਸੀਟ ਲਈ ਵੋਂਟਾਂ ਸਵੇਰੇ7 ਵਜੇ ਤੋਂ ਪੈਣੀਆਂ ਸ਼ੁਰੂ ਹੋ ਗਈਆਂ ਹਨ ਜੋ ਸ਼ਾਮ 6ਵਜੇ ਤੱਕ ਪੈਣਗੀਆਂ।

    ਪੰਜਾਬ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਵੱਖੋ-ਵੱਖ ਚੋਣਾਂ ਲੜ ਰਹੀਆਂ ਹਨ ਜਦਕਿ ਚੰਡੀਗੜ੍ਹ ਵਿੱਚ ਦੋਵਾਂ ਦਾ ਸਮਝੌਤਾ ਹੈ।

    ਸਾਲ 1996 ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਜਪਾ ਪਹਿਲੀ ਵਾਰ ਵੱਖ-ਵੱਖ ਚੋਣ ਮੈਦਾਨ ਵਿੱਚ ਹਨ।

    ਸੁਖਬੀਰ ਬਾਦਲ ਦੀ ਅਗਵਾਈ ਵਿੱਚ ਅਕਾਲੀ ਦਲ 2020 ਵਿੱਚ ਭਾਜਪਾ ਦੀ ਅਗਵਾਈ ਵਾਲੇ ਐੱਨਡੀਏ ਗਠਜੋੜ ਤੋਂ ਬਾਹਰ ਆ ਗਈ ਸੀ।

    ਇਨ੍ਹਾਂ ਤਿੰਨਾਂ ਪਾਰਟੀਆਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਬਹੁਜਨ ਸਮਾਜ ਪਾਰਟੀ ਨੇ ਵੀ ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ।

    ਇਸ ਤੋਂ ਇਲਾਵਾ ਪੰਜਾਬ ਵਿੱਚ ਪੰਥਕ ਉਮੀਦਵਾਰਾਂ ਦੇ ਚੋਣ ਮੈਦਾਨ ਵਿੱਚ ਹੋਣ ਕਾਰਨ ਵੀ ਕੁਝ ਸੀਟਾਂ ਉੱਤੇ ਮੁਕਾਬਲਾ ਦਿਲਚਸਪ ਬਣਿਆ ਹੋਇਆ ਹੈ।

  15. ਪੰਜਾਬ ਦੇ ਪੋਲਿੰਗ ਬੂਥਾਂ ਲੱਗਣ ਲੱਗੀਆਂ ਕਤਾਰਾਂ - ਤਸਵੀਰਾਂ

    ਵੋਟਰ

    ਤਸਵੀਰ ਸਰੋਤ, Bimal Saini/ BBC

    ਤਸਵੀਰ ਕੈਪਸ਼ਨ, ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਵਿੱਚ ਸਵੇਰੇ ਹੀ ਕਤਾਰਾਂ ਵਿੱਚ ਲੱਗੇ ਵੋਟਰ
    ਹਰਜੋਤ ਬੈਂਸ

    ਤਸਵੀਰ ਸਰੋਤ, Bimail Saini/BBC

    ਤਸਵੀਰ ਕੈਪਸ਼ਨ, ਪੰਜਾਬ ਦੇ ਸਿੱਖਿਆ ਮੰਤਰੀ ਆਪਣੇ ਜੱਦੀ ਪਿੰਡ ਵਿੱਚ ਵੋਟ ਪਾਉਣ ਜਾਂਦੇ ਹੋਏ
    ਪੰਜਾਬ ਵੋਟਾਂ
    ਤਸਵੀਰ ਕੈਪਸ਼ਨ, ਪਟਿਆਲਾ ਵਿੱਚ ਪੋਲਿੰਗ ਬੂਥ ਉੱਤੇ ਵੋਟ ਪਾਉਣ ਬਜ਼ੁਰਗ ਬੀਬੀ ਨੂੰ ਲਿਆਂਉਦੇ ਹੋਏ ਪਰਿਵਾਰਕ ਮੈਂਬਰ
    ਵੋਟ ਪਾਉਣ ਤੋਂ ਬਾਅਦ
    ਤਸਵੀਰ ਕੈਪਸ਼ਨ, ਵੋਟ ਪਾਉਣ ਤੋਂ ਬਾਅਦ ਪਟਿਆਲਾ ਵਿੱਚ ਇੱਕ ਬੀਬੀ ਦੀ ਤਸਵੀਰ
    ਪੋਲਿੰਗ ਬੂਥ
    ਤਸਵੀਰ ਕੈਪਸ਼ਨ, ਵੋਟਿੰਗ ਲਈ ਪੰਜਾਬ ਭਰ ਵਿੱਚ ਪੁਖਤਾ ਪ੍ਰਬੰਧ ਨਜ਼ਰ ਆ ਰਹੇ ਹਨ
    ਹਰਭਜਨ ਸਿੰਘ

