You’re viewing a text-only version of this website that uses less data. View the main version of the website including all images and videos.
ਜਲੰਧਰ 'ਚ ਪੂਰਾ ਟੱਬਰ ਜ਼ਿੰਦਾ ਸਾੜਿਆ: ਮੁਲਜ਼ਮ ਨੇ ਕੀਤੀ ਖ਼ੁਦਕੁਸ਼ੀ, ਜਾਣੋ ਪੂਰਾ ਮਾਮਲਾ
- ਲੇਖਕ, ਜਸਬੀਰ ਸ਼ੇਤਰਾ ਅਤੇ ਪ੍ਰਦੀਪ ਪੰਡਿਤ
- ਰੋਲ, ਬੀਬੀਸੀ ਲਈ
- ਪ੍ਰਕਾਸ਼ਿਤ
ਜਲੰਧਰ ਲੁਧਿਆਣਾ ਦੀ ਹੱਦ ਉੱਤੇ ਪੈਂਦੇ ਪਿੰਡ ਬਿਟਲਾਂ ਵਿੱਚ ਬੀਤੇ ਕੱਲ੍ਹ ਇੱਕੋ ਪਰਿਵਾਰ ਦੇ ਸੁੱਤੇ ਪਏ ਪੰਜ ਜੀਆਂ ਨੂੰ ਪੈਟਰੋਲ ਪਾ ਕੇ ਸਾੜਨ ਵਾਲੇ ਓਸੇ ਪਰਿਵਾਰ ਦੇ ਜਵਾਈ ਕੁਲਦੀਪ ਸਿੰਘ ਕਾਲੀ ਨੇ ਖੁਦਕੁਸ਼ੀ ਕਰ ਲਈ ਹੈ।
ਕਾਲੀ ਬੁੱਧਵਾਰ ਨੇ ਆਪਣੇ ਪਿੰਡ ਖੁਰਸ਼ੇਦਪੁਰ ਜੋਂ ਸਿੱਧਵਾਂ ਬੇਟ ਪੁਲੀਸ ਥਾਣੇ ਅਧੀਨ ਆਉਂਦਾ ਹੈ, ਦੇ ਬਾਹਰ ਖੇਤਾਂ ਵਿੱਚ ਲੱਗੇ ਪਾਪੂਲਰ ਦੇ ਰੁੱਖ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ।
ਥਾਣਾ ਸਿੱਧਵਾਂ ਬੇਟ ਦੇ ਐੱਸ ਐੱਚ ਓ ਇੰਸਪੈਕਟਰ ਸੁਨੀਲ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਜ ਸਵੇਰੇ ਕਰੀਬ 7.30 ਵਜੇ ਇਸ ਘਟਨਾ ਦਾ ਪਤਾ ਲਗਾ ਤੇ ਪੁਲਿਸ ਨੇ ਓਸੇ ਵੇਲੇ ਓਥੇ ਪਹੁੰਚ ਕੇ ਮਰਹੂਮ ਦੀ ਲਾਸ਼ ਨੂੰ ਆਪਣੇ ਕਬਜ਼ੇ ਚ ਲੇ ਲਿਆ ਗਿਆ।
ਕੀ ਸੀ ਮਾਮਲਾ?
