ਬ੍ਰਿਟੇਨ ਭਾਰਤ ਤੋਂ ਕਿੰਨੀ ਦੌਲਤ ਲੁੱਟ ਕੇ ਲੈ ਗਿਆ ਸੀ?

ਬਰਤਾਨੀਆ ਨੇ ਭਾਰਤ ਤੋਂ ਕਿੰਨੀ ਦੌਲਤ ਲੁੱਟੀ?

ਤਸਵੀਰ ਸਰੋਤ, Getty Images

    • ਲੇਖਕ, ਜ਼ਫ਼ਰ ਸੈਯਦ
    • ਰੋਲ, ਇਸਲਾਮਾਬਾਦ ਤੋਂ, ਬੀਬੀਸੀ ਲਈ
  • ਪ੍ਰਕਾਸ਼ਿਤ

ਬਾਦਸ਼ਾਹ ਦੀ ਵਰ੍ਹੇਗੰਢ ਹੈ ਅਤੇ ਮੁਗ਼ਲ ਰਵਾਇਤ ਦੇ ਮੁਤਾਬਕ ਉਨ੍ਹਾਂ ਨੂੰ ਤੋਲਿਆ ਜਾਣਾ ਹੈ। ਇਸ ਮੌਕੇ ਬ੍ਰਿਟਿਸ਼ ਰਾਜਦੂਤ ਸਰ ਥੌਮਸ ਰੋ ਵੀ ਦਰਬਾਰ ਵਿੱਚ ਮੌਜੂਦ ਹਨ।

ਸਮਾਗਮ ਪਾਣੀ ਵਿੱਚ ਘਿਰੇ ਇੱਕ ਚਕੋਰ ਚਬੂਤਰੇ 'ਤੇ ਕੀਤਾ ਜਾ ਰਿਹਾ ਹੈ। ਚਬੂਤਰੇ ਦੇ ਵਿਚਾਲੇ ਇੱਕ ਵੱਡੀ ਸੋਨੇ ਦੀ ਤੱਕੜੀ ਹੈ।

ਇੱਕ ਪੱਲੜੇ ਵਿੱਚ ਕਈ ਰੇਸ਼ਮੀ ਥੈਲੇ ਰੱਖੇ ਹੋਏ ਹਨ, ਦੂਜੇ ਵਿੱਚ ਖ਼ੁਦ ਚੌਥੇ ਮੁਗ਼ਲ ਬਾਦਸ਼ਾਹ ਨੁਰੂਦੀਨ ਮੁਹੰਮਦ ਜਹਾਂਗੀਰ ਸਾਵਧਾਨੀ ਨਾਲ ਬੈਠੇ ਹਨ।

ਭਾਰੀ ਕੱਪੜਿਆਂ, ਤਾਜ ਅਤੇ ਸੋਨੇ ਦੇ ਗਹਿਣਿਆਂ ਸਮੇਤ ਬਾਦਸ਼ਾਹ ਜਹਾਂਗੀਰ ਦਾ ਵਜ਼ਨ ਤਕਰੀਬਨ ਢਾਈ ਸੌ ਪੌਂਡ ਨਿਕਲਿਆ।

ਇੱਕ ਪੱਲੜੇ ਵਿੱਚ ਜ਼ਿੱਲੇ-ਇਲਾਹੀ ਬੈਠੇ ਹਨ, ਦੂਜੇ ਵਿੱਚ ਰੱਖੇ ਰੇਸ਼ਮੀ ਥੈਲੇ ਵਾਰੀ-ਵਾਰੀ ਤਬਦੀਲ ਕੀਤੇ ਜਾਂਦੇ ਰਹੇ।

ਪਹਿਲਾਂ ਮੁਗ਼ਲ ਬਾਦਸ਼ਾਹ ਨੂੰ ਚਾਂਦੀ ਦੇ ਸਿੱਕਿਆਂ ਨਾਲ ਤੋਲਿਆ ਗਿਆ, ਫਿਰ ਇਨ੍ਹਾਂ ਨੂੰ ਤੁਰੰਤ ਗਰੀਬਾਂ 'ਚ ਵੰਡ ਦਿੱਤਾ ਗਿਆ।

ਇਸਤੋਂ ਬਾਅਦ ਸੋਨੇ ਦੀ ਵਾਰੀ ਆਈ, ਫਿਰ ਗਹਿਣਿਆਂ, ਰੇਸ਼ਮ ਅਤੇ ਅੰਤ ਵਿੱਚ ਦੂਜੀਆਂ ਬੇਸ਼ਕੀਮਤੀ ਚੀਜ਼ਾਂ ਨਾਲ ਬਾਦਸ਼ਾਹ ਸਲਾਮਤ ਦੇ ਵਜ਼ਨ ਨੂੰ ਤੋਲਿਆ ਗਿਆ।

ਸਰ ਥਾਮਸ
ਤਸਵੀਰ ਕੈਪਸ਼ਨ, ਸਰ ਥਾਮਸ ਇੱਕ ਵਿਸ਼ੇਸ਼ ਮਿਸ਼ਨ 'ਤੇ ਭਾਰਤ ਆਏ ਸਨ। ਉਨ੍ਹਾਂ ਦੀ ਕੋਸ਼ਿਸ਼ ਸੀ ਕਿ ਇੱਕ ਛੋਟੀ ਬ੍ਰਿਟਿਸ਼ ਕੰਪਨੀ ਨੂੰ ਭਾਰਤ ਵਿੱਚ ਵਪਾਰ ਕਰਨ ਦਾ ਅਧਿਕਾਰ ਮਿਲ ਜਾਵੇ।

ਇਹ ਉਹ ਦ੍ਰਿਸ਼ ਹੈ ਜੋ ਅੱਜ ਤੋਂ ਤਕਰੀਬਨ ਠੀਕ ਚਾਰ ਸੌ ਸਾਲ ਪਹਿਲਾਂ ਮੁਗ਼ਲ ਬਾਦਸ਼ਾਹ ਨੁਰੂਦੀਨ ਮੁਹੰਮਦ ਜਹਾਂਗੀਰ ਦੇ ਦਰਬਾਰ ਵਿੱਚ ਬ੍ਰਿਟਿਸ਼ ਰਾਜਦੂਤ ਸਰ ਥਾਮਸ ਰੋ ਨੇ ਦੇਖਿਆ ਅਤੇ ਡਾਇਰੀ ਵਿੱਚ ਨੋਟ ਕਰ ਲਿਆ।

ਪਰ ਦੌਲਤ ਦੇ ਇਸ ਹੈਰਾਨ ਕਰ ਦੇਣ ਵਾਲੇ ਪ੍ਰਦਰਸ਼ਨ ਨੇ ਸਰ ਥਾਮਸ ਨੂੰ ਸ਼ੱਕ ਵਿੱਚ ਪਾ ਦਿੱਤਾ ਕਿ ਕੀ ਬੰਦ ਥੈਲੇ ਅਸਲ ਵਿੱਚ ਹੀਰੇ-ਜਵਾਹਰਾਤ ਜਾਂ ਸੋਨੇ ਨਾਲ ਹੀ ਭਰੇ ਹੋਏ ਹਨ ਜਾਂ ਕਿਧਰੇ ਇਨ੍ਹਾਂ ਵਿੱਚ ਪੱਥਰ ਤਾਂ ਨਹੀਂ?

ਪਰ ਸਵਾਲ ਇਹ ਸੀ ਕਿ ਇੱਕ ਦੂਰ-ਦੁਰਾਡੇ ਤੋਂ ਛੋਟੇ ਜਿਹੇ ਦੀਪ 'ਤੇ ਵਸੇ ਦੇਸ਼ ਦਾ ਰਾਜਦੂਤ ਇਸ ਸਮੇਂ ਭਾਰਤ ਵਿੱਚ ਕੀ ਕਰ ਰਿਹਾ ਸੀ?

ਇੰਗਲੈਂਡ ਨਾਲ ਸਮਝੌਤਾ 'ਸ਼ਾਨ ਦੇ ਖ਼ਿਲਾਫ਼'

ਦਰਅਸਲ, ਸਰ ਥਾਮਸ ਰੋ ਇੱਕ ਖ਼ਾਸ ਮਿਸ਼ਨ 'ਤੇ ਭਾਰਤ ਆਏ ਸਨ। ਇਨ੍ਹਾਂ ਦੀ ਕੋਸ਼ਿਸ਼ ਸੀ ਕਿ ਕਿਸੇ ਨਾ ਕਿਸੇ ਤਰ੍ਹਾਂ ਨਾਲ ਇੱਕ ਸਮਝੌਤੇ 'ਤੇ ਹਸਤਾਖ਼ਰ ਕਰਵਾ ਲਏ ਜਾਣ ਜਿਸ ਤਹਿਤ ਇੱਕ ਛੋਟੀ ਜਿਹੀ ਬ੍ਰਿਟਿਸ਼ ਕੰਪਨੀ ਨੂੰ ਭਾਰਤ ਵਿੱਚ ਵਪਾਰ ਦਾ ਅਧਿਕਾਰ ਹਾਸਲ ਹੋ ਜਾਵੇ।

ਪਰ ਜਿਵੇਂ ਕਿ ਸਰ ਥਾਮਸ ਦੀ ਡਾਇਰੀ ਤੋਂ ਪਤਾ ਲੱਗਦਾ ਹੈ, ਇਹ ਕੰਮ ਇੰਨਾ ਆਸਾਨ ਸਾਬਤ ਨਹੀਂ ਹੋਇਆ ਅਤੇ ਇਸ ਸਿਲਸਿਲੇ ਵਿੱਚ ਇਸ ਮਿਹਨਤੀ ਅੰਗਰੇਜ਼ ਰਾਜਦੂਤ ਨੂੰ ਕਈ ਪਾਪੜ ਵੇਲਣੇ ਪਏ।

ਬ੍ਰਿਟੇਨ ਭਾਰਤ ਤੋਂ ਕਿੰਨੀ ਦੌਲਤ ਲੁੱਟ ਕੇ ਲੈ ਗਿਆ?

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਈਸਟ ਇੰਡੀਆ ਕੰਪਨੀ ਅਤੇ ਬਰਤਾਨਵੀ ਸਰਕਾਰ ਦੇ ਦੌਰਾਨ, ਲਗਭਗ ਤਿੰਨ ਕਰੋੜ ਭਾਰਤੀਆਂ ਨੇ ਅਕਾਲ ਕਾਰਨ ਆਪਣੀਆਂ ਜਾਨਾਂ ਗੁਆ ਦਿੱਤੀਆਂ

ਇਸ ਦੀ ਵਜ੍ਹਾ ਇਹ ਸੀ ਕਿ ਮੁਗ਼ਲ ਬਾਦਸ਼ਾਹ ਪੂਰੀ ਦੁਨੀਆ ਵਿੱਚ ਸਿਰਫ਼ ਈਰਾਨ ਦੇ ਸਫ਼ਾਵੀ ਬਾਦਸ਼ਾਹ ਅਤੇ ਉਸਮਾਨੀ ਖ਼ਲੀਫ਼ਾ ਨੂੰ ਹੀ ਆਪਣਾ ਵਿਰੋਧੀ ਸਮਝਦੇ ਸੀ।

ਉਨ੍ਹਾਂ ਦੀਆਂ ਨਜ਼ਰਾਂ ਵਿੱਚ ਇੰਗਲੈਂਡ ਇੱਕ ਛੋਟਾ ਜਿਹਾ ਟਾਪੂ ਸੀ, ਇਸ ਦੇ ਕਿਸੇ ਮਾਮੂਲੀ ਬਾਦਸ਼ਾਹ ਨਾਲ ਬਰਾਬਰੀ ਦੇ ਪੱਧਰ 'ਤੇ ਸਮਝੌਤਾ ਕਰਨਾ ਇਨ੍ਹਾਂ ਦੀ ਸ਼ਾਨ ਦੇ ਖ਼ਿਲਾਫ਼ ਸੀ।

ਹਾਲਾਂਕਿ, ਸਰ ਥਾਮਸ ਨੇ ਹਿੰਮਤ ਨਹੀਂ ਹਾਰੀ ਅਤੇ ਉਹ ਤਿੰਨ ਸਾਲ ਦੀ ਸਖ਼ਤ ਮਿਹਨਤ, ਰਣਨੀਤਕ ਦਾਅ-ਪੇਚ ਅਤੇ ਤੋਹਫ਼ੇ ਦੇ ਕੇ ਜਹਾਂਗੀਰ ਤੋਂ ਤਾਂ ਨਹੀਂ, ਪਰ ਵਲੀ ਅਹਦ ਸ਼ਾਹਜਹਾਂ ਤੋਂ ਅਗਸਤ 1618 ਵਿੱਚ ਇੱਕ ਸਮਝੌਤੇ 'ਤੇ ਹਸਤਾਖ਼ਰ ਕਰਾਉਣ ਵਿੱਚ ਕਾਮਯਾਬ ਰਹੇ।

ਇਸ ਤਹਿਤ ਇਸ ਕੰਪਨੀ ਨੂੰ ਸੂਰਤ ਵਿੱਚ ਖੁੱਲ੍ਹ ਕੇ ਕਾਰੋਬਾਰ ਕਰਨ ਦੀ ਇਜਾਜ਼ਤ ਮਿਲ ਗਈ।

ਇਸ ਕੰਪਨੀ ਦਾ ਨਾਂ ਈਸਟ ਇੰਡੀਆ ਕੰਪਨੀ ਸੀ ਅਤੇ ਇਹ ਘਟਨਾ ਇਸ ਦੇ ਇਤਿਹਾਸ ਵਿੱਚ ਮੀਲ ਦਾ ਪੱਥਰ ਸਾਬਤ ਹੋਈ।

ਇਹ ਪਹਿਲਾ ਮੌਕਾ ਸੀ ਕਿ ਮੁਗ਼ਲ ਹਕੂਮਤ ਨੇ ਸਿੱਧੇ ਤੌਰ 'ਤੇ ਇੱਕ ਯੂਰਪੀ ਦੇਸ਼ ਨਾਲ ਬਕਾਇਦਾ ਵਪਾਰਕ ਸਮਝੌਤਾ ਕਰ ਕੇ ਇਸ ਦੀ ਇੱਕ ਕੰਪਨੀ ਨੂੰ ਵਪਾਰ ਦੀ ਇਜਾਜ਼ਤ ਦਿੱਤੀ ਸੀ।

ਉਨ੍ਹਾਂ ਦੇ ਤੈਅ ਸਮਝੌਤੇ ਦੇ ਨਤੀਜੇ ਵਿੱਚ ਬ੍ਰਿਟੇਨ ਅਗਲੇ ਸਾਢੇ ਤਿੰਨ ਸੌ ਸਾਲਾਂ ਵਿੱਚ ਹਿੰਦੁਸਤਾਨ ਤੋਂ ਜੋ ਦੌਲਤ ਸਮੇਟ ਕੇ ਲੈ ਗਿਆ, ਉਸ ਬਾਰੇ ਅਰਥਸ਼ਾਸਤਰੀਆਂ ਨੇ ਕੁਝ ਅਨੁਮਾਨ ਲਗਾਉਣ ਦੀ ਕੋਸ਼ਿਸ਼ ਜ਼ਰੂਰ ਕੀਤੀ ਹੈ।

ਇਸ ਦਾ ਵਰਣਨ ਅੱਗੇ ਜਾ ਕੇ ਆਵੇਗਾ। ਪਹਿਲਾਂ ਇਹ ਦੇਖਦੇ ਹਾਂ ਕਿ ਈਸਟ ਇੰਡੀਆ ਕੰਪਨੀ ਅਤੇ ਬ੍ਰਿਟਿਸ਼ ਰਾਜ ਦੇ ਭਾਰਤ 'ਤੇ ਸੱਤਾ ਦੇ ਦੂਜੇ ਅਸਰ ਕੀ ਪਏ। ਜੋ ਸਿਰਫ਼ ਲੁੱਟਣ ਤੋਂ ਕਿਧਰੇ ਜ਼ਿਆਦਾ ਭਿਆਨਕ ਸਨ।

ਬੀਬੀਸੀ
  • ਜਦੋਂ ਮੁਗ਼ਲ ਬਾਦਸ਼ਾਹ ਨੂੰ ਸੋਨੇ-ਚਾਂਦੀ ਅਤੇ ਹੀਰੇ ਜਵਾਹਰਾਤ ਨਾਲ ਤੋਲਿਆ ਜਾ ਰਿਹਾ ਸੀ ਤਾਂ ਬ੍ਰਿਟਿਸ਼ ਰਾਜਦੂਤ ਨੂੰ ਯਕੀਨ ਨਹੀਂ ਹੋ ਰਿਹਾ ਸੀ
  • ਫਿਰ ਉਹ ਦਿਨ ਆਏ ਕਿ ਮੁਗ਼ਲ ਬਾਦਸ਼ਾਹ ਵਜੀਫ਼ੇ 'ਤੇ ਗੁਜ਼ਾਰਾ ਕਰਨ ਲੱਗੇ
  • ਈਸਟ ਇੰਡੀਆ ਕੰਪਨੀ ਦਾ ਲੰਡਨ ਵਿੱਚ ਛੋਟਾ ਜਿਹਾ ਦਫ਼ਤਰ ਸੀ ਪਰ ਉਸਨੇ ਪੂਰੇ ਹਿੰਦੁਸਤਾਨ ਉੱਤੇ ਕਬਜ਼ਾ ਕੀਤਾ
  • ਬ੍ਰਿਟਿਸ਼ ਹਕੂਮਤ ਦੌਰਾਨ ਹਿੰਦੁਸਤਾਨ ਵਿੱਚ ਕਰੋੜਾਂ ਲੋਕ ਅਕਾਲ ਕਾਰਨ ਮਾਰੇ ਗਏ ਸਨ
ਬੀਬੀਸੀ

ਇਤਿਹਾਸ ਦਾ ਚੌਥਾ ਭਿਆਨਕ ਖ਼ੂਨ-ਖ਼ਰਾਬਾ

ਅਮਰੀਕੀ ਇਤਿਹਾਸਕਾਰ ਮੈਥਯੂ ਵ੍ਹਾਈਟ ਨੇ 'ਦਿ ਗ੍ਰੇਟ ਬਿੱਗ ਬੁੱਕ ਆਫ ਹੌਰੀਬਲ ਥਿੰਗਜ਼' ਦੇ ਨਾਂ 'ਤੇ ਇੱਕ ਪੁਸਤਕ ਲਿਖੀ ਹੈ।

ਇਸ ਵਿੱਚ ਉਨ੍ਹਾਂ ਨੇ ਇਤਿਹਾਸ ਦੇ ਸੌ ਭਿਆਨਕ ਖ਼ੂਨ-ਖ਼ਰਾਬਿਆਂ ਦੀ ਸਮੀਖਿਆ ਪੇਸ਼ ਕੀਤੀ ਹੈ ਜਿਨ੍ਹਾਂ ਦੌਰਾਨ ਸਭ ਤੋਂ ਜ਼ਿਆਦਾ ਇਨਸਾਨੀ ਜਾਨਾਂ ਖ਼ਤਮ ਹੋਈਆਂ।

ਇਸ ਕਿਤਾਬ ਵਿੱਚ ਇਤਿਹਾਸ ਦਾ ਚੌਥਾ ਭਿਆਨਕ ਖ਼ੂਨ-ਖ਼ਰਾਬਾ ਬ੍ਰਿਟਿਸ਼ ਦੌਰ ਵਿੱਚ ਭਾਰਤ ਵਿੱਚ ਪੈਣ ਵਾਲਾ ਅਕਾਲ ਹੈ ਜਿਸ ਵਿੱਚ ਵ੍ਹਾਈਟ ਮੁਤਾਬਕ ਦੋ ਕਰੋੜ 66 ਲੱਖ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ ਸਨ।

ਇਸ ਸੰਖਿਆ ਵਿੱਚ ਵ੍ਹਾਈਟ ਨੇ ਦੂਜੇ ਵਿਸ਼ਵ ਯੁੱਧ ਦੇ ਦੌਰਾਨ ਬੰਗਾਲ ਵਿੱਚ ਪੈਣ ਵਾਲੇ ਅਕਾਲ ਦੀ ਗਿਣਤੀ ਨਹੀਂ ਕੀਤੀ ਜਿਸ ਵਿੱਚ 30 ਤੋਂ 50 ਲੱਖ ਦੇ ਕਰੀਬ ਲੋਕ ਮਾਰੇ ਗਏ ਸਨ।

ਜੇ ਇਸ ਨੂੰ ਵੀ ਸ਼ਾਮਲ ਕਰ ਲਿਆ ਜਾਵੇ ਤਾਂ ਈਸਟ ਇੰਡੀਆ ਕੰਪਨੀ ਅਤੇ ਬ੍ਰਿਟਿਸ਼ ਸਰਕਾਰ ਦੇ ਦੌਰਾਨ ਤਿੰਨ ਕਰੋੜ ਦੇ ਕਰੀਬ ਭਾਰਤੀ ਅਕਾਲ ਦੇ ਕਾਰਨ ਮਾਰੇ ਗਏ।

ਬ੍ਰਿਟੇਨ ਭਾਰਤ ਤੋਂ ਕਿੰਨੀ ਦੌਲਤ ਲੁੱਟ ਕੇ ਲੈ ਗਿਆ?

ਤਸਵੀਰ ਸਰੋਤ, Getty Images

ਭਾਰਤ ਦੀ ਗਿਣਤੀ ਦੁਨੀਆਂ ਦੇ ਸਭ ਤੋਂ ਜਰਖੇਜ਼ ਇਲਾਕਿਆਂ ਵਿੱਚ ਹੁੰਦੀ ਸੀ ਅਤੇ ਹੁਣ ਵੀ ਹੁੰਦੀ ਹੈ, ਫਿਰ ਇੰਨੇ ਲੋਕ ਕਿਉਂ ਭੁੱਖੇ ਮਰ ਗਏ?

ਵ੍ਹਾਈਟ ਨੇ ਇਸ ਦੀ ਵਜ੍ਹਾ 'ਵਪਾਰਕ ਸ਼ੋਸ਼ਣ' ਦੱਸਿਆ ਹੈ। ਇਸ ਵਿਵਰਣ ਲਈ ਅਸੀਂ ਸਿਰਫ਼ ਇੱਕ ਅਕਾਲ ਦਾ ਜ਼ਿਕਰ ਕਰਦੇ ਹਾਂ ਜੋ 1769 ਵਿੱਚ ਬੰਗਾਲ ਵਿੱਚ ਹੀ ਪਿਆ ਸੀ।

ਨੋਬੇਲ ਪੁਰਸਕਾਰ ਜੇਤੂ ਅਰਥਸ਼ਾਸਤਰੀ ਅਮਰਤਿਆ ਸੇਨ ਨੇ ਇਸ ਅਕਾਲ ਵਿੱਚ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਇੱਕ ਕਰੋੜ ਦੱਸੀ ਹੈ। ਇਸ ਦੌਰ ਦਾ ਇੱਕ ਦ੍ਰਿਸ਼ ਇੱਕ ਅੰਗਰੇਜ਼ ਦੀ ਹੀ ਜ਼ੁਬਾਨੀ ਕੁਝ ਇਸ ਤਰ੍ਹਾਂ ਹੈ-

'ਲੱਖਾਂ ਲੋਕ ਬਾਕੀ ਕੁਝ ਹਫ਼ਤਿਆਂ ਤੱਕ ਜਿਉਂਦੇ ਰਹਿਣ ਦੀ ਆਸ ਲੈ ਕੇ ਮਰ ਗਏ ਜੋ ਉਨ੍ਹਾਂ ਨੇ ਫ਼ਸਲ ਪੱਕਣ ਤੱਕ ਗੁਜ਼ਾਰਨੇ ਸਨ।'

'ਉਨ੍ਹਾਂ ਦੀਆਂ ਅੱਖਾਂ ਫ਼ਸਲਾਂ ਨੂੰ ਤੱਕਦੀਆਂ ਰਹਿ ਗਈਆਂ, ਜਿਨ੍ਹਾਂ ਨੇ ਇਸ ਸਮੇਂ ਪੱਕਣਾ ਸੀ, ਪਰ ਉਦੋਂ ਉਨ੍ਹਾਂ ਨੂੰ ਬਹੁਤ ਦੇਰ ਹੋ ਜਾਂਦੀ।'

ਫ਼ਸਲਾਂ ਤਾਂ ਆਪਣੇ ਸਮੇਂ 'ਤੇ ਤਿਆਰ ਹੋਈਆਂ, ਪਰ ਉਸ ਸਮੇਂ ਅਸਲ ਵਿੱਚ ਬਹੁਤ ਦੇਰ ਹੋ ਚੁੱਕੀ ਸੀ।

1769 ਦੀ ਇਹੀ ਕਹਾਣੀ ਪੌਣੇ ਦੋ ਸੌ ਸਾਲ ਬਾਅਦ ਇੱਕ ਬਾਰ ਫਿਰ ਪੂਰਬੀ ਬੰਗਾਲ ਵਿੱਚ ਦੁਹਰਾਈ ਗਈ।

ਮੁਗ਼ਲ ਬਾਦਸ਼ਾਹ ਆਲਮ ਦੂਜੇ ਈਸਟ ਇੰਡੀਆ ਕੰਪਨੀ ਦੇ ਅਧਿਕਾਰੀ ਲਾਰਡ ਕਲਾਈਵ ਨੂੰ ਬੰਗਾਲ ਦਾ ਸੰਪੂਰਨ ਅਧਿਕਾਰ ਸੌਂਪਦੇ ਹੋਏ

ਤਸਵੀਰ ਸਰੋਤ, BENJAMIN WEST/BRITISH LIBRARY

ਤਸਵੀਰ ਕੈਪਸ਼ਨ, ਮੁਗ਼ਲ ਬਾਦਸ਼ਾਹ ਆਲਮ ਦੂਜੇ ਈਸਟ ਇੰਡੀਆ ਕੰਪਨੀ ਦੇ ਅਧਿਕਾਰੀ ਲਾਰਡ ਕਲਾਈਵ ਨੂੰ ਬੰਗਾਲ ਦਾ ਸੰਪੂਰਨ ਅਧਿਕਾਰ ਸੌਂਪਦੇ ਹੋਏ

'ਟਾਈਮਜ਼ ਆਫ ਇੰਡੀਆ' ਦੀ 16 ਨਵੰਬਰ 1943 ਦੀ ਕਟਿੰਗ: 'ਪੂਰਬੀ ਬੰਗਾਲ ਵਿੱਚ ਇੱਕ ਭਿਆਨਕ ਦ੍ਰਿਸ਼, ਪਰ ਆਮ ਦ੍ਰਿਸ਼ ਇਹ ਸੀ ਕਿ ਅੱਧੀ ਸਦੀ ਦੀ ਸਭ ਤੋਂ ਸ਼ਾਨਦਾਰ ਫ਼ਸਲ ਵਿੱਚੋਂ ਗਲਿਆ-ਸੜਿਆ ਹੋਇਆ ਕੋਈ ਇਨਸਾਨੀ ਢਾਂਚਾ ਨਜ਼ਰ ਆ ਜਾਂਦਾ ਸੀ।'

ਸਾਹਿਰ ਲੁਧਿਆਣਵੀ ਨੇ ਇਸ ਅਕਾਲ 'ਤੇ ਨਜ਼ਮ ਲਿਖੀ ਸੀ, ਜੋ ਇਸ ਤਰ੍ਹਾਂ ਹੈ-

ਪਚਾਸ ਲਾਖ ਫ਼ਸੁਰਦਾ, ਗਲੇ ਸੜੇ ਢਾਂਚੇ

ਨਿਜ਼ਾਮ-ਏ-ਜ਼ਰ ਕੇ ਖ਼ਿਲਾਫ਼ ਇਹਤਜਾਜ ਕਰਤੇ ਹੈਂ

ਖਾਮੋਸ਼ ਹੋਠੋਂ ਸੇ, ਦਮ ਤੋੜਤੀ ਨਿਗਾਹੋਂ ਸੇ

ਬਸ਼ਰ ਬਸ਼ਰ ਕੇ ਖ਼ਿਲਾਫ਼ ਇਹਤਜਾਜ ਕਰਤੇ ਹੈਂ

ਅਕਾਲ ਤਾਂ ਕੁਦਰਤੀ ਆਫ਼ਤ ਦੀ ਸ਼੍ਰੇਣੀ ਵਿੱਚ ਆਉਂਦੇ ਹਨ। ਇਸ ਵਿੱਚ ਈਸਟ ਇੰਡੀਆ ਕੰਪਨੀ ਦਾ ਕੀ ਕਸੂਰ?'

ਪ੍ਰਸਿੱਧ ਦਾਰਸ਼ਨਿਕ ਵਿਲ ਡਿਉਰੈਂਟ ਇਸ ਬਾਰੇ ਲਿਖਦੇ ਹਨ:

'ਭਾਰਤ ਵਿੱਚ ਪੈਣ ਵਾਲੇ ਖੌਫ਼ਨਾਕ ਅਕਾਲਾਂ ਦੀ ਬੁਨਿਆਦੀ ਵਜ੍ਹਾ ਬੇਰਹਿਮੀ ਨਾਲ ਕੀਤੇ ਗਏ ਸ਼ੋਸ਼ਣ, ਸਰੋਤਾਂ ਦਾ ਅਸੰਤੁਲਿਤ ਆਯਾਤ ਅਤੇ ਬਿਲਕੁਲ ਅਕਾਲ ਦੇ ਦੌਰਾਨ ਕਰੂਰ ਤਰੀਕਿਆਂ ਨਾਲ ਮਹਿੰਗੇ ਟੈਕਸਾਂ ਦੀ ਵਸੂਲੀ ਸੀ ਕਿ ਭੁੱਖ ਨਾਲ ਤੜਫਦੇ ਕਿਸਾਨ ਉਨ੍ਹਾਂ ਨੂੰ ਅਦਾ ਨਹੀਂ ਕਰ ਸਕਦੇ ਸਨ…ਸਰਕਾਰ ਮਰਦੇ ਹੋਏ ਲੋਕਾਂ ਤੋਂ ਵੀ ਟੈਕਸ ਵਸੂਲਣ ਦੇ ਰਾਹ ਤੁਰੀ ਰਹਿੰਦੀ ਸੀ।'

ਰਾਬਰਟ ਕਲਾਈਵ ਅਤੇ ਮੀਰ ਜਾਫਰ

ਤਸਵੀਰ ਸਰੋਤ, Francis Hayman/National Portrait Gallery, London

ਤਸਵੀਰ ਕੈਪਸ਼ਨ, ਰਾਬਰਟ ਕਲਾਈਵ ਅਤੇ ਮੀਰ ਜਾਫਰ

ਇੱਕ ਛੋਟੀ ਜਿਹੀ ਕੰਪਨੀ ਇੰਨੀ ਤਾਕਤਵਰ ਕਿਵੇਂ ਹੋ ਗਈ ਕਿ ਹਜ਼ਾਰਾਂ ਮੀਲ ਦੂਰ ਕਿਸੇ ਦੇਸ਼ ਵਿੱਚ ਕਰੋੜਾਂ ਲੋਕਾਂ ਦੀ ਜ਼ਿੰਦਗੀ ਅਤੇ ਮੌਤ 'ਤੇ ਭਾਰੂ ਪੈ ਜਾਵੇ?

ਇਸ ਲਈ ਸਾਨੂੰ ਇਤਿਹਾਸ ਦੇ ਕੁਝ ਹੋਰ ਪੰਨੇ ਉਲਟਾਉਣੇ ਹੋਣਗੇ।

1498 ਵਿੱਚ ਪੁਰਤਗਾਲੀ ਮੁਹਿੰਮ ਜਿਸ ਵਿੱਚ ਵਾਸਕੋਡਿਗਾਮਾ ਨੇ ਅਫ਼ਰੀਕਾ ਦੇ ਦੱਖਣੀ ਕੋਨੇ ਤੋਂ ਰਸਤੇ ਲੱਭ ਕੇ ਭਾਰਤ ਨੂੰ ਸਮੁੰਦਰੀ ਰਸਤੇ ਰਾਹੀਂ ਯੂਰਪ ਨਾਲ ਜੋੜ ਦਿੱਤਾ ਸੀ।

ਆਉਣ ਵਾਲੇ ਦਹਾਕਿਆਂ ਦੌਰਾਨ ਧੌਂਸ, ਧਮਕੀਆਂ ਅਤੇ ਦੰਗੇ ਫਸਾਦਾਂ ਦੀ ਵਰਤੋਂ ਕਰ ਕੇ ਪੁਰਤਗਾਲੀ ਹਿੰਦੁਸਤਾਨ ਦੇ ਤਮਾਮ ਵਪਾਰਾਂ 'ਤੇ ਕਾਬਜ਼ ਹੋ ਗਏ ਅਤੇ ਦੇਖਦੇ ਹੀ ਦੇਖਦੇ ਪੁਰਤਗਾਲ ਦੀ ਕਿਸਮਤ ਦਾ ਸੂਰਜ ਅੱਧੇ ਅਸਮਾਨ 'ਤੇ ਜਗਮਗਾਉਣ ਲੱਗਿਆ।

ਉਨ੍ਹਾਂ ਨੂੰ ਦੇਖ ਕੇ ਡੱਚ ਆਪਣੇ ਤੋਪ-ਵਾਹਕ ਸਮੁੰਦਰੀ ਜਹਾਜ਼ ਲੈ ਕੇ ਹਿੰਦੁਸਤਾਨ ਆ ਗਏ ਅਤੇ ਦੋਹਾਂ ਦੇਸ਼ਾਂ ਵਿਚਕਾਰ ਲੜਾਈ ਝਗੜਾ ਹੋਣ ਲੱਗਿਆ।

ਅੰਗਰੇਜ਼ ਇਸ ਸਾਰੀ ਖੇਡ ਨੂੰ ਬਹੁਤ ਗੌਰ ਨਾਲ ਦੇਖ ਰਹੇ ਸਨ, ਭਲਾਂ ਉਹ ਇਸ ਦੌੜ ਵਿੱਚ ਪਿੱਛੇ ਕਿਉਂ ਰਹਿ ਜਾਂਦੇ?

ਇਸ ਲਈ ਇਨ੍ਹਾਂ ਦੋਹਾਂ ਦੇਸ਼ਾਂ ਦੇ ਨਕਸ਼ੇ ਕਦਮਾਂ 'ਤੇ ਚੱਲਦਿਆਂ ਮਹਾਰਾਣੀ ਐਲਿਜ਼ਾਬੈਥ ਨੇ ਦਸੰਬਰ 1600 ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਕੀਤੀ ਅਤੇ ਇਸ ਨੂੰ ਪੂਰੀ ਮਲਕੀਅਤ ਨਾਲ ਏਸ਼ੀਆ ਦੇ ਦੇਸ਼ਾਂ ਨਾਲ ਵਪਾਰ ਕਰਨ ਦੀ ਇਜਾਜ਼ਤ ਦਿੱਤੀ।

ਪਰ ਅੰਗਰੇਜ਼ਾਂ ਨੇ ਇੱਕ ਕੰਮ ਕੀਤਾ ਜੋ ਇਨ੍ਹਾਂ ਤੋਂ ਪਹਿਲਾਂ ਆਉਣ ਵਾਲੇ ਦੋਵੇਂ ਯੂਰਪੀ ਦੇਸ਼ਾਂ ਤੋਂ ਨਹੀਂ ਹੋ ਸਕਦਾ ਸੀ।

ਸਰ ਥਾਮਸ ਰੋ ਦੇ ਅਥਕ ਕੂਟਨੀਤਕ ਯਤਨਾਂ ਤੋਂ ਬਾਅਦ ਕੰਪਨੀ ਨੂੰ ਸੂਰਤ ਵਿੱਚ ਸੁਤੰਤਰ ਤੌਰ ਤੇ ਵਪਾਰ ਕਰਨ ਦਾ ਅਧਿਕਾਰ ਮਿਲ ਗਿਆ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਰ ਥਾਮਸ ਰੋ ਦੇਕੂਟਨੀਤਕ ਯਤਨਾਂ ਤੋਂ ਬਾਅਦ ਕੰਪਨੀ ਨੂੰ ਸੂਰਤ ਵਿੱਚ ਸੁਤੰਤਰ ਤੌਰ ਤੇ ਵਪਾਰ ਕਰਨ ਦਾ ਅਧਿਕਾਰ ਮਿਲ ਗਿਆ

ਉਨ੍ਹਾਂ ਨੇ ਸਿਰਫ਼ ਯੁੱਧ ਦੇ ਵਪਾਰ 'ਤੇ ਸਾਰੀ ਊਰਜਾ ਖਰਚ ਨਹੀਂ ਕੀਤੀ, ਬਲਕਿ ਦੂਤਾਵਾਸ ਦੇ ਕੰਮ 'ਤੇ ਬਹੁਤ ਧਿਆਨ ਦਿੱਤਾ।

ਇਹੀ ਵਜ੍ਹਾ ਹੈ ਕਿ ਉਨ੍ਹਾਂ ਨੇ ਥਾਮਸ ਰੋ ਵਰਗੇ ਰਾਜਦੂਤ ਨੂੰ ਭਾਰਤ ਭੇਜਿਆ ਤਾਂ ਕਿ ਉਹ ਈਸਟ ਇੰਡੀਆ ਕੰਪਨੀ ਲਈ ਦਰਵਾਜ਼ਾ ਖੋਲ੍ਹ ਸਕੇ।

ਮੁਗ਼ਲਾਂ ਵੱਲੋਂ ਆਗਿਆ ਮਿਲਣ ਦੇ ਬਾਅਦ ਅੰਗਰੇਜ਼ਾਂ ਨੇ ਭਾਰਤ ਦੇ ਵੱਖ-ਵੱਖ ਤੱਟੀ ਸ਼ਹਿਰਾਂ ਵਿੱਚ ਇੱਕ ਤੋਂ ਬਾਅਦ ਇੱਕ ਆਪਣੇ ਵਪਾਰਕ ਅੱਡੇ ਸਥਾਪਿਤ ਕਰਨੇ ਸ਼ੁਰੂ ਕਰ ਦਿੱਤੇ, ਜਿਨ੍ਹਾਂ ਨੂੰ ਫੈਕਟਰੀਆਂ ਕਿਹਾ ਜਾਂਦਾ ਸੀ।

ਇਨ੍ਹਾਂ ਫੈਕਟਰੀਆਂ ਤੋਂ ਉਨ੍ਹਾਂ ਨੇ ਮਸਾਲੇ, ਰੇਸ਼ਮ ਅਤੇ ਦੂਜੀਆਂ ਚੀਜ਼ਾਂ ਦਾ ਵਪਾਰ ਸ਼ੁਰੂ ਕਰ ਦਿੱਤਾ ਜਿਸ ਵਿੱਚ ਉਨ੍ਹਾਂ ਨੂੰ ਜ਼ਬਰਦਸਤ ਫਾਇਦਾ ਤਾਂ ਹੁੰਦਾ ਰਿਹਾ, ਪਰ ਜਲਦੀ ਹੀ ਮਾਮਲਾ ਸਿਰਫ਼ ਵਪਾਰ ਤੋਂ ਅੱਗੇ ਵਧ ਗਿਆ।

ਬੀਬੀਸੀ
ਬੀਬੀਸੀ

ਜੋੜ-ਤੋੜ

ਕਿਉਂਕਿ ਈਸਟ ਇੰਡੀਆ ਕੰਪਨੀ ਦੀਆਂ ਦੂਜੇ ਯੂਰਪੀ ਦੇਸ਼ਾਂ ਨਾਲ ਅਕਸਰ ਲੜਾਈਆਂ ਚੱਲਦੀਆਂ ਰਹਿੰਦੀਆਂ ਸਨ ਅਤੇ ਇਹ ਇੱਕ ਦੂਜੇ ਦਾ ਮਾਲ ਲੁੱਟਣ ਵਿੱਚ ਕੋਈ ਸ਼ਰਮ ਮਹਿਸੂਸ ਨਹੀਂ ਕਰਦੇ ਸਨ। ਇਸ ਲਈ ਅੰਗਰੇਜ਼ਾਂ ਨੇ ਆਪਣੀਆਂ ਫੈਕਟਰੀਆਂ ਵਿੱਚ ਵੱਡੀ ਸੰਖਿਆ ਵਿੱਚ ਸਥਾਨਕ ਸਿਪਾਹੀ ਭਰਤੀ ਕਰਨੇ ਸ਼ੁਰੂ ਕਰ ਦਿੱਤੇ।

ਜ਼ਿਆਦਾ ਸਮਾਂ ਨਹੀਂ ਲੰਘਿਆ ਕਿ ਇਹ ਫੈਕਟਰੀਆਂ ਫੈਲ ਕੇ ਕਿਲ੍ਹਿਆਂ ਅਤੇ ਛਾਉਣੀਆਂ ਦੀ ਸ਼ਕਲ ਅਖ਼ਤਿਆਰ ਕਰਨ ਲੱਗੀਆਂ।

ਜਦੋਂ ਕੰਪਨੀ ਦੀ ਸੈਨਿਕ ਅਤੇ ਆਰਥਿਕ ਸਥਿਤੀ ਮਜ਼ਬੂਤ ਹੋਈ ਤਾਂ ਇਸ ਦੇ ਅਧਿਕਾਰੀ ਸਥਾਨਕ ਰਿਆਸਤਾਂ ਦੇ ਆਪਸੀ ਲੜਾਈ-ਝਗੜਿਆਂ ਵਿੱਚ ਸ਼ਾਮਲ ਹੋਣ ਲੱਗੇ।

ਕਿਸੇ ਰਾਜੇ ਨੂੰ ਸਿਪਾਹੀਆਂ ਦੇ ਦਸਤੇ ਭਿਜਵਾ ਦਿੱਤੇ, ਕਿਸੇ ਨਵਾਬ ਨੂੰ ਆਪਣੇ ਦੁਸ਼ਮਣਾਂ ਨੂੰ ਨੀਵੇਂ ਕਰਨ ਲਈ ਤੋਪਾਂ ਦੇ ਦਿੱਤੀਆਂ, ਤਾਂ ਕਿਸੇ ਨੂੰ ਸਖ਼ਤ ਜ਼ਰੂਰਤ ਵੇਲੇ ਪੈਸਾ ਉਧਾਰ ਦੇ ਦਿੱਤਾ।

ਇਸ ਜੋੜ-ਤੋੜ ਰਾਹੀਂ ਉਨ੍ਹਾਂ ਨੇ ਹੌਲੀ-ਹੌਲੀ ਆਪਣੇ ਪੈਰ ਤੱਟੀ ਇਲਾਕਿਆਂ ਤੋਂ ਦੂਰ ਤੱਕ ਫੈਲਾ ਦਿੱਤੇ।

ਲਗਾਤਾਰ ਫੈਲਾਅ ਦੇ ਇਸ ਸਫ਼ਰ ਵਿੱਚ ਸਭ ਤੋਂ ਅਹਿਮ ਮੋੜ 1757 ਵਿੱਚ ਲੜੀ ਜਾਣ ਵਾਲੀ ਜੰਗ-ਏ-ਪਲਾਸੀ ਹੈ, ਜਿਸ ਵਿੱਚ ਈਸਟ ਇੰਡੀਆ ਕੰਪਨੀ ਦੇ ਇੱਕ ਕਲਰਕ ਰਾਬਰਟ ਕਲਾਈਵ ਦੇ ਤਿੰਨ ਹਜ਼ਾਰ ਸਿਪਾਹੀਆਂ ਨੇ ਬੰਗਾਲ ਦੇ ਨਵਾਬ ਸਿਰਾਜੁਦੌਲਾ ਦੀ 50 ਹਜ਼ਾਰ ਫੌਜ ਨੂੰ ਮਾਤ ਦਿੱਤੀ।

ਬ੍ਰਿਟੇਨ ਭਾਰਤ ਤੋਂ ਕਿੰਨੀ ਦੌਲਤ ਲੁੱਟ ਕੇ ਲੈ ਗਿਆ?

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਹਿੰਦੁਸਤਾਨ ਵਿੱਚ ਅਕਾਲ ਕਾਰਨ ਕਰੋੜਾਂ ਲੋਕਾਂ ਦੀਆਂ ਮੌਤਾਂ ਹੋਈਆਂ

ਕਿਵੇਂ ਮਾਤ ਦਿੱਤੀ, ਇਹ ਕਹਾਣੀ 'ਮੋਤਾਲਾਏ ਪਾਕਿਸਤਾਨ' ਦੀ ਪੁਸਤਕ ਵਿੱਚ ਦਰਜ ਹੈ।

ਬਸ ਇਸ ਕਹਾਣੀ ਦਾ ਨੈਤਿਕ ਨਤੀਜਾ ਯਾਦ ਰੱਖੋ ਕਿ ਜੰਗ ਦੇ ਬਾਅਦ ਕਲਾਈਵ ਨੇ ਸਿਰਾਜੁਦੌਲਾ ਦਾ ਸਦੀਆਂ ਤੋਂ ਜਮ੍ਹਾਂ ਕੀਤਾ ਹੋਇਆ ਖ਼ਜ਼ਾਨਾ ਸਮੁੰਦਰੀ ਜਹਾਜ਼ਾਂ ਵਿੱਚ ਲੱਦ ਕੇ ਬਿਲਕੁਲ ਉਸੀ ਤਰ੍ਹਾਂ ਲੰਡਨ ਪਹੁੰਚਾ ਦਿੱਤਾ।

ਜਿਸ ਤਰ੍ਹਾਂ, ਇਸ ਤੋਂ 18 ਸਾਲ ਪਹਿਲਾਂ ਨਾਦਿਰ ਸ਼ਾਹ ਦਿੱਲੀ ਦੀ ਦੌਲਤ ਦੋਵੇਂ ਹੱਥਾਂ ਨਾਲ ਨਿਚੋੜ ਕੇ ਈਰਾਨ ਲੈ ਗਿਆ ਸੀ।

ਪਰ ਕਲਾਈਵ ਨੇ ਤਮਾਮ ਦੌਲਤ ਸ਼ਾਹੀ ਖ਼ਜ਼ਾਨੇ ਵਿੱਚ ਜਮ੍ਹਾਂ ਨਹੀਂ ਕਰਵਾਈ ਬਲਕਿ ਆਪਣੇ ਲਈ ਵੀ ਕੁਝ ਹਿੱਸਾ ਰੱਖ ਲਿਆ, ਜਿਸ ਦੀ ਕੀਮਤ ਅੱਜਕੱਲ੍ਹ ਦੇ ਹਿਸਾਬ ਨਾਲ ਤਿੰਨ ਕਰੋੜ ਡਾਲਰ ਬਣਦੀ ਹੈ।

ਇਸ ਪੈਸੇ ਨਾਲ ਬ੍ਰਿਟੇਨ ਵਿੱਚ ਇੱਕ ਸ਼ਾਨਦਾਰ ਮਹਿਲ ਬਣਵਾਇਆ ਅਤੇ ਬਹੁਤ ਜ਼ਮੀਨ ਖਰੀਦੀ ਜਿਸ ਦਾ ਨਾਂ 'ਪਲਾਸੀ' ਰੱਖਿਆ।

ਇੰਨਾ ਹੀ ਨਹੀਂ, ਉਸ ਨੇ ਪੈਸਾ ਦੇ ਕੇ ਨਾ ਸਿਰਫ਼ ਆਪਣੇ ਲਈ ਬਲਕਿ ਆਪਣੇ ਬਾਪ ਲਈ ਵੀ ਸੰਸਦ ਦੀ ਸੀਟ ਖਰੀਦ ਲਈ। ਬਾਅਦ ਵਿੱਚ ਇਸ ਨੂੰ 'ਸਰ' ਦਾ ਖਿਤਾਬ ਵੀ ਦੇ ਦਿੱਤਾ ਗਿਆ।

ਵੀਡੀਓ ਕੈਪਸ਼ਨ, ਕੋਹਿਨੂਰ : ਮਹਾਰਾਜਾ ਰਣਜੀਤ ਸਿੰਘ ਤੇ ਫਿਰ ਇੰਗਲੈਂਡ ਦੀ ਮਹਾਰਾਣੀ ਕੋਲ ਪਹੁੰਚਣ ਦੀ ਕਹਾਣੀ

'ਹੱਥ ਇੰਨਾ ਹੌਲਾ ਕਿਉਂ ਰੱਖਿਆ!'

ਪਰ ਇਸੀ ਦੌਰਾਨ ਬੰਗਾਲ ਵਿੱਚ ਪੈਣ ਵਾਲੇ ਖੌਫ਼ਨਾਕ ਅਕਾਲ ਅਤੇ ਉਸ ਦੇ ਨਤੀਜੇ ਵਿੱਚ ਸੂਬੇ ਦੀ ਇੱਕ ਤਿਹਾਈ ਆਬਾਦੀ ਦੇ ਖ਼ਤਮ ਹੋ ਜਾਣ ਦੀਆਂ ਖ਼ਬਰਾਂ ਇੰਗਲੈਂਡ ਪਹੁੰਚਣੀਆਂ ਸ਼ੁਰੂ ਹੋ ਗਈਆਂ ਸਨ।

ਜਿਨ੍ਹਾਂ ਦਾ ਕਾਰਨ ਲਾਰਡ ਕਲਾਈਵ ਦੀਆਂ ਨੀਤੀਆਂ ਨੂੰ ਕਰਾਰ ਦਿੱਤਾ ਗਿਆ।

ਲਾਟ ਸਾਹਬ 'ਤੇ ਉਂਗਲੀਆਂ ਉੱਠਣ ਲੱਗੀਆਂ, ਕਰਦੇ ਕਰਾਉਂਦੇ ਨੌਬਤ ਸੰਸਦ ਵਿੱਚ ਇਕਰਾਰਨਾਮਾ ਪੇਸ਼ ਹੋਣ ਤੱਕ ਜਾ ਪਹੁੰਚੀ।

ਇਹ ਇਕਰਾਰਨਾਮਾ ਤਾਂ ਖ਼ੈਰ ਮਨਜ਼ੂਰ ਨਹੀਂ ਹੋ ਸਕਿਆ, ਕਿਉਂਕਿ ਉਸ ਜ਼ਮਾਨੇ ਵਿੱਚ ਸੰਸਦ ਦੇ ਇੱਕ ਚੌਥਾਈ ਦੇ ਲਗਭਗ ਮੈਂਬਰਾਂ ਦਾ ਖ਼ੁਦ ਈਸਟ ਇੰਡੀਆ ਕੰਪਨੀ ਵਿੱਚ ਹਿੱਸਾ ਸੀ।

ਬਹਿਸ ਦੇ ਦੌਰਾਨ ਕਲਾਈਵ ਨੇ ਸਮਝਦਾਰੀ ਨਾਲ ਕੰਮ ਲੈਂਦੇ ਹੋਏ ਆਪਣੀ ਦੌਲਤ ਦੇ ਬਾਰੇ ਕਿਹਾ, ''ਮੈਂ ਤਾਂ ਖ਼ੁਦ ਬੇਹੱਦ ਹੈਰਾਨ ਹਾਂ ਕਿ ਮੈਂ ਹੱਥ ਨੂੰ ਇਸ ਕਦਰ 'ਹੌਲਾ' ਕਿਉਂ ਰੱਖਿਆ!' ਨਹੀਂ ਤਾਂ ਉਹ ਚਾਹੁੰਦੇ ਤਾਂ ਇਸ ਤੋਂ ਕਿਧਰੇ ਜ਼ਿਆਦਾ ਮਾਲ ਅਤੇ ਸੋਨਾ ਸਮੇਟ ਕੇ ਲਿਆ ਸਕਦੇ ਸਨ।"

ਹਾਲਾਂਕਿ, ਭਾਰਤ ਵਿੱਚ ਵਾਪਰਨ ਵਾਲੀ ਤਬਾਹੀ ਦੇ ਪ੍ਰਭਾਵ ਕਿਸੇ ਨਾ ਕਿਸੇ ਹੱਦ ਤੱਕ ਕਲਾਈਵ ਦੇ ਦਿਲ ਅਤੇ ਦਿਮਾਗ਼ 'ਤੇ ਪੈਣ ਲੱਗੇ ਅਤੇ ਉਸ ਨੇ ਵੱਡੀ ਮਾਤਰਾ ਵਿੱਚ ਅਫ਼ੀਮ ਖਾਣੀ ਸ਼ੁਰੂ ਕਰ ਦਿੱਤੀ।

ਨਤੀਜਾ ਇਹ ਨਿਕਲਿਆ ਕਿ ਉਹ 1774 ਵਿੱਚ ਆਪਣੇ ਕਮਰੇ ਵਿੱਚ ਭੇਤਭਰੀ ਹਾਲਤ ਵਿੱਚ ਮ੍ਰਿਤਕ ਮਿਲਿਆ।

ਬ੍ਰਿਟੇਨ ਭਾਰਤ ਤੋਂ ਕਿੰਨੀ ਦੌਲਤ ਲੁੱਟ ਕੇ ਲੈ ਗਿਆ?

ਤਸਵੀਰ ਸਰੋਤ, Edward Duncan

ਤਸਵੀਰ ਕੈਪਸ਼ਨ, ਇਹ ਕੰਪਨੀ ਭਾਰਤ ਵਿੱਚ ਅਫੀਮ ਉਗਾਉਂਦੀ ਸੀ ਤੇ ਇਸ ਦਾ ਵੱਡਾ ਹਿੱਸਾ ਚੀਨ ਲਿਜਾ ਕੇ ਮਹਿੰਗੇ ਭਾਅ ਵੇਚ ਦਿੱਤਾ ਜਾਂਦਾ ਸੀ

ਇਹ ਪਹੇਲੀ ਅੱਜ ਤੱਕ ਹੱਲ ਨਹੀਂ ਹੋ ਸਕੀ ਕਿ ਕਲਾਈਵ ਨੇ ਆਤਮਹੱਤਿਆ ਕੀਤੀ ਸੀ ਜਾਂ ਅਫ਼ੀਮ ਦੀ ਜ਼ਿਆਦਾ ਖੁਰਾਕ ਜਾਨਲੇਵਾ ਸਾਬਤ ਹੋਈ।

ਪਰ ਇਹ ਗੱਲ ਬਿਲਕੁਲ ਸਪੱਸ਼ਟ ਹੈ ਕਿ ਉਸ ਦੀਆਂ ਭਾਰਤ ਵਿੱਚ ਰਣਨੀਤੀਆਂ ਦੇ ਬਾਅਦ ਈਸਟ ਇੰਡੀਆ ਕੰਪਨੀ ਜਿਸ ਰਸਤੇ 'ਤੇ ਚੱਲ ਪਈ, ਉਹ ਭਾਰਤ ਦੀ ਆਜ਼ਾਦੀ ਲਈ ਜ਼ਰੂਰ ਜਾਨਲੇਵਾ ਸਾਬਤ ਹੋਇਆ।

ਇਸ ਦੌਰਾਨ ਮੁਗ਼ਲ ਕੁਝ ਆਪਣੀਆਂ ਅਯੋਗਤਾਵਾਂ ਅਤੇ ਕੁਝ ਵਿਦੇਸ਼ੀ ਹਮਲਿਆਂ ਨਾਲ ਇਸ ਕਦਰ ਕਮਜ਼ੋਰ ਹੋ ਚੁੱਕੇ ਸਨ ਕਿ ਉਹ ਦੂਰ ਹੀ ਦੂਰ ਤੋਂ ਅੰਗਰੇਜ਼ਾਂ ਦੇ ਰਸੂਖ਼ ਨੂੰ ਦਿਨ ਦੁੱਗਣਾ, ਰਾਤ ਚੌਗੁਣਾ ਵਧਦੇ ਦੇਖਣ ਦੇ ਇਲਾਵਾ ਕੁਝ ਨਾ ਕਰ ਸਕੇ।

ਅਜਿਹੇ ਵਿੱਚ ਪਲਾਸੀ ਦੀ ਜੰਗ ਦੇ ਸਿਰਫ਼ ਅੱਧੀ ਸਦੀ ਬਾਅਦ ਈਸਟ ਇੰਡੀਆ ਕੰਪਨੀ ਦੇ ਸਿਪਾਹੀਆਂ ਦੀ ਸੰਖਿਆ ਢਾਈ ਲੱਖ ਤੋਂ ਪਾਰ ਹੋ ਗਈ।

ਉਨ੍ਹਾਂ ਨੇ ਬੰਗਾਲ ਤੋਂ ਨਿਕਲ ਕੇ ਭਾਰਤ ਦੇ ਵੱਡੇ ਹਿੱਸੇ 'ਤੇ ਆਪਣਾ ਦਬਦਬਾ ਕਾਇਮ ਕਰ ਲਿਆ।

ਮੁਗ਼ਲ ਬਾਦਸ਼ਾਹ ਕੰਪਨੀ ਦੇ ਵਜ਼ੀਫੇ 'ਤੇ ਨਿਰਭਰ

ਨੌਬਤ ਇੱਥੋਂ ਤੱਕ ਪਹੁੰਚ ਗਈ ਕਿ 1803 ਦੇ ਆਉਂਦੇ-ਆਉਂਦੇ ਦਿੱਲੀ ਦੇ ਤਖ਼ਤ 'ਤੇ ਬੈਠਾ ਮੁਗ਼ਲ ਬਾਦਸ਼ਾਹ ਸ਼ਾਹ ਆਲਮ ਈਸਟ ਇੰਡੀਆ ਕੰਪਨੀ ਦੇ ਵਜ਼ੀਫੇ 'ਤੇ ਨਿਰਭਰ ਹੋ ਕੇ ਰਹਿ ਗਿਆ।

ਇੱਕ ਜ਼ਮਾਨਾ ਸੀ ਕਿ ਇਸੀ ਸ਼ਾਹ ਆਲਮ ਦੇ ਪੁਰਖੇ ਜਹਾਂਗੀਰ ਦੇ ਅੱਗੇ ਬ੍ਰਿਟਿਸ਼ ਰਾਜਦੂਤ ਸਰ ਥਾਮਸ ਰੋ ਗੋਡਿਆਂ ਦੇ ਭਾਰ ਝੁਕਦਾ ਸੀ।

ਹੁਣ ਇਹ ਹਾਲਤ ਸੀ ਕਿ ਇਸ ਨੂੰ ਈਸਟ ਇੰਡੀਆ ਕੰਪਨੀ ਦੇ ਇੱਕ ਕਲਰਕ ਨੂੰ ਝੁਕ ਕੇ ਪੂਰੇ ਬੰਗਾਲ ਦਾ ਅਖ਼ਤਿਆਰਨਾਮਾ (ਅਧਿਕਾਰ ਪੱਤਰ) ਪੇਸ਼ ਕਰਨਾ ਪਿਆ।

ਇਹ ਗੱਲ ਹੈਰਾਨ ਕਰ ਦੇਣ ਵਾਲੀ ਹੈ ਕਿ ਇਹ ਸਾਰਾ ਕੰਮ ਬ੍ਰਿਟਿਸ਼ ਸਰਕਾਰ ਨੇ ਨਹੀਂ, ਬਲਕਿ ਇੱਕ ਕੰਪਨੀ ਨੇ ਕੀਤਾ ਜਿਸ ਦਾ ਸਿਰਫ਼ ਇੱਕ ਅਸੂਲ ਸੀ, ਹਰ ਸੰਭਵ ਹੱਥਕੰਡੇ ਵਰਤ ਕੇ ਜ਼ਿਆਦਾ ਤੋਂ ਜ਼ਿਆਦਾ ਮੁਨਾਫਾ ਕਮਾਉਣਾ।

ਇਹ ਕੰਪਨੀ ਲੰਡਨ ਦੇ ਇੱਕ ਇਲਾਕੇ ਵਿੱਚ ਇੱਕ ਛੋਟੀ ਜਿਹੀ ਬਿਲਡਿੰਗ ਤੋਂ ਕੰਮ ਕਰਦੀ ਸੀ ਅਤੇ ਸਥਾਪਨਾ ਦੀ ਇੱਕ ਸਦੀ ਬਾਅਦ ਤੱਕ ਵੀ ਇਸ ਦੇ ਸਥਾਈ ਕਰਮਚਾਰੀਆਂ ਦੀ ਸੰਖਿਆ ਸਿਰਫ਼ 35 ਸੀ।

ਪਰ ਇਸ ਦੇ ਬਾਵਜੂਦ ਦੁਨੀਆ ਦੇ ਇਤਿਹਾਸ ਵਿੱਚ ਕੋਈ ਕੰਪਨੀ ਅਜਿਹੀ ਨਹੀਂ ਜਿਸ ਕੋਲ ਇੰਨੀ ਤਾਕਤ ਹੋਵੇ।

ਲੰਡਨ ਵਿੱਚ ਈਸਟ ਇੰਡੀਆ ਕੰਪਨੀ ਦਾ ਹੈੱਡਕੁਆਰਟਰ

ਤਸਵੀਰ ਸਰੋਤ, Heritage Image Partnership Ltd/Alamy

ਤਸਵੀਰ ਕੈਪਸ਼ਨ, ਲੰਡਨ ਵਿੱਚ ਈਸਟ ਇੰਡੀਆ ਕੰਪਨੀ ਦਾ ਹੈੱਡਕੁਆਰਟਰ

ਜੇਕਰ ਤੁਹਾਨੂੰ ਸ਼ਿਕਾਇਤ ਹੈ ਕਿ ਅੱਜ ਦੀਆਂ ਮਲਟੀਨੈਸ਼ਨਲ ਕੰਪਨੀਆਂ ਬਹੁਤ ਤਾਕਤਵਰ ਹੋ ਗਈਆਂ ਹਨ ਅਤੇ ਉਹ ਵਿਭਿੰਨ ਦੇਸ਼ਾਂ ਦੀਆਂ ਨੀਤੀਆਂ 'ਤੇ ਪ੍ਰਭਾਵ ਪਾ ਰਹੀਆਂ ਹਨ।

ਤੁਸੀਂ ਫਿਰ ਹੁਣ ਜ਼ਰਾ ਸੋਚ ਕੇ ਦੇਖੋ ਕਿ ਗੂਗਲ, ਫੇਸਬੁੱਕ, ਐਪਲ, ਮਾਈਕਰੋਸਾਫਟ ਅਤੇ ਸੈਮਸੰਗ ਮਿਲ ਕੇ ਇੱਕ ਕੰਪਨੀ ਬਣ ਜਾਣ ਜਿਸ ਕੋਲ ਆਪਣੇ ਆਧੁਨਿਕ ਹਥਿਆਰਾਂ ਨਾਲ ਲੈਸ ਫੌਜ ਹੋਵੇ ਅਤੇ ਜੋ ਦੇਸ਼ ਉਸ ਦੇ ਪ੍ਰੋਡਕਟ ਖਰੀਦਣ ਤੋਂ ਇਨਕਾਰ ਕਰਨ, ਇਹ ਕੰਪਨੀ ਉਸ ਦੇ ਸਿਰ ਚੜ੍ਹ ਜਾਵੇ।

ਅਫ਼ੀਮ ਕਿਉਂ ਨਹੀਂ ਖਰੀਦਦੇ?

ਈਸਟ ਇੰਡੀਆ ਕੰਪਨੀ ਨੇ ਬਿਲਕੁਲ ਇਹੀ ਕੰਮ ਚੀਨ ਨਾਲ ਕੀਤਾ।

ਇਹ ਕੰਪਨੀ ਭਾਰਤ ਵਿੱਚ ਅਫ਼ੀਮ ਉਗਾਉਂਦੀ ਸੀ, ਇਸ ਦਾ ਵੱਡਾ ਹਿੱਸਾ ਚੀਨ ਲੈ ਜਾ ਕੇ ਮਹਿੰਗੀ ਕੀਮਤ 'ਤੇ ਵੇਚਿਆ ਜਾਂਦਾ ਸੀ।

ਜਦੋਂ ਚੀਨੀਆਂ ਨੂੰ ਅਹਿਸਾਸ ਹੋਇਆ ਕਿ ਇਹ ਤਾਂ ਸਾਡੇ ਨਾਲ ਘਪਲਾ ਹੋ ਰਿਹਾ ਹੈ, ਤਾਂ ਉਨ੍ਹਾਂ ਨੇ ਅੱਗੇ ਤੋਂ ਅਫ਼ੀਮ ਖਰੀਦਣ ਲਈ ਮੁਆਫ਼ੀ ਮੰਗ ਲਈ।

ਕੰਪਨੀ ਆਪਣੇ ਮੁਨਾਫੇ ਵਿੱਚ ਕਮੀ ਨੂੰ ਕਿਵੇਂ ਬਰਦਾਸ਼ਤ ਕਰਦੀ। ਇਸ ਨੇ 1839 ਵਿੱਚ ਕੁਝ ਤੋਪ ਵਾਹਕ ਜਹਾਜ਼ ਚੀਨ ਭੇਜ ਕੇ ਚੀਨ ਦਾ ਸਮੁੰਦਰੀ ਬੇੜਾ ਤਹਿਸ ਨਹਿਸ ਕਰ ਦਿੱਤਾ।

ਚੀਨੀ ਬਾਦਸ਼ਾਹ ਨੇ ਆਪਣੀ ਗ਼ਲਤੀ ਸਵੀਕਾਰ ਕਰਦੇ ਹੋਏ ਨਾ ਸਿਰਫ਼ ਅਫ਼ੀਮ ਦੇ ਆਯਾਤ ਤੋਂ ਪਾਬੰਦੀ ਹਟਾ ਲਈ ਬਲਕਿ ਬਤੌਰ ਜੁਰਮਾਨਾ ਹਾਂਗਕਾਂਗ ਵੀ ਬ੍ਰਿਟੇਨ ਨੂੰ ਦੇ ਦਿੱਤਾ ਜੋ 1997 ਵਿੱਚ ਕਿਧਰੇ ਜਾ ਕੇ ਵਾਪਸ ਚੀਨ ਨੂੰ ਮਿਲਿਆ।

ਇਸ ਦੌਰਾਨ ਈਸਟ ਇੰਡੀਆ ਕੰਪਨੀ ਨੇ ਭਾਰਤ ਵਿੱਚ ਆਪਣੀ ਪੇਸ਼ਕਦਮੀ ਜਾਰੀ ਰੱਖੀ ਅਤੇ ਇੱਕ ਦੇ ਬਾਅਦ ਇੱਕ ਰਿਆਸਤ, ਇੱਕ ਦੇ ਬਾਅਦ ਇੱਕ ਰਜਵਾੜਾ ਇਨ੍ਹਾਂ ਦੀ ਝੋਲੀ ਵਿੱਚ ਡਿੱਗਦਾ ਰਿਹਾ।

1818 ਵਿੱਚ ਇਨ੍ਹਾਂ ਨੇ ਮਰਹੱਟਿਆਂ ਦੀ ਸਲਤਨਤ ਹਥਿਆਈ। ਇਸ ਦੇ ਬਾਅਦ ਅਗਲੇ ਕੁਝ ਦਹਾਕਿਆਂ ਵਿੱਚ ਸਿੱਖਾਂ ਨੂੰ ਮਾਤ ਦੇ ਕੇ ਤਮਾਮ ਪੱਛਮੀ ਭਾਰਤ ਯਾਨੀ ਅੱਜ ਦੇ ਪਾਕਿਤਸਾਨ 'ਤੇ ਵੀ ਕਾਬਜ਼ ਹੋ ਗਈ।

ਵੀਡੀਓ ਕੈਪਸ਼ਨ, ਕੋਹਿਨੂਰ

ਹੁਣ ਦੱਰਾ-ਏ-ਖ਼ੈਬਰ ਤੋਂ ਲੈ ਕੇ ਬਰਮਾ ਅਤੇ ਹਿਮਾਲਿਆ ਦੀਆਂ ਬਰਫ਼ੀਲੀਆਂ ਚੋਟੀਆਂ ਤੱਕ ਇਨ੍ਹਾਂ ਦਾ ਰਾਜ ਸੀ।

ਇਹ ਕਹਾਣੀ ਐਵੇਂ ਹੀ ਚੱਲਦੀ ਰਹੀ, ਪਰ ਫਿਰ ਬਦਕਿਸਮਤੀ ਨੇ ਘੇਰਾ ਪਾ ਲਿਆ। 1857 ਵਿੱਚ ਕੰਪਨੀ ਦੇ ਆਪਣੇ ਹੀ ਤਨਖਾਹ ਲੈਣ ਵਾਲੇ ਸਿਪਾਹੀਆਂ ਨੇ ਬਗ਼ਾਵਤ ਕਰ ਦਿੱਤੀ।

ਇਸ ਦੌਰਾਨ ਵੱਡੇ ਪੱਧਰ 'ਤੇ ਖ਼ੂਨ-ਖ਼ਰਾਬਾ ਹੋਇਆ। ਇਸ ਜ਼ਮਾਨੇ ਵਿੱਚ ਅਖ਼ਬਾਰ ਆਮ ਹੋ ਗਏ ਸਨ।

ਇਨ੍ਹਾਂ ਸਾਰੀਆਂ ਗੜਬੜਾਂ ਦੀ ਖ਼ਬਰ ਇੰਗਲੈਂਡ ਤੱਕ ਪਹੁੰਚੀ। ਹੁੰਦੇ-ਹੁੰਦੇ ਕੰਪਨੀ ਦੀ ਧਾਰਨਾ ਅਜਿਹੀ ਹੋ ਗਈ ਕਿ ਅੰਤ ਸੰਸਦ ਨੂੰ ਜਨਤਾ ਦੇ ਦਬਾਅ ਵਿੱਚ ਇਸ ਕੰਪਨੀ ਦੇ ਰਾਸ਼ਟਰੀਕਰਨ ਦਾ ਫ਼ੈਸਲਾ ਕਰਨਾ ਪਿਆ।

ਭਾਰਤ ਸਿੱਧਾ ਬ੍ਰਿਟਿਸ਼ ਸਰਕਾਰ ਅਧੀਨ ਆ ਕੇ ਮਹਾਰਾਣੀ ਵਿਕਟੋਰੀਆ ਦੇ 'ਤਾਜ ਦਾ ਸਭ ਤੋਂ ਨਾਯਾਬ ਹੀਰਾ' ਬਣ ਗਿਆ।

ਈਸਟ ਇੰਡੀਆ ਕੰਪਨੀ ਫਿਰ ਵੀ ਕੁਝ ਸਾਲ ਘੜੀਸ-ਘੜੀਸ ਕੇ ਜ਼ਿੰਦਗੀ ਗੁਜ਼ਾਰਦੀ ਰਹੀ, ਪਰ ਕਦੋਂ ਤੱਕ।

ਆਖਿਰ 01 ਜੂਨ 1874 ਨੂੰ ਪੌਣੈ ਤਿੰਨ ਸੌ ਸਾਲ ਦੀ ਲੰਬੀ ਸ਼ਾਨ ਅਤੇ ਸ਼ੌਕਤ ਦੇ ਬਾਅਦ ਇਹ ਕੰਪਨੀ ਭੰਗ ਹੋ ਗਈ।

ਨਾ ਕੋਈ ਜਨਾਜ਼ਾ ਨਾ ਕੋਈ ਮਜ਼ਾਰ

ਅੱਜ ਲੰਡਨ ਵਿੱਚ ਲੀਡਨ ਹਾਲ ਸਟਰੀਟ 'ਤੇ ਜਿਸ ਜਗ੍ਹਾ ਕੰਪਨੀ ਦਾ ਹੈੱਡਕੁਆਰਟਰ ਸੀ, ਉੱਥੇ ਬੈਂਕ ਦੀ ਚਮਚਮਾਉਂਦੀ ਇਮਾਰਤ ਖੜੀ ਹੈ ਅਤੇ ਕਿਧਰੇ ਕੋਈ ਯਾਦਗਾਰ, ਕੋਈ ਮੂਰਤੀ, ਇੱਥੋਂ ਤੱਕ ਕਿ ਕੋਈ ਬੋਰਡ ਤੱਕ ਸਥਾਪਿਤ ਨਹੀਂ ਹੈ। ਨਾ ਕੋਈ ਜਨਾਜ਼ਾ ਉੱਠਿਆ, ਨਾ ਕੋਈ ਮਜ਼ਾਰ ਬਣੀ।

ਕੰਪਨੀ ਦੀ ਬੇਸ਼ੱਕ ਕੋਈ ਯਾਦਗਾਰ ਹੋਵੇ ਨਾ ਹੋਵੇ, ਪਰ ਉਸ ਨੇ ਜੋ ਕੰਮ ਕੀਤਾ, ਉਸ ਦੇ ਪ੍ਰਭਾਵ ਨੂੰ ਹੁਣ ਤੱਕ ਮਹਿਸੂਸ ਕੀਤਾ ਜਾ ਸਕਦਾ ਹੈ।

ਸ਼ਾਇਦ ਇਹ ਗੱਲ ਜਾਣ ਕੇ ਬਹੁਤਿਆਂ ਨੂੰ ਹੈਰਾਨੀ ਹੋਵਗੀ ਕਿ ਇਸ ਕੰਪਨੀ ਦੇ ਪ੍ਰਭਾਵ ਤੋਂ ਪਹਿਲਾਂ ਔਰੰਗਜ਼ੇਬ ਆਲਮਗੀਰ ਦੇ ਦੌਰ ਵਿੱਚ ਭਾਰਤ ਦੁਨੀਆਂ ਦਾ ਅਮੀਰ ਦੇਸ਼ ਸੀ।

ਬ੍ਰਿਟੇਨ ਭਾਰਤ ਤੋਂ ਕਿੰਨੀ ਦੌਲਤ ਲੁੱਟ ਕੇ ਲੈ ਗਿਆ?

ਤਸਵੀਰ ਸਰੋਤ, Contraband Collection/Alamy

ਤਸਵੀਰ ਕੈਪਸ਼ਨ, ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦਾ ਇੱਕ ਗੋਦਾਮ

ਇਹ ਦੁਨੀਆ ਦੀ ਕੁੱਲ ਜੀਡੀਪੀ ਦਾ ਇੱਕ ਚੌਥਾਈ ਹਿੱਸਾ ਪੈਦਾ ਕਰਦਾ ਸੀ। ਜਦਕਿ ਇਸੀ ਦੌਰਾਨ ਇੰਗਲੈਂਡ ਦਾ ਹਿੱਸਾ ਸਿਰਫ਼ ਦੋ ਫੀਸਦੀ ਸੀ।

ਭਾਰਤ ਦੀ ਜ਼ਮੀਨ ਉਪਜਾਊ ਅਤੇ ਹਰ ਤਰ੍ਹਾਂ ਦੇ ਸਰੋਤਾਂ ਨਾਲ ਮਾਲਾਮਾਲ ਸੀ।

ਲੋਕ ਮਿਹਨਤੀ ਅਤੇ ਹੁਨਰਮੰਦ ਸਨ। ਇੱਥੇ ਪੈਦਾ ਹੋਣ ਵਾਲੇ ਸੂਤੀ ਕੱਪੜੇ ਅਤੇ ਮਲਮਲ ਦੀ ਮੰਗ ਦੁਨੀਆ ਭਰ ਵਿੱਚ ਸੀ। ਜਦਕਿ ਸ਼ਿਪਿੰਗ ਅਤੇ ਸਟੀਲ ਦੇ ਉਦਯੋਗ ਵਿੱਚ ਵੀ ਭਾਰਤ ਤੋਂ ਕੋਈ ਅੱਗੇ ਨਹੀਂ ਸੀ।

ਇਹ ਸਾਰੀ ਸਥਿਤੀ ਪਲਾਸੀ ਦੀ ਜੰਗ ਤੋਂ ਬਾਅਦ ਬਦਲ ਗਈ। ਜਦੋਂ 1947 ਵਿੱਚ ਅੰਗਰੇਜ਼ ਇੱਥੋਂ ਚਲੇ ਗਏ ਤਾਂ ਸਿਕੰਦਰ ਦੇ ਉਲਟ ਇਨ੍ਹਾਂ ਦੀ ਝੋਲੀ ਭਰੀ ਹੋਈ ਅਤੇ ਭਾਰਤ ਦੇ ਹੱਥ ਖਾਲੀ ਸਨ।

'ਦੁਨੀਆ ਦਾ ਗਰੀਬ ਦੇਸ਼'

ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਪ੍ਰਸਿੱਧ ਅਰਥਸ਼ਾਸਤਰੀ ਮਨਮੋਹਨ ਸਿੰਘ ਨੇ ਇਸ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਸੀ-

"ਇਸ ਵਿੱਚ ਕੋਈ ਸ਼ੱਕ ਨਹੀਂ ਕਿ ਬ੍ਰਿਟੇਨ ਸਰਕਾਰ ਦੇ ਖ਼ਿਲਾਫ਼ ਸਾਡੀਆਂ ਸ਼ਿਕਾਇਤਾਂ ਦੇ ਠੋਸ ਆਧਾਰ ਮੌਜੂਦ ਹਨ। 1700 ਵਿੱਚ ਭਾਰਤ ਇਕੱਲਾ ਦੁਨੀਆਂ ਦੀ 22.6 ਫੀਸਦੀ ਦੌਲਤ ਪੈਦਾ ਕਰਦਾ ਸੀ ਜੋ ਤਮਾਮ ਯੂਰਪ ਦੇ ਸਮੁੱਚੇ ਹਿੱਸੇ ਦੇ ਤਕਰੀਬਨ ਬਰਾਬਰ ਸੀ। ਪਰ ਇਹੀ ਹਿੱਸਾ 1952 ਵਿੱਚ ਘਟ ਕੇ 3.8 ਫੀਸਦੀ ਰਹਿ ਗਿਆ।"

"20ਵੀਂ ਸਦੀ ਦੇ ਆਗਾਜ਼ 'ਤੇ 'ਤਾਜ-ਏ-ਬਰਤਾਨੀਆ ਦਾ ਸਭ ਤੋਂ ਨਾਯਾਬ ਹੀਰਾ' ਹਕੀਕਤ ਵਿੱਚ ਪ੍ਰਤੀ ਵਿਅਕਤੀ ਆਮਦਨ ਦੇ ਹਿਸਾਬ ਨਾਲ ਦੁਨੀਆਂ ਦਾ ਸਭ ਤੋਂ ਗਰੀਬ ਦੇਸ਼ ਬਣ ਗਿਆ ਸੀ।"

ਹੁਣ ਇਸ ਸਵਾਲ ਵੱਲ ਆਉਂਦੇ ਹਾਂ ਕਿ ਅੰਗਰੇਜ਼ਾਂ ਦੇ ਦੋ ਸੌ ਸਾਲ ਦੇ ਸ਼ੋਸ਼ਣ ਨੇ ਭਾਰਤ ਨੂੰ ਕਿੰਨਾ ਨੁਕਸਾਨ ਪਹੁੰਚਾਇਆ।

ਇਸ ਸਬੰਧ ਵਿੱਚ ਵੱਖ-ਵੱਖ ਲੋਕਾਂ ਨੇ ਵੱਖ-ਵੱਖ ਅੰਦਾਜ਼ੇ ਲਗਾਉਣ ਦੀ ਕੋਸ਼ਿਸ਼ ਕੀਤੀ ਹੈ।

ਇਨ੍ਹਾਂ ਵਿੱਚੋਂ ਜ਼ਿਆਦਾ ਵਧੀਆ ਅਨੁਮਾਨ ਅਰਥਸ਼ਾਸਤਰ ਦੇ ਮਾਹਿਰ ਅਤੇ ਪੱਤਰਕਾਰ ਮਹਿਨਾਜ਼ ਮਰਚੈਂਟ ਦੀ ਰਿਸਰਚ ਹੈ।

1850 ਵਿੱਚ ਲੀਡਨਹੌਲ ਸਟ੍ਰੀਟ ਵਿੱਚ ਬਣਿਆ 'ਨਿਊ ਇੰਡੀਆ ਹਾਊਸ'

ਤਸਵੀਰ ਸਰੋਤ, HERITAGE IMAGE PARTNERSHIP LTD ALAMY

ਤਸਵੀਰ ਕੈਪਸ਼ਨ, 1850 ਵਿੱਚ ਲੀਡਨਹੌਲ ਸਟ੍ਰੀਟ ਵਿੱਚ ਬਣਿਆ 'ਨਿਊ ਇੰਡੀਆ ਹਾਊਸ'

ਇਨ੍ਹਾਂ ਮੁਤਾਬਕ 1757 ਤੋਂ ਲੈ ਕੇ 1947 ਤੱਕ ਅੰਗਰੇਜ਼ਾਂ ਦੇ ਹੱਥੋਂ ਭਾਰਤ ਨੂੰ ਪਹੁੰਚਣ ਵਾਲੇ ਆਰਥਿਕ ਨੁਕਸਾਨ ਦੀ ਕੁੱਲ ਰਕਮ 2015 ਦੀ ਫਾਰੇਨ ਐਕਸਚੇਂਜ ਦੇ ਹਿਸਾਬ ਨਾਲ 30 ਖਰਬ ਡਾਲਰ ਬਣਦੀ ਹੈ।

ਜ਼ਰਾ ਇੱਕ ਮਿੰਟ ਰੁਕ ਕੇ ਇਸ ਰਕਮ ਦਾ ਅੰਦਾਜ਼ਾ ਲਗਾਉਣ ਦੀ ਕੋਸ਼ਿਸ਼ ਕਰੋ। ਇਸ ਦੇ ਮੁਕਾਬਲੇ 'ਤੇ ਵਿਚਾਰੇ ਨਾਦਿਰ ਸ਼ਾਹ ਨੂੰ ਦਿੱਲੀ ਤੋਂ ਸਿਰਫ਼ 143 ਅਰਬ ਡਾਲਰ ਲੁੱਟਣ 'ਤੇ ਹੀ ਸਬਰ ਕਰਨਾ ਪਿਆ ਸੀ।

ਚਾਰ ਸੌ ਸਾਲ ਪਹਿਲਾਂ ਜਹਾਂਗੀਰ ਦੇ ਦਰਬਾਰ ਵਿੱਚ ਅੰਗਰੇਜ਼ ਰਾਜਦੂਤ ਨੂੰ ਸ਼ੱਕ ਸੀ ਕਿ ਕੀ ਸੱਚਮੁੱਚ ਭਾਰਤ ਇੰਨਾ ਅਮੀਰ ਹੈ ਕਿ ਇਸ ਦੇ ਬਾਦਸ਼ਾਹ ਨੂੰ ਸੋਨੇ-ਚਾਂਦੀ ਅਤੇ ਹੀਰੇ ਜਵਾਹਰਾਤ ਨਾਲ ਤੋਲਿਆ ਜਾ ਸਕਦਾ ਹੈ।

ਉਸ ਨੂੰ ਸ਼ੱਕ ਸੀ ਕਿਧਰੇ ਦੂਜੇ ਪੱਲੜੇ ਵਿੱਚ ਦਰਬਾਰੀਆਂ ਨੇ ਰੇਸ਼ਮ ਦੀਆਂ ਥੈਲੀਆਂ ਵਿੱਚ ਪੱਥਰ ਤਾਂ ਨਹੀਂ ਪਾ ਦਿੱਤੇ?

ਜੇਕਰ ਕਿਸੇ ਤਰ੍ਹਾਂ ਸਰ ਥਾਮਸ ਰੋ ਨੂੰ ਵਾਪਸ ਲਿਆ ਕੇ ਉਨ੍ਹਾਂ ਨੂੰ ਇਹ ਅੰਕੜੇ ਦਿਖਾ ਦਿੱਤੇ ਤਾਂ ਸ਼ਾਇਦ ਉਨ੍ਹਾਂ ਦਾ ਭਰਮ ਹਮੇਸ਼ਾ ਲਈ ਦੂਰ ਹੋ ਜਾਵੇ।

ਬੀਬੀਸੀ

ਇਹ ਵੀ ਪੜ੍ਹੋ-

ਬੀਬੀਸੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)