    ਤਸਵੀਰ ਸਰੋਤ, Pardeep Sharma/BBC

    ਤਸਵੀਰ ਕੈਪਸ਼ਨ, ਜਲੰਧਰ ਵਿੱਚ ਕ੍ਰਿਕਟਰ ਤੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਵੋਟ ਪਾਉਣ ਤੋਂ ਬਾਅਦ
    ਪੰਜਾਬ ਵੋਟਾਂ

    ਤਸਵੀਰ ਸਰੋਤ, Gurpreet Chawla/BBC

    ਤਸਵੀਰ ਕੈਪਸ਼ਨ, ਗੁਰਦਾਸਪੁਰ ਵਿੱਚ ਵੋਟ ਪਾਉਣ ਆਉਂਦੇ ਹੋਏ ਵੋਟਰ
  16. ਪੰਜਾਬ ਦੇ 13 ਹਲਕਿਆਂ ਵਿੱਚ ਹੋ ਰਹੀਆਂ ਚੋਣਾਂ ਵਿੱਚ ਇਸ ਵਾਰ ਕੀ-ਕੀ ਖ਼ਾਸ ਹੈ

    ਪੰਜਾਬ ਵਿੱਚ ਵੋਟਾਂ

    ਤਸਵੀਰ ਸਰੋਤ, Getty Images

    ਪੰਜਾਬ ਵਿੱਚ ਲੋਕ ਸਭਾ ਚੋਣਾਂ 2024 ਦਾ ਵੋਟ ਅਮਲ ਸ਼ੁਰੂ ਹੋ ਗਿਆ ਹੈ।

    ਪੰਜਾਬ ਵਿੱਚ ਕੁੱਲ 13 ਲੋਕ ਸਭਾ ਹਲਕੇ ਹਨ, ਸਾਰਿਆਂ ਉੱਤੇ ਅੱਜ ਹੀ ਪੋਲਿੰਗ ਹੋ ਰਹੀ ਹੈ।

    ਭਾਰਤ ਵਿੱਚ 18ਵੀਂ ਲੋਕ ਸਭਾ ਲਈ 543 ਸੀਟਾਂ ਉੱਤੇ ਚੋਣਾਂ 19 ਅਪ੍ਰੈਲ ਤੋਂ 1 ਜੂਨ ਤੱਕ ਹੋ ਰਹੀਆਂ ਹਨ।

    ਪੰਜਾਬ, ਹਿਮਾਚਲ ਅਤੇ ਚੰਡੀਗੜ੍ਹ ਸਣੇ ਹੋਰ ਸੀਟਾਂ ’ਤੇ ਚੋਣਾਂ ਸੱਤਵੇਂ ਤੇ ਅਖ਼ੀਰਲੇ ਗੇੜ ਵਿੱਚ ਹੋ ਰਹੀਆਂ ਹਨ। ਇਸ ਕਰਕੇ ਪਿਛਲੇ ਦੋ ਮਹੀਨਿਆਂ ਤੋਂ ਸੂਬੇ ਵਿੱਚ ਸਿਆਸੀ ਪਾਰਾ ਹਾਈ ਰਿਹਾ ਹੈ।

    ਪੰਜਾਬ ਦੀਆਂ ਕਈ ਲੋਕ ਸਭਾ ਸੀਟਾਂ ਉੱਤੇ ਜਿੱਥੇ ਗ਼ੈਰ-ਰਵਾਇਤੀ ਉਮੀਦਵਾਰ ਚੋਣ ਮਾਹੌਲ ਵਿੱਚ ਚਰਚਾ ਹਾਸਲ ਕਰ ਰਹੇ ਹਨ, ਉੱਥੇ ਹੀ ਆਗੂਆਂ ਦੀ ਦਲ ਬਦਲੀ ਵੀ ਸੁਰਖੀਆਂ ਵਿੱਚ ਬਣੀ ਰਹੀ ਹੈ।

  17. ਆਖ਼ਰੀ ਗੇੜ ਦੀ ਵੋਟਿੰਗ ਸ਼ੁਰੂ

    ਲੋਕ ਸਭਾ ਵੋਟਾਂ ਆਖਰੀ ਗੇੜ

    ਭਾਰਤ ਦੀ ਸੰਸਦ ਵਿੱਚ ਲੋਕ ਸਭਾ ਨੂੰ ਹੇਠਲਾ ਸਦਨ ਕਿਹਾ ਜਾਂਦਾ ਹੈ, ਜਿਸ ਦੀਆਂ 543 ਸੀਟਾਂ ਹਨ।

    ਇਸ ਵੇਲੇ 18ਵੀ ਲੋਕ ਸਭਾ ਦੀਆਂ ਆਮ ਚੋਣਾਂ ਦਾ ਅਮਲ ਚੱਲ ਰਿਹਾ ਹੈ। ਇਹ 19 ਅਪ੍ਰੈਲ ਨੂੰ ਸ਼ੁਰੂ ਹੋ ਕੇ ਇੱਕ ਜੂਨ ਨੂੰ ਖ਼ਤਮ ਹੋ ਰਿਹਾ ਹੈ।

    ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ ਅਤੇ ਬਾਅਦ ਦੁਪਹਿਰ ਤੱਕ ਸਪੱਸ਼ਟ ਹੋ ਜਾਵੇਗਾ ਕਿ ਅਗਲੀ ਸਰਕਾਰ ਕਿਸ ਦੀ ਬਣੇਗੀ

    ਇੱਕ ਜੂਨ ਨੂੰ ਜਿਵੇਂ ਹੀ ਵੋਟ ਅਮਲ ਖ਼ਤਮ ਹੋਵੇਗਾ ਮੀਡੀਆ ਅਦਾਰੇ ਅਤੇ ਟੀਵੀ ਚੈਨਲ ਐਗਜਿਟ ਪੋਲ ਕਰਕੇ ਨਤੀਜਿਆਂ ਤੋਂ ਪਹਿਲਾਂ ਹੀ ਜਿੱਤ ਹਾਰ ਦੀ ਭਵਿੱਖਬਾਣੀ ਕਰਨਗੇ।

  18. ਬੀਬੀਸੀ ਪੰਜਾਬੀ ਦੇ ਲਾਈਵ ਪੰਨੇ ਉੱਤੇ ਤੁਹਾਡਾ ਸਵਾਗਤ ਹੈ

    ਇਸ ਪੰਨੇ ਰਾਹੀ ਅਸੀਂ ਤੁਹਾਡੇ ਨਾਲ ਲੋਕ ਸਭਾ ਚੋਣਾਂ ਦੇ ਆਖ਼ਰੀ ਗੇੜ ਦੇ ਵੋਟ ਅਮਲ ਨਾਲ ਜੁੜੀਆਂ ਜਾਣਕਾਰੀਆਂ ਅਤੇ ਘਟਨਾਕ੍ਰਮ ਸਾਂਝੇ ਕਰ ਰਹੇ ਹਾਂ। ਇਸ ਗੇੜ ਤਹਿਤ ਪੰਜਾਬ ਸਣੇ ਹੋਰ ਸੂਬਿਆਂ ਦੀਆਂ 57 ਸੀਟਾਂ ਲਈ ਵੋਟਿੰਗ ਹੋ ਰਹੀ ਹੈ।