You’re viewing a text-only version of this website that uses less data. View the main version of the website including all images and videos.
ਨਿਊਜ਼ੀਲੈਂਡ ਦੀ ਰਿਪੋਰਟਰ ਨੂੰ ਆਪਣੇ ਮੁਲਕ ਪਰਤਣ ਦੀ ਇਜਾਜ਼ਤ ਨਹੀਂ ਮਿਲੀ ਤਾਂ ਤਾਲਿਬਾਨ ਤੋਂ ਮੰਗੀ ਮਦਦ
ਨਿਊਜ਼ੀਲੈਂਡ ਦੀ ਇੱਕ ਗਰਭਵਤੀ ਪੱਤਰਕਾਰ ਨੂੰ ਕਾਫ਼ੀ ਰੌਲੇ ਤੋਂ ਬਾਅਦ ਦੇਸ਼ ਵਿੱਚ ਬਾਅਦ ਦੁਬਾਰਾ ਪ੍ਰਵੇਸ਼ ਦਿੱਤਾ ਗਿਆ ਹੈ।
ਦਰਅਸਲ, ਪੱਤਰਕਾਰ ਨੇ ਕਿਹਾ ਕਿ ਉਸ ਨੇ ਘਰ ਪਰਤਣ ਵਿੱਚ ਅਸਮਰੱਥ ਹੋਣ ਦੇ ਬਾਅਦ ਮਦਦ ਲਈ ਤਾਲਿਬਾਨ ਵੱਲ ਰੁਖ਼ ਕੀਤਾ ਸੀ।
ਸ਼ਾਰਲੈਟ ਬੇਲਿਸ ਨੇ ਕਿਹਾ ਕਿ ਨਿਊਜ਼ੀਲੈਂਡ ਦੇ ਸਖ਼ਤ ਕੋਵਿਡ ਸਰਹੱਦ ਨਿਯਮਾਂ ਤਹਿਤ ਦੇਸ਼ ਵਿੱਚ ਦਾਖ਼ਲ ਹੋਣ ਤੋਂ ਅਸਮਰੱਥ ਹੋਣ ਤੋਂ ਬਾਅਦ ਉਹ ਅਫ਼ਗਾਨਿਸਤਾਨ ਚਲੀ ਗਈ ਸੀ।
ਉਸ ਦੀ ਕਹਾਣੀ ਨੇ ਵੈਲਿੰਗਟਨ ਦੇ ਸਖ਼ਤ ਸਰਹੱਦੀ ਉਪਾਵਾਂ ਨੂੰ ਉਜਾਗਰ ਕੀਤਾ ਜੋ ਕੋਰੋਨਵਾਇਰਸ ਤੋਂ ਸੁਰੱਖਿਅਤ ਰਹਿਣ ਲਈ ਕੀਤੇ ਗਏ ਸਨ।
ਹੋਰਨਾਂ ਲੋਕਾਂ ਨੇ ਬੇਲਿਸ ਦੇ ਤਾਲਿਬਾਨ ਨਾਲ ਵਿਸ਼ੇਸ਼ ਅਧਿਕਾਰ ਪ੍ਰਾਪਤ ਸਬੰਧਾਂ ਨੂੰ ਲੈ ਕੇ ਮੁੱਦਾ ਉਠਾਇਆ ਹੈ।
ਹਾਲ ਹੀ ਦੇ ਮਹੀਨਿਆਂ ਵਿੱਚ ਔਰਤਾਂ ਦੇ ਅਧਿਕਾਰਾਂ ਨੂੰ ਬੇਰਹਿਮੀ ਨਾਲ ਦਬਾਉਣ ਲਈ ਤਾਲਿਬਾਨ ਦੀ ਲਗਾਤਾਰ ਆਲੋਚਨਾ ਕੀਤੀ ਜਾਂਦੀ ਰਹੀ ਹੈ।
ਉਨ੍ਹਾਂ 'ਤੇ ਮਹਿਲਾ ਕਾਰਕੁਨਾਂ ਅਤੇ ਪ੍ਰਚਾਰਕਾਂ ਨੂੰ ਗ੍ਰਿਫ਼ਤਾਰ ਕਰਨ, ਤਸ਼ੱਦਦ ਕਰਨ ਅਤੇ ਇੱਥੋਂ ਤੱਕ ਕਿ ਉਨ੍ਹਾਂ ਨੂੰ ਮਾਰਨ ਤੱਕ ਦਾ ਵੀ ਦੋਸ਼ ਹੈ।
ਇਹ ਵੀ ਪੜ੍ਹੋ-
ਵੀਡੀਓ- ਤਾਲੀਬਾਨ ਨੇ ਇਸ ਪੱਤਰਕਾਰ ਨੂੰ ਕੀ ਕਿਹਾ
ਮੰਗਲਵਾਰ ਨੂੰ ਇਸ ਮਾਮਲੇ 'ਤੇ ਜਨਤਕ ਧਿਆਨ ਦੇ ਬਾਅਦ, ਨਿਊਜ਼ੀਲੈਂਡ ਸਰਕਾਰ ਨੇ ਕਿਹਾ ਕਿ ਉਨ੍ਹਾਂ ਨੇ ਸ਼ਾਰਲੈਟ ਬੇਲਿਸ ਨੂੰ ਕੁਆਰੰਟੀਨ ਦੇ ਲਈ ਇੱਕ ਜਗ੍ਹਾ ਦੀ ਪੇਸ਼ਕਸ਼ ਕੀਤੀ ਹੈ ਅਤੇ ਫਲਾਇਟ ਦੀ ਵਿਵਸਥਾ ਵੀ ਕੀਤੀ ਹੈ।
ਉਪ ਪ੍ਰਧਾਨ ਮੰਤਰੀ ਗ੍ਰਾਂਟ ਰੌਬਰਟਸਨ ਨੇ ਰੋਜ਼ਾਨਾ ਕੋਵਿਡ ਬ੍ਰੀਫਿੰਗ ਵਿੱਚ ਪੱਤਰਕਾਰਾਂ ਨੂੰ ਦੱਸਿਆ, "ਬੇਲਿਸ ਲਈ ਪ੍ਰਬੰਧਿਤ ਆਇਸੋਲੇਸ਼ਨ ਅਤੇ ਕੁਆਰੰਟੀਨ ਲਈ ਜਗ੍ਹਾ ਨਿਰਧਾਰਤ ਹੈ ਅਤੇ ਮੈਂ ਉਨ੍ਹਾਂ ਨੂੰ ਇਹ ਸੁਵਿਧਾ ਲੈਣ ਦੀ ਅਪੀਲ ਕਰਦਾ ਹਾਂ।''
ਉਨ੍ਹਾਂ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਇਹ ਕਾਰਵਾਈ ਉਨ੍ਹਾਂ ਦੇ ਮਾਮਲੇ 'ਤੇ ਧਿਆਨ ਦੇਣ ਦੇ ਨਤੀਜੇ ਵਜੋਂ ਹੋਈ ਹੈ, ਬਲਕਿ ਉਨ੍ਹਾਂ ਨੇ ਕਿਹਾ ਕਿ ਸਟਾਫ ਰੋਜ਼ਾਨਾ ਆਧਾਰ 'ਤੇ ਐਮਰਜੈਂਸੀ ਐਪਲੀਕੇਸ਼ਨਾਂ ਨੂੰ ਹੱਲ ਕਰਦਾ ਹੈ।
"ਉਹ ਹਮੇਸ਼ਾ ਲੋਕਾਂ ਨਾਲ ਸੰਪਰਕ ਬਣਾਉਣ ਦੀ ਕੋਸ਼ਿਸ਼ ਕਰਦੇ ਹਨ ਅਤੇ ਵਿਵਸਥਾ ਨਾਲ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹਨ।"
ਨਿਊਜ਼ੀਲੈਂਡ ਸਰਕਾਰ ਨੇ ਪਹਿਲਾਂ ਕਿਹਾ ਸੀ ਕਿ ਉਸ ਨੇ ਬੇਲਿਸ ਨੂੰ ਦੋ ਵਾਰ ਕੌਂਸਲਰ ਸਹਾਇਤਾ ਦੀ ਪੇਸ਼ਕਸ਼ ਕੀਤੀ ਸੀ।
ਬੇਲਿਸ ਨੇ ਸ਼ਨਿਚਰਵਾਰ ਨੂੰ ਇੱਕ ਰਾਸ਼ਟਰੀ ਅਖ਼ਬਾਰ ਵਿੱਚ ਆਪਣੇ ਅਨੁਭਵ ਬਾਰੇ ਲਿਖਿਆ ਸੀ।
ਵੀਡੀਓ-ਤਾਲੀਬਾਨ ਦੇ ਕਬਜ਼ੇ ਵੇਲੇ ਦੇਸ਼ ਵਿੱਚ ਮਾਹੌਲ
ਸ਼ਾਰਲੈਟ ਬੇਲਿਸ ਨੇ ਤਾਲਿਬਾਨ ਨੂੰ ਕੀ ਪੁੱਛਿਆ?
'ਨਿਊਜ਼ੀਲੈਂਡ ਹੇਰਾਲਡ' ਲਈ ਲਿਖੇ ਆਪਣੇ ਕਾਲਮ ਵਿੱਚ ਬੇਲਿਸ ਨੇ ਕਿਹਾ ਕਿ ਸਰਕਾਰ ਨੇ ਪਿਛਲੇ ਹਫ਼ਤੇ ਬੱਚੇ ਨੂੰ ਜਨਮ ਦੇਣ ਲਈ ਘਰ ਪਰਤਣ ਦੀ ਉਸ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ ਸੀ।
ਮੌਜੂਦਾ ਸਮੇਂ ਵੈਲਿੰਗਟਨ ਨਾਗਰਿਕਾਂ ਅਤੇ ਸਥਾਈ ਨਿਵਾਸੀਆਂ ਨੂੰ ਦੇਸ਼ ਵਿੱਚ ਪ੍ਰਵੇਸ਼ ਕਰਨ ਦੀ ਆਗਿਆ ਤਾਂ ਹੀ ਦਿੰਦਾ ਹੈ ਜੇਕਰ ਉਹ 10 ਦਿਨ ਕੁਆਰੰਟੀਨ ਹੋਟਲਾਂ ਵਿੱਚ ਇਕਾਂਤਵਾਸ ਵਿੱਚ ਬਿਤਾਉਂਦੇ ਹਨ।
ਅਜਿਹੀਆਂ ਸਹੂਲਤਾਂ ਵਾਲੀਆਂ ਸੀਮਤ ਥਾਵਾਂ ਦੀ ਬਹੁਤ ਜ਼ਿਆਦਾ ਮੰਗ ਹੈ।
ਬਹੁਤ ਸਾਰੇ ਨਿਊਜ਼ੀਲੈਂਡ ਵਾਸੀ ਜੋ ਵਾਪਸ ਆਉਣਾ ਚਾਹੁੰਦੇ ਹਨ, ਇਨ੍ਹਾਂ ਕਾਰਨ ਉਹ ਲਗਭਗ ਦੋ ਸਾਲਾਂ ਤੋਂ ਆਪਣੇ ਦੇਸ਼ ਤੋਂ ਬਾਹਰ ਹਨ।
ਸ਼ਾਰਲੈਟ ਨੇ ਉਸ ਅਨੁਭਵ ਦੀ ਤੁਲਨਾ ਤਾਲੀਬਾਨ ਵੱਲੋਂ ਉਸ ਨਾਲ ਕੀਤੇ ਗਏ ਸਲੂਕ ਨਾਲ ਕੀਤੀ, ਜਿਸ ਵਿੱਚ ਉਸ ਨੇ ਉਨ੍ਹਾਂ ਨੂੰ ਇਹ ਪੁੱਛਣ ਲਈ ਸੰਪਰਕ ਕੀਤਾ ਸੀ ਕਿ ਕੀ ਉਸ ਨੂੰ ਅਫ਼ਗਾਨਿਸਤਾਨ ਵਿੱਚ ਇੱਕ ਅਣਵਿਆਹੀ ਗਰਭਵਤੀ ਔਰਤ ਵਜੋਂ ਸਵੀਕਾਰਿਆ ਜਾਵੇਗਾ?
ਜਦੋਂ ਉਨ੍ਹਾਂ ਨੇ ਤਾਲਿਬਾਨ ਦੇ ਸੀਨੀਅਰ ਅਧਿਕਾਰੀਆਂ ਨਾਲ ਗੱਲ ਕੀਤੀ, ਉਦੋਂ ਬੇਲਿਸ ਆਪਣੇ ਬੈਲਜੀਅਨ ਫੋਟੋ ਪੱਤਰਕਾਰ ਸਾਥੀ ਨਾਲ ਬੈਲਜੀਅਮ ਵਿੱਚ ਸੀ। ਉਨ੍ਹਾਂ ਦੇ ਵੀਜ਼ੇ ਦੀ ਮਿਆਦ ਖ਼ਤਮ ਹੋ ਰਹੀ ਸੀ।
ਅਫ਼ਗਾਨਿਸਤਾਨ ਹੀ ਇਕਲੌਤਾ ਦੇਸ਼ ਸੀ ਜਿੱਥੋਂ ਦਾ ਉਨ੍ਹਾਂ ਕੋਲ ਅਤੇ ਉਨ੍ਹਾਂ ਦੇ ਸਾਥੀ ਕੋਲ ਵੀਜ਼ਾ ਸੀ।
ਵੀਡੀਓ- ਸਮਝੋ ਕਿ ਤਾਲਿਬਾਨ ਨੇ ਕਿਵੇਂ ਕਬਜ਼ਾ ਕੀਤਾ
ਉਹ ਪਿਛਲੇ ਸਾਲ ਅਮਰੀਕੀ ਫੌਜਾਂ ਦੀ ਵਾਪਸੀ ਨੂੰ ਕਵਰ ਕਰਨ ਲਈ ਅਫ਼ਗਾਨਿਸਤਾਨ ਵਿੱਚ ਸਨ।
ਬੇਲਿਸ ਨੇ ਆਪਣੀ ਬੇਨਤੀ ਦੇ ਜਵਾਬ ਵਿੱਚ ਇੱਕ ਅਫ਼ਗਾਨਿਸਤਾਨ ਅਧਿਕਾਰੀ ਦਾ ਬਿਨਾ ਨਾਂ ਲਏ ਹਵਾਲੇ ਦਿੰਦਿਆਂ ਕਿਹਾ, "ਤੁਸੀਂ ਆ ਸਕਦੇ ਹੋ ਅਤੇ ਤੁਹਾਨੂੰ ਕੋਈ ਸਮੱਸਿਆ ਨਹੀਂ ਆਵੇਗੀ। ਬਸ! ਤੁਸੀਂ ਲੋਕਾਂ ਨੂੰ ਦੱਸੋ ਕਿ ਤੁਸੀਂ ਵਿਆਹੇ ਹੋਏ ਹੋ ਅਤੇ ਜੇਕਰ ਕੋਈ ਵਿਵਾਦ ਹੁੰਦਾ ਹੈ, ਤਾਂ ਤੁਸੀਂ ਸਾਨੂੰ ਫੋਨ ਕਰੋ।"
ਉਨ੍ਹਾਂ ਨੇ ਲਿਖਿਆ, "ਜਦੋਂ ਤਾਲੀਬਾਨ ਤੁਹਾਨੂੰ, ਇੱਕ ਗਰਭਵਤੀ, ਅਣਵਿਆਹੀ ਔਰਤ ਨੂੰ ਸੁਰੱਖਿਅਤ ਪਨਾਹ ਦੀ ਪੇਸ਼ਕਸ਼ ਕਰਦਾ ਹੈ, ਤਾਂ ਤੁਸੀਂ ਜਾਣਦੇ ਹੋ ਕਿ ਤੁਹਾਡੀ ਹਾਲਤ ਖ਼ਰਾਬ ਹੈ।"
ਅਣਵਿਆਹੀਆਂ ਅਫ਼ਗਾਨ ਮਾਵਾਂ ਨੇ ਤਾਲਿਬਾਨ ਅਧਿਕਾਰੀਆਂ ਦੁਆਰਾ ਬਾਰ-ਬਾਰ ਪ੍ਰੇਸ਼ਾਨ ਕੀਤੇ ਜਾਣ, ਆਪਣੇ ਬੱਚਿਆਂ ਨੂੰ ਛੱਡਣ ਲਈ ਦਬਾਅ ਪਾਉਣ ਅਤੇ ਉਨ੍ਹਾਂ ਦੇ ਹਿਰਾਸਤੀ ਅਧਿਕਾਰਾਂ ਨੂੰ ਖ਼ਤਰੇ ਵਿੱਚ ਪਾਉਣ ਦੀ ਰਿਪੋਰਟ ਕੀਤੀ ਹੈ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਉਸ ਦੇ ਕਾਲਮ ਦੀ ਕੀ ਪ੍ਰਤੀਕਿਰਿਆ ਸੀ?
ਬੇਲਿਸ ਦੇ ਕਾਲਮ ਦੇ ਪ੍ਰਕਾਸ਼ਿਤ ਹੋਣ ਤੋਂ ਬਾਅਦ, ਨਿਊਜ਼ੀਲੈਂਡ ਦੇ ਅਧਿਕਾਰੀਆਂ ਨੂੰ ਖਾਸ ਤੌਰ 'ਤੇ ਗਰਭਵਤੀ ਔਰਤਾਂ ਦੀ ਦੇਖਭਾਲ ਲਈ ਐਮਰਜੈਂਸੀ ਕੁਆਰੰਟੀਨ ਅਲਾਟਮੈਂਟ ਦੇ ਮਾਪਦੰਡ ਨੂੰ ਅਨੁਕੂਲ ਕਰਨ ਲਈ ਕਿਹਾ ਗਿਆ ਸੀ।
ਅਧਿਕਾਰੀਆਂ ਨੇ ਸੋਮਵਾਰ ਨੂੰ ਆਪਣੀ ਨੀਤੀ ਦਾ ਬਚਾਅ ਕਰਦਿਆਂ ਕਿਹਾ ਕਿ ਇਸ ਪ੍ਰਣਾਲੀ ਨੇ "ਨਿਊਜ਼ੀਲੈਂਡ ਦੀ ਬੇਮਿਸਾਲ ਸੇਵਾ ਕੀਤੀ ਹੈ, ਜਾਨਾਂ ਬਚਾਈਆਂ ਅਤੇ ਹਸਪਤਾਲ ਵਿੱਚ ਦਾਖ਼ਲ ਕਰਾਇਆ ਹੈ ਅਤੇ ਸਾਡੀ ਸਿਹਤ ਪ੍ਰਣਾਲੀ ਨੂੰ ਦਲਦਲ ਵਿੱਚ ਆਉਣ ਤੋਂ ਬਚਾ ਕੇ ਰੱਖਿਆ ਹੈ।''
ਸਰਕਾਰ ਨੇ ਇਹ ਵੀ ਕਿਹਾ ਕਿ ਬੇਲਿਸ ਨੂੰ ਇੱਕ ਵੱਖਰੀ ਐਮਰਜੈਂਸੀ ਸ਼੍ਰੇਣੀ ਤਹਿਤ ਦੁਬਾਰਾ ਵੀਜ਼ੇ ਲਈ ਅਰਜ਼ੀ ਦੇਣ ਦੀ ਸਲਾਹ ਦਿੱਤੀ ਗਈ ਸੀ।
ਇਹ ਅਸਪੱਸ਼ਟ ਹੈ ਕਿ ਅਜਿਹਾ ਹੋਇਆ ਸੀ, ਜਾਂ ਹੁਣ ਉਨ੍ਹਾਂ ਨੂੰ ਉਸ ਦੀ ਮੂਲ ਅਰਜ਼ੀ ਤਹਿਤ ਪ੍ਰਵੇਸ਼ ਦਿੱਤਾ ਗਿਆ ਹੈ।
ਬੇਲਿਸ ਨੇ ਕਿਹਾ ਸੀ ਕਿ ਉਸ ਦੇ ਸੰਘਰਸ਼ ਨੂੰ ਜਨਤਕ ਕਰਨ ਤੋਂ ਬਾਅਦ ਉਨ੍ਹਾਂ ਨੂੰ ਕਿਸੇ ਹੋਰ ਦੇਸ਼ ਵੱਲੋਂ ਸ਼ਰਨ ਦੀ ਪੇਸ਼ਕਸ਼ ਵੀ ਕੀਤੀ ਗਈ ਸੀ।
ਹਾਲਾਂਕਿ, ਉਨ੍ਹਾਂ ਦੀ ਕਹਾਣੀ ਦੀਆਂ ਕੁਝ ਨਿਰੀਖਕਾਂ, ਅਧਿਕਾਰ ਕਾਰਕੁਨਾਂ ਅਤੇ ਖੁਦ ਅਫ਼ਗਾਨਾਂ ਨੇ ਆਲੋਚਨਾ ਕੀਤੀ ਹੈ।
ਆਸਟਰੀਆਈ-ਅਫ਼ਗਾਨ ਪੱਤਰਕਾਰ ਇਮਰਾਨ ਫਿਰੋਜ਼ ਨੇ ਟਵੀਟ ਕੀਤਾ, "ਕਹਾਣੀ ਸਿਰਫ਼ ਇਸ ਗੱਲ ਦੀ ਨਿਰੰਤਰਤਾ ਹੈ ਕਿ ਤਾਲਿਬਾਨ ਵੱਲੋਂ ਗੈਰ-ਅਫ਼ਗਾਨ ਲੋਕਾਂ ਨਾਲ ਅਫ਼ਗਾਨ ਲੋਕਾਂ ….ਨਾਲੋਂ ਕਿਵੇਂ ਵੱਖਰਾ ਸਲੂਕ ਕੀਤਾ ਜਾਂਦਾ ਹੈ।"
ਉਨ੍ਹਾਂ ਨੇ ਕਿਹਾ, "ਅਫ਼ਗਾਨ ਵਜੋਂ ਦੇਖੇ ਜਾਣ ਵਾਲੇ ਪੱਤਰਕਾਰਾਂ ਨੂੰ ਅਕਸਰ ਧਮਕੀਆਂ, ਕੁੱਟਮਾਰ, ਤਸ਼ੱਦਦ ਅਤੇ ਕਤਲ ਦਾ ਸਾਹਮਣਾ ਕਰਨਾ ਪੈਂਦਾ ਹੈ ਜਦੋਂ ਕਿ ਗ਼ੈਰ-ਅਫ਼ਗਾਨ ... ਉਨ੍ਹਾਂ ਕੋਲ ਬਹੁਤ ਸਾਰੇ ਵਿਸ਼ੇਸ਼ ਅਧਿਕਾਰ ਸਨ ਅਤੇ ਹਰ ਪਾਸਿਓਂ ਉਨ੍ਹਾਂ ਦਾ ਸੁਆਗਤ ਕੀਤਾ ਗਿਆ ਅਤੇ ਨਰਮ ਵਿਵਹਾਰ ਕੀਤਾ ਗਿਆ ਸੀ।''
ਹਾਲ ਹੀ ਵਿੱਚ ਤਾਲੀਬਾਨ ਨੂੰ ਉਨ੍ਹਾਂ ਔਰਤ ਅਧਿਕਾਰ ਕਾਰਕੁਨਾਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਗਈ ਹੈ ਜਿਨ੍ਹਾਂ ਨੂੰ ਉਨ੍ਹਾਂ ਦੇ ਘਰਾਂ 'ਤੇ ਛਾਪੇਮਾਰੀ ਕਰਕੇ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਨਹੀਂ ਦੇਖਿਆ ਗਿਆ।
ਇਹ ਵੀ ਪੜ੍ਹੋ:-
ਇਹ ਵੀ ਦੇਖੋ: