ਸੁਧੀਰ ਸੂਰੀ ਕਤਲ ਮਾਮਲਾ: ਜਾਂਚ ਲਈ ਐੱਸਆਈਟੀ ਗਠਿਤ, ਜਾਣੋ ਹੁੱਣ ਤੱਕ ਕੀ-ਕੀ ਹੋਇਆ

ਪ੍ਰਕਾਸ਼ਿਤ

ਅੰਮ੍ਰਿਤਸਰ ਵਿੱਚ ਸ਼ਿਵ ਸੈਨਾ (ਟਕਸਾਲੀ) ਦੇ ਆਗੂ ਸੁਧੀਰ ਸੂਰੀ ਦੇ ਕਤਲ ਦੇ 24 ਘੰਟਿਆਂ ਬਾਅਦ ਪਰਿਵਾਰ ਉਨ੍ਹਾਂ ਦਾ ਸਸਕਾਰ ਕਰਨ ਲਈ ਤਿਆਰ ਹੋ ਗਿਆ। ਪਰਿਵਾਰ ਮੁਤਾਬਕ ਪ੍ਰਸ਼ਾਸਨ ਨੇ ਪਰਿਵਾਰ ਦੀਆਂ ਮੰਗਾਂ ਮੰਨ ਲਈਆਂ ਹਨ ਅਤੇ ਸਸਕਾਰ ਐਤਵਾਰ 12 ਵਜੇ ਹੋਵੇਗਾ।

ਚਾਰ ਨਵੰਬਰ ਦੀ ਦੁਪਹਿਰ ਅੰਮ੍ਰਿਤਸਰ ਵਿੱਚ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦਾ ਕਤਲ ਕਰ ਦਿੱਤਾ ਗਿਆ ਸੀ।

ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਸੰਦੀਪ ਸੰਨੀ ਨੂੰ ਅੱਜ ਅਦਾਲਤ ਵਲੋਂ 7 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ।

ਸੁਧੀਰ ਸੂਰੀ ਦੇ ਭਰਾ ਬ੍ਰਿਜ ਮੋਹਨ ਸੂਰੀ ਮੁਤਾਬਕ, ''ਸ਼ਹੀਦ ਦੇ ਦਰਜੇ ਲਈ ਪ੍ਰਸ਼ਾਸਨ ਸਿਫਾਰਿਸ਼ ਕਰੇਗਾ। ਜਾਂਚ ਵਿੱਚ ਸਿੱਖ ਕਾਰਕੁਨ ਅੰਮ੍ਰਿਤਪਾਲ ਸਿੰਘ ਦਾ ਨਾਂ ਵੀ ਪਾਉਣ ਲਈ ਪੁਲਿਸ ਨੇ ਭਰੋਸਾ ਦੁਆਇਆ ਹੈ। ਪਰਿਵਾਰ ਨੂੰ ਸੁਰੱਖਿਆ ਦੇਣ ਦੀ ਵੀ ਗੱਲ ਕਹੀ ਗਈ ਹੈ।''

ਹਾਲਾਂਕਿ ਭਾਰਤ ਦੇ ਸੰਵਿਧਾਨ ਵਿੱਚ 'ਸ਼ਹੀਦ' ਸ਼ਬਦ ਦੀ ਕੋਈ ਪਰਿਭਾਸ਼ਾ ਨਹੀਂ ਹੈ।

ਗੁਜਰਾਤ ਵਿੱਚ ਚੋਣ ਪ੍ਰਚਾਰ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, "ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ ਹੈ। ਜਾਂਚ ਮੁੱਢਲੀ ਸਟੇਜ 'ਤੇ ਹੈ। ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿੱਚ ਇਨਸਾਫ਼ ਹੋਵੇਗਾ।"

ਜਿਸ ਸਮੇਂ ਸੁਧੀਰ ਸੂਰੀ ਉੱਤੇ ਹਮਲਾ ਹੋਇਆ ਉਹ ਆਪਣੇ ਕੁਝ ਸਾਥੀਆਂ ਨਾਲ ਸ਼ਹਿਰ ਦੇ ਗੋਪਾਲ ਮੰਦਰ ਬਾਹਰ ਧਰਨਾ ਦੇ ਰਹੇ ਸਨ।

ਸੂਰੀ ਦੇ ਪਰਿਵਾਰ ਅਤੇ ਸ਼ਿਵ ਸੈਨਾ ਦੇ ਆਗੂਆਂ ਵੱਲੋਂ ਉਨ੍ਹਾਂ ਨੂੰ ਸ਼ਹੀਦ ਦਾ ਦਰਜ ਦੇਣ ਦੀ ਮੰਗ ਕੀਤੀ ਜਾ ਰਹੀ ਸੀ।

ਸ਼ੁੱਕਰਵਾਰ ਨੂੰ ਵਾਪਰੀ ਘਟਨਾ ਤੋਂ ਬਾਅਦ ਹੀ ਪ੍ਰਦਰਸ਼ਨ ਹੋ ਰਹੇ ਸਨ। ਸ਼ਿਵ ਸੈਨਾ (ਟਕਸਾਲੀ) ਜਥੇਬੰਦੀ ਨੇ ਪੰਜਾਬ ਬੰਦ ਦਾ ਸੱਦਾ ਦਿੱਤਾ ਹੋਇਆ ਸੀ।

ਅੰਮ੍ਰਿਤਸਰ ਵਿੱਚ ਜ਼ਿਆਦਾਤਰ ਬਜ਼ਾਰ ਬੰਦ ਰਹੇ ਅਤੇ ਸਖ਼ਤ ਸੁਰੱਖਿਆ ਰਹੀ।

ਐੱਸਆਈਟੀ ਗਠਿਤ

ਅੰਮ੍ਰਿਤਸਰ ਦੇ ਪੁਲਿਸ ਕਮਿਨਸ਼ਰ ਅਰੁਣਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸੁਧੀਰ ਸਬਰੀ ਦੇ ਮਾਮਲੇ ਵਿੱਚ ਇੱਕ ਸਪੈਸ਼ਲ ਇੰਨਵੈਸਟੀਗੇਸ਼ਨ ਟੀਮ (ਐੱਸਆਈਟੀ) ਗਠਿਤ ਕੀਤੀ ਗਈ ਹੈ।

ਇਸ ਸਪੈਸ਼ਲ ਇੰਨਵੈਸਟੀਗੇਸ਼ਨ ਟੀਮ ਵਿੱਚ ਡੀਸੀਪੀ ਡਿਟੈਕਿਟਵ, ਅੰਮ੍ਰਿਤਸਰ ਦੀ ਅਗਵਾਈ ਹੇਠ ਡਾਂਚ ਕਰੇਗੀ। ਇਸ ਵਿੱਚ ਅੰਮ੍ਰਿਤਸਰ ਦੇ ਏਡੀਸੀਪੀ ਸਿਟੀ-2, ਏਡੀਸੀਪੀ ਸਿਟੀ-3, ਇੰਚਾਰਜ਼ ਸੀਆਈਏ ਸਟਾਫ ਅਤੇ ਇੰਚਾਰਜ਼ ਐਂਟੀ ਗੈਂਗਸਟਰ ਸਟਾਫ ਨਿਯੁਕਤ ਕੀਤੇ ਗਏ ਹਨ।

ਅੰਮ੍ਰਿਤਪਾਲ ਸਿੰਘ ਨੂੰ ਰੋਕਿਆ ਗਿਆ

ਸਿੱਖ ਕਾਰਕੁਨ ਅੰਮ੍ਰਿਤਪਾਲ ਸਿੰਘ ਮੋਗਾ ਅਧੀਨ ਵਿੱਚ ਪੈਂਦੇ ਪਿੰਡ ਸਿੰਘਾਂਵਾਲਾ ਦੇ ਇੱਕ ਘਰ ਵਿੱਚ ਸਨ। ਪੁਲਿਸ ਨੇ ਇਸ ਘਰ ਦੀ ਘੇਰਾਬੰਦੀ ਕੀਤੀ ਹੋਈ ਸੀ।

ਹਾਲਾਂਕਿ ਕੁਝ ਘੰਟਿਆਂ ਬਾਅਦ ਪੁਲਿਸ ਦਾ ਪਹਿਰਾ ਚੁੱਕ ਲਿਆ ਗਿਆ।

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਅਤੇ ਅੰਮ੍ਰਿਤਪਾਲ ਸਿੰਘ ਵੱਲੋਂ ਕੀਤੀ ਗਈ ਅਪੀਲ ਤੋਂ ਬਾਅਦ ਵੱਡੀ ਗਿਣਤੀ ਵਿੱਚ ਸਿੱਖ ਜਥੇ ਪਿੰਡ ਸਿੰਘਾਂਵਾਲਾ ਪਹੁੰਚੇ।

ਇਸ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਨੂੰ ਪੁਲਸ ਨੇ ਉੱਥੋਂ ਜਾਣ ਦੀ ਇਜਾਜ਼ਤ ਦੇ ਦਿੱਤੀ। ਪੁਲਿਸ ਪ੍ਰਸ਼ਾਸਨ ਦਾ ਕਹਿਣਾ ਸੀ ਕਿ ਅੰਮ੍ਰਿਤਪਾਲ ਸਿੰਘ ਨੂੰ ਅਹਿਤਿਆਤ ਵਜੋਂ ਰੋਕਿਆ ਗਿਆ ਸੀ।

ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਪੁਲਿਸ ਵੱਲੋਂ ਜਲੰਧਰ ਵਿੱਚ ਨਗਰ ਕੀਰਤਨ ਵਿੱਚ ਭਾਗ ਲੈਣ ਜਾਣ ਤੋਂ ਰੋਕਿਆ ਗਿਆ।

ਉਨ੍ਹਾਂ ਕਿਹਾ, "ਇਹ ਕਿਹਾ ਜਾ ਰਿਹਾ ਹੈ ਕਿ ਜਲੰਧਰ ਵਿੱਚ ਹਲਾਤ ਖ਼ਰਾਬ ਹੋ ਸਕਦੇ ਹਨ। ਪਰ ਅਜਿਹਾ ਕੁਝ ਨਹੀਂ ਬਸ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ।"

ਪੰਜਾਬ ਬੰਦ ਦਾ ਸੱਦਾ

ਸ਼ਿਵ ਸੈਨਾ (ਟਕਸਾਲੀ) ਵਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ।

ਸ਼ਿਵ ਸੈਨਾ ਸਮਰਥਕਾਂ ਵਲੋਂ ਅੰਮ੍ਰਿਤਸਰ ਵਿੱਚ ਮਾਰਚ ਕੱਢਿਆ ਗਿਆ ਤੇ ਸ਼ਹਿਰ ਨੂੰ ਮੁਕੰਮਲ ਬੰਦ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ।

ਕੁਝ ਹਿੰਦੂ ਸਗੰਠਨਾਂ ਅਤੇ ਸੂਰੀ ਦੇ ਸਮਰਥਕ ਸ਼ਹਿਰ ਵਿੱਚ ਨਾਅਰੇਬਾਜ਼ੀ ਕਰਦੇ ਨਜ਼ਰ ਆਏ।

ਵੱਡੀ ਗਿਣਤੀ ਵਿੱਚ ਨਾਅਰੇਬਾਜ਼ੀ ਕਰਦੇ ਲੋਕ ਸ਼ਹਿਰ ਵਿੱਚ ਰੇਲਵੇ ਫਾਟਕ ਉੱਤੇ ਧਰਨਾ ਦੇਣ ਪਹੁੰਚੇ।

ਪੁਲਿਸ ਨੇ ਕਾਫ਼ੀ ਸਮਝਾਉਣ ਤੋਂ ਬਾਅਦ ਟਰੈਕ ਖਾਲੀ ਕਰਵਾਇਆ ਜਿਸ ਮਗਰੋਂ ਭੀੜ ਹਟੀ।

ਚੰਡੀਗੜ੍ਹ ਤੋਂ ਫੋਰੈਂਸਿਕ ਟੀਮ ਘਟਨਾ ਵਾਲੀ ਥਾਂ 'ਤੇ ਪਹੁੰਚੀ ਜਿੱਥੇ ਸੁਧੀਰ ਨੂੰ ਗੋਲੀ ਮਾਰ ਕੇ ਕਤਲ ਕੀਤਾ ਗਿਆ ਸੀ।

ਇਹ ਵੀ ਪੜ੍ਹੋ-

ਸ਼ਹੀਦ ਦਾ ਦਰਜਾ ਦੇਣ ਦੀ ਮੰਗ

ਸੁਧੀਰ ਸੂਰੀ ਦੇ ਪੋਸਟਮਾਰਟਮ ਤੋਂ ਬਾਅਦ ਲਾਸ਼ ਨੂੰ ਪਰਿਵਾਰ ਦੇ ਸਪੁਰਦ ਕਰ ਦਿੱਤਾ ਗਿਆ ਹੈ।

ਇਸ ਦੇ ਬਾਵਜੂਦ ਪਰਿਵਾਰ ਦਾ ਕਹਿਣਾ ਸੀ ਕਿ ਜਦ ਤੱਕ ਸੂਰੀ ਨੂੰ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਜਾਂਦਾ, ਉਸ ਸਮੇਂ ਤੱਕ ਸਸਕਾਰ ਨਹੀਂ ਕੀਤਾ ਜਾਵੇਗਾ।

ਉਨ੍ਹਾਂ ਦੇ ਪਰਿਵਰਾਕ ਮੈਂਬਰ ਯੁਵਰਾਜ ਸੂਰੀ ਨੇ ਖ਼ਬਰ ਏਜੰਸੀ ਏਐੱਨਆਈ ਨੂੰ ਕਿਹਾ ਕਿ ਕਾਨੂੰਨ ਵਿਵਸਥਾ ਖ਼ਰਾਬ ਹੈ 17 ਗੰਨਮੈਨ ਤੇ ਵੱਡੀ ਗਿਣਤੀ ਪੁਲਸ ਕਰਮੀ ਹੋਣ ਦੇ ਬਾਵਜੂਦ ਗੋਲੀ ਚੱਲੀ ਹੈ।

''ਸਾਨੂੰ ਹਿੰਦੂ ਤੇ ਸਿੱਖ ਦੋਵਾਂ ਭਾਈਚਾਰੇ ਦੇ ਲੋਕਾਂ ਨੇ ਸਹਿਯੋਗ ਦਿੱਤਾ ਹੈ ਅਤੇ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।''

ਸੁਧੀਰ ਸੂਰੀ ਦੇ ਕਤਲ ਤੋਂ ਬਾਅਦ

  • ਅੰਮ੍ਰਿਤਸਰ ਵਿੱਚ ਸਥਾਨਕ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ।
  • ਸਥਾਨਕ ਸ਼ਿਵ ਸੈਨਾ ਮੁਖੀ ਦੇ ਕਤਲ ਤੋਂ ਬਾਅਦ ਪੰਜਾਬ ਨਾਲ ਸਬੰਧਿਤ ਹਿੰਦੂ ਸੰਗਠਨਾਂ ਵਲੋਂ ਰੋਸ ਦਾ ਪ੍ਰਗਟਾਵਾ
  • ਅੰਮ੍ਰਿਤਸਰ ਸਮੇਤ ਪੰਜਾਬ ਦੇ ਹੋਰ ਸ਼ਹਿਰਾਂ ਵਿੱਚ ਬੰਦ ਰਲਵਾਂ ਮਿਲਵਾਂ ਨੂੰ ਹੁੰਗਾਰਾ ਮਿਲਿਆ
  • ਸੂਰੀ ਦਾ ਐਤਵਾਰ ਨੂੰ ਹੋਵੇਗਾ ਅੰਤਮ ਸਸਕਾਰ

ਹਮਲਾਵਰ ਬਾਰੇ ਡੀਜੀਪੀ ਨੇ ਕੀ ਦੱਸਿਆ

ਹਮਲੇ ਤੋਂ ਬਾਅਦ ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ ਗੌਰਵ ਯਾਦਵ ਨੇ ਹਮਲੇ ਬਾਰੇ ਜਾਣਾਕਾਰੀ ਦਿੰਦਿਆਂ ਹਮਲਾਵਰ ਦੇ ਮੌਕੇ ਤੇ ਫ਼ੜੇ ਜਾਣ ਦੀ ਪੁਸ਼ਟੀ ਕੀਤੀ ਸੀ।

ਉਨ੍ਹਾਂ ਕਿਹਾ, "ਹਮਲਾ ਕਰਨ ਵਾਲੇ ਵਿਅਕਤੀ ਸੰਦੀਪ ਸਨੀ ਦੀ ਕੱਪੜਿਆ ਦੀ ਦੁਕਾਨ ਹੈ ਨਜਦੀਕ ਹੀ।''

''ਉਸਨੇ ਆਪਣੇ 32 ਬੋਰ ਦੇ ਲਾਇਸੈਂਸਡ ਹਥਿਆਰ ਨਾਲ ਪੰਜ ਬੁਲੇਟ ਫ਼ਾਇਰ ਕੀਤੀਆਂ ਜਿਨ੍ਹਾਂ ਵਿੱਚੋਂ ਕੁਝ ਸੂਰੀ ਦੇ ਲੱਗੀਆਂ ਤੇ ਉਨ੍ਹਾਂ ਨੂੰ ਫੌਰੀ ਤੌਰ 'ਤੇ ਹਸਪਤਲਾ ਲਿਜਾਇਆ ਗਿਆ।"

ਗੌਰਵ ਯਾਦਵ ਨੇ ਮੀਡੀਆ ਨੂੰ ਬਿਨ੍ਹਾਂ ਤਸਦੀਕ ਕੀਤੇ ਪੋਸਟਾਂ ਨਾ ਪਾਉਣ ਦੀ ਅਪੀਲ ਕਰਦਿਆਂ ਅਜਿਹੀ ਸਥਿਤੀ ਵਿੱਚ ਸਖ਼ਤ ਕਾਰਵਾਈ ਕੀਤੇ ਜਾਣ ਦੀ ਗੱਲ ਆਖ਼ੀ।

ਸੁਧੀਰ ਸੂਰੀ ਕੌਣ ਸਨ?

ਪੇਸ਼ੇ ਤੋਂ ਟਰਾਂਸਪੋਰਟਰ ਸੁਧੀਰ ਸੂਰੀ ਅੰਮ੍ਰਿਤਸਰ ਨਾਲ ਸਬੰਧਿਤ ਸਨ।

ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਵਲੋਂ ਦਿੱਤੀ ਗਈ ਜਾਣਕਾਰੀ ਮੁਤਬਕ ਉਹ ਅੰਮ੍ਰਿਤਸਰ ਤੋਂ ਸ਼ਿਵ ਸੈਨਾ (ਟਕਸਾਲੀ) ਦੇ ਪ੍ਰਧਾਨ ਵੀ ਸਨ ਅਤੇ ਉਨ੍ਹਾਂ ਵਿਰੁੱਧ ਧਾਰਾ 295 ਤਹਿਤ ਦੋ ਕੇਸ ਵੀ ਚੱਲ ਰਹੇ ਸਨ।

ਆਪਣੇ ਵਿਵਾਦਤ ਬਿਆਨਾਂ ਕਰਕੇ ਚਰਚਾ 'ਚ ਰਹਿਣ ਵਾਲੇ ਸੂਰੀ ਨੂੰ ਵਾਈ ਕੈਟੇਗਰੀ ਵਿੱਚ ਸੁਰੱਖਿਆ ਮੁਹੱਈਆ ਕੀਤੀ ਗਈ ਸੀ।

ਉਨ੍ਹਾਂ ਨੂੰ ਅਪ੍ਰੈਲ 2020 ਵਿੱਚ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਤਬਲੀਗੀ ਜਮਾਤ ਭਾਈਚਾਰੇ ਦੇ ਵਿਰੁੱਧ ਸੋਸ਼ਲ ਮੀਡੀਆ 'ਤੇ ਇਤਰਾਜ਼ਯੋਗ ਟਿੱਪਣੀਆਂ ਲਈ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ।

ਸੂਰੀ ਨੂੰ ਜੁਲਾਈ 2020 ਵਿੱਚ ਅੰਮ੍ਰਿਤਸਰ ਪੁਲਿਸ ਨੇ ਮੱਧ ਪ੍ਰਦੇਸ਼ ਦੇ ਇੰਦੌਰ ਤੋਂ ਇੱਕ ਵਾਰ ਫ਼ਿਰ ਗ੍ਰਿਫਤਾਰ ਕੀਤਾ ਸੀ ਕਿਉਂਕਿ ਉਨ੍ਹਾਂ ਦੀ ਇੱਕ ਵੀਡੀਓ ਕਲਿੱਪ ਵਾਇਰਲ ਹੋਈ ਸੀ, ਜਿਸ ਵਿੱਚ ਉਹ ਔਰਤਾਂ ਬਾਰੇ ਮਾੜੀ ਸ਼ਬਦਾਵਲੀ ਅਤੇ ਵੱਖ-ਵੱਖ ਸਮੂਹਾਂ ਦਰਮਿਆਨ ਦੁਸ਼ਮਣੀ ਭੜਕਾਉਣ ਵਾਲੀਆਂ ਗੱਲਾਂ ਕਰ ਰਹੇ ਸਨ।

ਉਨ੍ਹਾਂ ਨੂੰ ਜੁਲਾਈ 2021 ਵਿੱਚ ਵੀ ਅੰਮ੍ਰਿਤਸਰ ਪੁਲਿਸ ਵੱਲੋਂ ਸੂਰੀ ਨੂੰ ਸੋਸ਼ਲ ਮੀਡੀਆ 'ਤੇ ਕਥਿਤ ਤੌਰ ਉੱਤੇ ਇੱਕ ਵੀਡੀਓ ਜਿਸ ਵਿੱਚ ਉਨ੍ਹਾਂ ਨੇ ਸਿੱਖ ਗੁਰੂਆਂ ਤੇ ਸਿੱਖ ਸ਼ਖਸੀਅਤਾਂ ਵਿਰੁੱਧ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕੀਤੀ ਸੀ ਕਰਨ ਬਦਲੇ ਗ੍ਰਿਫ਼ਤਾਰ ਕੀਤਾ ਸੀ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)