ਸਿੱਧੂ ਮੂਸੇਵਾਲਾ ਵਾਲਾ ਕਤਲ ਕੇਸ ਕੀ ਹੱਲ ਹੋ ਗਿਆ ਅਤੇ ਉਸ ਦੇ ਮਾਪਿਆਂ ਨੂੰ ਖਤਰੇ ਬਾਰੇ ਪੰਜਾਬ ਪੁਲਿਸ ਦਾ ਜਵਾਬ

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 4 ਮਿੰਟ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਦੋ ਸ਼ੂਟਰਾਂ ਨੂੰ ਪੰਜਾਬ ਪੁਲਿਸ ਵਲੋਂ ਮੁਕਾਬਲੇ ਵਿਚ ਮਾਰਨ ਉੱਤੇ ਪੁਲਿਸ ਦੀ ਪਿੱਠ ਥਾਪੜੀ ਹੈ।

ਡੀਜੀਪੀ ਪੰਜਾਬ ਅਤੇ ਪੁਲਿਸ ਮੁਕਾਬਲੇ ਨੂੰ ਅੰਜ਼ਾਮ ਦੇਣ ਵਾਲੇ ਪੁਲਿਸ ਅਫ਼ਸਰਾਂ ਅਤੇ ਜਵਾਨਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਮੁੱਖ ਮੰਤਰੀ ਨੇ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ।

ਪੁਲਿਸ ਨੇ ਅੰਮ੍ਰਿਤਸਰ ਦੇ ਭਕਨਾਂ ਕਲ਼ਾਂ ਪਿੰਡ ਵਿਚ ਬੁੱਧਵਾਰ ਨੂੰ ਜਗਰੂਪ ਰੂਪਾ ਅਤੇ ਮਨਪ੍ਰੀਤ ਮਨੂੰ ਕੁੱਸਾ ਨੂੰ 4 ਘੰਟੇ ਲੰਬੇ ਮੁਕਾਬਲੇ ਵਿਚ ਮਾਰ ਸੁੱਟਿਆ ਸੀ।

ਭਗਵੰਤ ਮਾਨ ਨੇ ਆਪਣੇ ਸੰਦੇਸ਼ ਵਿਚ ਕਿਹਾ ਹੈ ਕਿ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨਾਲ ਜੋ ਚੋਣਾਂ ਤੋਂ ਪਹਿਲਾਂ ਪੰਜਾਬ ਨੂੰ ਨਸ਼ਾ ਅਤੇ ਗੈਂਗ ਮੁਕਤ ਕਰਨ ਦਾ ਵਾਅਦਾ ਕੀਤਾ ਸੀ।

ਉਸੇ ਗਾਰੰਟੀ ਨੂੰ ਉਹ ਮੁੜ ਦੁਹਰਾਉਂਦੇ ਹਨ। ਪੰਜਾਬ ਦੇ ਲੋਕਾ ਉਨ੍ਹਾਂ ਉੱਤੇ ਥੋੜਾ ਭਰੋਸਾ ਕਰਨ, ਕਈ ਵਾਰ ਕੁਝ ਸਮਾਂ ਲੱਗ ਸਕਦਾ ਹੈ, ਪਰ ਅਸੀਂ ਹਰ ਵਾਅਦਾ ਪੂਰਾ ਕਰਾਂਗੇ।

ਪੰਜਾਬ ਨਸ਼ਾ ਤੇ ਗੈਂਗ ਮੁਕਤ ਹੋਵੇਗਾ -ਭਗਵੰਤ ਮਾਨ

ਮੁੱਖ ਮੰਤਰੀ ਨੇ ਕਿਹਾ, ''ਪੰਜਾਬ ਦੀ ਹਰਿਆਲੀ ਅਤੇ ਖੁਸ਼ਹਾਲੀ ਮੇਰੀ ਜਿੰਮੇਵਾਰੀ ਹੈ ਅਤੇ ਅਸੀਂ ਇੱਕ ਟੀਮ ਵਜੋਂ ਕੰਮ ਕਰਕੇ ਇਸ ਨੂੰ ਯਕੀਨੀ ਬਣਾਵਾਂਗੇ।''

ਭਗਵੰਤ ਮਾਨ ਨੇ ਕਿਹਾ, ''ਮੈਂ ਗਾਰੰਟੀ ਕਰਦਾ ਹਾਂ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਅਤੇ ਗੈਂਗ ਮੁਕਤ ਬਣਾਵਾਂਗੇ।''

ਪੰਜਾਬ ਦਾ ਇੱਕ ਵੀ ਗੈਂਗਸਟਰ ਬਖ਼ਸ਼ਿਆ ਨਹੀਂ ਜਾਵੇਗਾ-ਸੀਐੱਮ -ਵੀਡੀਓ

''ਪੰਜਾਬ ਦੇ ਹਰ ਵਿਅਕਤੀ ਅਤੇ ਪੰਜਾਬ ਦੀ ਧਰਤੀ ਦੀ ਸੁਰੱਖਿਆ ਮੇਰੀ ਜਿੰਮੇਵਾਰੀ ਹੈ, ਮੈਂ ਉਸ ਨੂੰ ਜਰੂਰ ਪੂਰੀ ਕਰਾਂਗੇ।''

ਬਸ ਲੋਕ ਮੇਰੇ ਉੱਤੇ ਭਰੋਸਾ ਕਰਨ ਅਤੇ ਸਾਥ ਦਿੰਦੇ ਰਹਿਣ, ਕਈ ਵਾਰ ਥੋੜਾ ਜਿਹਾ ਸਮਾਂ ਲੱਗ ਜਾਂਦਾ ਹੈ।''

ਭਗਵੰਤ ਮਾਨ ਦੀ ਪੁਲਿਸ ਅਫ਼ਸਰਾਂ ਨਾਲ ਗੱਲਬਾਤ

ਅੰਮ੍ਰਿਤਸਰ ਦੇ ਅਟਾਰੀ ਨਜ਼ਦੀਕ ਭਕਨਾ ਕਲਾਂ ਪਿੰਡ ਵਿੱਚ ਪੁਲਿਸ ਮੁਕਾਬਲੇ ਦੌਰਾਨ ਮਾਰੇ ਗਏ 2 ਕਥਿਤ ਸ਼ੂਟਰਾਂ ਤੋਂ ਬਾਅਦ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਐਨਕਾਊਂਟਰ ਸਬੰਧੀ ਵੀਰਵਾਰ ਨੂੰ ਚੰਡੀਗੜ੍ਹ ਵਿੱਚ ਜਾਣਕਾਰੀ ਦਿੱਤੀ।

ਡੀਜੀਪੀ ਗੌਰਵ ਯਾਦਵ ਮੁਤਾਬਕ ਇਸ ਮੀਟਿੰਗ ਦੌਰਾਨ ਗੈਂਗਸਟਰਾਂ ਅਤੇ ਨਸ਼ਿਆਂ ਨੂੰ ਖ਼ਤਮ ਕਰਨ ਲਈ ਜੋ ਯਤਨ ਕੀਤੇ ਜਾ ਰਹੇ ਹਨ, ਉਨ੍ਹਾਂ ਸਭ ਦੀ ਸਮੀਖਿਆ ਵੀ ਕੀਤੀ ਗਈ।

ਗੌਰਵ ਯਾਦਵ ਨੇ ਕਿਹਾ, "ਸਾਨੂੰ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ ਕਿ ਗੈਂਗਸਟਰਾਂ ਦੇ ਖ਼ਿਲਾਫ਼ ਜੰਗ ਜਾਰੀ ਰਹੇਗੀ। ਅਸੀਂ ਗੈਂਗਸਟਰਾਂ ਅਤੇ ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰ ਦੇਵਾਗੇ।"

ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਕਥਿਤ ਸ਼ੂਟਰ ਮਨਪ੍ਰੀਤ ਮਨੂੰ ਕੁੱਸਾ ਅਤੇ ਜਗਰੂਪ ਰੂਪਾ ਦੇ ਮਾਰੇ ਜਾਣ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਕੋਲੋਂ ਹਥਿਆਰ ਬਰਾਮਦ ਹੋਣ ਅਤੇ ਬਚਾਅ ਵਿੱਚ ਗੋਲੀਆਂ ਚਲਾਉਣ ਦੀ ਗੱਲ ਆਖੀ।

ਡੀਜੀਪੀ ਗੌਰਵ ਯਾਦਵ ਨੇ ਕਿਹਾ, "ਜਾਂਚ ਬਾਰੇ ਮੈਂ ਕੁਝ ਜ਼ਿਆਦਾ ਨਹੀਂ ਦੱਸ ਸਕਦਾ ਪਰ ਪੁਲਿਸ ਨੂੰ ਇੱਕ ਪਿਸਟਲ, ਇੱਕ ਏਕੇ-47 ਰਾਇਫਲ ਅਤੇ ਕੁਝ ਅਸਲਾਂ ਗੈਂਗਸਟਰਾਂ ਤੋਂ ਬਰਾਮਦ ਹੋਇਆ ਹੈ। ਪਰ ਫਿਲਹਾਲ ਜਾਂਚ ਚੱਲ ਰਹੀ ਹੈ।"

"ਇਹ ਲਾਈਵ ਐਨਕਾਊਂਟਰ ਸੀ। ਸਾਡੀ ਟੀਮ ਉਪਰ ਫਾਇਰ ਹੋਇਆ ਸੀ। ਪੁਲਿਸ ਵੱਲੋਂ ਆਤਮ ਰੱਖਿਆ 'ਚ ਗੋਲੀ ਚਲਾਈ ਗਈ ਸੀ।

ਹਮੇਸ਼ਾ ਹਲਾਤ ਮੁਤਾਬਕ ਕਾਰਵਾਈ ਹੁੰਦੀ ਹੈ ਅਤੇ ਅਸੀਂ ਕਾਨੂੰਨ ਅਨੁਸਾਰ ਕਾਰਵਾਈ ਕਰਦੇ ਹਾਂ।"

ਕੀ ਸਿੱਧੂ ਮੂਸੇਵਾਲਾ ਕੇਸ ਹੁਣ ਹੱਲ ਹੋ ਗਿਆ ਹੈ

ਵੀਰਵਾਰ ਨੂੰ ਅੰਮ੍ਰਿਤਸਰ ਵਿਚ ਪੁਲਿਸ ਨੇ ਜਗਰੂਪ ਰੂਪਾ ਅਤੇ ਮਨੂੰ ਕੁੱਸਾ ਦੀਆਂ ਲਾਸ਼ਾਂ ਦੀ ਸ਼ਨਾਖ਼ਤ ਲਈ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਬੁਲਾਇਆ।

ਸਿੱਧੂ ਕਤਲ ਕਾਂਡ ਕੇਸ ਵਿਚ ਉਸ ਦੇ ਪਿਤਾ ਬਲਕੌਰ ਸਿੰਘ ਸ਼ਿਕਾਇਤ ਕਰਤਾ ਹਨ।

ਪੁਲਿਸ ਉਨ੍ਹਾਂ ਤੋਂ ਸ਼ਨਾਖ਼ਤ ਕਰਵਾਈ ਕਿ ਇਹ ਰੂਪਾ ਤੇ ਕੁੱਸਾ ਹੀ ਹਨ, ਜੋ ਸਿੱਧੂ ਕਤਲ ਕੇਸ ਵਿਚ ਸ਼ਾਮਲ ਸਨ।

ਬਲਕੌਰ ਸਿੰਘ ਜਦੋਂ ਮੀਡੀਆ ਸਾਹਮਣੇ ਆਏ ਤਾਂ ਉਨ੍ਹਾਂ ਪੁਲਿਸ਼ ਦੀ ਸ਼ਲਾਘਾ ਤਾਂ ਕੀਤੀ ਪਰ ਨਾਲ ਹੀ ਕਿਹਾ ਕਿ ਇਹ ਲੰਬੀ ਲੜਾਈ ਹੈ।

ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਖ਼ਤਰੇ ਬਾਰੇ ਬੋਲੇ ਮਾਨਸਾ ਦੇ ਐੱਸਐੱਸਪੀ- ਵੀਡੀਓ

ਚੰਡੀਗੜ੍ਹ ਵਿਚ ਮਾਨਸਾ ਦੇ ਐੱਸਐੱਸਪੀ ਗੌਰਵ ਤੂਰਾ ਜੋ ਸਿੱਧੂ ਕਤਲ ਕੇਸ ਦੀ ਜਾਂਚ ਕਰਨ ਵਾਲੇ ਅਫ਼ਸਰਾਂ ਵਿਚੋਂ ਇੱਕ ਹਨ, ਨਾਲ ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਨੇ ਗੱਲਬਾਤ ਕੀਤੀ।

ਤੂਰਾ ਨੇ ਇੱਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਪਰਿਵਾਰ ਵਲੋਂ ਅਜਿਹੀ ਜਾਣਕਾਰੀ ਦਿੱਤੀ ਗਈ ਸੀ ਕਿ ਉਨ੍ਹਾਂ ਨੂੰ ਵੀ ਕੁਝ ਧਮਕੀਆਂ ਮਿਲੀਆਂ ਹਨ।

ਉਸੇ ਮੁਤਾਬਕ ਉਨ੍ਹਾਂ ਨੂੰ ਨਿੱਜੀ ਅਤੇ ਘਰ ਦੀ ਸੁਰੱਖਿਆ ਲਈ ਸ਼ਿਫ਼ਟ ਵਾਇਜ਼ ਪੁਲਿਸ ਤੈਨਾਤ ਕੀਤੀ ਗਈ ਹੈ।

ਜਦੋਂ ਤੂਰਾ ਨੂੰ ਇਹ ਪੁੱਛਿਆ ਗਿਆ ਕਿ ਕੀ ਸਿੱਧੂ ਮੂਸੇਵਾਲਾ ਕਤਲ ਕੇਸ ਹੁਣ ਹੱਲ ਸਮਝਿਆ ਜਾਵੇ।

ਤਾਂ ਉਨ੍ਹਾਂ ਕਿਹਾ ਕਿ 6 ਸ਼ੂਟਰਾਂ ਵਿਚੋਂ 3 ਹਿਰਾਸਤ ਵਿਚ ਹਨ, 2 ਮਾਰੇ ਗਏ ਅਤੇ ਇੱਕ ਦੀਪਕ ਮੁੰਡੀ ਹੀ ਫਰਾਰ ਹੈ।

ਤੂਰਾ ਮੁਤਾਬਕ ਇਹ ਕਿਹਾ ਜਾ ਸਕਦਾ ਹੈ ਕਿ ਪੁਲਿਸ ਸਿੱਧੂ ਮੂਸੇਵਾਲਾ ਕਤਲ ਕੇਸ ਹੱਲ ਕਰਨ ਦੇ ਬਿਲਕੁੱਲ ਕਲੋਜ਼ ਹੈ।

ਉਨ੍ਹਾਂ ਮੁਤਾਬਕ ਮੁਲਜ਼ਮਾਂ ਦੀਆਂ ਗ੍ਰਿਫਾਤਰੀਆਂ ਤੋਂ ਬਾਅਦ ਅਦਾਲਤ ਵਿਚ ਚਾਰਜਸ਼ੀਟ ਪੇਸ਼ ਕਰਨੀ ਅਤੇ ਦੋਸ਼ੀਆਂ ਨੂੰ ਸਜਾਵਾਂ ਦੁਆਉਣੀਆਂ ਵੀ ਪੁਲਿਸ ਦੀ ਡਿਊਟੀ ਹੈ।

ਪੁਲਿਸ ਮੁਬਕਾਲੇ ਨਾਲ ਸਬੰਧਤ ਅਹਿਮ ਤੱਥ

  • ਅੰਮ੍ਰਿਤਸਰ ਦੇ ਅਟਾਰੀ ਨੇੜਲੇ ਪਿੰਡ ਭਕਨਾ ਕਲਾਂ ਵਿਚ ਸ਼ੱਕੀ ਗੈਂਗਸਟਰਾਂ ਅਤੇ ਪੁਲਿਸ ਵਿਚਾਲੇ ਗੋਲੀਬਾਰੀ ਕਰੀਬ 11 ਵਜੇ ਤੋਂ ਸ਼ਾਮੀ 5 ਵਜੇ ਤੱਕ ਹੋਈ।
  • ਵੱਡੀ ਗਿਣਤੀ ਵਿੱਚ ਲੋਕ ਸੜਕਾਂ ਉੱਤੇ ਦੂਰ-ਦੂਰ ਖੜ੍ਹੇ ਦਿਖਾਈ ਦੇ ਰਹੇ ਸਨ ਅਤੇ ਲਗਾਤਾਰ ਕਈ ਘੰਟੇ ਗੋਲ਼ੀਬਾਰੀ ਦੀਆਂ ਅਵਾਜ਼ਾਂ ਆ ਰਹੀਆਂ ਸਨ।
  • ਜਿਸ ਥਾਂ ਉੱਤੇ ਪੁਲਿਸ ਮੁਕਾਬਲਾ ਹੋਇਆ, ਉਹ ਪਿੰਡ ਭਕਨਾ ਕਲ਼ਾਂ ਦੇ ਬਾਹਰਵਾਰ ਖੇਤਾਂ ਵਿੱਚ ਬਣੀਆਂ ਢਾਣੀਆਂ ਹਨ।
  • ਪੁਲਿਸ ਮੁਤਾਬਕ, ਬਦਮਾਸ਼ਾਂ ਦੀ ਗਿਣਤੀ ਦੋ ਸੀ ਅਤੇ ਦੋਵਾਂ ਨੂੰ ਮਾਰ ਦਿੱਤਾ ਗਿਆ ਹੈ। ਤਿੰਨ ਪੁਲਿਸ ਵਾਲੇ ਵੀ ਜ਼ਖਮੀ ਹੋਏ ਹਨ।
  • ਪੁਲਿਸ ਨੇ ਸੀਨੀਅਰ ਅਫ਼ਸਰ ਆਪ ਘਟਨਾ ਵਾਲੀ ਥਾਂ ਉੱਤੇ ਪਹੁੰਚੇ ਹੋਏ ਹਨ, ਮੁਕਾਬਲਾ ਖਤਮ ਹੋਣ ਤੱਕ ਡੀਜੀਪੀ ਵੀ ਅੰਮ੍ਰਿਤਸਰ ਪੁੱਜ ਗਏ।
  • ਪੁਲਿਸ ਨੇ ਮੱਕੀ ਦੇ ਖੇਤ ਵਿੱਚ ਲੁਕੇ ਬਦਮਾਸ਼ਾਂ ਨੂੰ ਬਾਹਰ ਕੱਢਣ ਲਈ ਬਖ਼ਤਰਬੰਦ ਗੱਡੀਆਂ ਵੀ ਮੰਗਵਾ ਲਈਆਂ ਸਨ।
  • ਪੁਲਿਸ ਮੁਕਾਬਲੇ ਵਿੱਚ ਇੱਕ ਪੱਤਰਕਾਰ ਜ਼ਖ਼ਮੀ ਵੀ ਹੋਇਆ ਹੈ, ਜਿਸ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ।

ਰੂਪਾ ਤੇ ਕੁੱਸਾ ਦਾ ਭਕਨਾ ਕਲ਼ਾਂ ਵਿੱਚ ਕੀਤਾ ਸੀ ਮੁਕਾਬਲਾ

ਅੰਮ੍ਰਿਤਸਰ ਦੇ ਅਟਾਰੀ ਲਾਗਲੇ ਭਕਨਾ ਕਲਾਂ ਵਿੱਚ ਪਿੰਡ ਵਿਚ ਮਾਨਸਾ ਤੇ ਅੰਮ੍ਰਿਤਸਰ ਦੇ ਪੁਲਿਸ ਨੇ ਜਗਰੂਪ ਰੂਪਾ ਅਤੇ ਮਨਪ੍ਰੀਤ ਉਰਫ਼ ਮਨੂੰ ਕੁੱਸਾ ਨੂੰ ਪੁਲਿਸ ਮੁਕਾਬਲੇ ਵਿਚ ਮਾਰਨ ਦਾ ਦਾਅਵਾ ਕੀਤਾ ਸੀ।

ਪੰਜਾਬ ਪੁਲਿਸ ਦੇ ਏਡੀਜੀਪੀ ਪ੍ਰਮੋਦ ਬਾਨ ਮੁਤਾਬਕ ਇਹ ਦੋਵੇਂ ਗੈਗਸਟਰ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਵਿਚ ਬਤੌਰ ਸ਼ੂਟਰ ਸ਼ਾਮਲ ਸਨ।

ਮੂਸੇਵਾਲਾ ਦੇ ਦੋ ਕਥਿਤ ਸ਼ੂਟਰਾਂ ਦਾ ਐਨਕਾਉਂਟਰ, ਇਹ ਹਥਿਆਰ ਬਰਾਮਦ -ਵੀਡੀਓ

ਕੁੱਲ 6 ਸ਼ੂਟਰਾਂ ਵਿਚੋਂ 3 ਸ਼ੂਟਰ ਪੁਲਿਸ ਦੀ ਗ੍ਰਿਫ਼ਤ ਵਿੱਚ ਆ ਚੁੱਕੇ ਹਨ ਅਤੇ ਦੋ ਰੂਪਾ ਤੇ ਕੁੱਸਾ ਪੰਜਾਬ ਵਿਚ ਹੀ ਘੁੰਮ ਰਹੇ ਸਨ। ਉਨ੍ਹਾਂ ਦਾ ਮੁਕਾਬਲਾ ਹੋ ਗਿਆ। ਹੁਣ ਇੱਕ ਦੀਪਕ ਮੁੰਡੀ ਗ੍ਰਿਫ਼ਤ ਤੋਂ ਬਾਹਰ ਹੈ।

ਪ੍ਰਮੋਦ ਬਾਨ ਨੇ ਦਾਅਵਾ ਕੀਤਾ ਸੀ ਕਿ ਇਨ੍ਹਾਂ ਦੋਵਾਂ ਦਾ ਪਿੱਛਾ ਕਰਦੀ ਪੁਲਿਸ ਭਕਨਾ ਕਲਾਂ ਨੇੜੇ ਪੁੱਜੀ ਅਤੇ ਇਹ ਭੱਜ ਦੇ ਖੇਤਾਂ ਵਿਚ ਇੱਕ ਘਰ ਵਿਚ ਲੁਕ ਗਏ।

ਪੁਲਿਸ ਨੇ ਇਨ੍ਹਾਂ ਨੂੰ ਘੇਰ ਲਿਆ ਅਤੇ ਕਰੀਬ 4 ਘੰਟੇ ਦੋਵਾਂ ਪਾਸਿਓ ਫਾਇਰਿੰਗ ਹੁੰਦੀ ਰਹੀ। ਆਖ਼ਰ ਸ਼ਾਮ ਨੂੰ ਪੁਲਿਸ ਨੇ ਰੂਪਾ ਅਤੇ ਕੁੱਸਾ ਨੂੰ ਮਾਰਨ ਦਾ ਐਲਾਨ ਕਰ ਦਿੱਤਾ ਸੀ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)