ਪੰਜਾਬ ਦੇ ਜ਼ਿਲ੍ਹਾ ਜਲੰਧਰ ਵਿੱਚ ਇੱਕੋ ਪਰਿਵਾਰ ਦੇ 5 ਜੀਆਂ ਨੂੰ ਜ਼ਿੰਦਾ ਸਾੜਨ ਦਾ ਮਾਮਲਾ ਸਾਹਮਣੇ ਆਇਆ ਹੈ।
ਇਹ ਘਟਨਾ ਜਗਰਾਉਂ-ਜਲੰਧਰ ਮਾਰਗ 'ਤੇ ਪੈਂਦੇ ਕਸਬਾ ਸਿੱਧਵਾਂ ਬੇਟ ਤੋਂ ਅੱਗੇ ਸਤਲੁਜ ਦਰਿਆ ਵਾਲੇ ਪੁਲ ਦੇ ਨਾਲ ਲੱਗਦੇ ਪਿੰਡ ਬੀਟਲਾਂ ਦੀ ਹੈ।
ਪੁਲਿਸ ਦਾ ਕਹਿਣਾ ਹੈ ਕਿ ਪੇਕੇ ਘਰ ਆਈ ਪਤਨੀ, ਉਸ ਨਾਲ ਨਾਨਕੇ ਘਰ ਆਏ ਉਸ ਦੇ ਦੋ ਬੱਚਿਆਂ ਅਤੇ ਸੱਸ-ਸਹੁਰੇ ਨੂੰ ਇੱਕ ਵਿਅਕਤੀ ਨੇ ਅੱਗ ਲਾ ਕੇ ਜਿਉਂਦੇ ਸਾੜ ਦਿੱਤਾ।
ਜਾਣਕਾਰੀ ਮੁਤਾਬਕ ਮਰਨ ਵਾਲਿਆਂ 'ਚ ਮੁਲਜ਼ਮ ਦੀ 28 ਸਾਲਾ ਪਤਨੀ ਪਰਮਜੀਤ ਕੌਰ, 7 ਸਾਲਾ ਧੀ ਅਰਸ਼ਦੀਪ ਕੌਰ, 5 ਸਾਲਾ ਪੁੱਤ ਅਨਮੋਲ ਸਿੰਘ ਤੋਂ ਇਲਾਵਾ ਸਹੁਰਾ ਸੁਰਜਨ ਸਿੰਘ ਤੇ ਸੱਸ ਜੋਗਿੰਦਰੋ ਬਾਈ ਸ਼ਾਮਲ ਹਨ।
ਕਮਰੇ ਵਿੱਚ ਬੰਦ ਕਰ ਪੈਟਰੋਲ ਛਿੜਕਿਆ
ਪੁਲਿਸ ਮੁਤਾਬਕ ਇਨ੍ਹਾਂ ਸਾਰਿਆਂ ਨੂੰ ਪੈਟਰੋਲ ਛਿੜਕ ਕੇ ਕਮਰੇ 'ਚ ਬੰਦ ਕਰਕੇ ਅੱਗ ਲਾ ਦਿੱਤੀ ਗਈ।
ਮੁਲਜ਼ਮ ਘਟਨਾ ਨੂੰ ਅੰਜ਼ਾਮ ਦੇਣ ਮਗਰੋਂ ਕਮਰੇ ਨੂੰ ਬਾਹਰੋਂ ਬੰਦ ਕਰਕੇ ਫਰਾਰ ਹੋ ਗਿਆ ਜਦਕਿ ਅੰਦਰ ਕਮਰੇ 'ਚ ਦੋ ਬੱਚਿਆਂ ਸਣੇ ਪੰਜੇ ਜੀਅ ਅੱਗ 'ਚ ਬੁਰੀ ਤਰ੍ਹਾਂ ਝੁਲਸ ਗਏ।
ਪੁਲਿਸ ਨੇ ਦੱਸਿਆ ਹੈ ਕਿ ਮਰਨ ਤੋਂ ਪਹਿਲਾਂ ਬੁਰੀ ਤਰ੍ਹਾਂ ਝੁਲਸੇ ਹੋਏ ਇਕ ਪਰਿਵਾਰਕ ਜੀਅ ਨੇ ਬਿਆਨਾਂ 'ਚ ਘਟਨਾ ਬਿਆਨ ਕੀਤੀ ਹੈ।
- ਜਲੰਧਰ ਵਿੱਚ ਇੱਕ ਪਰਿਵਾਰ ਦੇ 5 ਜੀਆਂ ਨੂੰ ਜ਼ਿੰਦਾ ਸਾੜਨ ਦਾ ਮਾਮਲਾ ਸਾਹਮਣੇ ਆਇਆ ਹੈ।
- ਪੁਲਿਸ ਦਾ ਕਹਿਣਾ ਹੈ ਕਿ ਪੇਕੇ ਘਰ ਆਈ ਪਤਨੀ, ਬੱਚਿਆਂ ਸਣੇ ਸੱਸ-ਸਹੁਰੇ ਨੂੰ ਜ਼ਿੰਦਾ ਸਾੜਿਆ।
