ਸਿੱਧੂ ਮੂਸੇਵਾਲਾ ਦੇ ਗਾਣੇ 'ਜਾਂਦੀ ਵਾਰ' ਦੀ ਰਿਲੀਜ਼ ਨੂੰ ਲੈ ਕੇ ਘਿਰੇ ਸਲੀਮ ਮਰਚੈਂਟ, ਪਰਿਵਾਰ ਦਾ ਕੀ ਇਤਰਾਜ਼

    • ਲੇਖਕ, ਸੁਮਨਦੀਪ ਕੌਰ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 3 ਮਿੰਟ

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਗੀਤ ਬਾਰੇ ਇੱਕ ਹੋਰ ਵਿਵਾਦ ਸਾਹਮਣੇ ਆਇਆ ਹੈ।

ਦਰਅਸਲ, ਬਾਲੀਵੁੱਡ ਸੰਗੀਤਕਾਰ ਸਲੀਮ ਮਰਚੈਂਟ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇੱਕ ਵੀਡੀਓ ਪੋਸਟ ਕਰਕੇ ਕਿਹਾ ਹੈ ਕਿ ਉਹ ਸਿੱਧੂ ਮੂਸੇਵਾਲਾ ਦਾ ਰਿਕਾਰਡ ਕੀਤਾ ਗੀਤ 'ਜਾਂਦੀ ਵਾਰ' 2 ਸਤੰਬਰ ਨੂੰ ਰਿਲੀਜ਼ ਕਰਨ ਜਾ ਰਹੇ ਹਨ।

ਇਹ ਗਾਣਾ ਉਨ੍ਹਾਂ ਨੇ ਪਿਛਲੇ ਸਾਲ ਚੰਡੀਗੜ੍ਹ ਵਿੱਚ ਰਿਕਾਰਡ ਕੀਤਾ ਸੀ ਅਤੇ ਇਸ ਵਿੱਚ ਅਫ਼ਸਾਨਾ ਖ਼ਾਨ ਦੀ ਆਵਾਜ਼ ਵੀ ਹੈ।

ਇਸ ਨੂੰ ਲੈ ਕੇ ਪਰਿਵਾਰ ਨੇ ਇਤਰਾਜ਼ ਜ਼ਾਹਰ ਕੀਤਾ ਹੈ ਕਿ ਉਨ੍ਹਾਂ ਦੀ ਮਨਜ਼ੂਰੀ ਤੋਂ ਬਿਨਾਂ ਇਹ ਗਾਣਾ ਜਾਰੀ ਕੀਤਾ ਜਾ ਰਿਹਾ ਹੈ। ਜਿਸ ਲਈ ਉਨ੍ਹਾਂ ਨੇ ਸਲੀਮ ਨੂੰ ਗਾਣਾ ਰੋਕਣ ਲਈ ਵੀ ਕਿਹਾ ਹੈ।

ਵੀਡੀਓ 'ਚ ਸਲੀਮ ਮਰਚੈਂਟ ਨੂੰ ਇਹ ਕਹਿੰਦਿਆਂ ਸੁਣਿਆ ਜਾ ਸਕਦਾ ਹੈ, ''ਬਹੁਤ ਸਾਰੇ ਲੋਕ ਮੈਨੂੰ ਅਕਸਰ ਇਹ ਸਵਾਲ ਪੁੱਛਦੇ ਹਨ ਕਿ ਸਿੱਧੂ ਮੂਸੇਵਾਲਾ ਨਾਲ ਰਿਕਾਰਡ ਕੀਤੇ ਗੀਤ ਨੂੰ ਰਿਲੀਜ਼ ਕਦੋਂ ਰਿਲੀਜ਼ ਕਰੋਗੇ।''

''ਉਹ ਸਮਾਂ ਆ ਗਿਆ ਹੈ। ਅਸੀਂ ਇਹ ਗਾਣਾ ਜੁਲਾਈ 2021 ਵਿੱਚ ਚੰਡੀਗੜ੍ਹ ਵਿੱਚ ਰਿਕਾਰਡ ਕੀਤਾ।"

"ਮੇਰੀ ਪਿਛਲੇ ਸਾਲਾ ਅਫ਼ਸਾਨਾ ਖ਼ਾਨ ਨਾਲ ਮੁਲਾਕਾਤ ਹੋਈ ਅਤੇ ਉਸ ਨੇ ਮੈਨੂੰ ਸਿੱਧੂ ਨਾਲ ਮਿਲਵਾਇਆ। ਸਿੱਧੂ ਦੇ ਕਲਾ, ਸੰਗੀਤ, ਸਮਾਜ, ਆਪਣੇ ਲੋਕਾਂ ਪ੍ਰਤੀ ਜਨੂੰਨ ਨੂੰ ਜਾਣ ਕੇ, ਮੈਂ ਬਹੁਤ ਖੁਸ਼ ਹੋਇਆ ਅਤੇ ਬਿਨਾਂ ਦੇਰੀ ਦੇ ਅਸੀਂ ਇਕੱਠੇ ਕੰਮ ਕਰਨ ਬਾਰੇ ਸੋਚਿਆ।"

"ਇਸ ਗਾਣੇ ਦੀ ਰਿਕਾਰਡਿੰਗ ਮੇਰੇ ਦੋਸਤ ਸਚਿਨ ਆਹੂਜਾ ਦੇ ਚੰਡੀਗੜ੍ਹ ਸਟੂਡੀਓ ਵਿੱਚ ਹੋਈ। ਸਿੱਧੂ ਨੇ ਦਿਲੋਂ ਇਹ ਗਾਣਾ ਗਾਇਆ ਅਤੇ ਅਫ਼ਸਾਨਾ ਖ਼ਾਨ ਨੇ ਵੀ ਬਾਖੂਬੀ ਗਾਇਆ।"

"ਅੱਜ ਸਿੱਧੂ ਸਾਡੇ ਵਿਚਕਾਰ ਨਹੀਂ ਹੈ ਪਰ ਉਸ ਦੀ ਆਵਾਜ਼, ਉਸ ਦੀ ਸੋਚ ਇਸ ਗਾਣੇ ਵਿੱਚ ਹੈ ਅਤੇ ਇਸੇ ਲਈ ਅਸੀਂ ਇਹ ਗਾਣਾ ਇੱਕ ਸ਼ਰਧਾਂਜਲੀ ਵਾਂਗ ਰਿਲੀਜ਼ ਕਰਾਂਗੇ।"

"ਸਿੱਧੂ ਨੂੰ ਸਨਮਾਨਿਤ ਕਰਨ ਲਈ ਅਸੀਂ ਇਹ ਤੈਅ ਕੀਤਾ ਹੈ ਕਿ ਇਸ ਗਾਣੇ ਤੋਂ ਜਿੰਨੀ ਵੀ ਕਮਾਈ ਹੋਵੇਗੀ, ਉਸ ਦਾ ਇੱਕ ਹਿੱਸਾ ਸਿੱਧੂ ਦੇ ਪਰਿਵਾਰ ਨੂੰ ਜਾਵੇਗਾ।"

"ਇਸ ਗਾਣੇ ਦਾ ਸਿਰਲੇਖ ਹੈ 'ਜਾਂਦੀ ਵਾਰ' ਅਤੇ ਇਹ 2 ਸਤੰਬਰ ਨੂੰ ਰਿਲੀਜ਼ ਹੋਵੇਗਾ। ਤੁਸੀਂ 31 ਅਗਸਤ ਨੂੰ ਆਨਲਾਈਨ ਜਾ ਕੇ ਇਸ ਗਾਣੇ ਦੇ ਆਡੀਓ ਰਾਈਟਸ (ਇੱਕ ਹਿੱਸੇ ਦੇ ਮਾਲਕਾਨਾ ਹੱਕ) ਨੂੰ ਵੀ ਹਾਸਿਲ ਕਰ ਸਕਦੇ ਹੋ।"

ਇਸ ਨੂੰ ਲੈ ਕੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੇ ਇਤਰਾਜ਼ ਜ਼ਾਹਰ ਕੀਤਾ ਹੈ ਕਿ ਉਨ੍ਹਾਂ ਦੀ ਬਿਨਾਂ ਮਨਜ਼ੂਰੀ ਇਹ ਗੀਤ ਰਿਲੀਜ਼ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ-

ਬੀਬੀਸੀ ਨਾਲ ਫੋਨ 'ਤੇ ਗੱਲ ਕਰਦਿਆਂ ਸਿੱਧੂ ਮੂਸੇਵਾਲਾ ਦੇ ਬਿਜ਼ਨਸ ਨੂੰ ਮੈਨੇਜ ਕਰਨ ਵਾਲੇ ਬੰਟੀ ਬੈਂਸ ਨੇ ਕਿਹਾ ਹੈ, "ਉਨ੍ਹਾਂ ਵੱਲੋਂ ਅਤੇ ਪਰਿਵਾਰ ਵੱਲੋਂ ਕਈ ਵਾਰ ਵਟਸਐਪ ਮੈਸੇਜ ਕਰਕੇ ਅਤੇ ਵਾਇਸ ਮੈਸੇਜ ਪਾ ਕੇ ਗਾਣਾ ਰੋਕਣ ਲਈ ਕਿਹਾ ਗਿਆ ਹੈ।"

ਪਰਿਵਾਰ ਵੱਲੋਂ ਸੋਸ਼ਲ ਮੀਡੀਆ 'ਤੇ ਜਾਰੀ ਅਧਿਕਾਰਤ ਬਿਆਨ ਵਿੱਚ ਲਿਖਿਆ ਗਿਆ ਹੈ, "ਸਲੀਮ ਸਰ, ਅਸੀਂ ਸਾਰੇ ਤੁਹਾਡਾ ਬਹੁਤ ਸਤਿਕਾਰ ਕਰਦੇ ਹਾਂ। ਪਰ ਇਸ ਰਿਲੀਜ਼ ਨੂੰ ਅਜੇ ਤੱਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਵੱਲੋਂ ਅਧਿਕਾਰਤ ਨਹੀਂ ਕੀਤਾ ਗਿਆ ਹੈ।"

"ਅਸੀਂ ਤੁਹਾਨੂੰ ਕਈ ਵਾਰ ਬੇਨਤੀ ਕੀਤੀ ਹੈ ਜਦੋਂ ਤੁਸੀਂ ਸ਼ੁਭ ਵੀਰ ਦੇ ਜਾਣ ਤੋਂ ਸਿਰਫ 3-4 ਦਿਨਾਂ ਬਾਅਦ ਇਹ ਗੀਤ ਰਿਲੀਜ਼ ਕਰਨਾ ਚਾਹੁੰਦੇ ਸੀ ਅਤੇ ਉਸ ਸਮੇਂ ਵੀ ਸ਼ੁਭ ਵੀਰ ਦੇ ਪਿਤਾ ਨੇ ਤੁਹਾਨੂੰ ਰਿਲੀਜ਼ ਲਈ ਰੁਕਣ ਲਈ ਇੱਕ ਵੌਇਸ ਨੋਟ ਭੇਜਿਆ ਸੀ।''

''ਤਾਂ ਜੋ ਕੁਝ ਸਮਾਂ ਮਿਲ ਸਕੇ ਅਤੇ ਉਹ ਤੁਹਾਡੇ ਨਾਲ ਪ੍ਰੋਜੈਕਟ ਦੇ ਪੂਰੇ ਵੇਰਵਿਆਂ 'ਤੇ ਚਰਚਾ ਅਤੇ ਸਮਝ ਸਕਣ ਅਤੇ ਉਸ ਅਨੁਸਾਰ ਭਵਿੱਖ ਦੀ ਯੋਜਨਾ ਤੈਅ ਕੀਤੀ ਜਾ ਸਕਦੀ ਹੈ।"

''ਮੈਂ ਸੱਚਮੁੱਚ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਭਾਵੇਂ ਅਸੀਂ ਵੱਖ-ਵੱਖ ਲੋਕਾਂ ਵੱਲੋਂ ਅਣ-ਰਿਲੀਜ਼ ਅਤੇ ਲੀਕ ਹੋਏ ਗੀਤਾਂ ਨੂੰ ਪੇਸ਼ ਕਰਨ ਤੋਂ ਨਿਰਾਸ਼ ਹਾਂ, ਅਸੀਂ ਤੁਹਾਡੇ ਵਰਗੇ ਮੰਨੇ-ਪ੍ਰਮੰਨੇ ਕਲਾਕਾਰ ਅਤੇ ਪੇਸ਼ੇਵਰ ਤੋਂ ਸਮਰਥਨ ਦੀ ਉਮੀਦ ਕਰਦੇ ਹਾਂ।"

ਇਸ ਦੇ ਨਾਲ ਹੀ ਬੰਟੀ ਬੈਂਸ ਨੇ ਗਾਣੇ ਦੇ ਇੱਕ ਹਿੱਸੇ ਨੂੰ ਐੱਨਐੱਫਟੀ ਵਜੋਂ ਪੇਸ਼ ਕਰਨ 'ਤੇ ਉਸ ਨੂੰ ਗ਼ੈਰ-ਕਾਨੂੰਨੀ ਦੱਸਿਆ ਹੈ।

ਹਾਲਾਂਕਿ, ਬੀਬੀਸੀ ਦੀ ਸਹਿਯੋਗੀ ਮਧੂ ਪਾਲ ਨੇ ਇਸ ਮੁੱਦੇ 'ਤੇ ਸੰਗੀਤਕਾਰ ਸਲੀਮ ਮਰਚੈਂਟ ਦੀ ਟਿੱਪਣੀ ਲਈ ਬਹੁਤ ਵਾਰ ਕੋਸ਼ਿਸ਼ ਕੀਤੀ ਪਰ ਅਜੇ ਤੱਕ ਸਾਨੂੰ ਕਈ ਪ੍ਰਤੀਕਿਰਿਆ ਨਹੀਂ ਮਿਲੀ।

ਜਿਵੇਂ ਹੀ ਸਾਨੂੰ ਉਨ੍ਹਾਂ ਵੱਲੋਂ ਕੋਈ ਪ੍ਰਤੀਕਿਰਿਆ ਮਿਲੇਗੀ ਅਸੀਂ ਉਸ ਨੂੰ ਤੁਹਾਡੇ ਰੂਬਰੂ ਕਰਾਂਗੇ।

ਐੱਨਐੱਫਟੀ ਕੀ ਹੁੰਦੀ ਹੈ

ਇਕਨਾਮਿਕ ਟਾਈਮਜ਼ ਮੁਤਾਬਕ, ਐੱਨਐਫਟੀ (ਨਾਨ ਫੰਜੀਬਲ ਟੋਕਨਸ) ਉਹ ਡਿਜੀਟਲ ਐਸੇਟਸ ਹਨ, ਜਿਨ੍ਹਾਂ ਨੂੰ ਕਿਸੇ ਵੀ ਪਬਲਿਕ ਬਲਾਕ ਚੇਨ (ਨੈਟਵਰਕ ਜਾਂ ਪਲੇਟਫਾਰਮ) 'ਤੇ ਪਾ ਕੇ, ਉਨ੍ਹਾਂ ਦੀ ਮਲਕੀਅਤ ਦਾ ਰਿਕਾਰਡ ਰੱਖਿਆ ਜਾ ਸਕਦਾ ਹੈ।

ਕੋਈ ਵੀ ਉਨ੍ਹਾਂ ਨੂੰ ਦੇਖ ਤਾਂ ਸਕਦਾ ਹੈ ਪਰ ਐੱਨਐੱਫਟੀ ਨੂੰ ਖਰੀਦਣ ਵਾਲੇ ਕੋਲ ਹੀ ਉਸ ਦਾ ਮਾਲਕਾਨਾ ਹੱਕ ਹੁੰਦਾ ਹੈ।

ਇਹ ਬਿਟਕੁਆਇਨ ਵਰਗੇ ਤਰੀਕੇ ਨਾਲ ਹੀ ਕੰਮ ਕਰਦੇ ਹਨ। ਹਰ ਐੱਨਐੱਫਟੀ ਦਾ ਆਪਣਾ ਡਿਜੀਟਲ ਫੁਟ ਪ੍ਰਿੰਟ ਹੁੰਦਾ ਹੈ।

ਗਾਣੇ, ਵੀਡੀਓਜ਼, ਟੈਕਸਟ ਅਤੇ ਟਵੀਟਸ ਵੀ ਐੱਨਐੱਫਟੀ ਵਿੱਚ ਬਦਲੇ ਜਾ ਸਕਦੇ ਹਨ। ਇਸ ਪ੍ਰਕਿਰਿਆ ਨੂੰ ਮੀਟਿੰਗ ਕਿਹਾ ਜਾਂਦਾ ਹੈ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)