You’re viewing a text-only version of this website that uses less data. View the main version of the website including all images and videos.
ਮਲੇਰਕੋਟਲਾ ਵਿੱਚ ਅਣਪਛਾਤੇ ਹਮਲਾਵਰਾਂ ਵੱਲੋਂ ‘ਆਪ’ ਕੌਂਸਲਰ ਦਾ ਕਤਲ
ਮਲੇਰਕੋਟਲਾ ਵਿੱਚ ਆਮ ਆਦਮੀ ਪਾਰਟੀ ਦੇ ਕੌਂਸਲਰ ਮੁਹੰਮਦ ਅਕਬਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਉਹ ਮਲੇਰਕੋਟਲਾ ਦੇ ਵਾਰਡ ਨੰਬਰ 18ਦੇ ਐਮਸੀ ਸਨ।
ਖ਼ਬਰ ਏਜੰਸੀ ਪੀਟੀਆਈ ਮੁਤਾਬਕ ਕਾਊਂਸਲਰ ਮੁਹੰਮਦ ਅਕਬਰ ਨੂੰ ਉਸ ਸਮੇਂ ਅਣਪਛਾਤੇ ਹਮਲਾਵਰਾਂ ਨੇ ਬਿਲਕੁਲ ਨੇੜਿਉਂ ਗੋਲ਼ੀ ਮਾਰੀ ਗਈ ਜਦੋਂ ਉਹ ਇੱਕ ਜਿਮ ਵਿੱਚ ਸਨ।
ਮਲੇਰਕੋਟਲਾ ਦੇ ਐੱਸਐੱਸਪੀ ਅਵਨੀਤ ਕੌਰ ਸਿੱਧੂ ਨੇ ਪੀਟੀਆਈ ਨੂੰ ਦੱਸਿਆ, ''ਇੱਕ ਵਿਅਕਤੀ ਜਿਮ ਵਿੱਚ ਆਇਆ ਅਤੇ ਉਨ੍ਹਾਂ ਨੂੰ (ਅਕਬਰ) ਨੂੰ ਗੋਲੀ ਮਾਰ ਕੇ ਮਾਰ ਦਿੱਤਾ।''
ਪੁਲਿਸ ਨੇ ਦੱਸਿਆ ਕਿ ਅਕਬਰ ਦੀ ਗੋਲੀ ਲੱਗਦਿਆਂ ਹੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ।
ਐੱਸਐੱਸਪੀ ਨੇ ਦੱਸਿਆ ਕਿ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਹਮਲਾਵਰਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਜਿਸ ਜਿੰਮ ਵਿੱਚ ਮੁਹੰਮਦ ਅਕਬਰ ਦਾ ਕਤਲ ਕੀਤਾ ਗਿਆ ਉਹ ਉਨ੍ਹਾਂ ਦਾ ਆਪਣਾ ਜਿੰਮ ਸੀ।
ਸੀਸੀਟੀਵੀ ਫੁਟੇਜ ਵਿੱਚ ਕੀ ਹੈ
ਸੀਸੀਟੀਵੀ ਫੁਟੇਜ ਵਿੱਚ ਨਜ਼ਰ ਆ ਰਿਹਾ ਹੈ ਕਿ ਜਦੋਂ ਮੁਹੰਮਦ ਅਕਬਰ ਭੋਲੀ ਸਵੇਰੇ ਜਿਮ ਦੇ ਵਿੱਚ ਗਏ ਤਾਂ ਉੱਥੇ ਦੋਂ ਅਗਿਆਤ ਵਿਅਕਤੀ ਆਉਂਦੇ ਹਨ ਜੋ ਕਿ ਉਨ੍ਹਾਂ ਦੇ ਉੱਪਰ ਗੋਲੀਆਂ ਚਲਾਉਂਦੇ ਨਜ਼ਰ ਆਉਂਦੇ ਹਨ।
ਐੱਸਐੱਸਪੀ ਨੇ ਦੱਸਿਆ ਕਿ ਕੋਈ ਨਿੱਜੀ ਰੰਜਿਸ਼ ਨਜ਼ਰ ਆ ਰਹੀ ਹੈ ਤੇ ਬਾਕੀ ਪੁਲੀਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਮੁਹੰਮਦ ਅਕਬਰ ਭੋਲੀ ਦੇ ਚਾਚੇ ਦੇ ਲੜਕੇ ਮੁਹੰਮਦ ਅਨਵਰ ਨੇ ਦੱਸਿਆ, ''ਮੁਹੰਮਦ ਅਕਬਰ ਭੋਲੀ ਬਹੁਤੀ ਚੰਗੇ ਸੁਭਾਅ ਦਾ ਅਤੇ ਹਰ ਇੱਕ ਦੇ ਕੰਮ ਆਉਣ ਵਾਲਾ ਇਨਸਾਨ ਸੀ।''
ਉਨ੍ਹਾਂ ਨੇ ਇਹ ਵੀ ਦੱਸਿਆ, ''ਉਹ ਸਵੇਰੇ ਅੱਠ ਵਜੇ ਤੋਂ ਪਹਿਲਾਂ ਜਿੰਮ ਗਏ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਉਨ੍ਹਾਂ ਦੇ ਭਤੀਜੇ ਦਾ ਫੋਨ ਆਉਂਦਾ ਹੈ। ਕੀ ਮੇਰੇ ਅੱਬੂ ਨੂੰ ਛਾਤੀ ਵਿੱਚ ਗੋਲੀ ਮਾਰ ਦਿੱਤੀ ਗਈ ਹੈ। ਅਸੀਂ ਪ੍ਰਸ਼ਾਸਨ ਤੋਂ ਇਨਸਾਫ਼ ਦੀ ਉਮੀਦ ਕਰਦੇ ਹਾਂ ਕਿ ਉਹ ਜਲਦ ਅਪਰਾਧੀਆਂ ਨੂੰ ਫੜ ਸਜ਼ਾ ਦਿੱਤੀ ਜਾਵੇ।''
2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਹੋਈ ਜਿੱਤ ਮਗਰੋਂ ਮੁਹੰਮਦ ਅਕਬਰ ਪਾਰਟੀ ਵਿੱਚ ਸ਼ਾਮਲ ਹੋਏ ਸਨ, ਹਾਲਾਂਕਿ ਉਹ ਪਹਿਲਾਂ ਕਾਂਗਰਸ ਪਾਰਟੀ ਦੇ ਕੌਂਸਲਰ ਸਨ।
ਇਹ ਵੀ ਪੜ੍ਹੋ: