You’re viewing a text-only version of this website that uses less data. View the main version of the website including all images and videos.
ਮਨਦੀਪ ਕੌਰ ਦੀ ਮੌਤ: ਦੂਜੀ ਕੁੜੀ ਹੋਣ ਉੱਤੇ ਮੰਗਿਆ ਸੀ ਪਾਲਣ-ਪੋਸ਼ਣ ਲਈ ਲੱਖਾਂ ਰੁਪਈਆ- ਮਾਪਿਆਂ ਦਾ ਦਾਅਵਾ
ਅਮਰੀਕਾ ਦੇ ਨਿਊਯਾਰਕ ਵਿਖੇ ਇੱਕ ਭਾਰਤੀ ਮੂਲ ਦੀ ਔਰਤ ਮਨਦੀਪ ਕੌਰ ਦੀ ਮੌਤ ਦਾ ਮਾਮਲਾ ਦੋਵਾਂ ਮੁਲਕਾਂ ਵਿਚ ਕਾਫ਼ੀ ਭਖ ਗਿਆ ਹੈ। ਕਿਉਂ ਕਿ ਮਨਦੀਪ ਕੌਰ ਦਾ ਪਿਛੋਕੜ ਸਿੱਖ ਪਰਿਵਾਰ ਨਾਲ ਹੈ ਇਸ ਲਈ ਪੰਜਾਬ ਵਿਚ ਸਿਆਸੀ ਹਲਚਲ ਵੀ ਹੋ ਰਹੀ ਹੈ।
ਇਸ ਮੌਤ ਪਿੱਛੇ ਮ੍ਰਿਤਕਾ ਵੱਲੋਂ ਘਰੇਲੂ ਹਿੰਸਾ ਤੋਂ ਤੰਗ ਆਕੇ ਕੀਤੀ ਖੁਦਕੁਸ਼ੀ ਕਾਰਨ ਦੱਸਿਆ ਜਾ ਰਿਹਾ ਹੈ। ਇਸ ਮਾਮਲੇ ਦੀ ਨਿਊਯਾਰਕ ਪੁਲਿਸ ਜਾਂਚ ਪੜਤਾਲ ਕਰ ਰਹੀ ਹੈ ਅਤੇ ਉੱਤਰ ਪ੍ਰਦੇਸ਼ ਬਿਜਨੌਰ ਵਿਚ ਵੀ ਪਤੀ ਤੇ ਸਹੁਰੇ ਪਰਿਵਾਰ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।
ਅਮਰੀਕਾ ਅਤੇ ਭਾਰਤ ਵਿਚ ਸੋਸ਼ਲ ਮੀਡੀਆ ਉੱਪਰ ਮ੍ਰਿਤਕ ਵਾਸਤੇ ਇਨਸਾਫ਼ ਦੀ ਮੰਗ ਹੋ ਰਹੀ ਹੈ।
ਇਕ ਡਿਜੀਟਲ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਮਨਦੀਪ ਦੇ ਪਤੀ ਨੇ ਕਿਹਾ ਕਿ ਸੋਸ਼ਲ ਮੀਡੀਆ ਉੱਪਰ ਵਾਇਰਲ ਵੀਡੀਓ ਪੰਜ ਸਾਲ ਪੁਰਾਣੀ ਹੈ।
ਉਨ੍ਹਾਂ ਦਾ ਵਿਆਹੁਤਾ ਜੀਵਨ ਬਹੁਤ ਵਧੀਆ ਸੀ ਅਤੇ ਇਨ੍ਹਾਂ ਦੋਵਾਂ ਦੇ ਪਰਿਵਾਰ ਉੱਤਰ ਪ੍ਰਦੇਸ਼ ਤੋਂ ਹਨ।
ਮਨਦੀਪ ਕੌਰ ਦੀ ਮੌਤ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਬਿਜਨੌਰ ਦੇ ਨਜੀਬਾਬਾਦ ਪੁਲੀਸ ਸਟੇਸ਼ਨ ਵਿਖੇ ਮਨਦੀਪ ਦੇ ਪਤੀ ਅਤੇ ਸਹੁਰਿਆਂ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਗਈ ਹੈ।
ਕੀ ਹੈ ਸਾਰਾ ਮਾਮਲਾ
ਸੋਸ਼ਲ ਮੀਡੀਆ ਉੱਪਰ 'ਦਿ ਕੌਰ ਮੂਵਮੈਂਟ' ਵਲੋਂ ਸਾਂਝੀ ਕੀਤੀ ਜਾਣਕਾਰੀ ਮੁਤਾਬਕ ਮਨਦੀਪ ਕੌਰ ਨਿਊਯਾਰਕ ਦੇ ਕੁਈਨਜ਼ ਇਲਾਕੇ ਵਿੱਚ ਆਪਣੇ ਪਤੀ ਅਤੇ ਦੋ ਨਾਬਾਲਿਗ ਬੱਚੀਆਂ ਨਾਲ ਰਹਿੰਦੀ ਸੀ।
ਦਾਅਵਾ ਕੀਤਾ ਜਾ ਰਿਹਾ ਹੈ ਕਿ ਮਨਦੀਪ ਕੌਰ ਪਿਛਲੇ ਅੱਠ ਸਾਲਾਂ ਤੋਂ ਘਰੇਲੂ ਹਿੰਸਾ ਦਾ ਸ਼ਿਕਾਰ ਸੀ ਅਤੇ ਉਨ੍ਹਾਂ ਦਾ ਪਤੀ ਅਕਸਰ ਉਨ੍ਹਾਂ ਦੀ ਕਥਿਤ ਤੌਰ ਉੱਤੇ ਕੁੱਟਮਾਰ ਕਰਦਾ ਸੀ।
ਪਿਛਲੇ ਦਿਨੀਂ ਇਸ ਸਭ ਤੋਂ ਦੁਖੀ ਹੋ ਕੇ ਉਨ੍ਹਾਂ ਨੇ ਕਥਿਤ ਤੌਰ 'ਤੇ ਖੁਦਕੁਸ਼ੀ ਕਰ ਲਈ। ਉਨ੍ਹਾਂ ਦੀ ਮੌਤ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਉਨ੍ਹਾਂ ਦੇ ਪਤੀ ਦੀ ਗ੍ਰਿਫ਼ਤਾਰੀ ਅਤੇ ਸਖ਼ਤ ਸਜ਼ਾ ਦੀ ਮੰਗ ਉੱਠ ਰਹੀ ਹੈ।
ਇਸ ਦੇ ਨਾਲ ਹੀ ਉਨ੍ਹਾਂ ਦੇ ਬੱਚਿਆਂ ਨੂੰ ਸੁਰੱਖਿਅਤ ਕਸਟਡੀ ਦੇਣ ਦੀ ਗੱਲ ਲਈ ਸੋਸ਼ਲ ਮੀਡੀਆ ਉੱਪਰ ਹੋ ਰਹੀ ਹੈ।
