ਟੀ-20 ਵਿਸ਼ਵ ਕੱਪ: ਜੇਮਿਮਾ ਤੇ ਰਿਚਾ ਦੀ ਕ੍ਰਿਕਟ ਦੇ ਮੈਦਾਨ ’ਚ ਜੁਗਲਬੰਦੀ ਨੇ ਜਦੋਂ ਪਾਕਿਸਤਾਨ ਖ਼ਿਲਾਫ਼ ਭਾਰਤ ਨੂੰ ਦਿਵਾਈ ਇਤਿਹਾਸਿਕ ਜਿੱਤ

    • ਲੇਖਕ, ਅਭੀਜੀਤ ਸ਼੍ਰੀਵਾਸਤਵ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ

ਟੀ-20 ਵਿਸ਼ਵ ਕੱਪ 'ਚ ਐਤਵਾਰ ਨੂੰ ਪਾਕਿਸਤਾਨ ਖ਼ਿਲਾਫ਼ ਖੇਡੇ ਗਏ ਮੈਚ 'ਚ ਰੋਮਾਂਚ ਅਜਿਹਾ ਸੀ ਕਿ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਪਿੱਚ 'ਤੇ ਇੱਕ ਪਾਸੇ ਮਹਿੰਦਰ ਸਿੰਘ ਧੋਨੀ ਦੂਜੇ ਪਾਸੇ ਸਚਿਨ ਤੇਂਦੁਲਕਰ ਡਟੇ ਹੋਣ।

ਫ਼ਰਕ ਮਹਿਜ਼ ਇੰਨਾ ਸੀ ਕਿ ਇਹ ਮਹਿਲਾ ਟੀ-20 ਵਿਸ਼ਵ ਕੱਪ ਦਾ ਮੈਚ ਸੀ ਅਤੇ ਦੋ ਭਾਰਤੀ ਬੱਲੇਬਾਜ਼ ਜੇਮਿਮਾ ਰੌਡਰਿਗਜ਼ ਅਤੇ ਰਿਚਾ ਘੋਸ਼ ਕ੍ਰੀਜ਼ 'ਤੇ ਸਨ।

ਇਹ ਦੋਵੇਂ ਨਾ ਸਿਰਫ ਧੋਨੀ ਅਤੇ ਸਚਿਨ ਦੇ ਪ੍ਰਸ਼ੰਸਕ ਹਨ ਬਲਕਿ ਇਸ ਮੈਚ 'ਚ ਉਨ੍ਹਾਂ ਦੇ ਅੰਦਾਜ਼ 'ਚ ਬੱਲੇਬਾਜ਼ੀ ਕਰਦੀਆਂ ਵੀ ਨਜ਼ਰ ਆਈਆਂ।

ਪਾਕਿਸਤਾਨ ਨੇ 149 ਦੌੜਾਂ ਬਣਾਈਆਂ ਸਨ ਅਤੇ ਭਾਰਤੀ ਟੀਮ ਨੂੰ ਇਹ ਮੈਚ ਜਿੱਤਣ ਲਈ ਰਿਕਾਰਡ ਦੌੜਾਂ ਚਾਹੀਦੀਆਂ ਸਨ।

ਜਦੋਂ ਭਾਰਤੀ ਟੀਮ ਬੱਲੇਬਾਜ਼ੀ ਕਰ ਰਹੀ ਸੀ ਤਾਂ ਉਸ ਨੂੰ ਮੈਚ ਦੇ 9ਵੇਂ ਓਵਰ ਤੋਂ ਬਾਅਦ 7.72 ਦੌੜਾਂ ਪ੍ਰਤੀ ਓਵਰ ਦੀ ਔਸਤ ਨਾਲ ਸਕੋਰ ਬਣਾਉਣ ਦੀ ਲੋੜ ਸੀ।

ਪਰ ਹੋਇਆ ਇਹ ਕਿ ਸ਼ੈਫਾਲੀ ਵਰਮਾ ਤੇ ਕਪਤਾਨ ਹਰਮਨਪ੍ਰੀਤ ਦੇ ਆਊਟ ਹੋਣ ਤੋਂ ਬਾਅਦ 16ਵੇਂ ਓਵਰ ਦੇ ਖ਼ਤਮ ਹੋਣ ਤੱਕ ਔਸਤ ਵਧ ਕੇ 10.25 ਦੌੜਾਂ ਪ੍ਰਤੀ ਓਵਰ ਹੋ ਗਈ ਸੀ।

ਇੱਥੇ ਹੀ ਰਿਚਾ ਅਤੇ ਜੇਮਿਮਾ ਨੇ ਉਹ ਪਾਰੀ ਖੇਡੀ ਜਿਸ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ। ਭਾਰਤੀ ਟੀਮ ਮੁਹਰੇ 24 ਗੇਂਦਾਂ ਵਿੱਚ 41 ਦੌੜਾਂ ਬਣਾਉਣ ਦੀ ਚੁਣੌਤੀ ਸੀ।

ਰਿਚਾ ਨੇ ਪਾਕਿਸਤਾਨ ਦੇ ਤਜਰਬੇਕਾਰ ਨਿਦਾ ਡਾਰ ਦੀ ਗੇਂਦ 'ਤੇ ਚੌਕਾ ਮਾਰ ਕੇ ਆਪਣੀ ਪਾਰੀ ਦੀ ਸ਼ੁਰੂਆਤ ਕੀਤੀ ਤੇ ਜੇਮਿਮਾ ਨੇ ਵੀ ਸ਼ਾਨਦਾਰ ਸ਼ਾਟ ਨਾਲ ਗੇਂਦ ਨੂੰ ਉਛਾਲ ਕੇ ਬਾਉਂਡਰੀ ਤੋਂ ਬਾਹਰ ਭੇਜ ਦਿੱਤਾ ਸੀ।

ਇਸ ਤੋਂ ਬਾਅਦ ਦੋਵਾਂ ਲਗਾਤਾਰ ਚੌਕੇ ਮਾਰੇ ਤੇ ਸ਼ਾਨਦਾਰ ਖੇਡ ਦਾ ਪ੍ਰਰਦਸ਼ਨ ਕੀਤਾ।

ਰਿਚਾ, ਜੇਮਿਮਾ ਦੇ ਬੱਲੇ ਤੇ ਚੌਕੇ

18ਵੇਂ ਓਵਰ ਵਿੱਚ ਰਿਚਾ ਨੇ ਇੱਕ ਜਾਂ ਦੋ ਨਹੀਂ ਸਗੋਂ ਲਗਾਤਾਰ ਤਿੰਨ ਚੌਕੇ ਜੜੇ। ਰਿਚਾ ਦੀ ਇਸ ਬੱਲੇਬਾਜ਼ੀ ਨੂੰ ਦੇਖ ਕੇ ਕੁਮੈਂਟੇਟਰ ਨੇ ਵੀ ਕਿਹਾ,"ਦੇਖੋ, ਇਹ ਕੁੜੀ ਸਿਰਫ 19 ਸਾਲਾਂ ਦੀ ਹੈ।"

ਹੁਣ ਵਾਰੀ ਜੇਮਿਮਾ ਰੌਡਰਿਗਜ਼ ਦੀ ਸੀ, ਜੋ 34 ਗੇਂਦਾਂ ਵਿੱਚ 40 ਦੌੜਾਂ ਬਣਾਉਣ ਤੋਂ ਬਾਅਦ ਦੂਜੇ ਪਾਸਿਓਂ ਰਿਚਾ ਦੇ ਕਾਰਨਾਮੇ ਨੂੰ ਦੇਖ ਰਹੀ ਸੀ।

ਫ਼ਾਤਿਮਾ ਸਨਾ 19ਵੇਂ ਓਵਰ 'ਚ ਗੇਂਦਬਾਜ਼ੀ ਕਰਨ ਆਈ ਅਤੇ ਜੇਮਿਮਾ ਨੇ ਆਪਣੇ ਓਵਰ 'ਚ ਉਹੀ ਕਾਰਨਾਮਾ ਕਰ ਦਿਖਾਇਆ ਜੋ ਰਿਚਾ ਨੇ ਪਿਛਲੇ ਓਵਰ 'ਚ ਕੀਤਾ ਸੀ।

ਜੇਮਿਮਾ ਨੇ ਇਸ ਓਵਰ 'ਚ ਤਿੰਨ ਚੌਕੇ ਜੜੇ। ਅਰਧ ਸੈਂਕੜਾ ਪੂਰਾ ਕੀਤਾ ਅਤੇ ਓਵਰ ਦੀ ਆਖਰੀ ਗੇਂਦ 'ਤੇ ਭਾਰਤੀ ਟੀਮ ਨੂੰ ਇਤਿਹਾਸਕ ਜਿੱਤ ਦਿਵਾਈ।

ਇਨ੍ਹਾਂ ਦੋਵਾਂ ਦੀ ਬੱਲੇਬਾਜ਼ੀ ਕਲਾ ਤੇ ਜੁਗਲਬੰਦੀ ਨੂੰ ਇਸ ਅੰਕੜੇ ਤੋਂ ਸਮਝਿਆ ਜਾ ਸਕਦਾ ਹੈ ਕਿ ਰਿਚਾ ਅਤੇ ਜੇਮਿਮਾ ਨੇ ਆਖਰੀ 17 ਗੇਂਦਾਂ 'ਤੇ ਅੱਠ ਚੌਕੇ ਜੜੇ ਅਤੇ ਤਿੰਨ ਓਵਰਾਂ 'ਚ 14 ਦੌੜਾਂ ਪ੍ਰਤੀ ਓਵਰ ਦੀ ਔਸਤ ਨਾਲ 42 ਦੌੜਾਂ ਬਣਾਈਆ ਸਨ।

ਭਾਰਤ ਤੇ ਪਾਕਿਸਤਾਨ ਦਰਮਿਆਨ ਹੋਇਆ ਇਹ ਮੈਚ 16ਵੇਂ ਓਵਰ ਤੱਕ ਬਰਾਬਰ ਰਿਹਾ।

16 ਓਵਰਾਂ ਦੇ ਅੰਤ ਤੱਕ ਪਾਕਿਸਤਾਨ ਨੇ ਚਾਰ ਵਿਕਟਾਂ 'ਤੇ 109 ਦੌੜਾਂ ਬਣਾ ਲਈਆਂ ਸਨ। ਇਸੇ ਤਰ੍ਹਾਂ ਭਾਰਤ ਦੇ ਹਿੱਸੇ ਵੀ 16ਵੇਂ ਓਵਰ ਤੋਂ ਬਾਅਦ ਤਿੰਨ ਵਿਕਟਾਂ 'ਤੇ 109 ਦੌੜਾਂ ਸਨ।

ਇਸ ਤੋਂ ਬਾਅਦ ਜਿੱਥੇ ਪਾਕਿਸਤਾਨ ਨੇ ਅਗਲੇ ਚਾਰ ਓਵਰਾਂ ਵਿੱਚ 40 ਦੌੜਾਂ ਬਣਾਈਆਂ, ਉੱਥੇ ਹੀ ਭਾਰਤ ਨੇ ਸਿਰਫ਼ ਤਿੰਨ ਓਵਰਾਂ ਵਿੱਚ 42 ਦੌੜਾਂ ਬਣਾ ਕੇ ਮੈਚ ਜਿੱਤ ਲਿਆ।

ਮੈਚ ਦੌਰਾਨ ਬਣੇ ਰਿਕਾਰਡ

ਇਸ ਦੇ ਨਾਲ ਹੀ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਟੀ-20 ਕ੍ਰਿਕੇਟ 'ਚ ਸਭ ਤੋਂ ਵੱਡਾ ਚੇਜ਼ ਕਰਨ ਦਾ ਰਿਕਾਰਡ ਬਣਾਇਆ ਹੈ। ਇਹ ਮਹਿਲਾ ਟੀ-20 ਕ੍ਰਿਕੇਟ ਦੇ ਇਤਿਹਾਸ ਦਾ ਦੂਜਾ ਸਭ ਤੋਂ ਵੱਡਾ ਚੇਜ਼ ਵੀ ਹੈ।

ਮਹਿਲਾ ਟੀ-20 ਕ੍ਰਿਕੇਟ 'ਚ ਸਭ ਤੋਂ ਵੱਡਾ ਚੇਜ਼ ਕਰਨ ਦਾ ਰਿਕਾਰਡ ਯੂਕੇ ਦੇ ਨਾਂ ਹੈ।

ਜਦੋਂ 2009 ਦੇ ਟੀ-20 ਵਿਸ਼ਵ ਕੱਪ ਵਿੱਚ ਯੂਕੇ ਨੇ ਆਸਟਰੇਲੀਆ ਖ਼ਿਲਾਫ਼ 164 ਦੌੜਾਂ ਦਾ ਟੀਚਾ ਸੌਖਿਆਂ ਹੀ ਹਾਸਲ ਕਰ ਲਿਆ ਸੀ।

14 ਸਾਲਾਂ ਤੱਕ, ਇਹ ਹਾਲੇ ਵੀ ਮਹਿਲਾ ਟੀ-20 ਕ੍ਰਿਕੇਟ ਵਿੱਚ ਸਭ ਤੋਂ ਵੱਡਾ ਚੇਜ਼ ਰਿਕਾਰਡ ਹੈ।

ਜੇਮਿਮਾ ਨੇ 38 ਗੇਂਦਾਂ ਵਿੱਚ ਅੱਠ ਚੌਕਿਆਂ ਦੀ ਮਦਦ ਨਾਲ 53 ਦੌੜਾਂ ਬਣਾਈਆਂ ਜਦਕਿ ਰਿਚਾ ਨੇ 20 ਗੇਂਦਾਂ ਵਿੱਚ ਪੰਜ ਚੌਕਿਆਂ ਦੀ ਮਦਦ ਨਾਲ 41 ਦੌੜਾਂ ਬਣਾਈਆਂ।

ਦੋਵਾਂ ਨੇ ਚੌਥੀ ਵਿਕਟ ਲਈ 58 ਦੌੜਾਂ ਜੋੜੀਆਂ। ਜੇਮਿਮਾ ਨੂੰ 'ਪਲੇਅਰ ਆਫ਼ ਦਿ ਮੈਚ' ਵੀ ਚੁਣਿਆ ਗਿਆ।

ਜੇਮਿਮਾ ਦੇ ਇਸ ਪ੍ਰਦਰਸ਼ਨ ਦੇ ਨਾਲ ਹੀ ਉਨ੍ਹਾਂ ਦੇ ਟਵਿੱਟਰ ਹੈਂਡਲ 'ਤੇ 'ਪਿਨ ਟੂ ਟਾਪ' ਕੀਤਾ ਗਿਆ ਇਹ ਟਵੀਟ ਵੀ ਯਾਦ ਆਇਆ ਕਿਉਂਕਿ ਇਸ ਮੈਚ 'ਚ ਘੱਟੋ-ਘੱਟ ਦੋ ਅਜਿਹੇ ਮੌਕੇ ਆਏ ਜਦੋਂ ਉਨ੍ਹਾਂ ਨੇ ਆਪਣਾ ਕ੍ਰੀਜ਼ ਨਹੀਂ ਛੱਡਿਆ।

ਕੌਮਾਂਤਰੀ ਕ੍ਰਿਕੇਟ 'ਚ ਹੈਟ੍ਰਿਕ ਛੱਕੇ ਮਾਰਨ ਦਾ ਕਾਰਨਾਮਾ ਕਰਨ ਵਾਲੀ ਜੇਮਿਮਾ ਨੇ ਮੈਚ ਤੋਂ ਬਾਅਦ ਕਿਹਾ ਕਿ ਇਹ ਪਾਰੀ ਮੇਰੇ ਲਈ ਬਹੁਤ ਮਾਇਨੇ ਰੱਖਦੀ ਹੈ।

ਉਨ੍ਹਾਂ ਨੇ ਆਪਣੀ ਪਰਿਪੱਕਤਾ ਦਿਖਾਉਂਦਿਆਂ ਕਿਹਾ,"ਟੂਰਨਾਮੈਂਟ ਹਾਲੇ ਸ਼ੁਰੂ ਹੋਇਆ ਹੈ। ਅਸੀਂ ਸਧਾਰਨ ਚੀਜ਼ਾਂ ਨੂੰ ਸਹੀ ਤਰੀਕੇ ਨਾਲ ਕਰਨਾ ਚਾਹੁੰਦੇ ਹਾਂ। ਬਾਕੀ ਨਤੀਜੇ ਦੱਸਣਗੇ।"

ਮਿਤਾਲੀ, ਸਚਿਨ, ਵਿਰਾਟ,ਸਹਿਵਾਗ ਹੋਏ ਮੁਰੀਦ

ਇਹ ਮੈਚ ਕਿਸੇ ਵੀ ਮਾਮਲੇ ਵਿੱਚ ਪੁਰਸ਼ਾਂ ਦੇ ਟੀ-20 ਮੈਚ ਤੋਂ ਘੱਟ ਨਹੀਂ ਸੀ। ਅਜਿਹਾ ਕਹਿੰਦਿਆਂ ਭਾਰਤੀ ਪੁਰਸ਼ ਕ੍ਰਿਕੇਟ ਟੀਮ ਦੇ ਦਿੱਗਜ ਬੱਲੇਬਾਜ਼ ਅਤੇ ਸਾਬਕਾ ਕਪਤਾਨ ਵਿਰਾਟ ਕੋਹਲੀ ਨੇ ਇਸ ਮੈਚ ਦੀ ਤਾਰੀਫ਼ ਕੀਤੀ।

ਪਾਕਿਸਤਾਨ ਖ਼ਿਲਾਫ਼ ਮਿਲੀ ਜਿੱਤ ਬਾਰੇ ਉਨ੍ਹਾਂ ਨੇ ਟਵੀਟ 'ਚ ਲਿਖਿਆ, ''ਭਾਰਤੀ ਮਹਿਲਾ ਕ੍ਰਿਕੇਟ ਟੀਮ ਹਰ ਟੂਰਨਾਮੈਂਟ ਦੇ ਨਾਲ ਸ਼ਾਨਦਾਰ ਪੁਲਾਂਘ ਪੁੱਟ ਰਹੀ ਹੈ। ਇਹ ਕੁੜੀਆਂ ਦੀ ਪੂਰੀ ਪੀੜ੍ਹੀ ਨੂੰ ਇਸ ਖੇਡ ਨੂੰ ਅਪਣਾਉਣ ਤੇ ਮਹਿਲਾ ਕ੍ਰਿਕੇਟ ਨੂੰ ਹੋਰ ਉਚਾਈਆਂ 'ਤੇ ਲੈ ਜਾਣ ਲਈ ਪ੍ਰੇਰਿਤ ਕਰ ਰਹੀ ਹੈ।"

ਮਹਿਲਾ ਟੀਮ ਦੀ ਸਾਬਕਾ ਕਪਤਾਨ ਮਿਤਾਲੀ ਰਾਜ ਨੇ ਟੀਮ ਨੂੰ ਸ਼ਾਬਾਸ਼ੀ ਅਤੇ ਆਉਣ ਵਾਲੇ ਮੈਚਾਂ ਲਈ ਸ਼ੁਭਕਾਮਨਾਵਾਂ ਦਿੰਦਿਆਂ ਲਿਖਿਆ, "ਭਾਰਤੀ ਟੀਮ ਦੀ ਸ਼ਾਨਦਾਰ ਸ਼ੁਰੂਆਤ। ਇਹ ਇੱਕ ਤਣਾਅ ਨਾਲ ਭਰਿਆ ਚੇਜ਼ ਸੀ, ਪਰ ਜੇਮਿਮਾ ਅਤੇ ਰਿਚਾ ਦੋਵਾਂ ਨੇ ਸਮੇਂ 'ਤੇ ਸਹੀ ਪ੍ਰਦਰਸ਼ਨ ਕੀਤਾ ਤੇ ਟੀਮ ਲਈ ਜਿੱਤ ਦਰਜ ਕਰਵਾਈ।"

ਦਿੱਗਜ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਵੀ ਮੈਚ ਤੋਂ ਬਾਅਦ ਟਵੀਟ ਕੀਤਾ ਕਿ ਉਨ੍ਹਾਂ ਨੇ ਆਪਣੀ ਪਤਨੀ ਅੰਜਲੀ ਅਤੇ ਬੇਟੇ ਅਰਜੁਨ ਨਾਲ ਮੈਚ ਦੇਖਿਆ ਅਤੇ ਸ਼ੈਫਾਲੀ, ਜੇਮਿਮਾ ਅਤੇ ਰਿਚਾ ਦੀ ਬੱਲੇਬਾਜ਼ੀ ਦੀ ਤਾਰੀਫ਼ ਕੀਤੀ।ਇਹ ਮੈਚ ਕਿਸੇ ਵੀ ਮਾਮਲੇ ਵਿੱਚ ਪੁਰਸ਼ਾਂ ਦੇ ਟੀ-20 ਮੈਚ ਤੋਂ ਘੱਟ ਨਹੀਂ ਸੀ। ਅਜਿਹਾ ਕਹਿੰਦਿਆਂ ਭਾਰਤੀ ਪੁਰਸ਼ ਕ੍ਰਿਕਟ ਟੀਮ ਦੇ ਦਿੱਗਜ ਬੱਲੇਬਾਜ਼ ਅਤੇ ਸਾਬਕਾ ਕਪਤਾਨ ਵਿਰਾਟ ਕੋਹਲੀ ਨੇ ਇਸ ਮੈਚ ਦੀ ਤਾਰੀਫ਼ ਕੀਤੀ।

ਸ਼ੇਫ਼ਾਲੀ ਦੀ ਚੰਗੀ ਸ਼ੁਰੂਆਤ

ਜਿੱਥੇ ਇਸ ਜਿੱਤ ਦਾ ਸਿਹਰਾ ਜੇਮਿਮਾ ਅਤੇ ਰਿਚਾ ਨੂੰ ਦਿੱਤਾ ਜਾ ਰਿਹਾ ਹੈ, ਉੱਥੇ ਹੀ ਵਿਕਟ ਦੇ ਪਿੱਛੇ ਅਤੇ ਸਲਾਮੀ ਬੱਲੇਬਾਜ਼ ਵਜੋਂ ਚੰਗੀ ਸ਼ੁਰੂਆਤ ਦੇਣ ਲਈ ਸ਼ੇਫਾਲੀ ਵਰਮਾ ਦੀ ਵੀ ਤਾਰੀਫ਼ ਕੀਤੀ ਜਾ ਰਹੀ ਹੈ।

ਸਤੰਬਰ 2019 ਵਿੱਚ 15 ਸਾਲ ਦੀ ਉਮਰ ਵਿੱਚ ਭਾਰਤ ਲਈ ਆਪਣਾ ਕੌਮਾਂਤਰੀ ਟੀ-20 ਵਿੱਚ ਡੈਬਿਯੂ ਦੇਣ ਵਾਲੀ ਸ਼ੇਫਾਲੀ ਵਰਮਾ ਦਾ ਇਹ ਦੂਜਾ ਵਿਸ਼ਵ ਕੱਪ ਹੈ।

2020 ਦੇ ਵਿਸ਼ਵ ਕੱਪ ਦੌਰਾਨ ਭਾਰਤ ਫ਼ਾਈਨਲ ਵਿੱਚ ਪਹੁੰਚਿਆ ਸੀ ਅਤੇ ਉਸ ਟੂਰਨਾਮੈਂਟ ਵਿੱਚ ਬੰਗਲਾਦੇਸ਼ ਖ਼ਿਲਾਫ਼ ਖੇਡੇ ਮੈਚ ਵਿੱਚ ਜਿੱਤ ਹਾਸਿਲ ਕਰਨ ਲਈ ਸ਼ੇਫਾਲੀ ਵਰਮਾ ਨੇ ਅਹਿਮ ਭੂਮਿਕਾ ਨਿਭਾਈ ਸੀ।

ਉਸ ਸਮੇਂ ਉਨ੍ਹਾਂ 17 ਗੇਂਦਾਂ ਉੱਤੇ 229 ਦੇ ਸਟ੍ਰਾਈਕ ਰੇਟ ਨਾਲ 39 ਦੌੜਾਂ ਬਣਾਈਆਂ ਸਨ। ਪਾਕਿਸਤਾਨ ਖ਼ਿਲਾਫ਼ ਵੀ ਸ਼ੈਫਾਲੀ ਨੇ ਆਪਣੇ ਜਾਣੇ-ਪਛਾਣੇ ਅੰਦਾਜ਼ 'ਚ ਬੱਲੇਬਾਜ਼ੀ ਦੀ ਸ਼ੁਰੂਆਤ ਕੀਤੀ ਅਤੇ 25 ਗੇਂਦਾਂ 'ਚ 33 ਦੌੜਾਂ ਬਣਾਈਆਂ। ਹਾਲਾਂਕਿ ਉਹ ਕਮਜ਼ੋਰ ਸ਼ਾਟ ਖੇਡਣ ਤੋਂ ਬਾਅਦ ਆਊਟ ਹੋ ਗਈ।

ਇਸ ਦੇ ਨਾਲ ਹੀ ਟੀਮ ਦੀ ਦੂਜੀ ਸਲਾਮੀ ਬੱਲੇਬਾਜ਼ ਯਸਤਿਕਾ ਭਾਟੀਆ ਸੀ। ਯਸਤਿਕਾ ਨੂੰ ਸਮ੍ਰਿਤੀ ਮੰਧਾਨਾ ਦੇ ਸੱਟ ਲੱਗੀ ਹੋਣ ਕਾਰਨ ਪਾਰੀ ਦੀ ਸ਼ੁਰੂਆਤ ਕਰਨ ਦਾ ਮੌਕਾ ਮਿਲਿਆ ਸੀ।

ਪਰ ਉਹ 20 ਗੇਂਦਾਂ ਵਿੱਚ 17 ਦੌੜਾਂ ਬਣਾ ਕੇ ਮੌਕੇ ਦਾ ਫ਼ਾਇਦਾ ਚੁੱਕਣ ਵਿੱਚ ਨਾਕਾਮ ਰਹੀ।

ਮੈਚ ਤੋਂ ਪਹਿਲਾਂ ਮੁੱਖ ਕੋਚ ਰਿਸ਼ੀਕੇਸ਼ ਕਾਨਿਤਕਰ ਨੇ ਦੱਸਿਆ ਸੀ ਕਿ ਉਪ-ਕਪਤਾਨ ਅਤੇ ਭਾਰਤ ਦੀ ਨਿਯਮਤ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਦੀ ਸੱਟ ਇੰਨੀ ਗੰਭੀਰ ਨਹੀਂ ਹੈ, ਇਸ ਲਈ ਉਮੀਦ ਹੈ ਕਿ ਉਹ ਅਗਲੇ ਮੈਚ ਵਿੱਚ ਪਾਰੀ ਦੀ ਸ਼ੁਰੂਆਤ ਕਰਦੀ ਨਜ਼ਰ ਆਵੇਗੀ।

ਕਮਜ਼ੋਰੀਆਂ 'ਤੇ ਕੰਮ ਕਰਨ ਦੀ ਲੋੜ

ਇਸ ਟੂਰਨਾਮੈਂਟ ਦੀ ਹਾਲੇ ਸ਼ੁਰੂਆਤ ਹੋਈ ਹੈ ਅਤੇ ਪਹਿਲੇ ਮੈਚ 'ਚ ਮਿਲੀ ਜਿੱਤ ਨੇ ਯਕੀਨੀ ਤੌਰ 'ਤੇ ਭਾਰਤੀ ਟੀਮ ਦਾ ਹੌਂਸਲਾ ਵਧਾਇਆ ਹੈ।

ਟੀਮ ਨੇ ਹਾਲੇ ਕਈ ਵੱਡੇ ਮੈਚ ਖੇਡਣੇ ਹਨ ਤਾਂ ਭਾਰਤੀ ਟੀਮ ਨੂੰ ਇਸ ਮੈਟ ਵਿੱਚ ਨਜ਼ਰ ਆਈਆਂ ਆਪਣੀਆਂ ਕਮਜ਼ੋਰੀਆਂ 'ਤੇ ਕੰਮ ਕਰਨਾ ਪਵੇਗਾ।

15ਵੇਂ ਓਵਰ ਤੱਕ ਪਾਕਿਸਤਾਨ ਦੀਆਂ ਚਾਰ ਵਿਕਟਾਂ 'ਤੇ 91 ਦੌੜਾਂ ਸਨ। ਔਸਤ ਦੌੜਾਂ ਸਿਰਫ 6.06 ਦੌੜਾਂ ਸੀ। ਫਿਰ ਅਜਿਹਾ ਕੀ ਹੋਇਆ ਕਿ ਅਗਲੇ ਪੰਜ ਓਵਰਾਂ ਵਿੱਚ ਪਾਕਿਸਤਾਨ ਨੇ 58 ਦੌੜਾਂ ਬਣਾ ਲਈਆਂ।

ਦਰਅਸਲ ਇਸ ਦੀ ਨੀਂਹ ਭਾਰਤੀ ਗੇਂਦਬਾਜ਼ਾਂ ਦੇ 16ਵੇਂ ਓਵਰ ਨੇ ਰੱਖੀ ਸੀ। ਨਸੀਮ ਨੇ ਇਸ ਓਵਰ ਵਿੱਚ ਇੱਕ ਛੱਕਾ ਅਤੇ ਇੱਕ ਚੌਕਾ ਦਾਗਿਆ।

ਤਜਰਬੇਕਾਰ ਰੇਣੂਕਾ ਸਿੰਘ ਦੀ ਲੈਅ ਇੰਨੀ ਵਿਗੜ ਗਈ ਕਿ ਉਨ੍ਹਾਂ ਨੇ ਇਸ ਤੋਂ ਬਾਅਦ ਤਿੰਨ ਵਾਈਡ ਗੇਂਦਾਂ ਮਾਰੀਆਂ।

ਭਾਰਤ ਨੂੰ ਇਹ ਓਵਰ ਬਹੁਤ ਮਹਿੰਗਾ ਪਿਆ ਅਤੇ ਆਇਸ਼ਾ ਨਸੀਮ ਅਤੇ ਕਪਤਾਨ ਬਿਸਮਾਹ ਮਾਰੂਫ ਨੇ ਇਸ ਓਵਰ ਵਿੱਚ 18 ਦੌੜਾਂ ਬਣਾਈਆਂ।

ਤਕਨੀਕ 'ਤੇ ਕੰਮ ਕਰਨ ਦੀ ਲੋੜ

ਕਪਤਾਨ ਬਿਸਮਾਹ ਮਾਰੂਫ ਨੇ ਜਿੱਥੇ ਅਜੇਤੂ 68 ਦੌੜਾਂ ਬਣਾਈਆਂ, ਉਥੇ ਆਇਸ਼ਾ ਨਸੀਮ ਨੇ ਵੀ 24 ਗੇਂਦਾਂ 'ਤੇ ਦੋ ਛੱਕਿਆਂ ਅਤੇ ਦੋ ਚੌਕਿਆਂ ਦੀ ਮਦਦ ਨਾਲ 43 ਦੌੜਾਂ ਬਣਾਈਆਂ।

ਇਸ ਮੈਚ ਵਿੱਚ ਛੱਕੇ ਸਿਰਫ਼ ਨਸੀਮ ਦੇ ਬੱਲੇ ਤੋਂ ਹੀ ਵੱਜੇ। ਦੋਵਾਂ ਨੇ ਪੰਜਵੀਂ ਵਿਕਟ ਲਈ 81 ਦੌੜਾਂ ਬਣਾਈਆਂ।

ਹਾਲਾਂਕਿ ਭਾਰਤੀ ਗੇਂਦਬਾਜ਼ ਕਾਫੀ ਤਜ਼ਰਬੇਕਾਰ ਹਨ ਪਰ ਵੱਡੇ ਮੈਚਾਂ 'ਚ ਇਸ ਤਰ੍ਹਾਂ ਦਾ ਪ੍ਰਦਰਸ਼ਨ ਮਹਿੰਗਾ ਪੈ ਸਕਦਾ ਹੈ।

ਇਸੇ ਤਰ੍ਹਾਂ ਫੀਲਡਿੰਗ 'ਚ ਵੀ ਕਮਜ਼ੋਰੀ ਦੇਖਣ ਨੂੰ ਮਿਲੀ। ਜਿੱਥੇ ਭਾਰਤੀ ਟੀਮ ਇਸ ਮੈਚ 'ਚ ਅਹਿਮ ਮੌਕਿਆਂ 'ਤੇ ਸੌਖੇ ਕੈਚ ਵੀ ਨਾ ਫੜ ਸਕੀ ਤੇ ਜਿੱਥੇ ਇਕ ਦੌੜ ਬਣਨੀ ਚਾਹੀਦੀ ਸੀ, ਉੱਥੇ ਦੋ ਦੌੜਾਂ ਦੇ ਗਈ।

ਇਹ ਭਾਰਤੀ ਟੀਮ ਦਾ ਇੱਕ ਕਮਜ਼ੋਰ ਪੱਖ ਹੈ ਜਿਸ 'ਤੇ ਅਗਲੇ ਮੈਚਾਂ ਤੋਂ ਪਹਿਲਾਂ ਧਿਆਨ ਦੇਣਾ ਚਾਹੀਦਾ ਹੈ।

ਪਾਕਿਸਤਾਨੀ ਟੀਮ ਲਈ ਵੀ ਇਹ ਮੈਚ ਉਸ ਦੀ ਸ਼ਾਨਦਾਰ ਬੱਲੇਬਾਜ਼ੀ ਲਈ ਹੌਸਲਾ ਵਧਾਉਣ ਵਾਲਾ ਰਿਹਾ, ਉੱਥੇ ਚੰਗੀ ਸ਼ੁਰੂਆਤ ਦੇ ਬਾਵਜੂਦ ਗੇਂਦਬਾਜ਼ ਜੇਮਿਮਾ ਨੂੰ ਉਹ ਆਊਟ ਨਹੀਂ ਕਰ ਸਕੇ ਅਤੇ ਕਮਜ਼ੋਰ ਫੀਲਡਿੰਗ ਟੀਮ ਦੀ ਹਾਲ ਦਾ ਸਭ ਤੋਂ ਵੱਡਾ ਕਾਰਨ ਬਣੀ।

ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਮੈਚ ਤੋਂ ਬਾਅਦ ਸ਼ਾਇਦ ਇਹੀ ਕਹਿਣਾ ਚਾਹੁੰਦੀ ਸੀ। ਹਰਮਨਪ੍ਰੀਤ ਨੇ ਕਿਹਾ, "ਅਗਲੇ ਮੈਚ ਤੋਂ ਪਹਿਲਾਂ ਅਸੀਂ ਨੈੱਟ 'ਤੇ ਕੁਝ ਸਮਾਂ ਬਿਤਾਉਣਾ ਚਾਹੁੰਦੇ ਹਾਂ। ਅਸੀਂ ਕੁਝ ਚੀਜ਼ਾਂ 'ਤੇ ਕੰਮ ਕਰਨਾ ਹੈ।"

ਭਾਰਤ ਦਾ ਅਗਲਾ ਮੁਕਾਬਲਾ ਵੈਸਟ ਇੰਡੀਜ਼ ਨਾਲ

ਹੁਣ ਗੱਲ ਕਰਦੇ ਹਾਂ ਉਸ ਮੈਦਾਨ ਦੀ ਜਿੱਥੇ ਇਹ ਮੈਚ ਖੇਡਿਆ ਗਿਆ ਹੈ।

ਇਸ ਮੈਚ ਤੋਂ ਪਹਿਲਾਂ ਵੀ ਇਹ ਕਿਹਾ ਜਾ ਰਿਹਾ ਸੀ ਕਿ ਕੇਪਟਾਊਨ ਦੇ ਨਿਊਲੈਂਡਸ ਕ੍ਰਿਕੇਟ ਗਰਾਊਂਡ ਦੀ ਇਹ ਪਿੱਚ ਸਪਿਨਰਜ਼ ਲਈ ਮਦਦਗਾਰ ਸਾਬਤ ਹੋ ਸਕਦੀ ਹੈ।

ਹਾਲਾਂਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਏ ਇਸ ਮੈਚ 'ਚ ਸਿਰਫ਼ ਸੱਤ ਵਿਕਟਾਂ ਹੀ ਡਿੱਗੀਆਂ ਪਰ ਇਨ੍ਹਾਂ 'ਚੋਂ ਛੇ ਵਿਕਟਾਂ ਸਪਿਨਰਜ਼ ਨੇ ਲਈਆਂ।

ਇਸ ਪਿੱਚ 'ਤੇ ਖੇਡੇ ਗਏ ਪਹਿਲੇ ਮੈਚ 'ਚ ਸ਼੍ਰੀਲੰਕਾ ਦੀ ਮਹਿਲਾ ਕ੍ਰਿਕੇਟ ਟੀਮ ਨੇ ਆਪਣੇ ਸਪਿਨਰਜ਼ ਦੀ ਬਦੌਲਤ ਮੇਜ਼ਬਾਨ ਦੱਖਣੀ ਅਫਰੀਕਾ ਨੂੰ ਤਿੰਨ ਦੌੜਾਂ ਨਾਲ ਹਰਾ ਕੇ ਜਿੱਤ ਦਰਜ ਕਰਵਾਈ ਸੀ।

ਹੁਣ ਭਾਰਤ 15 ਫ਼ਰਵਰੀ ਨੂੰ ਆਪਣਾ ਅਗਲਾ ਮੈਚ ਵੈਸਟ ਇੰਡੀਜ਼ ਖ਼ਿਲਾਫ਼ ਖੇਡਣ ਲਈ ਇਸ ਮੈਦਾਨ ਵਿੱਚ ਉੱਤਰੇਗਾ। ਵੈਸਟਇੰਡੀਜ਼ ਦੀ ਟੀਮ ਇਸ ਟੂਰਨਾਮੈਂਟ ਵਿੱਚ ਖੇਡੇ ਗਏ ਆਪਣੇ ਪਹਿਲੇ ਮੈਚ ਵਿੱਚ ਇੰਗਲੈਂਡ ਤੋਂ ਹਾਰ ਚੁੱਕੀ ਹੈ।

ਟੂਰਨਾਮੈਂਟ ਦੇ ਦੋਵੇਂ ਸੈਮੀਫ਼ਾਈਨਲ ਅਤੇ ਫ਼ਾਈਨਲ ਵੀ ਇਸੇ ਮੈਦਾਨ ਵਿੱਚ ਖੇਡੇ ਜਾਣੇ ਹਨ। ਇਸ ਲਈ ਇਸ ਪਿੱਚ ਦੇ ਮੂਡ ਦੇ ਹਿਸਾਬ ਨਾਲ ਭਾਰਤ ਨੂੰ ਆਪਣੀ ਭਵਿੱਖ ਦੀ ਰਣਨੀਤੀ ਵੀ ਤਿਆਰ ਕਰਨ ਦੀ ਲੋੜ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)