ਲੁਧਿਆਣਾ ਦੇ ਦੋ ਭਰਾਵਾਂ ਦੇ 8 ਸਾਲ ਪਹਿਲਾਂ ਹੋਏ ਝੂਠੇ ਪੁਲਿਸ ਮੁਕਾਬਲੇ ਦਾ ਮਾਮਲਾ : 'ਅੱਜ ਵੀ ਰਾਤਾਂ ਨੂੰ ਯਾਦ ਕਰਕੇ ਹਾਕਾਂ ਮਾਰਦੇ ਹਾਂ'

ਤਸਵੀਰ ਸਰੋਤ, Ravinder Arora/bbc
- ਲੇਖਕ, ਰਵਿੰਦਰ ਅਰੋੜਾ
- ਰੋਲ, ਬੀਬੀਸੀ ਸਹਿਯੋਗੀ
- ਪ੍ਰਕਾਸ਼ਿਤ
"ਰਾਤਾਂ ਨੂੰ ਯਾਦ ਕਰਦੇ ਹਾਂ ਉਨ੍ਹਾਂ ਨੂੰ, ਹਾਕਾਂ ਮਾਰਦੇ ਹਾਂ...ਸਾਡੇ ਤਾਂ ਬੁਢਾਪੇ ਦੀਆਂ ਲਾਠੀਆਂ ਹੀ ਟੁੱਟ ਗਈਆਂ, ਉਨ੍ਹਾਂ ਨੇ ਸਾਨੂੰ ਸਾਂਭਣਾ ਸੀ, ਅਸੀਂ ਉਨ੍ਹਾਂ ਨੂੰ ਆਪਣੇ ਮੋਢਿਆ 'ਤੇ ਚੁੱਕਿਆ ਹੈ।"
"ਸੋਚਿਆ ਤਾਂ ਬੁਹਤ ਕੁਝ ਸੀ ਪਰ ਦਰਿੰਦਿਆਂ ਨੇ ਮੇਰੇ ਸੁਪਨੇ ਪੂਰੇ ਹੀ ਨਹੀਂ ਹੋਣ ਦਿੱਤੇ...ਅਸੀਂ ਮਿਹਨਤ-ਮਜ਼ਦੂਰੀ ਕਰ ਕੇ ਉਨ੍ਹਾਂ ਨੂੰ ਇਥੋਂ ਤੱਕ ਲਿਆਂਦਾ ਸੀ।"
ਅੱਖਾਂ ਵਿੱਚੋਂ ਵਗਦੇ ਹੰਝੂਆਂ ਨਾਲ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਗੁਰਮੀਤ ਕੌਰ ਨੇ ਕੀਤਾ।
ਗੁਰਮੀਤ ਕੌਰ ਅਕਸਰ ਆਪਣੇ ਜਵਾਨ ਪੁੱਤਾਂ ਦੀ ਗੱਲ ਕਰਦਿਆਂ ਰੋ ਪੈਂਦੀ ਹੈ। ਉਨ੍ਹਾਂ ਨੇ ਦੋ ਜਵਾਨ ਪੁੱਤਾਂ 23 ਸਾਲਾ ਹਰਿੰਦਰ ਸਿੰਘ ਲਾਲੀ ਅਤੇ 22 ਸਾਲਾ ਜਤਿੰਦਰ ਸਿੰਘ ਗੋਲਡੀ ਦਾ 8 ਸਾਲ ਪਹਿਲਾਂ ਕਤਲ ਕਰ ਦਿੱਤਾ ਗਿਆ ਸੀ।
ਦਰਅਸਲ, ਲੁਧਿਆਣਾ ਦੇ ਜਮਾਲਪੁਰ ਦੀ ਆਹਲੂਵਾਲੀਆ ਕਲੋਨੀ ਵਿੱਚ ਸਤੰਬਰ 2014 'ਚ ਇੱਕ ਕਥਿਤ ਫੇਕ ਐਨਕਾਊਂਟਰ ਦਾ ਮਾਮਲਾ ਸਾਹਮਣੇ ਆਇਆ ਸੀ।
ਇਸ ਘਟਨਾ ਦੇ ਮਾਮਲੇ ਵਿਚ ਲੁਧਿਆਣਾ ਦੀ ਸ਼ੈਸ਼ਨ ਕੋਰਟ ਨੇ ਹੁਣ ਦੋ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ, ਇੱਕ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਅਤੇ ਦੋ ਜਣੇ ਅਜੇ ਵੀ ਫਰਾਰ ਹੈ।
ਪਰਿਵਾਰ ਅਤੇ ਪੀੜ੍ਹਤ ਪਰਿਵਾਰ ਨੂੰ ਦੂਜੇ ਦੋਸ਼ੀਆਂ ਨੂੰ ਸਜ਼ਾਵਾਂ ਦੁਆਉਣ ਲਈ ਹਾਈਕੋਰਟ ਦਾ ਦਰਵਾਜਾ ਖੜਕਾਉਣ ਦੀ ਗੱਲ ਕਰ ਰਿਹਾ ਹੈ।
ਕੀ ਸੀ ਮਾਮਲਾ
ਇਸ ਵਿੱਚ ਮਾਛੀਵਾੜਾ ਪੁਲਿਸ ਦੇ ਮੁਲਾਜ਼ਮਾਂ ਵੱਲੋਂ ਮਾਛੀਵਾੜਾ ਦੇ ਬੋਹਾਪੁਰ ਪਿੰਡ ਦੇ ਦੋ ਸਕੇ ਨੌਜਵਾਨ ਭਰਾਵਾਂ ਹਰਿੰਦਰ ਸਿੰਘ ਅਤੇ ਜਤਿੰਦਰ ਸਿੰਘ, ਦਾ ਫਰਜ਼ੀ ਐਨਕਾਊਂਟਰ ਕਰ ਕੇ ਮਾਰਨ ਦਾ ਮਾਮਲਾ ਸਾਹਮਣਾ ਆਇਆ ਸੀ।
ਇਸ ਮਾਮਲੇ 'ਚ ਲੁਧਿਆਣਾ ਦੇ ਜਮਾਲਪੁਰ ਪੁਲਿਸ ਥਾਣੇ ਵਿੱਚ ਧਾਰਾ 302 ਅਤੇ ਧਾਰਾ 120-ਬੀ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।

ਤਸਵੀਰ ਸਰੋਤ, Ravinder Arora/bbc
8 ਸਾਲ ਪੁਰਾਣੇ ਦੋ ਭਰਾਵਾਂ ਦੇ ਫਰਜ਼ੀ ਐਨਕਾਊਂਟਰ ਮਾਮਲੇ ਵਿੱਚ ਜ਼ਿਲ੍ਹਾ ਸੈਸ਼ਨ ਅਦਾਲਤ ਨੇ 2 ਸਾਬਕਾ ਪੁਲਿਸ ਮੁਲਾਜ਼ਮਾਂ ਅਤੇ ਇੱਕ ਸਾਬਕਾ ਅਕਾਲੀ ਸਰਪੰਚ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
ਕੋਰਟ ਨੇ ਤਿੰਨਾਂ ਦੋਸ਼ੀਆਂ ਨੂੰ ਆਰਮਜ਼ ਐਕਟ ਅਤੇ ਸਾਜ਼ਿਸ਼ ਰਚਨ ਵਿੱਚ ਦੋਸ਼ ਆਇਦ ਕੀਤੇ ਹਨ।
ਇਨ੍ਹਾਂ ਤਿੰਨਾਂ ਦੋਸ਼ੀਆਂ ਨੂੰ ਜੁਰਮਾਨਾ ਵੀ ਸੁਣਾਇਆ ਗਿਆ। ਸਾਬਕਾ ਪੁਲਿਸ ਮੁਲਾਜ਼ਮਾਂ ਯਾਦਵਿੰਦਰ ਸਿੰਘ ਅਤੇ ਅਜੀਤ ਸਿੰਘ ਨੂੰ 37-37 ਹਜ਼ਾਰ ਅਤੇ ਸਾਬਕਾ ਸਰਪੰਚ ਗੁਰਜੀਤ ਸਿੰਘ ਸੈਮ ਨੂੰ 35 ਹਜ਼ਾਰ ਰੁਪਏ ਜੁਰਮਾਨਾ ਵੀ ਲਗਾਇਆ ਗਿਆ ਹੈ।
ਹਾਲਾਂਕਿ, ਫ਼ੈਸਲੇ ਦੌਰਾਨ ਅਦਾਲਤ ਨੇ ਇੱਕ ਮੁਲਜ਼ਮ ਨੂੰ ਬਰੀ ਵੀ ਕੀਤਾ ਹੈ। ਇਹ ਮੁਲਜ਼ਮ ਸਾਬਕਾ ਪੁਲਿਸ ਮੁਲਾਜ਼ਮ ਬਲਦੇਵ ਸਿੰਘ ਹੈ ਜਿਨ੍ਹਾਂ ਨੂੰ ਸਬੂਤਾਂ ਦੀ ਘਾਟ ਦੱਸ ਕੇ ਬਰੀ ਕੀਤਾ ਗਿਆ ਹੈ।
ਜਿਸ ਬਾਰੇ ਪੀੜਤਾਂ ਦੇ ਪਰਿਵਾਰ ਦਾ ਕਹਿਣਾ ਹੈ ਉਹ ਇਸ ਸਬੰਧੀ ਹਾਈਕੋਰਟ ਵਿੱਚ ਅਪੀਲ ਵੀ ਕਰਨਗੇ।

- 8 ਸਾਲ ਪੁਰਾਣੇ ਐਨਕਾਊਂਟਰ ਮਾਮਲੇ ਵਿੱਚ 2 ਪੁਲਿਸ ਵਾਲਿਆਂ ਸਣੇ ਤਿੰਨ ਨੂੰ ਉਮਰ ਕੈਦ
- ਅਦਾਲਤ ਨੇ ਇਸ ਐਨਕਾਊਂਟਰ ਨੂੰ ਫਰਜ਼ੀ ਮੰਨਿਆ ਹੈ
- ਸਾਲ 2014 ਵਿੱਚ ਲੁਧਿਆਣਾ ਵਿੱਚ ਦੋ ਸਕੇ ਭਰਾਵਾਂ ਦਾ ਐਨਕਾਊਂਟਰ ਹੋਣ ਦਾ ਮਾਮਲਾ ਸੀ
- ਫ਼ੈਸਲੇ ਦੌਰਾਨ ਅਦਾਲਤ ਨੇ ਇੱਕ ਮੁਲਜ਼ਮ ਨੂੰ ਬਰੀ ਵੀ ਕੀਤਾ
- ਮਾਮਲੇ ਵਿੱਚ ਦੋ ਪੁਲਿਸ ਵਾਲੇ ਅਜੇ ਵੀ ਫਰਾਰ ਦੱਸੇ ਜਾ ਰਹੇ ਹਨ
- ਪਰਿਵਾਰ ਨੇ ਹਾਈ ਕੋਰਟ ਵਿੱਚ ਜਾਣ ਦੀ ਗੱਲ ਆਖੀ ਹੈ
- ਮਾਪੇ ਮਜ਼ਦੂਰੀ ਕਰ ਕੇ ਘਰ ਦਾ ਗੁਜ਼ਾਰਾ ਕਰ ਰਹੇ ਹਨ

'ਰਾਤਾਂ ਨੂੰ ਹਾਕਾਂ ਮਾਰਦੇ ਹਾਂ'
ਗੁਰਮੀਤ ਕੌਰ ਮੁਤਾਬਕ ਉਨ੍ਹਾਂ ਦੇ ਦੋਵੇਂ ਪੁੱਤ ਪੜ੍ਹਨ ਵਿੱਚ ਬਹੁਤ ਹੁਸ਼ਿਆਰ ਸਨ। ਹਰ ਵਾਰ ਪਹਿਲੇ ਨੰਬਰ 'ਤੇ ਆਉਂਦੇ ਸਨ ਅਤੇ ਉਨ੍ਹਾਂ ਕੋਲ ਹਰ ਸਵਾਲ ਦਾ ਜਵਾਬ ਹੁੰਦਾ ਸੀ।
ਪਰਿਵਾਰ ਹੁਣ ਦਿਹਾੜੀ-ਮਜ਼ਦੂਰੀ ਕਰ ਕੇ ਘਰ ਦਾ ਗੁਜ਼ਾਰਾ ਕਰ ਰਹੇ ਹਨ।
ਹੰਝੂਆਂ ਨਾਲ ਭਰੀਆਂ ਅੱਖਾਂ ਨਾਲ ਗੁਰਮੀਤ ਕੌਰ ਨੇ ਦੱਸਿਆਂ, "ਅਜੇ ਵਿਆਹ ਲਈ ਨਹੀਂ ਮੰਨਦੇ ਸਨ। ਉਹ ਕਹਿੰਦੇ ਸਨ ਕਿ ਵਿਆਹ ਤਾਂ ਜਦੋਂ ਮਰਜ਼ੀ ਹੋ ਜਾਵੇਗਾ ਪਰ ਇਹ ਪੜ੍ਹਾਈ ਦਾ ਟਾਈਮ ਹੈ।"

ਤਸਵੀਰ ਸਰੋਤ, Ravinder Arora/BBC
"ਪੜ੍ਹ ਕੇ ਕੁਝ ਬਣ ਕੇ ਹੀ ਵਿਆਹ ਕਰਾਵਾਂਗੇ ਅਤੇ ਘਰ ਦੀ ਗਰੀਬੀ ਦੂਰ ਕਰਾਂਗੇ।"
ਉਨ੍ਹਾਂ ਨੇ ਕਿਹਾ, "ਬਹੁਤ ਮੁਸ਼ਕਲਾਂ ਨਾਲ ਵਕਤ ਲੰਘਦਾ। ਦਿਨ ਤਾਂ ਲੰਘ ਜਾਂਦਾ ਹੈ ਰਾਤ ਦੀ ਫਿਕਰ ਪੈ ਜਾਂਦੀ ਹੈ ਕਿ ਕਿਵੇਂ ਲੰਘੇਗੀ। ਰਾਤਾਂ ਨੂੰ ਨੀਂਦ ਨਹੀਂ ਆਉਂਦੀ।"
"ਰਾਤਾਂ ਨੂੰ ਯਾਦ ਕਰਦੇ ਹਾਂ ਉਨ੍ਹਾਂ ਨੂੰ, ਹਾਕਾਂ ਮਾਰਦੇ ਹਾਂ।"
ਹੰਝੂਆਂ ਦੇ ਵਹਿਣ ਵਿੱਚ ਗੁਰਮੀਤ ਕੌਰ ਨੇ ਕਿਹਾ ਕਿ ਜਿਹੜੇ ਲੋਕ ਭਗੌੜੇ ਹੋਏ ਹਨ ਉਨ੍ਹਾਂ ਨੂੰ ਵੀ ਫੜ੍ਹਨਾ ਚਾਹੀਦਾ ਹੈ।
"ਸਾਨੂੰ ਉਨ੍ਹਾਂ ਤੋਂ ਵੀ ਖ਼ਤਰਾ ਹੈ। ਰਾਤ-ਬਰਾਤੇ ਸਾਨੂੰ ਕੁਝ ਵੀ ਕਰ ਸਕਦੇ ਹਨ। ਇਨ੍ਹਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਸੀ ਜਾਂ ਤਾਉਮਰ ਕੈਦ ਹੋਣੀ ਚਾਹੀਦੀ ਸੀ, ਤਾਂ ਸਾਨੂੰ ਸੰਤੁਸ਼ਟੀ ਸੀ।"
"8 ਸਾਲ ਹੋ ਗਏ ਸਾਨੂੰ ਧੱਕੇ ਖਾਂਦਿਆਂ ਨੂੰ, ਉਹ ਇਨਸਾਫ਼ ਸਾਨੂੰ ਮਿਲਿਆ ਨਹੀਂ ਜੋ ਸਾਨੂੰ ਚਾਹੀਦਾ ਸੀ।"

ਵਾਰਦਾਤ ਵਾਲੇ ਦਿਨ ਦੋਵੇਂ ਭਰਾ ਪੀਜੀ 'ਚ ਸਨ
ਵਾਰਦਾਤ ਵਾਲੇ ਦਿਨ ਜਤਿੰਦਰ ਸਿੰਘ ਗੋਲਡੀ ਤੇ ਹਰਿੰਦਰ ਸਿੰਘ ਲਾਲੀ ਆਪਣੇ ਤਿੰਨ ਦੋਸਤਾਂ ਨਾਲ ਲੁਧਿਆਣਾ ਦੇ ਅਹਲੂਵਾਲੀਆ ਕਲੋਨੀ ਦੇ ਪੀਜੀ ਵਿੱਚ ਮੌਜੂਦ ਸਨ।
ਦਰਅਸਲ ਇਨ੍ਹਾਂ 'ਤੇ ਮਾਛੀਵਾੜਾ ਪੁਲਿਸ ਨੇ ਵਾਰਦਾਤ ਤੋਂ ਕੁਛ ਦਿਨ ਪਹਿਲਾਂ ਇੱਕ ਲੜਾਈ-ਝਗੜੇ ਤੋਂ ਬਾਅਦ ਇਰਾਦਾ ਕਤਲ ਦਾ ਕੇਸ ਦਰਜ਼ ਕੀਤਾ ਸੀ ਤੇ ਇਨ੍ਹਾਂ ਦੇ ਮਾਪਿਆਂ ਨੇ ਉਕਤ ਝੂਠੇ ਕੇਸ ਦੀ ਜਾਂਚ ਵੀ ਲਗਵਾਈ ਸੀ।
ਇਸ ਕਾਰਨ ਇਹ ਲੁਧਿਆਣਾ ਦੇ ਪੀਜੀ 'ਚ ਰਹਿ ਕੇ ਆਪਣੀ ਪੜ੍ਹਾਈ ਕਰ ਰਹੇ ਸਨ।
ਵਾਰਦਾਤ ਵਾਲੇ ਦਿਨ ਸਵੇਰੇ ਅੱਠ ਵਜੇ ਦੇ ਕਰੀਬ ਮਾਛੀਵਾੜਾ ਦੀ ਪੁਲਿਸ ਪਾਰਟੀ ਸਰਪੰਚ ਗੁਰਜੀਤ ਸਿੰਘ ਸੈਮ ਨੂੰ ਲੈ ਕੇ ਲੁਧਿਆਣਾ ਦੀ ਆਹਲੂਵਾਲੀਆ ਕਲੋਨੀ ਵਿੱਚ ਆਈ।
ਇਸ ਦੌਰਾਨ ਪੁਲਿਸ ਮੁਲਾਜ਼ਮਾਂ ਨੇ ਦੋਵਾਂ ਭਰਾਵਾਂ ਦਾ ਗੋਲੀਆਂ ਮਾਰ ਕੇ ਕਤਲ ਕਰਨ ਤੋਂ ਬਾਅਦ ਇਸ ਨੂੰ ਐਨਕਾਊਂਟਰ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ।

ਤਸਵੀਰ ਸਰੋਤ, Ravinder Arora/BBc
ਇਸ ਤੋਂ ਬਾਅਦ ਉਨ੍ਹਾਂ ਦੇ ਦੋਵਾਂ ਦੋਸਤਾਂ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਸੀ।
ਜਿਸ ਤੋਂ ਬਾਅਦ ਉਸ ਵੇਲੇ ਦੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਪ੍ਰਮੋਦ ਬਾਨ ਨੇ ਮੌਕੇ ਉੱਤੇ ਜਾ ਕੇ ਇਲਾਕੇ ਦੇ ਲੋਕਾਂ ਦੇ ਬਿਆਨ ਲਏ ਤੇ ਮਾਮਲਾ ਦਰਜ ਕੀਤਾ।

ਇਹ ਵੀ ਪੜ੍ਹੋ-

ਪੋਸਟਮਾਰਟਮ ਰਿਪੋਰਟ ਵਿੱਚ ਕੀ ਆਇਆ ਸੀ
ਦੋਵਾਂ ਦਾ ਪੋਸਟਮਾਰਟਮ ਕਰਵਾਇਆ ਤਾਂ ਡਾਕਟਰਾਂ ਨੇ ਸਾਫ ਕਰ ਦਿੱਤਾ ਕਿ ਗੋਲੀਆਂ ਦੋਹਾਂ ਨੂੰ ਕੋਲ ਬਿਠਾ ਕੇ ਨੇੜਿਓਂ ਮਾਰੀਆਂ ਗਈਆਂ ਹਨ।
ਜਿਸ ਤੋਂ ਬਾਅਦ ਲੁਧਿਆਣਾ ਪੁਲਿਸ ਨੇ ਇਸ ਮਾਮਲੇ ਵਿੱਚ ਸਰਪੰਚ ਤੇ ਪੁਲਿਸ ਮੁਲਾਜ਼ਮਾਂ ਤੋਂ ਪੁੱਛਗਿੱਛ ਕੀਤੀ ਕੇ ਕਤਲ ਦੇ ਭੇਦ ਤੋਂ ਪਰਦਾ ਹਟਾਇਆ।
ਹਾਈ ਕੋਰਟ ਜਾਣ ਦੀ ਤਿਆਰੀ
ਪੀੜਤ ਪਰਿਵਾਰ ਦੇ ਵਕੀਲ ਹਰਵਿੰਦਰ ਸਿੰਘ ਸੋਨੀ ਮੁਤਾਬਕ ਉਹ ਫਰਾਰ ਮੁਲਜ਼ਮਾਂ ਅਤੇ ਬਰੀ ਕੀਤੇ ਮੁਲਜ਼ਮ ਖ਼ਿਲਾਫ਼ ਹਾਈ ਕੋਰਟ ਜਾਣ ਦੀ ਤਿਆਰੀ ਕਰ ਰਹੇ ਹਨ।

ਤਸਵੀਰ ਸਰੋਤ, Ravinder Arora/BBC
ਉਨ੍ਹਾਂ ਨੇ ਅੱਗੇ ਦੱਸਿਆ ਕਿ ਇਹ ਐੱਫਆਈਆਰ ਆਈਪੀਸੀ ਦੀਆਂ ਧਾਰਾਵਾਂ 302,148, 149 ਦੇ ਤਹਿਤ ਦਰਜ ਹੋਈ ਸੀ। ਦੋਵੇਂ ਮ੍ਰਿਤਕ ਐੱਸਸੀ ਐੱਸਟੀ ਨਾਲ ਸਬੰਧਤ ਸਨ ਤਾਂ ਬਾਅਦ ਵਿੱਚ ਇਸ 'ਚ ਐੱਸਸੀ-ਐੱਸਟੀ ਐਕਟ ਵੀ ਲੱਗਾ ਸੀ।
ਉਨ੍ਹਾਂ ਨੇ ਅੱਗੇ ਦੱਸਿਆ, "ਇਸ ਵਿੱਚ ਨਿਆਂਇਕ ਹਿਰਾਸਤ ਵੀ ਹੋਈ ਸੀ ਤੇ ਐੱਸਆਈਟੀ ਦਾ ਗਠਨ ਵੀ ਹੋਇਆ ਸੀ। ਇਸ ਵਿੱਚ 47 ਗਵਾਹ ਸਨ ਜਿਨ੍ਹਾਂ ਨੂੰ ਧਮਕੀਆਂ ਵੀ ਮਿਲੀਆਂ।"
"8 ਸਾਲਾ ਬਾਅਦ 10 ਅਕਤੂਬਰ ਨੂੰ ਅਦਾਲਤ ਨੇ ਬਹੁਤ ਵਧੀਆ ਫ਼ੈਸਲਾ ਸੁਣਾਇਆ, ਜਿਸ ਮੁਤਾਬਕ ਤਿੰਨਾਂ ਨੂੰ ਦੋਸ਼ੀ ਕਰਾਰ ਦਿੰਦਿਆਂ ਹੋਇਆ ਸਜ਼ਾ ਸੁਣਾਈ ਗਈ ਹੈ ਤੇ ਇੱਕ ਨੂੰ ਸਬੂਤਾਂ ਦਾ ਘਾਟ ਕਾਰਨ ਬਰੀ ਕਰ ਦਿੱਤਾ ਗਿਆ ਹੈ।"
"ਪਰ ਇਸ ਵਿੱਚ ਜਿਸ ਨੂੰ ਬਰੀ ਕੀਤਾ ਗਿਆ, ਉਹ ਵੀ ਓਨਾਂ ਹੀ ਕਸੂਰਵਾਰ ਸੀ ਜਿੰਨੇ ਕੇ ਦੂਜੇ। ਅਸੀਂ ਉਨ੍ਹਾਂ ਖ਼ਿਲਾਫ਼ ਹਾਈ ਕੋਰਟ ਜਾਵਾਂਗੇ।"
ਵਕੀਲ ਨੇ ਅੱਗੇ ਦੱਸਿਆ, "ਫਰਾਰ ਮੁੱਖ ਦੋਸ਼ੀ ਨੂੰ ਜਲਦ ਤੋਂ ਜਲਦ ਫੜ੍ਹਿਆ ਜਾਵੇ ਅਤੇ ਸਜ਼ਾ ਦਿੱਤੀ ਜਾਵੇ।"
ਜ਼ਿਲ੍ਹਾ ਸੈਸ਼ਨ ਅਦਾਲਤ ਦਾ ਫ਼ੈਸਲਾ
ਲੁਧਿਆਣਾ ਦੇ 8 ਸਾਲ ਪੁਰਾਣੇ ਦੋ ਭਰਾਵਾਂ ਦੇ ਫਰਜ਼ੀ ਐਨਕਾਊਂਟਰ ਮਾਮਲੇ ਵਿੱਚ ਜ਼ਿਲ੍ਹਾ ਸੈਸ਼ਨ ਅਦਾਲਤ ਨੇ 2 ਸਾਬਕਾ ਪੁਲਿਸ ਮੁਲਾਜ਼ਮਾਂ ਅਤੇ ਇੱਕ ਸਾਬਕਾ ਅਕਾਲੀ ਸਰਪੰਚ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।

ਤਸਵੀਰ ਸਰੋਤ, Ravinder Arora/BBc
ਇਨ੍ਹਾਂ ਤਿੰਨਾਂ ਦੋਸ਼ੀਆਂ ਨੂੰ ਜੁਰਮਾਨਾ ਵੀ ਸੁਣਾਇਆ ਗਿਆ। ਸਾਬਕਾ ਪੁਲਿਸ ਮੁਲਾਜ਼ਮਾਂ ਯਾਦਵਿੰਦਰ ਸਿੰਘ ਅਤੇ ਅਜੀਤ ਸਿੰਘ ਨੂੰ 37-37 ਹਜ਼ਾਰ ਅਤੇ ਸਾਬਕਾ ਸਰਪੰਚ ਗੁਰਜੀਤ ਸਿੰਘ ਸੈਮ ਨੂੰ 35 ਹਜ਼ਾਰ ਰੁਪਏ ਜੁਰਮਾਨਾ ਵੀ ਲਗਾਇਆ ਗਿਆ ਹੈ।
ਹਾਲਾਂਕਿ, ਫ਼ੈਸਲੇ ਦੌਰਾਨ ਅਦਾਲਤ ਨੇ ਇੱਕ ਮੁਲਜ਼ਮ ਨੂੰ ਬਰੀ ਵੀ ਕੀਤਾ ਹੈ। ਇਹ ਮੁਲਜ਼ਮ ਵੀ ਸਾਬਕਾ ਪੁਲਿਸ ਮੁਲਾਜ਼ਮ ਬਲਦੇਵ ਸਿੰਘ ਹੈ ਜਿਨ੍ਹਾਂ ਨੂੰ ਸਬੂਤਾਂ ਦੀ ਘਾਟ ਦੱਸ ਕੇ ਬਰੀ ਕੀਤਾ ਗਿਆ ਹੈ।

ਇਹ ਵੀ ਪੜ੍ਹੋ-















