ਕੋਰੋਨਾਵਾਇਰਸ ਦੇ ਦੌਰ ਵਿੱਚ ਕੁਝ ਦੇਸਾਂ ਦੇ ਪ੍ਰੇਮੀ ਇਸ ਤਰ੍ਹਾਂ ਇੱਕ-ਦੂਜੇ ਦਾ ਦੀਦਾਰ ਕਰ ਰਹੇ

    • ਲੇਖਕ, ਨੋਇਲ ਇਲਿਨ
    • ਰੋਲ, ਬੀਬੀਸੀ ਲਈ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 6 ਮਿੰਟ

ਕਈ ਦੇਸਾਂ ਨੇ ਕੋਰੋਨਾਵਾਇਰਸ ਮਹਾਂਮਾਰੀ ਦੇ ਫ਼ੈਲਾਅ ਨੂੰ ਰੋਕਣ ਲਈ ਆਪਣੀਆਂ ਸਰਹੱਦਾਂ ਬੰਦ ਕਰ ਦਿੱਤੀਆਂ ਹਨ। ਅਜਿਹੇ ਵਿੱਚ ਕੁਝ ਪਿਆਰ ਕਰਨ ਵਾਲੇ ਕੌਮਾਂਤਰੀ ਸਰਹੱਦਾਂ ਦੇ ਆਰ-ਪਾਰ ਖੜ੍ਹੇ ਹੋ ਕੇ ਇੱਕ ਦੂਜੇ ਦੀ ਸੁੱਖ-ਸਾਂਦ ਲੈ ਰਹੇ ਹਨ।

ਕੋਵਿਡ-19 ਮਹਾਂਮਾਰੀ ਕਰਕੇ ਦੁਨੀਆਂ ਦੇ ਕਈ ਹਿੱਸਿਆਂ ਵਿੱਚ ਪ੍ਰੇਮੀ ਆਪਣੇ ਰਿਸ਼ਤਿਆਂ ਦੇ ਨਵੇਂ ਮਾਅਨੇ ਤਲਾਸ਼ ਰਹੇ ਹਨ। ਉਹ ਦੇਖ ਰਹੇ ਹਨ ਕੀ ਵਾਕਈ ਦੂਰੀਆਂ, ਨਜ਼ੀਦੀਕੀਆਂ ਵਧਾਉਂਦੀਆਂ ਹਨ।

ਦੁਨੀਆਂ ਭਰ ਦੀਆਂ ਸਰਕਾਰਾਂ ਕੋਵਿਡ-19 ਨਾਲ ਲੜਾਈ ਮੁਕਾ ਕੇ ਆਰਥਿਕਤਾ ਨੂੰ ਲੀਹਾਂ ’ਤੇ ਲਿਆਉਣ ਲਈ ਊਸਲ-ਵੱਟੇ ਲੈ ਰਹੀਆਂ ਹਨ। ਉੱਥੇ ਪ੍ਰੇਮੀ ਸੋਚ ਰਹੇ ਹਨ ਪਿਆਰੇ ਨੂੰ ਫਿਰ ਕਦੋਂ ਮਿਲ ਸਕਾਂਗੇ?

ਜਿਹੜੇ ਮੁਲਕਾਂ ਵਿੱਚ ਕੋਰੋਨਾਵਾਇਰਸ ਤੋਂ ਪਹਿਲਾਂ ਖੁੱਲ੍ਹਾ ਤੇ ਬੇਰੋਕ ਆਉਣਾ-ਜਾਣਾ ਸੀ ਉਨ੍ਹਾਂ ਦੇਸਾਂ ਦੇ ਅੰਤਰ-ਮੁਲਕੀ ਪ੍ਰੇਮੀ-ਜੋੜਿਆਂ ਲਈ ਸਥਿਤੀ ਹੋਰ ਗੰਭੀਰ ਹੈ।

ਮਿਸਾਲ ਵਜੋਂ ਯੂਰਪ ਦਾ ਸ਼ੈਂਗਐਨ ਖੇਤਰ। ਇਸ ਖੇਤਰ ਦੇ ਵੱਖ-ਵੱਖ ਮੁਲਕਾਂ ਵਿੱਚ ਵਸਣ ਵਾਲੇ ਚਹੇਤਿਆਂ ਨੂੰ ਅਚਾਨਕ ਅਹਿਸਾਸ ਹੋ ਰਿਹਾ ਹੈ ਕਿ ਉਹ ਆਪਣੇ ਪਿਆਰਿਆਂ ਤੋਂ ਕਿੰਨੇ ਦੂਰ ਹੋ ਗਏ ਹਨ।

ਅਜਿਹਾ ਹੀ ਇੱਕ ਜੋੜਾ ਹੈ। ਐਂਡਰਿਆ ਰੋਡੇ ਅਤੇ ਉਨ੍ਹਾਂ ਦੇ ਇੱਕ ਦਹਾਕੇ ਪੁਰਾਣੇ ਦੋਸਤ ਮਾਰਕੁਸ ਬਰਸਲ ਦਾ। ਐਂਡਰਿਆ ਦੱਖਣੀ ਜਰਮਨੀ ਦੇ ਕੋਨਸਟਾਂਨਜ਼ ਨੂੰ ਆਪਣਾ ਘਰ ਦੱਸਦੀ ਹੈ ਤਾਂ ਮਾਰਕੁਸ ਉਨ੍ਹਾਂ ਤੋਂ ਕੁਝ ਕਿਲੋਮੀਟਰ ਦੂਰ ਸਵਿਟਜ਼ਰਲੈਂਡ ਦੇ ਤਾਗਰਵੀਲਨ ਵਿੱਚ ਰਹਿੰਦੇ ਹਨ। ਕੋਰੋਨਾਵਾਇਰਸ ਤੋਂ ਪਹਿਲਾਂ ਉਨ੍ਹਾਂ ਨੂੰ ਇੱਕ ਦੂਜੇ ਕੋਲ ਪਹੁੰਚਣ ਵਿੱਚ ਕਾਰ ’ਤੇ ਮਹਿਜ਼ 10 ਮਿੰਟ ਲਗਦੇ ਸਨ।

ਜਰਮਨੀ ਤੇ ਸਵਿਟਜ਼ਰਲੈਂਡ ਨੇ ਆਪਣੀ ਸਰਹੱਦਾਂ 16 ਮਾਰਚ ਤੋਂ ਬੰਦ ਕੀਤੀਆਂ ਹੋਈਆਂ ਹਨ। ਉਸ ਸਮੇਂ ਤੋਂ ਇਹ ਥੋੜ੍ਹਾ ਜਿਹਾ ਫ਼ਾਸਲਾ ਕੋਹਾਂ ਦਾ ਬਣਿਆ ਹੋਇਆ ਹੈ।

'ਅੱਖਾਂ ਦੇ ਸਾਹਮਣੇ ਦੇਖਣਾ ਵੱਖਰਾ ਹੀ ਅਹਿਸਾਸ ਹੈ'

ਫਿਰ ਵੀ ਦੋਵਾਂ ਨੇ ਮਿਲਣ ਦਾ ਇੱਕ ਜੁਗਾੜ ਬਣਾ ਹੀ ਲਿਆ ਹੈ। ਦੋਵੇਂ ਜਣੇ ਹਫ਼ਤੇ ਵਿੱਚ ਕਈ ਵਾਰੀ ਕੋਨਸਟਾਂਨਜ਼ (ਜਰਮਨੀ) ਅਤੇ ਕੌਜ਼ਲਿੰਗਨ (ਸਵਿਟਜ਼ਰਲੈਂਡ) ਨੂੰ ਨਿਖੇੜਨ ਵਾਲੀ ਕੌਮਾਂਤਰੀ ਸਰਹੱਦ ’ਤੇ ਜਾਂਦੇ ਹਨ।

ਦੋਵੇਂ ਜਣੇ ਹਾਲ ਹੀ ਵਿੱਚ ਲਾਈ ਗਈ ਜਾਲੀ ਦੇ ਦੋਵੇਂ ਪਾਸੇ ਖੜੋ ਕੇ ਇੱਕ ਦੂਜੇ ਨਾਲ ਗੱਲਬਾਤ ਕਰਦੇ ਹਨ। ਐਂਡਰਿਆ ਦਾ ਕਹਿਣਾ ਹੈ ਕਿ ਮਾਰਕੁਸ ਨਾਲ ਸਕਾਈਪ 'ਤੇ ਗੱਲ ਕਰਨਾ ਉਸ ਨੂੰ ਮਿਲਣ ਦੇ ਬਰਾਬਰ ਕਿਤੇ ਵੀ ਨਹੀਂ ਖੜ੍ਹਦਾ।

ਐਂਡਰਿਆ ਨੇ ਦੱਸਿਆ, “ਭਾਵੇਂ ਅਸੀਂ ਦੋ ਮੀਟਰ ਦੂਰ ਹੀ ਹਾਂ ਪਰ ਉਸ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਦੇਖ ਸਕਣਾ ਵੱਖਰਾ ਹੀ ਅਹਿਸਾਸ ਹੈ।”

ਇਸ ਮੁਲਾਕਾਤ ਵਿੱਚ ਉਨ੍ਹਾਂ ਦਾ ਕੁੱਤਾ ਨਾਇਰੋ ਵੀ ਨਾਲ ਹੁੰਦਾ ਹੈ। ਇਹ ਦੋਵਾਂ ਨੇ ਸਾਂਝਾ ਪਾਲਿਆ ਹੋਇਆ ਹੈ। ਮਹਾਂਮਾਰੀ ਤੋਂ ਪਹਿਲਾਂ ਨਾਇਰੋ ਦਾ ਸਮਾਂ ਦੋਵਾਂ ਦੇ ਘਰਾਂ ਵਿੱਚ ਵੰਡਿਆ ਹੋਇਆ ਸੀ। ਹੁਣ ਉਹ ਵੀ ਸਵਿਟਜ਼ਰਲੈਂਡ ਵਾਲੇ ਪਾਸੇ ਹੀ ਰਹਿ ਗਿਆ ਹੈ।

ਮਿਲਣ ਲਈ ਤਰਸਣ ਵਾਲੇ ਐਂਡਰਿਆ ਅਤੇ ਮਾਰਕੁਸ ਇਕੱਲੇ ਨਹੀਂ ਹਨ। ਪਿਛਲੇ ਹਫ਼ਤੇ ਸਵਿਟਜ਼ਰਲੈਂਡ ਅਤੇ ਜਰਮਨੀ ਵਿੱਚ ਵਸਣ ਵਾਲੇ 100 ਤੋਂ ਵਧੇਰੇ ਜੋੜੋ ਆਪੋ-ਆਪਣੇ ਘਰਾਂ ਵਿੱਚੋਂ ਨਿਕਲੇ ਅਤੇ ਕੋਨਸਟਾਂਨਜ਼-ਕੌਜ਼ਲਿੰਗਨ ਸਰਹੱਦ ’ਤੇ ਪਹੁੰਚ ਗਏ। ਤਾਂ ਕਿ ਉਹ ਇੱਕ ਦੂਜੇ ਜਿੰਨਾ ਵੀ ਸੰਭਵ ਹੋ ਸਕੇ ਨੇੜੇ ਆ ਸਕਣ।

ਉਮੀਦ ਕੀਤੀ ਜਾ ਰਹੀ ਹੈ ਕਿ ਜਿਵੇਂ ਆਉਣ ਵਾਲੇ ਦਿਨਾਂ ਤੇ ਹਫ਼ਤਿਆਂ ਦੌਰਾਨ ਤਾਪਮਾਨ ਵਧੇਗਾ ਅਤੇ ਦਿਨ ਵੱਡੇ ਹੋਣਗੇ, ਉਸੇ ਤਰ੍ਹਾਂ ਹੋਰ ਜ਼ਿਆਦਾ ਪ੍ਰੇਮੀ ਜੋੜੇ ਸਰਹੱਦ ਤੇ ਦੂਰੀਆਂ ਮੇਟਣ ਲਈ ਪਹੁੰਚਣਗੇ।

ਕੋਨਸਟਾਂਨਜ਼ ਦੇ ਮੇਅਰ ਥੌਮਸ ਨੇ ਦੱਸਿਆ ਕਿ ਸਾਲ 2009 ਤੋਂ ਦੋਵਾਂ ਸ਼ਹਿਰਾਂ ਦੇ ਵਾਸੀ ਇੱਕ ਦੂਜੇ ਪਾਸੇ ਬੇਰੋਕ-ਟੋਕ ਆ-ਜਾ ਸਕਦੇ ਸਨ। ਉਨ੍ਹਾਂ ਨੇ ਦੱਸਿਆ ਕਿ ਸ਼ਹਿਰ ਮਿਲ ਕੇ ਲਗਭਗ ਇੱਕ ਹੋ ਚੁੱਕੇ ਹਨ।

ਬਹੁਤ ਸਾਰੇ ਲੋਕ ਹਰ-ਰੋਜ਼ ਇੱਕ ਤੋਂ ਦੂਜੇ ਪਾਸੇ ਆਉਂਦੇ-ਜਾਂਦੇ ਰਹਿੰਦੇ ਹਨ। ਉਨ੍ਹਾਂ ਨੇ ਕਿਹਾ, “ਇਹ ਇੱਕ ਵੱਡੇ ਸ਼ਹਿਰ ਵਾਂਗ ਲਗਦਾ ਹੈ। ਜਿਸ ਦੇ ਵਿਚਾਲਿਓਂ ਇੱਕ ਕੌਮਾਂਤਰੀ ਸਰਹੱਦ ਲੰਘਦੀ ਹੋਵੇ।”

ਪਹਿਲਾਂ ਇੱਥੇ ਇੱਕ ਲੱਕ ਤੱਕ ਉੱਚੀ ਜਾਲੀ ਲੱਗੀ ਹੁੰਦੀ ਸੀ। ਇਸ ਤੋਂ ਬਾਅਦ ਉਸ ਛੋਟੀ ਜਾਲੀ ਦੇ ਬਰਾਬਰ ਇੱਕ ਹੋਰ ਉੱਚੀ ਜਾਲੀ ਲਾ ਦਿੱਤੀ ਗਈ ਹੈ ਤਾਂ ਜੋ ਜੋੜਿਆਂ ਵਿੱਚ ਸੁਰੱਖਿਅਤ ਦੂਰੀ ਰਹਿ ਸਕੇ।

'ਸਰਹੱਦ 'ਤੇ ਮਿਲਣ ਤੋਂ ਇਲਾਵਾ ਹੋਰ ਕੋਈ ਚਾਰਾ ਹੀ ਨਹੀਂ '

ਇੱਕ ਦੂਜੇ ਨੂੰ ਦੇਖਣ ਲਈ ਸਿਰਫ਼ ਸਥਾਨਕ ਪ੍ਰੇਮੀ-ਜੋੜੋ ਹੀ ਇਸ ਸਰਹੱਦ ਉੱਪਰ ਨਹੀਂ ਪਹੁੰਚ ਰਹੇ। ਸਗੋਂ ਕਈ ਲੋਕ ਤਾਂ ਬਹੁਤ ਦੂਰ ਤੋਂ ਵੀ ਆਉਂਦੇ ਹਨ। ਜਿਵੇਂ ਕਿ ਨਤਾਸ਼ਾ ਤੇ ਦਮੈਤੀਸ।

ਇਹ ਦੋਵੇਂ ਇੰਟਰਨੈਟ ਉੱਪਰ ਮਿਲੀਆਂ ਸਨ। ਆਹਮੋ-ਸਾਹਮਣੇ ਮਿਲਣ ਬਾਰੇ ਗੱਲਾਂ ਹੀ ਕਰ ਰਹੀਆਂ ਸਨ ਕਿ ਦੋਵਾਂ ਦੇਸਾਂ ਵਿੱਚ ਆਉਣਾ-ਜਾਣਾ ਬੰਦ ਹੋ ਗਿਆ।

ਹੁਣ ਦੋਵੇਂ ਜਣੀਆਂ ਇੱਕ ਘੰਟੇ ਤੋਂ ਵੀ ਵਧੇਰੇ ਦਾ ਸਫ਼ਰ ਕਰ ਕੇ ਇੱਥੇ ਪਹੁੰਚਦੀਆਂ ਹਨ ਤਾਂ ਜੋ 2 ਮੀਟਰ ਦੂਰੋਂ ਹੀ ਸਹੀ ਪਰ ਇੱਕ-ਦੂਜੀ ਨੂੰ ਦੇਖ ਸਕਣ।

ਦਮੈਤੀਸ ਦੱਸਦੀ ਹੈ ਕਿ ਉਨ੍ਹਾਂ ਕੋਲ ਸਰਹੱਦ 'ਤੇ ਮਿਲਣ ਤੋਂ ਇਲਾਵਾ ਹੋਰ ਕੋਈ ਚਾਰਾ ਹੀ ਨਹੀਂ ਹੈ। ਜਿਸ ਰਾਹੀਂ ਉਹ ਦੇਖ ਸਕਣ ਕਿ ਉਨ੍ਹਾਂ ਦੀ ਆਪਸ ਵਿੱਚ ਸੱਚੀਂ-ਮੁੱਚੀਂ ਵੀ ਉਨੀਂ ਹੀ ਡੂੰਘੀ ਸਾਂਝ ਹੈ, ਜਿੰਨੀ ਇੰਟਰਨੈਟ ਦੇ ਉੱਪਰ ਹੈ।

ਜਦੋਂ ਉਹ ਪਹਿਲੀ ਵਾਰ ਜਾਲੀ ਦੇ ਦੋਵਾਂ ਪਾਸਿਆਂ ਤੋਂ ਇੱਕ-ਦੂਜੇ ਨੂੰ ਮਿਲੀਆਂ ਤਾਂ ਉਨ੍ਹਾਂ ਨੇ 6 ਘੰਟੇ ਗੱਲਾਂ ਕੀਤੀਆਂ। ਫਿਰ ਉਨ੍ਹਾਂ ਨੇ ਇਸ ਰਿਸ਼ਤੇ ਨੂੰ ਜਾਰੀ ਰੱਖਣ ਦਾ ਫ਼ੈਸਲਾ ਲਿਆ। ਦਮੈਤਸੀ ਨੂੰ ਇਹ ਸਭ ਊਲਜਲੂਲ ਤਾਂ ਭਾਵੇਂ ਲਗਦਾ ਹੈ ਪਰ ਉਹ ਕਹਿੰਦੀ ਹੈ ਕਿ ਇਸ ਨਾਲ ਦੋਵਾਂ ਨੂੰ ਇੱਕ-ਦੂਜੇ ਨੂੰ ਜਾਨਣ ਦਾ ਮੌਕਾ ਤਾਂ ਮਿਲਿਆ ਹੈ।

ਹਾਲਾਂਕਿ ਹਾਲੇ ਇਹ ਤਾਂ ਕਿਸੇ ਨੂੰ ਨਹੀਂ ਪਤਾ ਪਰ ਦਮੈਤੀਸ ਦਾ ਕਹਿਣਾ ਹੈ ਕਿ ਉਹ ਜਾਲੀ ਤੋਂ ਬਗ਼ੈਰ ਮਿਲਣ ਲਈ ਉਤਾਵਲੀਆਂ ਹਨ। “ਜੇ ਇਸ ਦਾ ਕੋਈ ਰਾਹ ਹੋਇਆ ਤਾਂ ਸਭ ਤੋਂ ਪਹਿਲਾਂ ਉਹ ਮੌਕਾ ਚੁੱਕਣਗੀਆਂ।”

ਕੌਮਾਂਤਰੀ ਸਰਹੱਦ 'ਤੇ ਦੁਪਹਿਰ ਦਾ ਖਾਣਾ

ਕੌਮਾਂਤਰੀ ਸਰਹੱਦਾਂ ਦੇ ਉੱਪਰੋਂ ਆਪਸੀ ਸਾਂਝ ਵਟਾਉਣ ਵਾਲਾ ਤੀਜਾ ਜੋੜਾ ਹੈ। 89 ਸਾਲਾ ਕਾਰਸਨ ਟਸ਼ਨ ਤੇ ਰਸਮੂਸੈਨ ਹੈਨਸਨ ਜੋ ਕਿ ਜਰਮਨੀ ਤੋਂ ਹਨ। ਦੂਜੇ ਪਾਸੇ 85 ਸਾਲ ਰਸਮੂਸੈਨ ਜੋ ਕਿ ਡੈਨਮਾਰਕ ਦੀ ਵਾਸੀ ਹੈ। ਉਨ੍ਹਾਂ ਨੂੰ ਦੋ ਸਾਲ ਪਹਿਲਾਂ ਇੱਕ-ਦੂਜੇ ਨਾਲ ਪਿਆਰ ਹੋਇਆ।

ਦੋਵਾਂ ਦੇ ਜੀਵਨ ਸਾਥੀ ਇਸ ਦੁਨੀਆਂ ਤੋਂ ਜਾ ਚੁੱਕੇ ਹਨ। ਪਿਛਲੇ ਦੋ ਸਾਲਾਂ ਤੋਂ ਇਹ ਲਗਭਗ ਹਰ ਰੋਜ਼ ਮਿਲ ਰਹੇ ਹਨ। ਰਸਮੂਸੈਨ ਅਕਸਰ ਹੈਨਸਨ ਦੇ ਘਰ ਜਾਂਦੀ ਅਤੇ ਉੱਥੇ ਰੁਕ ਵੀ ਜਾਂਦੀ। ਫਿਰ ਦੋਵਾਂ ਨੇ ਇੱਕ ਦੂਜੇ ਤੋਂ ਦੂਰ ਆਪਣੇ ਪਰਿਵਾਰਾਂ ਨਾਲ ਅਲਹਿਦਗੀ ਵਿੱਚ ਰਹਿਣ ਦਾ ਮੁਸ਼ਕਲ ਫੈਸਲਾ ਲਿਆ।

ਐਤਵਾਰ ਨੂੰ ਉਹ ਕੁਝ ਜਲਦੀ ਮਿਲਦੇ ਹਨ। ਦੋਵੇਂ ਜਣੇ ਰਸਮੂਸੈਨ ਦਾ ਲਿਆਂਦਾ ਹੋਇਆ ਦੁਪਹਿਰ ਦਾ ਖਾਣਾ ਖਾਂਦੇ ਹਨ। ਹੈਨਸਨ ਲਈ ਉਹ ਸਮਾਂ ਦਿਨ ਦਾ ਸਭ ਤੋਂ ਅਹਿਮ ਸਮਾਂ ਹੁੰਦਾ ਹੈ। ਹਾਲਾਂਕਿ ਕਿ ਉਹ ਰਸਮੂਸੈਨ ਨੂੰ ਗੱਲਵੱਕੜੀ ਪਾਉਣ ਲਈ ਤਰਸਦੇ ਹਨ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਪਹਿਲਾਂ ਸਿਹਤ ਜ਼ਰੂਰੀ ਹੈ।

ਬਜ਼ੁਰਗ ਜੋੜਾ ਹਾਲਤ ਸੁਧਰਨ ਦੀ ਉਡੀਕ ਕਰ ਰਿਹਾ ਹੈ। ਉਹ ਉਸ ਮਗਰੋਂ ਛੁੱਟੀਆਂ ਤੇ ਜਾਣ ਦੀ ਯੋਜਨਾ ਬਣਾ ਰਹੇ ਹਨ। ਕਿਸ਼ਤੀ ਰਾਹੀਂ ਦਨੂਬੇ ਨਦੀ ਦੀ ਸੈਰ ਹੀ ਹਾਲੇ ਤਾਂ ਉਨ੍ਹਾਂ ਦੀ ਚਰਚਾ ਦਾ ਕੇਂਦਰ ਬਣੀ ਹੋਈ ਹੈ। ਤਦ ਤੱਕ ਉਹ ਇੱਕ ਦੂਜੇ ਨੂੰ ਇਨ੍ਹਾਂ ਮੁਸ਼ਕਲ ਸਮਿਆਂ ਵਿੱਚੋਂ ਲੰਘਣ ਲਈ ਹੌਂਸਲਾ ਦੇ ਰਹੇ ਹਨ ਅਤੇ ਆਪਣੇ ਰਿਸ਼ਤੇ ਦੀ ਨਿਘਾਸ ਦਾ ਅਨੰਦ ਮਾਣ ਰਹੇ ਹਨ।

ਹੈਨਸਨ ਨੇ ਕਿਹਾ, “ਮੈਂ ਕਦੇ ਨਹੀਂ ਸੀ ਸੋਚਿਆ ਕਿ ਮੈਨੂੰ 89 ਸਾਲਾਂ ਦੀ ਉਮਰ ਵਿੱਚ ਇੰਨਾ ਪਿਆਰ ਹੋ ਜਾਵੇਗਾ।”

ਇਹ ਵੀਡੀਓਜ਼ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)