- ਪੁਲਿਸ ਨੇ ਦੱਸਿਆ ਹੈ ਕਿ ਮਰਨ ਤੋਂ ਪਹਿਲਾਂ ਬੁਰੀ ਤਰ੍ਹਾਂ ਝੁਲਸੇ ਹੋਏ ਇਕ ਪਰਿਵਾਰਕ ਜੀਅ ਨੇ ਬਿਆਨਾਂ 'ਚ ਘਟਨਾ ਬਿਆਨ ਕੀਤੀ ਹੈ।
- ਇਹ ਪਰਮਜੀਤ ਕੌਰ ਦਾ ਦੂਜੇ ਵਿਆਹ ਸੀ ਅਤੇ ਉਸ ਦੇ ਦੋਵੇਂ ਬੱਚੇ ਪਹਿਲੇ ਪਤੀ ਦੇ ਸਨ।
- ਪਿੰਡ ਵਾਸੀਆਂ ਮੁਤਾਬਕ ਉਸ ਕੋਲ ਕੈਨੀ 'ਚ ਪੈਟਰੋਲ ਸੀ ਜੋ ਉਸ ਨੇ ਘਰ ਦੇ ਜੀਆਂ 'ਤੇ ਛਿੜਕ ਕੇ ਅੱਗ ਲਗਾ ਦਿੱਤੀ।
ਪਿੰਡ ਬੀਟਲਾਂ ਦੀ ਪਰਮਜੀਤ ਕੌਰ ਦਾ ਵਿਆਹ ਦਰਿਆ ਕੰਢੇ ਪੈਂਦੇ ਪਿੰਡ ਖੁਰਸ਼ੈਦਪੁਰਾ ਦੇ ਕੁਲਦੀਪ ਸਿੰਘ ਕਾਲੀ ਨਾਲ ਹੋਇਆ ਸੀ।
ਇਹ ਪਰਮਜੀਤ ਕੌਰ ਦਾ ਦੂਜਾ ਵਿਆਹ ਸੀ ਅਤੇ ਉਸ ਦੇ ਦੋਵੇਂ ਬੱਚੇ ਪਹਿਲੇ ਪਤੀ ਦੇ ਸਨ। ਕਾਲੀ ਨਾਲ ਵਿਆਹ ਤੋਂ ਬਾਅਦ ਘਰ ਵਿੱਚ ਲੜਾਈ ਝੜਗੇ ਚੱਲਦੇ ਰਹਿੰਦੇ ਸਨ।
ਝਗੜੇ ਤੋਂ ਪਰੇਸ਼ਾਨ ਹੋ ਕੇ ਪਰਮਜੀਤ ਕੌਰ ਕੁਝ ਦਿਨ ਪਹਿਲਾਂ ਪੇਕੇ ਘਰ ਆ ਗਈ ਸੀ। ਬੀਤੀ ਰਾਤ ਉਸ ਦਾ ਪਤੀ ਕੁਲਦੀਪ ਸਿੰਘ ਕਾਲੀ ਘਰ ਆ ਗਿਆ।
ਪਿੰਡ ਵਾਸੀਆਂ ਮੁਤਾਬਕ ਉਸ ਕੋਲ ਕੈਨੀ 'ਚ ਪੈਟਰੋਲ ਸੀ ਜੋ ਉਸ ਨੇ ਘਰ ਦੇ ਜੀਆਂ 'ਤੇ ਛਿੜਕ ਕੇ ਅੱਗ ਲਗਾ ਦਿੱਤੀ। ਪੁਲੀਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਆਰੰਭ ਦਿੱਤੀ ਹੈ। ਮ੍ਰਿਤਕ ਦੇਹਾਂ ਨੂੰ ਨਕੋਦਰ ਹਸਪਤਾਲ 'ਚ ਭੇਜਿਆ ਗਿਆ ਹੈ।
ਇਹ ਵੀ ਪੜ੍ਹੋ-
ਮਾਮਲੇ ਵਿੱਚ ਐੱਫਆਈਆਰ ਦਰਜ
ਜਲੰਧਰ ਦਿਹਾਤੀ ਦੇ ਐੱਸਪੀ (ਡੀ) ਸਰਬਜੀਤ ਸਿੰਘ ਬਾਹੀਆ ਮੁਤਾਬਕ, ਪਰਿਵਾਰ ਦੇ ਪੰਜ ਜੀਆਂ ਦੀ ਮੌਤ ਹੋ ਗਈ ਹੈ।
ਤਿੰਨਾਂ ਦੀ ਮੌਤ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਹੋ ਗਈ ਸੀ ਅਤੇ ਦੋ ਜਖ਼ਮੀ ਹਾਲਤ ਸੀ, ਜਿਨ੍ਹਾਂ ਦਾ ਹਸਪਤਾਲ ਵਿੱਚ ਮੌਤ ਹੋ ਗਈ।
ਪੁਲਿਸ ਨੇ ਘਟਨਾ ਸਬੰਧੀ ਕੁਲਦੀਪ ਕਾਲੀ ਅਤੇ ਕੁਝ ਅਣਪਛਾਤੇ ਲੋਕਾਂ ਖ਼ਿਲਾਫ਼ ਐੱਫਆਈਆਰ ਦਰਜ ਕਰ ਲਈ ਹੈ। ਇਨ੍ਹਾਂ ਨੂੰ ਜਲਦੀ ਕਾਬੂ ਕਰ ਕੇ ਅਗਲੀ ਕਾਰਵਾਈ ਕਰਾਂਗੇ।
ਉਨ੍ਹਾਂ ਨੇ ਅੱਗੇ ਦੱਸਿਆ, "ਇਹ ਮਾਮਲਾ ਵਿਆਹ ਸਬੰਧੀ ਪਰੇਸ਼ਾਨੀ ਤੋਂ ਅੱਗੇ ਵਧਿਆ ਹੈ। ਜਵਾਈ ਨੇ ਆਪਣੇ ਹੋਰ ਸਾਥੀਆਂ ਨੂੰ ਨਾਲ ਲੈ ਕੇ, ਜਿੱਥੇ ਉਸ ਦੀ ਪਤਨੀ ਸੁੱਤੀ ਹੋਈ ਸੀ, ਉੱਥੇ ਪੰਪ ਨਾਲ ਸਪਰੇਅ ਕਰ ਕੇ ਦਰਵਾਜ਼ਾ ਬੰਦ ਕਰ ਕੇ ਅੱਗ ਲਗਾ ਦਿੱਤੀ।"
"ਜਦੋਂ ਚੀਕਾਂ ਦੀ ਆਵਾਜ਼ ਸੁਣੀ ਤਾਂ ਇਨ੍ਹਾਂ ਦੇ ਚਾਚੇ ਨੇ ਆ ਕੇ ਦਰਵਾਜ਼ਾ ਖੋਲ੍ਹਿਆ ਅਤੇ ਉਸ ਵੇਲੇ ਤੱਕ ਬਹੁਤ ਨੁਕਸਾਨ ਹੋ ਗਿਆ ਸੀ।"
ਚਸ਼ਮਦੀਦਾਂ ਨੇ ਕੀ ਦੇਖਿਆ
ਮ੍ਰਿਤਕ ਪਰਮਜੀਤ ਕੌਰ ਦੀ ਭਾਬੀ ਜਸਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਨਨਾਣ ਪਰਮਜੀਤ ਕੌਰ ਇੱਥੇ ਹੀ ਰਹਿ ਰਹੀ ਸੀ।
ਉਨ੍ਹਾਂ ਨੇ ਅੱਗੇ ਕਿਹਾ, "ਇੱਕ ਸਾਲ ਹੋ ਪਹਿਲਾਂ ਪਰਮਜੀਤ ਕੌਰ ਦਾ ਇਸ ਨਾਲ ਵਿਆਹ ਹੋਇਆ ਸੀ। 2-3 ਮਹੀਨੇ ਉਹ ਸਹੁਰੇ ਰਹੀ ਸੀ, ਫਿਰ ਕਦੇ ਚਲੇ ਜਾਂਦੀ ਸੀ, ਕਦੇ ਆ ਜਾਂਦੀ ਸੀ। ਕਦੇ ਜ਼ਬਰਦਸਤੀ ਲੈ ਜਾਂਦਾ ਸੀ।"
"ਉੱਥੇ ਉਨ੍ਹਾਂ ਨੂੰ ਕੁੱਟਦਾ-ਮਾਰਦਾ ਸੀ, ਕੱਪੜੇ ਪਾੜ ਦਿੰਦਾ ਸੀ, ਬੱਚਿਆਂ ਨੂੰ ਕਰੰਟ ਲਗਾਉਂਦਾ ਸੀ। ਕਈ ਵਾਰ ਉਹ ਇੱਥੇ ਆ ਕੇ ਕਹਿੰਦਾ ਸੀ ਕਿ ਮੈਂ ਬੱਚਿਆਂ ਨੂੰ ਅੱਗ ਲਗਾ ਦੇਣੀ, ਤੁਹਾਡਾ ਸਾਰਾ ਪਰਿਵਾਰ ਸਾੜ ਦੇਣਾ।"
"ਉਸ ਕਰ ਕੇ ਉਹ ਉੱਥੇ ਨਹੀਂ ਜਾਂਦੀ ਸੀ, ਇੱਥੇ ਰਹਿੰਦੀ ਸੀ। ਉਸ ਦੀ ਪਤਨੀ ਇਕੱਲੀ ਨੂੰ ਉੱਥੇ ਰੱਖਣਾ ਚਾਹੁੰਦਾ ਸੀ ਬੱਚਿਆਂ ਨੂੰ ਨਹੀਂ।"
ਇੱਕ ਗੁਆਂਢੀ ਜਸਪਾਲ ਸਿੰਘ ਨੇ ਦੱਸਿਆ ਕਿ ਇਹ ਘਟਨਾ ਰਾਤ ਦੇ 2 ਵਜ ਕੇ 10 ਮਿੰਟ ਦੇ ਕਰੀਬ ਵਾਪਰੀ।
ਉਨ੍ਹਾਂ ਨੇ ਅੱਗੇ ਦੱਸਿਆ, "ਉਸ ਨੇ ਸਪਰੇਅ ਪੰਪ ਵਿੱਚ ਤੇਲ ਲਿਆਂਦਾ ਸੀ। ਉਨ੍ਹਾਂ ਕੋਲ ਦੋ ਦਾਤਰ (ਤੇਜ਼ਧਾਰ ਹਥਿਆਰ) ਸਨ। ਫਿਰ ਉਹ ਇੱਥੋਂ ਲਲਕਾਰੇ ਮਾਰ ਕੇ ਭੱਜੇ।"
"ਮੈਨੂੰ ਕਿਸੇ ਨੇ ਮੇਰਾ ਨਾਮ ਲੈ ਕੇ ਵਾਜ ਮਾਰੀ ਕਿ ਭੱਜ ਕੇ ਆ, ਮੈਂ ਗਿਆ ਅਤੇ ਦੇਖਿਆ ਕਿ ਸੁਰਜਨ ਸਿੰਘ ਦਾ ਘਰ ਅੱਗ ਲਪਟਾ ਨਾਲ ਘਿਰਿਆ ਹੋਇਆ ਸੀ।"
ਉਹ ਅੱਗੇ ਕਹਿੰਦੇ ਹਨ, "ਅਸੀਂ ਦਰਵਾਜ਼ਾ ਖੋਲ੍ਹ ਕੇ ਇਨ੍ਹਾਂ ਨੂੰ ਬਾਹਰ ਕੱਢਿਆ ਪਰ ਸਰੀਰ ਬਹੁਤ ਜ਼ਿਆਦਾ ਸੜ ਗਿਆ ਸੀ। ਨਾਨੀ ਅਤੇ ਦੋਹਤੀ ਦੀ ਅੰਦਰ ਮੌਤ ਹੋ ਗਈ ਸੀ ਤੇ ਬਾਕੀਆਂ ਨੂੰ ਐਂਬੂਲੈਂਸ 'ਤੇ ਹਸਪਤਾਲ ਭੇਜਿਆ।"
"ਬਾਕੀ ਤਿੰਨਾਂ ਦੀ ਜਲੰਧਰ ਹਸਪਾਤਲ ਜਾ ਕੇ ਬਹੁਤ ਹੋ ਗਈ। ਇਸ ਕੁੜੀ ਦਾ ਪਹਿਲਾ ਵਿਆਹ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਹੋਇਆ ਸੀ ਪਰ ਉਸ ਦੇ ਪਤੀ ਦੀ ਮੌਤ ਤੋਂ ਬਾਅਦ ਉਹ ਇੱਥੇ ਆ ਗਈ।"
"ਦੂਜਾ ਵਿਆਹ ਇਸ ਦਾ ਪਿੰਡ ਖੁਰਸ਼ੈਦਪੁਰ ਵਿੱਚ ਹੋਇਆ ਸੀ ਪਰ ਉਸ ਪਤੀ ਨਸ਼ਾ ਕਰਦਾ ਸੀ। ਉਹ ਪਹਿਲਾਂ ਵੀ ਇਨ੍ਹਾਂ ਨੂੰ ਧਮਕੀਆਂ ਦੇ ਕੇ ਗਿਆ ਸੀ। ਇਹ ਕੁੜੀ ਨਹੀਂ ਜਾਣਾ ਚਾਹੁੰਦੀ ਸੀ।"
ਇਹ ਵੀ ਪੜ੍ਹੋ-