You’re viewing a text-only version of this website that uses less data. View the main version of the website including all images and videos.
‘ਪਾਕਿਸਤਾਨ 'ਚ ਕਿਸੇ ਵੀ ਵਜ਼ੀਰ-ਏ-ਆਜ਼ਮ ਦੀ ਫੌਜ ਨਾਲ ਨਹੀਂ ਬਣੀ, ਕਿਸੇ ਨੂੰ ਗੋਲੀ ਵੱਜੀ ਤੇ ਕਿਸੇ ਨੂੰ...’
- ਲੇਖਕ, ਮੁਹੰਮਦ ਹਨੀਫ਼
- ਰੋਲ, ਸੀਨੀਅਰ ਪੱਤਰਕਾਰ ਅਤੇ ਲੇਖਕ, ਪਾਕਿਸਤਾਨ ਤੋਂ
- ਪ੍ਰਕਾਸ਼ਿਤ
ਅਸੀਂ ਮੈਟ੍ਰਿਕ ਦਾ ਇਮਤਿਹਾਨ ਦੇ ਕੇ ਲਾਹੌਰ ਸ਼ਹਿਰ ਦੀਆਂ ਬੱਤੀਆਂ ਵੇਖਣ ਗਏ ਤਾਂ ਦੋ ਕੰਮ ਹੋਏ। ਜਰਨਲ ਦਾ ਮਾਰਸ਼ਲ ਲਾਅ ਲੱਗਿਆ ਹੋਇਆ ਸੀ, ਉਨ੍ਹਾਂ ਨੇ ਭੁੱਟੋ ਨੂੰ ਫਾਏ ਲਾ ਛੱਡਿਆ।
ਉਸ ਤੋਂ ਥੋੜ੍ਹੀ ਦੇਰ ਬਾਅਦ ਇੱਕ ਫ਼ਿਲਮ ਰਿਲੀਜ਼ ਹੋਈ ਜਿਸ ਦਾ ਨਾਮ ਸੀ- ਮੌਲਾ ਜੱਟ।
ਫ਼ਿਲਮ ਨੇ ਖਿੜਕੀ ਤੋੜ ਰੱਸ਼ ਲਿਆ ਅਤੇ ਐਨੀ ਚੱਲੀ ਕਿ ਲੋਕਾਂ ਨੂੰ ਉਸ ਦੇ ਡਾਇਲਾਗ ਤੱਕ ਯਾਦ ਹੋ ਗਏ।
ਬਲਕਿ ਇੰਝ ਸਮਝ ਲਵੋ ਕਿ ਉਸ ਦੇ ਡਾਇਲਾਗ ਪੰਜਾਬੀ ਜ਼ੁਬਾਨ ਦੇ ਮੁਹਾਵਰੇ ਬਣ ਗਏ।
ਫ਼ਿਲਮ ਦਾ ਇੱਕ ਖ਼ਲਨਾਇਕ ਸੀ- ਨੂਰੀ ਨੱਥ, ਇੱਕ ਅੱਖੜ ਬਦਮਾਸ਼, ਜਿਸ ਨੂੰ ਨਾ ਜੇਲ੍ਹ 'ਚ ਕੈਦ ਪਾ ਸਕੋ, ਜੇ ਉਸ ਨੂੰ ਕੋੜੇ ਮਾਰੋ ਤਾਂ ਸਵਾਦ ਨਾਲ ਖਾਵੇ, ਇੱਕ ਪਿੰਡ ਤੋਂ ਦੂਜੇ ਪਿੰਡ ਜਾਵੇ ਅਤੇ ਆਪਣੇ ਜੋੜ ਦਾ ਦੁਸ਼ਮਣ ਲੱਭਦਾ ਫਿਰੇ।
