ਨੇਪਾਲ ਦੇ 22 ਯਾਤਰੀਆਂ ਨਾਲ ਲਾਪਤਾ ਜਹਾਜ਼ ਦੀ ਥਾਂ ਦਾ ਪਤਾ ਲੱਗਿਆ

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 2 ਮਿੰਟ

ਨੇਪਾਲ ਵਿੱਚ ਤਾਰਾ ਏਅਰ ਫਲਾਇੰਗ ਦਾ 22 ਯਾਤਰੀ ਲੈਕੇ ਜਾ ਰਹਾ ਜਹਾਜ਼ ਸਵੇਰੇ ਲਾਪਤਾ ਹੋ ਗਿਆ ਸੀ, ਜਿਸ ਦੀ ਹੁਣ ਥਾਂ ਦਾ ਪਤਾ ਲੱਗ ਗਿਆ ਹੈ।

ਪਰ ਇਸ ਵਿਚ ਸਵਾਰ 22 ਯਾਤਰੀ ਕਿਸ ਹਾਲ ਵਿਚ ਹਨ, ਇਸ ਬਾਰੇ ਵੇਰਵਿਆਂ ਦੀ ਉਡੀ ਕੀਤੀ ਜਾ ਰਹੀ ਹੈ।

ਇਸ ਦੂਹਰੇ ਇੰਜਣ ਵਾਲੇ ਹਵਾਈ ਜਹਾਜ਼ ਦਾ ਐਤਵਾਰ ਨੂੰ ਸਵੇਰੇ ਕੰਟਰੋਲਿੰਗ ਸਿਸਟਮ ਤੋਂ ਸੰਪਰਕ ਟੁੱਟ ਗਿਆ ਸੀ। ਪੀਟੀਆਈ ਅਨੁਸਾਰ ਜਹਾਜ਼ ਵਿੱਚ ਚਾਰ ਭਾਰਤੀਆਂ ਸਮੇਤ ਕੁੱਲ 22 ਜਣੇ ਸਵਾਰ ਸਨ।

ਜਹਾਜ਼ ਕਿਸ ਥਾਂ ਉੱਤੇ ਹੈ

ਨੇਪਾਲ ਵਿੱਚ ਲਾਪਤਾ ਹੋਇਆ ਜਹਾਜ਼ ਕੁਆਂਗ ਪਿੰਡ ਵਿੱਚ ਮਿਲਿਆ ਹੈ।

ਖ਼ਬਰ ਏਜੰਸੀ ਏਐਨਆਈ ਮੁਤਾਬਕ ਇਸ ਦੀ ਪੁਸ਼ਟੀ ਨੇਪਾਲ ਦੇ ਇੱਕ ਏਅਰਪੋਰਟ ਅਧਿਕਾਰੀ ਨੇ ਕੀਤੀ ਹੈ।

ਖਬਰ ਮੁਤਾਬਕ ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਮੁਖੀ ਹਵਾਈ ਜਹਾਜ਼ ਦੇ ਹਾਲਾਤਾਂ ਬਾਰੇ ਫਿਲਹਾਲ ਬਹੁਤੀ ਠੋਸ ਜਾਣਕਾਰੀ ਮੁਹੱਈਆ ਨਹੀਂ ਕਰਾ ਸਕੇ।

ਨੇਪਾਲ ਦੇ ਗ੍ਰਹਿ ਮੰਤਰਾਲੇ ਨੇ ਦੋ ਹੈਲੀਕਾਪਟਰ ਵੀ ਇਸ ਜਹਾਜ਼ ਦੀਪਾ ਲਈ ਲਗਾਏ ਹੋਏ ਸਨ।

ਕਾਠਮੰਡੂ ਪੋਸਟ ਦੀ ਖ਼ਬਰ ਦੇ ਮੁਤਾਬਕ ਇਹ ਜਹਾਜ਼ ਨੇਪਾਲ ਦੇ ਪੋਖਰ ਤੋਂ ਜੋਮਸੋਮ ਜਾ ਰਿਹਾ ਸੀ।

ਹਵਾਈ ਅੱਡੇ ਦੇ ਅਧਿਕਾਰੀਆਂ ਮੁਤਾਬਕ ਜਹਾਜ਼ ਦਾ ਸੰਪਰਕ ਐਤਵਾਰ ਨੂੰ ਸਵੇਰੇ 09.55 'ਤੇ ਟੁੱਟਿਆ।

ਖ਼ਬਰ ਏਜੰਸੀ ਏਐਨਆਈ ਨੇ ਸਰਕਾਰੀ ਮੀਡੀਆ ਦੇ ਹਵਾਲੇ ਨਾਲ ਦੱਸਿਆ ਹੈ ਕਿ ਜਹਾਜ਼ ਵਿੱਚ ਚਾਰ ਭਾਰਤੀ, ਤਿੰਨ ਜਪਾਨੀ ਨਾਗਰਿਕ ਵੀ ਸਵਾਰ ਸਨ। ਇਸ ਤੋਂ ਇਲਾਵਾ ਸਾਰੇ ਨੇਪਾਲੀ ਨਾਗਰਿਕ ਸਨ। ਜਹਾਜ਼ ਦੇ ਅਮਲੇ ਸਮੇਤ ਇਸ ਵਿੱਚ 22 ਜਣੇ ਸਵਾਰ ਸਨ।

ਜੋਮਸਮ ਹਵਾਈ ਅੱਡੇ ਦੇ ਕਰਮਚਾਰੀ ਪੁਸ਼ਕਲ ਰਾਜ ਸ਼ਰਮਾ ਦੇ ਮੁਤਾਬਕ, ਸਵੇਰੇ 09.55 ਵਜੇ ਉਡਾਣ ਭਰਨ ਵਾਲੇ ਜਹਾਜ਼ ਦਾ ਸਵੇਰੇ 10.11 ਵਜੇ ਸੰਪਰਕ ਟੁੱਟ ਗਿਆ।

ਸ਼ਰਮਾ ਨੇ ਬੀਬੀਸੀ ਨੂੰ ਦੱਸਿਆ, ''ਜਹਾਜ਼ ਨਾਲ ਸੰਪਰਕ ਟੁੱਟਣ ਤੋਂ ਬਾਅਦ ਧੌਲਗਿਰੀ ਇਲਾਕੇ ਵਿੱਚ ਤਲਾਸ਼ੀ ਲਈ ਹੈਲੀਕਾਪਟਰ ਭੇਜੇ ਗਏ ਹਨ।''

ਖ਼ਬਰ ਏਜੰਸੀ ਏਐਨਆਈ ਮੁਤਾਬਕ ਪਿਛਲੇ ਕੁਝ ਦਿਨਾਂ ਤੋਂ ਇਲਾਕੇ ਵਿੱਚ ਮੀਂਹ ਪੈ ਰਿਹਾ ਸੀ ਪਰ ਉਡਾਣਾਂ ਆਮ ਵਾਂਗ ਚੱਲ ਰਹੀਆਂ ਸਨ।

ਇਸ ਰੂਟ ਉੱਪਰ ਜਹਾਜ਼ ਪਹਾੜਾਂ ਦਰਮਿਆਨ ਉਡਾਣ ਭਰਦੇ ਹਨ ਅਤੇ ਘਾਟੀ ਵਿੱਚ ਉੱਤਰਦੇ ਹਨ।

ਇਹ ਰੂਟ ਵਿਦੇਸ਼ੀ ਪਰਬਤਾਰੋਹੀਆਂ ਅਤੇ ਭਾਰਤ ਤੀਰਥ ਯਾਤਰੀਆਂ ਵਿੱਚ ਬਹੁਤ ਮਸ਼ਹੂਰ ਹੈ। ਭਾਰਤ ਤੋਂ ਬਹੁਤ ਸਾਰੇ ਯਾਤਰੀ ਪ੍ਰਸਿੱਧ ਮੁਕਤੀਨਾਥ ਮੰਦਰ ਯਾਤਰਾ ਕਰਨ ਜਾਂਦੇ ਹਨ।

ਨੇਪਾਲ ਦੀ ਸਿਵਿਲ ਐਵੀਏਸ਼ਨ ਅਥਾਰਿਟੀ ਵੱਲੋਂ ਜਾਰੀ ਕੀਤੇ ਬਿਆਨ ਮੁਤਾਬਕ ਤਲਾਸ਼ੀ ਲਈ ਜੋ ਹੈਲੀਕਾਪਟਰ ਭੇਜਿਆ ਗਿਆ ਸੀ,ਉਹ ਖ਼ਰਾਬ ਮੌਸਮ ਦੇ ਕਾਰਨ ਵਾਪਸ ਜੋਮਸਮ ਹਵਾਈ ਅੱਡੇ 'ਤੇ ਆ ਗਿਆ ਹੈ।

ਸਰਕਾਰੀ ਅਧਿਕਾਰੀਆਂ ਮੁਤਾਬਕ ਫਿਲਹਾਲ ਹੋਰ ਹੈਲੀਕਾਪਟਰ ਵੀ ਇਸ ਕੰਮ ਲਈ ਰੱਖੇ ਗਏ ਹਨ ਅਤੇ ਮੌਸਮ ਵਿੱਚ ਸੁਧਾਰ ਹੋਣ ਤੋਂ ਬਾਅਦ ਦੁਬਾਰਾ ਕੰਮ ਸ਼ੁਰੂ ਕੀਤਾ ਜਾਵੇਗਾ। ਇਸ ਦੌਰਾਨ ਸੜਕੀ ਮਾਰਗ ਰਾਹੀਂ ਵੀ ਜਹਾਜ਼ ਨੂੰ ਖੋਜਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)