ਪ੍ਰਿਅੰਕਾ ਚੋਪੜਾ ਨੇ ਔਰਤਾਂ ਦੇ ਹੱਕ ਵਿੱਚ ਕਹੀ ਇਹ ਗੱਲ, ਲੋਕ ਕਹਿਣ ਲੱਗੇ 'ਪਾਖੰਡੀ'

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 6 ਮਿੰਟ

ਈਰਾਨ 'ਚ ਹਿਜਾਬ ਖ਼ਿਲਾਫ਼ ਔਰਤਾਂ ਦੇ ਵਿਰੋਧ-ਪ੍ਰਦਰਸ਼ਨ ਨੂੰ ਸਮਰਥਨ ਦੇਣ ਤੋਂ ਬਾਅਦ ਅਦਾਕਾਰਾ ਪ੍ਰਿਅੰਕਾ ਚੋਪੜਾ ਖ਼ੁਦ ਹੀ ਨਿਸ਼ਾਨੇ ਉੱਤੇ ਆ ਗਏ ਹਨ। ਹਾਲਾਂਕਿ ਕਈ ਲੋਕ ਪ੍ਰਿਅੰਕਾ ਦੀ ਸ਼ਲਾਘਾ ਵੀ ਕਰ ਰਹੇ ਹਨ।

ਲੰਘੇ ਸ਼ੁੱਕਰਵਾਰ ਨੂੰ ਪ੍ਰਿਅੰਕਾ ਚੋਪੜਾ ਨੇ ਇੰਸਟਾਗ੍ਰਾਮ ਉੱਤੇ ਇੱਕ ਪੋਸਟ ਪਾਈ ਸੀ, ਜਿਸ ਵਿੱਚ ਉਨ੍ਹਾਂ ਨੇ ਈਰਾਨ ਵਿੱਚ ਮਾਹਸਾ ਅਮੀਨੀ ਦੀ ਮੌਤ ਤੋਂ ਬਾਅਦ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਵਿੱਚ ਸ਼ਾਮਲ ਔਰਤਾਂ ਦੇ ਨਾਮ ਇੱਕ ਸੰਦੇਸ਼ ਲਿਖਿਆ ਸੀ।

ਹੁਣ ਸੋਸ਼ਲ ਮੀਡੀਆ ਉੱਤੇ ਇੱਕ ਤਬਕਾ ਪ੍ਰਿਅੰਕਾ ਚੋਪੜਾ ਨੂੰ 'ਪਾਖੰਡੀ' ਕਹਿ ਰਿਹਾ ਹੈ ਤਾਂ ਦੂਜੇ ਪਾਸੇ ਇੱਕ ਪੱਖ ਉਨ੍ਹਾਂ ਨੂੰ ਗ਼ਲਤ ਕੰਮ ਖ਼ਿਲਾਫ਼ ਖੜ੍ਹੀ ਹੋਣ ਵਾਲੀ ਔਰਤ ਦੱਸ ਰਿਹਾ ਹੈ।

ਲੇਖਕ ਐਂਡ੍ਰੀ ਬੋਰਗੇਸ ਟਵੀਟ ਕਰਦੇ ਹਨ ਕਿ 'ਈਰਾਨੀ ਔਰਤਾਂ ਲਈ ਪ੍ਰਿਅੰਕਾ ਚੋਪੜਾ ਦੇ ਬੋਲਣ ਦੀ ਪੂਰੀ ਤਰ੍ਹਾਂ ਸ਼ਲਾਘਾ ਕੀਤੀ ਜਾਣੀ ਚਾਹੀਦੀ ਹੈ ਪਰ ਉਸੇ ਸਮੇਂ ਭਾਰਤ ਵਿੱਚ ਇਸੇ ਤਰ੍ਹਾਂ ਦੇ ਹਾਲਾਤ ਨਾਲ ਜੂਝ ਰਹੀਆਂ ਔਰਤਾਂ ਅਤੇ ਖ਼ਾਸ ਤੌਰ ਉੱਤੇ ਮੁਸਲਮਾਨ ਔਰਤਾਂ ਲਈ ਨਾ ਬੋਲਣਾ ਪਾਖੰਡ ਨੂੰ ਵੀ ਦਿਖਾਉਂਦਾ ਹੈ।''