ਕੁੱਟਮਾਰ ਦੀ ਵਾਇਰਲ ਵੀਡੀਓ ਵਿੱਚ ਉਨ੍ਹਾਂ ਦੇ ਪਤੀ ਨੂੰ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਉਨ੍ਹਾਂ ਨੂੰ ਧੀਆਂ ਨਹੀਂ ਪੁੱਤਰ ਚਾਹੀਦਾ ਹੈ।
ਦਰਅਸਲ ਇੱਕ ਇੰਸਟਾਗ੍ਰਾਮ ਪੋਸਟ ਵਿੱਚ ਇੱਕ ਵੀਡੀਓ ਸ਼ੇਅਰ ਕੀਤੀ ਗਈ ਸੀ, ਜਿਸ ਵਿੱਚ ਮਨਦੀਪ ਦਾ ਪਤੀ ਉਨ੍ਹਾਂ ਦੀ ਕੁੱਟਮਾਰ ਕਰਦਾ ਨਜ਼ਰ ਆਉਂਦਾ ਹੈ।
ਸੋਸ਼ਲ ਮੀਡੀਆ ਉੱਪਰ ਮਨਦੀਪ ਦੀ ਇੱਕ ਹੋਰ ਵੀਡੀਓ ਵੀ ਵਾਇਰਲ ਹੋਈ ਹੈ, ਜਿਸ ਵਿੱਚ ਉਹ ਆਪਣੇ ਨਾਲ ਹੁੰਦੀ ਕਥਿਤ ਘਰੇਲੂ ਹਿੰਸਾ ਦਾ ਜ਼ਿਕਰ ਕਰਦੇ ਹਨ।
ਮਨਦੀਪ ਕੌਰ ਦੀ ਵਾਇਰਲ ਵੀਡੀਓ ਵਿੱਚ ਉਨ੍ਹਾਂ ਨੂੰ ਕਹਿੰਦੇ ਹੋਏ ਦੇਖਿਆ ਜਾ ਸਕਦਾ ਹੈ ਕਿ ਉਹ ਹੁਣ ਹੋਰ ਬਰਦਾਸ਼ਤ ਨਹੀਂ ਕਰ ਸਕਦੇ।
ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਪਤੀ ਦੇ ਪਰਿਵਾਰ ਉੱਪਰ ਵੀ ਕਈ ਗੰਭੀਰ ਇਲਜ਼ਾਮ ਲਗਾਏ।
ਮਨਦੀਪ ਕੌਰ ਦੇ ਪਤੀ ਨੇ ਆਖਿਆ,"ਸੋਸ਼ਲ ਮੀਡੀਆ ਉੱਪਰ ਵਾਇਰਲ ਵੀਡਿਓ ਪੰਜ ਸਾਲ ਪੁਰਾਣੀ ਹੈ ਅਤੇ ਉਸ ਨੂੰ ਪਿਛਲੇ ਹਫ਼ਤੇ ਹੋਈ ਮੌਤ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।"
ਮਨਦੀਪ ਦਾ ਪਤੀ ਆਪਣੇ ਖ਼ਿਲਾਫ਼ ਲਾਏ ਜਾ ਰਹੇ ਸਾਰੇ ਇਲਜ਼ਾਮਾਂ ਨੂੰ ਵੀ ਰੱਦ ਕਰ ਰਿਹਾ ਹੈ।
ਮਨਦੀਪ ਕੌਰ ਦੀ ਭੈਣ ਕੁਲਦੀਪ ਕੌਰ ਨੇ ਖ਼ਬਰ ਏਜੰਸੀ ਏਐਨਆਈ ਨੂੰ ਦੱਸਿਆ,"ਮੇਰੀ ਭੈਣ ਦਾ ਵਿਆਹ 2015 ਵਿੱਚ ਹੋਇਆ ਸੀ ਅਤੇ ਉਸ ਤੋਂ ਬਾਅਦ ਉਹ ਨਿਊਯਾਰਕ ਚਲੀ ਗਈ।"''ਉਸ ਦੇ ਪਤੀ ਨੇ ਥੋੜ੍ਹੇ ਸਮੇਂ ਬਾਅਦ ਲੱਖਾਂ ਰੁਪਏ ਦੀ ਮੰਗ ਕੀਤੀ ਅਤੇ ਇਸੇ ਨਾਲ ਹੀ ਕਿਹਾ ਕਿ ਉਸ ਨੂੰ ਇਕ ਬੇਟਾ ਚਾਹੀਦਾ ਹੈ।"
ਮਨਦੀਪ ਕੌਰ ਦੀ ਮੌਤ ਤੋਂ ਬਾਅਦ ਅਮਰੀਕਾ ਵਿੱਚ ਭਾਰਤੀ ਭਾਈਚਾਰੇ ਵੱਲੋਂ ਕਈ ਜਗ੍ਹਾ ਵਿਰੋਧ ਪ੍ਰਦਰਸ਼ਨ ਵੀ ਕੀਤਾ ਗਿਆ ਹੈ ਅਤੇ ਮਨਦੀਪ ਦੇ ਪਤੀ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ ਹੈ।
ਬੀਬੀਸੀ ਸਹਿਯੋਗੀ ਸ਼ਹਿਬਾਜ਼ ਅਨਵਰ ਨੇ ਬਿਜਨੌਰ ਵਿਖੇ ਮੌਜੂਦ ਮਨਦੀਪ ਕੌਰ ਦੇ ਪਰਿਵਾਰ ਨਾਲ ਵੀ ਗੱਲ ਕੀਤੀ।
ਪਰਿਵਾਰ ਨੇ ਲਗਾਈ ਇਨਸਾਫ਼ ਦੀ ਗੁਹਾਰ
ਮਨਦੀਪ ਕੌਰ ਦੀ ਛੋਟੀ ਭੈਣ ਕੁਲਦੀਪ ਕੌਰ ਨੇ ਬੀਬੀਸੀ ਨਾਲ ਗੱਲ ਕਰਦੇ ਹੋਏ ਦੱਸਿਆ,"ਮਨਦੀਪ ਨੇ ਕਈ ਵਾਰ ਫੋਨ 'ਤੇ ਆਖਿਆ ਕਿ ਉਨ੍ਹਾਂ ਨੂੰ ਮੁੰਡੇ ਦੀ ਚਾਹਤ ਵਿੱਚ ਪ੍ਰਤਾੜਿਤ ਕੀਤਾ ਜਾਂਦਾ ਹੈ।ਇਸ ਪਰਿਵਾਰ ਨੇ ਕਦੇ ਮੈਨੂੰ ਆਪਣਾ ਹਿੱਸਾ ਮੰਨਿਆ ਹੀ ਨਹੀਂ। ਸਾਡੇ ਤੋਂ ਉਹ ਕੁੱਟਮਾਰ ਵਾਲਾ ਵੀਡੀਓ ਕਦੇ ਦੇਖਿਆ ਨਹੀਂ ਜਾ ਰਿਹਾ।"
"ਮੇਰੀ ਭੈਣ ਦੀ ਕਈ ਵਾਰ ਕੁੱਟਮਾਰ ਕੀਤੀ ਗਈ ਅਤੇ ਟਰੱਕ ਵਿੱਚ ਕਈ ਦਿਨ ਬੰਦ ਰੱਖਿਆ। ਉਸ ਦੇ ਸਰੀਰ ਤੇ ਕੁੱਟਮਾਰ ਦੇ ਨਿਸ਼ਾਨ ਸਨ। ਮੇਰੇ ਪਿਤਾ ਦੇ ਦੋਸਤ ਦੀ ਸਹਾਇਤਾ ਨਾਲ ਮਨਦੀਪ ਦੇ ਪਤੀ ਦੇ ਖਿਲਾਫ ਕੇਸ ਦਰਜ ਕਰਵਾਇਆ ਗਿਆ ਸੀ।"
"ਆਤਮਹੱਤਿਆ ਤੋਂ ਇਕ ਦਿਨ ਪਹਿਲਾਂ ਮੇਰੀ ਭੈਣ ਨੇ ਦੱਸਿਆ ਕਿ ਉਸਦੇ ਸਹੁਰੇ ਪਰਿਵਾਰ ਵਾਲੇ ਉਸਨੂੰ ਤੰਗ ਕਰ ਰਹੇ ਹਨ। ਸਾਡੇ ਭਾਰਤ ਅਤੇ ਅਮਰੀਕਾ ਸਰਕਾਰ ਨੂੰ ਬੇਨਤੀ ਹੈ ਕਿ ਸਾਨੂੰ ਇਨਸਾਫ ਚਾਹੀਦਾ ਹੈ।"
ਮਨਦੀਪ ਦੇ ਰਿਸ਼ਤੇ ਵਿੱਚ ਲਗਦੇ ਜੀਜਾ ਸ਼ਮਸ਼ੇਰ ਸਿੰਘ ਦੱਸਿਆ, "ਆਤਮਹੱਤਿਆ ਦਾ ਸਭ ਤੋਂ ਪਹਿਲਾਂ ਮੈਨੂੰ ਪਤਾ ਲੱਗਾ। ਉਸ ਦੇ ਪਤੀ ਵੱਲੋਂ ਕੁਝ ਵੀਡੀਓਜ਼ ਵਿੱਚ ਜੋ ਦਾਅਵੇ ਕੀਤੇ ਜਾ ਰਹੇ ਹਨ ਉਹ ਗਲਤ ਹਨ।"
ਬੀਬੀਸੀ ਨਾਲ ਗੱਲ ਕਰਦੇ ਹੋਏ ਮਨਦੀਪ ਦੇ ਪਿਤਾ ਜਸਪਾਲ ਸਿੰਘ ਨੇ ਦੱਸਿਆ,"ਮੇਰੀ ਭਾਰਤ ਸਰਕਾਰ ਨੂੰ ਬੇਨਤੀ ਹੈ ਕਿ ਮਨਦੀਪ ਦੀ ਮ੍ਰਿਤਕ ਦੇਹ ਭਾਰਤ ਲੈਕੇ ਆਉਣ ਵਿੱਚ ਸਾਡੀ ਸਹਾਇਤਾ ਕੀਤੀ ਜਾਵੇ ਜਾਂ ਸਾਨੂੰ ਉਥੇ ਜਾ ਕੇ ਅੰਤਿਮ ਰਸਮਾਂ ਕਰਨ ਦਿੱਤੀਆਂ ਜਾਣ। ਮੇਰੀ ਬੱਚੀ ਨੂੰ ਸਹੁਰੇ ਪਰਿਵਾਰ ਵੱਲੋਂ ਪਰੇਸ਼ਾਨ ਕੀਤਾ ਗਿਆ ਜਿਸ ਤੋਂ ਬਾਅਦ ਉਸਦੀ ਮੌਤ ਹੋ ਗਈ।''
"ਦੂਸਰੀ ਬੇਟੀ ਦੇ ਜਨਮ ਤੋਂ ਬਾਅਦ ਮੇਰੀ ਬੇਟੀ ਮਨਦੀਪ ਕੌਰ ਨੂੰ ਪਰੇਸ਼ਾਨ ਤੰਗ ਕੀਤਾ ਗਿਆ। ਉਸ ਨੂੰ ਤਾਅਨੇ ਦਿੱਤੇ ਗਏ ਕਿ ਉਸ ਨੇ ਮੁੰਡੇ ਨੂੰ ਜਨਮ ਨਹੀਂ ਦਿੱਤਾ। ਸਾਡੇ ਤੋਂ 50 ਲੱਖ ਰੁਪਏ ਦਹੇਜ ਦੀ ਮੰਗ ਵੀ ਕੀਤੀ ਗਈ ਤਾਂ ਜੋ ਬੱਚਿਆਂ ਦਾ ਪਾਲਣ ਪੋਸ਼ਣ ਹੋ ਸਕੇ।"
ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਨੇ ਦੱਸਿਆ,"ਮਨਦੀਪ ਕੌਰ ਦੇ ਸਹੁਰੇ ਪਰਿਵਾਰ ਦੇ ਖਿਲਾਫ ਆਤਮਹੱਤਿਆ ਲਈ ਉਕਸਾਉਣ ਦਾ ਕੇਸ ਦਰਜ ਕੀਤਾ ਹੈ। ਆਰੋਪੀ ਫਿਲਹਾਲ ਫਰਾਰ ਹਨ।
ਮਨਦੀਪ ਕੌਰ ਦੇ ਸਹੁਰੇ ਘਰ ਇਸ ਵੇਲੇ ਤਾਲਾ ਲੱਗਿਆ ਹੈ ਅਤੇ ਉਨ੍ਹਾਂ ਦੇ ਫੋਨ ਬੰਦ ਹਨ।
ਨਿਊਯਾਰਕ 'ਚ ਭਾਰਤੀ ਦੂਤਾਵਾਸ ਨੇ ਲਿਆ ਨੋਟਿਸ
ਇਸ ਘਟਨਾ ਤੋਂ ਬਾਅਦ ਅਮਰੀਕਾ ਦੇ ਨਿਊਯਾਰਕ ਵਿਖੇ ਭਾਰਤੀ ਦੂਤਾਵਾਸ ਨੇ ਟਵੀਟ ਕਰਦਿਆਂ ਆਖਿਆ ਹੈ ਕਿ ਉਹ ਇਸ ਮਾਮਲੇ ਵਿੱਚ ਅਮਰੀਕੀ ਪ੍ਰਸ਼ਾਸਨ ਨਾਲ ਸੰਪਰਕ ਵਿੱਚ ਹਨ।
ਇਸ ਮਾਮਲੇ ਵਿਚ ਸਾਰੀ ਲੋੜੀਂਦੀ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ।
'ਭਾਰਤ ਸਰਕਾਰ ਚੁੱਕੇ ਮੁੱਦਾ'
ਮਨਦੀਪ ਕੌਰ ਦੀ ਮੌਤ ਤੋਂ ਬਾਅਦ ਪੰਜਾਬ ਤੋਂ ਰਾਜ ਸਭਾ ਸੰਸਦ ਮੈਂਬਰ ਰਾਘਵ ਚੱਢਾ ਨੇ ਕਿਹਾ ਹੈ ਕਿ ਉਨ੍ਹਾਂ ਨੇ ਇਸ ਮਾਮਲੇ ਵਿੱਚ ਕੇਂਦਰੀ ਵਿਦੇਸ਼ ਮੰਤਰੀ ਤੋਂ ਸਮਾਂ ਮੰਗਿਆ।
ਰਾਘਵ ਚੱਢਾ ਨੇ ਟਵੀਟ ਕਰਦੇ ਹੋਏ ਆਖਿਆ ਕਿ ਮਨਦੀਪ ਕੌਰ ਦੀ ਘਰੇਲੂ ਹਿੰਸਾ ਕਰਕੇ ਮੌਤ ਦੁੱਖਦਾਈ ਹੈ ਅਤੇ ਇਸ ਘਟਨਾ ਨੇ ਸਭ ਨੂੰ ਤੋੜ ਕੇ ਰੱਖ ਦਿੱਤਾ ਹੈ।
ਪੰਜਾਬ ਸਰਕਾਰ ਵਿਚ ਸੈਰ-ਸਪਾਟਾ ਮੰਤਰੀ ਅਨਮੋਲ ਗਗਨ ਮਾਨ ਨੇ ਵੀ ਪੋਸਟ ਕਰਦੇ ਹੋਏ ਆਖਿਆ ਹੈ, ''ਦੁਨੀਆ ਭਰ ਦੀਆਂ ਔਰਤਾਂ ਨੂੰ ਘਰੇਲੂ ਹਿੰਸਾ ਵਿਰੁੱਧ ਇਕਜੁੱਟ ਹੋ ਕੇ ਅਵਾਜ਼ ਚੁੱਕਣੀ ਚਾਹੀਦੀ ਹੈ ਤਾਂ ਜੋ ਕਿਸੇ ਔਰਤ ਨਾਲ ਅਜਿਹੀ ਘਟਨਾ ਨਾ ਵਾਪਰੇ।
ਇਹ ਵੀ ਪੜ੍ਹੋ: