ਆਦਮਪੁਰ ਜ਼ਿਮਨੀ ਚੋਣ ਨਤੀਜੇ: ਭਾਜਪਾ ਲਈ ਇਹ ਸੀਟ ਐਨੀ ਅਹਿਮ ਕਿਉਂ ਹੈ

ਤਸਵੀਰ ਸਰੋਤ, KuldeepBhishnoi/FB
- ਲੇਖਕ, ਸਤ ਸਿੰਘ
- ਰੋਲ, ਬੀਬੀਸੀ ਸਹਿਯੋਗੀ
- ਪ੍ਰਕਾਸ਼ਿਤ
ਆਦਮਪੁਰ ਵਿਧਾਨ ਸਭਾ ਹਲਕਾ ਸਾਬਕਾ ਮੁੱਖ ਮੰਤਰੀ ਭਜਨ ਲਾਲ ਦਾ ਗੜ੍ਹ ਰਿਹਾ ਹੈ। ਪਰ ਇਸ ਵਾਰ ਭਜਨ ਲਾਲ ਪਰਿਵਾਰ ਲਈ ਜਿੱਤ ਪਹਿਲਾਂ ਜਿੰਨੀ ਸੌਖੀ ਨਜ਼ਰ ਨਹੀਂ ਆ ਰਹੀ ਸੀ।
ਭਜਨ ਲਾਲ ਦੇ ਪੋਤੇ ਅਤੇ ਪਿਛਲੇ ਸਮੇਂ ਦੌਰਾਨ ਕਾਂਗਰਸੀ ਤੋਂ ਭਾਜਪਾਈ ਬਣੇ ਕੁਲਦੀਪ ਬਿਸ਼ਨੋਈ ਦੇ ਪੁੱਤਰ ਭਵਿਆ ਬਿਸ਼ਨੋਈ ਨੇ 16000 ਵੋਟਾਂ ਦੇ ਫਰਕ ਨਾਲ ਜਿੱਤ ਲਈ ਹੈ। ਕਾਂਗਰਸ ਦੇ ਉਮੀਦਵਾਰ ਜੈ ਪ੍ਰਕਾਸ਼ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਹੈ।
ਆਦਮਪੁਰ ਚੋਣ ਹਲਕੇ ਤੋਂ ਮਰਹੂਮ ਭਜਨ ਲਾਲ ਪਹਿਲੀ ਵਾਰ 1968 'ਚ ਵਿਧਾਇਕ ਬਣੇ ਫਿਰ ਛੇ ਵਾਰ ਵਿਧਾਨ ਸਭਾ ਚੋਣਾਂ ਉਨ੍ਹਾਂ ਇਸ ਹਲਕੇ ਤੋਂ ਜਿੱਤੀਆਂ।
ਉਨ੍ਹਾਂ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ, ਪਤਨੀ ਜਸਮਾ ਦੇਵੀ, ਬੇਟੇ ਕੁਲਦੀਪ ਬਿਸ਼ਨੋਈ ਤੇ ਨੂੰਹ ਰੇਣੂਕਾ ਨੇ ਚੋਣ ਲੜੀ ਤੇ ਲਗਾਤਾਰ ਛੇ ਵਾਰ ਜਿੱਤ ਦਰਜ ਕਰਵਾਈ।
ਭਜਨ ਲਾਲ ਪਰਿਵਾਰ ਨੇ ਆਦਮਪੁਰ ਵਿਧਾਨ ਸਭਾ ਹਲਕੇ ਤੋਂ ਚੋਣ ਜਿਸ ਵੀ ਪਾਰਟੀ ਦੀ ਟਿਕਟ 'ਤੇ ਚੋਣ ਲੜੀ ਤੇ ਜਿੱਤ ਹਾਸਿਲ ਕੀਤੀ।
ਭਜਨ ਲਾਲ ਤਿੰਨ ਵਾਰ ਹਰਿਆਣਾ ਦੇ ਮੁੱਖ ਮੰਤਰੀ ਰਹਿੰਦਿਆਂ ਕਾਂਗਰਸ ਦੀ ਟਿਕਟ ਤੋਂ ਚੋਣ ਲੜੇ ਪਰ ਉਨ੍ਹਾਂ ਦੇ ਬੇਟੇ ਨੇ ਆਪਣੀ ਬਣਾਈ ਪਾਰਟੀ ਹਰਿਆਣਾ ਜਨਹਿੱਤ ਕਾਂਗਰਸ ਵੱਲੋਂ ਚੋਣ ਲੜੀ ਸੀ।
ਪਿਛਲੀ ਚੋਣ ਵੀ ਕੁਲਦੀਪ ਬਿਸ਼ਨੋਈ ਹੀ ਜਿੱਤੇ ਤੇ ਅਗਸਤ ਤੱਕ ਹੀ ਆਦਮਪੁਰ ਹਲਕੇ ਦੇ ਵਿਧਾਇਕ ਸਨ।
ਹੁਣ ਭਜਨ ਲਾਲ ਦੇ ਪਰਿਵਾਰ ਵੱਲੋਂ ਆਦਮਪੁਰ ਜ਼ਿਮਨੀ ਚੋਣ ਦੀ ਰਾਹ ਸੌਖੀ ਨਹੀਂ ਕਿਉਂਕਿ ਪਿਛਲੀ ਵਾਰ ਭਾਜਪਾ ਦੀ ਉਮੀਦਵਾਰ ਰਹੀ ਟਿਕ-ਟੌਕ ਸਟਾਰ ਸੋਨਾਲੀ ਫ਼ੋਗਾਟ ਜਿਨ੍ਹਾਂ ਦੀ ਗੋਆ ਵਿੱਚ ਮੌਤ ਹੋ ਗਈ ਸੀ, ਉਨ੍ਹਾਂ ਦੇ ਸਮਰਥਕਾਂ ਨੂੰ ਆਪਣੇ ਖੇਮੇ ਵਿੱਚ ਲਿਆਉਣਾ ਸੌਖਾ ਨਹੀਂ ਹੋਵੇਗਾ।

ਤਸਵੀਰ ਸਰੋਤ, Kuldeep Bishnoi/FB
2019 ਵਿੱਚ ਜਿਥੇ ਕੁਲਦੀਪ ਬਿਸ਼ਨੋਈ ਨੇ 63 ਹਜ਼ਾਰ 693 ਵੋਟ ਹਾਸਲ ਕੀਤੇ ਸਨ। ਉਥੇ ਹੀ ਸੋਨਾਲੀ ਨੇ 34222 ਵੋਟ ਲਏ। ਸੋਨਾਲੀ ਫ਼ੋਗਾਟ ਗੋਆ ਜਾਣ ਤੋਂ ਪਹਿਲਾਂ ਤੱਕ ਆਦਮਪੁਰ ਚੋਣਾਂ ਲੜਨ ਦੀ ਕੋਸ਼ਿਸ਼ ਕਰ ਰਹੀ ਸੀ।
ਕਾਂਗਰਸ ਨਾਲ ਨਰਾਜ਼ਗੀ
ਕੁਲਦੀਪ ਬਿਸ਼ਨੋਈ 1998 ਲੋਕ ਸਭਾ ਚੋਣਾਂ ਵਿੱਚ ਦੇਵੀ ਲਾਲ ਦੇ ਪੜਪੋਤੇ ਅਜੇ ਚੋਟਾਲਾ ਨੂੰ ਹਰਾ ਕੇ ਭਿਵਾਨੀ ਤੋਂ ਲੋਕ ਸਭਾ ਚੋਣਾਂ ਜਿੱਤੀਆਂ ਸਨ।
ਉਸ ਤੋਂ ਬਾਅਦ 2007 ਵਿੱਚ ਆਪਣੀ ਖੇਤਰੀ ਪਾਰਟੀ ਹਰਿਆਣਾ ਜਨਹਿਤ ਕਾਂਗਰਸ ਦਾ ਨਿਰਮਾਣ ਕੀਤਾ ਪਰ ਕੁਝ ਹੀ ਸਾਲਾਂ ਬਾਅਦ ਕਾਂਗਰਸ ਵਿੱਚ ਸ਼ਾਮਲ ਹੋ ਗਈ।
ਕੁਲਦੀਪ ਜੋ ਕਿ ਆਲ ਇੰਡੀਆ ਕਾਂਗਰਸ ਕਮੇਟੀ ਦੇ ਵੀ ਮੈਂਬਰ ਰਹਿ ਚੁੱਕੇ ਸਨ ਤੇ ਰਾਹੁਲ ਗਾਂਧੀ ਨੂੰ ਆਪਣਾ ਆਗੂ ਕਹਿੰਦੇ ਸਨ ਨੇ ਇਸੇ ਸਾਲ ਕਾਂਗਰਸ ਛੱਡ ਭਾਜਪਾ ਦਾ ਪੱਲਾ ਫ਼ੜ੍ਹ ਲਿਆ ਕਿਉਂਕਿ ਕਾਂਗਰਸ ਵੱਲੋਂ ਉਸ ਨੂੰ ਪਾਰਟੀ ਦਾ ਸੂਬਾ ਪ੍ਰਧਾਨ ਨਹੀਂ ਚੁਣਿਆ ਗਿਆ ਸੀ।
ਉਨ੍ਹਾਂ ਦੇ ਆਪਣੀ ਸੀਟ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਹੀ ਆਦਮਪੁਰ ਉੱਪ-ਚੋਣਾਂ ਹੋ ਰਹੀਆਂ ਹਨ। ਇਸ ਵਾਰ ਕੁਲਦੀਪ ਤੇ ਰੇਣੂਕਾ ਬਿਸ਼ਨੋਈ ਦਾ ਬੇਟਾ ਭਵਿਆ ਬਿਸ਼ਨੋਈ ਭਾਜਪਾ ਵੱਲੋਂ ਚੋਣ ਲੜ ਰਿਹਾ ਹੈ।

- ਆਦਮਪੁਰ ਚੋਣ ਹਲਕੇ ਤੋਂ ਮਰਹੂਮ ਭਜਨ ਲਾਲ ਪਹਿਲੀ ਵਾਰ 1968 'ਚ ਵਿਧਾਇਕ ਬਣੇ ਫਿਰ ਛੇ ਵਾਰ ਵਿਧਾਨ ਸਭਾ ਚੋਣਾਂ ਉਨ੍ਹਾਂ ਇਸ ਹਲਕੇ ਤੋਂ ਜਿੱਤੀਆਂ।
- ਭਜਨ ਲਾਲ ਤਿੰਨ ਵਾਰ ਹਰਿਆਣਾ ਦੇ ਮੁੱਖ ਮੰਤਰੀ ਰਹਿੰਦਿਆਂ ਕਾਂਗਰਸ ਦੀ ਟਿਕਟ ਤੋਂ ਚੋਣ ਲੜੇ ਸਨ।
- ਭਾਜਪਾ ਦੀ ਸੋਨਾਲੀ ਫ਼ੋਗਾਟ ਗੋਆ ਜਾਣ ਤੋਂ ਪਹਿਲਾਂ ਤੱਕ ਆਦਮਪੁਰ ਚੋਣਾਂ ਲੜਨ ਦੀ ਕੋਸ਼ਿਸ਼ ਕਰ ਰਹੀ ਸੀ।
- ਭਾਜਪਾ ਦੇ ਉਮੀਦਵਾਰ ਦੇ ਭਵਿਆ ਬਿਸ਼ਨੋਈ ਪਹਿਲੀ ਵਾਰ ਵਿਧਾਨ ਸਭਾ ਚੋਣ ਲੜ ਰਹੇ ਹਨ।
- ਕਾਂਗਰਸ ਵਲੋਂ ਮੁੱਖ ਮੰਤਰੀ ਭੁਪਿੰਦਰ ਸਿੰਘ ਹੂਡਾ ਦੇ ਨਜ਼ਦੀਕੀ ਜੈ ਪ੍ਰਕਾਸ਼ ਨੂੰ ਟਿਕਟ ਮਿਲੀ ਹੈ।
- ਆਮ ਆਦਮੀ ਪਾਰਟੀ ਨੇ ਇੱਕ ਮਹੀਨਾ ਪਹਿਲਾਂ ਪਾਰਟੀ ਵਿੱਚ ਭਾਜਪਾ ਨੂੰ ਛੱਡ ਕਿ ਆਏ ਸਤਿੰਦਰ ਸਿੰਘ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ।
- ਇੰਡੀਅਨ ਨੈਸ਼ਨਲ ਲੋਕਦਲ ਨੇ ਕਾਂਗਰਸ ਛੱਡ ਕੇ ਆਏ ਕੁਰੜਾਰਾਮ ਨੰਬਰਦਾਰ ਨੂੰ ਆਪਣਾ ਉਮੀਦਵਾਰ ਬਣਾਇਆ ਹੈ।

ਭਾਜਪਾ ਲਈ ਆਦਮਪੁਰ ਚੋਣ ਜਿੱਤਣਾ ਅਹਿਮ ਕਿਉਂ ਹੈ
ਭਾਜਪਾ ਪਾਰਟੀ ਦੀ ਮਨੋਹਰ ਲਾਲ ਸਰਕਾਰ ਪਿਛਲੇ ਅੱਠ ਸਾਲ ਤੋਂ ਹਰਿਆਣਾ 'ਚ ਰਾਜ ਕਰ ਰਹੀ ਹੈ।
ਸਾਲ 2014 ਵਿੱਚ ਪਹਿਲੀ ਵਾਰ ਭਾਜਪਾ ਨੇ ਆਪਣੇ ਬਲਬੂਤੇ ਸਰਕਾਰ ਬਣਾਈ ਤੇ ਉਸ ਤੋਂ ਬਾਅਦ 2019 ਦੀਆਂ ਵਿਧਾਨ ਸਭਾ 75 ਪਾਰ ਦਾ ਨਾਅਰਾ ਮਹਿਜ਼ 40 ਸੀਟਾਂ 'ਤੇ ਸਿਮਟ ਕੇ ਰਹਿ ਗਿਆ।
ਭਾਜਪਾ ਨੂੰ ਸਿਰਫ਼ 40 ਸੀਟਾਂ ਮਿਲੀਆਂ ਤੇ ਸਰਕਾਰ ਬਣਾਉਣ ਲਈ ਦਾਅਵਾ ਕਰਨ ਲਈ ਵੀ ਦੁਸ਼ਯੰਤ ਚੌਟਾਲਾ ਦੀ ਨਵੀਂ ਪਾਰਟੀ ਜਨ-ਨਾਇਕ ਜਨਤਾ ਪਾਰਟੀ (ਜਜਪਾ) ਦੇ ਨਾਲ ਸਮਝੌਤਾ ਕਰਨਾ ਪਿਆ।

ਤਸਵੀਰ ਸਰੋਤ, BBC/satsingh
ਜਜਪਾ ਦੇ ਕੋਲ ਦਸ ਸੀਟਾਂ ਸਨ ਤੇ ਦੋਵੇਂ ਪਾਰਟੀਆਂ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਗਠਜੋੜ ਕਰਕੇ ਸਰਕਾਰ ਬਣਾਈ ਤੇ ਇਸ ਤਰ੍ਹਾਂ ਭਾਜਪਾ, ਕਾਂਗਰਸ ਨੂੰ ਲਗਾਤਾਰ ਦੋ ਵਾਰ ਸੱਤਾ ਤੋਂ ਦੂਰ ਰੱਖਣ ਵਿੱਚ ਕਾਮਯਾਬੀ ਹੋ ਗਿਆ।
ਕਿਉਂਕਿ ਦੁਸ਼ਯੰਤ ਚੌਟਾਲਾ ਮੋਦੀ ਸਰਕਾਰ ਤੇ ਖੱਟਰ ਸਰਕਾਰ 'ਤੇ ਨਿਸ਼ਾਨੇ ਕੱਸ ਕੇ ਦਸ ਸੀਟਾਂ ਹਾਸਿਲ ਕਰਨ ਵਿੱਚ ਕਾਮਯਾਬ ਹੋਏ ਸਨ। ਇਸ ਲਈ ਪੇਂਡੂ ਇਲਕਾਇਆਂ 'ਉਨ੍ਹਾਂ ਨੂੰ ਭਾਰੀ ਗੁੱਸੇ ਦਾ ਸਾਹਮਣਾ ਕਰਨਾ ਪਿਆ।
13 ਮਹੀਨੇ ਲੰਬਾ ਚੱਲੇ 'ਚ ਕਿਸਾਨ ਅੰਦੋਲਨ ਵਿੱਚ ਭਾਜਪਾ ਤੇ ਜਜਪਾ ਦੇ ਆਗੂਆਂ ਦੀ ਐਂਟਰੀ ਤੇ ਰੋਕ ਨੂੰ ਝੱਲਣਾ ਪਿਆ।
ਗਠਜੋੜ ਸਰਕਾਰ ਵਿੱਚ ਕਾਫ਼ੀ ਮਤਭੇਦ ਨਜ਼ਰ ਆ ਰਹੀ ਹੈ ਤੇ ਆਦਮਪੁਰ ਚੋਣਾਂ ਵਿੱਚ ਜਿੱਥੇ ਭਾਜਪਾ ਆਪਣਾ ਸਭ ਕੁਝ ਦਾਅ 'ਤੇ ਲਗਾ ਰਹੀ ਹੈ ਤੇ ਜਜਪਾ ਦੇ ਲੋਕ ਕਿਤੇ ਨਜ਼ਰ ਨਹੀਂ ਆ ਰਹੇ।

ਤਸਵੀਰ ਸਰੋਤ, BBC/satsingh
ਦੁਸ਼ਿਅੰਤ ਚੌਟਾਲਾ ਦੇ ਛੋਟੇ ਭਾਈ ਤੇ ਜਜਪਾ ਦੇ ਸੈਕੇਟਰੀ ਜਨਰਲ ਦਿਗਵਿਜੇ ਚੌਟਾਲਾ ਨੇ ਇਸ ਗੱਲ 'ਤੇ ਹੈਰਾਨੂੰ ਪ੍ਰਗਟਾਈ, ਕਿ ਭਵਿਆ ਭਿਸ਼ਨੋਈ ਨੂੰ ਗਠਜੋੜ ਦੇ ਉਮੀਦਵਾਰ ਵਜੋਂ ਦੇਖਿਆ ਜਾਣਾ ਚਾਹੀਦਾ ਹੈ ਜਦਕਿ ਪ੍ਰਚਾਰ ਪੋਸਟਰਾਂ 'ਤੇ ਦੁਸ਼ਿਅੰਤ ਚੌਟਾਲਾ ਦੀ ਫ਼ੋਟੋ ਦਾ ਨਾ ਹੋਣਾ ਹੈਰਾਨ ਕਰਨ ਵਾਲਾ ਮਾਮਲਾ ਹੈ।
ਹਾਲੇ ਹਰਿਆਣਾ ਵਿਧਾਨ ਸਭਾ ਵਿੱਚ ਭਾਜਪਾ ਕੋਲ 40 ਸੀਟਾਂ ਹਨ ਤੇ ਸੱਤ ਅਜ਼ਾਦ ਵਿਧਾਇਕਾਂ ਦਾ ਸਮਰਥਨ ਹੈ। ਸੱਤ ਵਿਧਾਇਕਾਂ ਵਿਚੋਂ ਛੇ ਹਾਲ ਹੀ ਵਿੱਚ ਭਾਜਪਾ ਦੇ ਹਰਿਆਣਾ ਇੰਚਾਰਜ ਬਿਪਲਬ ਕੁਮਾਰ ਦੇਵ ਨੂੰ ਮਿਲਕੇ ਆਏ ਹਨ।

ਇਹ ਵੀ ਪੜ੍ਹੋ-

ਕੌਣ ਹੈ ਭਵਿਆ ਬਿਸ਼ਨੋਈ?
ਭਾਜਪਾ ਦੇ ਉਮੀਦਵਾਰ ਦੇ ਭਵਿਆ ਬਿਸ਼ਨੋਈ ਪਹਿਲੀ ਵਾਰ ਵਿਧਾਨ ਸਭਾ ਚੋਣ ਲੜ ਰਹੇ ਹਨ। ਉਹ ਤਿੰਨ ਵਾਰ ਸੂਬੇ ਦੇ ਮੁੱਖ ਮੰਤਰੀ ਰਹਿ ਚੁੱਕੇ ਆਪਣੇ ਦਾਦਾ ਭਜਨ ਲਾਲ, ਚਾਰ ਵਾਰ ਵਿਧਾਇਕ ਰਹੇ ਪਿਤਾ ਕੁਲਦੀਪ ਬਿਸ਼ਨੋਈ ਤੇ ਮਾਤਾ ਰੇਣੂਕਾ ਬਿਸ਼ਨੋਈ ਦੇ ਨਾਂ 'ਤੇ ਵੋਟ ਮੰਗ ਰਹੇ ਹਨ।

ਤਸਵੀਰ ਸਰੋਤ, BBC/satsingh
ਭਵਿਆ ਹਾਵਰਡ ਯੂਨੀਵਰਸਿਟੀ ਦੇ ਜੌਨ ਆਫ਼ ਕੈਨੇਡੀ ਸਕੂਲ ਤੋਂ ਮਾਸਟਰਜ਼ ਇੰਨ ਪਬਲਿਕ ਐਡਮਿਨਸਟ੍ਰੇਸ਼ਨ ਕਰ ਰਹੇ ਹਨ।
2019 ਵਿੱਚ ਭਵਿਆ ਨੇ ਹਿਸਾਰ ਲੋਕ ਸਭਾ ਸੀਟ ਤੋਂ ਕਾਂਗਸਰ ਦੀ ਟਿਕਟ 'ਤੇ ਵੀ ਚੋਣ ਲੜੀ ਸੀ, ਜਿਸ ਵਿੱਚ ਉਹ ਚੌਧਰੀ ਬਰਿੰਦਰ ਸਿੰਘ ਦੇ ਲੜਕੇ ਰਿਟਾਇਰਡ ਆਈਏਐੱਸ ਬ੍ਰਿਜੇਂਦਰ ਸਿੰਘ ਤੋਂ ਹਾਰ ਗਏ ਸਨ। ਬ੍ਰਿਜੇਂਦਰ ਸਿੰਘ ਨੇ ਇਹ ਚੋਣ ਭਾਜਪਾ ਦੀ ਟਿਕਟ ਤੋਂ ਲੜੀ ਸੀ।
ਹੋਰ ਕੌਣ ਕੌਣ ਹੋ ਚੋਣ ਮੈਦਾਨ ਵਿੱਚ
ਕਾਂਗਰਸ ਵਲੋਂ ਮੁੱਖ ਮੰਤਰੀ ਭੁਪਿੰਦਰ ਸਿੰਘ ਹੂਡਾ ਦੇ ਨਜ਼ਦੀਕੀ ਜੈ ਪ੍ਰਕਾਸ਼ ਨੂੰ ਟਿਕਟ ਮਿਲੀ ਹੈ। ਜੇ ਪੀ ਦੇ ਨਾਮ ਨਾਲ ਜਾਣੇ ਜਾਂਦੇ ਜੈ ਪ੍ਰਕਾਸ਼ ਕੇਂਦਰ ਸਰਕਾਰ ਵਿੱਚ ਰਾਜ- ਮੰਤਰੀ ਰਹਿ ਚੁੱਕੇ ਹਨ ਤੇ ਕਲਾਇਤ ਵਿਧਾਨ ਸਭਾ ਤੋਂ ਆਪਣਾ ਦਾਅਵਾ ਠੋਕਦੇ ਆਏ ਹਨ।

ਤਸਵੀਰ ਸਰੋਤ, BBC/satsingh
ਇਸ ਤੋਂ ਪਹਿਲਾਂ ਉਹ ਹਿਸਾਰ ਲੋਕ ਸਭਾ ਤੋਂ ਤਿੰਨ ਵਾਰ ਲੋਕ ਸਭਾ ਚੋਣ ਜਿੱਤ ਚੁੱਕੇ ਹਨ ਤੇ ਆਦਮਪੁਰ ਵਿਧਾਨ ਸਭਾ ਹਲਕਾ, ਹਿਸਾਰ ਲੋਕ ਸਭਾ ਦਾ ਹਿੱਸਾ ਹੈ।
2009 ਵਿੱਚ ਵੀ ਜੈ ਪ੍ਰਕਾਸ਼ ਨੇ ਆਦਮਪੁਰ ਵਿਧਾਨ ਸਭਾ ਦੀ ਚੋਣ ਲੜੀ ਸੀ ਪਰ ਹਾਰ ਗਏ ਸਨ।
ਜੈ ਪ੍ਰਕਾਸ਼ ਨੇ ਆਪਣੇ ਸਿਆਸੀ ਕਰੀਅਰ ਦੀ ਸ਼ੁਰੂਆਤ ਚੌਧਰੀ ਦੇਵੀ ਲਾਲ ਦੀ ਪਾਰਟੀ ਜਨਤਾ ਪਾਰਟੀ ਦੇ ਨਾਲ 1980 ਦੇ ਦਹਾਕੇ ਵਿੱਚ ਕੀਤੀ ਤੇ ਜਨਤਾ ਪਾਰਟੀ ਦੀ ਟਿਕਟ ਤੋਂ ਹਿਸਾਰ ਵਿੱਚ ਲੋਕ ਸਭਾ ਦੀ ਚੋਣ ਜਿੱਤੇ ਸਨ।
ਬਾਅਦ ਵਿੱਚ ਬੰਸੀ ਲਾਲ ਦੀ ਪਾਰਟੀ ਹਰਿਆਣਾ ਵਿਕਾਸ ਪਾਰਟੀ ਨਾਲ ਜੁੜੇ ਤੇ ਹੁਣ ਭੁਪਿੰਦਰ ਸਿੰਘ ਹੁੱਡਾ ਨਾਲ ਹਨ।
ਆਮ ਆਦਮੀ ਪਾਰਟੀ ਨੇ ਇੱਕ ਮਹੀਨਾ ਪਹਿਲਾਂ ਪਾਰਟੀ ਵਿੱਚ ਭਾਜਪਾ ਨੂੰ ਛੱਡ ਕਿ ਆਏ ਸਤਿੰਦਰ ਸਿੰਘ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ।

ਤਸਵੀਰ ਸਰੋਤ, BBC/Sat Singh
ਪੇਸ਼ੇ ਤੋਂ ਇੱਕ ਕਿਸਾਨ ਤੇ ਕਾਨੂੰਨ ਦੀ ਡਿਗਰੀ ਹਾਸਿਲ ਸਤਿੰਦਰ ਇਲਾਕੇ ਵਿੱਚ ਚੰਗਾ ਪ੍ਰਭਾਵ ਰੱਖਦੇ ਹਨ। ਸਤਿੰਦਰ ਆਦਮਪੁਰ ਤਹਿਸੀਲ ਦੇ ਨਯੋਲੀ ਪਿੰਡ ਨਾਲ ਸਬੰਧ ਰੱਖਦੇ ਹਨ।
ਸਤਿੰਦਰ ਪਹਿਲਾਂ ਯੂਥ ਕਾਂਗਰਸ ਨਾਲ ਵੀ ਜੁੜੇ ਰਹੇ ਤੇ 2014 'ਚ ਕਾਂਗਰਸ ਦੀ ਟਿਕਟ 'ਤੇ ਆਦਮਪੁਰ ਹਲਕੇ ਤੋਂ ਚੋਣ ਲੜੇ ਸਨ, ਜੋ ਉਹ ਕੁਲਦੀਪ ਬਿਸ਼ਨੋਈ ਤੋਂ ਹਾਰ ਗਏ।
ਸਤਿੰਦਰ ਹਾਲੇ ਸਤੰਬਰ ਵਿੱਚ ਹੀ ਆਮ ਆਦਮੀ ਪਾਰਟੀ ਵਿੱਚ ਆਏ ਸਨ।
ਪੇਸ਼ੇ ਤੋਂ ਇੱਕ ਕਿਸਾਨ ਤੇ ਕਾਨੂੰਨ ਦੀ ਡਿਗਰੀ ਲੈ ਚੁੱਕੇ ਸਤਿੰਦਰ ਇਲਾਕੇ ਵਿੱਚ ਚੰਗਾ ਪ੍ਰਭਾਵ ਰੱਖਦੇ ਹਨ। ਸਤਿੰਦਰ ਆਦਮਪੁਰ ਤਹਿਸੀਲ ਦੇ ਨਯੋਲੀ ਪਿੰਡ ਨਾਲ ਸਬੰਧ ਰੱਖਦੇ ਹਨ।
ਇੰਡੀਅਨ ਨੈਸ਼ਨਲ ਲੋਕ ਦਲ ਨੇ ਕਾਂਗਰਸ ਛੱਡ ਕੇ ਆਏ ਕੁਰੜਾਰਾਮ ਨੰਬਰਦਾਰ ਨੂੰ ਆਪਣਾ ਉਮੀਦਵਾਰ ਬਣਾਇਆ ਹੈ।

ਤਸਵੀਰ ਸਰੋਤ, BBC/Sat Singh
ਕੁਰੜਾਰਾਮ ਨੇ ਚਾਰ ਦਹਾਕੇ ਕਾਂਗਰਸ ਨਾਲ ਬਿਤਾਏ ਹਨ ਤੇ ਆਦਮਪੁਰ ਤੋਂ ਕਾਂਗਰਸ ਦੀ ਦੌੜ ਵਿੱਚ ਸਨ ਪਰ ਆਖ਼ਰੀ ਸਮੇਂ ਵਿੱਚ ਜਦੋਂ ਜੈ ਪ੍ਰਕਾਸ਼ ਦਾ ਨਾਮ ਲਿਆ ਤਾਂ ਪਾਰਟੀ ਛੱਡ ਕੇ ਇਨੈਲੋ ਵਿੱਚ ਆ ਗਏ ਤੇ ਉਥੋਂ ਉਮੀਦਵਾਰ ਹਨ। ਕੁਰੜਾਰਾਮ ਹਿਸਾਰ ਦੇ ਰਹਿਣ ਵਾਲੇ ਹਨ।
ਮੁੱਖ ਮੰਤਰੀ ਤੇ ਦੋ ਸਾਬਕਾ ਮੁੱਖ ਮੰਤਰੀਆਂ ਨੇ ਲਾਇਆ ਦਾਅ
ਭਾਜਪਾ ਪਿਛਲੀਆਂ ਦੋ ਉੱਪ ਚੋਣਾਂ ਹਾਰ ਚੁੱਕੀ ਹੈ ਤੇ ਇਸ ਵਾਲ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਪਾਰਟੀ ਉਮੀਦਵਾਰ ਭਵਿਆ ਬਿਸ਼ਨੋਈ ਨੂੰ ਬਹੁਤ ਪਹਿਲਾਂ ਤੋਂ ਹੀ ਪ੍ਰਚਾਰ ਕਰਨ ਲਾਇਆ ਤੇ ਖ਼ੁਦ ਵੀ 1 ਨਵੰਬਰ ਤੋਂ ਆਦਮਪੁਰ ਵਿੱਚ ਰੈਲੀ ਕਰਨਗੇ।
2020 ਵਿੱਚ ਬਰੋਦਾ ਜ਼ਿਮਨੀ ਚੋਣਾਂ ਵਿੱਚ ਕਾਂਗਰਸ ਦੇ ਇੰਦਰ ਰਾਜ ਨਰਵਾਲ ਨੇ ਓਲੰਪੀਅਨ ਤੇ ਭਾਜਪਾ ਦੇ ਉਮੀਦਵਾਰ ਯੋਗੇਸ਼ਵਰ ਦੱਤ ਨੂੰ ਦਸ ਹਜ਼ਾਰ ਵੋਟਾਂ ਨਾਲ ਹਰਾਇਆ ਸੀ।
2021 ਵਿੱਚ ਐਲਨਾਬਾਦ ਜ਼ਿਮਨੀ ਚੋਣਾਂ ਵਿੱਚ ਭਾਜਪਾ ਇਨੇਲੋ ਅਭੈ ਚੋਟਾਲਾਂ ਤੋਂ ਹਾਰ ਗਈ ਸੀ। ਹੋਰਨਾਂ ਪਾਰਟੀਆਂ ਦੀ ਤਰ੍ਹਾਂ ਆਮ ਆਦਮੀ ਪਾਰਟੀ ਵੀ ਚੋਣ ਪ੍ਰਚਾਰ ਵਿੱਚ ਜੁਟੀ ਹੋਈ ਹੈ। ਬੁੱਧਵਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਚੋਣ ਪ੍ਰਚਾਰ ਕਰਨ ਆਏ।

ਤਸਵੀਰ ਸਰੋਤ, BBC/satsingh
ਆਪ ਦੇ ਆਗੂਆਂ ਦਾ ਕਹਿਣਾ ਹੈ ਕਿ ਜਲਦੀ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਲਦੀ ਹੀ ਚੋਣਾਂ ਵਿੱਚ ਸਤਿੰਦਰ ਸਿੰਘ ਲਈ ਵੋਟਾਂ ਮੰਗਣ ਆਉਣਗੇ। ਏਨੋਲੇ ਦੇ ਉਮੀਦਵਾਰ ਲਈ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ ਚੌਟਾਲਾ ਪਹਿਲਾਂ ਤੋਂ ਹੀ ਪ੍ਰਚਾਰ ਵਿੱਚ ਲੱਗੇ ਹੋਏ ਹਨ।
ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਤੇ ਉਨ੍ਹਾਂ ਦੇ ਬੇਟੇ ਰਾਜ ਸਭਾ ਸੰਸਦ ਮੈਂਬਰ ਦੀਪੇਂਦਰ ਸਿੰਘ ਹੁੱਡਾ ਰਾਤ ਤੱਕ ਆਦਮਪੁਰ ਵਿਧਾਨ ਸਭਾ ਦੇ ਪਿੰਡਾਂ ਵਿੱਚ ਪ੍ਰਚਾਰ ਕਰ ਰਹੇ ਹਨ।
ਸਥਾਨਕ ਮੁੱਦੇ
ਕੁਝ ਪਿੰਡਾਂ ਵਿੱਚ ਸਰਕਾਰੀ ਸਕੂਲਾਂ 'ਚ ਅਧਿਆਪਕਾਂ ਦੀ ਘਾਟ ਇੱਕ ਗੰਭੀਰ ਮੁੱਦਾ ਹੈ। ਪਿੰਡ ਖ਼ੈਰਮਪੁਰ ਦੇ ਵਸਨੀਕ ਇਨ੍ਹੀਂ ਦਿਨੀਂ ਸਥਾਨਕ ਸਰਕਾਰੀ ਸਕੂਲ ਵਿੱਚ ਅਧਿਆਪਕਾਂ ਦੀ ਮੰਗ ਨੂੰ ਲੈ ਕੇ ਲਗਾਤਾਰ ਧਰਨਾ ਪ੍ਰਦਰਸ਼ਨ ਵੀ ਕਰ ਰਹੇ ਹਨ।
ਸਿਖਿਆ ਦੇ ਨਾਲ-ਨਾਲ ਲੋਕ ਸਿਹਤ ਸਹੂਲਤਾ ਦੀ ਘਾਟ ਨੂੰ ਵੀ ਨਜ਼ਰਅੰਦਾਜ ਨਹੀਂ ਕਰ ਰਹੇ ਤੇ ਡਾਕਟਰਾਂ ਦੀ ਘਾਟ ਨੂੰ ਪੂਰਿਆਂ ਕਰਨ ਦੀ ਮੰਗ ਕਰ ਰਹੇ ਹਨ।
'ਆਪ' ਨੇਤਾ ਮਨੀਸ਼ ਸਿਸੋਦੀਆ ਨੇ ਦਾਅਵਾ ਕੀਤਾ ਸੀ ਕਿ ਉਹ ਦਿੱਲੀ ਦੀ ਤਰਜ਼ 'ਤੇ ਆਦਮਪੁਰ 'ਚ ਸਕੂਲ ਅਤੇ ਹਸਪਤਾਲ ਬਣਾਉਣਗੇ।

ਤਸਵੀਰ ਸਰੋਤ, Manish sisodia/fb
ਰਾਜਸਥਾਨ ਦੀ ਸਰਹੱਦ ਨਾਲ ਲੱਗਦੇ ਆਦਮਪੁਰ ਦੇ ਪਿੰਡਾਂ ਨੂੰ ਪੀਣ ਵਾਲੇ ਪਾਣੀ ਦੀ ਭਾਰੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਤੇ ਲੋਕ ਪਾਣੀ ਮੁਹੱਈਆ ਕਰਵਾਉਣ ਦੀ ਮੰਗ ਕਰ ਰਹੇ ਹਨ।
ਆਦਮਪੁਰ ਦੀਆਂ ਲਿੰਕ ਸੜਕਾਂ ਦੀ ਹਾਲਤ ਵੀ ਠੀਕ ਨਹੀਂ ਹੈ। ਵੋਟਰ ਚੰਗੀਆਂ ਸੜਕਾਂ ਦੀ ਆਸ ਵਾ ਲਾਉਂਦੇ ਹਨ।
ਪਿੰਡਾਂ ਦੇ ਇੱਕ ਹਿੱਸੇ ਨੂੰ ਸੇਮ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਜਦੋਂ ਕਿ ਹੋਰਾਂ ਨੂੰ ਸਿੰਚਾਈ ਦੇ ਪਾਣੀ ਦੀ ਘਾਟ ਦਾ ਸਾਹਮਣਾ ਕਰਨਾ ਪੈਂਦਾ ਹੈ। ਕਿਸਾਨਾਂ ਦੀ ਮੰਗ ਨੁਕਸਾਨੀਆਂ ਫ਼ਸਲਾਂ ਦੇ ਵਾਜ਼ਬ ਮੁਆਵਜ਼ੇ ਦੀ ਹੈ।
ਇਲਾਕੇ ਦਾ ਚੋਣਾਂਵੀ ਮਿਜ਼ਾਜ
ਸਭ ਤੋਂ ਵੱਡਾ ਸਵਾਲ ਜੋ ਸਿਆਸੀ ਮਾਹਰਾਂ ਤੇ ਆਮ ਲੋਕਾਂ ਸਾਹਮਣੇ ਹੈ ਉਹ ਹੈ ਕੀ ਭਜਨ ਲਾਲ ਪਰਿਵਾਰ ਦੇ ਭਵਿੱਖ ਨੂੰ ਲੈ ਕੇ ਹੈ, ਜੋ 1968 ਤੋਂ ਜਿਸ ਇਲਾਕੇ ਵਿੱਚ ਆਪਣੀ ਜਿੱਤ ਦਰਜ ਕਰਵਾ ਰਿਹਾ ਹੈ।
ਭਵਿਆ ਬਿਸ਼ਨੋਈ ਦਾ ਚੋਣਾਂਵੀ ਰਾਹ ਸੌਖਾ ਨਹੀਂ ਤੇ ਕਿਉਂਕਿ ਕਿਸਾਨ ਅੰਦੋਲਨ ਦੇ ਸਮੇਂ ਕੁਲਦੀਪ ਬਿਸ਼ਨੋਈ ਨੇ ਕਿਸਾਨਾਂ ਦੇ ਪੱਖ ਵਿੱਚ ਭਾਜਪਾ ਦੇ ਖ਼ਿਲਾਫ਼ ਮਾਹੌਲ ਤਿਆਰ ਕੀਤਾ ਸੀ ਤੇ ਭਾਜਪਾ ਸਰਕਾਰ ਨੂੰ ਘੇਰਿਆ ਸੀ ਹੁਣ ਖ਼ੁਦ ਭਾਜਪਾ ਦਾ ਹਿੱਸਾ ਹਨ।
ਸਿਆਸੀ ਮਾਹਰ ਤੇ 'ਪਾਲਿਟਿਕਸ ਆਫ਼ ਚੌਧਰ' ਨਾਮ ਦੀ ਕਿਤਾਬ ਦੇ ਲੇਖਕ ਸਤੀਸ਼ ਤਿਆਗੀ ਦਾ ਕਹਿਣਾ ਹੈ ਕਿ ਪਿਛਲੇ ਦੋ ਸਾਲਾਂ ਵਿੱਚ ਦੋ ਜਿਮਨੀ ਚੋਣਾਂ ਹੋਈਆਂ ਇੱਕ ਇਨੇਲੋ ਦੇ ਚੌਟਾਲਾ ਪਰਿਵਾਰ ਦਾ ਗੜ੍ਹ ਸੀ ਤੇ ਉਨ੍ਹਾਂ ਨੇ ਜਿੱਤ ਦਰਜ ਕਰਵਾਈ।
ਦੂਜੀ ਜਿਮਨੀ ਚੋਣ ਭੁਪਿੰਦਰ ਸਿੰਘ ਹੂਡਾ ਦੇ ਗੜ੍ਹ ਵਿੱਚ ਸੀ ਜੋ ਕਾਂਗਰਸ ਨੇ ਜਿੱਤ ਲਿਆ ਹੁਣ ਤੀਜੀਆਂ ਜਿਮਣੀ ਚੋਣਾਂ ਆਦਮਪੁਰ ਦੀਆਂ ਹਨ ਜੋ ਭਜਨ ਲਾਲ ਪਰਿਵਾਰ ਦਾ ਗੜ੍ਹ ਹੈ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਉਹ ਇਸ ਵਾਰ ਵੀ ਜਿੱਤਦੇ ਹਨ ਜਾਂ ਨਹੀਂ?

ਇਹ ਵੀ ਪੜ੍ਹੋ-