  • ਈਰਾਨ 'ਚ ਹਿਜਾਬ ਵਿਰੋਧੀ ਪ੍ਰਦਰਸ਼ਨ ਤੇਜ਼ ਹਨ
  • 22 ਸਾਲ ਦੀ ਕੁੜੀ ਮਾਹਸਾ ਅਮੀਨੀ ਦੀ ਮੌਤ ਤੋਂ ਬਾਅਦ ਲੋਕਾਂ ਦਾ ਗੁੱਸਾ ਭੜਕਿਆ ਹੈ
  • 1979 ਦੀ ਇਸਲਾਮੀ ਕ੍ਰਾਂਤੀ ਤੋਂ ਬਾਅਦ ਹਿਜਾਬ ਨੂੰ ਲੈ ਕੇ ਸਖ਼ਤੀ ਹੋਈ ਹੈ
  • ਪਾਬੰਦੀਆਂ ਨੂੰ ਲੈ ਕੇ ਪੁਲਿਸ ਦਾ ਸਖਤ ਰਵੱਈਆ ਦੇਖਣ ਨੂੰ ਮਿਲਿਆ ਜਿਸ ਤੋਂ ਬਾਅਦ ਪ੍ਰਦਰਸ਼ਨ ਸ਼ੁਰੂ ਹੋਏ
  • ਪ੍ਰਦਰਸ਼ਨਾਂ ਵਿੱਚ ਮਰਦ ਵੀ ਔਰਤਾਂ ਨਾਲ ਖੜ੍ਹੇ ਹਨ

ਪੱਤਰਕਾਰ ਰਾਣਾ ਆਯੂਬ ਨੇ ਟਵੀਟ ਕੀਤਾ ਹੈ ਕਿ 'ਈਰਾਨ ਔਰਤਾਂ ਨੂੰ ਲੈ ਕੇ ਪ੍ਰਿਅੰਕਾ ਚੋਪੜਾ ਦੇ ਫ਼ਿਕਰ ਦੀ ਪ੍ਰਸ਼ੰਸਾ ਕੀਤੀ ਜਾਣੀ ਚਾਹੀਦੀ ਹੈ ਪਰ ਬਿਲਕਿਸ ਬਾਨੋ ਅਤੇ ਮੁਸਲਮਾਨਾਂ ਦੇ ਸਰਕਾਰੀ ਤਸ਼ਦੱਦ ਖ਼ਾਸ ਤੌਰ 'ਤੇ ਉਨ੍ਹਾਂ ਦੇ ਆਪਣੇ ਦੇਸ਼ ਵਿੱਚ ਹਾਸ਼ੀਏ 'ਤੇ ਪਈਆਂ ਔਰਤਾਂ ਨੂੰ ਲੈ ਕੇ ਚੁੱਪੀ ਉੱਤੇ ਉਨ੍ਹਾਂ ਨੂੰ ਆਤਮ ਵਿਸ਼ਲੇਸ਼ਣ ਨਹੀਂ ਕਰਨਾ ਚਾਹੀਦਾ?'

ਉੱਧਰ ਸਮਾਜਿਕ ਕਾਰਕੁਨ ਨਾਬੀਆ ਖ਼ਾਨ ਨੇ ਟਵੀਟ ਕੀਤਾ ਕਿ ''ਪ੍ਰਿਅੰਕਾ ਚੋਪੜਾ ਤੁਹਾਡਾ ਐਕਟੀਵਿਜ਼ਮ ਸੁਵਿਧਾਜਨਕ ਹੈ। ਇਸ ਦਾ ਕੋਈ ਮਤਲਬ ਨਹੀਂ ਹੈ ਕਿ ਜਦੋਂ ਤੁਸੀ ਭਾਰਤ ਦੀ ਹਿਜਾਬੀ ਔਰਤਾਂ ਦੀ ਦੁਰਦਸ਼ਾ ਤੋਂ ਨਜ਼ਰ ਫੇਰ ਲੈਂਦੇ ਹੋ, ਜਿਨ੍ਹਾਂ ਨੂੰ ਆਪਣੇ ਸਿਰ ਦੀ ਚੁੰਨੀ ਰੱਖਣ ਲਈ ਪੜ੍ਹਾਈ ਤੋਂ ਵਾਂਝਾ ਕਰ ਦਿੱਤਾ ਜਾਂਦਾ ਹੈ ਅਤੇ ਹਿੰਦੁਤਵ ਦੇ ਗੁੰਡੇ ਤੇ ਸਰਕਾਰ ਉਨ੍ਹਾਂ ਨੂੰ ਤੰਗ ਕਰਦੇ ਹਨ, ਤੁਸੀਂ ਇੱਕ ਪਾਖੰਡੀ ਹੋ।''

