You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ: ਆਖ਼ਰ ਚਮਗਿੱਦੜ ਇੰਨੀਆਂ ਬੀਮਾਰੀਆਂ ਫ਼ੈਲਾਅ ਕਿਵੇਂ ਲੈਂਦੇ ਹਨ?
ਕੋਰੋਨਾਵਾਇਰਸ ਦੇ ਸਰੋਤ ਜੀਵ ਬਾਰੇ ਹਾਲੇ ਕੁਝ ਸਪਸ਼ਟ ਨਹੀਂ ਹੋ ਸਕਿਆ ਹੈ, ਫਿਰ ਵੀ ਦੁਨੀਆਂ ਚਮ ਗਿੱਦੜ ਵੱਲ ਟੇਢਾ-ਟੇਢਾ ਦੇਖ ਰਹੀ ਹੈ।
ਚਮ ਗਿੱਦੜ ਦੁਨੀਆਂ ਦੇ ਵਾਹਦ ਥਣਧਾਰੀ ਜੀਵ ਹਨ ਜਿਨ੍ਹਾਂ ਕੋਲ ਉੱਡਣ ਦੀ ਸਮਰੱਥਾ ਹੈ। ਇਸ ਤੋਂ ਪਹਿਲਾਂ ਵੀ ਚਮ ਗਿੱਦੜ ਕੋਰੋਨਾਵਾਇਰਸ ਪਰਿਵਾਰ ਦੇ ਹੋਰ ਵਾਇਰਸ ਫੈਲਾਅ ਚੁੱਕੇ ਹਨ।
ਇਸੇ ਸਦੀ ਦੇ ਸ਼ੁਰੂ ਵਿੱਚ ਹੀ ਚਮ ਗਿੱਦੜ ਤੋਂ ਸਾਰਸ ਮਹਾਂਮਾਰੀ ਫ਼ੈਲੀ ਸੀ। ਸਾਲ 2003 ਵਿੱਚ ਫ਼ੈਲੀ ਇਸ ਮਹਾਂਮਾਰੀ ਨਾਲ ਲਗਭਗ 8,000 ਲੋਕ ਪੀੜਤ ਹੋਏ ਸਨ ਜਿਨ੍ਹਾਂ ਵਿੱਚੋਂ ਲਗਭਗ 850 ਜਣਿਆਂ ਦੀ ਮੌਤ ਹੋ ਗਈ ਸੀ।
ਇਹ ਨਵਾਂ ਕੋਰੋਨਾਵਾਇਰਸ ਜਿਸ ਨੂੰ nCov-2019 ਕਿਹਾ ਜਾਂਦਾ ਹੈ। ਚੀਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਵਾਇਰਸ ਉੱਥੋਂ ਦੀ ਇੱਕ ਮੱਛੀ-ਬਜ਼ਾਰ ਵਿੱਚੋਂ ਫ਼ੈਲਿਆ ਜਿੱਥੇ ਬਹੁਤ ਸਾਰੇ ਸਮੁੰਦਰੀ ਜੀਵਾਂ ਤੋਂ ਇਲਾਵਾ ਹੋਰ ਵੀ ਭਾਂਤ-ਸੁਭਾਂਤੇ ਜੰਗਲੀ ਜੀਵਾਂ ਦਾ ਗ਼ੈਰ-ਕਾਨੂੰਨੀ ਕਾਰੋਬਾਰ ਹੁੰਦਾ ਸੀ।
ਫਿਲਹਾਲ ਇਹ ਬਜ਼ਾਰ ਬੰਦ ਕਰ ਦਿੱਤਾ ਗਿਆ ਹੈ। ਉੱਥੇ ਵਿਕਣ ਵਾਲੇ ਜੀਵਾਂ ਵਿੱਚ ਇਹ ਪੁੱਠੇ ਲਟਕਣ ਵਾਲੇ ਜੀਵ ਚਮ ਗਿੱਦੜ ਵੀ ਹੁੰਦੇ ਸਨ।
ਸ਼ੁਰੂ ਵਿੱਚ ਇਹ ਮੰਨਿਆ ਜਾ ਰਿਹਾ ਸੀ ਕਿ ਨਵਾਂ ਕੋਰੋਨਾਵਾਇਰਸ ਇਨ੍ਹਾਂ ਲਟਕਣਾਂ ਤੋਂ ਹੀ ਫ਼ੈਲਿਆ ਹੈ। ਬਾਅਦ ਵਿੱਚ ਸਾਇੰਸਦਾਨਾਂ ਨੇ ਇਸ ਖੋਜ ਰਾਹੀਂ ਨਕਾਰ ਦਿੱਤਾ।
ਹਾਲਾਂਕਿ ਕੁਝ ਚੀਨੇ ਸਾਇੰਸਦਾਨਾਂ ਦੀ ਰਾਇ ਹੈ ਕਿ ਨਵਾਂ ਕੋਰੋਨਾਵਾਇਰਸ ਕਾਫ਼ੀ ਹੱਦ ਤੱਕ ਉਨ੍ਹਾਂ ਦੂਜੇ ਕੋਰੋਨਾਵਾਇਰਸਾਂ ਨਾਲ ਮਿਲਦਾ ਹੈ ਜਿਨ੍ਹਾਂ ਨੂੰ ਚਮ ਗਿੱਦੜ ਫ਼ੈਲਾਅ ਸਕਦੇ ਹਨ।
ਜਨਵਰੀ ਦੇ ਅਖ਼ੀਰ ਵਿੱਚ ਅਮਰੀਕੀ ਅਖ਼ਬਾਰ ਦਿ ਨਿਊ ਯਾਰਕ ਟਾਈਮਜ਼ ਨੇ ਇੱਕ ਲੇਖ ਛਾਪਿਆ ਕਿ ਚੀਨ ਵਿੱਚ ਮਿਲਣ ਵਾਲੇ ਹੌਰਸਸ਼ੂ ਬੈਟ ਇਸ ਵਾਇਰਸ ਨੂੰ ਫ਼ੈਲਾਉਣ ਦੇ ਮੁੱਖ ਮੁਲਜ਼ਮ ਹੋ ਸਕਦੇ ਹਨ।
ਲੇਖ ਵਿੱਚ ਪੱਤਰਕਾਰ ਜੇਮਜ਼ ਗੌਰਮੈਨ ਨੇ ਦਾਅਵਾ ਕੀਤਾ ਕਿ ਚਮ ਗਿੱਦੜ ਬਿਨਾਂ ਬੀਮਾਰ ਹੋਏ ਕਈ ਸਾਰੇ ਵਾਇਰਸਾਂ ਨਾਲ ਰਹਿ ਸਕਦੇ ਹਨ।
ਸਿਰਫ਼ ਕੋਰੋਨਾਵਾਇਰਸ ਹੀ ਨਹੀਂ
ਜਿਵੇਂ ਕਿ ਉੱਪਰ ਦੱਸਿਆ ਗਿਆ ਹੈ ਕਿ ਚਮ ਗਿੱਦੜ ਸਿਰਫ਼ ਕੋਰੋਨਾਵਾਇਰਸ ਪਰਿਵਾਰ ਦੇ ਹੀ ਨਹੀਂ ਸਗੋਂ ਹੋਰ ਵੀ ਕਈ ਨਾਲ ਜਿਉਂ ਸਕਦੇ ਹਨ— ਰੈਬੀਜ਼, ਮਾਰਬਰਗ, ਨਿਪਾਹ, ਹੈਂਡਰਾ ਸ਼ਾਮਲ ਹਨ। ਜਿਨ੍ਹਾਂ ਨਾਲ ਅਫ਼ਰੀਕਾ, ਮਲੇਸ਼ੀਆ, ਬੰਗਲਾਦੇਸ਼ ਅਤੇ ਆਸਟਰੇਲੀਆ ਵਿੱਚ ਬੀਮਾਰੀਆਂ ਫ਼ੈਲਾਈਆਂ ਸਨ।
ਇਬੋਲਾ ਵਾਇਰਸ ਦੀ ਪੜ੍ਹਾਈ ਕਰ ਰਹੇ ਸਾਇੰਸਦਾਨਾਂ ਦਾ ਮੰਨਣਾ ਹੈ ਕਿ ਇਹ ਵਾਇਰਸ ਵੀ ਇਨ੍ਹਾਂ ਲਟਕਣਾਂ ਤੋਂ ਹੀ ਆਇਆ ਹੋ ਸਕਦਾ ਹੈ।
ਹਾਲਾਂਕਿ ਚਮ ਗਿੱਦੜ ਕੋਈ ਇਕਲੌਤੇ ਜੀਵ ਨਹੀਂ ਹਨ ਜੋ ਮਨੁੱਖਾਂ ਵਿੱਚ ਬੀਮਾਰੀ ਫ਼ੈਲਾ ਸਕਦੇ ਹਨ। ਉਨ੍ਹਾਂ ਤੋਂ ਇਲਾਵਾ- ਚੂਹੇ, ਪ੍ਰਾਈਮੇਟ (ਜਿਨ੍ਹਾਂ ਵਿੱਚ ਚਿੰਪਾਜ਼ੀ ਆਦਿ ਸ਼ਾਮਲ ਹਨ) ਅਤੇ ਪੰਛੀਆਂ ਦੇ ਸਰੀਰ ਵਿੱਚ ਵੀ ਕਈ ਕਿਸਮ ਦੇ ਵਾਇਰਸ ਰਹਿੰਦੇ ਹਨ। ਫਿਰ ਵੀ ਚਮ ਗਿੱਦੜ ਦੂਜੇ ਜੀਵਾਂ ਨਾਲੋਂ ਕਿਤੇ ਜ਼ਿਆਦਾ ਸਮੱਸਿਆਵਾਂ ਪੈਦਾ ਕਰਦੇ ਹਨ।
ਭਾਰਤ ਵਿੱਚ ਕੋਰੋਨਵਾਇਰਸ ਦੇ ਹੌਟਸਪੋਟ ਜ਼ਿਲ੍ਹਿਆਂ ਬਾਰੇ ਜਾਣੋ
ਇਸ ਵਿੱਚ ਉਨ੍ਹਾਂ ਦਾ ਕਸੂਰ ਨਹੀਂ ਹੈ। ਵਾਤਾਵਰਣ ਪੱਖੀਆਂ ਦੀ ਰਾਇ ਹੈ ਕਿ ਮਨੁੱਖਾਂ ਨੂੰ ਲਾਗ਼ ਉਦੋਂ ਹੁੰਦੀ ਹੈ ਜਦੋਂ ਉਹ ਇਨ੍ਹਾਂ ਜੀਵਾਂ ਦੇ ਵਸੇਬਿਆਂ ਵਿੱਚ ਘੁਸਪੈਠ ਕਰਦੇ ਹਨ। ਘੁਸਪੈਠ ਦੀ ਇਹ ਸਮੱਸਿਆ ਧਰਤੀ ਉੱਪਰ ਮਨੁੱਖਾਂ ਦੀ ਵਧਦੀ ਗਿਣਤੀ ਨਾਲ ਵਧਦੀ ਹੀ ਜਾਵੇਗੀ।
ਇਹ ਉਦੋਂ ਵੀ ਵਾਪਰਦਾ ਹੈ ਜਦੋਂ ਇਨ੍ਹਾਂ ਜੀਵਾਂ ਦਾ ਵੇਚਣ ਲਈ ਜਾਂ ਖ਼ਾਣ ਲਈ ਸ਼ਿਕਾਰ ਕੀਤਾ ਜਾਂਦਾ ਹੈ। ਵੂਹਾਨ ਵਿੱਚ ਵੀ ਕੁਝ ਅਜਿਹਾ ਹੀ ਹੋਇਆ ਲਗਦਾ ਹੈ।
ਕੀ ਹੈ ਖ਼ਤਰਾ?
ਚਮ ਗਿੱਦੜਾਂ ਨੂੰ ਜ਼ਿਆਦਾ ਖ਼ਤਰਨਾਕ ਉਨ੍ਹਾਂ ਦੀ ਇਨ੍ਹਾਂ ਵਾਇਰਸਾਂ ਨੂੰ ਝੱਲ ਸਕਣ ਦੀ ਸਮਰੱਥਾ ਬਣਾਉਂਦੀ ਹੈ। ਜੋ ਕਿ ਦੂਜੇ ਥਣਧਾਰੀਆਂ ਦੇ ਮੁਕਾਬਲੇ ਜ਼ਿਆਦਾ ਹੈ।
ਦੂਜੇ ਨੰਬਰ 'ਤੇ ਇਹ ਬਹੁਤ ਵੱਡਾ ਪਰਿਵਾਰ ਹਨ। ਥਣਧਾਰੀਆਂ ਦੀਆਂ ਲਗਭਗ ਇੱਕ ਚੌਥਾਈ ਪ੍ਰਜਾਤੀਆਂ ਕਿਸੇ ਨਾ ਕਿਸੇ ਤਰ੍ਹਾਂ ਚਮ ਗਿੱਦੜਾਂ ਨਾਲ ਸੰਬੰਧਿਤ ਹਨ। ਸਿਰਫ਼ ਚੂਹਿਆਂ ਦਾ ਪਰਿਵਾਰ ਇਨ੍ਹਾਂ ਤੋਂ ਦੁੱਗਣਾ ਹੈ।
ਤੀਜੇ ਨੰਬਰ ਤੇ ਚਮ ਗਿੱਦੜ ਧਰਤੀ ਦੇ ਹਰ ਕੋਨੇ ਵਿੱਚ ਮਿਲ ਜਾਂਦੇ ਹਨ। ਧਰਤੀ ਉੱਪਰ ਸਿਰਫ਼ ਅੰਟਰਾਕਟਿਕਾ ਹੀ ਇੱਕ ਅਜਿਹੀ ਥਾਂ ਹੈ ਜਿੱਥੇ ਇਹ ਨਹੀਂ ਮਿਲਦੇ।
ਇਸ ਤੋਂ ਬਾਅਦ ਇਨ੍ਹਾਂ ਦੀ ਉਡਣ ਦੀ ਸਮਰੱਥਾ ਵਾਇਰਸਾਂ ਦੇ ਫ਼ੈਲਣ ਦੀ ਗਤੀ ਨੂੰ ਵਧਾਉਂਦਾ ਹੈ। ਖ਼ਾਸ ਕਰ ਕੇ ਉਨ੍ਹਾਂ ਦੇ ਮਲ ਰਾਹੀਂ।
ਸਵਾਲ ਇਹ ਵੀ ਉਠਦਾ ਹੈ ਕਿ ਆਖ਼ਰ ਇੰਨੀ ਵੱਡੀ ਗਿਣਤੀ ਵਿੱਚ ਵਾਇਰਸ ਇਨ੍ਹਾਂ ਤੱਕ ਪਹੁੰਚਦੇ ਕਿਵੇਂ ਹਨ।
ਇਸ ਦੀ ਵਜ੍ਹਾ ਹੈ ਇਨ੍ਹਾਂ ਲਟਕਣਾਂ ਦੀ ਖ਼ੁਰਾਕ ਜਿਸ ਵਿੱਚ ਵਾਇਰਸਾਂ ਨਾਲ ਭਰਪੂਰ ਹਰ ਕਿਸਮ ਦੇ ਕੀੜੇ-ਮਕੌੜੇ ਸ਼ਾਮਲ ਹੁੰਦੇ ਹਨ।
ਸਹਿਣਸ਼ੀਲਤਾ
ਸਾਇੰਸ ਇਸ ਦਾ ਅਧਿਐਨ ਕਰ ਰਹੇ ਹਨ। ਉਨ੍ਹਾਂ ਨੇ ਕੁਝ ਵਿਆਖਿਆ ਵੀ ਦਿੱਤੀ ਹੈ।
ਗੌਰਮੈਨ ਲਿਖਦੇ ਹਨ,"ਤਾਜ਼ਾ ਖੋਜ ਤੋਂ ਪਤਾ ਚਲਦਾ ਹੈ ਕਿ ਇਸ ਦਾ ਜਵਾਬ ਚਮ ਗਿੱਦੜਾਂ ਦੇ ਵਿਕਾਸ ਵਿੱਚ ਲੁਕਿਆ ਹੋ ਸਕਦਾ ਹੈ। ਜਿਸ ਨੇ ਇਨ੍ਹਾਂ ਨੂੰ ਉੱਡਣ ਦੀ ਸਮਰੱਥਾ ਦਿੱਤੀ ਅਤੇ ਇਨ੍ਹਾਂ ਦੀ ਬੀਮਾਰੀਆਂ ਨਾਲ ਲੜਣ ਦੀ ਸਮਰੱਥਾ ਨੂੰ ਢਾਲਿਆ।"
ਚੀਨ ਅਤੇ ਸਿੰਗਾਪੁਰ ਦੇ ਸਾਇੰਸਦਾਨਾਂ ਵੱਲੋਂ 2018 ਵਿੱਚ ਪੇਸ਼ ਕੀਤੀ ਥਿਊਰੀ ਮੁਤਾਬਕ: ਉੱਡਣ ਲਈ ਲੋੜੀਂਦੀ ਊਰਜਾ ਪੈਦਾ ਕਰਨ ਲਈ ਚਮ ਗਿੱਦੜ ਦੇ ਸੈਲ ਟੁੱਟ ਜਾਂਦੇ ਹਨ ਅਤੇ ਡੀਐੱਨਏ ਫਰੈਗਮੈਂਟ ਛੱਡਦੇ ਹਨ।
ਸਧਾਰਣ ਹਾਲਤਾਂ ਵਿੱਚ ਥਣਧਾਰੀਆਂ ਦੇ ਸਰੀਰਾਂ ਦੀ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਇਨ੍ਹਾਂ ਡੀਐੱਨਏ ਫਰੈਗਮੈਂਟਸ ਨਾਲ ਇਹ ਹਮਲਾਵਰ ਵਾਲਾ ਵਰਤਾਓ ਕਰਦੀ ਹੈ। ਉਨ੍ਹਾਂ ਨਾਲ ਜੰਗ ਛੇੜ ਦਿੰਦੀ ਹੈ ਅਤੇ ਖ਼ਤਮ ਕਰ ਕੇ ਸਾਹ ਲੈਂਦੀ ਹੈ।
ਚਮ ਗਿੱਦੜਾਂ ਦੇ ਸਰੀਰ ਦੀ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਨੂੰ ਉਨ੍ਹਾਂ ਦੇ ਕ੍ਰਮਵਿਕਾਸ ਨੇ ਕੁਝ ਇਸ ਤਰ੍ਹਾਂ ਢਾਲ ਦਿੱਤਾ ਹੈ ਕਿ ਉਹ ਇਨ੍ਹਾਂ ਅਣਪਛਾਤੇ ਡੀਐੱਨਏ ਫਰੈਗਮੈਂਟਸ ਉੱਪਰ ਹਮਲਾ ਨਹੀਂ ਕਰਦੀ।
ਇਸ ਸਦਕਾ ਸ਼ਕਤੀ ਆਪਣਾ ਕੰਮ ਕਾਰਗਰ ਤਰੀਕੇ ਨਾਲ ਤਾਂ ਕਰਦੀ ਹੈ ਪਰ ਵਾਇਰਰਸ ਪ੍ਰਤੀ ਲੋੜੋਂ ਵਧੇਰੇ ਪ੍ਰਤੀਕਿਰਿਆ ਨਹੀਂ ਕਰਦੀ।
ਜਿਸ ਕਾਰਨ ਚਮ ਗਿੱਦੜ ਬੀਮਾਰ ਨਹੀਂ ਹੁੰਦੇ।
ਚੇਤਵਾਨੀ
ਵਾਇਰਸਾਂ ਨੂੰ ਸਹਾਰ ਸਕਣ ਦੀ ਇਸ ਅਨੋਖੀ ਸ਼ਕਤੀ ਅਤੇ ਵਾਇਸਾਂ ਗਿਣਤੀ ਨੂੰ ਫ਼ੈਲਾਅ ਸਕਣ ਦੀ ਸਮਰੱਥਾ ਕਾਰਨ ਹੀ ਇਹ ਜੀਵ ਸਾਇੰਸਦਾਨਾਂ ਦੀ ਖਿੱਚ ਦਾ ਕੇਂਦਰ ਬਣੇ ਹੋਏ ਹਨ।
ਸਾਲ 2017 ਵਿੱਚ ਈਕੋ ਹੈਲਥ ਅਲਾਇੰਸ ਜਿਸ ਨੇ ਚੀਨ ਵਿੱਚ ਜਾਨਵਰਾਂ ਤੋਂ ਮਨੁੱਖਾਂ ਨੂੰ ਹੋਣ ਵਾਲੀਆਂ ਬੀਮਾਰੀਆਂ ਦੇ ਅਧਿਐਨ ਵਿੱਚ ਲਗਭਗ ਪੰਦਰਾਂ ਸਾਲ ਬਿਤਾਏ ਹਨ। ਉਨ੍ਹਾਂ ਨੇ ਨੇਚਰ ਜਰਨਲ ਵਿੱਚ ਇਸ ਬਾਰੇ ਅਗਾਹ ਕਰਨ ਲਈ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ
ਜਿਸ ਵਿੱਚ ਕਿਹਾ ਗਿਆ ਕਿ ਬੈਟਸ ਵਿੱਚ ਬੀਮਾਰੀਆਂ ਫ਼ੈਲਾਉਣ ਦੀ ਸਮਰੱਥਾ ਬਾਕੀ ਜੀਵਾਂ ਨਾਲੋਂ ਕਿਤੇ ਜ਼ਿਆਦਾ ਹੈ।
ਫਿਰ ਵੀ ਕੁਝ ਸਾਇੰਸਦਾਨਾਂ ਦੀ ਰਾਇ ਹੈ ਕਿ ਚਮ ਗਿੱਦੜਾਂ ਦੀ ਕੁਦਰਤ ਵਿੱਚ ਇੱਕ ਅਹਿਮ ਭੂਮਿਕਾ ਹੈ।
ਉਹ ਬਹੁਤ ਸਾਰੇ ਬੂਟਿਆਂ ਦੇ ਪਰਾਗਣ ਵਿੱਚ ਮਦਦਗਾਰ ਹਨ। ਜਿਵੇਂ ਕੇਲੇ, ਐਵੋਕੈਡੋ ਅਤੇ ਅੰਬ। ਇਸ ਤੋਂ ਇਲਾਵਾ ਉਹ ਫ਼ਸਲਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਅਤੇ ਬੀਮਾਰੀ ਫ਼ੈਲਾਉਣ ਵਾਲੇ ਕੀੜਿਆਂ-ਮਕੌੜਿਆਂ ਦੀ ਬਹੁਤ ਵੱਡੀ ਮਾਤਰਾ ਨੂੰ ਖਾ ਕੇ ਖ਼ਤਮ ਕਰਦੇ ਹਨ।
ਈਕੋ ਹੈਲਥ ਅਲਾਇੰਸ ਦੇ ਮੁਖੀ ਪੀਟਰ ਡਸਜ਼ੈਕ ਦਾ ਕਹਿਣਾ ਹੈ ਕਿ ਇਸ ਦਿਸ਼ਾ ਵਿੱਚ ਚੁੱਕਿਆ ਜਾ ਸਕਣ ਵਾਲਾ ਸਭ ਤੋਂ ਅਹਿਮ ਕਦਮ ਇਹ ਹੋ ਸਕਦਾ ਹੈ ਕਿ ਜੀਵਾਂ ਦਾ ਵਪਾਰ ਬੰਦ ਹੋਵੇ। ਜਿਵੇਂ ਕੀ ਚੀਨ ਨੇ ਕੋਰੋਨਾਵਾਇਹਸ ਫ਼ੈਲਣ ਤੋਂ ਬਾਅਦ ਆਰਜੀ ਤੌਰ 'ਤੇ ਕੀਤਾ ਹੈ।
ਇਹ ਵੀ ਦੇਖੋ: