ਅਮਰੀਕੀ ਮਹਿਲਾ ਨੇ ਮਾਪਿਆਂ ਨੂੰ ਕੀਤਾ ਫੋਨ਼, ‘ਮੈਂ ਭਾਰਤ ’ਚ ਕਿਡਨੈਪ ਹੋਈ’, ਫਿਰ ਮਾਮਲੇ ’ਚ ਇਹ ਮੋੜ ਆਇਆ

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 3 ਮਿੰਟ

ਇਸ ਸਾਲ ਭਾਰਤ ਆਈ ਇੱਕ ਅਮਰੀਕੀ ਮਹਿਲਾ ਨਾਗਰਿਕ ਨੇ ਆਪਣੇ ਮਾਪਿਆਂ ਨੂੰ ਫ਼ੋਨ ਕਰਕੇ ਦੱਸਿਆ ਕਿ ਉਸ ਨੂੰ ਅਗਵਾ ਕਰ ਲਿਆ ਗਿਆ ਹੈ।

ਕਲੋਏ ਮੈਕਲਾਹਲਿਨ ਨਾਮ ਦੀ ਇਹ ਮਹਿਲਾ 3 ਮਈ ਨੂੰ ਭਾਰਤ ਆਈ ਸੀ।

ਖ਼ਬਰ ਏਜੰਸੀ ਪੀਟੀਆਈ ਮੁਤਾਬਕ, ਪੁਲਿਸ ਨੇ ਦੱਸਿਆ ਕਿ 7 ਜੁਲਾਈ ਨੂੰ ਮਹਿਲਾ ਨੇ ਆਪਣੀ ਮਾਂ ਨੂੰ ਦਿੱਲੀ ਤੋਂ ਫ਼ੋਨ ਕੀਤਾ ਅਤੇ ਦੱਸਿਆ ਕਿ ਉਹ ਮੁਸੀਬਤ ਵਿੱਚ ਹੈ ਪਰ ਬਾਅਦ ਵਿੱਚ ਕਹਾਣੀ ਕੁਝ ਹੋਰ ਹੀ ਨਿਕਲੀ।

ਪੁਲਿਸ ਅਨੁਸਾਰ, ਮਹਿਲਾ ਨੇ ਕਿਹਾ ਕਿ ਇੱਕ ਵਿਅਕਤੀ ਉਸ ਨਾਲ ਕੁੱਟਮਾਰ ਕਰ ਰਿਹਾ ਹੈ ਅਤੇ ਉਸ ਨੂੰ ਪਰੇਸ਼ਾਨ ਕਰ ਰਿਹਾ ਹੈ।

ਹਾਲਾਂਕਿ, ਇਸ ਦੌਰਾਨ ਮਹਿਲਾ ਨੇ ਆਪਣੀ ਮਾਂ ਨੂੰ ਇਹ ਜਾਣਕਾਰੀ ਨਹੀਂ ਦਿੱਤੀ ਕਿ ਉਸ ਵੇਲੇ ਕਿਸ ਥਾਂ 'ਤੇ ਸੀ।

ਪੁਲਿਸ ਨੇ ਦੱਸਿਆ ਕਿ ਮਹਿਲਾ ਨੇ ਯੂਐੱਸ ਦੀ ਹੀ ਇੱਕ ਯੂਨੀਵਰਸਿਟੀ ਤੋਂ ਗਰੈਜੂਏਸ਼ਨ ਕੀਤੀ ਹੈ।

ਉਸ ਦੇ ਪਿਤਾ ਇੱਕ ਰਿਟਾਇਰਡ ਫੌਜੀ ਹਨ ਅਤੇ ਉਹ ਵਾਸ਼ਿੰਗਟਨ ਡੀਸੀ ਵਿੱਚ ਰਹਿੰਦੇ ਹਨ।

ਘਰਦਿਆਂ ਨੇ ਭਾਰਤੀ ਅਧਿਕਾਰੀਆਂ ਨਾਲ ਕੀਤਾ ਸੰਪਰਕ

ਆਪਣੀ ਧੀ ਨੂੰ ਮੁਸੀਬਤ 'ਚ ਜਾਣ ਕੇ ਉਸ ਦੀ ਮਾਂ ਨੇ ਭਾਰਤ 'ਚ ਅਧਿਕਾਰੀਆਂ ਨਾਲ ਸੰਪਰਕ ਕੀਤਾ ਅਤੇ ਅਮਰੀਕੀ ਸਫ਼ਾਰਤਖਾਨੇ ਵਿੱਚ ਵੀ ਦਿੱਲੀ ਪੁਲਿਸ ਨਾਲ ਸੰਪਰਕ ਕਰਨ ਦੀ ਬੇਨਤੀ ਕੀਤੀ।

ਜਦੋਂ ਇਹ ਮਾਮਲਾ ਸਾਹਮਣੇ ਆਇਆ, ਉਸ ਸਮੇਂ ਮਹਿਲਾ ਨੂੰ ਦਿੱਲੀ ਆਏ ਢਾਈ ਮਹੀਨੇ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਸੀ।

ਪੁਲਿਸ ਨੇ ਦੱਸਿਆ ਕਿ 10 ਜੁਲਾਈ ਨੂੰ ਕਲੋਏ ਨੇ ਇੱਕ ਵਾਰ ਫਿਰ ਆਪਣੀ ਮਾਂ ਨੂੰ ਵਟਸਐਪ 'ਤੇ ਵੀਡੀਓ ਕਾਲ ਕੀਤੀ।

ਪਰ ਇਸ ਤੋਂ ਪਹਿਲਾਂ ਕਿ ਉਸ ਦੀ ਮਾਂ ਕੁਝ ਜਾਣਕਾਰੀ ਲੈ ਪਾਉਂਦੀ, ਇੱਕ ਆਦਮੀ ਕਲੋਏ ਦੇ ਕਮਰੇ 'ਚ ਆ ਵੜਿਆ ਅਤੇ ਕਾਲ ਕੱਟੀ ਗਈ।

ਖ਼ਬਰ ਏਜੰਸੀ ਏਐੱਨਆਈ ਮੁਤਾਬਕ, ਡਿਪਟੀ ਪੁਲਿਸ ਕਮਿਸ਼ਨਰ ਅਮਰੁਥਾ ਗੁਗੂਲੋਥ ਨੇ ਦੱਸਿਆ ਕਿ ਅਮਰੀਕੀ ਸਫਾਰਤਖਾਨੇ ਨੇ ਇਸ ਨੂੰ ਲੈ ਕੇ ਚਿੰਤਾ ਜਤਾਈ ਅਤੇ ਜਾਂਚ ਸ਼ੁਰੂ ਕਰਨ ਲਈ ਨਵੀਂ ਦਿੱਲੀ ਦੇ ਚਾਣਕਿਆ ਪੂਰੀ ਥਾਣੇ ਵਿੱਚ ਐੱਫਆਈਆਰ ਦਰਜ ਕਰ ਲਈ ਗਈ।

ਪੁਲਿਸ ਨੇ ਤਕਨੀਕੀ ਖੂਫੀਆ ਜਾਣਕਾਰੀ ਨਾਲ ਸ਼ੁਰੂ ਕੀਤੀ ਜਾਂਚ

ਪੁਲਿਸ ਨੇ ਦੱਸਿਆ ਕਿ ਮਾਮਲੇ ਨੂੰ ਸੁਝਾਉਣ ਲਈ ਉਨ੍ਹਾਂ ਨੇ ਤਕਨੀਕੀ ਖੁਫੀਆ ਜਾਣਕਾਰੀ ਦੀ ਵਰਤੋਂ ਕੀਤੀ ਅਤੇ ਮਹਿਲਾ ਦੇ ਸਭ ਤੋਂ ਤਾਜ਼ਾ ਠਿਕਾਣਿਆਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ।

ਕਲੋਏ ਨੇ 9 ਜੁਲਾਈ ਨੂੰ ਆਪਣੇ ਇਮੀਗ੍ਰੇਸ਼ਨ ਦਸਤਾਵੇਜ਼ਾਂ ਸਬੰਧੀ ਅਮਰੀਕਨ ਸਿਟੀਜ਼ਨ ਸਰਵਿਸਿਜ਼ ਨੂੰ ਇੱਕ ਈ-ਮੇਲ ਭੇਜੀ ਸੀ, ਪੁਲਿਸ ਨੇ ਉਸ ਆਈਪੀ ਅਡਰੈਸ ਦੀ ਵੀ ਜਾਣਕਾਰੀ ਜੁਟਾਈ।

ਅਧਿਕਾਰੀ ਨੇ ਦੱਸਿਆ ਕਿ ਜਦੋਂ ਇਮੀਗ੍ਰੇਸ਼ਨ ਬਿਊਰੋ ਨੂੰ ਕਥਿਤ ਪੀੜਿਤਾ ਦਾ ਇਮੀਗ੍ਰੇਸ਼ਨ ਫਾਰਮ ਦਿਖਾਉਣ ਦੀ ਬੇਨਤੀ ਕੀਤੀ ਗਈ, ਤਾਂ ਉਨ੍ਹਾਂ ਨੇ ਪੁਲਿਸ ਨੂੰ ਉਹ ਪਤਾ ਦਿੱਤਾ ਜੋ ਮਹਿਲਾ ਨੇ ਉਨ੍ਹਾਂ ਨਾਲ ਸਾਂਝਾ ਕੀਤਾ ਸੀ।

ਇਹ ਪਤਾ ਗ੍ਰੇਟਰ ਨੋਇਡਾ (ਉੱਤਰ ਪ੍ਰਦੇਸ਼) ਦਾ ਸੀ।

ਇਹ ਵੀ ਪੜ੍ਹੋ:

ਪੁਲਿਸ ਨੇ ਉਸ ਪਤੇ ਅਨੁਸਾਰ ਇੱਕ ਹੋਟਲ 'ਤੇ ਛਾਪੇਮਾਰੀ ਕੀਤੀ ਪਰ ਹੋਟਲ ਦੇ ਸਟਾਫ ਨੇ ਕਿਹਾ ਕਿ ਉਸ ਨਾਮ ਨਾਲ ਕਿਸੇ ਨੇ ਵੀ ਉਨ੍ਹਾਂ ਦੇ ਹੋਟਲ ਵਿੱਚ ਕਮਰਾ ਨਹੀਂ ਲਿਆ ਹੈ।

ਡਿਪਟੀ ਪੁਲਿਸ ਕਮਿਸ਼ਨਰ ਅਮਰੁਥਾ ਗੁਗੂਲੋਥ ਨੇ ਦੱਸਿਆ ਕਿ ਇਸ ਦੌਰਾਨ ਜਾਂਚਕਰਤਾਵਾਂ ਨੇ ਪਤਾ ਲਗਿਆ ਕਿ ਉਹ ਮਹਿਲਾ ਜਦੋਂ ਆਪਣੀ ਮਾਂ ਨੂੰ ਵੀਡੀਓ ਕਾਲ ਕਰਦੀ ਸੀ ਤਾਂ ਕਿਸੇ ਹੋਰ ਦੇ ਵਾਈਫਾਈ ਦਾ ਇਸਤੇਮਾਲ ਕਰਦੀ ਸੀ।

ਉਨ੍ਹਾਂ ਕਿਹਾ, "ਸਾਡੀ ਟੀਮ ਨੇ ਉਸ ਆਈਪੀ ਪਤੇ ਨਾਲ ਮੋਬਾਈਲ ਨੈੱਟਵਰਕ ਨੂੰ ਟਰੈਕ ਕੀਤਾ, ਜਿਸ ਨਾਲ ਅਸੀਂ ਗੁਰੂਗ੍ਰਾਮ (ਹਰਿਆਣਾ) ਵਿੱਚ ਓਕੋਰੋਫੋਰ ਚਿਬੁਈਕੇ ਓਕੋਰੋ ਨਾਮ ਦੇ ਇੱਕ 31 ਸਾਲਾ ਨਾਈਜੀਰੀਅਨ ਨਾਗਰਿਕ ਤੱਕ ਪਹੁੰਚੇ।''

''ਉਸ ਨੇ ਪੁਲਿਸ ਨੂੰ ਦੱਸਿਆ ਕਿ ਔਰਤ ਗ੍ਰੇਟਰ ਨੋਇਡਾ ਵਿੱਚ ਹੀ ਰਹਿ ਰਹੀ ਸੀ।''

ਉਸ ਦੇ ਇਨਪੁਟ ਤੋਂ ਬਾਅਦ, ਪੁਲਿਸ ਨੇ ਕਲੋਏ ਦਾ ਪਤਾ ਲਗਾ ਲਿਆ।

ਕਿਡਨੈਪਿੰਗ ਦਾ ਕੀਤਾ ਸੀ ਨਾਟਕ

ਡੀਸੀਪੀ ਨੇ ਇਲਜ਼ਾਮ ਲਗਾਇਆ ਕਿ ਜਦੋਂ ਮਹਿਲਾ ਤੋਂ ਪੁੱਛਗਿੱਛ ਕੀਤੀ ਗਈ, ਤਾਂ ਉਸ ਨੇ ਕਬੂਲ ਕੀਤਾ ਕਿ ਉਸ ਨੇ ਆਪਣੇ ਆਪ ਨੂੰ ਅਗਵਾ ਕਰਨ ਦਾ ਨਾਟਕ ਰਚਿਆ ਸੀ।

ਮਹਿਲਾ ਮੁਤਬਕ, ਦਿੱਲੀ ਪਹੁੰਚਣ ਦੇ ਕੁਝ ਦਿਨਾਂ ਬਾਅਦ ਉਸ ਕੋਲ ਪੈਸੇ ਖਤਮ ਹੋ ਗਏ ਸਨ, ਜਿਸ ਤੋਂ ਬਾਅਦ ਉਸ ਨੇ ਅਤੇ ਉਸ ਦੇ ਬੁਆਏਫ੍ਰੈਂਡ ਓਕੋਰੋ ਨੇ ਮਹਿਲਾ ਮਾਪਿਆਂ ਤੋਂ ਪੈਸੇ ਵਸੂਲਣ ਦੀ ਯੋਜਨਾ ਬਣਾਈ।

ਪੁਲਿਸ ਮੁਤਾਬਕ, ਔਰਤ ਦੇ ਪਾਸਪੋਰਟ ਦੀ ਮਿਆਦ 6 ਜੂਨ ਨੂੰ ਖਤਮ ਹੋ ਗਈ ਸੀ ਅਤੇ ਉਸ ਦੇ ਬੁਆਏਫ੍ਰੈਂਡ ਦੇ ਪਾਸਪੋਰਟ ਦੀ ਵੀ ਮਿਆਦ ਖਤਮ ਹੋ ਚੁੱਕੀ ਸੀ।

ਮਹਿਲਾ ਅਤੇ ਓਕੋਰੋ ਦੀ ਦੋਸਤੀ ਫੇਸਬੁੱਕ ਰਾਹੀਂ ਹੋਈ ਸੀ ਅਤੇ ਅਤੇ ਉਹ ਉਸ ਦੇ ਨਾਲ ਰਹਿਣ ਲਈ ਭਾਰਤ ਆਈ ਸੀ।

ਗੈਰ ਕਾਨੂੰਨੀ ਢੰਗ ਨਾਲ ਭਾਰਤ ਵਿੱਚ ਰਹਿਣ ਕਾਰਨ ਹੁਣ ਦੋਵਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

ਡੀਸੀਪੀ ਨੇ ਖ਼ਬਰ ਏਜੰਸੀ ਏਐੱਨਆਈ ਨੂੰ ਦੱਸਿਆ, ''ਮਹਿਲਾ ਦੇ ਭਾਰਤ ਆਉਣ ਤੋਂ ਢਾਈ ਮਹੀਨੇ ਤੋਂ ਵੀ ਜ਼ਿਆਦਾ ਸਮੇਂ ਬਾਅਦ ਇਹ ਕੇਸ ਦਰਜ ਕਰਵਾਇਆ ਗਿਆ। ਇਸ ਲਈ ਸੀਸੀਟੀਵੀ ਫੁਟੇਜ ਦੇਖਣ ਦਾ ਕੋਈ ਫਾਇਦਾ ਨਹੀਂ ਸੀ।''

''ਇਹ ਕਹਿਣਾ ਮੁਸ਼ਕਿਲ ਸੀ ਕਿ ਮਹਿਲਾ ਦੇਸ਼ ਦੇ ਕਿਸ ਹਿੱਸੇ 'ਚ ਹੈ। ਤਕਨੀਕੀ ਜਾਣਕਾਰੀ ਅਤੇ ਪ੍ਰੋਫੈਸ਼ਨਲ ਜਾਂਚ ਨਾਲ, ਪੀੜਿਤ ਨੂੰ 24 ਘੰਟੇ ਦੇ ਅੰਦਰ ਦਿੱਲੀ ਪੁਲਿਸ ਨੇ ਲੱਭ ਲਿਆ।''

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)