You’re viewing a text-only version of this website that uses less data. View the main version of the website including all images and videos.
ਪਾਕਿਸਤਾਨ: ਇਮਰਾਨ ਖ਼ਾਨ ਖਿਲਾਫ਼ ਬੇਭਰੋਸਗੀ ਮਤਾ, ਕੀ ਹੈ ਪੂਰਾ ਮਾਮਲਾ ਤੇ ਅੱਗੇ ਕੀ ਹੋਵੇਗਾ
- ਲੇਖਕ, ਸ਼ਹਿਜ਼ਾਦ ਮਲਿਕ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 6 ਮਿੰਟ
ਪਾਕਿਸਤਾਨ ਵਿੱਚ ਨੈਸ਼ਨਲ ਅਸੈਂਬਲੀ ਦੇ ਡਿਪਟੀ ਸਪੀਕਰ ਨੇ ਇਮਰਾਨ ਖ਼ਾਨ ਖ਼ਿਲਾਫ਼ ਬੇਭਰੋਸਗੀ ਮਤੇ ਨੂੰ ਖਾਰਜ ਕਰ ਦਿੱਤਾ ਹੈ।
ਇਸ ਮਗਰੋਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਰਾਸ਼ਟਰਪਤੀ ਤੋਂ ਸੰਸਦ ਨੂੰ ਭੰਗ ਕਰਨ ਦੀ ਸਿਫਾਰਿਸ਼ ਕੀਤੀ ਹੈ।
ਇਸ ਤੋਂ ਪਹਿਲਾਂ 25 ਮਾਰਚ ਨੂੰ ਪਾਕਿਸਤਾਨ ਵਿੱਚ ਵਿਰੋਧੀ ਧਿਰਾਂ ਨੇ ਨੈਸ਼ਨਲ ਅਸੈਂਬਲੀ ਵਿੱਚ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਖ਼ਿਲਾਫ਼ ਬੇਭਰੋਸਗੀ ਮਤਾ ਪੇਸ਼ ਕੀਤਾ ਸੀ, ਜਿਸਦੇ ਸਫਲ ਹੋਣ ਦੀ ਸੂਰਤ ਵਿੱਚ ਇਮਰਾਨ ਖ਼ਾਨ ਨੂੰ ਅਹੁਦਾ ਛੱਡਣਾ ਪੈ ਸਕਦਾ ਸੀ।
ਬੀਬੀਸੀ ਨੇ ਨੈਸ਼ਨਲ ਅਸੈਂਬਲੀ ਵਿੱਚ ਬੇਭਰੋਸਗੀ ਮਤੇ 'ਤੇ ਵੋਟਿੰਗ ਦੀ ਪੂਰੀ ਪ੍ਰਕਿਰਿਆ ਅਤੇ ਉਸ ਤੋਂ ਬਾਅਦ ਦੇ ਹਾਲਾਤ ਬਾਰੇ ਆਪਣੇ ਪਾਠਕਾਂ ਦੇ ਮਨ ਵਿੱਚ ਉੱਠਣ ਵਾਲੇ ਕੁਝ ਮਹੱਤਵਪੂਰਨ ਸਵਾਲਾਂ ਦਾ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਹੈ।
ਬੇਭਰੋਸਗੀ ਮਤੇ ਵਿੱਚ ਕੌਣ ਵੋਟਿੰਗ ਕਰੇਗਾ ਅਤੇ ਕੀ ਵੋਟਿੰਗ ਵਿੱਚ ਧਾਂਦਲੀ ਹੋ ਸਕਦੀ ਹੈ?
ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਖ਼ਿਲਾਫ਼ ਵਿਰੋਧੀ ਧਿਰਾਂ ਵੱਲੋਂ ਪੇਸ਼ ਬੇਭਰੋਸਗੀ ਮਤੇ 'ਤੇ ਨੈਸ਼ਨਲ ਅਸੈਂਬਲੀ ਦੇ ਮੈਂਬਰ ਵੋਟਿੰਗ ਕਰਨਗੇ।
ਵੋਟਿੰਗ ਸ਼ੁਰੂ ਹੋਣ ਤੋਂ ਪਹਿਲਾਂ, ਨੈਸ਼ਨਲ ਅਸੈਂਬਲੀ ਦੇ ਸਪੀਕਰ ਸੰਸਦ ਭਵਨ ਵਿੱਚ ਪੰਜ ਮਿੰਟ ਤੱਕ ਘੰਟੀ ਵਜਾਉਣਗੇ ਤਾਂ ਕਿ ਨੈਸ਼ਨਲ ਅਸੈਂਬਲੀ ਦੇ ਜੋ ਮੈਂਬਰ ਸਦਨ ਦੇ ਬਾਹਰ ਲੌਬੀ ਜਾਂ ਸੰਸਦ ਭਵਨ ਦੇ ਕੌਰੀਡੋਰ ਵਿੱਚ ਹੋਣ, ਉਹ ਸਦਨ ਵਿੱਚ ਆ ਜਾਣ। ਇਸ ਤੋਂ ਬਾਅਦ ਸਦਨ ਦੇ ਦਰਵਾਜ਼ੇ ਬੰਦ ਕਰ ਦਿੱਤੇ ਜਾਣਗੇ।
ਉਸ ਤੋਂ ਬਾਅਦ, ਬੇਭਰੋਸਗੀ ਮਤੇ 'ਤੇ ਵੋਟਿੰਗ ਪੂਰੀ ਹੋਣ ਤੱਕ ਕਿਸੇ ਨੂੰ ਵੀ ਨੈਸ਼ਨਲ ਅਸੈਂਬਲੀ ਦੇ ਅੰਦਰ ਜਾਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ:
ਵੀਡੀਓ: ਇਮਰਾਨ ਖ਼ਾਨ ਨੇ ਅਸਤੀਫ਼ਾ ਨਹੀਂ ਦਿੱਤਾ, ਕਾਰਜਕਾਲ ਪੂਰਾ ਕਰਨ ਦਾ ਦਾਅਵਾ
ਵੋਟਿੰਗ ਪ੍ਰਕਿਰਿਆ ਸ਼ੁਰੂ ਕਰਨ ਲਈ, ਨੈਸ਼ਨਲ ਅਸੈਂਬਲੀ ਸਪੀਕਰ ਸਦਨ ਵਿੱਚ ਬੇਭਰੋਸਗੀ ਮਤਾ ਪੜ੍ਹ ਕੇ ਸੁਣਾਉਣਗੇ ਅਤੇ ਨੈਸ਼ਨਲ ਅਸੈਂਬਲੀ ਦੇ ਮੈਂਬਰਾਂ ਨੂੰ ਕਹਿਣਗੇ ਕਿ ਜੋ ਮੈਂਬਰ ਇਸ ਮਤੇ ਦੇ ਪੱਖ ਵਿੱਚ ਹਨ, ਉਹ ਇੱਕ ਸਾਈਡ ਗੈਲਰੀ ਵਿੱਚ ਚਲੇ ਜਾਣ ਜਿੱਥੇ ਨੈਸ਼ਨਲ ਅਸੈਂਬਲੀ ਦਾ ਸਟਾਫ਼ ਇਨ੍ਹਾਂ ਮੈਂਬਰਾਂ ਦੀ ਹਾਜ਼ਰੀ ਲਗਾਵੇਗਾ।
ਨੈਸ਼ਨਲ ਅਸੈਂਬਲੀ ਦੇ ਮੈਂਬਰ ਉਦੋਂ ਤੱਕ ਸਦਨ ਵਿੱਚ ਵਾਪਸ ਨਹੀਂ ਜਾਣਗੇ, ਜਦੋਂ ਤੱਕ ਕਿ ਨੈਸ਼ਨਲ ਅਸੈਂਬਲੀ ਦੇ ਸਪੀਕਰ ਮੁੜ ਘੰਟੀ ਨਹੀਂ ਵਜਾਉਂਦੇ। ਉਸ ਤੋਂ ਬਾਅਦ ਗਿਣਤੀ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ ਅਤੇ ਬਾਅਦ ਵਿੱਚ ਸਪੀਕਰ ਨਤੀਜਿਆਂ ਦਾ ਐਲਾਨ ਕਰਨਗੇ।
ਕੀ ਇਹ ਪਹਿਲੀ ਵਾਰ ਹੋਵੇਗਾ ਜਦੋਂ ਕਿਸੇ ਪ੍ਰਧਾਨ ਮੰਤਰੀ ਨੂੰ ਬੇਭਰੋਸਗੀ ਮਤੇ ਜ਼ਰੀਏ ਅਹੁਦੇ ਤੋਂ ਹਟਾਇਆ ਜਾਵੇਗਾ?
ਜੇਕਰ ਇਹ ਮਤਾ ਸਫ਼ਲ ਹੋ ਜਾਂਦਾ ਹੈ ਤਾਂ ਪਾਕਿਸਤਾਨ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਵੇਗਾ ਕਿ ਕਿਸੇ ਪ੍ਰਧਾਨ ਮੰਤਰੀ ਦੇ ਖ਼ਿਲਾਫ਼ ਬੇਭਰੋਸਗੀ ਮਤਾ ਸਫ਼ਲ ਹੋਇਆ ਹੈ।
ਇਸ ਤੋਂ ਪਹਿਲਾਂ ਪਾਕਿਸਤਾਨ ਦੇ ਸਿਆਸੀ ਇਤਿਹਾਸ ਵਿੱਚ 1 ਨਵੰਬਰ 1989 ਨੂੰ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੇ ਖ਼ਿਲਾਫ਼ ਅਤੇ ਉਸ ਤੋਂ ਬਾਅਦ 2006 ਵਿੱਚ ਸਾਬਕਾ ਪ੍ਰਧਾਨ ਮੰਤਰੀ ਸ਼ੌਕਤ ਅਜ਼ੀਜ਼ ਦੇ ਖ਼ਿਲਾਫ ਨੈਸ਼ਨਲ ਅਸੈਂਬਲੀ ਵਿੱਚ ਬੇਭਰੋਸਗੀ ਮਤਾ ਪੇਸ਼ ਕੀਤਾ ਗਿਆ ਸੀ। ਹਾਲਾਂਕਿ ਦੋਵੇਂ ਵਾਰ ਵਿਰੋਧੀ ਧਿਰ ਨੂੰ ਨਾਕਾਮੀ ਦਾ ਸਾਹਮਣਾ ਕਰਨਾ ਪਿਆ ਸੀ।
ਇਮਰਾਨ ਹਾਰ ਗਏ ਤਾਂ ਪਾਕਿਸਤਾਨ ਕਦੋਂ ਤੱਕ ਬਗੈਰ ਪ੍ਰਧਾਨ ਮੰਤਰੀ ਦੇ ਰਹੇਗਾ?
ਪ੍ਰਧਾਨ ਮੰਤਰੀ ਦੇ ਖ਼ਿਲਾਫ਼ ਬੇਭਰੋਸਗੀ ਮਤਾ ਸਫ਼ਲ ਹੋਣ ਜਾਂ ਨਾ ਹੋਣ ਦੀ ਸੂਰਤ ਵਿੱਚ ਨੈਸ਼ਨਲ ਅਸੈਂਬਲੀ ਦੇ ਨਿਯਮ 38 ਤਹਿਤ ਨੈਸ਼ਨਲ ਅਸੈਂਬਲੀ ਦੇ ਸਪੀਕਰ ਰਾਸ਼ਟਰਪਤੀ ਨੂੰ ਇਸ ਦੀ ਸੂਚਨਾ ਦੇਣਗੇ। ਇਸ ਤੋਂ ਇਲਾਵਾ ਨੈਸ਼ਨਲ ਅਸੈਂਬਲੀ ਦੇ ਸਕੱਤਰ ਬੇਭਰੋਸਗੀ ਮਤੇ ਦੇ ਨਤੀਜਿਆਂ ਨੂੰ ਸਰਕਾਰੀ ਗਜ਼ਟ ਵਿੱਚ ਪ੍ਰਕਾਸ਼ਿਤ ਕਰਾਉਣਗੇ।
ਪਰੰਪਰਾ ਦੇ ਮੁਤਾਬਿਕ ਇਸ ਪ੍ਰਕਿਰਿਆ ਵਿੱਚ ਦੋ ਤੋਂ ਤਿੰਨ ਦਿਨ ਲੱਗ ਸਕਦੇ ਹਨ, ਜਿਸ ਤੋਂ ਬਾਅਦ ਮੁੜ ਨੈਸ਼ਨਲ ਅਸੈਂਬਲੀ ਦਾ ਸੈਸ਼ਨ ਬੁਲਾਇਆ ਜਾਵੇਗਾ।
ਜੇਕਰ ਬੇਭਰੋਸਗੀ ਮਤਾ ਸਫ਼ਲ ਹੁੰਦਾ ਹੈ ਤਾਂ ਰਾਸ਼ਟਰਪਤੀ ਨੈਸ਼ਨਲ ਅਸੈਂਬਲੀ ਦਾ ਸੈਸ਼ਨ ਬੁਲਾਉਣਗੇ ਜਿਸ ਵਿੱਚ ਸਦਨ ਦੇ ਨਵੇਂ ਨੇਤਾ ਦੀ ਚੋਣ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ।
ਸਾਬਕਾ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਨੂੰ ਜਦੋਂ ਅਦਾਲਤ ਦੀ ਮਾਣਹਾਨੀ ਦੇ ਮੁਕੱਦਮੇ ਵਿੱਚ ਅਯੋਗ ਐਲਾਨਿਆ ਗਿਆ ਤਾਂ ਉਸ ਦੇ ਕੁਝ ਘੰਟਿਆਂ ਬਾਅਦ ਹੀ ਸਦਨ ਦੇ ਨੇਤਾ ਦੀ ਚੋਣ ਹੋਈ ਸੀ ਅਤੇ ਰਾਜਾ ਪਰਵੇਜ਼ ਅਸ਼ਰਫ਼ ਨਵੇਂ ਪ੍ਰਧਾਨ ਮੰਤਰੀ ਚੁਣੇ ਗਏ ਸਨ।
ਪ੍ਰਧਾਨ ਮੰਤਰੀ ਨਾਲ ਕੀ ਉਨ੍ਹਾਂ ਦੀ ਕੈਬਨਿਟ ਅਤੇ ਸਲਾਹਕਾਰਾਂ ਨੂੰ ਵੀ ਅਹੁਦੇ ਤੋਂ ਹਟਾ ਦਿੱਤਾ ਜਾਵੇਗਾ?
ਪ੍ਰਧਾਨ ਮੰਤਰੀ ਦੇ ਖ਼ਿਲਾਫ਼ ਬੇਭਰੋਸਗੀ ਮਤਾ ਸਫ਼ਲ ਹੋਣ 'ਤੇ ਪੂਰੀ ਕੈਬਨਿਟ ਭੰਗ ਹੋ ਜਾਂਦੀ ਹੈ ਅਤੇ ਇਸ ਦੇ ਬਾਅਦ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਸਹਾਇਕ ਵੀ ਆਪਣੇ ਅਹੁਦਿਆਂ 'ਤੇ ਬਰਕਰਾਰ ਨਹੀਂ ਰਹਿ ਸਕਦੇ।
ਜਦੋਂ ਪ੍ਰਧਾਨ ਮੰਤਰੀ ਦੇ ਖ਼ਿਲਾਫ਼ ਬੇਭਰੋਸਗੀ ਮਤਾ ਸਫ਼ਲ ਹੋ ਜਾਂਦਾ ਹੈ ਤਾਂ ਉਨ੍ਹਾਂ ਦਾ ਅਤੀ ਮਹੱਤਵਪੂਰਨ ਵਿਅਕਤੀ ਦਰਜਾ ਵੀ ਖ਼ਤਮ ਹੋ ਜਾਂਦਾ ਹੈ।
ਅਗਲੇ ਪ੍ਰਧਾਨ ਦੀ ਚੋਣ ਕਿਵੇਂ ਹੋਵੇਗੀ?
ਪ੍ਰਧਾਨ ਮੰਤਰੀ ਦੇ ਖ਼ਿਲਾਫ਼ ਬੇਭਰੋਸਗੀ ਮਤਾ ਸਫਲ ਹੋਣ ਤੋਂ ਬਾਅਦ ਸਪੀਕਰ ਨੈਸ਼ਨਲ ਅਸੈਂਬਲੀ ਦਾ ਸੈਸ਼ਨ ਮੁਲਤਵੀ ਕਰ ਦੇਣਗੇ ਤੇ ਰਾਸ਼ਟਰਪਤੀ ਦੇ ਨਿਰਦੇਸ਼ 'ਤੇ ਨੈਸ਼ਨਲ ਅਸੈਂਬਲੀ ਦਾ ਇੱਕ ਨਵਾਂ ਸੈਸ਼ਨ ਬੁਲਾਉਣਗੇ, ਜਿਸ ਵਿੱਚ ਸਦਨ ਦੇ ਨੇਤਾ ਦੀ ਚੋਣ ਕੀਤੀ ਜਾਵੇਗੀ।
ਇਸ ਸਬੰਧ ਵਿੱਚ ਨੈਸ਼ਨਲ ਅਸੈਂਬਲੀ ਦੇ ਨਿਯਮਾਂ ਵਿੱਚ ਕੋਈ ਸਪੱਸ਼ਟ ਨਿਰਦੇਸ਼ ਨਹੀਂ ਹਨ, ਪਰ ਪਰੰਪਰਾ ਦੇ ਅਨੁਸਾਰ ਨੈਸ਼ਨਲ ਅਸੈਂਬਲੀ ਦੇ ਸਪੀਕਰ ਨੇ ਦੋ ਤੋਂ ਤਿੰਨ ਦਿਨਾਂ ਵਿੱਚ ਸੈਸ਼ਨ ਬੁਲਾਉਣਾ ਹੁੰਦਾ ਹੈ। ਇਸ ਵਿਚਕਾਰ ਅਗਲੇ ਪ੍ਰਧਾਨ ਮੰਤਰੀ ਦੀ ਚੋਣ ਹੋਣ ਤੱਕ, ਪਾਕਿਸਤਾਨ ਦੇ ਰਾਸ਼ਟਰਪਤੀ ਸੰਵਿਧਾਨ ਦੇ ਆਰਟੀਕਲ 94 ਤਹਿਤ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਲਈ ਕਹਿ ਸਕਦੇ ਹਨ।
ਸਦਨ ਦੇ ਨੇਤਾ ਦੀ ਚੋਣ ਪ੍ਰਕਿਰਿਆ ਵਿੱਚ ਇੱਕ ਜਾਂ ਇੱਕ ਤੋਂ ਜ਼ਿਆਦਾ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰਾਂ ਤੋਂ ਲੈ ਕੇ ਕਾਗਜ਼ਾਂ ਦੀ ਜਾਂਚ ਪੜਤਾਲ ਦੀ ਪ੍ਰਕਿਰਿਆ ਵੀ ਹੋਵੇਗੀ ਜਿਸ ਤੋਂ ਬਾਅਦ ਵੋਟਿੰਗ ਸ਼ੁਰੂ ਹੋਵੇਗੀ।
ਇੱਕ ਮੈਂਬਰ ਨੂੰ ਇੱਕ ਤੋਂ ਜ਼ਿਆਦਾ ਵਾਰ ਨਾਮਜ਼ਦ ਕੀਤਾ ਜਾ ਸਕਦਾ ਹੈ, ਪਰ ਸਮਰਥਕ ਅਤੇ ਪ੍ਰਸਤਾਵਕ ਇੱਕ ਤੋਂ ਜ਼ਿਆਦਾ ਵਾਰ ਦਸਤਖ਼ਤ ਨਹੀਂ ਕਰਨਗੇ। ਇਸ ਤਰ੍ਹਾਂ ਹੀ, ਬੇਭਰੋਸਗੀ ਮਤੇ ਵਿੱਚ ਹਾਰਨ ਵਾਲੀ ਪਾਰਟੀ ਕਿਸੇ ਦੂਜੇ ਉਮੀਦਵਾਰ ਨੂੰ ਨਾਮਜ਼ਦ ਕਰਨ ਦੇ ਨਾਲ ਨਾਲ ਮੁੜ ਉਸ ਵਿਅਕਤੀ ਨੂੰ ਵੀ ਨਾਮਜ਼ਦ ਕਰ ਸਕਦੀ ਹੈ ਜੋ ਪਹਿਲਾਂ ਹਾਰ ਚੁੱਕਿਆ ਹੈ। ਨਿਯਮਾਂ ਤਹਿਤ ਇਸ 'ਤੇ ਵੀ ਕੋਈ ਪਾਬੰਦੀ ਨਹੀਂ ਹੈ।
ਨੈਸ਼ਨਲ ਅਸੈਂਬਲੀ ਦੇ ਸਪੀਕਰ ਤਿੰਨ ਕਾਰਨਾਂ ਨਾਲ ਕਿਸੇ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਨੂੰ ਅਸਵੀਕਾਰ ਕਰ ਸਕਦੇ ਹਨ। ਪਹਿਲਾ ਉਮੀਦਵਾਰ ਦੇ ਨੈਸ਼ਨਲ ਅਸੈਂਬਲੀ ਦਾ ਮੈਂਬਰ ਨਾ ਹੋਣ 'ਤੇ, ਦੂਜਾ ਨੈਸ਼ਨਲ ਅਸੈਂਬਲੀ ਦੀ ਨਿਯਮ ਸੰਖਿਆ 32 ਦੀ ਉਲੰਘਣਾ ਕਰਨ 'ਤੇ ਅਤੇ ਤੀਜਾ ਪ੍ਰਸਤਾਵਕ ਅਤੇ ਸਮਰਥਕ ਦੇ ਦਸਤਖ਼ਤ ਫਰਜ਼ੀ ਹੋਣ 'ਤੇ।
