ਇਸ ਭਾਰਤੀ ਸੂਬੇ ਦੇ ਲੋਕ ਇੱਕ ਬਰਤਾਨਵੀ ਅਫ਼ਸਰ ਦਾ ਬੁੱਤ ਯੂਕੇ ’ਚ ਕਿਉਂ ਲਗਵਾ ਰਹੇ ਹਨ

ਕਰਨਲ ਜੌਹਨ ਪੈਨੀਕੁਇਕ
ਤਸਵੀਰ ਕੈਪਸ਼ਨ, ਕਰਨਲ ਜੌਹਨ ਪੈਨੀਕੁਇਕ ਦਾ ਨਾਂ ਦੱਖਣੀ ਤਾਮਿਲਨਾਡੂ ਵਿੱਚ ਬਹੁਤ ਸ਼ਰਧਾ ਨਾਲ ਲਿਆ ਜਾਂਦਾ ਹੈ
    • ਲੇਖਕ, ਸਵਾਮੀਨਾਥਨ ਨਟਰਾਜਨ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 7 ਮਿੰਟ

ਅਜਿਹੇ ਸਮੇਂ ਵਿੱਚ ਜਦੋਂ ਬਸਤੀਵਾਦੀਆਂ ਅਤੇ ਗ਼ੁਲਾਮ ਵਪਾਰ ਵਿੱਚ ਸ਼ਾਮਲ ਲੋਕਾਂ ਦੀਆਂ ਮੂਰਤੀਆਂ ਨੂੰ ਢਾਹਿਆ ਜਾ ਰਿਹਾ ਹੈ, ਭਾਰਤ ਦੇ ਤਮਿਲ ਨਾਡੂ ਸੂਬੇ ਦੀ ਸਰਕਾਰ ਵਿਕਟੋਰੀਅਨ ਯੁੱਗ ਦੇ ਇੱਕ ਬਸਤੀਵਾਦੀ ਇੰਜੀਨੀਅਰ ਦਾ ਇੱਕ ਬੁੱਤ ਦਾਨ ਕਰ ਰਹੀ ਹੈ।

ਬ੍ਰਿਟੇਨ ਤੋਂ 50 ਕਿੱਲੋਮੀਟਰ ਦੂਰ ਕੈਂਬਰਲੇ ਦੇ ਇੱਕ ਪਾਰਕ ਵਿੱਚ ਕਰਨਲ ਜੌਹਨ ਪੈਨੀਕੁਇਕ ਦੇ ਬੁੱਤ ਦਾ ਉਦਘਾਟਨ ਕੀਤਾ ਜਾਵੇਗਾ।

ਮੁੱਲਾਪੇਰੀਆਰ ਡੈਮ ਨੂੰ ਡਿਜ਼ਾਈਨ ਕਰਨ ਅਤੇ ਉਸਾਰਨ ਲਈ ਦੱਖਣੀ ਤਮਿਲ ਨਾਡੂ ਵਿੱਚ ਜੌਨ ਪੈਨੀਕੁਇਕ ਨੂੰ ਬਹੁਤ ਮਾਣ ਅਤੇ ਸਤਿਕਾਰ ਦਿੱਤਾ ਜਾਂਦਾ ਹੈ।

ਲੰਡਨ ਦੀ ਦਸਤਾਵੇਜ਼ੀ ਫਿਲਮ ਨਿਰਮਾਤਾ ਸੰਥਾਨਾ ਇਬਰਾਹਿਮ ਕਹਿੰਦੇ ਹਨ, "ਬ੍ਰਿਟਿਸ਼ ਸ਼ਾਸਨ ਦੌਰਾਨ ਬਹੁਤ ਸਾਰੇ ਅੱਤਿਆਚਾਰ ਹੋਏ ਸਨ। ਸਾਨੂੰ ਇਸ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਹੈ। ਇਸ ਦੇ ਨਾਲ ਹੀ ਚੰਗੇ ਕੰਮ ਨੂੰ ਯਾਦ ਰੱਖਣਾ ਚਾਹੀਦਾ ਹੈ।"

ਇਬਰਾਹਿਮ ਯੂਕੇ ਵਿੱਚ ਬੁੱਤ ਨੂੰ ਸਥਾਪਿਤ ਕਰਨ ਦੇ ਪ੍ਰੋਜੈਕਟ ਦੇ ਪਿੱਛੇ ਇੱਕ ਪ੍ਰੇਰਨਾ ਸਰੋਤ ਹਨ।

ਉਹ ਕਹਿੰਦੇ ਹਨ, "ਉਨ੍ਹਾਂ ਦੇ ਕੰਮ ਨੂੰ ਅਜੇ ਤੱਕ ਪੂਰੀ ਤਰ੍ਹਾਂ ਪਛਾਣਿਆ ਨਹੀਂ ਗਿਆ, ਸਿਰਫ਼ ਸਾਡੇ ਸੂਬੇ ਦੇ ਲੋਕ ਹੀ ਉਨ੍ਹਾਂ ਬਾਰੇ ਜਾਣਦੇ ਸਨ।"

ਮਜ਼ਬੂਤ ਵਿਰਾਸਤ

ਡੈਮ ਰਾਹੀਂ ਸਿੰਜਾਈ ਵਾਲੇ ਖੇਤਰਾਂ ਵਿੱਚ ਪੈਨੀਕੁਇਕ ਦੀ ਵਿਰਾਸਤ ਹਮੇਸ਼ਾ ਵੱਡੀ ਰਹੀ ਹੈ।

ਵਿਦਿਆਰਥੀ ਪੈਨੀਕੁਇਕ ਕੋਲ ਹਿੰਦੂ ਦੇਵਤਿਆਂ ਦੇ ਪੰਥ ਦੇ ਨਾਲ ਬਸਤੀਵਾਦੀ ਇੰਜੀਨੀਅਰ ਦੀ ਫੋਟੋ ਵੀ ਹੈ

ਤਸਵੀਰ ਸਰੋਤ, Gubendran

ਤਸਵੀਰ ਕੈਪਸ਼ਨ, ਵਿਦਿਆਰਥੀ ਪੈਨੀਕੁਇਕ ਕੋਲ ਹਿੰਦੂ ਦੇਵਤਿਆਂ ਦੇ ਪੰਥ ਦੇ ਨਾਲ ਬਸਤੀਵਾਦੀ ਇੰਜੀਨੀਅਰ ਦੀ ਫੋਟੋ ਵੀ ਹੈ

ਥੇਨੀ ਜ਼ਿਲ੍ਹੇ ਦੀਆਂ ਦੁਕਾਨਾਂ, ਘਰਾਂ ਅਤੇ ਸਰਕਾਰੀ ਦਫ਼ਤਰਾਂ ਵਿੱਚ ਉਨ੍ਹਾਂ ਦੀਆਂ ਤਸਵੀਰਾਂ ਲੱਗੀਆਂ ਰਹਿੰਦੀਆਂ ਹਨ।

ਬਹੁਤ ਸਾਰੇ ਮੁੰਡਿਆਂ ਦੇ ਨਾਂ ਇਸ ਇੰਜੀਨੀਅਰ ਦੇ ਨਾਂ 'ਤੇ ਰੱਖੇ ਗਏ ਹਨ ਅਤੇ ਕੁੜੀਆਂ ਨੂੰ ਉਨ੍ਹਾਂ ਦੀ ਮਾਂ ਦੀ ਯਾਦ ਵਿਚ ਸਾਰਾ ਕਿਹਾ ਜਾਂਦਾ ਹੈ।

ਖ਼ੈਰ, ਸੂਬੇ ਅਤੇ ਹੋਰ ਹਿੱਸਿਆਂ ਦੀ ਨਵੀਂ ਪੀੜੀ ਬਸਤੀਵਾਦੀ ਇੰਜੀਨੀਅਰ ਤੋਂ ਘੱਟ ਹੀ ਜਾਣੂ ਹਨ।

ਉਸ ਦੇ ਨਾਮ ਵਾਲੇ ਇੱਕ 20 ਸਾਲਾ ਮੁੰਡੇ ਨੂੰ ਸਕੂਲ ਵਿੱਚ ਤੰਗ-ਪਰੇਸ਼ਾਨ ਕਰਨ ਦੀ ਘਟਨਾ ਵੀ ਸਾਹਮਣੇ ਆਈ।

ਪੈਨੀਕੁਇਕ ਨਾਮ ਦੇ ਵਿਦਿਆਰਥੀ ਨੂੰ ਯਾਦ ਕਰਦਿਆਂ ਕਿਹਾ, "ਮੈਂ ਬਹੁਤ ਅਜੀਬ ਮਹਿਸੂਸ ਕੀਤਾ ਅਤੇ ਅਜਿਹਾ ਨਾਮ ਚੁਣਨ ਲਈ ਆਪਣੇ ਪਿਤਾ ਨਾਲ ਨਾਰਾਜ਼ ਵੀ ਹੋਇਆ।"

ਉਸ ਦੇ ਪਿਤਾ, ਗੁਬੇਂਦਰਨ, ਮਦੁਰਾਈ ਜ਼ਿਲ੍ਹੇ ਦੇ ਰਹਿਣ ਵਾਲੇ ਹਨ (ਪਿਤਾ ਅਤੇ ਪੁੱਤਰ ਦੋਵਾਂ ਦਾ ਇੱਕ ਨਾਮ ਹੀ ਨਾਮ ਹੈ)।

ਦਰਅਸਲ, ਉਹ ਕੰਮ ਦੇ ਸਿਲਸਿਲੇ ਵਿੱਚ ਮੱਧ ਤਮਿਲ ਨਾਡੂ ਦੇ ਤਿਰੂਚਿਰਾਪੱਲੀ ਸ਼ਹਿਰ ਚਲੇ ਗਏ ਸਨ ਜਿੱਥੇ ਲੋਕ ਪੈਨੀਕੁਇਕ ਬਾਰੇ ਬਹੁਤਾ ਨਹੀਂ ਜਾਣਦੇ।

ਗੁਬੇਂਦਰਨ ਇੱਕ ਯੂਨੀਵਰਸਿਟੀ ਵਿੱਚ ਅਧਿਆਪਕ ਹਨ ਅਤੇ ਪੁੱਤਰ ਦਾ ਗੁੱਸਾ ਸ਼ਾਂਤ ਕਰਨ ਲਈ ਉਹ ਉਸ ਨੂੰ 2014 ਵਿੱਚ ਡੈਮ 'ਤੇ ਇੱਕ ਨਵੀਂ ਬਣੀ ਯਾਦਗਾਰ 'ਤੇ ਲੈ ਗਏ।

ਉਨ੍ਹਾਂ ਨੇ ਕਿਹਾ, "ਉੱਥੇ, ਮੈਂ ਜੌਨ ਪੈਨੀਕੁਇਕ ਦੀ ਮੂਰਤੀ ਦੇਖੀ ਅਤੇ ਤੁਰੰਤ ਮਹਿਸੂਸ ਕੀਤਾ ਕਿ ਉਨ੍ਹਾਂ ਦੀਆਂ ਪ੍ਰਾਪਤੀਆਂ ਕਿੰਨੀਆਂ ਵੱਡੀਆਂ ਸਨ।"

ਬੀਬੀਸੀ
  • ਭਾਰਤ ਦੇ ਤਾਮਿਲਨਾਡੂ ਸੂਬੇ ਦੀ ਸਰਕਾਰ ਵਿਕਟੋਰੀਅਨ ਯੁੱਗ ਦੇ ਇੱਕ ਬਸਤੀਵਾਦੀ ਇੰਜੀਨੀਅਰ ਦੀ ਇੱਕ ਬੁੱਤ ਦਾਨ ਕਰ ਰਹੀ ਹੈ।
  • ਦੱਖਣੀ ਤਮਿਲ ਨਾਡੂ ਵਿੱਚ ਮੁੱਲਾਪੇਰੀਆਰ ਡੈਮ ਨੂੰ ਡਿਜ਼ਾਈਨ ਕਰਨ ਅਤੇ ਉਸਾਰਨ ਲਈ ਜੌਨ ਪੈਨੀਕੁਇਕ ਨੂੰ ਬਹੁਤ ਮਾਣ ਅਤੇ ਸਤਿਕਾਰ ਦਿੱਤਾ ਜਾਂਦਾ ਹੈ।
  • ਇਸ ਨੇ ਪੱਛਮ ਵੱਲ ਵਹਿੰਦੀ ਪੇਰੀਆਰ ਨਦੀ ਦੇ ਪਾਣੀ ਨੂੰ ਵੈਗਈ ਨਦੀ ਵਿੱਚ ਮੋੜਿਆ, ਜੋ ਕਿ ਦੂਜੀ ਦਿਸ਼ਾ ਬੰਗਾਲ ਦੀ ਖਾੜੀ ਵੱਲ ਵਗਦਾ ਹੈ।
  • ਡੈਮ ਰਾਹੀਂ ਸਿੰਜਾਈ ਵਾਲੇ ਖੇਤਰਾਂ ਵਿੱਚ ਪੈਨੀਕੁਇਕ ਦੀ ਵਿਰਾਸਤ ਹਮੇਸ਼ਾ ਵੱਡੀ ਰਹੀ ਹੈ।
  • ਇਲਾਕੇ ਵਿੱਚ ਬਹੁਤ ਸਾਰੇ ਮੁੰਡਿਆਂ ਦੇ ਨਾਂ ਇਸ ਇੰਜੀਨੀਅਰ ਦੇ ਨਾਂ 'ਤੇ ਰੱਖੇ ਗਏ ਹਨ ਅਤੇ ਕੁੜੀਆਂ ਨੂੰ ਉਨ੍ਹਾਂ ਦੀ ਮਾਂ ਦੀ ਯਾਦ ਵਿਚ ਸਾਰਾ ਕਿਹਾ ਜਾਂਦਾ ਹੈ
  • ਇਸੇ ਲਈ ਸੂਬਾ ਸਰਕਾਰ ਨੂੰ ਯੂਕੇ ਨੂੰ ਪੈਨੀਕੁਇਕ ਦੀ ਮੂਰਤੀ ਤੋਹਫ਼ੇ ਵਜੋਂ ਦੇਣ ਦੇ ਆਪਣੇ ਕਦਮ ਉੱਤੇ ਵਿਰੋਧ ਦਾ ਸਾਹਮਣਾ ਨਹੀਂ ਕਰਨਾ ਪਿਆ
  • ਪੈਨੀਕੁਇਕ ਦਾ ਜਨਮ ਪੱਛਮੀ ਭਾਰਤੀ ਸ਼ਹਿਰ ਪੁਣੇ ਵਿੱਚ 1841 ਵਿੱਚ ਹੋਇਆ ਸੀ
ਬੀਬੀਸੀ

ਵਿਕਟੋਰੀਅਨ ਇੰਜੀਨੀਅਰ

ਪੈਨੀਕੁਇਕ ਦਾ ਜਨਮ ਪੱਛਮੀ ਭਾਰਤੀ ਸ਼ਹਿਰ ਪੁਣੇ ਵਿੱਚ 1841 ਵਿੱਚ ਹੋਇਆ ਸੀ।

ਲੰਡਨ ਵਿੱਚ ਫੌਜੀ ਸਿਖਲਾਈ ਲੈਣ ਤੋਂ ਬਾਅਦ ਉਹ ਭਾਰਤ ਵਾਪਸ ਆਏ ਅਤੇ ਫੌਜ ਵਿੱਚ ਭਰਤੀ ਹੋ ਗਏ।

ਉਹ ਤਤਕਾਲੀ ਮਦਰਾਸ ਪ੍ਰੈਜ਼ੀਡੈਂਸੀ ਦੇ ਲੋਕ ਨਿਰਮਾਣ ਵਿਭਾਗ ਵਿੱਚ ਚਲੇ ਗਏ ਸਨ।

ਉਸੇ ਵੇਲੇ ਹੀ ਉਨ੍ਹਾਂ ਨੇ ਇੱਕ ਡੈਮ ਡਿਜ਼ਾਇਨ ਕੀਤਾ ਅਤੇ ਉਸਾਰਿਆ ਜਿਸ ਨੇ ਪੱਛਮ ਵੱਲ ਵਹਿੰਦੀ ਪੇਰੀਆਰ ਨਦੀ ਦੇ ਪਾਣੀ ਨੂੰ ਵੈਗਈ ਨਦੀ ਵਿੱਚ ਮੋੜਿਆ, ਜੋ ਕਿ ਦੂਜੀ ਦਿਸ਼ਾ ਬੰਗਾਲ ਦੀ ਖਾੜੀ ਵੱਲ ਵਗਦਾ ਹੈ।

ਤਾਮਿਲਨਾਡੂ ਦੀ ਸਰਕਾਰ ਨੂੰ ਯੂਕੇ ਨੂੰ ਪੈਨੀਕੁਇਕ ਦੀ ਮੂਰਤੀ ਤੋਹਫ਼ੇ ਕਰਨ ਦੇ ਆਪਣੇ ਕਦਮ ਦੇ ਵਿਰੋਧ ਦਾ ਸਾਹਮਣਾ ਨਹੀਂ ਕਰਨਾ ਪਿਆ

ਤਸਵੀਰ ਸਰੋਤ, Santhana Ibrahim

ਤਸਵੀਰ ਕੈਪਸ਼ਨ, ਤਾਮਿਲਨਾਡੂ ਦੀ ਸਰਕਾਰ ਨੂੰ ਯੂਕੇ ਨੂੰ ਪੈਨੀਕੁਇਕ ਦੀ ਮੂਰਤੀ ਤੋਹਫ਼ੇ ਕਰਨ ਦੇ ਆਪਣੇ ਕਦਮ ਦੇ ਵਿਰੋਧ ਦਾ ਸਾਹਮਣਾ ਨਹੀਂ ਕਰਨਾ ਪਿਆ

'ਦਿ ਡਾਇਵਰਸ਼ਨ ਆਫ ਦਿ ਪੇਰੀਆਰ' (ਲਗਭਗ 1897) ਨਾਮ ਦੇ ਇੱਕ ਪੱਤਰ ਵਿੱਚ, ਜੌਨ ਪੈਨੀਕੁਇਕ ਨੇ ਮੰਨਿਆ ਕਿ ਡੈਮ ਬਣਾਉਣ ਦਾ ਵਿਚਾਰ ਉਸ ਤੋਂ ਪਹਿਲਾਂ ਦਾ ਹੀ ਸੀ।

"ਜਦੋਂ ਇਹ ਪਤਾ ਲਗਾਉਣ ਦੇ ਉਦੇਸ਼ ਨਾਲ ਸਰਵੇਖਣ ਕੀਤੇ ਗਏ ਸਨ ਕਿ ਇਹ ਪ੍ਰਸਤਾਵ ਕਿੱਥੋਂ ਤੱਕ ਵਿਵਹਾਰਕ ਸੀ ਤਾਂ ਪਤਾ ਲੱਗਾ ਕਿ ਇਸ ਦਾ ਪਹਿਲਾ ਦਰਜ ਕੀਤਾ ਗਿਆ ਪ੍ਰਗਟਾਵਾ ਮੌਜੂਦਾ ਸਦੀ ਦੇ ਸ਼ੁਰੂਆਤ ਵਿੱਚ ਹੈ।"

"ਇਨ੍ਹਾਂ ਸਰਵੇਖਣਾਂ ਦੇ ਸਿੱਟੇ, ਜੋ ਕਿ ਕੁਝ ਹੱਦ ਤੱਕ ਅੱਧੇ-ਅਧੂਰੇ ਕੀਤੇ ਗਏ ਪ੍ਰਤੀਤ ਹੁੰਦੇ ਹਨ, ਇਸ ਹਿਸਾਬ ਨਾਲ ਕੱਢੇ ਗਏ ਸਨ ਕਿ ਇਸ ਖਿਆਲ ਨੂੰ ਅਵਿਵਹਾਰਕ ਦੱਸਦਿਆਂ ਇਸ ਦੀ ਨਿੰਦਾ ਕੀਤੀ ਜਾਵੇ।"

ਬੀਬੀਸੀ

ਇਹ ਵੀ ਪੜ੍ਹੋ-

ਬੀਬੀਸੀ

ਕਈ ਚੁਣੌਤੀਆਂ

ਪੈਨੀਕੁਇਕ ਨੇ ਹਾਰ ਨਹੀਂ ਮੰਨੀ। ਪ੍ਰਵਾਨਗੀ ਮਿਲਣ ਕਰਨ ਤੋਂ ਬਾਅਦ ਉਨ੍ਹਾਂ ਨੇ 1888 ਦੇ ਅੰਤ ਵਿੱਚ ਉਸਾਰੀ ਸ਼ੁਰੂ ਕਰ ਦਿੱਤੀ ਸੀ।

ਪੈਨੀਕੁਇਕ ਨੇ ਕਿਹਾ, "ਚੁਣਿਆ ਗਿਆ ਸਥਾਨ ਇੱਕ ਬੇਅਬਾਦ ਜੰਗਲ ਵਿੱਚ ਸੀ, ਜੋ ਇੱਕ ਕੱਚੀ ਸੜਕ ਤੋਂ ਸੱਤ ਮੀਲ ਦੂਰ ਅਤੇ ਨਜ਼ਦੀਕੀ ਕਾਸ਼ਤ ਵਾਲੀ ਜ਼ਮੀਨ ਤੋਂ 20 ਮੀਲ ਦੀ ਦੂਰੀ 'ਤੇ ਸੀ।"

ਅਪ੍ਰੈਲ ਅਤੇ ਜੂਨ ਦੇ ਵਿਚਕਾਰ, ਜੰਗਲ ਦੇ ਤਾਪ ਨੇ ਕੰਮ ਨੂੰ ਰੋਕ ਦਿੱਤਾ ਸੀ। ਮੀਂਹ ਅਤੇ ਹੜ੍ਹਾਂ ਕਾਰਨ ਚਾਰ ਮਹੀਨੇ ਗੁਜ਼ਰ ਗਏ।

ਮੁੱਲਾਪੇਰੀਆਰ ਡੈਮ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਮੁੰਦਰ ਤਲ ਤੋਂ 881 ਮੀਟਰ ਦੀ ਉਚਾਈ 'ਤੇ ਸਥਿਤ ਮੁੱਲਾਪੇਰੀਆਰ ਡੈਮ ਨੂੰ ਵਿਆਪਕ ਤੌਰ 'ਤੇ ਇੰਜੀਨੀਅਰਿੰਗ ਦਾ ਕਾਰਨਾਮਾ ਮੰਨਿਆ ਜਾਂਦਾ ਹੈ।

ਰਿਕਾਰਡ ਦਰਸਾਉਂਦੇ ਹਨ ਕਿ ਉਸਾਰੀ ਵਾਲੀ ਥਾਂ 'ਤੇ 4,000 ਅਤੇ 6,000 ਦੇ ਵਿਚਕਾਰ ਕਾਮੇ ਸਨ, ਅਤੇ ਇਹ ਪ੍ਰੋਜੈਕਟ 1895 ਵਿੱਚ ਪੂਰਾ ਹੋਇਆ ਸੀ।

ਪੈਨੀਕੁਇਕ ਸਮੱਗਰੀ ਦੀ ਢੋਆ-ਢੁਆਈ ਲਈ ਕਿਸ਼ਤੀਆਂ ਅਤੇ ਗੱਡੀਆਂ 'ਤੇ ਨਿਰਭਰ ਕਰਦੇ ਸਨ।

ਇੱਕ ਸੇਵਾਮੁਕਤ ਪ੍ਰੋਫੈਸਰ ਸਿਵਾਸੁਬਰਾਮਨੀਅਨ ਮੁਤਾਬਕ, "19ਵੀਂ ਸਦੀ ਦੇ ਅੰਤ ਵਿੱਚ ਸਾਡੇ ਕੋਲ ਦੱਖਣੀ ਭਾਰਤ ਵਿੱਚ ਬਹੁਤ ਘੱਟ ਡੈਮ ਸਨ।"

ਪ੍ਰੋਫੈਸਰ ਸਿਵਾਸੁਬਰਾਮਨੀਅਨ ਨੇ ਤਾਮਿਲਨਾਡੂ ਵਿੱਚ ਜਲ ਪ੍ਰਬੰਧਨ ਦਾ ਅਧਿਐਨ ਕਰਨ ਵਿੱਚ ਦਹਾਕਿਆਂ ਤੱਕ ਬਿਤਾਏ ਹਨ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਇਹ ਇੱਕ ਮਹਾਨ ਇੰਜੀਨੀਅਰਿੰਗ ਕਾਰਨਾਮਾ ਸੀ ਜਿਸ ਨੇ ਮੌਜੂਦਾ ਤਮਿਲ ਨਾਡੂ ਵਿੱਚ ਪੰਜ ਜ਼ਿਲ੍ਹਿਆਂ ਵਿੱਚ ਰਹਿਣ ਵਾਲੇ ਲੋਕਾਂ ਲਈ ਪਾਣੀ ਦੀ ਕਮੀ ਨੂੰ ਖ਼ਤਮ ਕਰਨ ਵਿੱਚ ਮਦਦ ਕੀਤੀ।"

ਡੈਮ ਕਿਸਾਨਾਂ ਦੇ ਜੀਵਨ ਨੂੰ ਖੁਸ਼ਹਾਲ ਬਣਾਉਂਦਾ ਹੈ

ਮੁੱਲਾਪੇਰੀਆਰ ਡੈਮ ਸੁੱਕੀਆਂ ਜ਼ਮੀਨਾਂ ਨੂੰ ਪੋਸ਼ਣ ਦਿੰਦਾ ਹੈ ਅਤੇ ਕਿਸਾਨਾਂ ਦੇ ਜੀਵਨ ਨੂੰ ਖੁਸ਼ਹਾਲ ਬਣਾਉਂਦਾ ਹੈ।

ਦੇਸਿਕਾ ਤਿਰੂਵਲਨ ਕਹਿੰਦੀ ਹੈ, "ਪੈਨੀਕੁਇਕ ਸਾਡੇ ਲਈ ਇੱਕ ਦੇਵਤਾ ਵਾਂਗ ਹੈ। ਸਾਡੇ ਕੋਲ ਬਹੁਤ ਸਾਰਾ ਪਾਣੀ ਹੈ।"

ਦੋ ਬੱਚਿਆਂ ਦੀ ਮਾਂ 32 ਸਾਲਾ ਆਪਣੇ ਪਰਿਵਾਰ ਦੀ ਪਹਿਲੀ ਇੰਜੀਨੀਅਰਿੰਗ ਗ੍ਰੈਜੂਏਟ ਹੈ।

ਦੇਸਿਕਾ

ਤਸਵੀਰ ਸਰੋਤ, Desika Thiruvalan

ਤਸਵੀਰ ਕੈਪਸ਼ਨ, ਦੇਸਿਕਾ ਦਾ ਕਹਿਣਾ ਹੈ ਕਿ ਡੈਮ ਦੀ ਬਦੌਲਤ ਉਸਦਾ ਪਰਿਵਾਰ ਸਾਲ ਵਿੱਚ ਦੋ ਚੌਲਾਂ ਦੀ ਫਸਲ ਕੱਟ ਸਕਦਾ ਹੈ

ਉਨ੍ਹਾਂ ਨੇ ਖੇਤੀ ਦੇ ਕੰਮ ਦੀ ਨਿਗਰਾਨੀ ਕਰਨ ਲਈ ਆਪਣੀ ਨੌਕਰੀ ਛੱਡ ਦਿੱਤੀ। ਉਨ੍ਹਾਂ ਦੇ ਪਰਿਵਾਰ ਕੋਲ ਥੇਨੀ ਜ਼ਿਲ੍ਹੇ ਵਿੱਚ ਲਗਭਗ 20 ਹੈਕਟੇਅਰ (50 ਏਕੜ) ਜ਼ਮੀਨ ਹੈ, ਜਿਸ ਦੀ ਸਿੰਚਾਈ ਮੁੱਲਾਪੇਰੀਆਰ ਰਾਹੀਂ ਕੀਤੀ ਜਾਂਦੀ ਹੈ।

ਉਹ ਹਰ ਸਾਲ ਚੌਲਾਂ ਦੀਆਂ ਦੋ ਫ਼ਸਲਾਂ ਦੀ ਵਾਢੀ ਕਰ ਲੈਂਦੀ ਹੈ। ਇਹ ਉਸ ਦੇ ਪੁਰਖਿਆਂ ਦੇ ਉਲਟ ਹੈ ਜਿਨ੍ਹਾਂ ਨੂੰ ਆਪਣੀਆਂ ਫ਼ਸਲਾਂ ਨੂੰ ਖਾਣ ਲਈ ਬਾਰਸ਼ਾਂ 'ਤੇ ਨਿਰਭਰ ਰਹਿਣਾ ਪੈਂਦਾ ਸੀ।

"ਡੈਮ ਦੇ ਨਿਰਮਾਣ ਤੋਂ ਪਹਿਲਾਂ, ਸਮੇਂ-ਸਮੇਂ 'ਤੇ ਅਕਾਲ ਅਤੇ ਸੋਕੇ ਪਏ ਸਨ ਜਿਨ੍ਹਾਂ ਨੇ ਹਜ਼ਾਰਾਂ ਲੋਕਾਂ ਦੀ ਜਾਨ ਲੈ ਲਈ ਸੀ।"

'ਪੁਰਖਿਆਂ ਦੇ ਨਾਵਾਂ ਦੇ ਨਾਲ ਪੈਨੀਕੁਇਕ ਦਾ ਜ਼ਿਕਰ'

ਉਹ ਆਪਣੇ ਪੂਰਵਜ ਪੇਯਾ ਥੇਵਰ ਨੂੰ ਯਾਦ ਹੈ, ਜੋ ਡੈਮ ਬਣਾਉਣ ਵਾਲੇ ਮਜ਼ਦੂਰਾਂ ਨੂੰ ਭੋਜਨ ਸਪਲਾਈ ਕਰਨ ਵਿੱਚ ਸ਼ਾਮਲ ਸਥਾਨਕ ਲੋਕਾਂ ਵਿੱਚੋਂ ਇੱਕ ਸਨ।

ਉਨ੍ਹਾਂ ਦਾ ਪਰਿਵਾਰ ਉਸ ਨੂੰ ਅਤੇ ਪੈਨੀਕੁਇਕ ਨੂੰ ਹਰ ਪਰਿਵਾਰਕ ਮੌਕੇ 'ਤੇ ਯਾਦ ਕਰਦਾ ਹੈ।

ਮੁੱਲਾਪੇਰੀਆਰ ਡੈਮ

ਤਸਵੀਰ ਸਰੋਤ, Desika Thirvalan

ਤਸਵੀਰ ਕੈਪਸ਼ਨ, ਕੰਨ ਵਿੰਨ੍ਹਣ ਦੀ ਰਸਮ ਲਈ ਦੇਸਿਕਾ ਤਿਰੂਵਲਨ ਦੇ ਪਰਿਵਾਰ ਦੇ ਸੱਦੇ 'ਤੇ ਡੈਮ ਬਣਾਉਣ ਵਾਲੀ ਟੀਮ ਦੀ ਫੋਟੋ ਹੈ। ਸੱਜੇ ਪਾਸੇ ਸਭ ਤੋਂ ਪਹਿਲੇ ਖੜ੍ਹੇ ਵਿਅਕਤੀ ਉਨ੍ਹਾਂ ਦਾ ਪੁਰਖੇ ਪੇਯਾ ਥੇਵਰ ਹੈ

ਉਹ ਕਹਿੰਦੀ ਹੈ, "ਜਦੋਂ ਮੇਰੇ ਪਤੀ ਇੱਕ ਯਾਦਗਾਰੀ ਸੇਵਾ ਕਰਨ ਲਈ ਇੱਕ ਹਿੰਦੂ ਮੰਦਰ ਵਿੱਚ ਗਏ ਸਨ, ਤਾਂ ਉਨ੍ਹਾਂ ਨੇ ਸਾਡੇ ਪੁਰਖਿਆਂ ਦੇ ਨਾਵਾਂ ਦੇ ਨਾਲ ਪੈਨੀਕੁਇਕ ਦਾ ਜ਼ਿਕਰ ਕੀਤਾ ਸੀ।"

ਉਨ੍ਹਾਂ ਦੀ ਵਿਰਾਸਤ ਦੇ ਆਲੇ-ਦੁਆਲੇ ਸਾਲਾਂ ਦੌਰਾਨ ਕਈ ਮਿੱਥਾਂ ਵਿਕਸਿਤ ਹੋਈਆਂ ਹਨ।

ਮਿੰਟ ਦੀ ਵੈੱਬਸਾਈਟ ਨਾਲ ਇੱਕ ਇੰਟਰਵਿਊ ਵਿੱਚ, ਪੈਨੀਕੁਇਕ ਦੇ ਪੜਪੋਤੇ, ਸਟੂਅਰਟ ਸੈਮਪਸਨ, ਨੇ ਇੱਕ ਪ੍ਰਸਿੱਧ ਦਾਅਵੇ ਨੂੰ ਖਾਰਜ ਕਰ ਦਿੱਤਾ ਕਿ ਇੰਜੀਨੀਅਰ ਨੇ ਡੈਮ ਬਣਾਉਣ ਲਈ ਆਪਣੀ ਨਿੱਜੀ ਦੌਲਤ ਦੀ ਵਰਤੋਂ ਕੀਤੀ ਸੀ।

ਸੁਰੱਖਿਆ ਦਾ ਡਰ

ਮੁਲਾਇਪੇਰੀਆਰ ਡੈਮ ਵਿਵਾਦਾਂ ਦਾ ਸ਼ਿਕਾਰ ਰਿਹਾ ਹੈ। 1990 ਦੇ ਦਹਾਕੇ ਦੇ ਅਖੀਰ ਵਿੱਚ, ਕੇਰਲਾ ਸੂਬੇ ਨੇ ਡੈਮ ਦੀ ਸੁਰੱਖਿਆ ਨੂੰ ਲੈ ਕੇ ਡਰ ਜ਼ਾਹਰ ਕੀਤਾ ਸੀ, ਜਿਸ ਨਾਲ ਸਾਲਾਂ ਤੱਕ ਸਿਆਸੀ ਅਤੇ ਕਾਨੂੰਨੀ ਲੜਾਈ ਚੱਲੀ ਸੀ।

ਭਾਰਤੀ ਸੁਪਰੀਮ ਕੋਰਟ ਵੱਲੋਂ ਗਠਿਤ ਇੱਕ ਮਾਹਰ ਕਮੇਟੀ ਨੇ ਫ਼ੈਸਲਾ ਦਿੱਤਾ ਕਿ ਡੈਮ ਸੁਰੱਖਿਅਤ ਅਤੇ ਮਜ਼ਬੂਤ ਸੀ। ਇਸ ਦੇ ਬਾਵਜੂਦ ਪਾਣੀ ਦੇ ਭੰਡਾਰਨ ਦਾ ਪੱਧਰ ਘੱਟ ਗਿਆ।

ਡੈਮ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਰਤ ਦੀ ਸੁਪਰੀਮ ਕੋਰਟ ਵੱਲੋਂ ਗਠਿਤ ਮਾਹਿਰਾਂ ਦੀ ਕਮੇਟੀ ਨੇ ਬੰਨ੍ਹ ਨੂੰ ਮਜ਼ਬੂਤ ਅਤੇ ਸੁਰੱਖਿਅਤ ਦੱਸਿਆ

ਸਿਵਾਸੁਬਰਾਮਨੀਅਨ ਕਹਿੰਦੇ ਹਨ, "ਡੈਮ ਨੇ ਲਗਭਗ 3,40,000 ਏਕੜ (1,34,000 ਹੈਕਟੇਅਰ) ਜ਼ਮੀਨ ਦੀ ਸਿੰਚਾਈ ਕਰਨ ਵਿੱਚ ਮਦਦ ਕੀਤੀ, ਪਰ ਇਹ ਹੁਣ ਅੱਧੀ ਰਹਿ ਗਈ ਹੈ।"

ਵਿਰਾਸਤ ਮੁੜ ਸੁਰਜੀਤ ਕਰਨਾ

ਵਿਰੋਧਾਭਾਸੀ ਤੌਰ 'ਤੇ, ਵਿਵਾਦ ਨੇ ਪੈਨੀਕੁਇਕ ਦੀ ਸ਼ਰਧਾ ਨੂੰ ਹੋਰ ਵਧਾ ਦਿੱਤਾ।

ਦੇਸਿਕਾ ਕਹਿੰਦੀ ਹੈ, "ਲਗਭਗ 15 ਸਾਲ ਪਹਿਲਾਂ ਹੀ ਲੋਕਾਂ ਨੇ ਜਨਤਕ ਥਾਵਾਂ 'ਤੇ ਉਨ੍ਹਾਂ ਦਾ ਜਨਮਦਿਨ ਮਨਾਉਣਾ ਸ਼ੁਰੂ ਕੀਤਾ ਸੀ, ਜੋ 15 ਜਨਵਰੀ ਨੂੰ ਸਾਡੇ ਪੋਂਗਲ ਦੇ ਵਾਢੀ ਦੇ ਤਿਉਹਾਰ ਵਾਲੇ ਦਿਨ ਹੀ ਪੈਂਦਾ ਹੈ।"

ਬਸਤੀਵਾਦੀ ਅਪਰਾਧ

ਪਰ ਜਿਸ ਤਰ੍ਹਾਂ ਪੈਨੀਕੁਇਕ ਨੂੰ ਮਨਾਇਆ ਜਾਂਦਾ ਹੈ ਕੀ ਉਹ ਬਸਤੀਵਾਦ ਦਾ ਸਮਰਥਨ ਨਹੀਂ ਕਰਦਾ ਨਹੀਂ ਜਾਪਦਾ।

ਦੇਸਿਕਾ ਨੂੰ ਲਗਦਾ ਹੈ, "ਬਹੁਤ ਸਾਰੇ ਬ੍ਰਿਟਿਸ਼ ਅਧਿਕਾਰੀਆਂ ਨੇ ਸਾਡਾ ਸ਼ੋਸ਼ਣ ਕੀਤਾ ਅਤੇ ਸਾਡੀ ਦੌਲਤ ਲੁੱਟੀ।"

ਦੁਕਾਨਾਂ

ਤਸਵੀਰ ਸਰੋਤ, Murugesh

ਤਸਵੀਰ ਕੈਪਸ਼ਨ, ਬਹੁਤ ਸਾਰੀਆਂ ਦੁਕਾਨਾਂ ਅਤੇ ਕਾਰੋਬਾਰ ਜੋ ਖੇਤੀਬਾੜੀ 'ਤੇ ਨਿਰਭਰ ਹਨ, ਪੈਨੀਕੁਇਕ ਦੇ ਨਾਮ ਅਤੇ ਚਿੱਤਰ ਦੀ ਵਰਤੋਂ ਕਰਦੇ ਹਨ

ਇੱਕ ਤਾਜ਼ਾ ਅਧਿਐਨ ਵਿੱਚ ਭਾਰਤ ਨੂੰ ਹੋਏ ਆਰਥਿਕ ਨੁਕਸਾਨ ਦਾ ਮੁੱਲ 45 ਟ੍ਰਿਲੀਅਨ ਡਾਲਰ ਦੇ ਵੱਡੇ ਪੱਧਰ 'ਤੇ ਦੱਸਿਆ ਗਿਆ ਹੈ, ਜੋ ਕਿ ਸਾਲ 2021 ਵਿੱਚ ਅਮਰੀਕੀ ਅਰਥਵਿਵਸਥਾ ਦੇ ਆਕਾਰ ਤੋਂ ਲਗਭਗ ਦੁੱਗਣਾ।

ਉਹ ਅੱਗੇ ਕਹਿੰਦੀ ਹੈ, " ਇੱਥੋਂ ਤੱਕ ਕਿ ਉਸ ਪ੍ਰਸ਼ਾਸਨ ਦੌਰਾਨ ਕੁਝ ਅਧਿਕਾਰੀ ਸਾਡੀ ਮਦਦ ਕਰਨ ਲਈ ਆਪਣੇ ਨਿਰਧਾਰਿਤ ਰਸਤਿਓਂ ਪਰੇ ਵੀ ਗਏ।"

"ਪੈਨੀਕੁਇਕ, ਆਪਣੀ ਪੂਰੀ ਦ੍ਰਿੜਤਾ ਕਾਰਨ ਹੀ ਡੈਮ ਬਣਾਉਣ ਦੇ ਯੋਗ ਹੋਏ ਸਨ ਜੋ ਅੱਜ ਵੀ ਖੜ੍ਹਾ ਹੈ ਅਤੇ ਸਾਨੂੰ ਪਾਣੀ ਦੇ ਰਿਹਾ ਹੈ। ਅਸੀਂ ਸਿਰਫ਼ ਉਨ੍ਹਾਂ ਦਾ ਧੰਨਵਾਦ ਕਰ ਰਹੇ ਹਾਂ।"

ਬਹੁਤ ਸਾਰੇ ਰਾਸ਼ਟਰਵਾਦੀ ਬ੍ਰਿਟਿਸ਼ ਸ਼ਾਸਨ ਨੂੰ ਅਪਰਾਧਾਂ ਅਤੇ ਆਜ਼ਾਦੀ ਦੇ ਦਮਨ ਦੀ ਯਾਤਰਾ ਦੇ ਵਜੋਂ ਯਾਦ ਕਰਦੇ ਹਨ ਜੋ ਕਿ ਭਾਰਤ ਦੀ ਵੰਡ 'ਤੇ ਆ ਕੇ ਖ਼ਤਮ ਹੋਈ।

ਪੈਨੀਕੁਇਕ

ਤਸਵੀਰ ਸਰੋਤ, Santhana Ibrahim

ਤਸਵੀਰ ਕੈਪਸ਼ਨ, ਫਰਿਮਲੇ, ਸਰੀ ਵਿੱਚ ਸੇਂਟ ਪੀਟਰ ਚਰਚ ਵਿੱਚ ਪੈਨੀਕੁਇਕ ਦੀ ਇੱਕ ਸੰਗਮਰਮਰ ਦੀ ਮੂਰਤ ਸਥਾਪਿਤ ਕੀਤੀ ਗਈ ਸੀ - ਜਿੱਥੇ ਉਨ੍ਹਾਂ ਨੂੰ ਦਫ਼ਨਾਇਆ ਗਿਆ ਸੀ।

ਤਮਿਲ ਨਾਡੂ ਵਿੱਚ ਬਸਤੀਵਾਦ ਵਿਰੋਧੀ ਸੰਘਰਸ਼ ਜ਼ਿਆਦਾਤਰ ਸ਼ਾਂਤਮਈ ਪ੍ਰਦਰਸ਼ਨਾਂ ਤੱਕ ਸੀਮਤ ਸੀ ਅਤੇ ਇਸ ਖੇਤਰ ਵਿੱਚ 1919 ਦੇ ਅੰਮ੍ਰਿਤਸਰ ਦੇ ਜਲ੍ਹਿਆਂਵਾਲਾ ਬਾਗ ਕਤਲੇਆਮ ਵਰਗੀਆਂ ਸਮੂਹਿਕ ਕਤਲੇਆਮ ਦੀਆਂ ਯਾਦਾਂ ਨਹੀਂ ਹਨ।

ਉਸ ਵੇਲੇ ਪਾਕਿਸਤਾਨ ਵਜੋਂ ਨਵੀਂ ਬਣੀ ਕੌਮ ਤੋਂ ਦੂਰ ਰਹਿ ਕੇ ਹੀ, ਤਮਿਲ ਨਾਡੂ ਆਜ਼ਾਦੀ ਤੋਂ ਬਾਅਦ ਹੋਏ ਹਿੰਦੂ-ਮੁਸਲਿਮ ਦੰਗਿਆਂ ਤੋਂ ਬਚ ਗਿਆ।

ਸ਼ਾਇਦ ਇਸ ਤੋਂ ਸਮਝ ਆ ਸਕਦਾ ਹੈ ਕਿ ਤਮਿਲ ਨਾਡੂ ਸਰਕਾਰ ਵੱਲੋਂ ਮੂਰਤੀ ਦਾਨ ਕਰਨ ਦੇ ਕਦਮ ਦਾ ਵਿਰੋਧ ਕਿਉਂ ਨਹੀਂ ਕੀਤਾ ਗਿਆ।

'ਮੂਰਤੀ 'ਤੇ ਮਾਣ'

ਰਿਟਾਇਰਮੈਂਟ ਤੋਂ ਬਾਅਦ, ਪੈਨੀਕੁਇਕ ਇੰਗਲੈਂਡ ਵਾਪਸ ਆ ਗਏ। ਉਨ੍ਹਾਂ ਦੀ ਮੌਤ 9 ਮਾਰਚ 1911 ਨੂੰ ਕੈਂਬਰਲੇ ਵਿੱਚ ਹੋਈ, ਜਿੱਥੇ ਉਨ੍ਹਾਂ ਨੂੰ ਦਫ਼ਨਾਇਆ ਗਿਆ ਸੀ।

ਇਬਰਾਹਿਮ ਨੂੰ ਆਸ ਹੈ ਕਿ ਕੈਂਬਰਲੇ ਦਾ ਨਵਾਂ ਬੁੱਤ ਤਮਿਲ ਨਾਡੂ ਅਤੇ ਇਸ ਦੇ ਸੱਭਿਆਚਾਰ ਬਾਰੇ ਵੀ ਦਿਲਚਸਪੀ ਪੈਦਾ ਕਰੇਗੀ।

20 ਸਾਲਾ ਵਿਦਿਆਰਥੀ ਪੈਨੀਕੁਇਕ ਖੁਸ਼ ਹੈ ਕਿ ਉਨ੍ਹਾਂ ਦਾ ਨਾਂ ਹੁਣ ਕੋਈ ਅਜੀਬ ਪ੍ਰਤੀਕਿਰਿਆ ਨਹੀਂ ਦਿੰਦਾ।

ਉਹ ਕਹਿੰਦੇ ਹਨ ਕਿ ਕੋਈ ਵੀ ਉਨ੍ਹਾਂ ਦਾ ਨਾਮ ਬਸਤੀਵਾਦ ਦੇ ਜ਼ਾਲਮ ਕੰਮਾਂ ਨਾਲ ਨਹੀਂ ਜੋੜਦਾ।

ਉਹ ਕਾਰੋਬਾਰੀ ਪ੍ਰਬੰਧਨ ਵਿੱਚ ਆਪਣੀ ਡਿਗਰੀ ਪ੍ਰਾਪਤ ਕਰਨ ਤੋਂ ਮਹੀਨਿਆਂ ਦੂਰ ਹੈ ਅਤੇ ਆਪਣੇ ਖਾਲੀ ਸਮੇਂ ਦੌਰਾਨ ਬਸਤੀਵਾਦੀ ਸ਼ਾਸਨ ਬਾਰੇ ਹੋਰ ਜਾਣਨ ਦੀ ਯੋਜਨਾ ਬਣਾ ਰਿਹਾ ਹੈ।

"ਇਕ ਦਿਨ ਮੈਂ ਜਾਵਾਂਗਾ ਅਤੇ ਇੰਗਲੈਂਡ ਵਿਚ ਪੈਨੀਕੁਇਕ ਦਾ ਬੁੱਤ ਦੇਖਾਂਗਾ।"

ਬੀਬੀਸੀ

ਇਹ ਵੀ ਪੜ੍ਹੋ :

ਇਹ ਵੀਡੀਓ ਵੀ ਦੇਖੋ :

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)