'ਰੂਸੀ ਸੈਨਿਕਾਂ ਨੇ ਮੇਰੇ ਨਾਲ ਬਲਾਤਕਾਰ ਕੀਤਾ ਅਤੇ ਮੇਰੇ ਪਤੀ ਨੂੰ ਵੀ ਮਾਰ ਦਿੱਤਾ'

- ਲੇਖਕ, ਯੋਗਿਤਾ ਲਿਮਾਏ
- ਰੋਲ, ਬੀਬੀਸੀ ਨਿਊਜ਼, ਕੀਵ, ਯੂਕਰੇਨ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 6 ਮਿੰਟ
ਰੂਸੀ ਫੌਜ ਕੀਵ ਦੇ ਆਲੇ-ਦੁਆਲੇ ਦੇ ਖੇਤਰਾਂ ਤੋਂ ਪਿੱਛੇ ਹਟ ਗਈ ਹੈ, ਪਰ ਉਨ੍ਹਾਂ ਨੇ ਇੱਥੋਂ ਦੇ ਲੋਕਾਂ ਦੇ ਮਨਾਂ 'ਤੇ ਇੰਨੇ ਢੂੰਘੇ ਜ਼ਖਮ ਪਿੱਛੇ ਛੱਡ ਦਿੱਤੇ ਹਨ ਜੋ ਸ਼ਾਇਦ ਕਦੇ ਨਾ ਭਰਨ ਅਤੇ ਸ਼ਾਇਦ ਇੱਥੋਂ ਦੇ ਲੋਕ ਉਸ ਸਦਮੇ ਤੋਂ ਕਦੇ ਵੀ ਬਾਹਰ ਨਾ ਆ ਸਕਣ।
ਬੀਬੀਸੀ ਨੂੰ ਇੱਕ ਮਹਿਲਾ ਨੇ ਆਪਣੀ ਹੱਡਬੀਤੀ ਆਪ ਸੁਣਾਈ ਹੈ। ਇਸ ਤੋਂ ਇਲਾਵਾ, ਹਮਲਾਵਰ ਸੈਨਿਕਾਂ ਦੁਆਰਾ ਯੂਕਰੇਨੀ ਔਰਤਾਂ ਨਾਲ ਬਲਾਤਕਾਰ ਕੀਤੇ ਜਾਣ ਦੇ ਕਈ ਹੋਰ ਮਾਮਲਿਆਂ ਅਤੇ ਸਬੂਤਾਂ ਬਾਰੇ ਵੀ ਜਾਣਕਾਰੀ ਮਿਲੀ ਹੈ।
ਚੇਤਾਵਨੀ: ਇਸ ਰਿਪੋਰਟ ਵਿੱਚ ਜਿਨਸੀ ਹਿੰਸਾ ਦੇ ਪ੍ਰੇਸ਼ਾਨ ਕਰਨ ਵਾਲੇ ਵੇਰਵੇ ਸ਼ਾਮਲ ਹਨ।
'ਉਨ੍ਹਾਂ ਵਿੱਚੋਂ ਜ਼ਿਆਦਾਤਰ ਕਾਤਲ, ਬਲਾਤਕਾਰੀ ਅਤੇ ਲੁਟੇਰੇ ਹਨ'
ਕੀਵ ਤੋਂ 70 ਕਿੱਲੋਮੀਟਰ ਪੱਛਮ ਵਿੱਚ ਇੱਕ ਸ਼ਾਂਤ, ਪੇਂਡੂ ਇਲਾਕੇ ਵਿੱਚ ਅਸੀਂ 50 ਸਾਲ ਦੀ ਐਨਾ ਨਾਲ ਗੱਲ ਕੀਤੀ। ਪਛਾਣ ਗੁਪਤ ਰੱਖਣ ਦੇ ਲਿਹਾਜ ਤੋਂ ਉਨ੍ਹਾਂ ਦਾ ਨਾਮ ਇਸ ਰਿਪੋਰਟ ਵਿੱਚ ਬਦਲਿਆ ਗਿਆ ਹੈ।
ਐਨਾ ਨੇ ਸਾਨੂੰ ਦੱਸਿਆ ਕਿ 7 ਮਾਰਚ ਨੂੰ ਉਹ ਆਪਣੇ ਪਤੀ ਨਾਲ ਘਰ ਵਿੱਚ ਸੀ ਜਦੋਂ ਇੱਕ ਵਿਦੇਸ਼ੀ ਸਿਪਾਹੀ ਅੰਦਰ ਆਇਆ।
"ਬੰਦੂਕ ਦੀ ਨੋਕ 'ਤੇ, ਉਹ ਮੈਨੂੰ ਨੇੜੇ ਦੇ ਇੱਕ ਘਰ ਵਿੱਚ ਲੈ ਗਿਆ। ਉਸਨੇ ਮੈਨੂੰ ਹੁਕਮ ਦਿੱਤਾ, 'ਆਪਣੇ ਕੱਪੜੇ ਉਤਾਰ ਨਹੀਂ ਤਾਂ ਮੈਂ ਤੈਨੂੰ ਗੋਲੀ ਮਾਰ ਦਿਆਂਗਾ'। ਉਹ ਮੈਨੂੰ ਧਮਕੀਆਂ ਦਿੰਦਾ ਰਿਹਾ ਕਿ ਜੇਕਰ ਮੈਂ ਉਸ ਦੇ ਕਹੇ ਅਨੁਸਾਰ ਨਾ ਕੀਤਾ ਤਾਂ ਉਹ ਮੈਨੂੰ ਜਾਨੋਂ ਮਾਰ ਦੇਵੇਗਾ। ਫਿਰ ਉਸ ਨੇ ਮੇਰੇ ਨਾਲ ਬਲਾਤਕਾਰ ਕਰਨਾ ਸ਼ੁਰੂ ਕੀਤਾ।''
ਐਨਾ ਦੱਸਦੇ ਹਨ ਕਿ ਉਹ ਹਮਲਾਵਰ ਸੈਨਿਕ ਇੱਕ ਪਤਲਾ ਨੌਜਵਾਨ ਸੀ, ਜੋ ਕਿ ਚੇਚੇਨ ਲੜਾਕਾ ਸੀ ਜਿਸਦਾ ਰੂਸ ਨਾਲ ਗੱਠਜੋੜ ਸੀ।
"ਜਦੋਂ ਉਹ ਮੇਰਾ ਬਲਾਤਕਾਰ ਕਰ ਰਿਹਾ ਸੀ, ਚਾਰ ਹੋਰ ਸਿਪਾਹੀ ਅੰਦਰ ਦਾਖਲ ਹੋਏ। ਮੈਂ ਸੋਚਿਆ ਕਿ ਮੇਰਾ ਸਮਾਂ ਆ ਗਿਆ। ਪਰ ਉਹ ਉਸਨੂੰ ਲੈ ਗਏ। ਮੈਂ ਉਸਨੂੰ ਦੁਬਾਰਾ ਕਦੇ ਨਹੀਂ ਦੇਖਿਆ।''
ਇਹ ਵੀ ਪੜ੍ਹੋ:
ਐਨਾ ਦਾ ਮੰਨਣਾ ਹੈ ਕਿ ਉਸ ਨੂੰ ਰੂਸੀ ਸੈਨਿਕਾਂ ਦੀ ਇੱਕ ਵੱਖਰੀ ਯੂਨਿਟ ਦੁਆਰਾ ਬਚਾਇਆ ਗਿਆ ਸੀ।
ਐਨਾ ਘਰ ਵਾਪਸ ਚਲੀ ਗਈ ਅਤੇ ਦੇਖਿਆ ਕਿ ਉਸ ਦੇ ਪੇਟ ਵਿੱਚ ਗੋਲੀ ਮਾਰੀ ਗਈ ਸੀ।
ਉਨ੍ਹਾਂ ਕਿਹਾ, "ਉਨ੍ਹਾਂ ਨੇ ਮੈਨੂੰ ਬਚਾਉਣ ਲਈ ਮੇਰੇ ਪਿੱਛੇ ਭੱਜਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਨ੍ਹਾਂ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ।''
ਉਨ੍ਹਾਂ ਦੋਵਾਂ ਨੇ ਗੁਆਂਢ ਦੇ ਇੱਕ ਘਰ ਵਿੱਚ ਸ਼ਰਨ ਲਈ। ਲੜਾਈ ਕਾਰਨ ਉਹ ਐਨਾ ਦੇ ਪਤੀ ਨੂੰ ਹਸਪਤਾਲ ਵੀ ਨਹੀਂ ਲੈ ਜਾ ਸਕੇ। ਦੋ ਦਿਨ ਬਾਅਦ, ਸੱਟਾਂ ਕਾਰਨ ਉਨ੍ਹਾਂ ਦੀ ਮੌਤ ਹੋ ਗਈ।
ਆਪਣੀ ਕਹਾਣੀ ਸਾਨੂੰ ਸੁਣਾਉਂਦੇ ਹੋਏ ਐਨਾ ਦੇ ਹੰਝੂ ਜ਼ਰਾ ਵੀ ਨਹੀਂ ਰੁਕੇ। ਐਨਾ ਨੇ ਆਪਣੇ ਘਰ ਦੇ ਵਿਹੜੇ ਵਿੱਚ ਸਾਨੂੰ ਉਹ ਥਾਂ ਦਿਖਾਈ ਜਿੱਥੇ ਉਨ੍ਹਾਂ ਅਤੇ ਉਨ੍ਹਾਂ ਦੇ ਗੁਆਂਢੀਆਂ ਨੇ ਉਸਦੇ ਪਤੀ ਨੂੰ ਦਫ਼ਨਾਇਆ ਸੀ। ਲੱਕੜ ਦਾ ਇੱਕ ਲੰਬਾ ਕਰਾਸ ਇਸ ਕਬਰ ਦੇ ਸਿਰ ਵੱਲ ਲੱਗਾ ਹੈ।

ਐਨਾ ਨੇ ਸਾਨੂੰ ਦੱਸਿਆ ਕਿ ਉਹ ਇੱਕ ਸਥਾਨਕ ਹਸਪਤਾਲ ਦੇ ਸੰਪਰਕ ਵਿੱਚ ਹਨ ਅਤੇ ਮਨੋਵਿਗਿਆਨਕ ਮਦਦ ਲੈ ਰਹੇ ਹਨ।
ਜਿਨ੍ਹਾਂ ਸਿਪਾਹੀਆਂ ਨੇ ਐਨਾ ਨੂੰ ਬਚਾਇਆ ਸੀ, ਉਹ ਕੁਝ ਦਿਨ ਉਸ ਦੇ ਹੀ ਘਰ 'ਚ ਰਹੇ। ਐਨਾ ਕਹਿੰਦੇ ਹਨ ਕਿ ਉਹ ਆਪਣੀ ਬੰਦੂਕ ਉਸ ਵੱਲ ਤਾਣਦੇ ਅਤੇ ਉਸ ਨੂੰ ਆਪਣੇ ਪਤੀ ਦਾ ਸਮਾਨ ਦੇਣ ਲਈ ਕਹਿੰਦੇ।
ਉਨ੍ਹਾਂ ਕਿਹਾ, "ਜਦੋਂ ਉਹ ਚਲੇ ਗਏ, ਮੈਨੂੰ ਡਰੱਗ ਅਤੇ ਵਾਇਗਰਾ ਮਿਲੇ। ਉਹ ਨਸ਼ੇ ਕਰਦੇ ਅਤੇ ਅਕਸਰ ਸ਼ਰਾਬ ਪੀਂਦੇ। ਉਨ੍ਹਾਂ ਵਿੱਚੋਂ ਜ਼ਿਆਦਾਤਰ ਕਾਤਲ, ਬਲਾਤਕਾਰੀ ਅਤੇ ਲੁਟੇਰੇ ਹਨ। ਸਿਰਫ਼ ਕੁਝ ਹੀ ਠੀਕ ਹਨ।''
ਐਨਾ ਦੇ ਘਰ ਤੋਂ ਹੇਠਾਂ ਵੱਲ ਜਾਂਦੀ ਸੜਕ 'ਤੇ ਸਾਨੂੰ ਇੱਕ ਹੋਰ ਦਿਲ ਦਹਿਲਾਉਣ ਵਾਲੀ ਕਹਾਣੀ ਸੁਣਨ ਨੂੰ ਮਿਲੀ।
ਗੱਦੇ ਅਤੇ ਰਜਾਈ 'ਤੇ ਖੂਨ ਦੇ ਵੱਡੇ-ਵੱਡੇ ਧੱਬੇ ਹਨ
ਇੱਕ ਔਰਤ ਨਾਲ ਕਥਿਤ ਤੌਰ 'ਤੇ ਬਲਾਤਕਾਰ ਕਰਕੇ ਅਤੇ ਉਸ ਦਾ ਕਤਲ ਕਰ ਦਿੱਤਾ ਗਿਆ ਸੀ ਅਤੇ ਗੁਆਂਢੀਆਂ ਦਾ ਕਹਿਣਾ ਹੈ ਕਿ ਇਹ ਉਸੇ ਆਦਮੀ ਦੁਆਰਾ ਕੀਤਾ ਗਿਆ ਸੀ ਜਿਸ ਨੇ ਐਨਾ ਨਾਲ ਅਜਿਹਾ ਕੀਤਾ ਸੀ। ਉਸ ਨੇ ਐਨਾ ਦੇ ਘਰ ਜਾਣ ਤੋਂ ਪਹਿਲਾਂ ਇਸ ਮਹਿਲਾ ਦਾ ਬਲਾਤਕਾਰ ਕੀਤਾ ਅਤੇ ਉਸ ਨੂੰ ਮਾਰ ਦਿੱਤਾ ਸੀ।
ਪੀੜਿਤ ਮਹਿਲਾ 40 ਸਾਲਾਂ ਦੀ ਸੀ। ਗੁਆਂਢੀਆਂ ਦਾ ਕਹਿਣਾ ਹੈ ਕਿ ਮਹਿਲਾ ਨੂੰ ਉਸਦੇ ਘਰੋਂ ਕੱਢ ਕੇ, ਨੇੜੇ ਦੇ ਇੱਕ ਖਾਲੀ ਪਏ ਘਰ ਦੇ ਬੈੱਡਰੂਮ ਵਿੱਚ ਰੱਖਿਆ ਗਿਆ ਸੀ। ਇਸ ਖਾਲੀ ਘਰ ਦੇ ਮਾਲਿਕ ਯੁੱਧ ਸ਼ੁਰੂ ਹੋਣ 'ਤੇ ਇੱਥੋਂ ਚਲੇ ਗਏ ਸਨ।
ਸੁਨਹਿਰੀ ਹੈੱਡਬੋਰਡ ਵਾਲੇ ਬੈੱਡ ਅਤੇ ਸਜਾਵਟੀ ਵਾਲਪੇਪਰ ਨਾਲ ਸਜਾਇਆ ਗਿਆ ਇਹ ਕਮਰਾ, ਹੁਣ ਇੱਕ ਕ੍ਰਾਈਮ ਸੀਨ ਹੈ ਜੋ ਬੇਹੱਦ ਪਰੇਸ਼ਾਨ ਕਰਨ ਵਾਲਾ ਦਿਖਾਈ ਦਿੰਦਾ ਹੈ। ਗੱਦੇ ਅਤੇ ਰਜਾਈ 'ਤੇ ਖੂਨ ਦੇ ਵੱਡੇ-ਵੱਡੇ ਧੱਬੇ ਹਨ।
ਕਮਰੇ ਦੇ ਇੱਕ ਕੋਨੇ ਵਿੱਚ, ਇੱਕ ਸ਼ੀਸ਼ਾ ਲੱਗਾ ਹੈ ਜਿਸ ਉੱਤੇ ਲਿਪਸਟਿਕ ਨਾਲ ਇੱਕ ਨੋਟ ਲਿਖਿਆ ਹੋਇਆ ਹੈ - "ਅਣਜਾਣ ਲੋਕਾਂ ਦੁਆਰਾ ਤਸੀਹੇ ਦਿੱਤੇ ਗਏ, ਰੂਸੀ ਸੈਨਿਕਾਂ ਦੁਆਰਾ ਦਫਨਾਇਆ ਗਿਆ।"

ਓਕਸਾਨਾ ਨਾਮ ਦੇ ਇੱਕ ਗੁਆਂਢੀ ਨੇ ਸਾਨੂੰ ਦੱਸਿਆ ਕਿ ਇਹ ਸੰਦੇਸ਼ ਉਨ੍ਹਾਂ ਰੂਸੀ ਸੈਨਿਕਾਂ ਦੁਆਰਾ ਉੱਥੇ ਲਿਖਿਆ ਗਿਆ ਸੀ, ਜਿਨ੍ਹਾਂ ਨੇ ਔਰਤ ਦੀ ਲਾਸ਼ ਮਿਲੀ ਸੀ ਅਤੇ ਉਨ੍ਹਾਂ ਨੇ ਉਸਨੂੰ ਦਫ਼ਨਾਇਆ ਸੀ।
ਓਕਸਾਨਾ ਨੇ ਕਿਹਾ, "ਉਨ੍ਹਾਂ [ਰੂਸੀ ਸੈਨਿਕਾਂ] ਨੇ ਮੈਨੂੰ ਦੱਸਿਆ ਕਿ ਉਸ ਨਾਲ ਬਲਾਤਕਾਰ ਕੀਤਾ ਗਿਆ ਸੀ ਅਤੇ ਉਸ ਦਾ ਗਲਾ ਕੱਟਿਆ ਜਾਂ ਚੀਰਿਆ ਗਿਆ ਸੀ ਅਤੇ ਖੂਨ ਵਗਣ ਕਾਰਨ ਉਸਦੀ ਮੌਤ ਹੋ ਗਈ ਸੀ। ਉਨ੍ਹਾਂ ਨੇ ਕਿਹਾ ਕਿ ਉੱਥੇ ਬਹੁਤ ਸਾਰਾ ਖੂਨ ਸੀ।"
ਔਰਤ ਨੂੰ ਘਰ ਦੇ ਬਗੀਚੇ ਵਿੱਚ ਹੀ ਇੱਕ ਕਬਰ ਵਿੱਚ ਦਫ਼ਨਾ ਦਿੱਤਾ ਗਿਆ ਸੀ।
ਸਾਡੇ ਦੌਰੇ ਤੋਂ ਇੱਕ ਦਿਨ ਬਾਅਦ, ਪੁਲਿਸ ਨੇ ਮਾਮਲੇ ਦੀ ਜਾਂਚ ਲਈ ਉਸਦੀ ਲਾਸ਼ ਨੂੰ ਬਾਹਰ ਕੱਢਿਆ। ਲਾਸ਼ ਬਿਨਾਂ ਕੱਪੜਿਆਂ ਦੇ ਸੀ ਅਤੇ ਉਸਦੇ ਗਲੇ 'ਤੇ ਡੂੰਘਾ, ਲੰਬਾ ਕੱਟ ਸੀ।
'ਉਹ ਉਸ ਨਾਲ ਬਲਾਤਕਾਰ ਕਰਨ ਲਈ ਤਿੰਨ ਵਾਰ ਵਾਪਸ ਆਏ'
ਕੀਵ ਖੇਤਰ ਦੇ ਪੁਲਿਸ ਮੁਖੀ, ਐਂਡਰੀ ਨੇਬੀਤੋਵ ਨੇ ਸਾਨੂੰ ਇੱਕ ਹੋਰ ਕੇਸ ਬਾਰੇ ਦੱਸਿਆ ਜਿਸ ਬਾਰੇ ਉਹ ਕੀਵ ਦੇ ਪੱਛਮ ਵਿੱਚ 50 ਕਿਲੋਮੀਟਰ ਪਿੰਡ ਵਿੱਚ ਜਾਂਚ ਕਰ ਰਹੇ ਹਨ।
ਤਿੰਨਾਂ ਜਣਿਆਂ ਦਾ ਪਰਿਵਾਰ - ਤੀਹ ਸਾਲਾਂ ਦਾ ਇੱਕ ਜੋੜਾ ਅਤੇ ਉਨ੍ਹਾਂ ਦਾ ਇੱਕ ਛੋਟਾ ਬੱਚਾ - ਪਿੰਡ ਦੇ ਸਿਰੇ 'ਤੇ ਇੱਕ ਘਰ ਵਿੱਚ ਰਹਿੰਦਾ ਸੀ।
ਪੁਲਿਸ ਮੁਖੀ ਐਂਡਰੀ ਨੇਬੀਤੋਵ ਨੇ ਦੱਸਿਆ "9 ਮਾਰਚ ਨੂੰ, ਰੂਸੀ ਫੌਜ ਦੇ ਕਈ ਸਿਪਾਹੀ ਘਰ ਵਿੱਚ ਦਾਖਲ ਹੋਏ। ਪਤੀ ਨੇ ਆਪਣੀ ਪਤਨੀ ਅਤੇ ਬੱਚੇ ਦੀ ਰੱਖਿਆ ਕਰਨ ਦੀ ਕੋਸ਼ਿਸ਼ ਕੀਤੀ। ਇਸ ਲਈ ਉਨ੍ਹਾਂ ਨੇ ਉਸਨੂੰ ਵਿਹੜੇ ਵਿੱਚ ਗੋਲੀ ਮਾਰ ਦਿੱਤੀ।''

"ਉਸ ਤੋਂ ਬਾਅਦ, ਦੋ ਸਿਪਾਹੀਆਂ ਨੇ ਪਤਨੀ ਨਾਲ ਵਾਰ-ਵਾਰ ਬਲਾਤਕਾਰ ਕੀਤਾ। ਉਹ ਚਲੇ ਗਏ ਅਤੇ ਫਿਰ ਵਾਪਸ ਆ ਗਏ। ਉਹ ਉਸ ਨਾਲ ਬਲਾਤਕਾਰ ਕਰਨ ਲਈ ਤਿੰਨ ਵਾਰ ਵਾਪਸ ਆਏ। ਉਨ੍ਹਾਂ ਨੇ ਔਰਤ ਨੂੰ ਧਮਕੀ ਦਿੱਤੀ ਕਿ ਜੇ ਉਸਨੇ ਵਿਰੋਧ ਕੀਤਾ ਤਾਂ ਉਹ ਉਸਦੇ ਨਿੱਕੇ ਜਿਹੇ ਬੱਚੇ ਨੂੰ ਨੁਕਸਾਨ ਪਹੁੰਚਾਉਣਗੇ। ਆਪਣੇ ਬੱਚੇ ਨੂੰ ਬਚਾਉਣ ਲਈ ਉਸਨੇ ਵਿਰੋਧ ਨਹੀਂ ਕੀਤਾ।''
ਸਿਪਾਹੀ ਨੇ ਜਾਣ ਵੇਲੇ ਉਨ੍ਹਾਂ ਨੇ ਘਰ ਨੂੰ ਅੱਗ ਲਗਾ ਦਿੱਤੀ ਅਤੇ ਪਰਿਵਾਰ ਦੇ ਕੁੱਤਿਆਂ ਨੂੰ ਗੋਲੀ ਮਾਰ ਦਿੱਤੀ।
ਔਰਤ ਆਪਣੇ ਬੇਟੇ ਨੂੰ ਲੈ ਕੇ ਭੱਜ ਗਈ ਅਤੇ ਪੁਲਿਸ ਨਾਲ ਸੰਪਰਕ ਕੀਤਾ। ਨੇਬੀਤੋਵ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਟੀਮ ਮਹਿਲਾ ਨੂੰ ਮਿਲੀ ਹੈ ਅਤੇ ਉਸਦੀ ਗਵਾਹੀ ਦਰਜ ਕਰ ਲਈ ਹੈ।
ਉਹ ਪਰਿਵਾਰ ਦੇ ਘਰ ਜਾ ਕੇ ਸਬੂਤ ਇਕੱਠੇ ਕਰ ਰਹੇ ਹਨ - ਜਿੱਥੇ ਬਸ ਹੁਣ ਇੱਕ ਸੜਿਆ ਹੋਇਆ ਢਾਂਚਾ ਹੀ ਬਚਿਆ ਹੈ।
ਇਸ ਖੰਡਰ ਵਿੱਚ ਹੁਣ ਕੁਝ ਨਿਸ਼ਾਨੀਆਂ ਰਹਿ ਗਈਆਂ ਹਨ ਜੋ ਪਰਿਵਾਰ ਦੇ ਪਹਿਲਾਂ ਵਾਲੇ ਸ਼ਾਂਤ ਤੇ ਸਾਧਾਰਨ ਜੀਵਨ ਦੀ ਝਲਕ ਦਿੰਦਿਆਂ ਹਨ। ਅਸੀਂ ਇੱਕ ਬੱਚੇ ਦਾ ਸਾਈਕਲ, ਇੱਕ ਕੱਪੜੇ ਦਾ ਘੋੜਾ, ਕੁੱਤੇ ਦਾ ਪੱਟਾ ਅਤੇ ਇੱਕ ਆਦਮੀ ਦੇ ਫਰ ਵਾਲੇ ਸਰਦੀਆਂ ਦੇ ਜੁੱਤੇ ਦੇਖੇ।
ਮਹਿਲਾ ਦੇ ਪਤੀ ਨੂੰ ਗੁਆਂਢੀਆਂ ਨੇ ਬਗ਼ੀਚੇ ਵਿੱਚ ਦਫ਼ਨਾ ਦਿੱਤਾ ਸੀ। ਫਿਲਹਾਲ ਪੁਲਿਸ ਨੇ ਜਾਂਚ ਲਈ ਉਸ ਦੀ ਲਾਸ਼ ਨੂੰ ਬਾਹਰ ਕੱਢਿਆ ਹੈ। ਉਹ ਇਸ ਮਾਮਲੇ ਨੂੰ ਅੰਤਰਰਾਸ਼ਟਰੀ ਅਦਾਲਤਾਂ ਵਿੱਚ ਲਿਜਾਣ ਦੀ ਯੋਜਨਾ ਬਣਾ ਰਹੇ ਹਨ।

'25 ਬਲਾਤਕਾਰ ਪੀੜਿਤਾਂ 'ਚੋਂ 9 ਗਰਭਵਤੀ'
ਮਨੁੱਖੀ ਅਧਿਕਾਰਾਂ ਲਈ ਯੂਕਰੇਨ ਦੀ ਲੋਕਪਾਲ ਲਿਊਡਮਾਇਲਾ ਡੇਨੀਸੋਵਾ ਦਾ ਕਹਿਣਾ ਹੈ ਕਿ ਉਹ ਅਜਿਹੇ ਕਈ ਮਾਮਲਿਆਂ ਦਾ ਦਸਤਾਵੇਜ਼ੀਕਰਨ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ "ਬੁੱਚਾ ਵਿੱਚ ਇੱਕ ਘਰ ਦੇ ਬੇਸਮੈਂਟ ਵਿੱਚ, ਕਬਜ਼ੇ ਦੌਰਾਨ 14 ਤੋਂ 24 ਸਾਲ ਦੀ ਉਮਰ ਦੀਆਂ 25 ਕੁੜੀਆਂ ਅਤੇ ਔਰਤਾਂ ਨਾਲ ਯੋਜਨਾਬੱਧ ਢੰਗ ਨਾਲ ਬਲਾਤਕਾਰ ਕੀਤਾ ਗਿਆ ਸੀ। ਉਨ੍ਹਾਂ ਵਿੱਚੋਂ ਨੌਂ ਗਰਭਵਤੀ ਹਨ।"
ਉਨ੍ਹਾਂ ਅੱਗੇ ਕਿਹਾ, "ਰੂਸੀ ਸਿਪਾਹੀਆਂ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਉਨ੍ਹਾਂ ਨਾਲ ਇਸ ਹੱਦ ਤੱਕ ਬਲਾਤਕਾਰ ਕਰਨਗੇ ਕਿ ਫਿਰ ਉਹ ਕਿਸੇ ਵੀ ਪੁਰਸ਼ ਨਾਲ ਜਿਨਸੀ ਸੰਪਰਕ ਨਹੀਂ ਕਰਨਾ ਚਾਹੁਣਗੀਆਂ ਅਤੇ ਇਸ ਤਰ੍ਹਾਂ ਉਹ ਯੂਕਰੇਨੀ ਬੱਚੇ ਪੈਦਾ ਨਹੀਂ ਕਰਨਗੀਆਂ।"
ਉਹ ਚੀਕ ਰਹੇ ਸਨ ਕਿ 'ਇਹ ਹਰ ਨਾਜ਼ੀ ਵੇਸਵਾ ਨਾਲ ਇਹੀ ਹੋਵੇਗਾ'
ਡੇਨੀਸੋਵਾ ਕਹਿੰਦੇ ਹਨ ਕਿ ਉਨ੍ਹਾਂ ਨੂੰ ਸਹਾਇਤਾ ਹੈਲਪਲਾਈਨਾਂ 'ਤੇ ਕਈ ਫੋਨ ਆ ਰਹੇ ਹਨ ਅਤੇ ਟੈਲੀਗ੍ਰਾਮ ਮੈਸੇਜਿੰਗ ਐਪ ਰਾਹੀਂ ਵੀ ਜਾਣਕਾਰੀ ਮਿਲ ਰਹੀ ਹੈ।
ਉਨ੍ਹਾਂ ਦੱਸਿਆ, "ਇੱਕ 25 ਸਾਲਾ ਔਰਤ ਨੇ ਸਾਨੂੰ ਇਹ ਦੱਸਣ ਲਈ ਬੁਲਾਇਆ ਕਿ ਉਸ ਦੀ 16 ਸਾਲਾ ਭੈਣ ਨਾਲ ਉਸ ਦੇ ਸਾਹਮਣੇ ਹੀ ਗਲੀ ਵਿੱਚ ਬਲਾਤਕਾਰ ਕੀਤਾ ਗਿਆ ਸੀ। ਮਹਿਲਾ ਨੇ ਕਿਹਾ ਕਿ ਉਸ ਦੀ ਭੈਣ ਦਾ ਬਲਾਤਕਾਰ ਕਰਨ ਵੇਲੇ ਉਹ ਚੀਕ ਰਹੇ ਸਨ ਕਿ 'ਇਹ ਹਰ ਨਾਜ਼ੀ ਵੇਸਵਾ ਨਾਲ ਇਹੀ ਹੋਵੇਗਾ'।
ਅਸੀਂ ਪੁੱਛਿਆ ਕਿ ਕੀ ਕਬਜ਼ੇ ਦੌਰਾਨ ਰੂਸੀ ਸੈਨਿਕਾਂ ਦੁਆਰਾ ਕੀਤੇ ਗਏ ਜਿਨਸੀ ਅਪਰਾਧਾਂ ਦੇ ਪੈਮਾਨੇ ਦਾ ਮੁਲਾਂਕਣ ਕਰਨਾ ਸੰਭਵ ਹੈ।
ਇਸ 'ਤੇ ਡੇਨੀਸੋਵਾ ਨੇ ਕਿਹਾ, "ਇਸ ਸਮੇਂ ਇਹ ਅਸੰਭਵ ਹੈ ਕਿਉਂਕਿ ਹਰ ਕੋਈ ਸਾਨੂੰ ਇਹ ਦੱਸਣ ਲਈ ਤਿਆਰ ਨਹੀਂ ਹੈ ਕਿ ਉਨ੍ਹਾਂ ਨਾਲ ਕੀ ਹੋਇਆ ਹੈ। ਉਨ੍ਹਾਂ ਵਿੱਚੋਂ ਜ਼ਿਆਦਾਤਰ ਇਸ ਸਮੇਂ ਮਨੋਵਿਗਿਆਨਕ ਸਹਾਇਤਾ ਦੀ ਮੰਗ ਕਰ ਰਹੇ ਹਨ, ਇਸ ਲਈ ਅਸੀਂ ਉਨ੍ਹਾਂ ਨੂੰ ਅਪਰਾਧ ਵਜੋਂ ਦਰਜ ਨਹੀਂ ਕਰ ਸਕਦੇ ਜਦੋਂ ਤੱਕ ਉਹ ਸਾਨੂੰ ਆਪਣੀ ਗਵਾਹੀ ਨਹੀਂ ਦਿੰਦੇ।''
ਡੇਨੀਸੋਵਾ ਕਹਿੰਦੇ ਹਨ ਕਿ ਯੂਕਰੇਨ ਚਾਹੁੰਦਾ ਹੈ ਕਿ ਸੰਯੁਕਤ ਰਾਸ਼ਟਰ ਦੁਆਰਾ ਇੱਕ ਵਿਸ਼ੇਸ਼ ਟ੍ਰਿਬਿਊਨਲ ਦੀ ਸਥਾਪਨਾ ਕੀਤੀ ਜਾਵੇ ਤਾਂ ਜੋ ਵਲਾਦੀਮੀਰ ਪੁਤਿਨ 'ਤੇ ਬਲਾਤਕਾਰ ਸਮੇਤ ਜੰਗੀ ਅਪਰਾਧਾਂ ਦੇ ਇਲਜ਼ਾਮਾਂ ਲਈ ਨਿੱਜੀ ਤੌਰ 'ਤੇ ਮੁਕੱਦਮਾ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਸਕੇ।
ਬਲਾਤਕਾਰ ਪੀੜਿਤਾ ਐਨਾ ਕਹਿੰਦੇ ਹਨ, "ਮੈਂ ਪੁਤਿਨ ਨੂੰ ਪੁੱਛਣਾ ਚਾਹੁੰਦੀ ਹਾਂ ਕਿ ਇਹ ਸਭ ਕਿਉਂ ਹੋ ਰਿਹਾ ਹੈ? ਮੈਨੂੰ ਸਮਝ ਨਹੀਂ ਆ ਰਿਹਾ। ਅਸੀਂ ਪੱਥਰ ਯੁੱਗ ਵਿੱਚ ਨਹੀਂ ਰਹਿ ਰਹੇ, ਉਹ ਸਮਝੌਤਾ ਕਿਉਂ ਨਹੀਂ ਕਰ ਸਕਦਾ? ਉਹ ਕਬਜ਼ਾ ਕਿਉਂ ਕਰ ਰਿਹਾ ਹੈ ਅਤੇ ਕਿਉਂ ਮਾਰ ਰਿਹਾ ਹੈ?"
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post













