You’re viewing a text-only version of this website that uses less data. View the main version of the website including all images and videos.
ਸੁਧੀਰ ਸੂਰੀ ਕਤਲ ਮਾਮਲਾ: ਹੁਣ ਤੱਕ ਕੀ ਕੀ ਹੋਇਆ ਤੇ ਡੀਜੀਪੀ ਨੇ ਦਿੱਤੀ ਇਹ ਚੇਤਾਵਨੀ
- ਲੇਖਕ, ਰਵਿੰਦਰ ਸਿੰਘ ਰੌਬਿਨ
- ਰੋਲ, ਬੀਬੀਸੀ ਸਹਿਯੋਗੀ
- ਪ੍ਰਕਾਸ਼ਿਤ
ਅੰਮ੍ਰਿਤਸਰ ਵਿੱਚ ਸਥਾਨਕ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਨੂੰ ਗੋਲੀਆਂ ਮਾਰੀਆਂ ਗਈਆਂ, ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਨ੍ਹਾਂ ਦੀ ਮੌਤ ਹੋ ਗਈ।
ਸ਼ਹਿਰ ਦੇ ਗੋਪਾਲ ਮੰਦਿਰ ਬਾਹਰ ਉਨ੍ਹਾਂ ਉੱਤੇ ਹਮਲਾ ਹੋਇਆ। ਉਹ ਹਮਲੇ ਤੋਂ ਪਹਿਲਾਂ ਧਰਨੇ ਉੱਤੇ ਬੈਠੇ ਹੋਏ ਸਨ।
ਸੋਸ਼ਲ ਮੀਡੀਆ ਉੱਤੇ ਵਾਇਰਲ ਵੀਡੀਓ ਮੁਤਾਬਕ ਉਨ੍ਹਾਂ ਨਾਲ ਕਿਸੇ ਦੀ ਬਹਿਸਬਾਜ਼ੀ ਹੁੰਦੀ ਦਿਖਾਈ ਦੇ ਰਹੀ ਹੈ, ਅਤੇ ਫਿਰ ਉਨ੍ਹਾਂ ਉੱਤੇ ਗੋਲੀਆਂ ਚਲਾਈਆਂ ਜਾਂਦੀਆਂ ਹਨ।
ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਮੁਤਾਬਕ ਜਿਸ ਨਿੱਜੀ ਹਸਪਤਾਲ ਵਿੱਚ ਲੈ ਕੇ ਜਾਇਆ ਗਿਆ ਉੱਥੇ ਦੇ ਡਾਕਟਰ ਐੱਚਪੀ ਸਿੰਘ ਨੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਸੂਰੀ ਦੀ ਮੌਤ ਹਸਪਤਾਲ ਲਿਆਉਣ ਤੋਂ ਪਹਿਲਾਂ ਹੀ ਹੋ ਗਈ ਸੀ।
ਸੁਧੀਰ ਸੂਰੀ ਆਪਣੇ ਸਾਥੀਆਂ ਨਾਲ ਗੋਪਾਲ ਮੰਦਿਰ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਸਨ ਜਦੋਂ ਉਨ੍ਹਾਂ ਦੀ ਕਿਸੇ ਸ਼ਖਸ਼ ਨਾਲ ਬਹਿਸਬਾਜ਼ੀ ਹੋਈ। ਇਸ ਮਗਰੋਂ ਉਨ੍ਹਾਂ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ।
ਸੂਰੀ ਨੇ ਮੰਦਿਰ ਬਾਹਰ ਕੂੜੇ ਦੇ ਮੁੱਦੇ ਨੂੰ ਲੈ ਕੇ ਫੇਸਬੁੱਕ ਲਾਈਵ ਵੀ ਕੀਤਾ ਸੀ, ਉਨ੍ਹਾਂ ਦਾ ਇਸ ਲਾਈਵ ਤੋਂ ਕੁਝ ਘੰਟੇ ਬਾਅਦ ਹੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।
ਉਨ੍ਹਾ ਜਿਸ ਥਾਂ ਉੱਤੇ ਧਰਨਾ ਦੇ ਰਹੇ ਸਨ ਉਸ ਸੜਕ ਦੇ ਵਿਚਾਲੇ ਹੀ ਉਨ੍ਹਾਂ ਨੇ ਗੱਡੀ ਖੜ੍ਹਾਈ ਹੋਈ ਸੀ।
ਸੂਰੀ ਨੂੰ ਜਿਵੇਂ ਹੀ ਗੋਲੀਆਂ ਮਾਰੀਆਂ ਗਈਆਂ ਉਨ੍ਹਾਂ ਦੇ ਸਾਥੀਆਂ ਨੇ ਵੀ ਆਪਣੇ ਹਥਿਆਰਾਂ ਨਾਲ ਕਈ ਹਵਾਈ ਫਾਇਰ ਕੀਤੇ।
ਇਸ ਵੇਲੇ ਇਲਾਕੇ ਵਿੱਚ ਤਣਾਅ ਦਾ ਮਾਹੌਲ ਹੈ। ਇਸ ਵੇਲੇ ਸ਼ਹਿਰ ਦੀਆਂ ਕੁਝ ਸੜਕਾਂ ਉੱਤੇ ਜਾਮ ਵੀ ਲਗਾ ਦਿੱਤਾ ਗਿਆ ਹੈ।
ਕੌਣ ਹੈ ਸੂਰੀ ਨੂੰ ਗੋਲੀ ਮਾਰਨ ਵਾਲਾ
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਚੰਡੀਗੜ੍ਹ ਵਿੱਚ ਇਸ ਮੁੱਦੇ ਉੱਤੇ ਪ੍ਰੈੱਸ ਕਾਨਫਰੰਸ ਕੀਤੀ।
ਉਨ੍ਹਾਂ ਨੇ ਅਮਨ-ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਅੰਮ੍ਰਿਤਸਰ ਵਿੱਚ ਹਾਲਾਤ ਕਾਬੂ ਹੇਠ ਹਨ।
ਉਨ੍ਹਾਂ ਅੱਗੇ ਕਿਹਾ, ''ਮੀਡੀਆ ਕਰਮੀਆਂ ਸਣੇ ਬਾਕੀ ਲੋਕਾਂ ਨੂੰ ਵੀ ਅਪੀਲ ਹੈ ਕਿ ਕਿਰਪਾ ਕਰਕੇ ਸੋਸ਼ਲ ਮੀਡੀਆ ਉੱਤੇ ਤੱਥਹੀਨ ਸੂਚਨਾਵਾਂ ਨਾ ਪੋਸਟ ਕਰੋ। ਲੋੜ ਪਈ ਤਾਂ ਸਖ਼ਤ ਕਾਨੂੰਨੀ ਕਾਰਵਾਈ ਵੀ ਕਰਾਂਗੇ।''
ਡੀਜੀਪੀ ਨੇ ਕਿਹਾ ਕਿ ਗ੍ਰਿਫ਼ਤਾਰ ਕੀਤਾ ਗਿਆ ਸ਼ਖਸ ਸਥਾਨਕ ਦੁਕਾਨਦਾਰ ਹੈ ਅਤੇ ਜਿੱਥੇ ਧਰਨਾ ਚੱਲ ਰਿਹਾ ਸੀ ਉਸਦੇ ਨੇੜੇ ਹੀ ਦੁਕਾਨ ਹੈ।
ਉਨ੍ਹਾਂ ਕਿਹਾ, ਗ੍ਰਿਫ਼ਤਾਰ ਕੀਤਾ ਗਏ ਸ਼ਖਸ ਦਾ ਨਾਂ ਸੰਦੀਪ ਸੰਨੀ ਹੈ। ਉਸਦੀ ਨੇੜੇ ਹੀ ਕੱਪੜਿਆਂ ਦੀ ਦੁਕਾਨ ਹੈ। ਉਸਨੇ ਆਪਣੇ 32 ਬੋਰ ਦੇ ਲਾਇਸੈਂਸੀ ਰਿਵਾਲਵਰ ਨਾਲ ਪੰਜ ਗੋਲੀਆਂ ਚਲਾਈਆਂ। ਕੁਝ ਗੋਲੀਆਂ ਸੰਦੀਪ ਸੂਰੀ ਨੂੰ ਵੀ ਲੱਗੀਆਂ। ਤੁਰੰਤ ਹੀ ਉਨ੍ਹਾਂ ਨੂੰ ਹਸਪਤਾਲ ਭੇਜਿਆ ਗਿਆ।
ਕੀ ਇਸ ਵਾਰਦਾਤ ਵਿੱਚ ਕੋਈ ਸਾਜਿਸ਼ ਹੈ, ਇਸ ਸਵਾਲ ਉੱਤੇ ਵੀ ਡੀਜੀਪੀ ਨੇ ਕਿਹਾ ਕਿ ਕਿਸੇ ਵੀ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਜਾਂਚ ਵਿੱਚ ਜੋ ਵੀ ਸਾਹਮਣੇ ਆਏਗਾ ਦੱਸਿਆ ਜਾਵੇਗਾ।
ਪਰਿਵਾਰ ਵਲੋਂ ਧਮਕੀਆਂ ਮਿਲਣ ਦਾ ਲਗਾਇਆ ਗਿਆ ਇਲਜ਼ਾਮ
ਸੁਧੀਰ ਸੂਰੀ ਦੇ ਬੇਟੇ ਮਾਨਿਕ ਸੂਰੀ ਨੇ ਉਨ੍ਹਾਂ ਦੇ ਪਿਤਾ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਾ ਇਲਜ਼ਾਮ ਲਗਾਉਂਦਿਆਂ ਕਿਹਾ, "ਕਤਲ ਦੇ ਦਿਨ ਤੋਂ ਇੱਕ ਦਿਨ ਪਹਿਲਾਂ ਉਨ੍ਹਾਂ ਨੂੰ ਇੱਕ ਅਣਪਛਾਤੇ ਵਿਅਕਤੀ ਵਲੋਂ ਵਟਸਐੱਪ 'ਤੇ ਫ਼ੋਨ ਆਇਆ ਸੀ।
ਜਿਸ ਵਿੱਚ ਉਨ੍ਹਾਂ ਨੂੰ ਖ਼ਤਮ ਕਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਸਨ।"
ਮਾਨਿਕ ਕਹਿੰਦੇ ਹਨ, "ਮੈਨੂੰ ਵੀ ਧਮਕੀਆਂ ਭਰੇ ਫ਼ੋਨ ਕਾਲ ਆਏ ਸਨ ਜਿਨ੍ਹਾਂ ਬਾਰੇ ਮੈਂ ਪੁਲਿਸ ਕਮਿਸ਼ਨਰ ਨੂੰ ਦੱਸਿਆ ਹੈ।"
ਪਰਿਵਾਰ ਵਲੋਂ ਸੀਬੀਆਈ ਤਫ਼ਤੀਸ਼ ਦੀ ਮੰਗ ਕੀਤੀ ਜਾ ਰਹੀ ਹੈ।
ਮਾਨਿਕ ਕਹਿੰਦੇ ਹਨ, ਉਨ੍ਹਾਂ ਦੇ ਪਿਤਾ ਹਿੰਦੂ ਧਰਮ ਦੇ ਮਸਲਿਆਂ ਨੂੰ ਲੈ ਕੇ ਬਹੁਤ ਸਰਗਰਮ ਸਨ ਤੇ ਉਹ ਖ਼ਾਲਿਸਤਾਨ ਤੇ ਦੇਸ਼ ਵਿਰੋਧੀ ਤਾਕਤਾਂ ਖ਼ਿਲਾਫ਼ ਖੁੱਲ੍ਹ ਕੇ ਬੋਲਦੇ ਸਨ।
"ਅਸੀਂ ਉਨ੍ਹਾਂ ਨੂੰ ਬੁਲਟ ਪਰੂਫ਼ ਜੈਕਟ ਤੇ ਵਾਹਨ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਸੀ ਪਰ ਇਸ ਨੂੰ ਅਣਸੁਣਿਆ ਕੀਤਾ ਗਿਆ।”
‘ਜੇ ਮੈਂ ਫ਼ਾਇਰ ਨਾ ਕਰਦਾ ਤਾਂ ਉਸਨੇ ਕੰਧ ਟੱਪ ਕੇ ਭੱਜ ਜਾਣਾ ਸੀ’
ਘਟਨਾ ਵਾਲੀ ਥਾਂ ’ਤੇ, ਸੁਧੀਰ ਸੂਰੀ ਨਾਲ ਮੌਜੂਦ ਕੌਸ਼ਲ ਸ਼ਰਮਾਂ ਨੇ ਜੋ ਕੁਝ ਵਾਪਰਿਆਂ ਉਸ ਬਾਰੇ ਜਾਣਕਾਰੀ ਦਿੱਤੀ। ਉਹ ਦੱਸਦੇ ਹਨ, “ਬਟਾਲਾ ਰੋਡ ਗੋਪਾਲ ਮੰਦਰ ਅੱਗੇ ਬੇਅਦਬੀ ਹੋ ਰਹੀ ਸੀ ਮੂਰਤੀਆਂ ਦੀ, ਉੱਥੇ ਜਾਣਾ ਸੀ।”
ਘਟਨਾਕ੍ਰਮ
- ਅੰਮ੍ਰਿਤਸਰ ਵਿੱਚ ਸਥਾਨਕ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ।
- ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਨ੍ਹਾਂ ਦੀ ਮੌਤ ਹੋ ਗਈ ਸੀ।
- ਗੋਲੀਆਂ ਮਾਰਨ ਵਾਲੇ ਵਿਅਕਤੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
- ਸੂਰੀ ਅੰਮ੍ਰਿਤਸਰ ਤੋਂ ਸ਼ਿਵ ਸੈਨਾ (ਟਕਸਾਲੀ) ਦੇ ਪ੍ਰਧਾਨ ਵੀ ਸਨ ਅਤੇ ਉਨ੍ਹਾਂ ਵਿਰੁੱਧ ਧਾਰਾ 295 ਤਹਿਤ ਦੋ ਕੇਸ ਵੀ ਪੈਂਡਿੰਗ ਸਨ।
- ਉਹ ਅਕਸਰ ਵਿਵਾਦਿਤ ਬਿਆਨਾਂ ਕਰ ਕੇ ਚਰਚਾ ਵਿੱਚ ਰਹਿੰਦੇ ਸਨ।
- ਸੁਧੀਰ ਸੂਰੀ ਆਪਣੇ ਸਾਥੀਆਂ ਨਾਲ ਗੋਪਾਲ ਮੰਦਿਰ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਸਨ।
“ਮੈਂ ਕਿਹਾ ਬਾਬਾ ਜੀ ਦਫ਼ਤਰ ਆ ਜਾਓ, ਆਪਾਂ ਘੰਟੇ ਬਾਅਦ ਚਲਦੇ ਹਾਂ। ਉਨ੍ਹਾਂ ਕਿਹਾ ਕਿ ਨਹੀਂ ਹੁਣ ਹੀ ਜਾਣਾ ਹੈ ਮੈਂ ਦਫ਼ਤਰੋਂ ਉਨ੍ਹਾਂ ਦੇ ਨਾਲ ਚਲਾ ਗਿਆ। ਉੱਥੇ ਧਰਨਾਂ ਲਗਾਇਆ ਗਿਆ।”
“ਸਾਰੀ ਪੁਲਿਸ ਸਕਿਊਰਿਟੀ ਉਥੇ ਹੀ ਖੜ੍ਹੀ ਸੀ। ਸਾਨੂੰ ਬੈਠਣ ਨਹੀਂ ਦਿੱਤਾ ਗਿਆ। ਅਸੀਂ ਥੋੜ੍ਹੀ ਜਿਹੀ ਜਗ੍ਹਾ ’ਤੇ ਬੈਠੇ ਤੇ ਉਥੇ ਕਿਸੇ ਨੇ ਪੰਜ ਫ਼ਇਰ ਕੀਤੇ।”
“ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਮੈਂ ਦੋ ਫ਼ਾਇਰ ਕੀਤੇ ਤਾਂ ਉਹ ਪਿੱਛੇ ਹਟਿਆ ਤੇ ਪ੍ਰਸ਼ਾਸਨ ਨੇ ਫ਼ੜ੍ਹ ਲਿਆ। ਜੇ ਮੈਂ ਫ਼ਾਇਰ ਨਾ ਕਰਦਾ ਤਾਂ ਉਸਨੇ ਕੰਧ ਟੱਪ ਕੇ ਭੱਜ ਜਾਣਾ ਸੀ।”
ਸੁਧੀਰ ਸੂਰ ਦੇ ਕਤਲ ਤੋਂ ਬਾਅਦ ਲਗਾਤਾਰ ਸਿਆਸੀ ਪ੍ਰਤੀਕ੍ਰਮ ਆ ਰਹੇ ਹਨ।
ਸੂਬੇ ਵਿੱਚ ਕਾਨੂੰਨ ਵਿਵਸਥਾ ਬਦ ਤੋਂ ਬਦਤਰ ਹੋ ਰਹੀ ਹੈ- ਰਾਜਾ ਵੜਿੰਗ
ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਸੋਸ਼ਲ ਮੀਡੀਆ 'ਤੇ ਜਾਰੀ ਇੱਕ ਬਿਆਨ ਵਿੱਚ ਸ਼ਿਵ ਸੈਨਾ ਮੁਖੀ ਦੇ ਕਤਲ ਦੀ ਨਿੰਦਾ ਕਰਦਿਆਂ ਕਿਹਾ, "ਸਿਆਸੀ ਵਖਵੇਰੇਂ ਇੱਕ ਪਾਸੇ ਹਨ ਪਰ ਹਿੰਸਾ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ।”
“ਦੋਸ਼ੀਆਂ ਨੂੰ ਲਾਜ਼ਮੀ ਤੋਰ 'ਤੇ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਹੈ।"
“ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ”
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਦਲਜੀਤ ਸਿੰਘ ਚੀਮਾ ਨੇ ਖ਼ਬਰ ਏਜੰਸੀ ਏਐੱਨਆਈ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ।
ਉਨ੍ਹਾ ਕਿਹਾ, "ਇਥੇ ਕਿਸੇ ਨੂੰ ਵੀ ਕੁਝ ਵੀ ਹੋ ਸਕਦਾ ਹੈ ਕਿਉਂਕਿ ਪੁਲਿਸ ਨੂੰ ਸੂਬਾ ਸਰਕਾਰ ਦੀਆਂ ਅਜਿਹੀਆਂ ਹਦਾਇਤਾਂ ਹਨ ਕਿ ਉਹ ਕਿਸੇ ਦੀ ਰੱਖਿਆ ਕਰਨ ਦਾ ਕੰਮ ਤਾਂ ਕਰ ਹੀ ਨਹੀਂ ਰਹੀ।”
“ਸਰਕਾਰ ਆਪਣੀ ਗ਼ਲਤ ਸਿਆਸਤ ਵਿੱਚ ਲੱਗੀ ਹੈ। ਸੂਬੇ ਵਿੱਚ ਜਿੰਨੇ ਅਹਿਮ ਲੋਕ ਹਨ ਉਨ੍ਹਾਂ ਦੀ ਸੁਰੱਖਿਆ ਜਾਣ-ਬੁੱਝ ਕੇ ਵਾਪਸ ਲਈ ਹੈ। ਸਿੱਧੂ ਮੂਸੇਵਾਲਾ ਦਾ ਕਤਲ ਵੀ ਇਸੇ ਕਾਰਨ ਹੋਇਆ।''
''ਇਸ ਪਿੱਛੇ ਇਰਾਦਾ ਕੀ ਹੈ ਇਹ ਅੱਜ ਤੱਕ ਪੁਲਿਸ ਵੱਲੋਂ ਪਤਾ ਨਹੀਂ ਕੀਤਾ ਜਾ ਸਕਿਆ।”
ਚੀਮਾ ਨੇ ਕਿਹਾ, “ਸੂਬੇ ਦੇ ਹਾਲਾਤ ਬਹੁਤ ਮਾੜੇ ਹਨ। ਲੋਕਾਂ ਦੇ ਕਾਰੋਬਾਰ ਬੰਦ ਪਏ ਹਨ। ਜਦੋਂ ਤੋਂ ਇਹ ਸਰਕਾਰ ਆਈ ਹੈ ਪੰਜਾਬ ਦੇ ਲੋਕਾਂ ਵਿੱਚ ਬਹੁਤ ਬੇਚੈਨੀ ਹੈ।”
“ਪੰਜਾਬ ਵਿੱਚ ਜੰਗਲ ਰਾਜ”
ਪੰਜਾਬ ਭਾਜਪਾ ਦੇ ਪ੍ਰਧਾਨ ਅਸਵਨੀ ਸ਼ਰਮਾਂ ਨੇ ਕਿਹਾ, "ਪੰਜਾਬ ਵਿੱਚ ਕਾਨੂੰਨ ਦਾ ਨਹੀਂ ਇਸ ਸਮੇਂ ਜੰਗਲ ਦਾ ਰਾਜ ਹੈ।"
ਉਹ ਇਲਜ਼ਾਮ ਲਗਾਉਂਦੇ ਹਨ ਕਿ ਜਦੋਂ ਦੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਹਾਲਾਤ ਇਹ ਹੀ ਹਨ। ਪੰਜਾਬ ਪ੍ਰਸਿੱਧ ਗਾਇਕ ਦੀ ਹੱਤਿਆ ਹੋ ਜਾਵੇ, ਅੰਤਰਰਾਸ਼ਟਰੀ ਖਿਡਾਰੀ ਦੀ ਹੱਤਿਆ ਹੋ ਜਾਵੇ, ਪਰ ਇਹ ਸਰਕਾਰ ਜਾਗਦੀ ਨਹੀਂ।
ਅੱਜ ਦੀ ਘਟਨਾ ਵਿੱਚ ਪੁਲਿਸ ਦੀ ਮੌਜੂਦਗੀ ਵਿੱਚ ਸ਼ਿਵ ਸੈਨਾ ਮੁਖੀ ਦੀ ਹੱਤਿਆ ਹੋ ਗਈ। ਪੁਲਿਸ ਨੇ ਕੁਝ ਨਹੀਂ ਕੀਤਾ ਬਲਕਿ ਜਦੋਂ ਲੋਕਾਂ ਨੇ ਹਮਲਾਵਰ ਨੂੰ ਘੇਰਾ ਪਇਆ ਤਾਂ ਉਸ ਨੂੰ ਬਚਾਉਣ ਲਈ ਕਾਰਵਾਈ ਕੀਤੀ।
“ਪੰਜਾਬ ਵਿੱਚ ਕਾਨੂੰਨ ਵਿਵਸਥਾ ਨੂੰ ਲੈ ਕੇ ਕੋਈ ਸਮਝੌਤਾ ਨਹੀਂ”
ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਕਹਿੰਦੇ ਹਨ, "ਜਦੋਂ ਤੋਂ ਮਾਨ ਸਾਹਿਬ ਦੀ ਸਰਕਾਰ ਆਈ ਹੈ ਵੱਡੇ ਪੱਧਰ 'ਤੇ ਸਥਿਤੀ ਨੂੰ ਠੀਕ ਕੀਤਾ ਜਾ ਰਿਹਾ ਹੈ।"
ਉਨ੍ਹਾ ਕਿਹਾ,"ਪੰਜਾਬ ਵਿੱਚ ਕਾਨੂੰਨ ਵਿਵਸਥਾ ਤੇ ਆਪਸੀ ਭਾਈਚਾਰੇ ਨੂੰ ਲੈ ਕੇ ਕੋਈ ਸਮਝੌਤਾ ਸਰਕਾਰ ਨਾ ਕਰੇਗੀ, ਨਾ ਕਰਨ ਦੇਵੇਗੀ।"
“ਪੁਲਿਸ ਆਪਣਾ ਕੰਮ ਕਰੇਗੀ”
ਭਾਜਪਾ ਦੇ ਸੀਨੀਅਰ ਆਗੂ ਲਕਸ਼ਮੀਕਾਂਤਾ ਚਾਵਲਾ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ, "ਅਪਰਾਧੀ ਫੜ੍ਹਿਆ ਗਿਆ ਹੈ ਪੁਲਿਸ ਆਪਣਾ ਕੰਮ ਕਰੇਗੀ। ਹੱਤਿਆ ਕਰਵਾਉਣ ਵਾਲਾ ਕੌਣ ਹੈ ਇਹ ਸਰਕਾਰ ਦੇਖੇਗੀ, ਸਰਕਾਰ ਨੂੰ ਪਹਿਲਾਂ ਵੀ ਦੇਖਣਾ ਚਾਹੀਦਾ ਸੀ।"
ਇਹ ਵੀ ਪੜ੍ਹੋ-