ਇਨੋਵੇਸ਼ਨ ਰਾਹੀਂ ਬਦਲਾਅ ਲਿਆਉਣ ਵਾਲੇ ਇੰਜੀਨੀਅਰ ਸੋਨਮ ਵਾਂਗਚੁਕ ਨੇ ਸਿਰਫ਼ ਸਿੱਖਿਆ ਹੀ ਨਹੀਂ ਸਗੋਂ ਇਨ੍ਹਾਂ ਕੰਮਾਂ ਨਾਲ ਵੀ ਕਮਾਈ ਸ਼ੋਹਰਤ

    • ਲੇਖਕ, ਸੁਮੰਤ ਸਿੰਘ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 7 ਮਿੰਟ

ਪਿਛਲੇ ਕੁਝ ਸਮੇਂ ਤੋਂ ਦੇਸ਼ ਦੇ ਜਾਣੇ-ਪਛਾਣੇ ਸਿੱਖਿਆ ਸ਼ਾਸਤਰੀ ਅਤੇ ਵਾਤਾਵਰਣ ਕਾਰਕੁੰਨ ਸੋਨਮ ਵਾਂਗਚੁਕ ਖ਼ਬਰਾਂ ਵਿੱਚ ਰਹੇ ਹਨ।

ਕਦੇ ਲੱਦਾਖ ਨੂੰ ਸੰਵਿਧਾਨ ਦੀ ਛੇਵੀਂ ਅਨੁਸੂਚੀ ਵਿੱਚ ਸ਼ਾਮਲ ਕਰਵਾਉਣ ਦੀ ਆਪਣੀ ਮੰਗ ਲਈ ਮਰਨ ਵਰਤ ਨੂੰ ਲੈਕੇ, ਤਾਂ ਕਦੇ ਲੱਦਾਖ ਤੋਂ ਦਿੱਲੀ ਤੱਕ ਉਨ੍ਹਾਂ ਦੇ ਪੈਦਲ ਮਾਰਚ ਨੂੰ ਲੈਕੇ।

ਹੁਣ ਇੱਕ ਵਾਰ ਫਿਰ ਉਹ ਆਪਣੇ ਮਰਨ ਵਰਤ ਨੂੰ ਲੈਕੇ ਸੁਰਖੀਆਂ ਵਿੱਚ ਹਨ। ਪਰ ਇਸ ਵਾਰ ਕਾਰਨ ਲੱਦਾਖ ਨਹੀਂ, ਸਗੋਂ ਦੇਸ਼ ਦੀ ਸਿੱਖਿਆ ਪ੍ਰਣਾਲੀ ਹੈ।

ਸੋਨਮ ਵਾਂਗਚੁਕ ਇੱਕ ਸਿੱਖਿਆ ਸ਼ਾਸਤਰੀ ਹਨ। ਸਿੱਖਿਆ ਨੂੰ ਲੈਕੇ ਆਪਣੇ ਕੰਮਾਂ ਦੀ ਬਦੌਲਤ ਉਨ੍ਹਾਂ ਨੇ ਦੁਨੀਆ ਭਰ ਵਿੱਚ ਨਾਮ ਕਮਾਇਆ।

ਸਿੱਖਿਆ ਤੋਂ ਇਲਾਵਾ ਸੋਨਮ ਵਾਂਗਚੁਕ ਨੇ ਲੱਦਾਖ ਨੂੰ ਜਲਵਾਯੂ ਪਰਿਵਰਤਨ ਦੇ ਪ੍ਰਭਾਵਾਂ ਨਾਲ ਨਜਿੱਠਣ ਵਿੱਚ ਮਦਦ ਕਰਨ ਲਈ ਕਈ ਉਪਾਅ ਸੁਝਾਏ ਅਤੇ ਉਨ੍ਹਾਂ ਨੂੰ ਵਿਕਸਤ ਕੀਤਾ।

ਇਨ੍ਹਾਂ ਹੀ ਕੰਮਾਂ ਕਰਕੇ ਲੋਕ ਉਨ੍ਹਾਂ ਨੂੰ ਇੰਜੀਨੀਅਰ, ਇਨੋਵੇਟਰ, ਐਜੂਕੇਸ਼ਨਿਸਟ ਜਾਂ ਵਾਤਾਵਰਣ ਕਾਰਕੁਨ ਵਜੋਂ ਜਾਣਦੇ ਹਨ।

ਸੋਨਮ ਵਾਂਗਚੁਕ ਨੂੰ ਉਨ੍ਹਾਂ ਦੇ ਕੰਮਾਂ ਲਈ ਕਈ ਸਨਮਾਨ ਵੀ ਮਿਲ ਚੁੱਕੇ ਹਨ, ਜਿਨ੍ਹਾਂ ਵਿੱਚ 2018 ਦਾ ਰੇਮਨ ਮੈਗਸੇਸੇ ਪੁਰਸਕਾਰ ਵੀ ਸ਼ਾਮਲ ਹੈ। ਇਸ ਨੂੰ ਏਸ਼ੀਆ ਦਾ ਸਰਵਉੱਚ ਸਨਮਾਨ ਮੰਨਿਆ ਜਾਂਦਾ ਹੈ।

'ਸਿੱਖਿਆ ਵਿੱਚ ਨਵੀਨਤਾ ਲਿਆਉਣ ਵਾਲੇ ਸੁਧਾਰਕ'

ਰੇਮਨ ਮੈਗਸੇਸੇ ਐਵਾਰਡ ਫਾਊਂਡੇਸ਼ਨ ਦੀ ਵੈੱਬਸਾਈਟ ਨੇ ਵਾਂਗਚੁਕ ਨੂੰ "ਲੱਦਾਖ ਦੇ ਉਚਾਈ ਵਾਲੇ ਇਲਾਕਿਆਂ ਵਿੱਚ ਸਿੱਖਿਆ ਦੇ ਖੇਤਰ ਵਿੱਚ ਇਨੋਵੇਸ਼ਨ ਲਿਆਉਣ ਵਾਲੇ ਸਿੱਖਿਆ ਸੁਧਾਰਕ" ਵਜੋਂ ਦੱਸਿਆ ਹੈ।

ਰੇਮਨ ਮੈਗਸੇਸੇ ਐਵਾਰਡ ਫਾਊਂਡੇਸ਼ਨ ਦੇ ਮੁਤਾਬਕ, 1998 ਵਿੱਚ ਵਾਂਗਚੁਕ ਨੇ SECMOL (ਸੇਕਮੋਲ) ਸਕੂਲ ਦੀ ਸ਼ੁਰੂਆਤ ਕੀਤੀ। ਇਸ ਦਾ ਪੂਰਾ ਨਾਮ ਹੈ 'ਸਟੂਡੈਂਟਸ ਐਜੂਕੇਸ਼ਨਲ ਐਂਡ ਕਲਚਰਲ ਮੂਵਮੈਂਟ ਆਫ਼ ਲੱਦਾਖ'।

ਇਸ ਦਾ ਮਕਸਦ ਲੱਦਾਖ ਦੇ ਵਿਦਿਆਰਥੀਆਂ ਦਾ ਆਤਮ-ਵਿਸ਼ਵਾਸ ਵਧਾਉਣਾ, ਉਨ੍ਹਾਂ ਵਿੱਚ ਜੀਵਨ ਕੌਸ਼ਲ ਵਿਕਸਤ ਕਰਨਾ ਅਤੇ ਲੀਡਰਸ਼ਿਪ ਟ੍ਰੇਨਿੰਗ ਤੋਂ ਲੈ ਕੇ ਸੂਰਜੀ ਊਰਜਾ ਪ੍ਰਣਾਲੀ ਲਗਾਉਣ ਤੱਕ ਦੇ ਕਈ ਤਰ੍ਹਾਂ ਦੇ ਕੋਰਸ ਉਪਲੱਬਧ ਕਰਵਾਉਣਾ ਸੀ।

ਰੇਮਨ ਮੈਗਸੇਸੇ ਐਵਾਰਡ ਫਾਊਂਡੇਸ਼ਨ ਦੇ ਮੁਤਾਬਕ, ਵਾਂਗਚੁਕ ਦੀ ਦੇਖ-ਰੇਖ ਹੇਠ ਸੇਕਮੋਲ ਦੇ ਵਿਦਿਆਰਥੀ ਨਵਿਆਉਣਯੋਗ ਊਰਜਾ ਪੈਦਾ ਕਰ ਰਹੇ ਹਨ ਅਤੇ ਸਕੂਲਾਂ ਅਤੇ ਲੱਦਾਖ ਦੇ ਪਿੰਡਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਨਵੀਆਂ ਤਕਨੀਕਾਂ ਵਿਕਸਤ ਕਰ ਰਹੇ ਹਨ।

ਜਲਵਾਯੂ ਪਰਿਵਰਤਨ ਕਾਰਨ ਖੇਤੀ ਲਈ ਕੁਦਰਤੀ ਪਾਣੀ ਦੀ ਸਪਲਾਈ ਪ੍ਰਭਾਵਿਤ ਹੋਣ ਤੋਂ ਬਾਅਦ ਵਾਂਗਚੁਕ ਨੇ "ਆਈਸ ਸਤੂਪ" ਬਣਾਉਣ ਵੱਲ ਕਦਮ ਵਧਾਇਆ।

ਇਹ ਸਤੂਪ ਸ਼ੰਕੂ (ਕੋਨ) ਦੇ ਆਕਾਰ ਦੇ ਬਰਫ਼ੀਲੇ ਪਹਾੜ ਹੁੰਦੇ ਹਨ, ਜੋ ਸਰਦੀਆਂ ਵਿੱਚ ਪਾਣੀ ਨੂੰ ਇਕੱਠਾ ਕਰਕੇ ਰੱਖਦੇ ਹਨ ਅਤੇ ਗਰਮੀਆਂ ਵਿੱਚ ਹੌਲੀ-ਹੌਲੀ ਪਿਘਲ ਕੇ ਸਿੰਚਾਈ ਲਈ ਪਾਣੀ ਉਪਲੱਬਧ ਕਰਵਾਉਂਦੇ ਹਨ।

ਨੋਬੇਲ ਪੁਰਸਕਾਰ ਦੀ ਵੈੱਬਸਾਈਟ ਦੇ ਮੁਤਾਬਕ, ਵਾਂਗਚੁਕ ਨੇ ਮਕੈਨਿਕਲ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਹੈ ਅਤੇ ਉਹ ਪਿਛਲੇ 30 ਸਾਲਾਂ ਤੋਂ ਵੱਧ ਸਮੇਂ ਤੋਂ ਸਿੱਖਿਆ ਸੁਧਾਰ ਦੇ ਖੇਤਰ ਵਿੱਚ ਕੰਮ ਕਰ ਰਹੇ ਹਨ।

ਉਨ੍ਹਾਂ ਨੇ "ਆਪਰੇਸ਼ਨ ਨਿਊ ਹੋਪ" ਦੀ ਸ਼ੁਰੂਆਤ ਵਿੱਚ ਅਹਿਮ ਭੂਮਿਕਾ ਨਿਭਾਈ। ਇਹ ਸਰਕਾਰ, ਪਿੰਡਾਂ ਦੇ ਭਾਈਚਾਰਿਆਂ ਅਤੇ ਸਿਵਲ ਸੋਸਾਇਟੀਆਂ ਵਿਚਕਾਰ ਇੱਕ ਪਹਿਲ ਸੀ। ਇਸ ਦਾ ਉਦੇਸ਼ ਸਰਕਾਰੀ ਸਕੂਲਾਂ ਦੀ ਸਿੱਖਿਆ ਪ੍ਰਣਾਲੀ ਵਿੱਚ ਸੁਧਾਰ ਕਰਨਾ ਸੀ।

ਇਸ ਪ੍ਰੋਗਰਾਮ ਤਹਿਤ ਸਰਕਾਰੀ ਸਕੂਲਾਂ ਦੀ ਜ਼ਿੰਮੇਵਾਰੀ ਸੰਭਾਲਣ ਲਈ ਪਿੰਡਾਂ ਦੇ ਪੱਧਰ 'ਤੇ ਸਿੱਖਿਆ ਕਮੇਟੀਆਂ ਦਾ ਗਠਨ ਕੀਤਾ ਗਿਆ, ਅਧਿਆਪਕਾਂ ਨੂੰ ਬੱਚਿਆਂ-ਅਨੁਕੂਲ (ਚਾਈਲਡ ਫ੍ਰੈਂਡਲੀ) ਪੜ੍ਹਾਉਣ ਦੇ ਤਰੀਕਿਆਂ ਦੀ ਟ੍ਰੇਨਿੰਗ ਦਿੱਤੀ ਗਈ ਅਤੇ ਸਥਾਨਕ ਪੱਧਰ 'ਤੇ ਆਧਾਰਿਤ ਬੱਚਿਆਂ ਦੇ ਪਾਠਕ੍ਰਮ ਦੀਆਂ ਕਿਤਾਬਾਂ ਨੂੰ ਮੁੜ ਤਿਆਰ ਕੀਤਾ ਗਿਆ।

ਫੇਲ੍ਹ ਹੋਣ ਵਾਲੇ ਬੱਚਿਆਂ ਲਈ ਖ਼ਾਸ ਸਕੂਲ

ਇਸ ਤੋਂ ਇਲਾਵਾ ਜੋ ਵਿਦਿਆਰਥੀ ਸਟੇਟ ਬੋਰਡ ਦੀਆਂ ਪ੍ਰੀਖਿਆਵਾਂ ਵਿੱਚ ਸਫਲ ਨਹੀਂ ਹੋ ਸਕੇ, ਉਨ੍ਹਾਂ ਲਈ ਸੋਨਮ ਵਾਂਗਚੁਕ ਨੇ ਲੇਹ ਦੇ ਨੇੜੇ ਸੇਕਮੋਲ ਅਲਟਰਨੇਟਿਵ ਸਕੂਲ ਕੈਂਪਸ ਦੀ ਸਥਾਪਨਾ ਕੀਤੀ।

ਇਹ ਇੱਕ ਖ਼ਾਸ ਸਕੂਲ ਹੈ ਜਿਸ ਵਿੱਚ ਦਾਖਲੇ ਦਾ ਮਾਪਦੰਡ ਪ੍ਰੀਖਿਆ ਵਿੱਚ ਫੇਲ੍ਹ ਹੋਣਾ ਹੈ। ਇੱਕ ਇੰਜੀਨੀਅਰ ਵਜੋਂ ਵਾਂਗਚੁਕ ਇਸ ਸਕੂਲ ਵਿੱਚ ਇਨੋਵੇਸ਼ਨ ਦੀ ਸਿੱਖਿਆ ਦਿੰਦੇ ਹਨ। ਇੱਥੇ ਉਨ੍ਹਾਂ ਨੇ ਵਿਦਿਆਰਥੀਆਂ ਨਾਲ ਮਿਲ ਕੇ ਘੱਟ ਲਾਗਤ ਵਾਲੀਆਂ, ਮਿੱਟੀ ਨਾਲ ਬਣੀਆਂ ਅਤੇ ਸੂਰਜੀ ਊਰਜਾ ਨਾਲ ਗਰਮ ਰਹਿਣ ਵਾਲੀਆਂ ਇਮਾਰਤਾਂ ਤਿਆਰ ਕੀਤੀਆਂ।

ਇਹ ਇਮਾਰਤਾਂ ਲੱਦਾਖ ਦੀਆਂ ਅੱਤ ਦੀਆਂ ਸਰਦੀਆਂ ਵਿੱਚ ਬਾਹਰ ਦਾ ਤਾਪਮਾਨ ਸਿਫ਼ਰ ਤੋਂ 15 ਡਿਗਰੀ ਸੈਲਸੀਅਸ ਹੇਠਾਂ ਹੋਣ ਦੇ ਬਾਵਜੂਦ, ਅੰਦਰ ਲਗਭਗ 15 ਡਿਗਰੀ ਸੈਲਸੀਅਸ ਤਾਪਮਾਨ ਬਣਾਈ ਰੱਖਦੀਆਂ ਹਨ।

ਸਕੂਲੀ ਸਿੱਖਿਆ ਪ੍ਰਣਾਲੀ ਵਿੱਚ ਸੁਧਾਰ ਅਤੇ ਵਿਕਲਪਕ ਸਿੱਖਿਆ ਪ੍ਰਣਾਲੀ ਦੇ ਮਿਸ਼ਨ ਨੂੰ ਵਾਂਗਚੁਕ ਯੂਨੀਵਰਸਿਟੀ ਪੱਧਰ ਤੱਕ ਲੈਕੇ ਜਾਣਾ ਚਾਹੁੰਦੇ ਸਨ। ਇਸੇ ਕੋਸ਼ਿਸ਼ ਤਹਿਤ ਉਨ੍ਹਾਂ ਨੇ ਹਿਮਾਲਿਅਨ ਇੰਸਟੀਚਿਊਟ ਆਫ਼ ਅਲਟਰਨੇਟਿਵਜ਼ ਲੱਦਾਖ (ਐਚਆਈਏਐਲ ਜਾਂ ਹਿਆਲ) ਦੀ ਸ਼ੁਰੂਆਤ ਕੀਤੀ।

ਉਨ੍ਹਾਂ ਦਾ ਕਹਿਣਾ ਹੈ ਕਿ ਸੇਕਮੋਲ ਵਿੱਚ ਕੀਤੀ ਗਈ ਖੋਜ ਨੂੰ ਹਿਆਲ ਵਿੱਚ ਅਗਲੇ ਪੱਧਰ 'ਤੇ ਲਿਜਾਇਆ ਜਾਂਦਾ ਹੈ। ਉਹ ਦੱਸਦੇ ਹਨ ਕਿ ਸੂਰਜੀ ਊਰਜਾ ਨਾਲ ਕਮਰਿਆਂ ਨੂੰ ਗਰਮ ਕਰਨ ਦੀ ਇੱਕ ਕਾਢ ਸੇਕਮੋਲ ਵਿੱਚ ਸ਼ੁਰੂ ਕੀਤੀ ਗਈ ਸੀ, ਜਿਸ ਨੂੰ ਹਿਆਲ ਨੇ ਅੱਗੇ ਵਿਕਸਤ ਕੀਤਾ।

ਵਾਂਗਚੁਕ ਕਹਿੰਦੇ ਹਨ ਕਿ ਭਾਰਤੀ ਫੌਜ ਨਾਲ ਪਾਰਟਨਰਸ਼ਿਪ ਵਿੱਚ ਚੀਨ ਨਾਲ ਲੱਗਦੀ ਸਰਹੱਦ 'ਤੇ ਫੌਜੀ ਕੈਂਪਾਂ ਲਈ ਇਸ ਕਾਢ 'ਤੇ ਕੰਮ ਕੀਤਾ ਗਿਆ ਅਤੇ ਇਸ ਨੂੰ ਅਫ਼ਗਾਨਿਸਤਾਨ ਵਿੱਚ ਵੀ ਲਿਜਾਇਆ ਗਿਆ ਹੈ।

ਐਚਆਈਏਐਲ ਦੀ ਵੈੱਬਸਾਈਟ ਦੇ ਮੁਤਾਬਕ, ਸੋਨਮ ਵਾਂਗਚੁਕ ਇਸ ਦੇ ਸੰਸਥਾਪਕ ਅਤੇ ਨਿਰਦੇਸ਼ਕ ਹਨ।

ਲੱਦਾਖ ਲਈ ਦਿੱਲੀ ਤੱਕ ਪੈਦਲ ਮਾਰਚ

ਸੋਨਮ ਵਾਂਗਚੁਕ ਇੱਕ ਵਾਤਾਵਰਣ ਕਾਰਕੁਨ ਵਜੋਂ ਵੀ ਕਾਫ਼ੀ ਸਰਗਰਮ ਰਹੇ ਹਨ। ਵਾਂਗਚੁਕ ਲੱਦਾਖ ਲਈ ਸੂਬੇ ਦੇ ਦਰਜੇ ਦੀ ਬਹਾਲੀ ਦੀ ਮੰਗ ਕਰਦੇ ਰਹੇ ਹਨ।

ਉਹ ਲੱਦਾਖ ਨੂੰ ਸੰਵਿਧਾਨ ਦੀ ਛੇਵੀਂ ਅਨੁਸੂਚੀ ਵਿੱਚ ਸ਼ਾਮਲ ਕਰਨ ਲਈ ਮਰਨ ਵਰਤ ਅਤੇ ਦਿੱਲੀ ਤੱਕ ਪੈਦਲ ਮਾਰਚ ਵੀ ਕਰ ਚੁੱਕੇ ਹਨ।

ਇਹ ਪੈਦਲ ਮਾਰਚ ਉਨ੍ਹਾਂ ਨੇ ਅਕਤੂਬਰ 2024 ਵਿੱਚ ਲੱਦਾਖ ਤੋਂ ਦਿੱਲੀ ਤੱਕ ਕੱਢਿਆ ਸੀ। ਹਾਲਾਂਕਿ ਦਿੱਲੀ ਪੁਲਿਸ ਨੇ ਸਿੰਘੂ ਬਾਰਡਰ ਤੋਂ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਸੀ।

ਸਾਲ 2025 ਵਿੱਚ 35 ਦਿਨਾਂ ਦੀ ਉਨ੍ਹਾਂ ਦੀ ਭੁੱਖ ਹੜਤਾਲ ਦੇ 15ਵੇਂ ਦਿਨ, 24 ਸਤੰਬਰ ਨੂੰ ਲੇਹ ਵਿੱਚ ਅੰਦੋਲਨ ਹਿੰਸਕ ਹੋ ਗਿਆ। ਇਸ ਤੋਂ ਦੋ ਦਿਨ ਬਾਅਦ, ਯਾਨੀ 26 ਸਤੰਬਰ 2025 ਨੂੰ ਵਾਂਗਚੁਕ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਸੀ।

ਇਨ੍ਹਾਂ ਸਭ ਤੋਂ ਇਲਾਵਾ ਸੋਨਮ ਵਾਂਗਚੁਕ ਨਾਲ ਜੁੜੇ ਅਜਿਹੇ ਕਈ ਹਿੱਸੇ ਅਤੇ ਪਹਿਲੂ ਹਨ, ਜਿਨ੍ਹਾਂ ਬਾਰੇ ਬਹੁਤੇ ਲੋਕਾਂ ਨੂੰ ਪਤਾ ਨਹੀਂ ਹੈ।

ਨੌਂ ਸਾਲ ਦੀ ਉਮਰ ਤੱਕ ਸਕੂਲ ਤੋਂ ਦੂਰ ਰਹੇ

ਇੰਡੀਆ ਟੁਡੇ ਗਰੁੱਪ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਵਾਂਗਚੁਕ ਨੇ ਆਪਣੀ ਜ਼ਿੰਦਗੀ ਦੇ ਕਈ ਪਹਿਲੂਆਂ ਬਾਰੇ ਦੱਸਿਆ। ਉਨ੍ਹਾਂ ਦਾ ਜਨਮ ਸਾਲ 1966 ਵਿੱਚ ਲੇਹ ਦੇ ਦੁਰਗਮ ਪਿੰਡ ਉਲੇਟੋਕਪੋ ਵਿੱਚ ਹੋਇਆ ਸੀ।

ਸੋਨਮ ਵਾਂਗਚੁਕ ਨੇ ਦੱਸਿਆ ਸੀ ਕਿ ਉਨ੍ਹਾਂ ਨੇ ਨੌਂ ਸਾਲ ਦੀ ਉਮਰ ਤੱਕ ਸਕੂਲ ਦਾ ਮੂੰਹ ਨਹੀਂ ਦੇਖਿਆ ਸੀ ਅਤੇ ਇਸੇ ਕਾਰਨ ਉਹ ਕੁਝ ਵੱਖਰੇ ਤਰੀਕੇ ਨਾਲ ਸੋਚ ਸਕੇ।

ਸੋਨਮ ਦੇ ਮੁਤਾਬਕ, ਸਕੂਲ ਨਾ ਜਾਣ ਕਰਕੇ ਉਨ੍ਹਾਂ ਦੀ ਮਾਂ ਨੇ ਉਨ੍ਹਾਂ ਨੂੰ ਘਰ ਵਿੱਚ ਹੀ ਸਥਾਨਕ ਭਾਸ਼ਾ ਵਿੱਚ ਪੜ੍ਹਾਇਆ ਅਤੇ ਉਨ੍ਹਾਂ ਨੇ ਸ਼ੁਰੂਆਤੀ ਗਿਆਨ ਆਪਣੇ ਤਜਰਬਿਆਂ ਤੋਂ ਹਾਸਿਲ ਕੀਤਾ।

ਸੋਨਮ ਵਾਂਗਚੁਕ ਦੇ ਪਿਤਾ ਸੋਨਮ ਵਾਂਗਿਆਲ ਇੱਕ ਸਿਆਸਤਦਾਨ ਸਨ ਅਤੇ ਨੌਂ ਸਾਲ ਦੀ ਉਮਰ ਤੋਂ ਬਾਅਦ ਸੋਨਮ ਵਾਂਗਚੁਕ ਨੂੰ ਸ੍ਰੀਨਗਰ ਦੇ ਇੱਕ ਸਥਾਨਕ ਸਕੂਲ ਵਿੱਚ ਭੇਜ ਦਿੱਤਾ ਗਿਆ।

ਇੰਟਰਵਿਊ ਵਿੱਚ ਸੋਨਮ ਵਾਂਗਚੁਕ ਨੇ ਦੱਸਿਆ ਸੀ ਕਿ ਸਕੂਲ ਵਿੱਚ ਉਨ੍ਹਾਂ ਨੂੰ ਅੰਗਰੇਜ਼ੀ ਦੀਆਂ ਕਿਤਾਬਾਂ ਫੜਾ ਦਿੱਤੀਆਂ ਗਈਆਂ ਅਤੇ ਉਨ੍ਹਾਂ ਨੂੰ ਕੁਝ ਵੀ ਸਮਝ ਨਹੀਂ ਆਉਂਦਾ ਸੀ। ਉਨ੍ਹਾਂ ਨੇ ਦੱਸਿਆ ਕਿ ਸਕੂਲ ਦੇ ਅਧਿਆਪਕ ਉਨ੍ਹਾਂ ਨੂੰ ਪਿਛਲੀ ਸੀਟ 'ਤੇ ਬਿਠਾ ਦਿੰਦੇ ਸਨ ਜਾਂ ਕਲਾਸ ਤੋਂ ਬਾਹਰ ਖੜ੍ਹਾ ਕਰ ਦਿੰਦੇ ਸਨ।

ਸੋਨਮ ਨੇ ਇੰਟਰਵਿਊ ਵਿੱਚ ਦੱਸਿਆ ਸੀ ਕਿ ਇਸ 'ਵਤੀਰੇ' ਤੋਂ ਤੰਗ ਆ ਕੇ 12 ਸਾਲ ਦੀ ਉਮਰ ਵਿੱਚ ਉਹ ਲੱਦਾਖ ਦੇ ਵਿਦਿਆਰਥੀਆਂ ਲਈ ਖ਼ਾਸ ਕੇਂਦਰੀ ਵਿਦਿਆਲਿਆ ਵਿੱਚ ਦਾਖ਼ਲਾ ਲੈਣ ਲਈ ਇਕੱਲੇ ਬੱਸ ਰਾਹੀਂ ਦਿੱਲੀ ਭੱਜ ਆਏ।

ਉਨ੍ਹਾਂ ਨੇ ਦੱਸਿਆ ਕਿ ਉੱਥੇ ਬੱਚਿਆਂ ਦੀ ਬਹੁਤ ਭੀੜ ਸੀ ਅਤੇ ਉਨ੍ਹਾਂ ਨੂੰ ਕਈ ਦਿਨਾਂ ਤੋਂ ਕੈਂਪ ਵਿੱਚ ਦਾਖ਼ਲੇ ਲਈ ਉਡੀਕ ਕਰਨੀ ਪੈ ਰਹੀ ਸੀ।

ਸੋਨਮ ਵਾਂਗਚੁਕ ਇਹ ਸਭ ਦੇਖ ਕੇ ਸਿੱਧੇ ਸਕੂਲ ਪ੍ਰਿੰਸੀਪਲ ਦੇ ਕਮਰੇ ਵਿੱਚ ਚਲੇ ਗਏ ਅਤੇ ਉਨ੍ਹਾਂ ਤੋਂ ਦਾਖ਼ਲਾ ਦੇਣ ਦੀ ਬੇਨਤੀ ਕੀਤੀ। ਪ੍ਰਿੰਸੀਪਲ ਉਨ੍ਹਾਂ ਦੇ ਇਸ ਜ਼ਜ਼ਬੇ ਤੋਂ ਖ਼ੁਸ਼ ਹੋਏ ਅਤੇ ਉਨ੍ਹਾਂ ਨੂੰ ਦਾਖ਼ਲਾ ਦੇ ਦਿੱਤਾ।

ਇੰਜੀਨੀਅਰਿੰਗ ਲਈ ਖ਼ੁਦ ਪੈਸੇ ਇਕੱਠੇ ਕੀਤੇ

ਇਸ ਤੋਂ ਬਾਅਦ ਸੋਨਮ ਵਾਂਗਚੁਕ ਨੇ ਇੰਜੀਨੀਅਰਿੰਗ ਦੀ ਤਿਆਰੀ ਕੀਤੀ ਅਤੇ ਸ੍ਰੀਨਗਰ ਦੇ ਰੀਜਨਲ ਇੰਜੀਨੀਅਰਿੰਗ ਕਾਲਜ (ਵਰਤਮਾਨ ਵਿੱਚ ਐਨਆਈਟੀ) ਵਿੱਚ ਲਿਖਤੀ ਪ੍ਰੀਖਿਆ ਪਾਸ ਕਰਕੇ ਇੰਟਰਵਿਊ ਦੇਣ ਗਏ।

ਸੋਨਮ ਵਾਂਗਚੁਕ ਕਹਿੰਦੇ ਹਨ ਕਿ ਇੰਟਰਵਿਊ ਦੌਰਾਨ ਜਦੋਂ ਪ੍ਰਿੰਸੀਪਲ ਨੇ ਉਨ੍ਹਾਂ ਦੇ ਪਿਤਾ ਦਾ ਨਾਮ ਦੇਖਿਆ ਤਾਂ ਪੁੱਛਿਆ ਕਿ ਉਨ੍ਹਾਂ ਦੇ ਪਿਤਾ ਕੀ ਕਰਦੇ ਹਨ। ਇਸ 'ਤੇ ਉਨ੍ਹਾਂ ਨੇ ਕਿਹਾ ਕਿ ਉਹ ਪੇਸ਼ੇ ਤੋਂ ਕਿਸਾਨ ਹਨ। ਹਾਲਾਂਕਿ ਉਸ ਸਮੇਂ ਸੋਨਮ ਦੇ ਪਿਤਾ ਜੰਮੂ-ਕਸ਼ਮੀਰ ਵਿੱਚ ਮੰਤਰੀ ਸਨ।

ਸੋਨਮ ਦਾ ਕਹਿਣਾ ਸੀ ਕਿ ਜਦੋਂ ਉਨ੍ਹਾਂ ਨੇ ਬੀਟੈਕ ਦਾ ਇੱਕ ਸਾਲ ਪੂਰਾ ਕਰ ਲਿਆ ਤਾਂ ਉਹ ਮਕੈਨਿਕਲ ਇੰਜੀਨੀਅਰਿੰਗ ਕਰਨਾ ਚਾਹੁੰਦੇ ਸਨ ਕਿਉਂਕਿ ਉਨ੍ਹਾਂ ਦੀ ਆਪਟਿਕਸ ਵਿੱਚ ਦਿਲਚਸਪੀ ਸੀ। ਜਦਕਿ ਉਨ੍ਹਾਂ ਦੇ ਪਿਤਾ ਉਨ੍ਹਾਂ ਨੂੰ ਸਿਵਲ ਇੰਜੀਨੀਅਰਿੰਗ ਪੜ੍ਹਨ ਲਈ ਕਹਿ ਰਹੇ ਸਨ।

ਜਦੋਂ ਉਨ੍ਹਾਂ ਨੇ ਮਕੈਨਿਕਲ ਇੰਜੀਨੀਅਰਿੰਗ ਦੀ ਪੜ੍ਹਾਈ ਚੁਣੀ ਤਾਂ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਪੜ੍ਹਾਈ ਦਾ ਖ਼ਰਚਾ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਆਪਣੇ ਖ਼ਰਚੇ ਪੂਰੇ ਕਰਨ ਲਈ ਉਨ੍ਹਾਂ ਨੇ ਸਕੂਲੀ ਬੱਚਿਆਂ ਨੂੰ ਕੋਚਿੰਗ ਦੇਣੀ ਸ਼ੁਰੂ ਕੀਤੀ।

19 ਸਾਲ ਦੀ ਉਮਰ ਵਿੱਚ ਜਦੋਂ ਉਨ੍ਹਾਂ ਨੇ ਇੱਕ ਹੋਟਲ ਦਾ ਕਮਰਾ ਕਿਰਾਏ 'ਤੇ ਲੈਕੇ ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਕੀਤਾ, ਤਾਂ ਸਿਰਫ਼ ਦੋ ਮਹੀਨਿਆਂ ਵਿੱਚ ਹੀ ਤਿੰਨ ਸਾਲ ਦੀ ਇੰਜੀਨੀਅਰਿੰਗ ਦੀ ਪੜ੍ਹਾਈ ਦੀ ਫ਼ੀਸ ਇਕੱਠੀ ਕਰ ਲਈ।

ਸੋਨਮ ਵਾਂਗਚੁਕ ਕਹਿੰਦੇ ਹਨ ਕਿ ਇਹੀ ਉਹ ਮੌਕਾ ਸੀ ਜਿਸ ਨੇ ਉਨ੍ਹਾਂ ਨੂੰ ਸਿੱਖਿਆ ਲਈ ਕੰਮ ਕਰਨ ਦੀ ਪ੍ਰੇਰਣਾ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਨੇ ਕਾਲਜ ਤੋਂ ਨਿਕਲਦੇ ਹੀ ਸਾਲ 1988 ਵਿੱਚ ਸੇਕਮੋਲ ਦੀ ਸ਼ੁਰੂਆਤ ਕੀਤੀ।

ਇਹ ਉਹੀ ਸੇਕਮੋਲ ਹੈ, ਜਿਸ ਨੇ ਉਨ੍ਹਾਂ ਨੂੰ ਦੁਨੀਆ ਭਰ ਵਿੱਚ ਪਛਾਣ ਅਤੇ ਇੱਜ਼ਤ ਦਿਵਾਈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)