ਨਾਮਜ਼ਦਗੀ ਪੱਤਰਾਂ ਦੀ ਅਸਵੀਕਾਰਤਾ ਜਾਂ ਸਵੀਕਾਰਤਾ ਦੇ ਸਬੰਧ ਵਿੱਚ ਨੈਸ਼ਨਲ ਅਸੈਂਬਲੀ ਦੇ ਸਪੀਕਰ ਦਾ ਫ਼ੈਸਲਾ ਅੰਤਿਮ ਹੋਵੇਗਾ। ਨਾਮਜ਼ਦਗੀ ਪੱਤਰ ਜਮਾਂ ਕਰਨ ਅਤੇ ਵਾਪਸ ਲੈਣ ਦੀ ਪ੍ਰਕਿਰਿਆ ਵੋਟਿੰਗ ਤੋਂ ਇੱਕ ਦਿਨ ਪਹਿਲਾਂ ਪੂਰੀ ਕਰ ਲਈ ਜਾਵੇਗੀ।
ਜੇਕਰ ਸਦਨ ਦੇ ਨੇਤਾ ਯਾਨੀ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਇੱਕ ਤੋਂ ਜ਼ਿਆਦਾ ਉਮੀਦਵਾਰ ਹਨ, ਤਾਂ ਇਸ ਲਈ ਨੈਸ਼ਨਲ ਅਸੈਂਬਲੀ ਦੇ ਮੈਂਬਰਾਂ ਨੂੰ ਕਿਹਾ ਜਾਵੇਗਾ ਕਿ ਇੱਕ ਉਮੀਦਵਾਰ ਦੇ ਸਮਰਥਕ ਲੌਬੀ ਦੇ ਖੱਬੇ ਪਾਸੇ ਚਲੇ ਜਾਣ ਅਤੇ ਦੂਜੇ ਉਮੀਦਵਾਰ ਦੇ ਸਮਰਥਕ ਲੌਬੀ ਦੇ ਸੱਜੇ ਪਾਸੇ ਚਲੇ ਜਾਣ।
ਵੋਟਾਂ ਦੀ ਗਿਣਤੀ ਪੂਰੀ ਹੋਣ ਤੋਂ ਬਾਅਦ ਨੈਸ਼ਨਲ ਅਸੈਂਬਲੀ ਦੇ ਸਪੀਕਰ ਜੇਤੂ ਵਿਅਕਤੀ ਦੇ ਨਾਂ ਦਾ ਐਲਾਨ ਕਰਨਗੇ।
ਅਗਲਾ ਪ੍ਰਧਾਨ ਮੰਤਰੀ ਕੌਣ ਹੋ ਸਕਦਾ ਹੈ?
ਸੰਯੁਕਤ ਵਿਰੋਧੀ ਦਲ ਵੱਲੋਂ ਮੀਆਂ ਸ਼ਾਹਬਾਜ਼ ਸ਼ਰੀਫ਼ ਨੂੰ ਨਾਮਜ਼ਦ ਕੀਤਾ ਗਿਆ ਹੈ ਅਤੇ ਜ਼ਾਹਰ ਤੌਰ 'ਤੇ ਸੰਯੁਕਤ ਵਿਰੋਧੀ ਦਲ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਦਾ ਉਮੀਦਵਾਰ ਸਰਬਸੰਮਤੀ ਨਾਲ ਹੋਵੇਗਾ।
ਇਸ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਪੀਟੀਆਈ ਸਦਨ ਦੇ ਨੇਤਾ ਲਈ ਆਪਣਾ ਉਮੀਦਵਾਰ ਨਾਮਜ਼ਦ ਕਰੇਗੀ ਕਿਉਂਕਿ ਪੀਟੀਆਈ ਦਾ ਪੱਖ ਇਹ ਰਿਹਾ ਹੈ ਕਿ ਇਹ ਵਿਰੋਧੀ ਧਿਰਾਂ ਦਾ ਹਰ ਮੰਚ 'ਤੇ ਮੁਕਾਬਲਾ ਕਰੇਗੀ।
ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਉਹ ਮੁੜ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਇਮਰਾਨ ਖ਼ਾਨ ਨੂੰ ਹੀ ਨਾਮਜ਼ਦ ਕਰੇਗੀ ਜਾਂ ਕਿਸੇ ਹੋਰ ਨੂੰ।
ਨਵੀਂ ਸਰਕਾਰ ਬਣਾਉਣ ਵਿੱਚ ਕਿੰਨਾ ਸਮਾਂ ਲੱਗੇਗਾ?
ਸਦਨ ਦੇ ਨੇਤਾ ਦੀ ਚੋਣ ਹੋਣ ਤੋਂ ਬਾਅਦ, ਉਸੇ ਦਿਨ ਰਾਸ਼ਟਰਪਤੀ ਚੁਣੇ ਉਮੀਦਵਾਰ ਨੂੰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁਕਾਉਣਗੇ ਜਿਸ ਤੋਂ ਬਾਅਦ ਉਹ ਆਪਣਾ ਅਹੁਦਾ ਸੰਭਾਲ ਲੈਣਗੇ। ਇਸ ਤੋਂ ਬਾਅਦ ਉਸੇ ਦਿਨ ਛੋਟਾ ਜਿਹਾ ਮੰਤਰੀ ਮੰਡਲ ਸਹੁੰ ਚੁੱਕੇਗਾ, ਜਿਸ ਮਗਰੋਂ ਸੰਘੀ ਮੰਤਰੀ ਮੰਡਲ ਦੇ ਵਿਸਥਾਰ ਦੀ ਪ੍ਰਕਿਰਿਆ ਜਾਰੀ ਰਹੇਗੀ।
ਇਮਰਾਨ ਖ਼ਾਨ ਪ੍ਰਧਾਨ ਮੰਤਰੀ ਆਵਾਸ ਅਤੇ ਦਫ਼ਤਰ ਕਦੋਂ ਖਾਲੀ ਕਰਨਗੇ?
ਆਮ ਪਰੰਪਰਾ ਤਾਂ ਇਹ ਹੈ ਕਿ ਜਿਸ ਦਿਨ ਪ੍ਰਧਾਨ ਮੰਤਰੀ ਦੇ ਖ਼ਿਲਾਫ਼ ਬੇਭਰੋਸਗੀ ਮਤਾ ਪਾਸ ਹੋ ਜਾਂਦਾ ਹੈ ਤਾਂ ਪ੍ਰਧਾਨ ਮੰਤਰੀ ਮੁੜ ਆਪਣੇ ਦਫ਼ਤਰ ਵਿੱਚ ਨਹੀਂ ਜਾਂਦੇ ਹਨ, ਜੇਕਰ ਉਨ੍ਹਾਂ ਦਾ ਕੋਈ ਨਿੱਜੀ ਸਾਮਾਨ ਉਸ ਦਫ਼ਤਰ ਵਿੱਚ ਪਿਆ ਹੈ ਤਾਂ ਉਨ੍ਹਾਂ ਦਾ ਸਟਾਫ਼ ਉਹ ਸਾਮਾਨ ਸਾਬਕਾ ਪ੍ਰਧਾਨ ਮੰਤਰੀ ਦੀ ਨਿੱਜੀ ਰਿਹਾਇਸ਼ 'ਤੇ ਪਹੁੰਚਾ ਦਿੰਦਾ ਹੈ।
ਇਮਰਾਨ ਖ਼ਾਨ ਵੈਸੇ ਵੀ ਆਪਣੀ ਨਿੱਜੀ ਰਿਹਾਇਸ਼ 'ਬਨੀ ਗਾਲਾ' ਵਿੱਚ ਰਹਿੰਦੇ ਹਨ ਅਤੇ ਉਨ੍ਹਾਂ ਦੀ ਰਿਹਾਇਸ਼ ਨੂੰ ਪ੍ਰਧਾਨ ਮੰਤਰੀ ਆਵਾਸ ਦਾ ਦਰਜਾ ਦਿੱਤਾ ਗਿਆ ਹੈ, ਜਦਕਿ ਦੇਸ਼ ਦੇ ਪ੍ਰਧਾਨ ਮੰਤਰੀ ਆਵਾਸ ਦੀ ਵਰਤੋਂ ਸਿਰਫ਼ ਅਧਿਕਾਰਕ ਪ੍ਰੋਗਰਾਮਾਂ ਲਈ ਹੀ ਕੀਤੀ ਜਾਂਦੀ ਸੀ।
ਵੀਡੀਓ: ਜਦੋਂ ਪੀਐਮ ਦੀ ਰਿਹਾਇਸ਼ ਕਿਰਾਏ 'ਤੇ ਦੇਣ ਦੀ ਗੱਲ ਉੱਠੀ
ਕੀ ਨਵੀਂ ਸਰਕਾਰ ਇਸੇ ਸਰਕਾਰ ਦਾ ਬਚਿਆ ਹੋਇਆ ਕਾਰਜਕਾਲ ਪੂਰਾ ਕਰੇਗੀ ਜਾਂ ਅਗਲੇ ਪੰਜ ਸਾਲ ਤੱਕ ਰਹੇਗੀ?
ਸੰਯੁਕਤ ਵਿਰੋਧੀ ਦਲ ਵੱਲੋਂ ਇਸ ਬਾਰੇ ਇਹ ਗੱਲ ਸਪੱਸ਼ਟ ਤੌਰ 'ਤੇ ਨਹੀਂ ਦੱਸੀ ਗਈ, ਹਾਲਾਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਚੋਣ ਸੁਧਾਰ ਕਰਨ ਤੋਂ ਬਾਅਦ ਮੱਧਵਰਤੀ ਆਮ ਚੋਣਾਂ ਕਰਵਾਈਆਂ ਜਾ ਸਕਦੀਆਂ ਹਨ।
ਸੰਘੀ ਗ੍ਰਹਿ ਮੰਤਰੀ ਸ਼ੇਖ਼ ਰਸ਼ੀਦ ਵੀ ਬਜਟ ਤੋਂ ਬਾਅਦ ਦੇਸ਼ ਵਿੱਚ ਆਮ ਚੋਣ ਕਰਾਉਣ ਦੀ ਗੱਲ ਕਰਦੇ ਰਹੇ ਹਨ, ਪਰ ਇਹ ਗੱਲ ਉਨ੍ਹਾਂ ਨੇ ਉਦੋਂ ਕਹਿਣੀ ਸ਼ੁਰੂ ਕੀਤੀ ਜਦੋਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਖ਼ਿਲਾਫ਼ ਬੇਭਰੋਸਗੀ ਮਤਾ ਲਿਆਉਣ ਦੀ ਗੱਲ ਕਹੀ ਜਾਣ ਲੱਗੀ ਸੀ।
ਕੀ ਦੇਸ਼ ਦੇ ਰਾਸ਼ਟਰਪਤੀ ਆਰਿਫ਼ ਅਲਵੀ ਹੀ ਬਣੇ ਰਹਿਣਗੇ?
ਸੰਯੁਕਤ ਵਿਰੋਧੀ ਦਲ ਵੱਲੋਂ ਰਾਸ਼ਟਰਪਤੀ ਆਰਿਫ਼ ਅਲਵੀ 'ਤੇ ਵੀ ਮਹਾਂਦੋਸ਼ ਚਲਾਉਣ ਦੀ ਗੱਲ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਚਾਰੇ ਸੂਬਾਈ ਵਿਧਾਨ ਸਭਾਵਾਂ ਨਾਲ ਰਾਸ਼ਟਰਪਤੀ ਆਰਿਫ਼ ਅਲਵੀ ਦੇ ਖ਼ਿਲਾਫ਼ ਮਹਾਂਦੋਸ਼ ਮਤੇ ਨੂੰ ਕਾਮਯਾਬ ਕਰਾਉਣਗੇ।
ਇਸ ਤੋਂ ਇਲਾਵਾ ਸੰਯੁਕਤ ਵਿਰੋਧੀ ਦਲ ਨੇ ਨੈਸ਼ਨਲ ਅਸੈਂਬਲੀ ਦੇ ਸਪੀਕਰ ਅਤੇ ਡਿਪਟੀ ਸਪੀਕਰ ਦੇ ਖ਼ਿਲਾਫ਼ ਵੀ ਬੇਭਰੋਸਗੀ ਮਤਾ ਲਿਆਉਣ ਦਾ ਇਰਾਦਾ ਜ਼ਾਹਿਰ ਕੀਤਾ ਹੈ।
ਇਹ ਵੀ ਪੜ੍ਹੋ: