You’re viewing a text-only version of this website that uses less data. View the main version of the website including all images and videos.
ਹਨੀਫ਼ ਦਾ ਬਲਾਗ਼: ਪਾਕਿਸਤਾਨ ਦੇ ਲੋਕ ਜਦੋਂ ਕਹਿਣ ਲੱਗੇ, 'ਗੋ ਮੁਸ਼ੱਰਫ਼, ਗੋ ਮੁਸ਼ੱਰਫ਼...'
ਪਾਕਿਸਤਾਨ ਦੇ ਸਾਬਕਾ ਫੌਜ ਮੁਖੀ ਅਤੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਦਾ ਬੀਤੀ 5 ਫਰਵਰੀ ਨੂੰ ਦੇਹਾਂਤ ਹੋ ਗਿਆ ਸੀ। ਉਹ ਲੰਬੇ ਸਮੇਂ ਤੋਂ ਬਿਮਾਰ ਸਨ ਅਤੇ ਦੁਬਈ ਦੇ ਹਸਪਤਾਲ ਵਿੱਚ ਜ਼ੇਰੇ ਇਲਾਜ ਸਨ।
ਮੁਸ਼ੱਰਫ਼ ਦੀ ਮੌਤ ਤੋਂ ਬਾਅਦ ਪਾਕਿਸਤਾਨ ਦੇ ਸੀਨੀਅਰ ਪੱਤਰਕਾਰ ਅਤੇ ਲੇਖਕ ਮੁਹੰਮਦ ਹਨੀਫ਼ ਨੇ ਉਨ੍ਹਾਂ ਦੇ ਸ਼ਾਸਨਕਾਲ ਨੂੰ ਯਾਦ ਕਰਦਿਆਂ ਆਪਣੇ ਵਿਚਾਰ ਸਾਂਝੇ ਕੀਤੇ ਹਨ।
ਮੁਹੰਮਦ ਹਨੀਫ਼ ਦੀ ਜਨਰਲ ਪਰਵੇਜ਼ ਮੁਸ਼ੱਫਰ ਬਾਰੇ ਟਿੱਪਣੀ, ਕੁਝ ਇਸ ਤਰ੍ਹਾਂ ਹੈ-
ਬਚਪਨ ਵਿੱਚ ਹੀ ਸਿਖਾ ਦਿੱਤਾ ਸੀ ਕਿ ਦੁਸ਼ਮਣ ਮਰੇ ਤਾਂ ਖੁਸ਼ੀ ਨਾ ਕਰੀਏ ਸੱਜਣਾਂ ਵੀ ਮਰ ਜਾਣਾ, ਪਰ ਕਿਸੇ ਨੇ ਇਹ ਨਹੀਂ ਦੱਸਿਆ ਕਿ ਜੇ ਸੱਜਣ ਹੀ ਦੁਸ਼ਮਣ ਬਣ ਜਾਏ ਤਾਂ ਫਿਰ ਬੰਦਾ ਹੱਸੇ ਜਾਂ ਰੋਵੇ।
ਪਾਕਿਸਤਾਨ ਵਿੱਚ ਬੜੇ ਲੋਕਾਂ ਨੇ ਜਨਰਲ ਪਰਵੇਜ਼ ਮੁਸ਼ੱਰਫ਼ ਨੂੰ ਸੱਜਣ ਬਣਾਇਆ। ਹਕੂਮਤ ਦਾ ਤਖ਼ਤਾ ਉਲਟਣ ਤੋਂ ਅਗਲੇ ਹੀ ਦਿਨ ਜਨਰਲ ਮੁਸ਼ੱਰਫ਼ ਦੀ ਅਖ਼ਬਾਰ ਵਿੱਚ ਫੋਟੋ ਛਪੀ। ਉਨ੍ਹਾਂ ਨੇ ਗੋਦੀ ਵਿੱਚ ਇੱਕ ਛੋਟਾ-ਜਿਹਾ ਪੱਪੂ ਜਿਹਾ ਕੁੱਤਾ ਚੁੱਕਿਆ ਸੀ।
ਸਾਡੇ ਸਾਰੇ ਲਿਬਰਲ, ਮਾਂ ਸਕਦੇ, ਮਾਂ ਵਾਰੀ ਹੋ ਗਏ। ਉਨ੍ਹਾਂ ਨੂੰ ਲੱਗਾ ਕਿ ਸਾਨੂੰ ਰਾਤੋਂ-ਰਾਤ ਅਤਾ-ਤੁਰਕ ਮਿਲ ਗਿਆ ਹੈ।
ਬਾਅਦ ਵਿੱਚ ਇਸਲਾਮਾਬਾਦੀਏ ਵੀ ਦੱਸਦੇ ਰਹਿੰਦੇ ਹਨ ਕਿ ਬੜਾ ਹੀ ਖੁੱਲ੍ਹਾ-ਡੁੱਲ੍ਹਾ ਬੰਦਾ ਸੀ। ਰਾਤ ਨੂੰ ਯਾਰਾਂ ਨਾਲ ਬੈਠ ਕੇ ਦੋ ਘੁੱਟ ਵੀ ਲਗਾ ਲੈਂਦਾ ਹੈ। ਆਪਣੇ ਆਰਮੀ ਹਾਊਸ ਵਿੱਚ ਬੈਠ ਕੇ ਫੈਸ਼ਨ ਸ਼ੋਅ ਵੀ ਕਰਵਾ ਲੈਂਦਾ ਹੈ।
ਮਹਿਫ਼ਲਾਂ ਵਿੱਚ ਬੈਠ ਕੇ, ਗਾਣੇ ਵਾਲੇ ਕੋਲੋਂ ਮਾਈਕ ਫੜ੍ਹ ਕੇ ਕੋਈ ਛੋਟੀ-ਮੋਟੀ ਗਜ਼ਲ ਵੀ ਗਾ ਲੈਂਦਾ ਹੈ।
ਲਿਬਰਲਾਂ ਨੂੰ ਲੱਗਾ ਕਿ ਭਈ ਆਪਣਾ ਬੰਦਾ ਆ ਗਿਆ ਹੈ। ਸਾਡੇ ਫਨਕਾਰ ਭੈਣਾਂ-ਭਰਾਵਾਂ ਨੇ ਵੀ ਇਹੀ ਸਮਝਿਆ ਕਿ ਆਖ਼ਰ ਕੋਈ ਇਸਲਾਮਾਬਾਦ ਵਿੱਚ ਸਾਡੇ ਵਰਗਾ ਹੀ ਬੰਦਾ ਆ ਕੇ ਬੈਠ ਗਿਆ ਹੈ।
ਇਹ ਤਾਂ ਬਾਅਦ ਵਿੱਚ ਪਤਾ ਲੱਗਾ ਕਿ ਅਸੀਂ ਇੰਨੇ ਤਰਸੇ ਹੋਏ ਹਾਂ ਕਿ ਇੱਕ ਮਾਠੇ ਜਿਹੇ ਤਮਾਸ਼ਬੀਨ ਨੂੰ ਵੀ ਅਤਾ-ਤੁਰਕ ਬਣਾਈ ਬੈਠੇ ਹਾਂ।
ਕੌਣ ਸਨ ਮੁਸ਼ੱਰਫ਼?