ਮੁਕਰੱਮ ਨਾਮ ਦੇ ਇੱਕ ਯੂਜ਼ਰ ਨੇ ਟਵੀਟ ਕੀਤਾ ਕਿ ''ਪ੍ਰਿਅੰਕਾ ਚੋਪੜਾ ਨੇ ਭਾਰਤ ਵਿੱਚ ਬਲਾਤਕਾਰੀਆਂ ਦੀ ਰਿਹਾਈ ਉੱਤੇ ਚੁੱਪੀ ਬਣਾ ਕੇ ਰੱਖੀ। ਉਹ ਬੇਹੱਦ ਪਾਖੰਡੀ ਅਤੇ ਮੌਕਾਪ੍ਰਸਤ ਮਹਿਲਾ ਹਨ।''

ਪੱਤਰਕਾਰ ਸਈਦ ਜ਼ਫ਼ਰ ਮੇਹਦੀ ਨੇ ਟਵੀਟ ਕੀਤਾ ਕਿ ''ਪ੍ਰਿਅੰਕਾ ਚੋਪੜਾ ਨੂੰ ਨਰਿੰਦਰ ਮੋਦੀ ਦੇ ਨਾਲ ਤਸਵੀਰ ਖਿਚਵਾਉਣ ਅਤੇ ਉਨ੍ਹਾਂ ਨੂੰ ਆਪਣੇ ਵਿਆਹ ਦੀ ਰਿਸੈਪਸ਼ਨ ਪਾਰਟੀ ਵਿੱਚ ਸੱਦਾ ਦੇਣ ਉੱਤੇ ਕੋਈ ਹਿਚਕ ਨਹੀਂ ਹੈ, ਬਾਵਜੂਦ ਇਸ ਦੇ ਕਿ ਭਾਜਪਾ ਸਰਕਾਰ ਭਾਰਤ ਵਿੱਚ ਹਿਜਾਬ ਖ਼ਿਲਾਫ਼ ਮਾੜੀ ਕਾਰਵਾਈ ਕਰ ਰਹੀ ਹੈ, ਪਰ ਉਨ੍ਹਾਂ ਵਿੱਚ ਈਰਾਨ 'ਚ ਐਂਟੀ-ਹਿਜਾਬ ਪ੍ਰਦਰਸ਼ਨਾਂ ਦਾ ਸਮਰਥਨ ਕਰਨ ਦਾ ਉਤਾਵਲਾਪਨ ਜ਼ਰੂਰ ਹੈ।''

ਇਹ ਵੀ ਪੜ੍ਹੋ-

ਪ੍ਰਿਅੰਕਾ ਦੀ ਤਾਰੀਫ਼ ਵੀ ਕਰ ਰਹੇ ਲੋਕ

ਇੱਕ ਤਬਕਾ ਉਹ ਵੀ ਹੈ ਜੋ ਖੁੱਲ੍ਹ ਕੇ ਈਰਾਨ ਵਿੱਚ ਮੁਜ਼ਾਹਰਾਕਾਰੀ ਔਰਤਾਂ ਦਾ ਸਮਰਥਨ ਕਰਨ 'ਤੇ ਪ੍ਰਿਅੰਕਾ ਚੋਪੜਾ ਦੀ ਤਾਰੀਫ਼ ਵੀ ਕਰ ਰਿਹਾ ਹੈ।

ਫ਼ਿਲਮ ਨਿਰਮਾਤਾ ਅਸ਼ੋਕ ਪੰਡਿਤ ਨੇ ਟਵੀਟ ਕੀਤਾ ਹੈ ਕਿ ''ਮਾਹਸਾ ਅਮੀਨੀ ਦੀ ਮੌਤ ਤੋਂ ਬਾਅਦ ਪ੍ਰਦਰਸ਼ਨ ਕਰ ਰਹੀਆਂ ਔਰਤਾਂ ਦੇ ਸਮਰਥਨ ਵਿੱਚ ਆਉਣ ਲਈ ਪ੍ਰਿਅੰਕਾ ਚੋਪੜਾ ਜੀ ਨੂੰ ਵਧਾਈ। ਤੁਸੀਂ ਇੱਕ ਵਾਰ ਫ਼ਿਰ ਸਾਬਤ ਕਰ ਦਿੱਤਾ ਕਿ ਤੁਹਾਡੇ ਵਿੱਚ ਗ਼ਲਤ ਕੰਮ ਦੇ ਖ਼ਿਲਾਫ਼ ਖੜੇ ਹੋਣ ਦਾ ਜਜ਼ਬਾ ਹੈ। ਉਮੀਦ ਹੈ ਕਿ ਫ਼ਿਲਮ ਅਤੇ ਟੀਵੀ ਇੰਡਸਟਰੀ ਵਿੱਚ ਤੁਹਾਨੂੰ ਲੋਕ ਫੋਲੋ ਕਰਨਗੇ।''

ਮਸ਼ਹੂਰ ਲੇਖਕ ਤਾਰਿਕ ਫ਼ਤੇਹ ਨੇ ਟਵੀਟ ਕੀਤਾ ਕਿ ''ਪ੍ਰਿਅੰਕਾ ਚੋਪੜਾ ਸੱਚ ਅਤੇ ਔਰਤਾਂ ਦੇ ਅਧਿਕਾਰਾਂ ਦੇ ਵੱਲ ਹਨ। ਉਨ੍ਹਾਂ ਉੱਤੇ ਕੋਈ ਹਮਲਾ ਕੋਈ ਉਦੋਂ ਹੀ ਕਰੇਗਾ ਜਦੋਂ ਉਹ ਔਰਤਾਂ ਨੂੰ ਪੂਰਾ ਇਨਸਾਨ ਨਹੀਂ ਮੰਨਦਾ ਹੋਵੇਗਾ।''

ਪ੍ਰਿਅੰਕਾ ਚੋਪੜਾ ਪਹਿਲਾਂ ਵੀ ਵਿਵਾਦਾਂ ਵਿੱਚ ਰਹਿ ਚੁੱਕੇ ਹਨ

26 ਫਰਵਰੀ 2019 ਨੂੰ ਬਾਲਾਕੋਟ ਵਿੱਚ ਭਾਰਤੀ ਹਵਾਈ ਫੌਜ ਦੀ ਏਅਰ ਸਟ੍ਰਾਈਕ ਤੋਂ ਬਾਅਦ ਪ੍ਰਿਅੰਕਾ ਚੋਪੜਾ ਨੇ ਟਵੀਟ ਕੀਤਾ ਸੀ ਜਿਸ ਵਿੱਚ ਉਨ੍ਹਾਂ ਸਿਰਫ਼ ਜੈ ਹਿੰਦ ਲਿਖਿਆ ਸੀ ਅਤੇ ਨਾਲ ਹੈਸ਼ਟੈਗ ਇੰਡੀਅਨ ਆਰਮਡ ਫੋਰਸਿਜ਼ ਦਾ ਇਸਤੇਮਾਲ ਕੀਤਾ ਸੀ।

ਇਸ ਤੋਂ ਬਾਅਦ ਕਈ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਪ੍ਰਿਅੰਕਾ ਚੋਪੜਾ ਉੱਤੇ ਇਲਜ਼ਾਮ ਲਗਾਏ ਕਿ ਯੂਐਨ ਦੀ ਗੁਡਵਿਲ ਐਂਬੈਸੇਡਰ ਹੁੰਦੇ ਹੋਏ ਉਹ ਜੰਗ ਨੂੰ ਵਧਾਵਾ ਦੇ ਰਹੇ ਹਨ ਜਦਕਿ ਉਨ੍ਹਾਂ ਨੂੰ ਸ਼ਾਂਤੀ ਦੀ ਅਪੀਲ ਕਰਨੀ ਚਾਹੀਦੀ ਹੈ।

ਲਾਸ ਏਂਜਿਲਿਸ ਵਿੱਚ ਇੱਕ ਇੰਟਰਵਿਊ ਦੌਰਾਨ ਇੱਕ ਪਾਕਿਸਤਾਨੀ ਔਰਤ ਨੇ ਪ੍ਰਿਅੰਕਾ ਚੋਪੜਾ ਉੱਤੇ ਜੰਗ ਨੂੰ ਵਧਾਵਾ ਦੇਣ ਦਾ ਇਲਜ਼ਾਮ ਲਗਾਉਂਦੇ ਹੋਏ ਸਵਾਲ ਪੁੱਛਿਆ ਸੀ।

ਇਸ ਉੱਤੇ ਪ੍ਰਿਅੰਕਾ ਚੋਪੜਾ ਨੇ ਜਵਾਬ ਦਿੱਤਾ ਕਿ ਉਨ੍ਹਾਂ ਨੂੰ ਨਹੀਂ ਲਗਦਾ ਕਿ ਇਸ ਬਾਰੇ ਗੱਲ ਕਰਨ ਦਾ ਸਹੀ ਸਮਾਂ ਹੈ।

ਉਨ੍ਹਾਂ ਨੇ ਕਿਹਾ ਕਿ ਜੋ ਕੁਝ ਹੋਇਆ ਉਹ ਬਹੁਤ ਮੰਦਭਾਗਾ ਸੀ ਅਤੇ ਉਹ ਕਦੇ ਵੀ ਲੜਾਈ ਦਾ ਸਮਰਥਨ ਨਹੀਂ ਰਹੇ ਹਨ ਅਤੇ ਨਾ ਹੀ ਉਨ੍ਹਾਂ ਦੇ ਬਿਆਨ ਵਿੱਚ ਅਜਿਹਾ ਕੁਝ ਸੀ।

ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਸੀ ਕਿ ਸਾਲਾਂ ਤੋਂ ਉਨ੍ਹਾਂ ਦਾ ਕੰਮ ਹੀ ਇਸ ਦਾ ਪ੍ਰਮਾਣ ਹੈ ਅਤੇ ਉਨ੍ਹਾਂ ਨੂੰ ਨਹੀਂ ਲਗਦਾ ਕਿ ਉਨ੍ਹਾਂ ਨੂੰ ਇਹ ਸਭ ਦੁਹਰਾਉਣ ਦੀ ਲੋੜ ਹੈ।

ਪ੍ਰਿਅੰਕਾ ਚੋਪੜਾ ਨੇ ਹੁਣ ਕੀ ਕਿਹਾ?

ਅਦਾਕਾਰਾ ਪ੍ਰਿਅੰਕਾ ਚੋਪੜਾ ਨੇ ਸ਼ੁੱਕਰਵਾਰ ਨੂੰ ਇੰਸਟਾਗ੍ਰਾਮ ਉੱਤੇ ਵਿਰੋਧ ਪ੍ਰਦਰਸ਼ਨਾਂ ਵਿੱਚ ਆਪਣੀ ਆਵਾਜ਼ ਬੁਲੰਦ ਕਰਨ ਵਾਲੀਆਂ ਔਰਤਾਂ ਦੇ ਨਾਮ ਇੱਕ ਸੰਦੇਸ਼ ਲਿਖਿਆ ਸੀ।

ਉਨ੍ਹਾਂ ਨੇ ਲਿਖਿਆ ਸੀ, ''ਈਰਾਨ ਅਤੇ ਦੁਨੀਆਂ ਭਰ ਵਿੱਚ ਔਰਤਾਂ ਖੜ੍ਹੀਆਂ ਹੋ ਰਹੀਆਂ ਹਨ ਅਤੇ ਆਪਣੀ ਆਵਾਜ਼ ਚੁੱਕ ਰਹੀਆਂ ਹਨ। ਔਰਤਾਂ ਜਨਤੱਕ ਤੌਰ 'ਤੇ ਆਪਣੇ ਵਾਲ ਕੱਟਣ ਤੋਂ ਲੈ ਕੇ ਕਈ ਵੱਖ-ਵੱਖ ਤਰੀਕਿਆਂ ਨਾਲ ਵਿਰੋਧ ਪ੍ਰਦਰਸ਼ਨ ਕਰ ਰਹੀਆਂ ਹਨ।''

''ਇਹ ਸਭ ਮਾਹਸਾ ਅਮੀਨੀ ਦੇ ਲਈ ਹੋ ਰਿਹਾ ਹੈ। ਉਨ੍ਹਾਂ ਦੀ ਜਾਨ ਈਰਾਨ ਦੀ ਮੌਰੇਲਿਟੀ ਪੁਲਿਸ ਨੇ ਹਿਜਾਬ ਠੀਕ ਤਰੀਕੇ ਨਾਲ ਨਾ ਪਹਿਨਣ ਦੇ ਕਾਰਨ ਲੈ ਲਈ। ਜਿਨ੍ਹਾਂ ਆਵਾਜ਼ਾਂ ਨੂੰ ਜ਼ਬਰਦਸਤੀ ਦਹਾਕਿਆਂ ਤੱਕ ਚੁੱਪ ਰੱਖਿਆ ਜਾਂਦਾ ਹੈ, ਜਦੋਂ ਉਹ ਬੋਲਦੀਆਂ ਹਨ ਤਾਂ ਜਵਾਲਾਮੁਖੀ ਵਾਂਗ ਫੁੱਟਦੀਆਂ ਹਨ ਅਤੇ ਉਨ੍ਹਾਂ ਨੂੰ ਰੋਕਿਆ ਨਹੀਂ ਜਾ ਸਕਦਾ।''

''ਮੈਂ ਤੁਹਾਡੀ ਦਲੇਰੀ ਅਤੇ ਜੋ ਤੁਸੀਂ ਪਾਉਣਾ ਚਾਹੁੰਦੇ ਹੋ ਉਸ ਨੂੰ ਦੇਖ ਕੇ ਹੈਰਾਨ ਹਾਂ। ਪਿੱਤਰਸੱਤਾ ਵਿਵਸਥਾ ਨੂੰ ਚੁਣੌਤੀ ਦੇਣਾ ਅਤੇ ਆਪਣੇ ਹੱਕਾਂ ਲਈ ਸੰਘਰਸ਼ ਕਰਨਾ, ਆਪਣੀ ਜਾਨ ਜੋਖ਼ਮ ਵਿੱਚ ਪਾਉਣਾ ਸੌਖਾ ਨਹੀਂ ਹੈ, ਪਰ ਤੁਸੀਂ ਦਲੇਰ ਔਰਤਾਂ ਹੋ ਜੋ ਹਰ ਦਿਨ ਅਜਿਹਾ ਕਰ ਰਹੀਆਂ ਹੋ। ਭਾਵੇਂ ਇਸ ਦੇ ਲਈ ਕਿੰਨੀ ਵੀ ਕੀਮਤ ਕਿਉਂ ਨਾ ਚੁਕਾਉਣੀ ਪਵੇ।''

ਉਨ੍ਹਾਂ ਨੇ ਅੱਗੇ ਲਿਖਿਆ, ''ਇਹ ਤੈਅ ਕਰਨ ਲਈ ਕਿ ਇਸ ਅੰਦੋਲਨ ਦਾ ਦੂਰ ਤੱਕ ਕੀ ਪ੍ਰਭਾਵ ਹੋਵੇਗਾ, ਸਾਨੂੰ ਉਨ੍ਹਾਂ ਦੀਆਂ ਆਵਾਜ਼ਾਂ ਨੂੰ ਸੁਣਨਾ ਚਾਹੀਦਾ ਹੈ, ਮੁੱਦਿਆਂ ਨੂੰ ਸਮਝਣਾ ਚਾਹੀਦਾ ਹੈ ਅਤੇ ਫ਼ਿਰ ਆਪਣੀਆਂ ਸਾਮੂਹਿਕ ਆਵਾਜ਼ਾਂ ਦੇ ਨਾਲ ਜੁੜਨਾ ਚਾਹੀਦਾ ਹੈ। ਸਾਨੂੰ ਉਨ੍ਹਾਂ ਸਾਰਿਆਂ ਨੂੰ ਵੀ ਸ਼ਾਮਲ ਕਰਨਾ ਚਾਹੀਦਾ ਹੈ ਜੋ ਦੂਜਿਆਂ ਨੂੰ ਇਸ ਵਿੱਚ ਸ਼ਾਮਲ ਕਰਨ ਲਈ ਪ੍ਰਭਾਵਿਤ ਕਰ ਸਕਣ।''

''ਇਸ ਜ਼ਰੂਰੀ ਲੜਾਈ ਵਿੱਚ ਆਪਣੀ ਆਵਾਜ਼ ਨੂੰ ਸ਼ਾਮਲ ਕਰੋ। ਜਾਣਕਾਰੀ ਲੈਂਦੇ ਰਹਿਣ ਦੇ ਨਾਲ ਮੁਖ਼ਰ ਵੀ ਰਹੋ, ਤਾਂ ਜੋ ਇਨ੍ਹਾਂ ਆਵਾਜ਼ਾਂ ਨੂੰ ਹੁਣ ਚੁੱਪ ਰਹਿਣ ਲਈ ਮਜਬੂਰ ਨਾ ਕੀਤਾ ਜਾ ਸਕੇ। ਮੈਂ ਤੁਹਾਡੇ ਨਾਲ ਹਾਂ।''

ਮਾਹਸਾ ਅਮੀਨੀ ਕੌਣ ਸੀ, ਜਿਨ੍ਹਾਂ ਦੇ ਹੱਕ 'ਚ ਮੁਜ਼ਾਹਰੋ ਰੋ ਰਹੇ

ਈਰਾਨ ਵਿੱਚ 22 ਸਾਲ ਦੀ ਮਾਹਸਾ ਅਮੀਨੀ ਨੂੰ ਕਥਿਤ ਤੌਰ ਉੱਤੇ ਹਿਜਾਬ ਪਹਿਨਣ ਦੇ ਨਿਯਮ ਦੇ ਉਲੰਘਣ ਲਈ 13 ਸਤੰਬਰ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ।

ਤਿੰਨ ਦਿਨ ਬਾਅਦ ਕੁਰਦੀਸਤਾਨ ਸੂਬੇ ਦੇ ਸ਼ਹਿਰ ਸਾਕਿਜ਼ ਦੀ ਰਹਿਣ ਵਾਲੀ ਕੁਰਦ ਮਹਿਲਾ ਮਾਹਸਾ ਅਮੀਨੀ ਨੇ ਤਹਿਰਾਨ ਵਿੱਚ ਇੱਕ ਹਸਪਤਾਲ ਵਿੱਚ ਦਮ ਤੋੜ ਦਿੱਤਾ। ਉਹ ਤਿੰਨ ਦਿਨ ਤੱਕ ਕੋਮਾ ਵਿੱਚ ਰਹੇ ਸੀ।

ਈਰਾਨੀ ਅਧਿਕਾਰੀਆਂ ਦਾ ਦਾਅਵਾ ਹੈ ਕਿ ਮਾਹਸਾ ਅਮੀਨੀ ਦੇ ਨਾਲ ਕਿਸ ਤਰ੍ਹਾਂ ਦਾ ਗ਼ੈਰ-ਮਨੁੱਖੀ ਵਿਹਾਰ ਨਹੀਂ ਕੀਤਾ ਗਿਆ ਅਤੇ ਕਸਟਡੀ ਵਿੱਚ ਲਏ ਜਾਣ ਤੋਂ ਬਾਅਦ 'ਅਚਾਨਕ ਹਾਰਟ ਫੇਲੀਅਰ' ਦੇ ਕਾਰਨ ਉਨ੍ਹਾਂ ਦੀ ਮੌਤ ਹੋ ਗਈ।

ਪਰ ਮਾਹਸਾ ਦੇ ਪਿਤਾ ਅਮਜਦ ਦਾ ਕਹਿਣਾ ਹੈ ਕਿ ਮਾਹਸਾ ਦਾ 17 ਸਾਲ ਦਾ ਭਰਾ ਆਰਾਸ਼ ਉੱਥੇ ਹੀ ਸੀ ਅਤੇ ਉਸ ਨੂੰ ਦੱਸਿਆ ਗਿਆ ਕਿ ਪੁਲਿਸ ਨੇ ਮਾਹਸਾ ਨੂੰ ਕੁੱਟਿਆ ਸੀ।

ਉਹ ਕਹਿੰਦੇ ਹਨ, ''ਮੇਰਾ ਬੇਟਾ ਉਸ ਦੇ ਨਾਲ ਸੀ। ਕੁਝ ਚਸ਼ਮਦੀਦਾਂ ਨੇ ਮੇਰੇ ਬੇਟੇ ਨੂੰ ਦੱਸਿਆ ਕਿ ਮਾਹਸਾ ਨੂੰ ਵੈਨ ਅਤੇ ਪੁਲਿਸ ਸਟੇਸ਼ਨ ਵਿੱਚ ਕੁੱਟਿਆ ਗਿਆ।''

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)