ਜਦੋਂ ਮੌਤ ਦੀ ਸਜ਼ਾ ਦਾ ਇੰਤਜ਼ਾਰ ਕਰ ਰਹੇ ਕੈਦੀਆਂ ਨੂੰ ਕਿਹਾ, ‘ਚੇਚਕ ਦਾ ਟੀਕਾ ਲਗਵਾਓ, ਰਿਹਾਈ ਪਾਓ’

    • ਲੇਖਕ, ਟੋਮ ਸੋਲੋਮਨ
    • ਰੋਲ, ਦਿ ਕਨਵਰਸੇਸ਼ਨ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 6 ਮਿੰਟ

ਕੋਵਿਡ-19 ਦੇ ਵਿਰੁੱਧ ਟੀਕਾਕਰਨ 'ਚ ਹੋਈ ਬੇਮਿਸਾਲ ਤਰੱਕੀ ਨੇ ਵਿਸ਼ਵ ਦਾ ਧਿਆਨ ਟੀਕਿਆਂ ਦੀ ਸਾਰਥਕਤਾ ਵੱਲ ਕੇਂਦਰਿਤ ਕੀਤਾ ਹੈ।

ਬਹੁਤ ਸਾਰੇ ਲੋਕ ਜਾਣਦੇ ਹਨ ਕਿ ਅੱਜ ਤੋਂ ਲਗਭਗ 250 ਸਾਲ ਪਹਿਲਾਂ ਬ੍ਰਿਟੇਨ ਦੇ ਗਲੋਸਟਰਸ਼ਾਇਰ 'ਚ ਐਡਵਰਡ ਜੇਨਰ ਵੱਲੋਂ ਚੇਚਕ ਦੇ ਟੀਕੇ ਦੀ ਖੋਜ ਕੀਤੀ ਗਈ ਸੀ।

ਪਰ ਲੇਡੀ ਮੈਰੀ ਵੋਰਟਲੀ ਮੇਂਟੋਗੂ ਬਾਰੇ ਬਹੁਤ ਘੱਟ ਲੋਕਾਂ ਨੇ ਸੁਣਿਆ ਹੈ।

ਉਹ ਉੱਚ ਸਮਾਜ ਦੀ ਔਰਤ ਸੀ, ਜਿਸ ਦੇ ਮੋਹਰੀ ਟੀਕਾਕਰਨ ਪ੍ਰਯੋਗਾਂ ਨੇ ਜੇਨਰ ਦੀ ਖੋਜ ਦੀ ਨੀਂਹ ਰੱਖੀ ਸੀ, ਪਰ ਉਸ ਦੇ ਇਸ ਬਹੁਮੁੱਲੇ ਯੋਗਦਾਨ ਨੂੰ ਹਰ ਕੋਈ ਭੁੱਲੀ ਬੈਠਾ ਹੈ।

ਇਹ ਸਾਲ ਜੋ ਕਿ ਉਨ੍ਹਾਂ ਦੇ ਅਸਾਧਾਰਨ ਮਨੁੱਖੀ ਪ੍ਰਯੋਗਾਂ ਦੀ 300ਵੀਂ ਵਰ੍ਹੇਗੰਢ ਦਾ ਪ੍ਰਤੀਕ ਹੈ, ਸਾਡੇ ਕੋਲ ਜਨਤਕ ਸਿਹਤ ਲਈ ਉਨ੍ਹਾਂ ਦੇ ਅਦਭੁਤ ਯੋਗਦਾਨ ਨੂੰ ਮੁੜ ਵੇਖਣ ਲਈ ਵਧੀਆ ਮੌਕਾ ਹੈ।

ਪ੍ਰਗਤੀਸ਼ੀਲ ਵਿਚਾਰ

ਮੈਰੀ ਪਿਅਰੇਪੋਂਟ ਦਾ ਜਨਮ 1689 ਹੋਇਆ ਸੀ ਅਤੇ ਉਹ ਇੱਕ ਜ਼ਿੰਦਾਦਿਲ ਅਤੇ ਮਜ਼ਬੂਤ ਔਰਤ ਸੀ। ਉਨ੍ਹਾਂ ਨੇ ਹਮੇਸ਼ਾ ਹੀ ਕਵਿਤਾਵਾਂ ਅਤੇ ਚਿੱਠੀਆਂ ਰਾਹੀਂ ਆਪਣੇ ਵਿਚਾਰ ਰੱਖੇ ਅਤੇ ਨਾਲ ਹੀ ਸਮਾਜ 'ਚ ਔਰਤਾਂ ਦੀ ਭੂਮਿਕਾ ਸਬੰਧੀ ਅਗਾਂਹਵਧੂ ਵਿਚਾਰ ਪੇਸ਼ ਕੀਤੇ।

ਮਾਪਿਆਂ ਦੀ ਮਰਜ਼ੀ ਨਾਲ ਵਿਆਹ ਕਰਵਾਉਣ ਤੋਂ ਬਚਣ ਦੇ ਮਕਸਦ ਨਾਲ ਉਹ 23 ਸਾਲ ਦੀ ਉਮਰ 'ਚ ਹੀ ਘਰੋਂ ਭੱਜ ਗਈ ਅਤੇ ਉਨ੍ਹਾਂ ਨੇ ਸੈਂਡਵਿਚ ਦੇ ਪਹਿਲੇ ਅਰਲ ਦੇ ਪੋਤੇ ਐਡਵਰਡ ਵੌਰਟਲੇ ਮੋਂਟੈਗੋ ਨਾਲ ਵਿਆਹ ਕਰਾ ਲਿਆ।

1716 'ਚ ਐਡਵਰਡ ਓਟੋਮਨ ਸਾਮਰਾਜ ਦੀ ਰਾਜਧਾਨੀ ਇਸਤਾਂਬੁਲ 'ਚ ਇੰਗਲੈਂਡ ਦਾ ਰਾਜਦੂਤ ਬਣਿਆ।

ਇੱਥੋਂ ਹੀ ਵੌਰਟਲੇ ਮੋਂਟੈਗੋ ਨੇ ਆਪਣੇ ਲੇਖਾਂ 'ਚ ਪੂਰਬੀ ਜੀਵਨ, ਖਾਸ ਕਰਕੇ ਤੁਰਕੀ ਔਰਤਾਂ ਦੇ, ਜਿਨ੍ਹਾਂ ਦੇ ਪਹਿਰਾਵੇ, ਜੀਵਨ ਸ਼ੈਲੀ ਅਤੇ ਪਰੰਪਰਾਵਾਂ ਨੇ ਉਸ ਨੂੰ ਪ੍ਰਭਾਵਿਤ ਕੀਤਾ, ਬਾਰੇ 'ਚ ਵਿਸਥਾਰ ਨਾਲ ਵਰਣਨ ਕੀਤਾ।

ਖ਼ਤਰਨਾਕ ਚੇਚਕ ਦੇ ਖਿਲਾਫ ਉਨ੍ਹਾਂ ਦਾ ਟੀਕਾਕਰਨ ਦਾ ਤਰੀਕਾ ਸਭ ਤੋਂ ਵੱਧ ਧਿਆਨ ਦੇਣ ਵਾਲਾ ਸੀ।

ਇਹ ਵੀ ਪੜ੍ਹੋ-

"ਗਰਾਫਟਸ" ਦੇ ਨਾਲ ਇਲਾਜ

ਲੰਮੇ ਸਮੇਂ ਤੋਂ ਇਹ ਧਾਰਨਾ ਹੈ ਕਿ ਜੋ ਲੋਕ ਇਸ ਬਿਮਾਰੀ ਨਾਲ ਇੱਕ ਵਾਰ ਹੀ ਹੋ ਸਕਦੀ ਹੈ ਤੇ ਜੇ ਇਹ ਬਚ ਜਾਂਦੇ ਹਨ ਤਾਂ ਉਹ ਪੂਰੀ ਜ਼ਿੰਦਗੀ ਸੁਰੱਖਿਅਤ ਰਹਿੰਦੇ ਹਨ।

ਰਹਿੰਦੀ ਜ਼ਿੰਦਗੀ ਤੱਕ ਉਨ੍ਹਾਂ 'ਚ ਇਸ ਬਿਮਾਰੀ ਖਿਲਾਫ ਪ੍ਰਤੀਰੋਧਕ ਸ਼ਕਤੀ ਆ ਜਾਂਦੀ ਹੈ।

ਇੱਕ ਕੁਦਰਤੀ ਲਾਗ ਦੇ ਜੋਖ਼ਮ ਦੀ ਬਜਾਏ, ਜਿਸ 'ਚ ਉੱਚ ਮੌਤ ਦਰ ਸੀ, ਵਡੇਰੀ ਉਮਰ ਦੀਆਂ ਤੁਰਕੀ ਔਰਤਾਂ ਨੇ ਬੱਚਿਆਂ 'ਚ ਇੱਕ ਹਲਕੇ ਕੇਸ ਨੂੰ ਪੈਦਾ ਕਰਨ ਦਾ ਯਤਨ ਕੀਤਾ, ਜਿਸ ਨੂੰ ਉਹ 'ਗ੍ਰਾਫਟ' ਕਹਿੰਦੇ ਹਨ।

ਚੇਚਕ ਦੀ ਬਿਮਾਰੀ ਨਾਲ ਪ੍ਰਭਾਵਿਤ ਲੋਕਾਂ ਦੇ ਸਰੀਰ 'ਤੇ ਫਿੰਸੀਆ ਅਤੇ ਪਪੜੀ ਬਣ ਜਾਂਦੀਆਂ ਹਨ।

ਔਰਤਾਂ ਨੇ ਇੱਕ ਮਰੀਜ਼ ਦੀ ਫਿੰਸੀ 'ਚੋਂ ਪਸ ਕੱਢੀ ਅਤੇ ਉਸ ਨੂੰ ਉਸ ਵਿਅਕਤੀ ਦੀ ਬਾਂਹ 'ਚ ਬਣੇ ਚੀਰੇ 'ਚ ਪਾ ਦਿੱਤਾ, ਜਿਸ ਨੂੰ ਉਹ ਬਚਾਉਣਾ ਚਾਹੁੰਦੇ ਸਨ।

ਇਹ ਆਮ ਤੌਰ 'ਤੇ ਹਲਕੇ ਲੱਛਣਾਂ ਦੇ ਨਤੀਜੇ ਵੱਜੋਂ ਹੁੰਦਾ ਹੈ, ਜਿਸ ਤੋਂ ਬਾਅਦ ਜ਼ਿੰਦਗੀ ਨੂੰ ਕੋਈ ਖਤਰਾ ਨਹੀਂ ਹੁੰਦਾ ਹੈ।

ਵੌਰਟਲੇ ਲਿਖਦੀ ਹੈ ਕਿ "ਇੱਥੇ ਬਜ਼ੁਰਗ ਔਰਤਾਂ ਦਾ ਇੱਕ ਸਮੂਹ ਹੈ ਜੋ ਕਿ ਹਰ ਸਥਿਤੀ 'ਚ ਆਪਰੇਸ਼ਨ ਕਰਨ ਲਈ ਸਮਰਪਿਤ ਹੈ। ਹਜ਼ਾਰਾਂ ਹੀ ਲੋਕ ਇਸ ਪ੍ਰਕਿਰਿਆ 'ਚੋਂ ਲੰਘਦੇ ਹਨ ਅਤੇ ਕਿਸੇ ਵੀ ਮੌਤ ਦੀ ਇੱਕ ਵੀ ਮਿਸਾਲ ਨਹੀਂ ਹੈ।"

ਵੌਰਟਲੇ ਖੁਦ ਵੀ ਚੇਚਕ ਨਾਲ ਪ੍ਰਭਾਵਿਤ ਹੋਈ ਸੀ ਅਤੇ ਉਨ੍ਹਾਂ ਨੇ ਇਸ ਨੂੰ ਟੱਕਰ ਤਾਂ ਦਿੱਤੀ ਪਰ ਉਨ੍ਹਾਂ ਦੇ ਮੂੰਹ 'ਤੇ ਦਾਗ ਜ਼ਰੂਰ ਪੈ ਗਏ ਸਨ। ਪਰ ਉਨ੍ਹਾਂ ਦੇ ਭਰਾ ਦੀ ਇਸ ਬਿਮਾਰੀ 'ਚ ਮੌਤ ਹੋ ਗਈ ਸੀ।

ਉਹ ਆਪਣੇ ਜਵਾਨ ਪੁੱਤਰ ਨੂੰ ਇਸ ਬਿਮਾਰੀ ਦਾ ਸ਼ਿਕਾਰ ਨਹੀਂ ਹੋਣ ਦੇਣਾ ਚਾਹੁੰਦੀ ਸੀ । ਇਸ ਲਈ ਉਨ੍ਹਾਂ ਨੇ ਦੂਤਾਵਾਸ ਦੇ ਸਰਜਨ ਨੂੰ ਟੀਕਾ ਲਗਾਉਣ ਲਈ ਵੀ ਮਨਾ ਲਿਆ ਸੀ।

ਉਨ੍ਹਾਂ ਨੇ ਆਪਣੇ ਪਤੀ ਨੂੰ ਇੱਕ ਚਿੱਠੀ 'ਚ ਲਿਖਿਆ, "ਬੱਚੇ ਨੂੰ ਪਿਛਲੇ ਮੰਗਲਵਾਰ ਨੂੰ ਗ੍ਰਾਫਟ ਕੀਤਾ ਗਿਆ ਸੀ ਅਤੇ ਇਸ ਸਮੇਂ ਉਹ ਠੀਕ ਹੈ ਅਤੇ ਗਾਣਾ ਗਾ ਰਿਹਾ ਹੈ ਅਤੇ ਖੇਡ ਕੁੱਦ ਰਿਹਾ ਹੈ।"

ਉਹ ਇੰਗਲੈਂਡ 'ਚ ਇਸ ਉਪਯੋਗੀ ਕਾਢ ਨੂੰ ਪ੍ਰਚਲਿਤ ਕਰਨ ਲਈ ਦ੍ਰਿੜ ਸੀ।

ਦੋ ਕੁ ਸਾਲਾਂ ਬਾਅਦ ਉਹ ਘਰ ਵਾਪਸ ਪਰਤਿਆ ਸੀ। 1721 'ਚ ਚੇਚਕ ਦੀ ਮਹਾਮਾਰੀ ਫੈਲੀ ਹੋਈ ਸੀ ਅਤੇ ਵੌਰਟਲੇ ਮੋਂਟੈਗੋ ਨੇ ਦੂਤਾਵਾਸ ਦੇ ਡਾਕਟਰ, ਜੋ ਕਿ ਉਨ੍ਹਾਂ ਨਾਲ ਹੀ ਲੰਡਨ ਆਏ ਸਨ, ਨੂੰ ਉਸ ਦੀ ਜਵਾਨ ਧੀ ਨੂੰ ਗ੍ਰਾਫਟ ਕਰਨ ਲਈ ਕਿਹਾ, ਜਿਸ ਨੂੰ ਟੀਕਾ ਨਹੀਂ ਲੱਗਿਆ ਸੀ।

ਆਪਣੇ ਵੱਕਾਰ ਬਾਰੇ ਚਿੰਤਤ, ਡਾਕਟਰ ਨੇ ਕਈ ਡਾਕਟਰੀ ਗਵਾਹਾਂ ਨੂੰ ਪ੍ਰਕਿਰਿਆ ਦਾ ਪਾਲਣ ਕਰਨ ਲਈ ਕਿਹਾ।

ਅਪ੍ਰੈਲ 1721 'ਚ ਡਾਕਟਰ ਨੇ ਜਵਾਨ ਮੈਰੀ ਐਲਿਸ ਨੂੰ ਟੀਕਾ ਲਗਾਇਆ। ਇਹ ਪਹਿਲੀ ਵਾਰ ਸੀ ਜਦੋਂ ਇਹ ਪ੍ਰਕਿਰਿਆ ਯੂਕੇ 'ਚ ਕੀਤੀ ਗਈ ਸੀ।

ਹਾਲਾਂਕਿ ਉਸ ਪ੍ਰਕਿਰਿਆ ਨੂੰ ਵੇਖਣ ਵਾਲੇ ਪ੍ਰਭਾਵਿਤ ਹੋਏ ਸਨ, ਪਰ ਦੂਜੇ ਲੋਕਾਂ ਨੂੰ ਇਸ ਖ਼ਤਰਨਾਕ ਅਤੇ ਵਿਦੇਸ਼ੀ ਅਭਿਆਸ, ਇਲਾਜ ਬਾਰੇ ਸ਼ੱਕ ਸੀ।

ਵੌਰਟਲੀ ਮੋਂਟੈਗੋ ਅਤੇ ਉਨ੍ਹਾਂ ਦੀ ਧੀ ਨੇ ਚੇਚਕ ਨਾਲ ਪ੍ਰਭਾਵਿਤ ਘਰਾਂ ਦਾ ਦੌਰਾ ਕੀਤਾ ਅਤੇ ਦੱਸਿਆ ਕਿ ਵੇਖੋ ਕੁੜੀ ਪੂਰੀ ਤਰ੍ਹਾਂ ਸੁਰੱਖਿਅਤ ਹੈ।

ਪਰ ਫਿਰ ਵੀ ਬਹੁਤ ਸਾਰੇ ਡਾਕਟਰ ਇਸ ਇਲਾਜ ਬਾਰੇ ਸੁਚੇਤ ਰਹੇ। ਕੀ ਇਹ ਇੱਕ ਜੋਖਮ ਭਰੀ ਪ੍ਰਕਿਰਿਆ ਨਹੀਂ ਸੀ? ਕੀ ਹੁੰਦਾ ਜੇਕਰ ਇਹ ਇੱਕ ਖਤਰਨਾਕ ਜਾਂ ਗੰਭੀਰ ਬਿਮਾਰੀ ਦਾ ਕਾਰਨ ਬਣਦਾ ਹੈ?

ਟੀਕਾਕਰਨ ਜਾਂ ਮੌਤ

ਅਗਸਤ 1721 'ਚ ਲੰਡਨ ਦੀ ਨਿਊਗੇਟ ਜੇਲ੍ਹ 'ਚ ਇੱਕ ਅਸਾਧਾਰਨ ਪ੍ਰਯੋਗ ਕੀਤਾ ਗਿਆ ਸੀ, ਜਿਸ ਨੇ ਚੇਚਕ ਦੇ ਟੀਕੇ ਦੇ ਲਾਭ ਬਾਰੇ ਲੋਕਾਂ ਨੂੰ ਮਨਾਉਣ ਜਾਂ ਸਹਿਮਤੀ ਕਾਇਮ ਕਰਨ 'ਚ ਮਦਦ ਕੀਤੀ ਸੀ।

ਫਾਂਸੀ ਦੀ ਸਜ਼ਾ ਭੁਗਤ ਰਹੇ ਕਈ ਕੈਦੀਆਂ ਨੂੰ ਚੇਚਕ ਦੇ ਵਿਰੁੱਧ ਟੀਕਾਕਰਨ ਕਰਨ ਦਾ ਮੌਕਾ ਦਿੱਤਾ ਗਿਆ ਸੀ ਅਤੇ ਕਿਹਾ ਗਿਆ ਸੀ ਕਿ ਜੇਕਰ ਉਹ ਬਚ ਜਾਂਦੇ ਤਾਂ ਉਨ੍ਹਾਂ ਨੂੰ ਰਿਹਾਅ ਕੀਤੇ ਜਾਣ ਦੀ ਸੰਭਾਵਨਾ ਸੀ।

ਉਨ੍ਹਾਂ ਸਾਰਿਆਂ ਨੇ ਇਸ ਪੇਸ਼ਕਸ਼ ਨੂੰ ਸਵੀਕਾਰ ਕੀਤਾ ਅਤੇ ਇਸ ਦੀ ਇਤਿਹਾਸਕ ਕਹਾਣੀ ਸੁਣਾਉਣ ਲਈ ਜ਼ਿੰਦਾ ਰਹੇ।

ਇਹ ਦਰਸਾਉਣ ਲਈ ਕਿ ਟੀਕਾਕਰਨ ਅਸਲ 'ਚ ਬਿਮਾਰੀ ਤੋਂ ਬਚਾਅ ਕਰਦਾ ਹੈ, ਉਨ੍ਹਾਂ ਕੈਦੀਆਂ 'ਚੋਂ ਇੱਕ ਕੈਦੀ ਨੂੰ ਚੇਚਕ ਨਾਲ ਪ੍ਰਭਾਵਿਤ ਇੱਕ ਮੁੰਡੇ ਦੀ ਦੇਖਰੇਖ ਲਈ ਭੇਜਿਆ ਗਿਆ ਸੀ, ਅਤੇ ਉਹ ਬਿਮਾਰ ਹੋਏ ਬਿਨ੍ਹਾਂ ਛੇ ਹਫ਼ਤਿਆਂ ਤੱਕ ਹਰ ਰਾਤ ਉਸ ਨਾਲ ਹੀ ਸੌਂਦੀ ਰਹੀ ਸੀ।

ਹਾਲਾਂਕਿ ਟੀਕਾਕਰਨ ਨਾਲ ਵਿਵਾਦ ਜੁੜਿਆ ਰਿਹਾ, ਕੁਝ ਧਾਰਮਿਕ ਅਤੇ ਡਾਕਟਰੀ ਧਿਰਾਂ ਵੱਲੋਂ ਇਸ ਦਾ ਵਿਰੋਧ ਵੀ ਕੀਤਾ ਗਿਆ, ਪਰ ਇਸ ਜੇਲ੍ਹ 'ਚ ਹੋਏ ਪ੍ਰਯੋਗ ਨੇ " ਵੈਰੀਓਲਾਈਜੇਸ਼ਨ" ਦੀ ਮੁਹਿੰਮ ਨੂੰ ਮਜ਼ਬੂਤ ਕੀਤਾ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਉਹ ਪ੍ਰਕਿਰਿਆ ਜਿਸ ਨੇ ਹਜ਼ਾਰਾਂ ਹੀ ਜਾਨਾਂ ਬਚਾਈਆਂ

ਵੇਲਜ਼ ਦੀ ਰਾਜਕੁਮਾਰੀ, ਜੋ ਕਿ ਵੌਰਟਲੇ ਮੋਂਟੈਗੋ ਦੀ ਦੋਸਤ ਸੀ, ਨੂੰ ਇਸ ਟੀਕੇ 'ਤੇ ਵਿਸ਼ਵਾਸ ਹੋ ਗਿਆ ਸੀ ਅਤੇ ਉਨ੍ਹਾਂ ਨੇ ਆਪਣੇ ਬੱਚਿਆਂ ਦਾ ਟੀਕਾਕਰਨ ਕਰਵਾਇਆ ਸੀ।

ਪੂਰੇ ਯੂਰੋਪ 'ਚ ਰਾਇਲਟੀ ਨੇ ਇਸ ਦਾ ਪਾਲਣ ਕੀਤਾ, ਜਿਵੇਂ ਕਿ ਨਿਊ ਇੰਗਲੈਂਡ 'ਚ ਅਮੀਰਾਂ ਨੇ ਕੀਤਾ ਸੀ, ਜਿੱਥੇ ਕਿ ਚੇਚਕ ਨੇ ਤਬਾਹੀ ਮਚਾਈ ਸੀ।

ਟੀਕਾਕਰਨ ਤੋਂ ਬਾਅਦ ਕਦੇ ਕਦਾਈਂ ਗੰਭੀਰ ਬਿਮਾਰੀ ਅਤੇ ਕਈ ਵਾਰ ਘਾਤਕ ਹੋਣ ਦੇ ਬਾਵਜੂਦ ਇਸ ਪ੍ਰਕਿਰਿਆ ਨੇ ਹਜ਼ਾਰਾਂ ਹੀ ਜਾਨਾਂ ਬਚਾਈਆਂ ਹਨ।

ਵੋਰਟਲੇ ਮੋਂਟੈਗੋ ਦੇ ਇਸ ਯੋਗਦਾਨ ਨੂੰ ਫਰਾਂਸ ਦੇ ਕਵੀ ਵੋਲਟੇਅਰ ਵੱਲੋਂ ਮਨਾਇਆ ਗਿਆ ਅਤੇ ਹੋਰਨਾਂ 'ਚ ਇਸ ਬਾਰੇ ਗਿਆਨ ਦਾ ਪ੍ਰਚਾਰ ਕਰਨ ਲਈ ਇੱਕ ਮੀਟਿੰਗ ਬਿੰਦੂ ਬਣਾਇਆ ਗਿਆ।

ਇੱਕ ਹੋਰ ਪਹਿਲ

75 ਸਾਲਾਂ ਬਾਅਦ, ਬ੍ਰਿਟਿਸ਼ ਡਾਕਟਰ ਐਡਵਰਡ ਜੇਨਰ, ਜਿਸ ਨੂੰ ਕਿ ਬਚਪਨ 'ਚ ਟੀਕਾ ਲਗਾਇਆ ਗਿਆ ਸੀ, ਨੇ ਇਸ ਪ੍ਰਕਿਰਿਆ ਨੂੰ ਇੱਕ ਹੋਰ ਕਦਮ ਅੱਗੇ ਵਧਾਇਆ।

ਉਨ੍ਹਾਂ ਨੇ ਮਹਿਸੂਸ ਕੀਤਾ ਕਿ ਜੋ ਲੋਕ ਕਾਊਪੋਕਸ ਤੋਂ ਪੀੜਤ ਸਨ, ਇਹ ਇੱਕ ਪਸ਼ੂ ਸਬੰਧੀ ਬਿਮਾਰੀ ਹੈ ਜੋ ਕਿ ਮਨੁੱਖਾਂ 'ਚ ਬਹੁਤ ਘੱਟ ਲੱਛਣਾਂ ਨਾਲ ਹੁੰਦੀ ਹੈ, ਉਹ ਲੋਕ ਬਾਅਦ 'ਚ ਚੇਚਕ ਤੋਂ ਪ੍ਰਤੀਰੋਧਕ ਸਨ।

ਜੇਨਰ ਨੇ ਲੋਕਾਂ ਨੂੰ ਕਾਊਪੋਕਸ ਸਮੱਗਰੀ ਵਾਲਾ ਟੀਕਾ ਲਗਾਇਆ ਅਤੇ ਬਾਅਦ 'ਚ ਦਰਸਾਇਆ ਕਿ ਇਹ ਚੇਚਕ ਖਿਲਾਫ ਪ੍ਰਭਾਵਸ਼ਾਲੀ ਸੀ।

ਜੇਨਰ ਪ੍ਰਕਿਰਿਆ ਨੂੰ ਬਾਅਦ 'ਚ ਲਾਤੀਨੀ ਨਾਮ ਵੇਕਾ ਨਾਲ ਜਾਣਿਆ ਗਿਆ ਅਤੇ ਉਸ ਤੋਂ ਹੀ ਵੇਕਸੀਨੇਸ਼ਨ ਸ਼ਬਦ ਨਿਕਲ ਕੇ ਆਇਆ।

ਇਸ ਵੈਕਸੀਨੇਸ਼ਨ ਨੂੰ ਸੁਰੱਖਿਅਤ ਸਮਝਿਆ ਗਿਆ ਅਤੇ ਫਿਰ ਆਲਮੀ ਪੱਧਰ 'ਤੇ ਇਸ ਨੂੰ ਅਪਣਾਇਆ ਗਿਆ।

ਜੇਨਰ ਨੂੰ ਆਪਣੇ ਇਸ ਕੰਮ ਲਈ ਕਈ ਪੁਰਸਕਾਰ ਅਤੇ ਸਨਮਾਨ ਵੀ ਮਿਲੇ ਅਤੇ ਉਸ ਦਾ ਕੰਮ 1976 'ਚ ਚੇਚਕ ਦੇ ਖਾਤਮੇ ਦਾ ਕਾਰਨ ਬਣਿਆ।

ਵਿਸ਼ਵ ਦਾ ਹਰ ਮੈਡੀਕਲ ਵਿਦਿਆਰਥੀ ਹੁਣ ਜੇਨਰ ਬਾਰੇ ਪੜ੍ਹਦਾ ਹੈ। ਉਨ੍ਹਾਂ ਦਾ ਚਿੱਤਰ ਲੰਡਨ ਦੇ ਰਾਇਲ ਕਾਲਜ ਆਫ਼ ਫਿਜ਼ੀਸ਼ੀਅਨ 'ਚ ਲੱਗਾ ਹੋਇਆ ਹੈ।

ਇੱਥੋਂ ਤੱਕ ਕਿ ਬਲੌਸਮ, ਉਹ ਗਾਂ ਜਿਸ ਨੇ ਜੇਨਰ ਦੇ ਪ੍ਰਯੋਗ ਲਈ ਅਸਲ ਕਾਊਪੋਕਸ ਸਮੱਗਰੀ ਪ੍ਰਦਾਨ ਕੀਤੀ ਸੀ, ਉਸ ਨੂੰ ਵੀ ਯਾਦ ਕੀਤਾ ਜਾਂਦਾ ਹੈ।

ਉਸ ਦੀ ਚਮੜੀ ਸੇਂਟ ਜਾਰਜ ਹਸਪਤਾਲ ਸਕੂਲ ਆਫ਼ ਮੈਡੀਸਨ ਅਤੇ ਉਸ ਦਾ ਚਿੱਤਰ ਰਾਇਲ ਕਾਲਜ ਆਫ਼ ਪੈਥੋਲੋਜਿਸਟ 'ਚ ਲੱਗਾ ਹੋਇਆ ਹੈ।

ਪਰ ਵੌਰਟਲੇ ਮੌਂਟੈਗੋ, ਜਿਸ ਦੇ ਮੋਹਰੀ ਯਤਨਾਂ ਸਦਕਾ ਜੇਨਰ ਨੇ ਆਪਣੇ ਪ੍ਰਯੋਗਾਂ ਨੂੰ ਰੂਪ ਰੇਖਾ ਪ੍ਰਦਾਨ ਕੀਤੀ, ਉਸ ਨੂੰ ਹਰ ਕੋਈ ਭੁੱਲੀ ਬੈਠਾ ਹੈ।

ਕੀ ਅਸੀਂ ਉਸ ਦੇ ਕੰਮ ਨੂੰ ਯਾਦ ਕਰਦੇ ਜੇਕਰ ਇਹ ਕਿਸੇ ਉੱਚ ਸਮਾਜ ਦੀ ਔਰਤ ਦੀ ਬਜਾਏ ਇੱਕ ਪੁਰਸ਼ ਡਾਕਟਰ ਵੱਲੋਂ ਕੀਤਾ ਗਿਆ ਕੰਮ ਹੁੰਦਾ?

ਹੁਣ 300 ਸਾਲਾਂ ਬਾਅਦ, ਲੰਡਨ 'ਚ ਰਾਇਲ ਕਾਲਜ ਆਫ਼ ਫਿਜ਼ੀਸ਼ੀਅਨ ਉਨ੍ਹਾਂ ਦੇ ਕੰਮ ਅਤੇ ਯੋਗਦਾਨ ਨੂੰ ਮਾਨਤਾ ਦੇਣ ਲਈ ਸਭ ਤੋਂ ਢੁਕਵੇਂ ਤਰੀਕੇ ਦੀ ਭਾਲ ਕਰ ਰਿਹਾ ਹੈ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)