ਫ਼ਿਲਮ ਦਾ ਹੀਰੋ ਸੀ, ਮੌਲਾ ਜੱਟ, ਜਿਹੜਾ ਗੰਢਾਸਾ ਚੁੱਕੀ ਘੋੜਾ ਇੱਧਰ-ਉੱਧਰ ਨਸਾ ਕੇ ਇੱਜ਼ਤਾਂ ਬਚਾਉਂਦਾ ਫਿਰਦਾ ਸੀ।
ਪਰ ਸੱਚੀ ਗੱਲ ਇਹ ਹੈ ਕਿ ਲੋਕਾਂ ਨੂੰ ਤਾਂ ਫ਼ਿਲਮ ਦਾ ਨੂਰੀ ਨੱਥ ਹੀ ਯਾਦ ਰਿਹਾ।
ਉਸ ਦੇ ਡਾਇਲਾਗ ਇੰਨੇ ਕੁ ਮਸ਼ਹੂਰ ਹੋਏ ਕਿ ਫ਼ਿਲਮ ਦੇ ਜੋ ਲਿਖਾਰੀ ਸਨ ਨਾਸਿਰ ਆਦੀਬ ਸਾਹਿਬ, ਉਨ੍ਹਾਂ ਦੇ ਬਾਰੇ 'ਚ ਕਿਹਾ ਗਿਆ ਕਿ ਪੰਜਾਬੀ ਜ਼ੁਬਾਨ ਨੂੰ ਇੱਕ ਨਵਾਂ ਸ਼ੇਖਸਪੀਅਰ ਮਿਲ ਗਿਆ ਹੈ।
ਹੁਣ ਚਾਲੀ ਵਰ੍ਹਿਆਂ ਬਾਅਦ ਫ਼ਿਲਮ ਦੁਬਾਰਾ ਬਣੀ ਅਤੇ ਲੋਕਾਂ ਨੂੰ ਇੱਕ ਵਾਰ ਫਿਰ ਨੂਰੀ ਨੱਥ ਹੀ ਚੰਗਾ ਲੱਗਿਆ ਹੈ।
ਇਮਰਾਨ ਖ਼ਾਨ ਅਤੇ ਨੂਰੀ ਨੱਥ
ਨਾਸਿਰ ਆਦੀਬ ਸਾਹਿਬ ਨੇ ਇੱਕ ਇੰਟਰਵਿਊ 'ਚ ਫ਼ਰਮਾਇਆ ਹੈ ਕਿ ਜਦੋਂ ਉਨ੍ਹਾਂ ਨੇ ਪਹਿਲੀ ਮੌਲਾ ਜੱਟ ਲਿਖੀ ਸੀ, ਉਦੋਂ ਮੁਲਕ 'ਚ ਮਾਰਸ਼ਲ ਲਾਅ ਲੱਗਿਆ ਸੀ ਅਤੇ ਉਨ੍ਹਾਂ ਨੇ ਨੂਰੀ ਨੱਥ ਨੂੰ ਖਲਨਾਇਕ ਬਣਾ ਕੇ ਮਾਰਸ਼ਲ ਲਾਅ ਦਾ ਜ਼ੁਲਮ ਵਿਖਾਇਆ ਸੀ ਅਤੇ ਮੌਲਾ ਜੱਟ ਆਵਾਮ ਦੀ ਆਵਾਜ਼ ਸੀ।
ਪਰ ਸਾਡੀ ਆਵਾਮ ਦੀ ਮੱਤ ਵੀ ਪੁੱਠੀ ਹੈ। ਉਨ੍ਹਾਂ ਨੂੰ ਉਦੋਂ ਵੀ ਨੂਰੀ ਨੱਥ ਚੰਗਾ ਲੱਗਿਆ ਸੀ ਤੇ ਹੁਣ ਵੀ ਅੱਜ ਦਾ ਨੂਰੀ ਨੱਥ ਜੋ ਕਿ ਇਮਰਾਨ ਖ਼ਾਨ ਹੈ, ਜਿਹੜਾ ਰੋਜ਼ ਹਰ ਨਵੇਂ ਸ਼ਹਿਰ ਜਾ ਕੇ ਲਲਕਾਰਦਾ ਹੈ ਕਿ ਬਈ ਜੇ ਕੋਈ ਮੇਰੇ ਜਿਹਾ ਜਣਾ ਹੈ ਤਾਂ ਸਾਹਮਣੇ ਆਵੇ।
ਪੁਰਾਣੀ ਮੌਲਾ ਜੱਟ 'ਚ ਨੂਰੀ ਨੱਥ ਨੂੰ ਪੁੱਛਿਆ ਜਾਂਦਾ ਹੈ, ਕਿ ਤੂੰ ਚਾਹੁੰਦਾ ਕੀ ਹੈ ?
ਉਸ ਦਾ ਜਵਾਬ ਪੂਰੀ ਨਸਲ ਨੂੰ ਯਾਦ ਹੈ।
ਉਹ ਕਹਿੰਦਾ ਹੈ ਕਿ ਮੈਂ ਇਹ ਜੁੜਿਆ ਪਿੰਡਾ ਵੱਖੋ-ਵੱਖ ਵੇਖਣਾ ਚਾਹੁੰਦਾ ਹਾਂ, ਆਖਿਰ ਇਹ ਧਰਤੀ ਨੱਥ ਦੇ ਲਹੂ ਦਾ ਰੰਗ ਕਦੋਂ ਵੇਖੇਗੀ।
ਇਮਰਾਨ ਖ਼ਾਨ ਵੀ ਇਸੇ ਆਵਾਮੀ ਜ਼ੁਬਾਨ 'ਚ ਗੱਲ ਕਰਦਾ ਹੈ- ਆਓ ਮੈਨੂੰ ਫੜੋ, ਮੈਨੂੰ ਜੇਲ੍ਹ 'ਚ ਪਾਓ, ਇਲੈਕਸ਼ਨ ਦਾ ਪਿੜ ਲਾਓ, ਇਸ ਧਰਤੀ 'ਤੇ ਕੋਈ ਜੰਮਿਆ ਹੈ ਤਾਂ ਸਾਹਮਣੇ ਆਵੇ, ਹੱਥੋ ਹੱਥੀ ਲੜਾ ਲਓ ਜਾਂ ਇਲੈਕਸ਼ਨ ਕਰਵਾ ਲਓ, ਮੇਰਾ ਕੁਝ ਕਰੋ ਨਹੀਂ ਤਾਂ ਮੈਂ ਸ਼ਹਿਰ-ਸ਼ਹਿਰ ਜਾ ਕੇ ਇਹੋ ਹੀ ਲਲਕਾਰਦਾ ਰਹਾਂਗਾ- ਗੋਲੀ ਮਾਰਨੀ ਜੇ ਤਾਂ ਮਾਰ ਲਵੋ ਤੇ ਗੋਲੀ ਲੱਗੀ ਵੀ ਤਾਂ ਇੰਝ ਉੱਠ ਕੇ ਖਲੋਤਾ ਜਿਵੇਂ ਪੰਜਾਬੀ ਫ਼ਿਲਮਾਂ ਦਾ ਹੀਰੋ ਖਲਾਉਂਦਾ ਹੈ ਤੇ ਨਾਲ ਹੀ ਫ਼ਰਮਾਇਆ ਹੈ ਕਿ ਅੱਲ੍ਹਾ ਨੇ ਮੈਨੂੰ ਇਸੇ ਲਈ ਦੁਬਾਰਾ ਜ਼ਿੰਦਗੀ ਦਿੱਤੀ ਹੈ ਤਾਂ ਜੋ ਮੈਂ ਤੁਹਾਨੂੰ ਸਾਰਿਆਂ ਨੂੰ ਸਿੱਧਾ ਕਰਕੇ ਜਾਵਾਂ।
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਫੌਜ ਦੇ ਰਿਸ਼ਤੇ
ਪਾਕਿਸਤਾਨ 'ਚ ਅੱਜ ਤੱਕ ਕਿਸੇ ਵੀ ਵਜ਼ੀਰ-ਏ-ਆਜ਼ਮ ਦੀ ਫੌਜ ਨਾਲ ਨਹੀਂ ਬਣੀ ਹੈ।
ਕੋਈ ਫਾਂਸੀ ਚੜ੍ਹਿਆ ਹੈ, ਕਿਸੇ ਨੂੰ ਗੋਲੀ ਵੱਜੀ ਹੈ, ਕਿਸੇ ਨੂੰ ਦੇਸ਼ ਨਿਕਾਲਾ ਮਿਲਿਆ ਹੈ।
ਫੌਜ ਵੀ ਹਰ ਵਜ਼ੀਰ-ਏ-ਆਜ਼ਮ ਲਈ ਮੌਲਾ ਜੱਟ ਦਾ ਇੱਕ ਹੀ ਡਾਇਲਾਗ ਇਸਤੇਮਾਲ ਕਰਦੀ ਹੈ- 'ਬਈ ਤੂੰ ਨਵਾਂ ਆਇਆ ਏ ਸੋਹਣਿਆ'।
ਸਿਆਸਤਦਾਨਾਂ ਨੂੰ ਹਮੇਸ਼ਾਂ ਹੀ ਫੌਜ ਨੇ ਗੱਦਾਰ ਕਹਿ ਕੇ ਫ਼ਾਰਗ ਕੀਤਾ ਹੈ।
ਹੁਣ ਸਾਡਾ ਨੂਰੀ ਨੱਥ ਸੀਨੇ 'ਤੇ ਹੱਥ ਮਾਰ ਕੇ ਫੌਜ ਨੂੰ ਗੱਦਾਰ ਕਹਿੰਦਾ ਹੈ ਅਤੇ ਆਵਾਮ ਤਾੜੀਆਂ ਮਾਰਦੀ ਹੈ।
ਖ਼ਾਨ ਦੇ ਵੈਰੀ ਵੀ ਬੜ੍ਹੇ ਨੇ, ਉਹ ਕਹਿੰਦੇ ਹਨ ਕਿ ਇਹ ਮੌਲਾ ਜੱਟ ਦਾ ਕੋਈ ਕਰੈਕਟਰ ਨਹੀਂ ਬਲਕਿ ਇਮਰਾਨ ਖ਼ਾਨ ਆਪ ਪੂਰੀ ਫ਼ਿਲਮ ਹੈ।
ਫੌਜ ਨੇ ਹੀ ਇਸ ਨੂੰ ਬਣਾਇਆ ਸੀ ਅਤੇ ਹੁਣ ਫੌਜ ਨੂੰ ਹੀ ਤੜੀਆਂ ਮਾਰਦਾ ਹੈ ਤੇ ਰਾਤ ਨੂੰ ਉਨ੍ਹਾਂ ਦੇ ਤਰਲੇ ਕੱਢਦਾ ਹੈ।
ਕਿਸੇ ਨੇ ਆਖਿਆ ਕਿ ਖ਼ਾਨ ਤਾਂ ਜ਼ਿਆਦਾ ਕਿਸੇ ਉਸ ਫ਼ਿਲਮ ਦਾ ਉਹ ਗਾਣਾ ਲੱਗਦਾ ਹੈ, ਜਿਸ 'ਚ ਕਿਹਾ ਗਿਆ ਸੀ ਕਿ -
'ਮਾਂ ਦਾ ਲਾਡਲਾ ਵਿਗੜ ਗਿਆ, ਮਾਂ ਦਾ ਲਾਡਲਾ ਵਿਗੜ ਗਿਆ,
ਮੁੰਡਾ ਸਾਡਾ ਘੋੜੀ ਚੜ੍ਹਿਆ, ਬੈਂਡ ਵੱਜ ਗਿਆ,
ਮਾਂ ਦਾ ਲਾਡਲਾ ਵਿਗੜ ਗਿਆ'।
ਚਲੋ ਜੇਕਰ ਮੰਨ ਲਈਏ ਕਿ ਇਮਰਾਨ ਖ਼ਾਨ ਅੱਜ ਦਾ ਨੂਰੀ ਨੱਥ ਹੈ ਤਾਂ ਫਿਰ ਮੌਲਾ ਕੌਣ ਹੈ?
'ਬਾਜਵੇ ਨੂੰ ਬਾਜਵਾ ਨਾ ਮਾਰੇ ਤਾਂ ਬਾਜਵਾ ਨਹੀਂ ਮਰ ਸਕਦਾ'
ਫ਼ਿਲਮ ਮੌਲਾ ਜੱਟ 'ਚ ਆਖਰੀ ਜਿੱਤ ਮੌਲਾ ਜੱਟ ਦੀ ਹੁੰਦੀ ਹੈ, ਪਰ ਉਸ ਦਾ ਸਿਰਫ ਇੱਕੋ ਹੀ ਡਾਇਲਾਗ ਲੋਕਾਂ ਨੂੰ ਯਾਦ ਰਹਿ ਗਿਆ ਸੀ, ਉਹ ਇਹ ਸੀ ਕਿ 'ਮੌਲੇ ਨੂੰ ਮੌਲਾ ਨਾ ਮਾਰੇ ਤਾਂ ਮੌਲਾ ਨਹੀਂ ਮਰ ਸਕਦਾ ਹੈ'।
ਨੂਰੀ ਨੱਥ ਫ਼ਿਲਮ 'ਚ ਜਿੰਨਾ ਵੀ ਗੱਜ ਲਵੇ ਆਖ਼ੀਰ 'ਚ ਉਸ ਨੂੰ ਆਪਣੇ ਹੱਥੀਂ ਆਪਣੀ ਲੱਤ ਵੱਢ ਕੇ ਆਪਣੀ ਜਾਨ ਛਡਾਉਣੀ ਪੈਂਦੀ ਹੈ।
ਇਸ ਦਫ਼ਾ ਸੈੱਟ ਵੱਖਰੇ ਹਨ, ਐਕਟਰ ਵੀ ਹੋਰ ਹਨ, ਡਾਇਰੈਕਟ ਵੀ ਬਦਲ ਗਏ ਹਨ, ਲੇਕਿਨ ਅਸੀਂ ਇਹ ਹੀ ਆਖ ਸਕਦੇ ਹਾਂ ਕਿ ਤੁਸੀਂ ਨਵੇਂ ਆਏ ਹੋ ਸੋਹਣਿਓ।
ਅਸੀਂ ਇਹ ਫ਼ਿਲਮ ਪਹਿਲਾਂ ਵੀ ਵੇਖੀ ਹੈ। ਬਾਕੀ ਜਿਹੜਾ ਮੌਲਾ ਜੱਟ ਦਾ ਇੱਕੋ ਹੀ ਡਾਇਲਾਗ ਸੀ, ਉਸ ਨੂੰ ਬਦਲ ਕੇ ਕੁਝ ਇੰਝ ਕਰ ਲਵੋ ਕਿ 'ਬਾਜਵੇ ਨੂੰ ਬਾਜਵਾ ਨਾ ਮਾਰੇ ਤਾਂ ਬਾਜਵਾ ਨਹੀਂ ਮਰ ਸਕਦਾ'।
ਫ਼ਿਲਮ ਦਾ ਇੰਟਰਵਲ ਆਉਣ ਲੱਗਾ ਹੈ। ਦੁਆ ਕਰੋ ਕਿ ਇਹ ਧਰਤੀ ਨੱਥ ਦੇ ਲਹੂ ਦਾ ਰੰਗ ਕਦੇ ਵੀ ਨਾ ਵੇਖੇ ਅਤੇ ਸਾਡਾ ਜੁੜਿਆ ਪਿੰਡਾ ਵੀ ਇੱਕ ਵਾਰ ਫਿਰ ਵੱਖੋ-ਵੱਖ ਨਾ ਹੋਵੇ।
ਰੱਬ ਰਾਖਾ!
ਮੁਹੰਮਦ ਹਨੀਫ਼ ਦੇ ਹੋਰ ਬਲੌਗ ਪੜ੍ਹਨ ਲਈ ਕਲਿਕ ਕਰੋ: