ਵੈਕਸੀਨ ਜੋ ਸਰਵਾਈਕਲ ਕੈਂਸਰ ਦਾ ਖ਼ਤਰਾ 90% ਤੱਕ ਘਟਾਉਂਦਾ ਹੈ, ਕੀ ਹਨ ਉਮੀਦਾਂ

    • ਲੇਖਕ, ਜੇਮਜ਼ ਗੈਲਗ਼ਰ
    • ਰੋਲ, ਸਿਹਤ ਅਤੇ ਵਿਗਿਆਨ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 3 ਮਿੰਟ

ਡੇਟਾ ਮੁਤਾਬਕ ਹਿਊਮਨ ਪੈਪੀਲੋਮਾਵਾਇਰਸ ਜਾਂ ਐਚਪੀ ਵੈਕਸੀਨ ਸਰਵਾਈਕਲ ਕੈਂਸਰ ਵਿੱਚ ਲਗਭਗ 90% ਦੀ ਕਮੀ ਕਰਨ ਵਿੱਚ ਸਫ਼ਲ ਹੋ ਰਿਹਾ ਹੈ।

ਬ੍ਰਿਟੇਨ ਦੀ ਕੈਂਸਰ ਫਾਊਂਡੇਸ਼ਨ ਮੁਤਾਬਕ ਇਹ ਲੱਭਤਾਂ ''ਇਤਿਹਾਸਕ ਹਨ ਅਤੇ ਇਹ ਅੰਕੜੇ ਦਰਸਾਉਂਦੇ ਹਨ ਕਿ ਟੀਕਾ ਜ਼ਿੰਦਗੀਆਂ ਬਚਾ ਰਿਹਾ ਹੈ''।

ਸਰਵਾਈਕਲ ਕੈਂਸਰ ਦੇ ਲਗਭਗ ਸਾਰੇ ਹੀ ਮਾਮਲੇ ਵਾਇਰਸਾਂ ਕਾਰਨ ਹੁੰਦੇ ਹਨ ਅਤੇ ਉਮੀਦ ਹੈ ਕਿ ਟੀਕੇ ਨਾਲ ਬੀਮਾਰੀ ਲਗਭਗ ਖ਼ਤਮ ਹੋ ਜਾਵੇਗੀ।

ਵਿਗਿਆਨੀਆਂ ਮੁਤਾਬਕ ਇਨ੍ਹਾਂ ਨਤੀਜਿਆਂ ਦਾ ਮਤਲਬ ਹੈ ਕਿ ਜਿਨ੍ਹਾਂ ਔਰਤਾਂ ਨੂੰ ਇਹ ਟੀਕੇ ਲੱਗੇ ਹਨ ਉਨ੍ਹਾਂ ਨੂੰ ਥੋੜ੍ਹੇ ਸਰਵਾਈਕਲ ਸਮੀਅਰ ਟੈਸਟਾਂ ਦੀ ਲੋੜ ਹੋਵੇਗੀ।

ਸਰਵਾਈਕਲ ਦਾ ਕੈਂਸਰ ਔਰਤਾਂ ਵਿੱਚ ਹੋਣ ਵਾਲਾ ਚੌਥਾ ਸਭ ਤੋਂ ਆਮ ਕੈਂਸਰ ਹੈ। ਇਸ ਨਾਲ ਦੁਨੀਆਂ ਭਰ ਵਿੱਚ ਲਗਭਗ ਤਿੰਨ ਲੱਖ ਤੋਂ ਵਧੇਰੇ ਜਾਨਾਂ ਹਰ ਸਾਲ ਜਾਂਦੀਆਂ ਹਨ।

ਦਸ ਵਿੱਚੋਂ ਨੌਂ ਮੌਤਾਂ ਦਰਮਿਆਨੀ ਅਤੇ ਨੀਵੀਂ ਆਮਦਨ ਵਾਲੇ ਦੇਸ਼ਾਂ ਵਿੱਚ ਹੁੰਦੀਆਂ ਹਨ ਜਿੱਥੇ ਇਸ ਕੈਂਸਰ ਦੀ ਸਕਰੀਨਿੰਗ ਦੀਆਂ ਸਹੂਲਤਾਂ ਦੀ ਕਮੀ ਹੈ।

ਇਸ ਲਈ ਵੈਕਸੀਨ ਆਉਣ ਨਾਲ ਉਮੀਦ ਕੀਤੀ ਜਾ ਰਹੀ ਹੈ ਕਿ ਅਮੀਰ ਦੇਸ਼ਾਂ ਦੇ ਮੁਕਾਬਲੇ ਗ਼ਰੀਬ ਦੇਸ਼ਾਂ ਨੂੰ ਇਸ ਦਾ ਜ਼ਿਆਦਾ ਲਾਭ ਪਹੁੰਚ ਸਕੇਗਾ।

ਵਿਸ਼ਵ ਸਿਹਤ ਸੰਗਠਨ ਦੇ ਪਲਾਨ ਮੁਤਾਬਕ ਸੌ ਤੋਂ ਜ਼ਿਆਦਾ ਦੇਸ਼ਾਂ ਨੇ ਤਾਂ ਟੀਕੇ ਦੀ ਵਰਤੋਂ ਸ਼ੁਰੂ ਵੀ ਕਰ ਦਿੱਤੀ ਹੈ।

ਇਹ ਵੀ ਪੜ੍ਹੋ:

ਵਿਸ਼ਵ ਸਿਹਤ ਸੰਗਠਨ ਜਿੱਥੋਂ ਤੱਕ ਹੋ ਸਕੇ ਬੀਮਾਰੀ ਨੂੰ ਖ਼ਤਮ ਕਰਨਾ ਚਾਹੁੰਦਾ ਹੈ।

ਬ੍ਰਿਟੇਨ ਵਿੱਚ 11 ਤੋਂ 13 ਸਾਲ ਦੀਆਂ ਕੁੜੀਆਂ ਨੂੰ ਇਹ ਟੀਕਾ ਲਗਾਇਆ ਜਾਂਦਾ ਹੈ।

ਸਾਲ 2019 ਤੋਂ ਇਹ ਟੀਕਾ ਮੁੰਡਿਆਂ ਨੂੰ ਵੀ ਲਗਾਇਆ ਜਾਂਦਾ ਹੈ।

ਲੈਨਸਟ ਰਸਾਲੇ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਵਿੱਚ ਦੇਖਿਆ ਗਿਆ ਕਿ ਸਾਲ 2008 ਵਿੱਚ ਜਦੋਂ ਟੀਕਾ ਬ੍ਰਿਟੇਨ ਵਿੱਚ ਲਾਂਚ ਕੀਤਾ ਗਿਆ, ਉਸ ਤੋਂ ਬਾਅਦ ਸਥਿਤੀ ਵਿੱਚ ਕੀ ਬਦਲਾਅ ਆਇਆ ਹੈ।

ਉਹ ਬੱਚੇ ਹੁਣ ਬਾਲਗ ਹੋ ਕੇ ਉਮਰ ਦੇ ਵੀਹਵਿਆਂ ਵਿੱਚ ਹਨ। ਅਧਿਐਨ ਵਿੱਚ ਟੀਕੇ ਕਾਰਨ ਕੈਂਸਰ ਸੈਲਾਂ ਦੇ ਵਾਧੇ ਅਤੇ ਸਰਵਾਈਕਲ ਕੈਂਸਰ ਵਿੱਚ 87% ਦੀ ਕਮੀ ਦੇਖੀ ਗਈ।

ਕਿੰਗਜ਼ ਕਾਲਜ ਲੰਡਨ ਦੇ ਪ੍ਰੋਫ਼ੈਸਰ ਪੀਟਰ ਸਸੇਨੀ ਮੁਤਾਬਕ ਟੀਕੇ ਦਾ ''ਅਸਰ ਕਾਫ਼ੀ ਵਧੀਆ ਰਿਹਾ ਹੈ''।

ਆਦਰਸ਼ ਸਥਿਤੀ ਵਿੱਚ ਇਹ ਟੀਕਾ ਕਿਸ਼ੋਰਾਂ ਨੂੰ ਉਨ੍ਹਾਂ ਦੇ ਜਿਣਸੀ ਤੌਰ 'ਤੇ ਸਰਗਮ ਹੋਣ ਤੋਂ ਪਹਿਲਾਂ ਲਾਇਆ ਜਾਣਾ ਚਾਹੀਦਾ ਹੈ।

'ਮੈਂ ਕਿਹਾ, ਮੈਨੂੰ ਮੇਰੇ ਬੱਚਿਆ ਲਈ ਬਚਾਅ ਲਓ'

ਇੱਕ ਰੁਟੀਨ ਟੈਸਟ ਤੋਂ ਬਾਅਦ ਲੌਰਾ ਫਲੈਹਰਟੀ ਨੂੰ 29 ਸਾਲ ਦੀ ਉਮਰ ਵਿੱਚ ਸਰਵਾਈਕਲ ਕੈਂਸਰ ਹੋਣ ਦਾ ਪਤਾ ਚੱਲਿਆ।

ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਉਹ ਸਕੂਲ ਵਿੱਚ ਸਨ ਤਾਂ ''ਐਚਪੀਵੀ ਵੈਕਸੀਨ ਸ਼ੁਰੂ ਨਹੀਂ ਕੀਤੀ ਗਈ ਸੀ।''

''ਇੱਕ ਰੁਟੀਨ ਜਾਂਚ ਤੋਂ ਬਾਅਦ ਇਸ ਬਾਰੇ ਪਤਾ ਲੱਗਿਆ। ਮੈਂ ਇਸ ਨੂੰ ਚਾਰ ਮਹੀਨੇ ਹੋਰ ਟਾਲ ਸਕਦੀ ਸੀ। ਹਾਲਾਂਕਿ ਇਸ ਨਾਲ ਜਾਂਚ ਦੇ ਨਤੀਜਿਆਂ ਵਿੱਚ ਕੋਈ ਫ਼ਰਕ ਨਹੀਂ ਸੀ ਪੈਣਾ ਪਰ ਇਹ ਇੰਨਾ ਜ਼ਰੂਰ ਦਿਖਾਉਂਦਾ ਹੈ ਕਿ ਤੁਹਾਨੂੰ ਆਪਣੇ ਸਮੀਅਰ ਟੈਸਟਾਂ ਪ੍ਰਤੀ ਅਪਡੇਟ ਰਹਿਣਾ ਚਾਹੀਦਾ ਹੈ।''

''ਮੈਨੂੰ ਦੱਸਿਆ ਗਿਆ ਕਿ ਮੇਰੇ ਵਿੱਚ ਅਸਧਾਰਣ ਸੈਲ ਸਨ ਅਤੇ ਐਚਪੀਵੀ ਦਾ ਨਤੀਜਾ ਪੌਜ਼ੀਟੀਵ ਆਇਆ ਸੀ ਅਤੇ ਅਗਲੀ ਜਾਂਚ ਵਿੱਚ ਪਤਾ ਲੱਗਿਆ ਕਿ ਮੈਨੂੰ ਪਹਿਲੇ ਪੜਾਅ ਦਾ ਸਰਵਾਈਕਲ ਕੈਂਸਰ ਸੀ। ਇਸ ਦੇ ਨਤੀਜੇ ਵਜੋਂ ਮੇਰੀ ਹਿਸਟਰਐਕਟੋਮੀ ਕੀਤੀ ਗਈ।''

''ਮੈਂ ਇੱਕ ਕਮਰੇ ਵਿੱਚ ਬੈਠੀ ਸੀ ਤੇ ਮੈਨੂੰ ਦੱਸਿਆ ਗਿਆ ਸੀ ਕਿ- ਮੈਂ ਸ਼ਰਮਿੰਦਾ ਹਾਂ ਪਰ ਇਹ ਕੈਂਸਰ ਹੈ। ਮੇਰੇ ਦੋ ਛੋਟੇ ਬੱਚੇ ਸਨ ਅਤੇ ਮੈਂ ਕਿਹਾ ਤੁਹਾਨੂੰ ਮੈਨੂੰ ਬਚਾਉਣਾ ਪਵੇਗਾ, ਉਨ੍ਹਾਂ ਨੂੰ ਦੇਖਭਾਲ ਦੀ ਲੋੜ ਹੈ।''

''ਮੇਰਾ ਸਮੀਅਰ ਟੈਸਟ ਇਸ ਸਾਲ ਫ਼ਰਵਰੀ ਵਿੱਚ ਹੋਇਆ ਅਤੇ ਅਗਸਤ ਵਿੱਚ ਸਭ ਠੀਕ ਹੋ ਗਿਆ। ਮੈਂ ਬਹੁਤ ਖ਼ਸ਼ਕਿਸਮਤ ਹਾਂ।''

ਸਰਵਾਈਕਲ ਕੈਂਸਰ ਦੀ ਜਾਂਚ ਲਈ ਔਰਤਾਂ ਨੂੰ ਹਰ ਤਿੰਨ ਤੋਂ ਪੰਜ ਸਾਲਾਂ ਦੇ ਵਿੱਚ ਇੱਕ ਵਾਰ ਟੈਸਟ ਕਰਵਾਉਣਾ ਚਾਹੀਦਾ ਹੈ।

ਹਾਲਾਂਕਿ ਸੇਸਿਨੀ ਮੁਤਾਬਕ ਵੈਕਸੀਨ ਦੇ ਨਤੀਜੇ ਆਉਣ ਤੋਂ ਬਾਅਦ ਇਸ ਬਾਰੇ ਸੋਚਣਾ ਚਾਹੀਦਾ ਹੈ।

ਉਨ੍ਹਾਂ ਨੇ ਮੈਨੂੰ ਦੱਸਿਆ ਕਿ ਇਹ, ''ਨੀਤੀਕਾਰਾਂ ਲਈ ਸੋਚਣ ਦਾ ਸਮਾਂ ਹੈ, ਔਰਤਾਂ ਇਹ ਪੜ੍ਹਨਗੀਆਂ ਤੇ ਸੋਚਣਗੀਆਂ ਕਿ ਉਨ੍ਹਾਂ ਨੂੰ ਟੈਸਟ ਕਰਵਾਉਣਾ ਚਾਹੀਦਾ ਹੈ।''

ਵੈਕਸੀਨ ਬਾਰੇ ਅਜੇ ਕਈ ਸਵਾਲਾਂ ਦੇ ਜਵਾਬ ਮਿਲਣੇ ਬਾਕੀ

ਐਚਪੀਵੀ ਵੈਕਸੀਨ ਬਾਰੇ ਕਈ ਸਵਾਲਾਂ ਦੇ ਜਵਾਬ ਮਿਲਣੇ ਅਜੇ ਬਾਕੀ ਹਨ। ਜਿਵੇਂ ਇਸ ਟੀਕੇ ਤੋਂ ਮਿਲਣ ਵਾਲੀ ਸੁਰੱਖਿਆ ਕਿੰਨੀ ਦੇਰ ਤੱਕ ਰਹਿੰਦੀ ਹੈ।

ਕੀ ਜ਼ਿੰਦਗੀ ਭਰ ਲਈ ਇੱਕੋ ਟੀਕਾ ਕਾਫ਼ੀ ਹੋਵੇਗਾ ਜਾਂ ਦੋ ਲਗਾਉਣੇ ਪੈਣਗੇ?

ਹਿਊਮਨ ਪੈਪੀਲੋਮਾਵਾਇਰਸ ਦੀਆਂ 100 ਤੋਂ ਜ਼ਿਆਦਾ ਕਿਸਮਾਂ ਹਨ।

ਬ੍ਰਿਟੇਨ ਵਿੱਚ ਜੋ ਟੀਕਾ ਲਗਾਇਆ ਜਾ ਰਿਹਾ ਹੈ ਉਹ ਸੌ ਵਿੱਚੋਂ ਦੋ ਖ਼ਿਲਾਫ਼ ਸੁਰੱਖਿਆ ਦਿੰਦਾ ਹੈ। ਇੱਕ ਹੋਰ ਲਾਂਚ ਕੀਤਾ ਜਾਣਾ ਹੈ ਜੋ ਵਾਇਰਸ ਦੀਆਂ ਨੌਂ ਕਿਸਮਾਂ ਤੋਂ ਸੁਰੱਖਿਆ ਦੇਵੇਗਾ।

ਵਾਇਰਸ ਦੀਆਂ ਕੈਂਸਰ ਜਨਕ ਕਿਸਮਾਂ ਡੀਐਨਏ ਵਿੱਚ ਗੰਭੀਰ ਬਦਲਾਅ ਕਰਕੇ ਕੈਂਸਰ ਬਣਨ ਦੀ ਵਜ੍ਹਾ ਬਣਦੀਆਂ ਹਨ।

ਇਹ ਲਾਗ ਰਾਹੀਂ ਫ਼ੈਲ ਸਕਦਾ ਹੈ। ਵਾਇਰਸ ਯੋਨੀ, ਮੁੱਖ ਅਤੇ ਗੁੱਦਾ ਸੈਕਸ ਰਾਹੀਂ ਫੈਲ ਸਕਦਾ ਹੈ। ਇਹ ਗੁੱਦਾ, ਲਿੰਗ ਅਤੇ ਕੁਝ ਸਿਰ ਅਤੇ ਗਰਦਨ ਦੇ ਕੈਂਸਰਾਂ ਨਾਲ ਵੀ ਜੁੜਿਆ ਦੇਖਿਆ ਗਿਆ ਹੈ।

ਹਾਲਾਂਕਿ 99% ਸਰਵਾਈਕਲ ਕੈਂਸਰ ਹਿਊਮਨ ਪੈਪੀਲੋਮਾਵਾਇਰਸ ਦੀ ਵਜ੍ਹਾ ਨਾਲ ਹੁੰਦੇ ਹਨ।

ਬ੍ਰਿਟੇਨ ਦੀ ਕੈਂਸਰ ਫਾਊਂਡੇਸ਼ਨ ਦੀ ਮੁੱਖ ਕਾਰਜਕਾਰੀ ਮਿਸ਼ੇਲ ਮਿਟਸ਼ੈਲ ਨੇ ਕਿਹਾ, ''ਪਹਿਲੇ ਅਧਿਐਨ ਤੋਂ ਇਹ ਦੇਖਣਾ ਇਤਿਹਾਸਕ ਪਲ ਹੈ ਕਿ ਐਚਪੀਵੀ ਵੈਕਸੀਨ ਜਾਨਾਂ ਬਚਾਉਂਦਾ ਰਿਹਾ ਹੈ ਅਤੇ ਇਹ ਹਜ਼ਾਰਾਂ ਔਰਤਾਂ ਵਿੱਚ ਸਰਵਾਈਕਲ ਕੈਂਸਰ ਵਿਕਸਤ ਹੋਣ ਤੋਂ ਬਚਾਉਂਦਾ ਰਹੇਗਾ।''

ਕੈਂਸਰ ਬਾਰੇ ਹੋਰ ਜਾਣਕਾਰੀ

ਕੈਂਸਰ ਇੱਕ ਨਾਮੁਰਾਦ ਬੀਮਾਰੀ ਹੈ। ਇਸ ਬਾਰੇ ਹੋਰ ਜਨਣ ਲਈ ਤੁਸੀਂ ਹੇਠਾਂ ਦਿੱਤੀਆਂ ਵੀਡੀਓ ਦੇਖ ਸਕਦੇ ਹੋ ਅਤੇ ਲੇਖ ਪੜ੍ਹ ਸਕਦੇ ਹੋ-

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)