- ਪਰਵੇਜ਼ ਮੁਸ਼ੱਰਫ਼ ਪਾਕਿਸਤਾਨੀ ਫ਼ੌਜ ਦੇ ਸਾਬਕਾ ਮੁਖੀ ਹਨ, ਜਿੰਨ੍ਹਾਂ ਨੇ ਮੁਲਕ ਦੀ ਜਮਹੂਰੀ ਸਰਕਾਰ ਦਾ ਤਖ਼ਤਾ ਪਲਟ ਕਰ ਦਿੱਤਾ ਸੀ।
- ਪਰਵੇਜ਼ ਦਾ ਜਨਮ ਪੁਰਾਣੀ ਦਿੱਲੀ ਵਿਚ 11 ਅਗਸਤ 1943 ਨੂੰ ਹੋਇਆ ਅਤੇ 1947 ਵਿਚ ਦੇਸ ਦੀ ਵੰਡ ਦੌਰਾਨ ਉਨ੍ਹਾਂ ਦਾ ਪਰਿਵਾਰ ਕਰਾਚੀ ਜਾ ਵੱਸਿਆ।
- 1961 ਵਿਚ ਪਾਕਿਸਤਾਨ ਮਿਲਟਰੀ ਅਕੈਡਮੀ ਵਿਚ ਦਾਖ਼ਲ ਹੋਣ ਵਾਲੇ ਮੁਸ਼ਰੱਫ਼ ਨੂੰ 1964 ਵਿਚ ਕਮਿਸ਼ਨ ਮਿਲਿਆ।
- ਮੁਸ਼ਰੱਫ਼ ਜਦੋਂ ਫ਼ੌਜ ਮੁਖੀ ਬਣੇ ਤਾਂ ਉਨ੍ਹਾਂ ਕਾਰਗਿਲ ਜੰਗ ਦੇ ਨਾਂ ਨਾਲ ਜਾਣੀ ਜਾਂਦੀ ਭਾਰਤ-ਪਾਕਿਸਤਾਨ ਜੰਗ ਵਿਚ ਮੁਲਕ ਦੀ ਅਗਵਾਈ ਕੀਤੀ।
- ਅਫ਼ਗਾਨ ਸਿਵਲ ਵਾਰ ਅਤੇ ਪਾਕਿਸਤਾਨ ਦੇ ਆਰਟਿਲਟਰੀ ਸੇਵਾ ਲਈ ਮੁਸ਼ਰੱਫ਼ ਦਾ ਅਹਿਮ ਰੋਲ ਰਿਹਾ ।
- 1999 ਵਿਚ ਇਸ ਜੰਗ ਤੋਂ ਬਾਅਦ ਮੁਸ਼ੱਰਫ਼ ਨੇ ਜਮਹੂਰੀ ਸਰਕਾਰ ਦੇ ਤਤਕਾਲੀ ਪ੍ਰਧਾਨ ਮੰਤਰੀ ਨਵਾਜ਼ ਸਰੀਫ਼ ਦਾ ਤਖ਼ਤਾ ਪਲਟ ਦਿੱਤਾ ਅਤੇ ਸੱਤਾ ਦੀ ਕਮਾਂਡ ਆਪਣੇ ਹੱਥਾਂ ਵਿਚ ਲੈ ਲਈ ।
- 2001 ਤੋਂ ਲੈਕੇ 2008 ਵਿਚ ਬਤੌਰ ਰਾਸ਼ਟਰਪਤੀ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਤੱਕ ਉਹ ਮੁਲਕ ਉੱਤੇ ਰਾਜ ਕਰਦੇ ਰਹੇ।
- ਉਨ੍ਹਾਂ 'ਤੇ ਦੇਸ ਦੇ ਸੰਵਿਧਾਨ ਨੂੰ ਗੈਰ-ਕਾਨੂੰਨੀ ਤੌਰ 'ਤੇ ਮੁਅੱਤਲ ਕਰਨ ਅਤੇ ਐਮਰਜੈਂਸੀ ਲਗਾਉਣ ਦਾ ਦੋਸ਼ ਲਗਾਇਆ ਗਿਆ।
- 2007 ਵਿੱਚ ਜਦੋਂ ਨਵਾਜ਼ ਸ਼ਰੀਫ਼ ਜਲਾਵਤਨੀ ਤੋਂ ਵਾਪਸ ਆਏ ਤਾਂ ਇਹ ਮੁਸ਼ੱਰਫ਼ ਦੌਰ ਦੇ ਅੰਤ ਦੀ ਸ਼ੁਰੂਆਤ ਸੀ
- ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਮੁਸ਼ੱਰਫ ਦੁਬਈ ਵਿੱਚ ਜ਼ੇਰੇ ਇਲਾਜ ਸਨ, ਜਿੱਥੇ 5 ਫ਼ਰਵਰੀ 2023 ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ।
ਫੌਜੀ ਤਾਨਾਸ਼ਾਹਾ ਦਾ ਗ਼ਮ
ਉਸ ਨੇ ਵੀ ਉਹੀ ਕੀਤਾ ਜੋ ਸਾਰੇ ਫੌਜੀ ਤਾਨਾਸ਼ਾਹ ਕਰਦੇ ਰਹੇ ਹਨ। ਫੌਜੀ ਤਾਨਾਸ਼ਾਹ ਨੂੰ ਸਭ ਤੋਂ ਵੱਡਾ ਗ਼ਮ ਇਹ ਹੁੰਦਾ ਹੈ ਕਿ ਪਤਾ ਨਹੀਂ ਮੇਰੇ ਬਗ਼ੈਰ ਇਸ ਮੁਲਕ ਦਾ ਕੀ ਬਣੇਗਾ।
ਜਨਰਲ ਮੁਸ਼ੱਰਫ਼ ਵੀ ਜੰਮ ਕੇ ਬੈਠ ਗਿਆ। ਪਹਿਲੀ ਤਸਵੀਰ ਵਿੱਚ ਜਿਹੜਾ ਵਿਚਾਰਾ ਕੁੱਤਾ ਨਜ਼ਰ ਆਇਆ ਸੀ ਉਹ ਬਾਅਦ ਵਿੱਚ ਕਿਸੇ ਫੋਟੋ ਵਿੱਚ ਨਜ਼ਰ ਨਹੀਂ ਆਇਆ।
ਪਾਕਿਸਤਾਨ ਵਿੱਚ ਅਜਿਹੇ ਬਾਬੂ, ਸੇਠ, ਸਿਆਸਤਦਾਨ ਤੇ ਮੇਰੇ ਵਰਗੇ ਸਾਫ਼ੀ ਬੜੇ ਹਨ, ਜਿਹੜੇ ਹਰੇਕ ਵਰਦੀ ਵਾਲੇ ਨੂੰ ਹੱਥ ਬੰਨ੍ਹ ਕੇ ਕਹਿੰਦੇ ਹਨ ਕਿ ਮਾਈਂ-ਬਾਪ ਅਸੀਂ ਜਦੋਂ ਦੇ ਜੰਮੇ ਹਾਂ, ਤੁਹਾਡਾ ਹੀ ਇੰਤਜ਼ਾਰ ਕਰ ਰਹੇ ਸੀ, ਕਿ ਕੋਈ ਆਵੇ ਤਾਂ ਸਾਨੂੰ ਸਿੱਧਾ ਕਰੇ।
ਹੁਣ ਤੁਸੀਂ ਆ ਗਏ ਹੋ ਤੇ ਲਾ ਲਓ ਜੁੱਤੀ ਤੇ ਸ਼ੁਰੂ ਹੋ ਜਾਓ। ਅਜੇ ਮੁਸ਼ੱਰਫ਼ ਨੇ ਜੁੱਤੀ ਲਾਈ ਹੀ ਸੀ ਤੇ ਅਸੀਂ ਕੰਢਾ ਨੰਗੀਆਂ ਹੀ ਕੀਤੀਆਂ ਸਨ ਕਿ ਨਾਲ ਹੀ 9/11 ਵਾਪਰ ਗਿਆ।
ਹੁਣ ਜਿਹੜੇ ਵੱਡੇ ਮੁਲਕ ਮੁਸ਼ੱਰਫ਼ ਨੂੰ ਮੂੰਹ ਲਾਉਣ ਨੂੰ ਤਿਆਰ ਨਹੀਂ ਸਨ, ਉਨ੍ਹਾਂ ਨੇ ਵੀ ਮੁਸ਼ੱਰਫ਼ ਨੂੰ ਹੱਲਾਸ਼ੇਰੀ ਦਿੱਤੀ ਕਿ ਮਰਦ ਦਾ ਬੱਚਾ ਤੂੰ ਹੀ ਹੈ, ਬੱਸ ਇਹ ਡਾਲਰ ਫੜ੍ਹੀ ਜਾ ਤੇ ਬੰਦੇ ਮਰਵਾਈ ਜਾ।
ਵੈਸੇ ਜਨਰਲ ਪਰਵੇਜ਼ ਮੁਸ਼ੱਰਫ਼ ਨੂੰ ਪਹਿਲਾਂ ਵੀ ਬੰਦੇ ਮਰਵਾਉਣ ਵਿੱਚ ਐਨੀ ਸੰਘ ਨਹੀਂ ਆਉਂਦੀ ਸੀ। ਉਸ ਤੋਂ ਪਹਿਲਾਂ ਉਹ ਕਾਰਗਿਲ 'ਤੇ ਆਪਣੇ ਫੌਜੀ ਚੜਾ ਚੁੱਕਿਆ ਸੀ। ਪਤਾ ਨਹੀਂ ਕਿਹੜੀ ਵਲਾਇਤੀ ਪੀ ਕੇ ਸੋਚਿਆ ਸੀ।
ਪਰ ਫੌਜੀ ਮਨਸੂਬਾ ਇੰਨਾ ਹੀ ਸੀ ਕਿ ਸ੍ਰੀਨਗਰ ਫਤਹਿ ਕਰ ਕੇ ਰਾਤੋਂ-ਰਾਤ ਇੰਡੀਆ ਨੂੰ ਸਬਕ ਸਿਖਾ ਦਿਆਂਗਾ। ਅੱਗੋਂ ਇੰਡੀਆ ਨੇ ਫਾਇਰ ਖੋਲ੍ਹਿਆ, ਦੁਨੀਆਂ ਨੇ ਵੀ ਰੌਲਾ ਪਾਇਆ ਤੇ ਮੁਸ਼ੱਰਫ਼ ਮੁਕਰ ਗਿਆ।
ਰੰਗੀਲਾ ਜਿਹਾ ਜਨਰਲ
ਪਾਕਿਸਤਾਨ ਵਿੱਚ ਇੱਕ ਤੋਂ ਇੱਕ ਚੀਤਾ ਜਨਰਲ ਆਇਆ ਪਰ ਅਜਿਹਾ ਕੋਈ ਨਹੀਂ ਦੇਖਿਆ ਜਿਹੜਾ ਆਪਣੇ ਜਵਾਨਾਂ ਅਤੇ ਅਫ਼ਸਰਾਂ ਨੂੰ ਬਰਫ਼ ਨਾਲ ਢਕੇ ਪਹਾੜਾਂ ਉੱਤੇ ਚਾੜ ਕੇ ਮੁਕਰ ਜਾਵੇ ਕਿ ਇਹ ਤਾਂ ਸਾਡੇ ਫੌਜੀ ਨਹੀਂ ਬਸ ਐਂਵੇ ਹੀ ਕੋਈ ਮੁੰਡੇ-ਖੁੰਡੇ ਹਨ।
ਉੱਤੋਂ ਇੰਨਾ ਕਠੋਰ ਕਿ ਬਰਫ਼ ਵਿੱਚ ਬਹਾਦਰੀ ਨਾਲ ਲੜਦੇ ਜਵਾਨਾਂ ਦਾ ਰਾਸ਼ਨ-ਪਾਣੀ ਵੀ ਬੰਦ ਕਰ ਦਿੱਤਾ। ਪਤਾ ਨਹੀਂ ਅਜਿਹੇ ਬਹਾਦਰ ਜਨਰਲ ਨੂੰ ਸੱਜਣ ਆਖੀਏ ਜਾਂ ਦੁਸ਼ਮਣ ਜਿਸ ਨੇ ਆਪਣੇ ਸ਼ਹੀਦਾਂ ਦੀਆਂ ਲਾਸ਼ਾਂ ਵਸੂਲ ਕਰਨ 'ਤੇ ਵੀ ਆਡਾ ਲਾ ਲਿਆ ਤੇ ਕਿਹਾ ਕਿ ਇਹ ਤਾਂ ਸਾਡੇ ਬੰਦੇ ਹੀ ਨਹੀਂ।
