ਕ੍ਰਿਕਟਰ ਅਰਸ਼ਦੀਪ ਸਿੰਘ ਦੇ ਹੁਣ ਵਾਇਰਲ ਹੋਏ ਇੱਕ ਵੀਡੀਓ ਵਿੱਚ ਕੀ ਨਜ਼ਰ ਆ ਰਿਹਾ ਹੈ

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 3 ਮਿੰਟ

ਭਾਰਤੀ ਗੇਦਬਾਜ਼ ਅਰਸ਼ਦੀਪ ਸਿੰਘ ਨਾਲ ਜੁੜਿਆ ਇੱਕ ਵੀਡੀਓ ਵਾਇਰਲ ਹੋਇਆ। ਸੋਸ਼ਲ ਮੀਡੀਆ ਉੱਤੇ ਇਹ ਕਹਿ ਕੇ ਇਸ ਨੂੰ ਸ਼ੇਅਰ ਕੀਤਾ ਜਾਣ ਲਗਿਆ ਕਿ ਵੀਡੀਓ ਵਿੱਚ ਅਰਸ਼ਦੀਪ ਸਿੰਘ ਨਾਲ ਮਾੜਾ ਵਤੀਰਾ ਕੀਤਾ ਜਾ ਰਿਹਾ ਹੈ।

ਦੁਬਈ ਵਿਚ ਖੇਡੇ ਜਾ ਰਹੇ ਏਸ਼ੀਆ ਕੱਪ ਵਿਚ ਐਤਵਾਰ ਨੂੰ ਹੋਏ ਭਾਰਤ ਪਾਕਿਸਤਾਨ ਮੈਚ ਵਿਚ ਅਰਸ਼ਦੀਪ ਤੋਂ ਇੱਕ ਕੈਚ ਛੁੱਟ ਗਿਆ ਸੀ।

ਜਿਸ ਤੋਂ ਬਾਅਦ ਉਨ੍ਹਾਂ ਨੂੰ ਸੋਸ਼ਲ ਮੀਡੀਆ ਉੱਤੇ ਕੁਝ ਲੋਕਾਂ ਦੀਆਂ ਘਟੀਆ ਟਿੱਪਣੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਭਾਵੇਂ ਕਿ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਸੀਨੀਅਰ ਮੰਤਰੀਆਂ ਸਣੇ ਬਹੁਤ ਸਾਰੀਆਂ ਖੇਡ ਹਸਤੀਆਂ ਨੇ ਅਰਸ਼ਦੀਪ ਦਾ ਸਮਰਥਨ ਵੀ ਕੀਤਾ ਹੈ।

ਇਸ ਵੀਡੀਓ ਵਿੱਚ ਇੱਕ ਅਵਾਜ਼ ਸੁਣਾਈ ਦੇ ਰਹੀ ਹੈ, ‘ਸਰਦਾਰਾ ਕੈਚ ਛੁੱਟਦੇ ਰਹਿੰਦੇ ਹਨ ਕਿਹੜਾ ਜਾਣ ਕੇ ਛੱਡਦਾ ਹੈ।’

ਇਸ ਦੇ ਨਾਲ ਹੀ ਵੀਡੀਓ ਵਿੱਚ ‘ਸ਼ੇਮ, ਸ਼ੇਮ, ਸ਼ੇਮ’ ਵੀ ਸੁਣਾਈ ਦੇ ਰਿਹਾ ਹੈ।

ਜਾਣਕਾਰੀ ਮੁਤਾਬਕ ਇਹ ਵੀਡੀਓ ਦੁਬਈ ਦੀ ਦੱਸੀ ਜਾ ਰਹੀ ਹੈ।

ਇਹ ਘਟਨਾ ਉਸ ਸਮੇਂ ਦੀ ਹੈ ਜਦੋਂ ਅਰਸ਼ਦੀਪ ਸਿੰਘ ਹੋਰਨਾਂ ਖਿਡਾਰੀਆਂ ਸਮੇਤ ਬੱਸ ਵਿੱਚ ਬੈਠ ਰਿਹਾ ਸੀ।

ਭਾਰਤੀ ਪੱਤਰਕਾਰ ਨੇ 'ਆਪੋ ਬਣੇ' ਕ੍ਰਿਕਟ ਫੈਨ ਝਾੜਿਆ

ਕਰੀਬ ਇੱਕ ਮਿੰਟ ਦੀ ਇਸ ਵੀਡੀਓ ਵਿੱਚ ਅਰਸ਼ਦੀਪ ਕੁਝ ਪਲਾਂ ਲਈ ਰੁਕ ਕੇ ਦੇਖਦਾ ਹੈ ਅਤੇ ਫਿਰ ਅਣਦੇਖਿਆ ਕਰਕੇ ਬੱਸ ਵਿੱਚ ਬੈਠ ਜਾਂਦਾ ਹੈ।

ਹਾਲਾਂਕਿ ਇਸ ਦੌਰਾਨ ਪੱਤਰਕਾਰ ਵਿਮਲ ਕੁਮਾਰ ਇੱਕ ਨੌਜਵਾਨ ਨੂੰ ਰੋਕਦੇ ਹੋਏ ਤੇ ਉਸ ਨੂੰ ਡਾਂਟਦੇ ਹੋਏ ਨਜ਼ਰ ਆ ਰਹੇ ਹਨ ਅਤੇ ਉਸ ਨੂੰ ਕਹਿੰਦੇ ਹਨ ਕਿ ਤੁਸੀਂ ਖਿਡਾਰੀਆਂ ਲਈ ਭੱਦੀ ਸ਼ਬਦਾਵਲੀ ਕਿਉਂ ਵਰਤ ਰਹੇ ਹੋਂ। ਉਹ ਭਾਰਤੀ ਖਿਡਾਰੀ ਹੈ।

ਪੱਤਰਕਾਰ ਵਿਮਲ ਕੁਮਾਰ ਉਹਨਾਂ ਨੂੰ ਰੋਕਦਿਆਂ ਗੁੱਸੇ ਵਿੱਚ ਕਹਿੰਦਾ ਹੈ, "ਖਿਡਾਰੀ ਨਾਲ ਇਸ ਤਰ੍ਹਾਂ ਗੱਲ ਕਰਦੇ ਨੇ?

ਅਸਾਨ ਜਿਹਾ ਕੈਚ ਛੱਡਣ ਕਿੰਨੀ ਵੱਡੀ ਗਲਤੀ?

ਭਾਰਤ ਪਾਕਿਸਤਾਨ ਮੈਚ ਦੌਰਾਨ ਅਰਸ਼ਦੀਪ ਤੋਂ ਕੈਚ ਛੁੱਟ ਜਾਣ ਬਾਰੇ ਬੀਬੀਸੀ ਪੰਜਾਬੀ ਨੇ ਖੇਡ ਲੇਖਕ ਅਤੇ ਮਾਹਰ ਪ੍ਰਦੀਪ ਮੈਗਜ਼ੀਨ ਨਾਲ ਫੋਨ ਉੱਤੇ ਗੱਲਬਾਤ ਕੀਤੀ ਸੀ।

ਅਰਸ਼ਦੀਪ ਸਿੰਘ ਵੱਲੋਂ ਅਸਾਨ ਜਿਹਾ ਕੈਚ ਛੁੱਟ ਜਾਣ ਬਾਰੇ ਜਦੋਂ ਪ੍ਰਦੀਪ ਮੈਗਜ਼ੀਨ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਸੀ ਕਿ ਵੱਡੇ ਤੋਂ ਵੱਡੇ ਖਿਡਾਰੀ ਅਕਸਰ ਸਿੰਪਲ ਤੋਂ ਸਿੰਪਲ ਕੈਚ ਛੱਡ ਦਿੰਦੇ ਹਨ।

"ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਵਿਰਾਟ ਕੋਹਲੀ ਨੇ ਆਪ ਕੈਚ ਛੱਡੇ ਹਨ, ਰੋਹਿਤ ਸ਼ਰਮਾ ਨੇ ਵੀ ਛੱਡੇ ਹੋਣੇ। ਆਖਰੀ ਘੜੀ ਦੀ ਪ੍ਰੀਖਿਆ ਤਾਂ ਖੇਡ ਨੂੰ ਰੋਚਕ ਬਣਾਉਂਦੀ ਹੈ।"

"ਇਥੇ ਪਤਾਂ ਨਹੀਂ ਹੁੰਦਾ ਕਿ ਚੰਗਾ ਖਿਡਾਰੀ ਕਦੋਂ ਗਲਤ ਸ਼ਾਟ ਖੇਡੇ ਜਾਂ ਮਾੜਾ ਬੈਟਸਮੈਨ ਵੀ ਮੈਚ ਜਿਤਾ ਦਿੰਦਾ ਹੈ। ਇਹੋ ਖੇਡ ਦੀ ਖੂਬਸਰਤੀ ਹੈ।"

ਖੇਡ ਪੱਤਰਕਾਰ ਨਵਦੀਪ ਗਿੱਲ ਕਹਿੰਦੇ ਹਨ, "ਯੁਵਰਾਜ ਸਿੰਘ ਤੋਂ ਵੀ ਕਈ ਵਾਰ ਕੈਚ ਛੁੱਟੇ ਹਨ। ਸਪੋਰਟਸ ਵਿੱਚ ਨਾ ਤਾਂ ਕੋਈ ਗੇਂਦ ਸਿੰਪਲ ਹੁੰਦੀ ਹੈ, ਨਾ ਸਿੰਪਲ ਸ਼ਾਟ ਅਤੇ ਨਾ ਹੀ ਸਿੰਪਲ ਕੈਚ।"

"ਅਰਸ਼ਦੀਪ ਸਿੰਘ ਨੇ ਸਭ ਤੋਂ ਬੈਸਟ ਬਾਲਿੰਗ ਕੀਤੀ ਹੈ। ਜੇਕਰ ਉਸ ਦੀ ਭਾਵਨਾ ਗਲਤ ਸੀ ਤਾਂ ਉਹ ਅਜਿਹਾ ਕਦੇ ਨਾ ਕਰਦੇ। ਮੈਚ ਦਾ ਆਖਰੀ ਓਵਰ ਵੀ ਉਨ੍ਹਾਂ ਤੋਂ ਹੀ ਕਰਵਾਇਆ ਗਿਆ ਸੀ।"

ਮਾਮਲੇ ਬਾਰੇ ਮੁੱਖ ਗੱਲਾਂ

  • ਐਤਵਾਰ ਨੂੰ ਭਾਰਤ -ਪਾਕਿਸਤਾਨ ਵਿਚਾਲੇ ਹੋਣ ਮੈਚ ਵਿੱਚ ਅਰਸ਼ਦੀਪ ਤੋਂ ਇੱਕ ਅਹਿਮ ਅਤੇ ਸੌਖਾ ਕੈਚ ਛੁੱਟ ਜਾਣ ਕਾਰਨ ਲੋਕ ਉਨ੍ਹਾਂ ਨੂੰ ਟ੍ਰੋਲ ਕੀਤਾ ਗਿਆ
  • ਕੈਚ ਮਿਸ ਹੋਣ 'ਤੇ ਰੋਹਿਤ ਸ਼ਰਮਾ ਦੀ ਪ੍ਰਤੀਕਿਰਿਆ ਵਿੱਚ ਨਾਰਾਜ਼ਗੀ ਸਾਫ਼ ਦਿਖਾਈ ਦਿੱਤੀ
  • ਆਸਿਫ਼ ਅਲੀ ਦਾ ਕੈਚ ਛੱਡਣਾ ਮਹਿੰਗਾ ਸਾਬਤ ਹੋਇਆ। ਇਸ ਓਵਰ 'ਚ ਉਨ੍ਹਾਂ ਨੇ ਇੱਕ ਛੱਕਾ ਅਤੇ ਇੱਕ ਚੌਕਾ ਜੜਿਆ।
  • ਕੁਝ ਲੋਕ ਅਰਸ਼ਦੀਪ ਨੂੰ ਇਸ ਲਈ ਜ਼ਿੰਮੇਦਾਰ ਠਹਿਰਾ ਰਹੇ ਹਨ ਅਤੇ ਕੁਝ ਉਨ੍ਹਾਂ ਨੂੰ 'ਖ਼ਾਲਿਸਤਾਨੀ' ਕਹਿ ਰਹੇ ਹਨ
  • ਵਿਰਾਟ ਕੋਹਲੀ, ਸਾਬਕਾ ਕ੍ਰਿਕਟਰ ਹਰਭਜਨ ਸਿੰਘ ਅਤੇ ਪਾਕਿਸਤਾਨ ਦੇ ਸਾਬਕਾ ਕਪਤਾਨ ਮੁਹੰਮਦ ਹਫ਼ੀਜ਼ ਸਣੇ ਕਈ ਹੋਰ ਹਸਤੀਆਂ ਅਰਸ਼ ਦੇ ਸਰਮਥਨ 'ਚ ਅੱਗੇ ਆਈਆਂ ਹਨ

ਅਰਸ਼ਦੀਪ ਦਾ ਸਮਰਥਨ

ਏਸ਼ੀਆ ਕੱਪ ਦਾ ਪਹਿਲਾ ਸੁਪਰ 4 ਮੈਚ ਦੁਬਈ ਵਿੱਚ ਐਤਵਾਰ ਨੂੰ ਖੇਡਿਆ ਗਿਆ, ਜਿਸ ਵਿੱਚ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਆਹਮੋ-ਸਾਹਮਣੇ ਸਨ।

182 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਪਾਕਿਸਤਾਨ ਦੀ ਟੀਮ ਨੇ ਇਸ ਮੁਕਾਬਲੇ ਵਿੱਚ ਭਾਰਤੀ ਟੀਮ ਨੂੰ ਪੰਜ ਵਿਕਟਾਂ ਨਾਲ ਹਰਾ ਦਿੱਤਾ।

ਪਾਕਿਸਤਾਨ ਨਾਲ ਮੈਚ 'ਚ ਭਾਰਤ ਦੀ ਹਾਰ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਅਰਸ਼ਦੀਪ ਸਿੰਘ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਹਾਲਾਂਕਿ ਕਈ ਵੱਡੀਆਂ ਹਸਤੀਆਂ ਨੇ ਅਰਸ਼ਦੀਪ ਸਿੰਘ ਦਾ ਬਚਾਅ ਵੀ ਕੀਤਾ ਹੈ।

ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਅਤੇ ਕਾਂਗਰਸ ਐੱਮਐਲਏ ਪ੍ਰਗਟ ਸਿੰਘ ਨੇ ਟੱਵਿਟਰ ਕਰਕੇ ਕਿਹਾ, "ਜਦੋਂ ਅਸੀਂ ਭਾਰਤ ਦੀ ਨੁਮਾਇੰਦਗੀ ਕਰਦੇ ਹਾਂ, ਅਸੀਂ ਆਪਣਾ ਸਭ ਕੁਝ ਦੇਸ਼ ਨੂੰ ਦਿੰਦੇ ਹਾਂ- ਖੂਨ, ਮਿਹਨਤ, ਦਿਲ ਅਤੇ ਦਿਮਾਗ। ਇਸ ਪੱਧਰ 'ਤੇ ਗਲਤੀਆਂ ਆਮ ਹੁੰਦੀਆਂ ਹਨ।"

"ਅਸੀਂ ਸਾਰੇ ਅਰਸ਼ਦੀਪ ਸਿੰਘ ਦੇ ਨਾਲ ਖੜ੍ਹੇ ਹਾਂ। ਜੋ ਲੋਕ ਉਸ ਦੀ ਪਹਿਚਾਣ ਕਾਰਨ ਉਸ ਦੀ ਦੇਸ਼ਭਗਤੀ 'ਤੇ ਸਵਾਲ ਉਠਾਉਂਦੇ ਹਨ ਉਹ "ਭਾਰਤ ਦੇ ਵਿਚਾਰ" ਨਾਲ ਵਿਸ਼ਵਾਸਘਾਤ ਕਰਦੇ ਹਨ।"

ਬੀਜੇਪੀ ਦੇ ਕੌਮੀ ਜਰਨਲ ਸਕੱਤਰ ਤਰੁਣ ਚੁੱਗ ਨੇ ਇਲੈਕਟ੍ਰੋਨਿਕਸ ਅਤੇ ਇਨਫੋਰਮੇਸ਼ਨ ਟੈਕਨੋਲੋਜੀ ਮੰਤਰਾਲੇ ਵੱਲੋਂ ਵਿਕੀਪੀਡੀਆ ਦੀਆਂ ਇਤਰਾਜਯੋਗ ਟਿਪਣੀਆਂ ਉਪਰ ਕਾਰਵਾਈ ਦਾ ਸਵਾਗਤ ਕੀਤਾ ਹੈ।

ਇਹ ਵੀ ਪੜ੍ਹੋ-

ਚੁੱਗ ਨੇ ਕਿਹਾ, "ਇਹ ਮੰਦਭਾਗੀ ਗੱਲ ਹੈ ਕਿ ਕੁਝ ਸ਼ਰਾਰਤੀ ਅਨਸਰ ਝੂਠੀਆਂ ਟਿੱਪਣੀਆਂ ਪੋਸਟ ਕਰਕੇ ਪੰਜਾਬ ਵਿੱਚ ਸਦਭਾਵਨਾ ਨੂੰ ਵਿਗਾੜਨ ਦੀ ਕੋਸ਼ਿਸ਼ ਕਰ ਰਹੇ ਹਨ। ਮੋਦੀ ਸਰਕਾਰ ਅਜਿਹੇ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਕਰੇਗੀ।"

ਅਸਲ ਵਿੱਚ ਵਿਕੀਪੀਡੀਆ ਵਿੱਚ ਅਰਸ਼ਦੀਪ ਸਿੰਘ ਬਾਰੇ ਜੋ ਪੇਜ ਸੀ ਉਸ ਵਿੱਚ ਉਨ੍ਹਾਂ ਦੇ 2018 ਵਿੱਚ ਖਾਲਿਸਤਾਨੀ ਸਕਵੈਡ ਦੀ ਟੀਮ ਨਾਲ ਜੁੜੇ ਹੋਣ ਦੀ ਗਲਤ ਜਾਣਕਾਰੀ ਪਾਈ ਹੋਈ ਸੀ। ਇਸ ਬਾਰੇ ਕੇਂਦਰੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਵਿਕੀਪੀਡੀਆ ਦੀ ਸਖ਼ਤ ਆਲੋਚਨਾ ਕੀਤੀ ਸੀ।

ਇਹ ਵੀ ਪੜ੍ਹੋ :

ਇਹ ਵੀਡੀਓ ਵੀ ਦੇਖੋ :

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)