ਲੁਧਿਆਣਾ : 8 ਸਾਲ ਪਹਿਲਾਂ ਹੋਏ ਦੋ ਸਕੇ ਭਰਾਵਾਂ ਦੇ ਝੂਠੇ ਪੁਲਿਸ ਮੁਕਾਬਲੇ ਵਿਚ 3 ਜਣਿਆਂ ਨੂੰ ਉਮਰ ਕੈਦ, ਕੀ ਸੀ ਮਾਮਲਾ
- ਲੇਖਕ, ਰਵਿੰਦਰ ਅਰੋੜਾ
- ਰੋਲ, ਬੀਬੀਸੀ ਸਹਿਯੋਗੀ
- ਪ੍ਰਕਾਸ਼ਿਤ
ਲੁਧਿਆਣਾ ਦੇ 8 ਸਾਲ ਪੁਰਾਣੇ ਦੋ ਭਰਾਵਾਂ ਦੇ ਫਰਜ਼ੀ ਐਨਕਾਊਂਟਰ ਮਾਮਲੇ ਵਿੱਚ ਜ਼ਿਲ੍ਹਾ ਸੈਸ਼ਨ ਅਦਾਲਤ ਨੇ 2 ਸਾਬਕਾ ਪੁਲਿਸ ਮੁਲਾਜ਼ਮਾਂ ਅਤੇ ਇੱਕ ਸਾਬਕਾ ਅਕਾਲੀ ਸਰਪੰਚ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
ਇਨ੍ਹਾਂ ਤਿੰਨਾਂ ਦੋਸ਼ੀਆਂ ਨੂੰ ਜੁਰਮਾਨਾ ਵੀ ਸੁਣਾਇਆ ਗਿਆ। ਸਾਬਕਾ ਪੁਲਿਸ ਮੁਲਾਜ਼ਮਾਂ ਯਾਦਵਿੰਦਰ ਸਿੰਘ ਅਤੇ ਅਜੀਤ ਸਿੰਘ ਨੂੰ 37-37 ਹਜ਼ਾਰ ਅਤੇ ਸਾਬਕਾ ਸਰਪੰਚ ਗੁਰਜੀਤ ਸਿੰਘ ਸੈਮ ਨੂੰ 35 ਹਜ਼ਾਰ ਰੁਪਏ ਜੁਰਮਾਨਾ ਵੀ ਲਗਾਇਆ ਗਿਆ ਹੈ।
ਹਾਲਾਂਕਿ, ਫ਼ੈਸਲੇ ਦੌਰਾਨ ਅਦਾਲਤ ਨੇ ਇੱਕ ਮੁਲਜ਼ਮ ਨੂੰ ਬਰੀ ਵੀ ਕੀਤਾ ਹੈ। ਇਹ ਮੁਲਜ਼ਮ ਵੀ ਸਾਬਕਾ ਪੁਲਿਸ ਮੁਲਾਜ਼ਮ ਬਲਦੇਵ ਸਿੰਘ ਹੈ ਜਿਨ੍ਹਾਂ ਨੂੰ ਸਬੂਤਾਂ ਦੀ ਘਾਟ ਦੱਸ ਕੇ ਬਰੀ ਕੀਤਾ ਗਿਆ ਹੈ।
ਜਿਸ ਬਾਰੇ ਪੀੜਤਾਂ ਦੇ ਪਰਿਵਾਰ ਦਾ ਕਹਿਣਾ ਹੈ ਉਹ ਇਸ ਸਬੰਧੀ ਹਾਈਕੋਰਟ ਵਿੱਚ ਅਪੀਲ ਵੀ ਕਰਨਗੇ।

ਤਸਵੀਰ ਸਰੋਤ, Ravinder Arora/BBc
ਇਸ ਮਾਮਲੇ ਵਿੱਚ ਦੋ ਮੁਲਜ਼ਮ ਭਗੌੜੇ ਵੀ ਹਨ। ਸਾਬਕਾ ਪੁਲਿਸ ਇੰਸਪੈਕਟਰ ਮਨਜਿੰਦਰ ਸਿੰਘ ਅਤੇ ਉਨ੍ਹਾਂ ਦਾ ਹੀ ਇੱਕ ਹੋਰ ਸਾਥੀ ਪੁਲਿਸ ਮੁਲਾਜ਼ਮ। ਜਿਸ ਦੀ ਪੁਲਿਸ ਨੂੰ ਤਲਾਸ਼ ਹੈ।
ਪੀੜਤ ਪਰਿਵਾਰ ਨੇ ਇਸ ਮਾਮਲੇ ਵਿੱਚ ਫਰਾਰ ਮੁਲਜ਼ਮਾਂ ਨੂੰ ਛੇਤੀ ਗ੍ਰਿਫ਼ਤਾਰ ਕਰਨ ਦੀ ਅਦਾਲਤ ਵਿੱਚ ਅਪੀਲ ਕੀਤੀ ਗਈ ਹੈ।
ਫਰਜ਼ੀ ਐਨਕਾਊਂਟਰ ਦਾ ਕੀ ਹੈ ਪੂਰਾ ਮਾਮਲਾ
ਦਰਅਸਲ, ਲੁਧਿਆਣਾ ਦੇ ਜਮਾਲਪੁਰ ਦੀ ਆਹਲੂਵਾਲੀਆ ਕਲੋਨੀ ਵਿੱਚ ਸਤੰਬਰ 2014 'ਚ ਇੱਕ ਕਥਿਤ ਫੇਕ ਐਨਕਾਊਂਟਰ ਦਾ ਮਾਮਲਾ ਸਾਹਮਣੇ ਆਇਆ ਸੀ।
ਇਸ ਵਿੱਚ ਮਾਛੀਵਾੜਾ ਪੁਲਿਸ ਦੇ ਮੁਲਾਜ਼ਮਾਂ ਵੱਲੋਂ ਮਾਛੀਵਾੜਾ ਦੇ ਬੋਹਾਪੁਰ ਪਿੰਡ ਦੇ ਦੋ ਸਕੇ ਨੌਜਵਾਨ ਭਰਾਵਾਂ ਜਿਨ੍ਹਾਂ ਵਿੱਚ 23 ਸਾਲਾ ਹਰਿੰਦਰ ਸਿੰਘ ਅਤੇ 22 ਸਾਲਾ ਜਤਿੰਦਰ ਸਿੰਘ ਸਨ, ਉਨ੍ਹਾਂ ਦਾ ਫਰਜ਼ੀ ਐਨਕਾਊਂਟਰ ਕਰ ਕੇ ਮਾਰਨ ਦਾ ਮਾਮਲਾ ਸਾਹਮਣਾ ਆਇਆ ਸੀ।
ਇਸ ਮਾਮਲੇ 'ਚ ਲੁਧਿਆਣਾ ਦੇ ਜਮਾਲਪੁਰ ਪੁਲਿਸ ਥਾਣੇ ਵਿੱਚ ਧਾਰਾ 302 ਅਤੇ ਧਾਰਾ 120-ਬੀ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।

ਤਸਵੀਰ ਸਰੋਤ, Ravinder Arora/BBc
ਪੁਲਿਸ ਨੇ ਇਸ ਮਾਮਲੇ ਵਿੱਚ ਉਸ ਵੇਲੇ ਦੇ ਮਾਛੀਵਾੜਾ ਥਾਣੇ ਦੇ ਐੱਸਐੱਚਓ ਸਣੇ ਕੁਲ ਛੇ ਮੁਲਜ਼ਮਾਂ 'ਤੇ ਪਰਚਾ ਦਰਜ ਕੀਤਾ ਸੀ ਤੇ ਇਨ੍ਹਾਂ ਵਿੱਚੋਂ ਐੱਸਐੱਚਓ ਮਨਜਿੰਦਰ ਸਿੰਘ ਤੇ ਸੁਖਬੀਰ ਸਿੰਘ ਹਾਲੇ ਵੀ ਫ਼ਰਾਰ ਹਨ।

- 8 ਸਾਲ ਪੁਰਾਣੇ ਐਨਕਾਊਂਟਰ ਮਾਮਲੇ ਵਿੱਚ 2 ਪੁਲਿਸ ਵਾਲਿਆਂ ਸਣੇ ਤਿੰਨ ਨੂੰ ਉਮਰ ਕੈਦ
- ਅਦਾਲਤ ਨੇ ਇਸ ਐਨਕਾਊਂਟਰ ਨੂੰ ਫਰਜ਼ੀ ਮੰਨਿਆ ਹੈ
- ਸਾਲ 2014 ਵਿੱਚ ਲੁਧਿਆਣਾ ਵਿੱਚ ਦੋ ਸਕੇ ਭਰਾਵਾਂ ਦਾ ਐਨਕਾਊਂਟਰ ਹੋਣ ਦਾ ਮਾਮਲਾ ਸੀ
- ਫ਼ੈਸਲੇ ਦੌਰਾਨ ਅਦਾਲਤ ਨੇ ਇੱਕ ਮੁਲਜ਼ਮ ਨੂੰ ਬਰੀ ਵੀ ਕੀਤਾ ਗਿਆ ਹੈ
- ਮਾਮਲੇ ਵਿੱਚ ਦੋ ਪੁਲਿਸ ਵਾਲੇ ਅਜੇ ਵੀ ਫਰਾਰ ਦੱਸੇ ਜਾ ਰਹੇ ਹਨ
- ਪਰਿਵਾਰ ਨੇ ਹਾਈ ਕੋਰਟ ਵਿੱਚ ਜਾਣ ਦੀ ਗੱਲ ਆਖੀ ਹੈ

ਕੋਰਟ ਨੇ ਤਿੰਨਾਂ ਦੋਸ਼ੀਆਂ ਨੂੰ ਆਰਮਜ਼ ਐਕਟ ਅਤੇ ਸਾਜ਼ਿਸ਼ ਰਚਨ ਵਿੱਚ ਦੋਸ਼ ਵਿੱਚ ਸਾਬਕਾ ਅਕਾਲੀ ਸਰਪੰਚ ਗੁਰਜੀਤ ਸਿੰਘ, ਸਾਬਕਾ ਕਾਂਸਟੇਬਲ ਯਾਦਵਿੰਦਰ ਸਿੰਘ ਅਤੇ ਸਾਬਕਾ ਹੋਮਗਾਰਡ ਜਵਾਨ ਅਜੀਤ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਸੀ।
ਪੀੜਤ ਪਰਿਵਾਰ ਨੇ ਕੀ ਕਿਹਾ
ਮ੍ਰਿਤਕਾਂ ਦੇ ਪਿਤਾ ਸਤਪਾਲ ਸਿੰਘ ਮੁਤਾਬਕ, ਅੱਠ ਸਾਲ ਕੇਸ ਚੱਲਣ ਤੋਂ ਬਾਅਦ ਅਦਾਲਤ ਨੇ ਇਸ ਐਨਕਾਊਂਟਰ ਨੂੰ ਫਰਜ਼ੀ ਮੰਨਿਆ ਹੈ।
ਉਨ੍ਹਾਂ ਨੇ ਕਿਹਾ ਕਿ ਉਹ ਫ਼ੈਸਲੇ ਤੋਂ ਖੁਸ਼ ਹਨ ਪਰ ਜੋ ਮੁਲਜ਼ਮ ਨੂੰ ਬਰੀ ਕੀਤਾ ਹੈ ਉਸ ਤੋਂ ਖੁਸ਼ ਨਹੀਂ ਹਨ।
ਉਨ੍ਹਾਂ ਨੇ ਕਿਹਾ, "ਅਸੀਂ ਹਾਈਕੋਰਟ ਜਾਵਾਂਗੇ, ਉੱਥੇ ਅਪੀਲ ਲਾਵਾਂਗੇ। ਬਾਕੀ ਅਦਾਲਤ ਦਾ ਅਸੀਂ ਧੰਨਵਾਦ ਕਰਦੇ ਹਾਂ।"

ਇਹ ਵੀ ਪੜ੍ਹੋ-

ਪੀੜਤ ਪਰਿਵਾਰ ਦੇ ਵਕੀਲ ਨੇ ਕਿਹਾ ਕਿ ਪੁਲਿਸ ਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਜੋ ਮੁਲਜ਼ਮ ਫਰਾਰ ਹਨ, ਉਨ੍ਹਾਂ ਨੂੰ ਛੇਤੀ ਫੜਿਆ ਜਾਵੇ।
ਉੱਧਰ ਪੀੜਤਾਂ ਦੀ ਮਾਂ ਗੁਰਮੀਤ ਕੌਰ ਅਦਾਲਤ ਦੇ ਫ਼ੈਸਲੇ ਤੋਂ ਬਾਅਦ ਕਾਫ਼ੀ ਭਾਵੁਕ ਹੋ ਗਏ ਅਤੇ ਉਨ੍ਹਾਂ ਨੇ ਸਾਰੇ ਮੁਲਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਮੰਗ ਕੀਤੀ।
ਐਨਕਾਊਂਟਰ ਵਿੱਚ ਮਾਰੇ ਗਏ ਮੁੰਡੇ ਕੌਣ ਸਨ
ਮਾਛੀਵਾੜਾ ਦੇ ਬੋਹਾਪੁਰ ਪਿੰਡ ਦੇ ਰਹਿਣ ਵਾਲੇ ਦੋਵੇਂ ਸਕੇ ਭਰਾਵਾਂ ਵਿੱਚੋਂ ਜਤਿੰਦਰ ਸਿੰਘ 2014 ਵਿੱਚ ਆਪਣੀ ਪੜ੍ਹਾਈ ਪੂਰੀ ਕਰ ਕੇ ਪੀਸੀਐੱਸ ਦੀ ਤਿਆਰੀ ਕਰ ਰਿਹਾ ਸੀ ਤੇ ਉਸ ਦਾ ਛੋਟਾ ਭਰਾ ਉਸ ਵੇਲੇ ਆਪਣੀ ਡਿਗਰੀ ਪੂਰੀ ਕਰਨ ਦੇ ਨਾਲ ਨਾਲ ਨੌਕਰੀ ਕਰ ਰਿਹਾ ਸੀ।

ਤਸਵੀਰ ਸਰੋਤ, Ravinder Arora/BBc
ਇਸ ਦੌਰਾਨ ਸਰਪੰਚ ਗੁਰਜੀਤ ਸਿੰਘ ਸੈਮ ਨੇ ਇਨ੍ਹਾਂ ਦੋਵਾਂ ਖਿਲਾਫ਼ ਮਾਛੀਵਾੜਾ ਥਾਣੇ ਵਿੱਚ ਕਿਸੇ ਲੜਾਈ ਝਗੜੇ ਦੇ ਮਾਮਲੇ ਵਿੱਚ ਇਰਾਦਾ ਕਤਲ ਦਾ ਪਰਚਾ ਦਰਜ ਕਰਵਾਇਆ ਸੀ ਜਿਸ ਦੀ ਪਰਿਵਾਰ ਵਲੋਂ ਵੱਡੇ ਅਫਸਰਾਂ ਅੱਗੇ ਪੇਸ਼ ਹੋ ਕੇ ਜਾਂਚ ਕਰਵਾਈ ਗਈ ਸੀ।
ਦੋਵੇਂ ਭਰਾ ਲੁਧਿਆਣਾ ਦੀ ਆਹਲੂਵਾਲੀਆ ਕਲੋਨੀ ਦੇ ਪੀਜੀ ਵਿੱਚ ਰਹਿ ਰਹੇ ਸਨ ਕਿ ਅਚਾਨਕ ਮਾਛੀਵਾੜਾ ਪੁਲਿਸ ਤੇ ਸਰਪੰਚ ਨੇ ਆ ਕੇ ਉਥੇ ਧਾਵਾ ਬੋਲ ਦਿੱਤਾ।
ਇਸ ਦੌਰਾਨ ਪੁਲਿਸ ਮੁਲਾਜ਼ਮਾਂ ਨੇ ਦੋਵਾਂ ਭਰਾਵਾਂ ਦਾ ਗੋਲੀਆਂ ਮਾਰ ਕੇ ਕਤਲ ਕਰਨ ਤੋਂ ਬਾਅਦ ਇਸ ਨੂੰ ਐਨਕਾਊਂਟਰ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ।
ਜਿਸ ਤੋਂ ਬਾਅਦ ਉਸ ਵੇਲੇ ਦੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਪ੍ਰਮੋਦ ਬਾਨ ਨੇ ਮੌਕੇ ਉੱਤੇ ਜਾ ਕੇ ਇਲਾਕੇ ਦੇ ਲੋਕਾਂ ਦੇ ਬਿਆਨ ਲਏ ਤੇ ਮਾਮਲਾ ਦਰਜ ਕੀਤਾ।

ਤਸਵੀਰ ਸਰੋਤ, Ravinder Arora/BBC
ਪੋਸਟਮਾਰਟਮ ਰਿਪੋਰਟ ਵਿੱਚ ਕੀ ਆਇਆ ਸੀ
ਦੋਵਾਂ ਦੀ ਮ੍ਰਿਤਕ ਦੇਹ ਪੋਸਟਮਾਰਟਮ ਕਰਵਾਇਆ ਤਾਂ ਡਾਕਟਰਾਂ ਨੇ ਸਾਫ ਕਰ ਦਿੱਤਾ ਕਿ ਗੋਲੀਆਂ ਦੋਹਾਂ ਨੂੰ ਕੋਲ ਬਿਠਾ ਕੇ ਨੇੜਿਓਂ ਮਾਰੀਆਂ ਗਈਆਂ ਹਨ।
ਜਿਸ ਤੋਂ ਬਾਅਦ ਲੁਧਿਆਣਾ ਪੁਲਿਸ ਨੇ ਇਸ ਮਾਮਲੇ ਵਿੱਚ ਸਰਪੰਚ ਤੇ ਪੁਲਿਸ ਮੁਲਾਜ਼ਮਾਂ ਤੋਂ ਪੁੱਛਗਿੱਛ ਕੀਤੀ ਕੇ ਕਤਲ ਦੇ ਭੇਦ ਤੋਂ ਪਰਦਾ ਹਟਾਇਆ।

ਇਹ ਵੀ ਪੜ੍ਹੋ-














