ਕੋਰੋਨਾਵਾਇਰਸ: ਦਿਲ ਦੀਆਂ ਮਾਸਪੇਸ਼ੀਆਂ ਸੁੰਗੜਨ ਦੀ ਸਮੱਸਿਆ ਦਾ ਖ਼ਤਰਾ ਘੱਟ ਕਿਵੇਂ ਹੋ ਸਕਦਾ ਹੈ

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 4 ਮਿੰਟ

ਹਾਲ ਹੀ 'ਚ ਮਾਇਓ-ਕਾਰਡਾਈਟਿਸ ਸ਼ਬਦ ਕਾਫੀ ਜ਼ਿਆਦਾ ਪੜ੍ਹਿਆ-ਸੁਣਿਆ ਜਾ ਰਿਹਾ ਹੈ।

ਇਸ ਦਾ ਇੱਕ ਕਾਰਨ ਇਹ ਹੈ ਕਿ ਯੂਰਪੀਅਨ ਫਾਰਮਾਕੋ-ਵਿਜੀਲੈਂਸ ਰਿਸਕ ਅਸੈਸਮੈਂਟ ਕਮੇਟੀ (ਪੀਆਰਏਸੀ) ਨੇ ਇਸ ਨੂੰ ਕੋਰੋਨਵਾਇਰਸ ਲਈ mRNA ਤਕਨੀਕ ਨਾਲ ਬਣਾਏ ਟੀਕਿਆਂ ਦੇ ਇੱਕ ਨਵੇਂ ਦੁਸ਼ਪ੍ਰਭਾਵ ਵਜੋਂ ਸ਼ਾਮਲ ਕਰਨ ਦੀ ਸਿਫਾਰਸ਼ ਕੀਤੀ ਹੈ।

ਭਾਰਤ ਵਿੱਚ ਇਸ ਤਕਨੀਕ ਅਧਾਰਿਤ ਪਹਿਲੇ ਟੀਕੇ ਦਾ ਮਨੁੱਖੀ ਟ੍ਰਾਇਲ ਇਸੇ ਸਾਲ ਫਰਵਰੀ ਮਹੀਨੇ 'ਚ ਸ਼ੁਰੂ ਹੋਣ ਜਾ ਰਿਹਾ ਹੈ।

ਹਾਲਾਂਕਿ ਪੀਆਰਏਸੀ ਨੇ ਇਹ ਸਿੱਟਾ ਵੀ ਕੱਢਿਆ ਕਿ ਅਜਿਹਾ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ, ਅਜਿਹੇ ਲੋਕ ਵੀ ਹਨ ਜੋ ਇਸ ਤੋਂ ਇੰਨਾ ਡਰਦੇ ਹਨ ਕਿ ਟੀਕਾ ਨਾ ਲਗਵਾਉਣ ਨੂੰ ਤਰਜੀਹ ਦੇ ਰਹੇ ਹਨ।

ਇਸ ਸਮੁੱਚੇ ਮਸਲੇ ਨੂੰ ਹੇਠਾਂ ਦਿੱਤੇ ਤਿੰਨ ਸਵਾਲਾਂ ਰਾਹੀਂ ਬਿਹਤਰ ਸਮਝਿਆ ਜਾ ਸਕਦਾ ਹੈ-

1. ਮਾਇਓਕਾਰਡਾਈਟਿਸ ਕੀ ਹੈ?

ਇਹ ਦਿਲ ਦੀ ਇੱਕ ਖਾਸ ਮਾਸਪੇਸ਼ੀ ਨੂੰ ਮਾਇਓਕਾਰਡੀਅਮ ਕਿਹਾ ਜਾਂਦਾ ਹੈ। ਇਸ ਮਾਸਪੇਸ਼ੀ ਕਾਰਨ ਦਿਲ ਖੂਨ ਨੂੰ ਪੰਪ ਕਰਨ ਲਈ ਸੁੰਗੜਦਾ ਹੈ।

ਇਸ ਮਾਸਪੇਸ਼ੀ ਵਿੱਚ ਜਦੋਂ ਸੋਜ ਆ ਜਾਂਦੀ ਹੈ ਤਾਂ ਇਸਦਾ ਖੂਨ ਪੰਪ ਕਰਨ ਲਈ ਸੁੰਗੜਨ ਵਾਲਾ ਕੰਮ ਮੁਸ਼ਕਲ ਹੋ ਸਕਦਾ ਹੈ। ਮਾਇਓਕਾਰਡੀਅਮ ਮਾਸਪੇਸ਼ੀ ਦੀ ਇਸ ਸੋਜ ਨੂੰ ਹੀ ਮਾਇਓਕਾਰਡਾਈਟਿਸ ਕਿਹਾ ਜਾਂਦਾ ਹੈ।

ਸਟੈਨਫੋਰਡ ਯੂਨੀਵਰਸਿਟੀ ਵਿੱਚ ਲਾਗ ਦੀਆਂ ਬਿਮਾਰੀਆਂ ਦੇ ਡਾਕਟਰ ਅਤੇ ਹਸਪਤਾਲ ਦੇ ਮਹਾਂਮਾਰੀ ਵਿਗਿਆਨੀ ਡਾ. ਜੋਰਜ ਸੈਲੀਨਸ ਨੇ ਬੀਬੀਸੀ ਮੁੰਡੋ ਨਾਲ ਇੱਕ ਇੰਟਰਵਿਊ ਵਿੱਚ ਦੱਸਿਆ, "ਸਭ ਤੋਂ ਆਮ ਲੱਛਣ ਛਾਤੀ ਵਿੱਚ ਦਰਦ ਹੈ ਅਤੇ ਕੁਝ ਲੋਕਾਂ ਨੂੰ ਬੁਖਾਰ ਵੀ ਹੋ ਸਕਦਾ ਹੈ।

ਵਧੇਰੇ ਗੰਭੀਰ ਮਾਮਲੇ ਵਿੱਚ ਹਾਰਟ ਫੇਲ (ਦਿਲ ਦਾ ਫੇਲ੍ਹ ਹੋਣਾ) ਵੀ ਹੋ ਮਕਦਾ ਹੈ। ਅਜਿਹੇ 'ਚ ਮਰੀਜ਼ ਨੂੰ ਸਾਹ ਚੜ੍ਹਦਾ ਹੈ, ਲੱਤਾਂ ਵਿੱਚ ਸੋਜ ਹੋ ਸਕਦੀ ਹੈ ਅਤੇ ਬਹੁਤ ਜ਼ਿਆਦਾ ਗੰਭੀਰ ਮਾਮਲੇ ਵਿੱਚ ਮੌਤ ਵੀ ਹੋ ਸਕਦੀ ਹੈ।''

2. ਇਹ ਸਮੱਸਿਆ ਕਿਉਂ ਹੁੰਦੀ ਹੈ ਅਤੇ ਕੋਵਿਡ ਨਾਲ ਇਸਦਾ ਕੀ ਸਬੰਧ ਹੈ?

ਡਾ. ਜੌਰਜ ਸੈਲੀਨਸ ਕਹਿੰਦੇ ਹਨ, ਮਾਇਓਕਾਰਡਾਈਟਿਸ "ਲਾਗ ਤੋਂ ਬਾਅਦ, ਉਹ ਭਾਵੇਂ ਕੋਈ ਵੀ ਹੋਵੇ, ਜਾਂ ਸਾਡੇ ਇਮਿਊਨ ਸਿਸਟਮ ਦੇ ਫੇਲ੍ਹ ਹੋਣ ਕਾਰਨ" ਹੋ ਸਕਦਾ ਹੈ।

ਇਸ ਲਈ, ਕਿਉਂਕਿ ਕੋਵਿਡ ਇੱਕ ਵਾਇਰਸ ਹੈ ਜੋ ਸਰੀਰ ਨੂੰ ਸੰਕਰਮਿਤ ਕਰਦਾ ਹੈ, ਇਹ ਇਸ ਸੋਜ ਦਾ ਕਾਰਨ ਬਣ ਸਕਦਾ ਹੈ।

ਉਹ ਅੱਗੇ ਕਹਿੰਦੇ ਹਨ, "ਕੁਝ ਅਧਿਐਨਾਂ ਮੁਤਾਬਿਕ, ਕੋਵਿਡ ਵਾਲੇ ਲੋਕਾਂ ਵਿੱਚ ਮਾਇਓਕਾਰਡਾਈਟਿਸ ਦੇ ਮਾਮਲੇ ਪ੍ਰਤੀ 100,000 ਕੇਸਾਂ ਮਗਰ 100 ਤੋਂ ਵੱਧ ਹੋ ਸਕਦੇ ਹਨ, ਜਦਕਿ ਕੋਵਿਡ ਮਹਾਮਾਰੀ ਤੋਂ ਪਹਿਲਾਂ ਇਹ ਸੰਖਿਆ ਪ੍ਰਤੀ 100,000 ਵਿੱਚ ਇੱਕ ਤੋਂ 10 ਕੇਸਾਂ ਦੇ ਵਿਚਕਾਰ ਸੀ।''

''ਦੂਜੇ ਸ਼ਬਦਾਂ ਵਿਚ, ਕੋਰੋਨਵਾਇਰਸ ਦੀ ਲਾਗ ਮਾਇਓਕਾਰਡਾਈਟਿਸ ਹੋਣ ਦੇ ਜੋਖਮ ਨੂੰ 10 ਗੁਣਾ ਤੋਂ ਵੱਧ ਵਧਾਉਂਦੀ ਪ੍ਰਤੀਤ ਹੁੰਦੀ ਹੈ।''

ਇਕ ਹੋਰ ਵਿਸ਼ਾ ਹੈ ਮਾਇਓਕਾਰਡਾਈਟਿਸ ਦੀ ਗੰਭੀਰਤਾ, ਕਿਉਂਕਿ ਜਿਵੇਂ ਕਿ ਇਹ ਕੋਰੋਨਵਾਇਰਸ ਨਾਲ ਹੁੰਦਾ ਹੈ, ਜ਼ਿਆਦਾਤਰ ਮਾਮਲਿਆਂ ਵਿੱਚ ਇਸਦਾ ਪ੍ਰਭਾਵ ਹਲਕਾ ਹੀ ਹੁੰਦਾ ਹੈ, ਪਰ ਇਹ ਗੰਭੀਰ ਬਣ ਸਕਦਾ ਹੈ।

ਡਾ. ਜੌਰਜ ਸੈਲੀਨਸ ਅਨੁਸਾਰ, "ਜੇ ਤੁਸੀਂ ਇਮਿਊਨ ਸਿਸਟਮ ਨੂੰ ਆਪਣੇ ਆਪ ਕੰਮ ਕਰਨ ਦਿੰਦੇ ਹੋ, ਤਾਂ ਇਸਦਾ ਪ੍ਰਤੀਕਰਮ ਹਰੇਕ ਵਿਅਕਤੀ ਵਿੱਚ ਬਹੁਤ ਵੱਖਰਾ ਹੁੰਦਾ ਹੈ, ਪਰ ਜੇਕਰ ਵਿਅਕਤੀ ਨੂੰ ਟੀਕਾ ਲੱਗਿਆ ਹੋਇਆ ਹੈ ਅਤੇ ਮਾਇਓਕਾਰਡਾਈਟਿਸ ਦੇ ਲੱਛਣ ਦਿਖਾਈ ਦਿੰਦੇ ਹਨ, ਤਾਂ ਅਸੀਂ ਜਾਣਦੇ ਕਿ ਇਹ ਹਲਕਾ ਰਹੇਗਾ।"

3. ਕੀ ਕੋਵਿਡ ਦੇ ਵਿਰੁੱਧ ਟੀਕਾ ਲਗਵਾਉਣਾ ਜੋਖਮ ਨੂੰ ਵਧਾਉਂਦਾ ਹੈ, ਭਾਵੇਂ ਇਹ ਮਾਮੂਲੀ ਕਿਉਂ ਨਾ ਹੋਵੇ?

ਸੈਲੀਨਸ ਦੇ ਅਨੁਸਾਰ, ਇਹ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੈ ਕਿ ਟੀਕੇ ਮਾਇਓਕਾਰਡਾਈਟਿਸ ਦਾ ਕਾਰਨ ਬਣਦੇ ਹਨ, ਪਰ ਇਹ ਹੋ ਸਕਦਾ ਹੈ। ਫਿਰ ਵੀ ਇਹ ਘਟਨਾਵਾਂ ਕਾਫ਼ੀ ਘੱਟ ਹਨ।

ਹਾਰਵਰਡ ਯੂਨੀਵਰਸਿਟੀ ਅਤੇ ਕਲਾਟ ਰਿਸਰਚ ਇੰਸਟੀਚਿਊਟ ਦੇ ਸਹਿਯੋਗ ਨਾਲ ਕਰਵਾਏ ਗਏ ਅਤੇ ਦਿ ਨਿਊ ਇੰਗਲੈਂਡ ਜਰਨਲ ਆਫ਼ ਮੈਡੀਸਨ ਵਿੱਚ ਪ੍ਰਕਾਸ਼ਿਤ ਇੱਕ ਇਜ਼ਰਾਈਲੀ ਅਧਿਐਨ ਦੇ ਅਨੁਸਾਰ:

"ਇੱਕ ਇਜ਼ਰਾਈਲੀ ਸਿਹਤ ਪ੍ਰਣਾਲੀ ਦੇ ਮਰੀਜ਼ਾਂ ਵਿੱਚ, ਜਿਨ੍ਹਾਂ ਲੋਕਾਂ ਨੇ BNT162b2 mRNA ਵੈਕਸੀਨ ਦੀ ਘੱਟੋ-ਘੱਟ ਇੱਕ ਲਗਵਾਈ ਸੀ, ਮਾਇਓਕਾਰਡਾਈਟਿਸ ਦੇ ਅਨੁਮਾਨਿਤ ਮਾਮਲੇ ਪ੍ਰਤੀ 100,000 ਲੋਕਾਂ ਮਗਰ 2.13 ਸਨ; ਸਭ ਤੋਂ ਵੱਧ ਮਾਮਲੇ 16 ਤੋਂ 29 ਸਾਲ ਦੀ ਉਮਰ ਦੇ ਪੁਰਸ਼ ਮਰੀਜ਼ਾਂ ਵਿੱਚ ਸਨ। ਮਾਇਓਕਾਰਡਾਈਟਿਸ ਦੇ ਜ਼ਿਆਦਾਤਰ ਕੇਸ ਹਲਕੀ ਜਾਂ ਦਰਮਿਆਨੀ ਗੰਭੀਰਤਾ ਵਾਲੇ ਸਨ।"

ਡਾ. ਜੌਰਜ ਸਮਝਾਉਂਦੇ ਹੋਏ ਕਹਿੰਦੇ ਹਨ, ਕਿਸੇ ਵੀ ਸਥਿਤੀ ਵਿੱਚ "ਟੀਕਾ ਲਗਾਉਣ ਨਾਲ, ਅਸੀਂ ਜੋ ਕਰ ਰਹੇ ਹਾਂ ਉਹ ਮਾਇਓਕਾਰਡਾਈਟਿਸ ਹੋਣ ਦੇ ਖ਼ਤਰੇ ਨੂੰ ਘਟਾ ਰਿਹਾ ਹੈ। ਕਿਉਂਕਿ ਜੇਕਰ ਤੁਸੀਂ ਟੀਕਾ ਨਹੀਂ ਲਗਵਾਉਂਦੇ, ਤਾਂ ਤੁਹਾਨੂੰ ਕੋਵਿਡ ਹੋ ਜਾਵੇਗਾ ਅਤੇ ਜੇਕਰ ਤੁਹਾਨੂੰ ਕੋਵਿਡ ਹੋਵੇਗਾ ਤਾਂ ਮਾਇਓਕਾਰਡਾਈਟਿਸ ਦਾ ਖ਼ਤਰਾ ਵੀ ਵਧ ਜਾਵੇਗਾ ਅਤੇ ਇਸਦੀ ਗੰਭੀਰਤਾ ਦੀ ਭਵਿੱਖਬਾਣੀ ਨਹੀਂ ਹੋ ਸਕੇਗੀ।"

ਉਹ ਅੱਗੇ ਕਹਿੰਦੇ ਹਨ, "ਜੇ ਤੁਸੀਂ ਟੀਕਾ ਲਗਾਉਂਦੇ ਹੋ, ਤਾਂ ਤੁਹਾਨੂੰ ਜੋਖਮ ਘਟ ਜਾਂਦਾ ਹੈ ਅਤੇ ਜੇਕਰ ਤੁਹਾਨੂੰ ਮਾਇਓਕਾਰਡਾਈਟਿਸ ਹੁੰਦਾ ਹੈ, ਤਾਂ ਇਹ ਸੰਭਾਵੀ ਤੌਰ 'ਤੇ ਹਲਕਾ ਹੋਵੇਗਾ।"

ਹੁਣ, ਮੰਨ ਲਓ ਕਿ ਕਿਸੇ ਵਿਅਕਤੀ ਨੂੰ ਦਿਲ ਦੀ ਬਿਮਾਰੀ ਹੈ, ਇਸ ਲਈ ਉਸਨੂੰ ਡਰ ਹੈ ਕਿ ਟੀਕਾ ਲਗਵਾਉਣ ਨਾਲ ਇਹ ਸਥਿਤੀ ਹੋਰ ਵਿਗੜ ਜਾਵੇਗੀ।

ਉਸ ਸਥਿਤੀ ਵਿੱਚ, "ਕੋਵਿਡ ਬਿਮਾਰੀ ਤੁਹਾਡੀ ਜ਼ਿੰਦਗੀ ਨੂੰ ਜੋਖਮ ਵਿੱਚ ਪਾਉਂਦੀ ਹੈ, ਇਸ ਲਈ ਗੰਭੀਰ ਰੂਪ ਵਿੱਚ ਬਿਮਾਰ ਹੋਣ ਦਾ ਜੋਖਮ, ਹਲਕੇ ਅਤੇ ਵੈਕਸੀਨ ਨਾਲ ਜੁੜੇ ਅਸੰਭਵ ਮਾਇਓਕਾਰਡਾਈਟਿਸ ਨਾਲੋਂ ਵੱਧ ਹੁੰਦਾ ਹੈ।"

"ਟੀਕਿਆਂ ਦੀ ਖਾਸ ਗੱਲ ਇਹ ਹੈ ਕਿ ਉਹ ਸਾਡੇ ਸਰੀਰ ਨੂੰ ਲਾਗ ਨਾ ਹੋਣ ਦੀ ਸਿਖਲਾਈ ਦਿੰਦੇ ਹਨ ਅਤੇ ਇਸ ਲਈ ਜੇ ਸਾਨੂੰ ਲਾਗ ਹੋ ਵੀ ਜਾਂਦੀ ਹੈ ਤਾਂ ਇਹ ਇੱਕ ਕ੍ਰਮਬੱਧ ਤਰੀਕੇ ਨਾਲ ਹੀ ਪ੍ਰਤੀਕ੍ਰਿਆ ਕਰ ਸਕਦਾ ਹੈ।

ਮਾਹਿਰ ਇਸ ਨਤੀਜੇ 'ਤੇ ਪਹੁੰਚਦੇ ਹਨ ਕਿ "ਜਦੋਂ ਵਾਇਰਸ ਸਰੀਰ ਵਿੱਚ ਪਹੁੰਚਦਾ ਹੈ, ਤਾਂ ਇਹ ਇਸ ਨਾਲ ਲੜਨ ਲਈ ਆਦੇਸ਼ਬੱਧ ਰੁਕਾਵਟਾਂ ਦੀ ਇੱਕ ਲੜੀ ਸਥਾਪਤ ਕਰਦਾ ਹੈ; ਹਾਲਾਂਕਿ, ਜਦੋਂ ਕਿਸੇ ਵਿਅਕਤੀ ਨੂੰ ਟੀਕਾ ਨਹੀਂ ਲੱਗਿਆ ਹੁੰਦਾ ਅਤੇ ਵਾਇਰਸ ਸਰੀਰ ਵਿੱਚ ਦਾਖਲ ਹੁੰਦਾ ਹੈ, ਤਾਂ ਇਮਿਊਨ ਸਿਸਟਮ ਇੱਕ ਬੇਧੜਕ ਤਰੀਕੇ ਨਾਲ ਕੰਮ ਕਰ ਸਕਦਾ ਹੈ ਅਤੇ ਇਸ ਸਥਿਤੀ ਵਿੱਚ ਇਹ ਮਾਇਓਕਾਰਡਾਈਟਿਸ ਦਾ ਕਾਰਨ ਬਣ ਸਕਦਾ ਹੈ।"

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)