9/11 ਤੋਂ ਬਾਅਦ ਮੁਸ਼ੱਰਫ਼ ਦੀਆਂ ਅਮਰੀਕਾ ਨਾਲ ਜੱਫ਼ੀਆਂ ਵਧੀਆ ਅਤੇ ਇੰਨਾ ਸ਼ੇਰ ਹੋ ਗਿਆ ਕਿ ਕੈਮਰੇ ਦੇ ਸਾਹਮਣੇ ਸੀਨੇ 'ਤੇ ਹੱਥ ਮਾਰ ਕੇ ਕਹੇ ਕਿ ਮੈਂ ਤੁਹਾਨੂੰ ਮਾਰ ਛੱਡਾਂ ਤੇ ਅਗਲੇ ਦਿਨ ਬੁਕਤੀ ਨੂੰ ਮਿਜ਼ਾਇਲ ਮਾਰ ਕੇ ਮਾਰ ਵੀ ਛੱਡਿਆ।
ਆਪਣੀ ਕਿਤਾਬ ਵਿੱਚ ਬਹੀ-ਖ਼ਾਤੇ ਖੋਲ੍ਹ ਕੇ ਦੱਸੇ ਕਿ ਪਾਕਿਸਤਾਨ ਦੇ ਇੰਨੇ ਲੋਕ ਅਮਰੀਕਾ ਨੂੰ ਗੋਲਤਨਾਮਾ ਭੇਜ ਕੇ ਇੰਨੇ ਡਾਲਰ ਵਸੂਲ ਕੀਤੇ ਹਨ।
ਹੱਸ ਕੇ ਕਹੇ ਕਿ 'ਮੈਂ ਟੌਰਚਰ ਕਰਨੇ ਵਾਲੋਂ ਸੇ ਯਹ ਥੋੜ੍ਹੀ ਪੂਛਤਾ ਹੂੰ ਕਿ ਵਹ ਕਿੰਨੇ ਵਾਟ ਕੀ ਡਰਿਲ ਮਸ਼ੀਨ ਇਸਤੇਮਾਲ ਕਰ ਰਹੇ ਹੈ।'
ਪਾਕਿਸਤਾਨ ਵਿੱਚ ਕੁਝ ਲੋਕ ਸਨ, ਜਿਨ੍ਹਾਂ ਨੂੰ ਇਹ ਪੋਲਾ ਜਿਹਾ, ਰੰਗੀਲਾ ਜਿਹਾ ਜਨਰਲ ਲਗਦਾ ਸੀ। ਨਾਲ ਹੀ ਲੋਕਾਂ ਨੂੰ ਇਹ ਵੀ ਲਗਦਾ ਸੀ ਕਿ ਉਸ ਨੇ ਮਾਰਕਿਟਾਂ ਵਿੱਚ ਰੌਣਕ ਲਗਾਈ ਹੈ।
ਬਾਕੀ ਸਿੰਧ, ਬਲੋਚਿਸਤਾਨ ਅਤੇ ਖ਼ੈਬਰਪਖ਼ਤੂਨਖਵਾ ਦੀਆਂ ਟਾਰਚਰ ਸੈੱਲਾਂ ਵਿੱਚ ਡਰਿਲ ਮਸ਼ੀਨਾਂ ਚੱਲਦੀਆਂ ਰਹੀਆਂ ਤੇ ਉਥੋਂ ਆਉਣ ਵਾਲੀਆਂ ਚੀਕਾਂ ਦੀ ਆਵਾਜ਼ ਕਿਸੇ ਨਹੀਂ ਸੁਣੀ।
ਪਾਕਿਸਤਾਨ ਦੇ ਕਈ ਰਿਟਾਇਰਡ ਜਨਰਲ ਅਤੇ ਬਾਬੂ ਅਫ਼ਸਰ ਅਕਸਰ ਆਖਦੇ ਹਨ ਕਿ ਪਾਕਿਸਤਾਨ ਬੜਾ ਗਰਮ ਮੁਲਕ ਹੈ ਜਮਹੂਰੀਅਤ ਇਸ ਮੁਲਕ ਦੇ ਮੌਸਮ ਮੁਤਾਬਕ ਮਾਫ਼ਕ ਨਹੀਂ।
ਵੈਸੇ ਮੁਲਕ ਥੋੜ੍ਹਾ ਠੰਢ-ਗਰਮ ਤਾਂ ਹੈ ਕਿਉਂਕਿ ਇੱਥੇ ਇੱਕ ਆਕੜ ਵਾਲਾ ਤਾਨਾਸ਼ਾਹ ਵੀ 8-9 ਸਾਲ ਤੋਂ ਬਾਅਦ ਅੱਕ ਜਾਂਦਾ ਹੈ, ਜਨਰਲ ਮੁਸ਼ੱਰਫ਼ ਵੀ ਹੰਮ ਗਿਆ।
ਪਾਕਿਸਤਾਨ ਵਿੱਚ ਖ਼ਲਕਤ ਕੋਲ ਫੌਜੀ ਡੰਡੇ ਦਾ ਮੁਕਾਬਲਾ ਕਰਨ ਲਈ ਇੱਕ ਹੀ ਹਥਿਆਰ ਹੈ ਤੇ ਉਹ ਹੈ ਜੁਗਤਾਂ। ਪਹਿਲਾਂ ਇੱਕ ਲਤੀਫ਼ਾ ਬਣਿਆ ਕਿ ਦੱਸੋ, ਰੱਬ ਤੇ ਮੁਸ਼ੱਰਫ਼ ਵਿੱਚ ਕੀ ਫਰਕ ਹੈ, ਜਵਾਬ ਆਇਆ ਕਿ 'ਰੱਬ ਆਪਣੇ ਆਪ ਨੂੰ ਮੁਸ਼ੱਰਫ਼ ਨਹੀਂ ਸਮਝਦਾ।
ਫਿਰ ਲੱਗਣਾ ਸ਼ੁਰੂ ਹੋਇਆ ਕਿ ਚਾਚਾ ਵਰਦੀ ਉਤਾਰਦਾ ਕਿਉਂ ਨਹੀਂ। ਮੁਸ਼ੱਰਫ਼ ਆਖਿਆ ਕਿ ਵਰਦੀ ਤਾਂ ਮੇਰੀ ਦੂਜੀ ਖੱਲ ਹੈ, 'ਮੈਂ ਨਾ ਲਾਸਾ।'
ਫਿਰ ਸੜਕਾਂ 'ਤੇ ਨਾਅਰੇ ਲੱਗਣੇ ਸ਼ੁਰੂ ਹੋ ਗਏ, 'ਗੋ ਮੁਸ਼ੱਰਫ਼, ਗੋ ਮੁਸ਼ੱਰਫ਼, ਮੁੱਕ ਗਿਆ ਤੇਰਾ ਸ਼ੋਅ ਮੁਸ਼ੱਰਫ਼।'
ਹੁਣ ਸਾਡੇ ਮੁੰਡੇ-ਕੁੜੀਆਂ ਨੂੰ ਸੁਰ ਵਾਲੀ ਲਾਈਨ ਕੋਈ ਮਿਲ ਜਾਵੇ ਤਾਂ ਉਹ ਰੁਕਦੇ ਨਹੀਂ। ਉਹ ਅੱਗੇ ਹੀ ਤੁਰਦੇ ਗਏ, 'ਗੋ ਮੁਸ਼ੱਰਫ਼, ਗੋ ਮੁਸ਼ੱਰਫ਼ ਜਾ ਕੇ ਮੱਝਾਂ ਚੋਅ ਮੁਸ਼ੱਰਫ਼, ਘਰ ਦੇ ਭਾਂਡੇ ਧੋ ਮੁਸ਼ੱਰਫ਼।'
ਲੋਕਾਂ ਨੇ ਮੁਸ਼ੱਰਫ਼ ਦੀ 'ਗੋ ਮੁਸ਼ੱਰਫ਼ ਕਰਵਾ ਛੱਡੀ' ਤੇ ਹੁਣ ਸਾਡੇ ਰੱਬ ਨੇ ਆਖ਼ਰੀ ਗੋ ਮੁਸ਼ੱਰਫ਼ ਆਪ ਕਰਵਾ ਲਈ ਹੈ। ਬਚਪਨ ਦੀ ਤਬੀਅਤ ਮੁਤਾਬਕ ਸਾਨੂੰ ਬਖ਼ਸ਼ਿਸ਼ ਦੀ ਦੁਆ ਕਰਨੀ ਚਾਹੀਦੀ ਹੈ ਭਾਵੇਂ ਬੰਦੇ ਨੇ ਬਖ਼ਸ਼ਿਸ਼ ਵਾਲਾ ਕੰਮ ਕੋਈ ਵੀ ਨਾ ਕੀਤੀ ਹੋਵੇ।
ਨਾਲ-ਨਾਲ ਆਪਣੇ ਲਈ ਵੀ ਬਖ਼ਸ਼ਿਸ਼ ਦੀ ਦੁਆ ਮੰਗਣੀ ਚਾਹੀਦੀ ਹੈ ਕਿਉਂਕਿ ਮੁਸ਼ੱਰਫ਼ ਆਪ 'ਤੇ ਤੁਰ ਗਿਆ ਹੈ ਪਰ ਪਿੱਛੇ ਨਿੱਕੇ-ਨਿੱਕੇ ਕਈ ਮੁਸ਼ੱਰਫ਼ ਛੱਡ ਗਿਆ ਹੈ।
ਜਿਹੜੇ ਬੰਦ ਕਮਰਿਆਂ ਵਿੱਚ ਗਾਰਡ ਆਫ ਆਨਰ ਵੀ ਦੇ ਲੈਂਦੇ ਹਨ ਤੇ ਆਪ ਵੀ ਮੁਸ਼ੱਰਫ਼ ਬਣਨ ਦੇ ਖੁਆਬ ਦੇਖਦੇ ਹਨ।
ਸਾਡੀ ਇਨ੍ਹਾਂ ਨਿੱਕੇ ਮੁਸ਼ੱਰਫ਼ਾਂ ਕੋਲੋਂ ਇਸੇ ਦੁਨੀਆਂ ਵਿੱਚ ਹੀ ਬਖ਼ਸ਼ਿਸ਼ ਕਰਵਾ ਦਿਓ। ਬਾਕੀ ਆਖ਼ਿਰ ਦਾ ਹਿਸਾਬ-ਕਿਤਾਬ ਤੁਸੀਂ ਵੱਡੇ ਮੁਸ਼ੱਰਫ਼ ਨਾਲ ਆਪ ਕਰਦੇ ਰਹੋ।
ਅਸੀਂ ਤੇ ਬਚਪਨ ਦੀ ਤਬੀਅਤ ਮੁਤਾਬਕ ਇਹੀ ਕਹਿ ਸਕਦੇ ਹਾਂ ਕਿ ਅੱਲ੍ਹਾ ਮਸ਼ੱਰਫ਼ ਨੂੰ ਜੰਨਤ ਨਸੀਬ ਕਰੇ। ਅੱਲ੍ਹਾ ਜੰਨਤ ਬੁਲਾ ਕੇ ਭਾਵੇਂ ਉਸ ਕੋਲੋਂ ਮੱਝਾਂ ਚੁਆਵੇ ਤੇ ਭਾਵੇਂ ਭਾਂਡੇ ਧਵਾਏ।
ਸਾਰੇ ਸੱਜਣਾ ਤੇ ਦੁਸ਼ਮਣਾਂ ਨੂੰ ਰੱਬ ਰਾਖਾ!
ਇਹ ਵੀ ਪੜ੍ਹੋ-
- ਜਦੋਂ ਬ੍ਰਿਗੇ. ਬਾਜਵਾ ਦੀ ਸਿਫਾਰਿਸ਼ ’ਤੇ ਪਾਕ ਕੈਪਟਨ ਨੂੰ ਮਿਲਿਆ ਸਰਬ-ਉੱਚ ਸਨਮਾਨ
- ਪਾਕਿਸਤਾਨ ਤੋਂ VLOG: 1971 ਭਾਰਤ-ਪਾਕ ਯੁੱਧ ਬਾਰੇ ਪਾਕਿਸਤਾਨ ਵਿੱਚ ਕੀ ਨਹੀਂ ਪੜ੍ਹਾਇਆ ਜਾਂਦਾ ਤੇ ਪੰਜਾਬੀਆਂ ਨੇ ਕੀ ਕੀਤਾ
- ਜਦੋਂ ਜਗਜੀਤ ਸਿੰਘ ਨਾਲ ਮੁਸ਼ੱਰਫ਼ ਨੇ ਵਜਾਇਆ ਤਬਲਾ ਤੇ ਗਾਏ ਪੰਜਾਬੀ ਗਾਣੇ
- 'ਲਸ਼ਕਰ ਮੁਜਾਹਦੀਨ ਹੈ, ਅੱਤਵਾਦੀ ਸੰਗਠਨ ਨਹੀਂ'
- ਪਰਵੇਜ਼ ਮੁਸ਼ੱਰਫ਼ : ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਦਾ ਦੇਹਾਂਤ