ਕੀ ਤੁਹਾਡਾ ਵੀ ਤੁਰਦਿਆਂ ਜਾਂ ਪੌੜੀਆਂ ਚੜ੍ਹਦਿਆਂ ਸਾਹ ਫੁੱਲਦਾ ਹੈ ? ਇਹ ਕਿਹੜੀਆਂ ਬਿਮਾਰੀਆਂ ਦਾ ਲੱਛਣ ਹੋ ਸਕਦਾ ਹੈ ?

    • ਲੇਖਕ, ਓਂਕਾਰ ਕਰੰਬੇਲਕਰ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 9 ਮਿੰਟ

ਪੌੜੀਆਂ ਚੜ੍ਹਦੇ ਵੇਲੇ ਜਾਂ ਮੱਧ ਗਈ ਨਾਲ ਤੁਰਦੇ ਵੇਲੇ ਸਾਹ ਫੁੱਲਣਾ ਕਈ ਲੋਕਾਂ ਲਈ ਆਮ ਗੱਲ ਹੈ। ਉਮਰ ਵਧਣ, ਭਾਰ ਵਧਣ, ਸੈਰ ਦੀ ਕਮੀ ਜਾਂ ਸਰੀਰਕ ਫਿਟਨੈਸ ਦੀ ਕਮੀ ਦੇ ਕਾਰਨ ਕੁਝ ਹੱਦ ਤੱਕ ਸਾਹ ਫੁੱਲਣਾ ਆਮ ਮੰਨਿਆ ਜਾਂਦਾ ਹੈ।

ਹਾਲਾਂਕਿ ਜੇ ਅਚਾਨਕ ਉਹ ਕੰਮ ਕਰਦਿਆਂ ਤੁਹਾਡਾ ਸਾਹ ਫੁੱਲਣ ਲੱਗੇ ਜੋ ਪਹਿਲਾਂ ਅਸਾਨੀ ਨਾਲ ਹੋ ਜਾਂਦੇ ਸੀ ਜਾਂ ਥੋੜ੍ਹੀ ਮਿਹਨਤ ਕਰਨ 'ਤੇ ਵੀ ਸਾਹ ਫੁੱਲਣ ਲੱਗੇ ਜਾਂ ਜੇਕਰ ਇਹ ਸਮੱਸਿਆ ਹੌਲੀ-ਹੌਲੀ ਵਧਦੀ ਜਾਵੇ ਤਾਂ ਇਸ ਨੂੰ ਕੇਵਲ ਥਕਾਵਟ ਜਾਂ ਉਮਰ ਦਾ ਨਤੀਜਾ ਮੰਨ ਕੇ ਨਜ਼ਰਅੰਦਾਜ਼ ਕਰਨਾ ਖਤਰਨਾਕ ਹੋ ਸਕਦਾ ਹੈ।

ਮੈਡੀਕਲ ਮਾਹਿਰਾਂ ਮੁਤਾਬਕ, ਸਰੀਰਕ ਮਿਹਨਤ ਦੌਰਾਨ ਸਾਹ ਫੁੱਲਣਾ ਦਿਲ ਦੇ ਰੋਗ, ਫੇਫੜਿਆਂ ਦੀ ਬਿਮਾਰੀ, ਅਨੀਮੀਆ, ਥਾਇਰਾਇਡ ਵਿਕਾਰ ਜਾਂ ਹੋਰ ਸਿਹਤ ਸਮੱਸਿਆਵਾਂ ਦਾ ਸ਼ੁਰੂਆਤੀ ਲੱਛਣ ਹੋ ਸਕਦਾ ਹੈ।

ਖਾਸ ਕਰਕੇ ਮਹਿਲਾਵਾਂ, ਬਜ਼ੁਰਗਾਂ ਅਤੇ ਸ਼ੂਗਰ ਮਰੀਜ਼ਾਂ ਵਿੱਚ ਮਿਹਨਤ ਦੌਰਾਨ ਸਾਹ ਫੁੱਲਣਾ, ਛਾਤੀ ਵਿੱਚ ਦਰਦ ਤੋਂ ਪਹਿਲਾਂ ਦਿਲ ਦੇ ਰੋਗ ਦਾ ਸ਼ੁਰੂਆਤੀ ਸੰਕੇਤ ਹੋ ਸਕਦਾ ਹੈ।

ਇਸ ਤੋਂ ਇਲਾਵਾ ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਵਧਿਆ ਹੋਇਆ ਕੋਲੈਸਟ੍ਰੋਲ, ਮੋਟਾਪਾ ਜਾਂ ਸਿਗਰਟ ਪੀਣ ਵਾਲੇ ਲੋਕਾਂ ਨੂੰ ਇਸ ਲੱਛਣ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ।

ਜੇ ਕਿਸੇ ਵਿਅਕਤੀ ਨੂੰ ਸਾਹ ਲੈਣ 'ਚ ਤਕਲੀਫ ਦੇ ਨਾਲ-ਨਾਲ ਛਾਤੀ ਵਿੱਚ ਜਕੜਨ, ਚੱਕਰ ਆਉਣਾ, ਦਿਲ ਦੀ ਅਨਿਯਮਿਤ ਧੜਕਣ, ਪਸੀਨੇ ਆਉਣਾ ਜਾਂ ਪੈਰਾਂ ਵਿੱਚ ਸੋਜ ਜਿਹੇ ਲੱਛਣ ਮਹਿਸੂਸ ਹੋਣ ਤਾਂ ਤੁਰੰਤ ਮੈਡੀਕਲ ਸਹਾਇਤਾ ਲੈਣਾ ਜ਼ਰੂਰੀ ਹੈ।

ਸਾਹ ਫੁੱਲਣ ਦਾ ਕਾਰਨ ਕਿਵੇਂ ਪਤਾ ਲਗਾਇਆ ਜਾਂਦਾ ਹੈ ?

ਪੌੜੀਆਂ ਚੜ੍ਹਣ ਵੇਲੇ ਜਾਂ ਤੁਰਦੇ ਵੇਲੇ ਸਾਹ ਫੁੱਲਣ ਦਾ ਸਟੀਕ ਕਾਰਨ ਸਿਰਫ਼ ਲੱਛਣਾਂ ਦੇ ਅਧਾਰ 'ਤੇ ਨਿਰਧਾਰਿਤ ਨਹੀਂ ਕੀਤਾ ਜਾ ਸਕਦਾ।

ਦਿਲ ਦੇ ਰੋਗ, ਫੇਫੜਿਆਂ ਦੀ ਬਿਮਾਰੀ, ਅਨੀਮੀਆ, ਥਾਇਰਾਇਡ ਵਿਕਾਰ, ਮੋਟਾਪਾ, ਗੁਰਦਿਆਂ ਦੀ ਬਿਮਾਰੀ ਜਾਂ ਕਦੇ-ਕਦੇ ਮਾਨਸਿਕ ਤਣਾਅ ਵੀ ਇਸ ਵਿਚ ਭੂਮਿਕਾ ਨਿਭਾ ਸਕਦੇ ਹਨ। ਇਸ ਲਈ, ਸਹੀ ਨਿਦਾਨ ਲਈ ਰੋਗੀ ਦੀ ਵਿਸਥਾਰਪੂਰਵਕ ਮੈਡੀਕਲ ਜਾਣਕਾਰੀ ਅਤੇ ਜ਼ਰੂਰੀ ਟੈਸਟ ਅਹਿਮ ਹਨ।

ਆਮ ਤੌਰ 'ਤੇ ਸ਼ੁਰੂਆਤੀ ਸਥਿਤੀ ਵਿਚ ਬਲੱਡ ਪ੍ਰੈਸ਼ਰ ਦੀ ਜਾਂਚ, ਈਸੀਜੀ, ਛਾਤੀ ਦਾ ਐਕਸ-ਰੇਅ ਅਤੇ ਵੱਖ-ਵੱਖ ਖੂਨ ਟੈਸਟ ਕੀਤੇ ਜਾਂਦੇ ਹਨ। ਖੂਨ ਵਿੱਚ ਹੀਮੋਗਲੋਬਿਨ ਦਾ ਪੱਧਰ, ਬਲੱਡ ਸ਼ੂਗਰ, ਥਾਇਰਾਇਡ ਦੀ ਕਾਰਜ ਪ੍ਰਣਾਲੀ, ਗੁਰਦੇ ਅਤੇ ਲੀਵਰ ਦੀ ਕਾਰਜ ਪ੍ਰਣਾਲੀ ਦੀ ਵੀ ਸਮੀਖਿਆ ਕੀਤੀ ਜਾ ਸਕਦੀ ਹੈ।

ਜੇ ਦਿਲ ਸਬੰਧੀ ਸਮੱਸਿਆ ਦਾ ਖਦਸ਼ਾ ਹੋਵੇ ਤਾਂ ਈਕੋ-ਕਾਰਡੀਓਗ੍ਰਾਫੀ, ਟ੍ਰੈਡਮਿਲ ਸਟ੍ਰੈਸ ਟੈਸਟ ਜਾਂ ਸੀਟੀ ਕੋਰੋਨਰੀ ਐਂਜੀਓਗ੍ਰਾਫੀ ਜਿਹੇ ਟੈਸਟ ਕਰਾਉਣ ਦੀ ਸਲਾਹ ਦਿੱਤੀ ਜਾ ਸਕਦੀ ਹੈ। ਕੁਝ ਮਾਮਲਿਆਂ ਵਿੱਚ ਫੇਫੜਿਆਂ ਦੀ ਸਮਰੱਥਾ ਦੀ ਜਾਂਚ ਦੀ ਵੀ ਲੋੜ ਹੋ ਸਕਦੀ ਹੈ।

ਮਾਹਰਾਂ ਮੁਤਾਬਕ ਅਚਾਨਕ ਸਾਹ ਫੁੱਲਣਾ, ਤੇਜ਼ੀ ਨਾਲ ਇਸ ਦਾ ਵਧਣਾ ਜਾਂ ਆਰਾਮ ਕਰਨ ਤੋਂ ਬਾਅਦ ਵੀ ਇਸ ਦਾ ਠੀਕ ਨਾ ਹੋਣਾ ਇੱਕ ਗੰਭੀਰ ਚਿਤਾਵਨੀ ਦਾ ਸੰਕੇਤ ਹੋ ਸਕਦਾ ਹੈ। ਅਜਿਹੇ ਮਾਮਲਿਆਂ 'ਚ ਜਲਦ ਤੋਂ ਜਲਦ ਡਾਇਗਨੋਸਿਸ ਅਤੇ ਇਲਾਜ ਮਿਲਣ ਨਾਲ ਦਿਲ ਦੇ ਰੋਗ, ਦਿਲ ਫੇਲ੍ਹ ਹੋਣਾ ਜਾਂ ਹੋਰ ਗੰਭੀਰ ਸਮੱਸਿਆਵਾਂ ਨੂੰ ਰੋਕਣ ਵਿੱਚ ਮਦਦ ਮਿਲ ਸਕਦੀ ਹੈ।

ਡਾਇਗਨੋਸਿਸ ਦੀ ਅਹਿਮੀਅਤ

ਜੇ ਤੁਹਾਨੂੰ ਸਾਹ ਲੈਣ ਵਿੱਚ ਤਕਲੀਫ ਹੋਣ ਲੱਗੀ ਹੈ ਤਾਂ ਇਸ ਨੂੰ ਨਜ਼ਰਅੰਦਾਜ਼ ਨਾ ਕਰੋ। ਪਰ ਆਪਣੇ ਆਪ ਵੀ ਇਸ ਦਾ ਨਿਦਾਨ ਨਾ ਕਰੋ। ਇਸ ਲਈ ਜਾਂਚ ਕਰਵਾਉਣਾ ਬਹੁਤ ਜ਼ਰੂਰੀ ਹੈ।

ਕਸਰਤ ਦੌਰਾਨ, ਉਦਾਹਰਨ ਵਜੋਂ ਪੌੜੀਆਂ ਚੜ੍ਹਣ ਵੇਲੇ, ਸਾਹ ਫੁੱਲਣ ਦੇ ਕਾਰਨਾਂ ਦਾ ਪਤਾ ਲਗਾਉਣ ਵਿੱਚ ਸਹੀ ਡਾਇਗਨੋਸਿਸ ਪਹਿਲਾ ਕਦਮ ਹੈ। ਜੇ ਸਮੱਸਿਆ ਨਵੀਂ ਹੈ, ਹੌਲੀ-ਹੌਲੀ ਵਧ ਰਹੀ ਹੈ ਜਾਂ ਕੀਤੀ ਜਾ ਰਹੀ ਸਰੀਰਕ ਮਿਹਨਤ ਨਾਲੋਂ ਵੱਧ ਗੰਭੀਰ ਹੈ ਤਾਂ ਇਸ ਦਾ ਡਾਇਗਨੋਸਿਸ ਵਿਸ਼ੇਸ਼ ਤੌਰ 'ਤੇ ਜ਼ਰੂਰੀ ਹੈ।

ਅਸੀਂ ਮੁੰਬਈ ਸਥਿਤ ਨਿਊਬਰਗ ਅਜੇ ਸ਼ਾਹ ਲੈਬ ਦੇ ਮੈਨੇਜਿੰਗ ਡਾਇਰੈਕਟਰ ਡਾ.ਅਜੇ ਸ਼ਾਹ ਤੋਂ ਟੈਸਟ ਦੀ ਜ਼ਰੂਰਤਾਂ ਬਾਰੇ ਪੁੱਛਿਆ।

ਉਨ੍ਹਾਂ ਨੇ ਕਿਹਾ, "ਬਿਮਾਰੀ ਦਾ ਨਿਦਾਨ ਕਰਦੇ ਵੇਲੇ ਅਸੀਂ ਸਭ ਤੋਂ ਪਹਿਲਾਂ ਰੋਗੀ ਦਾ ਵਿਸਥਾਰ ਮੈਡੀਕਲ ਇਤਿਹਾਸ ਦੇਖਦੇ ਹਾਂ। ਇਸ ਵਿੱਚ ਸਾਹ ਲੈਣ ਵਿੱਚ ਤਕਲੀਫ ਦਾ ਰੂਪ, ਸਮਾਂ ਅਤੇ ਗੰਭੀਰਤਾ ਬਾਰੇ ਜਾਣਕਾਰੀ ਸ਼ਾਮਿਲ ਹੁੰਦੀ ਹੈ। ਨਾਲ ਹੀ, ਛਾਤੀ ਵਿੱਚ ਦਰਦ, ਧੜਕਣ, ਖਾਂਸੀ, ਘਬਰਾਹਟ, ਕਮਜ਼ੋਰੀ ਅਤੇ ਪੈਰਾਂ ਵਿੱਚ ਸੋਜ ਜਿਹੇ ਸਬੰਧਤ ਲੱਛਣਾਂ ਬਾਰੇ ਵੀ ਪੁੱਛਗਿੱਛ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ, ਰੋਗੀ ਦੀ ਜੀਵਨ ਸ਼ੈਲੀ ਸਬੰਧੀ ਆਦਤਾਂ ਅਤੇ ਹੋਰ ਬਿਮਾਰੀਆਂ ਨੂੰ ਵੀ ਧਿਆਨ ਵਿੱਚ ਰੱਖਿਆ ਜਾਂਦਾ ਹੈ।"

ਉਹ ਕਹਿੰਦੇ ਹਨ, "ਸਰੀਰਕ ਟੈਸਟ ਤੋਂ ਸਮੱਸਿਆ ਦੇ ਕਾਰਨਾਂ ਬਾਰੇ ਮਹੱਤਵਪੂਰਨ ਸੁਰਾਗ ਵੀ ਮਿਲ ਸਕਦੇ ਹਨ। ਨਿਦਾਨਕਰਤਾ ਵਜੋਂ ਸਾਡਾ ਕੰਮ ਡਾਕਟਰਾਂ ਨੂੰ ਸਮੱਸਿਆ ਦਾ ਸਟੀਕ ਕਾਰਨ ਪਤਾ ਲਗਾਉਣ ਵਿੱਚ ਮਦਦ ਕਰਨਾ ਅਤੇ ਉਨ੍ਹਾਂ ਨੂੰ ਨਿਦਾਨ ਤੱਕ ਪਹੁੰਚਣ ਵਿੱਚ ਮਦਦ ਕਰਨ ਲਈ ਸਹੀ ਟੈਸਟ ਦੀ ਸਿਫਾਰਸ਼ ਕਰਨਾ ਹੈ ਨਾ ਕਿ ਸਿਰਫ਼ ਲੱਛਣਾਂ ਦਾ ਇਲਾਜ ਕਰਨਾ।"

ਸ਼ੁਰੂਆਤੀ ਦੌਰ ਵਿੱਚ ਕੀਤੇ ਜਾਣ ਵਾਲੇ ਟੈਸਟ ਬਾਰੇ ਪੁੱਛੇ ਜਾਣ 'ਤੇ ਡਾ. ਅਜੇ ਸ਼ਾਹ ਨੇ ਕਿਹਾ, "ਟੈਸਟ ਦੀ ਚੋਣ ਰੋਗੀ ਦੇ ਲੱਛਣਾਂ ਦੇ ਅਧਾਰ 'ਤੇ ਕੀਤੀ ਜਾਂਦੀ ਹੈ ਹਾਲਾਂਕਿ ਕੁਝ ਟੈਸਟ ਲਗਭਗ ਹਰ ਵਾਰ ਜ਼ਰੂਰੀ ਹੁੰਦੇ ਹਨ।"

ਉਹ ਕਹਿੰਦੇ ਹਨ, "ਖੂਨ ਦੇ ਟੈਸਟਾਂ ਵਿੱਚ ਸੀਬੀਸੀ (ਕੰਪਲੀਟ ਬਲੱਡ ਕਾਊਂਟ) ਮਹੱਤਵਪੂਰਨ ਹੈ ਕਿਉਂਕਿ ਇਹ ਉਨ੍ਹਾਂ ਸਮੱਸਿਆਵਾਂ ਬਾਰੇ ਜਾਣਕਾਰੀ ਦਿੰਦਾ ਹੈ ਜੋ ਸਾਹ ਲੈਣ ਵਿੱਚ ਤਕਲੀਫ ਦਾ ਕਾਰਨ ਬਣ ਸਕਦੇ ਹਨ ਜਿਵੇਂ ਅਨੀਮੀਆ ਜਾਂ ਲਾਗ। ਇਸ ਤੋਂ ਇਲਾਵਾ ਬਲੱਡ ਸ਼ੂਗਰ ਦੇ ਪੱਧਰ ਦੀ ਜਾਂਚ, ਲੀਵਰ ਫ਼ੰਕਸ਼ਨ ਟੈਸਟ, ਕਿਡਨੀ ਫ਼ੰਕਸ਼ਨ ਟੈਸਟ, ਥਾਇਰਾਇਡ ਪ੍ਰੋਫਾਈਲ ਅਤੇ ਸਰੀਰ ਵਿੱਚ ਸੋਜ ਦੀ ਜਾਂਚ ਵੀ ਕੀਤੀ ਜਾ ਸਕਦੀ ਹੈ। ਜੇ ਰੋਗੀ ਨੂੰ ਦਿਲ ਦੇ ਰੋਗ ਦਾ ਖ਼ਦਸ਼ਾ ਹੋਵੇ ਤਾਂ ਕਾਰਡੀਅਕ ਬਾਇਓਮਾਰਕਰ ਟੈਸਟ ਕਰਾਉਣ ਦੀ ਸਲਾਹ ਦਿੱਤੀ ਜਾ ਸਕਦੀ ਹੈ।"

ਡਾ. ਸ਼ਾਹ ਦੱਸਦੇ ਹਨ, "ਛਾਤੀ ਦਾ ਐਕਸ-ਰੇਅ ਫੇਫੜਿਆਂ ਜਾਂ ਦਿਲ ਵਿੱਚ ਕਿਸੇ ਵੀ ਤਰ੍ਹਾਂ ਦੀ ਖਰਾਬੀ ਦਾ ਪਤਾ ਲਗਾਉਣ ਵਿੱਚ ਉਪਯੋਗੀ ਹੁੰਦਾ ਹੈ। ਈਸੀਜੀ ਟੈਸਟ ਨਾਲ ਦਿਲ ਦੀ ਲੈਅ ਸਹੀ ਹੈ ਜਾਂ ਨਹੀਂ ਅਤੇ ਦਿਲ 'ਤੇ ਕੋਈ ਵਾਧੂ ਦਬਾਅ ਹੈ ਜਾਂ ਨਹੀਂ, ਇਹ ਜਾਨਣ ਵਿੱਚ ਵੀ ਮਦਦ ਮਿਲਦੀ ਹੈ।"

ਜਲਦੀ ਇਲਾਜ ਕਿਉਂ ਜ਼ਰੂਰੀ ਹੈ ?

ਤੁਰਨ ਵੇਲੇ ਸਾਹ ਫੁੱਲਣ ਜਾਂ ਅਚਾਨਕ ਥਕਾਵਟ ਮਹਿਸੂਸ ਹੋਣ 'ਤੇ ਜਲਦੀ ਤੋਂ ਜਲਦੀ ਜਾਂਚ ਅਤੇ ਡਾਇਗਨੋਸਿਸ ਕਰਵਾਉਣਾ ਬਹੁਤ ਜ਼ਰੂਰੀ ਹੈ। ਸਾਹ ਫੁੱਲਣਾ ਕਿਸੇ ਸਮੱਸਿਆ ਦਾ ਲੱਛਣ ਹੋ ਸਕਦਾ ਹੈ। ਇਸ ਲਈ ਨਿਦਾਨ ਵਿੱਚ ਦੇਰੀ ਹੋਣ 'ਤੇ ਅੰਦਰੂਨੀ ਸਮੱਸਿਆ ਦਾ ਪਤਾ ਨਹੀਂ ਲੱਗ ਸਕੇਗਾ ਅਤੇ ਗੰਭੀਰਤਾ ਵਧ ਸਕਦੀ ਹੈ।

ਦਿਲ ਫੇਲ੍ਹ ਹੋਣਾ, ਕੋਰੋਨਰੀ ਦਿਲ ਦੇ ਰੋਗ, ਪੁਰਾਣੀ ਫੇਫੜਿਆਂ ਦੀ ਬਿਮਾਰੀ, ਫੇਫੜਿਆਂ ਦੀਆਂ ਖੂਨ ਨਾੜੀਆਂ ਵਿੱਚ ਖੂਨ ਦਾ ਥੱਕਾ, ਅਨੀਮੀਆ ਅਤੇ ਵੱਖ ਵੱਖ ਮੈਟਾਬੌਲਿਕ ਬਿਮਾਰੀਆਂ ਦੀ ਸਥਿਤੀ ਵਿੱਚ ਜਲਦੀ ਪਛਾਣ ਕਰਨ ਦੇ ਨਾਲ ਇਲਾਜ ਦੇ ਨਤੀਜਿਆਂ ਵਿੱਚ ਸੁਧਾਰ ਦੇਖਿਆ ਗਿਆ ਹੈ।

ਜਾਂਚ ਦੀ ਮਦਦ ਨਾਲ ਡਾਕਟਰ ਸਮਾਂ ਰਹਿੰਦਿਆਂ ਮਰੀਜ਼ ਦੀ ਸਮੱਸਿਆ ਦਾ ਪਤਾ ਲਗਾ ਸਕਦੇ ਹਨ ਅਤੇ ਤੁਰੰਤ ਇਲਾਜ ਸ਼ੁਰੂ ਕਰ ਸਕਦੇ ਹਨ। ਇਸ ਨਾਲ ਭਵਿੱਖ ਵਿੱਚ ਹੋਣ ਵਾਲੀਆਂ ਜਟਿਲਤਾਵਾਂ, ਵਾਰ-ਵਾਰ ਹਸਪਤਾਲ ਵਿੱਚ ਭਰਤੀ ਹੋਣ ਦੀ ਲੋੜ ਅਤੇ ਗੰਭੀਰ ਸਿਹਤ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ। ਨਤੀਜੇ ਵਜੋਂ, ਮਰੀਜ਼ ਦੇ ਜੀਵਨ ਦੀ ਗੁਣਵੱਤਾ ਬਿਹਤਰ ਹੁੰਦੀ ਹੈ।

ਇਸ ਤੋਂ ਇਲਾਵਾ, ਕਈ ਮਰੀਜ਼ ਸਾਹ ਫੁੱਲਣ ਦੇ ਕਾਰਨ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ ਅਤੇ ਇਸ ਦਾ ਦੋਸ਼ ਆਪਣੀ ਉਮਰ ਜਾਂ ਆਪਣੀ ਕਮਜ਼ੋਰ ਸਰੀਰਕ ਸਮਰੱਥਾ ਸਿਰ ਮੜ੍ਹਦੇ ਹਨ। ਇਸ ਨਾਲ ਨਿਦਾਨ ਵਿੱਚ ਦੇਰੀ ਹੁੰਦੀ ਹੈ। ਸ਼ੁਰੂਆਤੀ ਜਾਂਚ ਅਤੇ ਸਹੀ ਨਿਦਾਨ ਨਾਲ ਇਸ ਦੇਰੀ ਨੂੰ ਰੋਕਿਆ ਜਾ ਸਕਦਾ ਹੈ ਅਤੇ ਸਮੇਂ ਸਿਰ ਜ਼ਰੂਰੀ ਇਲਾਜ ਉਪਲਬਧ ਕਰਾਇਆ ਜਾ ਸਕਦਾ ਹੈ।

ਦਿਲ ਦੇ ਰੋਗ ਦੀ ਸੰਭਾਵਨਾ

ਜੇ ਤੁਹਾਨੂੰ ਥੋੜ੍ਹੀ ਜਿਹੀ ਵੀ ਮਿਹਨਤ ਕਰਨ ਜਾਂ ਰੋਜ਼ਾਨਾ ਦੇ ਕੰਮ ਕਰਨ ਵੇਲੇ ਵੀ ਸਾਹ ਫੁੱਲਣ ਲੱਗੇ ਅਤੇ ਇਹ ਸਮੱਸਿਆ ਹੌਲੀ-ਹੌਲੀ ਵਧਦੀ ਜਾਵੇ, ਅਰਾਮ ਕਰਨ ਬਾਅਦ ਵੀ ਅਰਾਮ ਨਾ ਮਿਲੇ ਜਾਂ ਇਸ ਦੇ ਨਾਲ ਨਾਲ ਛਾਤੀ ਵਿੱਚ ਜਕੜਨ, ਦਰਦ, ਚੱਕਰ ਆਉਣਾ ਜਾਂ ਪਸੀਨਾ ਆਉਣ ਜਿਹੇ ਲੱਛਣ ਦਿਖਾਈ ਦੇਣ ਤਾਂ ਇਹ ਦਿਲ ਦੇ ਰੋਗ ਦੇ ਲੱਛਣ ਹੋ ਸਕਦੇ ਹਨ। ਅਜਿਹੀ ਸਥਿਤੀ ਵਿੱਚ ਤੁਹਾਨੂੰ ਬਿਨ੍ਹਾਂ ਸਮਾਂ ਬਰਬਾਦ ਕੀਤਿਆਂ ਦਿਲ ਦੇ ਰੋਗਾਂ ਦੇ ਮਾਹਿਰ ਤੋਂ ਸਲਾਹ ਲੈਣੀ ਚਾਹੀਦੀ ਹੈ।

ਇਸ ਸਬੰਧੀ ਅਸੀਂ ਪੁਣੇ ਦੇ ਬਾਨੇਰ ਸਥਿਤ ਮਣੀਪਾਲ ਹਸਪਤਾਲ ਵਿੱਚ ਕੰਸਲਟੈਂਟ ਅਤੇ ਕਾਰਡੀਓਲਾਜੀ ਵਿਭਾਗ ਦੇ ਪ੍ਰਮੁੱਖ ਡਾ. ਅਭੀਜੀਤ ਜੋਸ਼ੀ ਤੋਂ ਕੁਝ ਸਵਾਲ ਪੁੱਛੇ।

ਸਵਾਲ- ਦਿਲ ਦੇ ਰੋਗਾਂ ਵਿੱਚ ਸਾਹ ਫੁੱਲਣਾ ਅਤੇ ਸਾਹ ਲੈਣ ਵਿੱਚ ਤਕਲੀਫ ਜਿਹੇ ਲੱਛਣ ਕਿੰਨੇ ਆਮ ਹਨ ?

ਡਾ. ਅਭੀਜੀਤ ਜੋਸ਼ੀ- ਕਈ ਰੋਗੀਆਂ ਖਾਸ ਕਰਕੇ ਮਹਿਲਾਵਾਂ, ਬਜ਼ੁਰਗਾਂ ਅਤੇ ਸ਼ੂਗਰ ਰੋਗੀਆਂ ਵਿੱਚ ਸਰੀਰਕ ਮਿਹਨਤ ਦੌਰਾਨ ਸਾਹ ਫੁੱਲਣਾ ਦਿਲ ਦੇ ਰੋਗਾਂ ਦਾ ਸ਼ੁਰੂਆਤੀ ਲੱਛਣ ਹੋ ਸਕਦਾ ਹੈ, ਇੱਥੋਂ ਤੱਕ ਕਿ ਛਾਤੀ ਵਿੱਚ ਦਰਦ ਤੋਂ ਪਹਿਲਾਂ ਵੀ। ਇਸ ਲਈ ਇਸ ਲੱਛਣ ਨੂੰ ਨਜ਼ਰਅੰਦਾਜ਼ ਕਰਨਾ ਉਚਿਤ ਨਹੀਂ ਹੈ।

ਸਵਾਲ-ਕੀ ਛਾਤੀ ਵਿੱਚ ਦਰਦ ਨਾ ਹੋਣ 'ਤੇ ਵੀ ਦਿਲ ਦੇ ਰੋਗਾਂ ਦੀ ਸੰਭਾਵਨਾ ਹੋ ਸਕਦੀ ਹੈ ?

ਡਾ. ਅਭੀਜੀਤ ਜੋਸ਼ੀ- ਦਿਲ ਨਾਲ ਜੁੜੀਆਂ ਸਾਰੀਆਂ ਬਿਮਾਰੀਆਂ ਵਿੱਚ ਛਾਤੀ ਵਿੱਚ ਦਰਦ ਨਹੀਂ ਹੁੰਦਾ। ਕੁਝ ਰੋਗੀਆਂ ਵਿੱਚ ਸਾਹ ਲੈਣ ਵਿੱਚ ਤਕਲੀਫ, ਜਲਦੀ ਥਕਾਵਟ, ਦਿਲ ਦੀ ਗਤੀ ਵਧਣਾ, ਚੱਕਰ ਆਉਣਾ ਜਾਂ ਕਮਜ਼ੋਰੀ ਮੁੱਖ ਲੱਛਣ ਹੋ ਸਕਦੇ ਹਨ। ਸ਼ੂਗਰ ਤੋਂ ਪੀੜਤ ਲੋਕਾਂ ਨੂੰ ਵਿਸ਼ੇਸ਼ ਰੂਪ ਵਿੱਚ 'ਸਾਈਲੈਂਟ' ਦਿਲ ਦੇ ਰੋਗ ਦਾ ਖਤਰਾ ਜ਼ਿਆਦਾ ਹੁੰਦਾ ਹੈ।

ਸਵਾਲ- ਦਿਲ ਦੀ ਖੂਨ ਪੰਪ ਕਰਨ ਦੀ ਸਮਰਥਾ ਵਿੱਚ ਕਮੀ ਦੇ ਕੀ ਪ੍ਰਭਾਵ ਹੁੰਦੇ ਹਨ?

ਡਾ. ਅਭੀਜੀਤ ਜੋਸ਼ੀ- ਜੇਕਰ ਦਿਲ ਦੀ ਖੂਨ ਪੰਪ ਕਰਨ ਦੀ ਸਮਰੱਥਾ ਘੱਟ ਹੋ ਜਾਂਦੀ ਹੈ ਤਾਂ ਸਰੀਰ ਦੇ ਵੱਖ-ਵੱਖ ਅੰਗਾਂ ਨੂੰ ਲੋੜੀਂਦਾ ਖੂਨ ਅਤੇ ਆਕਸੀਜਨ ਨਹੀਂ ਮਿਲ ਪਾਉਂਦੇ। ਇਸ ਨਾਲ ਥਕਾਵਟ, ਸਾਹ ਫੁੱਲਣਾ, ਪੈਰਾਂ ਵਿੱਚ ਸੋਜ ਅਤੇ ਫੇਫੜਿਆਂ ਵਿੱਚ ਪਾਣੀ ਜਮ੍ਹਾ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਇਸ ਨਾਲ ਰੋਜ਼ਾਨਾ ਗਤੀਵਿਧੀਆਂ ਦੌਰਾਨ ਵੀ ਸਾਹ ਲੈਣ ਵਿੱਚ ਕਠਿਨਾਈ ਹੋ ਸਕਦੀ ਹੈ।

ਸਾਹ ਫੁੱਲਣ ਦੀ ਗੱਲ ਕਰੀਏ ਤਾਂ ਉਮਰ ਵਧਣ ਦੇ ਨਾਲ ਸਰੀਰ ਦੀ ਕਾਰਜ ਸਮਰੱਥਾ ਸੁਭਾਵਿਕ ਰੂਪ ਵਿੱਚ ਕੁਝ ਹੱਦ ਤੱਕ ਘੱਟ ਹੋ ਜਾਂਦੀ ਹੈ। ਮਾਸ ਪੇਸ਼ੀਆਂ ਦੀ ਤਾਕਤ ਘੱਟ ਹੋ ਜਾਂਦੀ ਹੈ ਅਤੇ ਦਿਲ ਅਤੇ ਫੇਫੜਿਆਂ ਦੀ ਕਾਰਜ ਸਮਰੱਥਾ ਵੀ ਘੱਟ ਸਕਦੀ ਹੈ। ਇਸ ਲਈ, ਪਹਿਲਾਂ ਦੀ ਤੁਲਨਾ ਵਿੱਚ ਥੋੜ੍ਹਾ ਵੱਧ ਸਾਹ ਫੁੱਲਣਾ ਸੁਭਾਵਿਕ ਹੈ। ਹਾਲਾਂਕਿ ਇਹ ਮੰਨ ਲੈਣਾ ਉਚਿਤ ਨਹੀਂ ਹੈ ਕਿ ਅਚਾਨਕ ਸਾਹ ਫੁੱਲਣਾ ਜਾਂ ਆਮ ਤੋਂ ਜ਼ਿਆਦਾ ਹੋਣਾ ਸਿਰਫ਼ ਉਮਰ ਦੇ ਕਾਰਨ ਹੈ। ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਦੇ ਰੋਗੀਆਂ ਨੂੰ ਇਸ ਵੱਲ ਖਾਸ ਧਿਆਨ ਦੇਣ ਦੀ ਲੋੜ ਹੈ।

ਬੀਬੀਸੀ ਮਰਾਠੀ ਨਾਲ ਗੱਲ ਕਰਦਿਆਂ ਪਰੇਲ ਦੇ ਗਲੇਨੇਗਲਸ ਹਸਪਤਾਲ ਵਿੱਚ ਦਿਲ ਦੇ ਰੋਗਾਂ ਦੇ ਮਾਹਿਰ ਅਤੇ ਡਾਇਰੈਕਟਰ ਡਾ.ਰਾਹੁਲ ਗੁਪਤਾ ਨੇ ਕਿਹਾ, "ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਅਤੇ ਹਾਈ ਕੋਲੈਸਟ੍ਰੋਲ ਦਿਲ ਦੇ ਰੋਗਾਂ ਦੇ ਪ੍ਰਮੁੱਖ ਜ਼ੋਖਮ ਕਾਰਕ ਹਨ। ਇਸ ਲਈ ਅਜਿਹੇ ਵਿਅਕਤੀਆਂ ਵਿੱਚ ਸਾਹ ਫੁੱਲਣਾ, ਦਿਲ ਦੇ ਰੋਗ ਦਾ ਲੱਛਣ ਹੋਣ ਦੀ ਜ਼ਿਆਦਾ ਸੰਭਾਵਨਾ ਹੈ।"

ਉਨ੍ਹਾਂ ਦੱਸਿਆ, "ਜੇ ਇਨ੍ਹਾਂ ਕਾਰਕਾਂ ਵਿੱਚੋਂ ਕਿਸੇ ਤੋਂ ਵੀ ਪ੍ਰਭਾਵਿਤ ਵਿਅਕਤੀ ਨੂੰ ਕਸਰਤ ਕਰਨ ਦੀ ਸਮਰਥਾ ਵਿੱਚ ਕਮੀ ਮਹਿਸੂਸ ਹੋਵੇ ਜਾਂ ਪਹਿਲਾਂ ਅਸਾਨੀ ਨਾਲ ਕੀਤੇ ਜਾਣ ਵਾਲੀ ਸਰੀਰਕ ਮਿਹਨਤ ਦੌਰਾਨ ਸਾਹ ਫੁੱਲਣ ਲੱਗੇ ਤਾਂ ਉਨ੍ਹਾਂ ਨੂੰ ਡਾਕਟਰ ਤੋਂ ਸਲਾਹ ਲੈਣੀ ਚਾਹੀਦੀ ਹੈ। ਜਲਦੀ ਨਿਦਾਨ ਅਤੇ ਇਲਾਜ ਨਾਲ ਦਿਲ ਦਾ ਦੌਰਾ ਜਾਂ ਦਿਲ ਫੇਲ੍ਹ ਹੋਣ ਜਿਹੀਆਂ ਗੰਭੀਰ ਜਟਿਲਤਾਵਾਂ ਨੂੰ ਰੋਕਿਆ ਜਾ ਸਕਦਾ ਹੈ।"

ਅਸੀਂ ਡਾ.ਰਾਹੁਲ ਗੁਪਤਾ ਤੋਂ ਪੁੱਛਿਆ ਕਿ ਕੀ ਅਜਿਹੇ ਕੋਈ ਅਸਾਨ ਸੰਕੇਤ ਹਨ ਜਿਨ੍ਹਾਂ ਤੋਂ ਪਤਾ ਲੱਗ ਸਕੇ ਕਿ ਕਿਸੇ ਵਿਅਕਤੀ ਦੀ ਦਿਲ ਸਬੰਧੀ ਫਿਟਨੈਸ ਵਿੱਚ ਸੁਧਾਰ ਹੋ ਰਿਹਾ ਹੈ।

ਉਨ੍ਹਾਂ ਨੇ ਕਿਹਾ, "ਦਿਲ ਦੀ ਸਿਹਤ ਦਾ ਇੱਕ ਵਿਹਾਰਕ ਸੰਕੇਤ ਇਹ ਹੈ ਕਿ ਕੀ ਕੋਈ ਵਿਅਕਤੀ ਵਾਧੂ ਥਕਾਵਟ ਜਾਂ ਸਾਹ ਚੜ੍ਹਣ ਦਾ ਅਨੁਭਵ ਕੀਤੇ ਬਿਨ੍ਹਾਂ ਆਪਣੀਆਂ ਰੋਜ਼ਾਨਾ ਗਤੀਵਿਧੀਆਂ ਕਰ ਸਕਦਾ ਹੈ। ਉਦਾਹਰਨ ਵਜੋਂ, ਜੇ ਕੋਈ ਵਿਅਕਤੀ ਬਿਨ੍ਹਾਂ ਕਿਸੇ ਲੱਛਣ ਇੱਕ ਜਾਂ ਦੋ ਪੌੜੀਆਂ ਚੜ੍ਹ ਸਕਦਾ ਹੈ ਜਾਂ ਲਗਭਗ ਤੀਹ ਮਿੰਟ ਤੱਕ ਤੇਜ਼ ਗਤੀ ਨਾਲ ਚੱਲ ਸਕਦਾ ਹੈ ਤਾਂ ਉਸ ਨੂੰ ਚੰਗੀ ਸਰੀਰਕ ਹਾਲਤ ਵਿੱਚ ਮੰਨਿਆ ਜਾਂਦਾ ਹੈ। ਹਾਲਾਂਕਿ ਸਮਾਰਟ ਵਾਚ ਜਾਂ ਸਵੈ-ਮੁਲਾਂਕਣ ਜਿਹੇ ਉਪਕਰਨ ਮੈਡੀਕਲ ਜਾਂਚ ਦਾ ਵਿਕਲਪ ਨਹੀਂ ਹੋ ਸਕਦੇ। ਜੇ ਸਾਹ ਫੁੱਲਣਾ ਜਾਰੀ ਰਹਿੰਦਾ ਹੈ ਜਾਂ ਵਿਗੜ ਜਾਂਦਾ ਹੈ ਤਾਂ ਡਾਕਟਰ ਨਾਲ ਸਲਾਹ ਕਰਨਾ ਜ਼ਰੂਰੀ ਹੈ।"

ਜੇ ਤੁਹਾਨੂੰ ਸਾਹ ਲੈਣ ਵਿੱਚ ਤਕਲੀਫ, ਛਾਤੀ ਵਿੱਚ ਦਰਦ ਜਾਂ ਦਬਾਅ, ਬੇਹੋਸ਼ੀ, ਗੰਭੀਰ ਚੱਕਰ ਆਉਣਾ, ਧੜਕਣ ਤੇਜ਼ ਹੋਣਾ, ਬੁੱਲ੍ਹ ਨੀਲੇ ਪੈਣਾ, ਪੈਰਾਂ ਵਿੱਚ ਸੋਜ, ਖੂਨ ਦੀ ਉਲਟੀ ਆਉਣਾ ਜਾਂ ਅਰਾਮ ਕਰਨ ਵੇਲੇ ਵੀ ਸਾਹ ਲੈਣ ਵਿੱਚ ਮੁਸ਼ਕਿਲ ਜਿਹੇ ਲੱਛਣ ਮਹਿਸੂਸ ਹੋਣ ਤਾਂ ਤੁਰੰਤ ਮੈਡੀਕਲ ਸਹਾਇਤਾ ਲਵੋ।

ਇਹ ਲੱਛਣ ਦਿਲ ਜਾਂ ਫੇਫੜਿਆਂ ਨਾਲ ਜੁੜੀ ਕਿਸੇ ਗੰਭੀਰ ਐਮਰਜੈਂਸੀ ਸਥਿਤੀ ਦੇ ਸੰਕੇਤ ਹੋ ਸਕਦੇ ਹਨ। ਇਸ ਲਈ, ਸਮੇਂ ਸਿਰ ਇਲਾਜ ਜੀਵਨ ਬਚਾ ਸਕਦਾ ਹੈ ਅਤੇ ਲੰਬੇ ਸਮੇਂ ਦੇ ਸਿਹਤ ਨਤੀਜਿਆਂ ਨੂੰ ਬਿਹਤਰ ਬਣਾ ਸਕਦਾ ਹੈ।

ਜੇ ਤੁਸੀਂ ਆਪਣੀ ਜੀਵਨ ਸ਼ੈਲੀ ਵਿੱਚ ਕੋਈ ਮਹੱਤਵਪੂਰਨ ਬਦਲਾਅ ਕਰਨਾ ਚਾਹੁੰਦੇ ਹੋ, ਆਪਣੇ ਭੋਜਨ ਵਿੱਚ ਬਦਲਾਅ ਕਰਨਾ ਚਾਹੁੰਦੇ ਹੋ, ਦਵਾਈ ਲੈਣਾ ਚਾਹੁੰਦੇ ਹੋ ਜਾਂ ਸਰੀਰਕ ਕਸਰਤ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਡਾਕਟਰ ਅਤੇ ਇੱਕ ਯੋਗ ਟ੍ਰੇਨਰ ਦੀ ਮਦਦ ਲੈਣਾ ਮਹੱਤਵਪੂਰਨ ਹੈ।

ਬਿਹਤਰ ਇਹੀ ਹੋਵੇਗਾ ਕਿ ਤੁਸੀਂ ਆਪਣੇ ਸਰੀਰ ਅਤੇ ਲੱਛਣਾਂ ਦੀ ਡਾਕਟਰ ਤੋਂ ਉਚਿਤ ਜਾਂਚ ਕਰਵਾਓ ਅਤੇ ਉਨ੍ਹਾਂ ਦੀ ਸਲਾਹ 'ਤੇ ਹੀ ਜੀਵਨ ਸ਼ੈਲੀ ਵਿੱਚ ਬਦਲਾਅ ਕਰੋ। ਡਾਕਟਰ ਤੋਂ ਸਲਾਹ ਲਏ ਬਿਨ੍ਹਾਂ ਖੁਦ ਇਲਾਜ ਕਰਨਾ ਖਤਰਨਾਕ ਹੋ ਸਕਦਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)