ਅਮਰੀਕਾ: ਨਿਊਯਾਰਕ ਦੀ ਸੁਪਰਮਾਰਕਿਟ 'ਚ ਹੋਈ ਗੋਲੀਬਾਰੀ ਦੌਰਾਨ 10 ਦੀ ਮੌਤ, ਚਸ਼ਮਦੀਦਾਂ ਨੇ ਕੀ ਦੱਸਿਆ

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 2 ਮਿੰਟ

ਅਮਰੀਕਾ ਦੇ ਨਿਊਯਾਰਕ ਵਿੱਚ 'ਬਫੇਲੋ ਸੁਪਰਮਾਰਕਿਟ' ਵਿੱਚ ਨੌਜਵਾਨ ਵੱਲੋਂ ਅੰਨ੍ਹੇਵਾਹ ਚਲਾਈਆਂ ਗਈਆਂ ਗੋਲੀਆਂ ਦੌਰਾਨ 10 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਤਿੰਨ ਲੋਕ ਜਖ਼ਮੀ ਹੋਏ ਹਨ।

ਹਮਲੇ ਤੋਂ ਬਾਅਦ 18 ਸਾਲਾ ਨੌਜਵਾਨ ਨੇ ਆਤਮ-ਸਮਰਪਣ ਕਰ ਦਿੱਤਾ।

ਸ਼ੱਕੀ ਸ਼ਨੀਵਾਰ ਨੂੰ ਦੁਪਹਿਰ ਵੇਲੇ ਗੋਲੀਬਾਰੀ ਕਰਨ ਤੋਂ ਪਹਿਲਾਂ ਇੱਕ ਮਸਰੂਫ਼ ਸੁਪਰਮਾਰਕੀਟ ਵਿੱਚ ਦਾਖ਼ਲ ਹੋਇਆ।

ਪੁਲਿਸ ਮੁਤਾਬਕ ਉਸਨੇ ਹਮਲੇ ਨੂੰ ਲਾਈਵ ਸਟ੍ਰੀਮ ਕਰਨ ਲਈ ਇੱਕ ਕੈਮਰੇ ਦੀ ਵਰਤੋਂ ਕੀਤੀ।

ਐਫਬੀਆਈ ਨੇ ਗੋਲੀਬਾਰੀ ਨੂੰ "ਅੱਤਵਾਦੀ ਘਟਨਾ" ਦੱਸਿਆ ਹੈ।

ਐਫਬੀਆਈ ਦੇ ਬਫੇਲੋ ਦਫ਼ਤਰ ਦੇ ਇੰਚਾਰਜ ਏਜੰਟ ਸਟੀਫਨ ਬੇਲੋਂਗੀਆ ਨੇ ਇੱਕ ਨਿਊਜ਼ ਕਾਨਫਰੰਸ ਵਿੱਚ ਦੱਸਿਆ, "ਅਸੀਂ ਇਸ ਘਟਨਾ ਦੀ ਜਾਂਚ ਦੋਵੇਂ ਪੱਖੋਂ ਕਰ ਰਹੇ ਹਾਂ, ਨਫ਼ਰਤੀ ਅਪਰਾਧ ਤੇ ਐਂਗਲ ਤੋਂ ਵੀ ਅਤੇ ਨਸਲੀ ਆਧਾਰ 'ਤੇ ਪ੍ਰੇਰਿਤ ਅੱਤਵਾਦੀ ਹਿੰਸਾ ਦੇ ਪੱਖੋਂ ਵੀ।"

ਬਫੇਲੋ ਦੇ ਪੁਲਿਸ ਕਮਿਸ਼ਨਰ ਜੋਸੇਫ ਗ੍ਰਾਮਾਗਲੀਆ ਨੇ ਕਿਹਾ ਕਿ 13 ਲੋਕਾਂ ਨੂੰ ਗੋਲੀ ਮਾਰੀ ਗਈ ਸੀ ਅਤੇ ਜ਼ਿਆਦਾਤਰ ਪੀੜਤਾਂ ਵਿੱਚ ਅਫਰੀਕੀ ਮੂਲ ਦੇ ਅਮਰੀਕੀ ਲੋਕ ਸ਼ਾਮਿਲ ਹਨ।

ਇਸ ਤੋਂ ਇਲਾਵਾ ਜਖ਼ਮੀ ਹੋਏ ਤਿੰਨ ਲੋਕ ਸੁਪਰਮਾਰਕੀਟ ਵਿੱਚ ਕੰਮ ਕਰਨ ਵਾਲੇ ਹਨ ਅਤੇ ਉਨ੍ਹਾਂ ਨੂੰ ਗੰਭੀਰ ਸੱਟਾਂ ਨਹੀਂ ਲੱਗੀਆਂ ਹਨ।

ਇੱਕ ਸੇਵਾਮੁਕਤ ਪੁਲਿਸ ਅਧਿਕਾਰੀ ਜੋ ਸੁਪਰਮਾਰਕੀਟ ਵਿੱਚ ਸੁਰੱਖਿਆ ਗਾਰਡ ਵਜੋਂ ਕੰਮ ਕਰ ਰਿਹਾ ਸੀ, ਉਸ ਨੇ ਸ਼ੱਕੀ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦੀ ਵੀ ਇਸ ਗੋਲੀਬਾਰੀ ਦੌਰਾਨ ਮੌਤ ਹੋ ਗਈ ਹੈ।

ਪੁਲਿਸ ਨੇ ਦੱਸਿਆ ਕਿ ਸ਼ੱਕੀ ਵਿਅਕਤੀ ਕੋਲ ਹਾਈ-ਪਾਵਰਡ ਰਾਈਫਲ ਸੀ ਅਤੇ ਉਸ ਨੇ ਬਾਡੀ ਆਰਮਰ (ਸਰੀਰਕ ਕਵਚ) ਦੇ ਨਾਲ-ਨਾਲ ਹੈਲਮੇਟ ਵੀ ਪਹਿਨਿਆ ਹੋਇਆ ਸੀ।ਉਸ ਨੇ ਹਿਰਾਸਤ ਵਿਚ ਲਏ ਜਾਣ ਤੋਂ ਪਹਿਲਾਂ ਤਣਾਅਪੂਰਨ ਸਥਿਤੀ ਤੋਂ ਬਾਅਦ ਆਪਣਾ ਹਥਿਆਰ ਸਮਰਪਣ ਕਰ ਦਿੱਤਾ ਸੀ।

ਏਰੀ ਕਾਉਂਟੀਂ ਦੇ ਜ਼ਿਲ੍ਹਾ ਅਟਾਰਨੀ ਜੌਹਨ ਫਲਿਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੌਜਵਾਨ 'ਤੇ ਅਦਾਲਤ ਵਿੱਚ ਪਹਿਲੀ ਡਿਗਰੀ ਦੇ ਕਤਲ ਦਾ ਇਲਜ਼ਾਮ ਲਗਾਇਆ ਗਿਆ ਹੈ ਅਤੇ ਅੱਗੇ ਹੋਰ ਵੀ ਇਲਜ਼ਾਮ ਲਗਾਏ ਜਾ ਸਕਦੇ ਹਨ।

ਚਸ਼ਮਦੀਦਾਂ ਨੇ ਕੀ ਦੇਖਿਆ

ਹਮਲੇ ਜੇ ਚਸ਼ਮਦੀਦ ਗ੍ਰੇਡੀ ਲੁਈਸ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਉਸ ਨੇ ਫੌਜੀ ਵਰਦੀ ਵਿੱਚ ਇੱਕ ਵਿਅਕਤੀ ਨੂੰ ਗੋਲੀਬਾਰੀ ਕਰਦੇ ਦੇਖਿਆ।

ਉਨ੍ਹਾਂ ਨੇ ਦੱਸਿਆ, "ਫਿਰ ਉਹ ਵਿਅਕਤੀ ਫੌਜੀ ਸ਼ੈਲੀ ਵਿੱਚ ਝੁਕਦਿਆਂ, ਲੋਕਾਂ 'ਤੇ ਗੋਲੀਬਾਰੀ ਕਰ ਰਿਹਾ ਸੀ।"

ਹਮਲੇ ਦੌਰਾਨ ਸੁਪਰਮਾਰਕਿਟ ਵਿੱਚ ਕੰਮ ਕਰਨ ਵਾਲੀ ਸ਼ੋਨਲ ਹੈਰਿਸ ਨੇ ਬਫੇਲੋ ਨਿਊਜ਼ ਨੂੰ ਦੱਸਿਆ ਕਿ ਜਦੋਂ ਉਹ ਪਿਛਲੇ ਦਰਵਾਜ਼ੇ ਰਾਹੀਂ ਇਮਾਰਤ ਤੋਂ ਬਾਹਰ ਨਿਕਲਣ ਲਈ ਭੱਜ ਰਹੀ ਸੀ ਤਾਂ ਉਨ੍ਹਾਂ ਨੇ 70 ਤੋਂ ਵੱਧ ਗੋਲੀਆਂ ਸੁਣੀਆਂ।

ਉਨ੍ਹਾਂ ਕਿਹਾ, "ਸਟੋਰ ਭਰਿਆ ਹੋਇਆ ਸੀ। ਇਹ ਹਫ਼ਤੇ ਦਾ ਅੰਤ ਸੀ। ਇਹ ਕਿਸੇ ਬੁਰੇ ਸੁਪਨੇ ਵਾਂਗ ਜਾਪ ਰਿਹਾ ਹੈ।"

ਸੀਬੀਐੱਸ ਨਾਲ ਗੱਲ ਕਰਦੇ ਹੋਏ, ਇੱਕ ਪੁਲਿਸ ਸੂਤਰ ਨੇ ਇਲਜ਼ਾਮ ਲਗਾਇਆ ਕਿ ਵਿਅਕਤੀ ਨੇ ਹਮਲੇ ਦੌਰਾਨ ਨਸਲੀ ਗਾਲਾਂ ਵੀ ਕੱਢੀਆਂ ਸਨ।

ਬਫੇਲੋ ਦੇ ਮੇਅਰ ਬਾਇਰਨ ਬ੍ਰਾਊਨ ਨੇ ਇੱਕ ਨਿਊਜ਼ ਕਾਨਫਰੰਸ ਵਿੱਚ ਪੱਤਰਕਾਰਾਂ ਨੂੰ ਕਿਹਾ, "ਇਹ ਸਭ ਤੋਂ ਭੈੜਾ ਸੁਪਨਾ ਹੈ ਜਿਸ ਦਾ ਕੋਈ ਵੀ ਭਾਈਚਾਰਾ ਸਾਹਮਣਾ ਕਰ ਸਕਦਾ ਹੈ ਅਤੇ ਸਾਨੂੰ ਇਸ ਦੇ ਦੁੱਖ।"

ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੂੰ ਗੋਲੀਬਾਰੀ ਬਾਰੇ ਜਾਣਕਾਰੀ ਦਿੱਤੀ ਗਈ ਹੈ।

ਵ੍ਹਾਈਟ ਹਾਊਸ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ, "ਰਾਸ਼ਟਰਪਤੀ ਅਤੇ ਫਰਸਟ ਲੇਡੀ, ਹਾਦਸੇ ਵਿੱਚ ਮਾਰੇ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਲਈ ਅਰਦਾਸ ਕਰਦੇ ਹਨ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)