ਡੀਜ਼ਲ ਦੀ ਥਾਂ ਹਾਈਡ੍ਰੋਜਨ ਨਾਲ ਚੱਲਦੀ ਰੇਲਗੱਡੀ

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 2 ਮਿੰਟ

ਪ੍ਰਦੂਸ਼ਣ ਫੈਲਾਉਣ ਵਾਲੇ ਡੀਜ਼ਲ ਦੀ ਬਜਾਏ ਹਾਈਡ੍ਰੋਜਨ ਨਾਲ ਚੱਲਣ ਵਾਲੀਆਂ ਦੋ ਰੇਲ ਗੱਡੀਆਂ ਨੂੰ ਜਰਮਨੀ 'ਚ ਹਰੀ ਝੰਡੀ ਮਿਲਦਿਆਂ ਹੀ ਸਾਰੇ ਵਿਸ਼ਵ ਲਈ ਇੱਕ ਨਵੀਂ ਸ਼ੁਰੂਆਤ ਦੀ ਉਮੀਦ ਉੱਠੀ ਹੈ।

ਹਾਈਡ੍ਰੋਜਨ ਇੰਜਣ ਜਾਂ ਫਿਊਲ ਸੈਲ ਉਂਝ ਤਾਂ ਡੀਜ਼ਲ ਨਾਲੋਂ ਮਹਿੰਗੇ ਪੈਂਦੇ ਹਨ, ਪਰ ਇਹ ਤਕਨੀਕ ਕਿਸੇ ਵੀ ਤਰ੍ਹਾਂ ਦੇ ਪ੍ਰਦੂਸ਼ਣ ਦੇ ਕਣ ਹਵਾ ਵਿਚ ਨਹੀਂ ਛੱਡਦੀ।

ਇਸ ਤਕਨੀਕ ਨੂੰ ਲੰਮੇ ਸਮੇਂ ਵਰਤ ਕੇ ਡੀਜ਼ਲ ਅਤੇ ਇਸ ਦੀ ਕੀਮਤ ਵਿਚਲਾ ਫਰਕ ਵੀ ਘੱਟਦਾ ਜਾਂਦਾ ਹੈ।

ਇਹ ਵੀ ਪੜ੍ਹੋ:

ਕਿੱਥੋਂ ਕਿੱਥੇ ਜਾਣਗੀਆਂ?

ਕੰਪਨੀ ਨੇ ਆਪਣੇ ਟਵਿੱਟਰ ਹੈਂਡਲ 'ਤੇ ਰੇਲਗੱਡੀ ਦਾ ਵੀਡੀਓ ਜਾਰੀ ਕੀਤਾ ਹੈ।

ਵਿਸ਼ਵ ਦੀਆਂ ਪਹਿਲੀਆਂ ਦੋ ਹਾਈਡ੍ਰੋਜਨ ਰੇਲਗੱਡੀਆਂ ਨੀਲੇ ਰੰਗ 'ਚ ਰੰਗੀਆਂ ਗਈਆਂ ਹਨ। ਐਤਵਾਰ ਤੋਂ ਸ਼ੁਰੂ ਕੀਤੀਆਂ ਇਹ ਰੇਲਗੱਡੀਆਂ ਫਿਲਹਾਲ 62 ਮੀਲ (100 ਕਿਲੋਮੀਟਰ) ਦੀ ਤੈਅ ਕਰਕੇ ਉੱਤਰੀ ਜਰਮਨੀ ਦੇ ਚਾਰ ਸੂਬਿਆਂ ਦੇ ਕੁਝ ਸ਼ਹਿਰਾਂ ਨੂੰ ਆਪਸ ਵਿਚ ਜੋੜਣਗੀਆਂ। ਇਸ ਰਸਤੇ ਉੱਤੇ ਪਹਿਲਾਂ ਡੀਜ਼ਲ ਰੇਲਗੱਡੀਆਂ ਚਲਦੀਆਂ ਸਨ।

ਇਹ ਵੀ ਪੜ੍ਹੋ:

ਕੌਰਡੀਆ ਆਈ-ਲਿੰਟ ਨਾਂ ਦੀਆਂ ਇਨ੍ਹਾਂ ਰੇਲਗੱਡੀਆਂ ਨੂੰ ਫਰਾਂਸ ਦੀ ਕੰਪਨੀ ਐਲਸਟੋਮ ਨੇ ਬਣਾਇਆ ਹੈ। ਕੰਪਨੀ ਦੇ ਸੀ.ਈ.ਓ. ਆਨਰੀ ਪੂਪਾ-ਲਫਾਰਜ ਨੇ ਖ਼ਬਰ ਏਜੰਸੀ ਏ.ਐਫ.ਪੀ. ਨੂੰ ਦੱਸਿਆ ਕਿ ਉਹ ਹਾਈਡਰੋਜਨ ਤਕਨੀਕ ਵਾਲੇ ਇੰਜਣਾਂ ਦਾ ਵੱਡੇ ਪੱਧਰ ਉੱਤੇ ਉਤਪਾਦਨ ਕਰਨ ਦੀ ਸਮਰੱਥਾ ਰੱਖਦੇ ਹਨ।

ਜਰਮਨੀ 'ਚ ਹੀ ਕੰਪਨੀ ਨੂੰ 14 ਹੋਰ ਇੰਜਣਾਂ ਦਾ ਆਰਡਰ ਮਿਲਿਆ ਹੈ, ਜੋ ਕਿ 2021 ਤੱਕ ਪੂਰਾ ਕਰ ਦਿੱਤਾ ਜਾਵੇਗਾ।

ਤਕਨੀਕ ਕੀ ਹੈ?

ਹਾਈਡ੍ਰੋਜਨ ਨਾਲ ਚੱਲਣ ਵਾਲੀਆਂ ਰੇਲਗੱਡੀਆਂ 'ਚ ਅਜਿਹੇ ਫਿਊਲ ਸੈਲ ਲੱਗੇ ਹੁੰਦੇ ਹਨ ਜੋਕਿ ਹਾਈਡ੍ਰੋਜਨ ਅਤੇ ਆਕਸੀਜਨ ਨੂੰ ਮਿਲਾ ਕੇ ਬਿਜਲੀ ਪੈਦਾ ਕਰਦੇ ਹਨ। ਇਸ ਤਕਨੀਕ ਦਾ ਨਿਕਾਸ ਪਦਾਰਥ ਹਨ ਸਿਰਫ ਪਾਣੀ ਤੇ ਭਾਫ਼।

ਜਿਹੜੀ ਊਰਜਾ ਬਚਦੀ ਹੈ, ਉਹ ਰੇਲਗੱਡੀ 'ਚ ਰੱਖੀਆਂ ਬੈਟਰੀਆਂ ਵਿੱਚ ਪਈ ਰਹਿੰਦੀ ਹੈ ਅਤੇ ਲੋੜ ਪੈਣ 'ਤੇ ਹਰਕਤ ਵਿੱਚ ਆ ਜਾਂਦੀ ਹੈ।

ਇੱਕ ਟੈਂਕ ਹਾਈਡ੍ਰੋਜਨ ਫਿਊਲ ਨਾਲ ਕੌਰਡੀਆ ਆਈ-ਲਿੰਟ ਨਾਂ ਦੀਆਂ ਇਹ ਰੇਲਗੱਡੀਆਂ 1000 ਕਿਲੋਮੀਟਰ ਚੱਲ ਸਕਦੀਆਂ ਹਨ, ਜੋ ਕਿ ਡੀਜ਼ਲ ਇੰਜਣਾਂ ਦੇ ਬਰਾਬਰ ਹੀ ਹੈ।

ਇਹ ਵੀ ਪੜ੍ਹੋ:

ਇਹ ਉਨ੍ਹਾਂ ਇਲਾਕਿਆਂ ਲਈ ਵੀ ਚੰਗਾ ਵਿਕਲਪ ਹਨ, ਜਿੱਥੇ ਤਾਰਾਂ ਤੋਂ ਬਿਜਲੀ ਲੈ ਕੇ ਚੱਲਣ ਵਾਲੀਆਂ ਰੇਲਗੱਡੀਆਂ ਵਰਤੀਆਂ ਜਾ ਰਹੀਆਂ ਹਨ।

ਕੰਪਨੀ ਦੇ ਅਧਿਕਾਰੀਆਂ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਕਈ ਹੋਰ ਦੇਸ਼ਾਂ ਨੇ ਵੀ ਇਨ੍ਹਾਂ ਰੇਲਗੱਡੀਆਂ ਵਿੱਚ ਰੁਚੀ ਜ਼ਾਹਿਰ ਕੀਤੀ ਹੈ, ਜਿਨ੍ਹਾਂ ਵਿੱਚ ਬ੍ਰਿਟੇਨ, ਡੈਨਮਾਰਕ, ਨਾਰਵੇ, ਇਟਲੀ ਅਤੇ ਕੈਨੇਡਾ ਸ਼ਾਮਲ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)